Skip to content

Skip to table of contents

ਵੱਡੇ ਸੰਮੇਲਨ ਸਾਡੇ ਭਾਈਚਾਰੇ ਦੀ ਖ਼ੁਸ਼ੀ ਬਿਆਨ ਕਰਦੇ ਹਨ

ਵੱਡੇ ਸੰਮੇਲਨ ਸਾਡੇ ਭਾਈਚਾਰੇ ਦੀ ਖ਼ੁਸ਼ੀ ਬਿਆਨ ਕਰਦੇ ਹਨ

ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ

ਵੱਡੇ ਸੰਮੇਲਨ ਸਾਡੇ ਭਾਈਚਾਰੇ ਦੀ ਖ਼ੁਸ਼ੀ ਬਿਆਨ ਕਰਦੇ ਹਨ

ਪੰਜਾਹ ਸਾਲਾਂ ਦੇ ਜੋਸਫ਼ ਐੱਫ਼. ਰਦਰਫ਼ਰਡ ਨੇ ਝੂਠੇ ਇਲਜ਼ਾਮ ਕਾਰਨ ਤਕਰੀਬਨ ਇਕ ਸਾਲ ਕੈਦ ਵਿਚ ਗੁਜ਼ਾਰਿਆ ਸੀ। ਇਸ ਤੋਂ ਬਾਅਦ ਖ਼ਰਾਬ ਸਿਹਤ ਦੇ ਬਾਵਜੂਦ ਉਸ ਨੇ ਖ਼ੁਸ਼ੀ ਨਾਲ ਇਕ ਦਰਬਾਨ ਵਜੋਂ ਕੰਮ ਕੀਤਾ। ਉਸ ਨੇ ਸੂਟਕੇਸ ਚੁੱਕ-ਚੁੱਕ ਕੇ ਆਪਣੇ ਸੰਗੀ ਮਸੀਹੀਆਂ ਨੂੰ ਹੋਟਲ ਵਿਚ ਆਪਣੇ-ਆਪਣੇ ਕਮਰਿਆਂ ਤਕ ਪਹੁੰਚਾਉਣ ਵਿਚ ਮਦਦ ਕੀਤੀ। ਦੋ ਹੋਰ ਭਰਾ ਜੋ ਉਸ ਨਾਲ ਕੈਦ ਕੀਤੇ ਗਏ ਸਨ, ਉਸ ਦੀ ਮਦਦ ਕਰ ਰਹੇ ਸਨ। ਉਨ੍ਹਾਂ ਨੇ ਉਡੀਕ ਕਰਨ ਵਾਲਿਆਂ ਭੈਣਾਂ-ਭਰਾਵਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਕਮਰੇ ਕਿੱਥੇ ਸਨ। ਅੱਧੀ ਰਾਤ ਤਕ ਉੱਥੇ ਰੌਣਕ ਲੱਗੀ ਰਹੀ। ਅਤੇ ਸਾਰੇ ਜਣੇ ਜੋਸ਼ ਨਾਲ ਭਰੇ ਹੋਏ ਸਨ। ਪਰ ਕਿਉਂ? ਕੀ ਹੋਣ ਵਾਲਾ ਸੀ?

ਇਹ ਗੱਲ ਸਾਲ 1919 ਦੀ ਹੈ, ਜਦੋਂ ਬਾਈਬਲ ਸਟੂਡੈਂਟ (ਜਿਨ੍ਹਾਂ ਨੂੰ ਅੱਜ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ) ਬਹੁਤ ਹੀ ਅਜ਼ਮਾਇਸ਼ੀ ਸਮੇਂ ਵਿਚਦੀ ਲੰਘੇ ਸਨ। ਭੈਣਾਂ-ਭਰਾਵਾਂ ਨੂੰ ਉਤਸ਼ਾਹਿਤ ਕਰਨ ਲਈ ਅਮਰੀਕਾ, ਸੀਡਰ ਪਾਇੰਟ, ਓਹੀਓ ਵਿਚ ਇਕ ਵੱਡੇ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਸੀ। ਇਹ ਸੰਮੇਲਨ 1 ਤੋਂ 8 ਸਤੰਬਰ 1919 ਨੂੰ ਹੋਇਆ ਸੀ। ਸੰਮੇਲਨ ਦੇ ਆਖ਼ਰੀ ਦਿਨ ਤੇ ਜੋਸ਼ ਨਾਲ ਭਰੀ ਹੋਈ 7000 ਲੋਕਾਂ ਦੀ ਭੀੜ ਨੇ ਭਰਾ ਰਦਰਫ਼ਰਡ ਦੇ ਹੌਸਲੇ-ਭਰੇ ਸ਼ਬਦ ਬੜੇ ਧਿਆਨ ਨਾਲ ਸੁਣੇ। ਉਸ ਨੇ ਸਾਰਿਆਂ ਹਾਜ਼ਰ ਲੋਕਾਂ ਨੂੰ ਕਿਹਾ: “ਤੁਸੀਂ ਰਾਜਿਆਂ ਦੇ ਰਾਜੇ ਅਤੇ ਪ੍ਰਭੂਆਂ ਦੇ ਪ੍ਰਭੂ ਦੇ ਏਲਚੀ ਹੋ, ਜੋ ਲੋਕਾਂ ਨੂੰ . . . ਪ੍ਰਭੂ ਦੇ ਰਾਜ ਬਾਰੇ ਦੱਸਦੇ ਹੋ।”

ਪ੍ਰਾਚੀਨ ਇਸਰਾਏਲ ਦੇ ਸਮੇਂ ਵਿਚ ਵੀ ਯਹੋਵਾਹ ਦੇ ਲੋਕ ਸੰਮੇਲਨਾਂ ਦਾ ਪ੍ਰਬੰਧ ਕਰਦੇ ਹੁੰਦੇ ਸਨ। (ਕੂਚ 23:14-17; ਲੂਕਾ 2:41-43) ਅਜਿਹੇ ਇਕੱਠ, ਖ਼ੁਸ਼ੀ-ਭਰੇ ਮੌਕੇ ਹੁੰਦੇ ਸਨ ਅਤੇ ਇਹ ਸਾਰੇ ਮੌਜੂਦ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਉੱਤੇ ਧਿਆਨ ਰੱਖਣ ਦੀ ਮਦਦ ਕਰਦੇ ਸਨ। ਇਸੇ ਤਰ੍ਹਾਂ, ਅੱਜ ਵੀ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਰੂਹਾਨੀ ਗੱਲਾਂ ਵੱਲ ਧਿਆਨ ਖਿੱਚਦੇ ਹਨ। ਜਦੋਂ ਨੇਕ-ਦਿਲ ਲੋਕ ਅਜਿਹੇ ਖ਼ੁਸ਼ੀ-ਭਰੇ ਇਕੱਠਾਂ ਨੂੰ ਦੇਖਦੇ ਹਨ ਤਾਂ ਉਨ੍ਹਾਂ ਨੂੰ ਪੱਕਾ ਸਬੂਤ ਮਿਲਦਾ ਹੈ ਕਿ ਯਹੋਵਾਹ ਦੇ ਗਵਾਹ ਮਸੀਹੀ ਭਾਈਚਾਰੇ ਦੇ ਇਕ ਮਜ਼ਬੂਤ ਬੰਧਨ ਵਿਚ ਜੁੜੇ ਹੋਏ ਹਨ।

ਹਾਜ਼ਰ ਹੋਣ ਦੇ ਜਤਨ

ਅੱਜ ਮਸੀਹੀ ਜਾਣਦੇ ਹਨ ਕਿ ਸੰਮੇਲਨਾਂ ਤੇ ਰੂਹਾਨੀ ਤਾਜ਼ਗੀ ਅਤੇ ਪਰਮੇਸ਼ੁਰ ਦੇ ਬਚਨ ਤੋਂ ਅਗਵਾਈ ਮਿਲਦੀ ਹੈ। ‘ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹਿਣ’ ਵਿਚ ਮਦਦ ਹਾਸਲ ਕਰਨ ਲਈ ਉਹ ਇਨ੍ਹਾਂ ਸਭਾਵਾਂ ਨੂੰ ਜ਼ਰੂਰੀ ਸਮਝਦੇ ਹਨ। (ਕੁਲੁੱਸੀਆਂ 4:12) ਇਸ ਲਈ ਗਵਾਹ ਇਨ੍ਹਾਂ ਸਭਾਵਾਂ ਤੇ ਹਾਜ਼ਰ ਹੋਣ ਲਈ ਪੂਰਾ ਜਤਨ ਕਰਦੇ ਹਨ।

ਕਈਆਂ ਨੂੰ ਇਨ੍ਹਾਂ ਸੰਮੇਲਨਾਂ ਤੇ ਹਾਜ਼ਰ ਹੋਣ ਲਈ ਪੱਕੀ ਨਿਹਚਾ ਦਿਖਾਉਣੀ ਪੈਂਦੀ ਹੈ ਅਤੇ ਵੱਡੀਆਂ-ਵੱਡੀਆਂ ਰੁਕਾਵਟਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਿਸਾਲ ਲਈ, ਜ਼ਰਾ ਆਸਟ੍ਰੀਆ ਦੀ ਇਕ ਸਿਆਣੀ ਭੈਣ ਬਾਰੇ ਸੋਚੋ। ਸ਼ੂਗਰ ਦੀ ਬੀਮਾਰੀ ਹੋਣ ਕਰਕੇ ਉਸ ਨੂੰ ਹਰ ਰੋਜ਼ ਇਨਸੁਲੀਨ ਦੇ ਟੀਕੇ ਲਾਉਣੇ ਪੈਂਦਾ ਹਨ। ਪਰ ਫਿਰ ਵੀ ਉਸ ਨੇ ਆਪਣੇ ਦੇਸ਼ ਵਿਚ ਹੋ ਰਹੇ ਵੱਡੇ ਸੰਮੇਲਨ ਦਿਆਂ ਸਾਰਿਆਂ ਦਿਨਾਂ ਤੇ ਹਾਜ਼ਰ ਹੋਣ ਲਈ ਤਿਆਰੀਆਂ ਕੀਤੀਆਂ। ਭਾਰਤ ਵਿਚ, ਗਵਾਹਾਂ ਦੇ ਇਕ ਵੱਡੇ ਤੇ ਗ਼ਰੀਬ ਪਰਿਵਾਰ ਨੂੰ ਲੱਗਦਾ ਸੀ ਕਿ ਉਨ੍ਹਾਂ ਕੋਲੋਂ ਸੰਮੇਲਨ ਵਿਚ ਨਹੀਂ ਜਾ ਹੋਣਾ। ਪਰ ਪਰਿਵਾਰ ਦੇ ਇਕ ਮੈਂਬਰ ਨੇ ਮਦਦ ਕੀਤੀ। ਉਸ ਨੇ ਕਿਹਾ: “ਮੈਂ ਇਸ ਸੰਮੇਲਨ ਨੂੰ ਮਿੱਸ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਆਪਣੇ ਸੋਨੇ ਦੇ ਕਾਂਟੇ ਵੇਚ ਦਿੱਤੇ ਤਾਂਕਿ ਸਾਡੇ ਕੋਲ ਸਫ਼ਰ ਕਰਨ ਜੋਗੇ ਪੈਸੇ ਸਨ। ਉੱਥੇ ਭੈਣਾਂ-ਭਰਾਵਾਂ ਨਾਲ ਸੰਗਤ ਕਰਨ ਅਤੇ ਅਨੁਭਵਾਂ ਨੂੰ ਸੁਣਨ ਦੁਆਰਾ ਸਾਡੀ ਨਿਹਚਾ ਬਹੁਤ ਮਜ਼ਬੂਤ ਕੀਤੀ ਗਈ ਸੀ ਇਸ ਲਈ ਮੇਰੀ ਕੁਰਬਾਨੀ ਬਹੁਤ ਹੀ ਲਾਭਦਾਇਕ ਨਿਕਲੀ।”

ਪਾਪੂਆ ਨਿਊ ਗਿਨੀ ਵਿਚ ਦਿਲਚਸਪੀ ਰੱਖਣ ਵਾਲਾ ਇਕ ਸਮੂਹ ਸੀ ਜਿਨ੍ਹਾਂ ਵਿੱਚੋਂ ਕਿਸੇ ਦਾ ਬਪਤਿਸਮਾ ਨਹੀਂ ਹੋਇਆ ਸੀ। ਫਿਰ ਵੀ ਉਨ੍ਹਾਂ ਨੇ ਪੱਕਾ ਇਰਾਦਾ ਕੀਤਾ ਕਿ ਉਹ ਰਾਜਧਾਨੀ ਵਿਚ ਹੋ ਰਹੇ ਵੱਡੇ ਸੰਮੇਲਨ ਵਿਚ ਹਾਜ਼ਰ ਹੋਣਗੇ। ਉਨ੍ਹਾਂ ਦੇ ਪਿੰਡ ਦੇ ਇਕ ਆਦਮੀ ਕੋਲ ਗੱਡੀ ਸੀ, ਇਸ ਲਈ ਉਨ੍ਹਾਂ ਨੇ ਉਸ ਨੂੰ ਪੁੱਛਿਆ ਕੇ ਸੰਮੇਲਨ ਤੇ ਉਨ੍ਹਾਂ ਨੂੰ ਲੈ ਜਾਣ ਲਈ ਉਹ ਕਿੰਨੇ ਪੈਸੇ ਲਵੇਗਾ। ਕਿਉਂਕਿ ਉਨ੍ਹਾਂ ਕੋਲ ਥੋੜ੍ਹੇ ਪੈਸੇ ਸਨ, ਉਨ੍ਹਾਂ ਨੇ ਆਦਮੀ ਨਾਲ ਸਲਾਹ ਕੀਤੀ ਕਿ ਉਨ੍ਹਾਂ ਨੂੰ ਲੈ ਜਾਣ ਦੇ ਬਦਲੇ ਉਹ ਉਸ ਦੇ ਘਰ ਵਿਚ ਨਵੀਂ ਰਸੋਈ ਬਣਾ ਦੇਣਗੇ। ਇਸ ਤਰ੍ਹਾਂ ਉਹ ਵੱਡੇ ਸੰਮੇਲਨ ਤੇ ਪਹੁੰਚ ਸਕੇ ਅਤੇ ਪੂਰੇ ਪ੍ਰੋਗ੍ਰਾਮ ਦਾ ਫ਼ਾਇਦਾ ਉਠਾ ਸਕੇ।

ਸੰਮੇਲਨਾਂ ਤੇ ਹਾਜ਼ਰ ਹੋਣ ਵਿਚ ਦੂਰੀ ਯਹੋਵਾਹ ਦੇ ਗਵਾਹਾਂ ਲਈ ਰੁਕਾਵਟ ਨਹੀਂ ਪਾਉਂਦੀ। ਸਾਲ 1978 ਵਿਚ, ਲਿਲ, ਫਰਾਂਸ, ਵਿਚ ਇਕ ਸੰਮੇਲਨ ਤੇ ਹਾਜ਼ਰ ਹੋਣ ਲਈ ਪੋਲੈਂਡ ਤੋਂ ਇਕ ਜਵਾਨ ਨੇ ਛੇ ਦਿਨਾਂ ਲਈ ਆਪਣੇ ਸਾਈਕਲ ਤੇ 1,200 ਕਿਲੋਮੀਟਰ ਸਫ਼ਰ ਕੀਤਾ। ਸਾਲ 1997 ਦੀਆਂ ਗਰਮੀਆਂ ਦੌਰਾਨ ਮੰਗੋਲੀਆ ਤੋਂ ਦੋ ਗਵਾਹਾਂ ਨੇ ਇਰਕੁਤਸਕ, ਰੂਸ, ਵਿਚ ਹੋ ਰਹੇ ਇਕ ਸੰਮੇਲਨ ਵਿਚ ਹਾਜ਼ਰ ਹੋਣ ਲਈ 1,200 ਕਿਲੋਮੀਟਰ ਸਫ਼ਰ ਕੀਤਾ।

ਕੰਮ ਵਿਚ ਰੁੱਝਾ ਹੋਇਆ ਭਾਈਚਾਰਾ

ਇਨ੍ਹਾਂ ਸੰਮੇਲਨਾਂ ਤੇ ਗਵਾਹਾਂ ਦੁਆਰਾ ਦਿਖਾਈ ਗਈ ਏਕਤਾ ਅਤੇ ਭਾਈਬੰਦੀ ਈਮਾਨਦਾਰ ਲੋਕਾਂ ਨੂੰ ਸਾਫ਼-ਸਾਫ਼ ਦਿਖਾਈ ਦਿੰਦੀ ਹੈ। ਕਈ ਲੋਕ ਇਸ ਗੱਲ ਤੋਂ ਪ੍ਰਭਾਵਿਤ ਹੋਏ ਹਨ ਕਿ ਸੰਮੇਲਨ ਤੇ ਹਾਜ਼ਰ ਲੋਕਾਂ ਵਿਚਕਾਰ ਕੋਈ ਪੱਖਪਾਤ ਨਹੀਂ ਹੈ ਅਤੇ ਉਨ੍ਹਾਂ ਵਿਚਕਾਰ ਸੱਚਾ ਪਿਆਰ ਹੈ। ਭਾਵੇਂ ਕਿ ਉਹ ਸ਼ਾਇਦ ਇਕ ਦੂਸਰੇ ਨੂੰ ਪਹਿਲੀ ਵਾਰ ਮਿਲ ਰਹੇ ਹੋਣ ਇਹ ਪਿਆਰ ਫਿਰ ਵੀ ਦਿਖਾਈ ਦਿੰਦਾ ਹੈ।

ਆਸਟ੍ਰੇਲੀਆ ਵਿਚ ਹਾਲ ਹੀ ਦੇ ਇਕ ਇੰਟਰਨੈਸ਼ਨਲ ਸੰਮੇਲਨ ਦੌਰਾਨ ਸੈਰ-ਸਪਾਟਾ ਕਰਵਾਉਣ ਵਾਲੇ ਇਕ ਗਾਈਡ ਨੇ ਸੰਮੇਲਨ ਤੇ ਆਏ ਹੋਏ ਭੈਣਾਂ-ਭਰਾਵਾਂ ਨਾਲ ਇਕ ਹਫ਼ਤਾ ਗੁਜ਼ਾਰਿਆ। ਸੰਮੇਲਨ ਤੋਂ ਬਾਅਦ ਉਹ ਉਨ੍ਹਾਂ ਨਾਲ ਰਹਿਣਾ ਚਾਹੁੰਦਾ ਸੀ। ਉਹ ਉਨ੍ਹਾਂ ਦੇ ਪ੍ਰੇਮ ਅਤੇ ਏਕਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੂੰ ਯਕੀਨ ਹੀ ਨਹੀਂ ਆਉਂਦਾ ਸੀ ਕਿ ਉਨ੍ਹਾਂ ਸਾਰਿਆਂ ਦੀ ਕਿੱਦਾਂ ਇਕ ਦੂਸਰੇ ਨਾਲ ਬਣਦੀ ਸੀ ਭਾਵੇਂ ਕਿ ਉਨ੍ਹਾਂ ਵਿੱਚੋਂ ਕਈ ਅਜਨਬੀ ਸਨ। ਜਦੋਂ ਉਸ ਦੇ ਜਾਣ ਦਾ ਵੇਲਾ ਆਇਆ ਤਾਂ ਉਸ ਨੇ ਹਾਕ ਮਾਰ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਨੂੰ “ਭੈਣੋ-ਭਰਾਵੋ” ਕਹਿ ਕੇ ਉਹ ਉਨ੍ਹਾਂ ਦਾ ਸ਼ੁਕਰੀਆ ਕਰਦਾ-ਕਰਦਾ ਰੋਣ ਲੱਗ ਪਿਆ।

ਸਾਲ 1997 ਵਿਚ, ਸ੍ਰੀ ਲੰਕਾ ਵਿਚ ਪਹਿਲੀ ਵਾਰ ਇਕ ਵੱਡੇ ਸਟੇਡੀਅਮ ਵਿਚ ਤਿੰਨ ਭਾਸ਼ਾਵਾਂ ਵਿਚ ਸੰਮੇਲਨ ਕੀਤਾ ਗਿਆ ਸੀ। ਪੂਰਾ ਪ੍ਰੋਗ੍ਰਾਮ ਇੱਕੋ ਸਮੇਂ ਤੇ ਅੰਗ੍ਰੇਜ਼ੀ, ਸਿੰਘਾਲੀ, ਅਤੇ ਤਾਮਿਲ ਭਾਸ਼ਾਵਾਂ ਵਿਚ ਪੇਸ਼ ਕੀਤਾ ਗਿਆ। ਅਜਿਹੇ ਦੇਸ਼ ਵਿਚ ਜਿੱਥੇ ਨਸਲੀ ਤਣਾਅ ਹੈ, ਤਿੰਨ ਭਾਸ਼ਾਵਾਂ ਵਿਚ ਕੀਤੇ ਗਏ ਇਸ ਇਕੱਠ ਨੇ ਕਈਆਂ ਲੋਕਾਂ ਦਾ ਧਿਆਨ ਖਿੱਚਿਆ। ਇਕ ਪੁਲਸੀਏ ਨੇ ਇਕ ਭਰਾ ਨੂੰ ਪੁੱਛਿਆ: “ਇਸ ਸੰਮੇਲਨ ਨੂੰ ਕੌਣ ਚਲਾ ਰਿਹਾ ਹੈ, ਸਿੰਘਾਲੀ, ਤਾਮਿਲ ਜਾਂ ਅੰਗ੍ਰੇਜ਼ੀ ਲੋਕ?” ਭਰਾ ਨੇ ਜਵਾਬ ਦਿੱਤਾ ਕਿ “ਅਸੀਂ ਸਾਰੇ ਇਕੱਠੇ ਮਿਲ ਕੇ ਇਸ ਸੰਮੇਲਨ ਨੂੰ ਚਲਾ ਰਹੇ ਹਨ।” ਪੁਲਸੀਏ ਨੂੰ ਯਕੀਨ ਹੀ ਨਹੀਂ ਆਉਂਦਾ ਸੀ। ਆਖ਼ਰੀ ਪ੍ਰਾਰਥਨਾ ਤੇ ਤਿੰਨਾਂ ਭਾਸ਼ਾਵਾਂ ਦੇ ਸਾਰੇ ਭੈਣਾਂ-ਭਰਾਵਾਂ ਦੀ ਏਕਤਾ ਵਿਚ ਕਹੀ ਗਈ “ਆਮੀਨ” ਦੀ ਆਵਾਜ਼ ਪੂਰੇ ਸਟੇਡੀਅਮ ਵਿਚ ਗੂੰਜ ਉੱਠੀ ਅਤੇ ਇਸ ਤੋਂ ਬਾਅਦ ਸਾਰੇ ਹਾਜ਼ਰ ਲੋਕ ਤਾੜੀਆਂ ਮਾਰਨ ਲੱਗ ਪਏ। ਹਾਜ਼ਰੀਨ ਵਿਚ ਸਾਰਿਆਂ ਦੀਆਂ ਅੱਖਾਂ ਵਿਚ ਹੰਝੂ ਭਰ ਗਏ। ਜੀ ਹਾਂ, ਵੱਡੇ ਸੰਮੇਲਨ ਸੱਚ-ਮੁੱਚ ਸਾਡੇ ਭਾਈਚਾਰੇ ਦੀ ਖ਼ੁਸ਼ੀ ਬਿਆਨ ਕਰਦੇ ਹਨ।—ਜ਼ਬੂਰ 133:1. *

[ਫੁਟਨੋਟ]