Skip to content

Skip to table of contents

“ਉਹ ਤੁਹਾਡੇ ਨੇੜੇ ਆਵੇਗਾ”

“ਉਹ ਤੁਹਾਡੇ ਨੇੜੇ ਆਵੇਗਾ”

“ਉਹ ਤੁਹਾਡੇ ਨੇੜੇ ਆਵੇਗਾ”

“[ਪਰਮੇਸ਼ੁਰ] ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।”—ਰਸੂਲਾਂ ਦੇ ਕਰਤੱਬ 17:27.

1, 2. (ੳ) ਤਾਰਿਆਂ ਨਾਲ ਭਰੇ ਆਕਾਸ਼ ਨੂੰ ਦੇਖ ਕੇ ਅਸੀਂ ਸ੍ਰਿਸ਼ਟੀਕਰਤਾ ਬਾਰੇ ਕਿਹੜਾ ਸਵਾਲ ਪੁੱਛ ਸਕਦੇ ਹਾਂ? (ਅ) ਬਾਈਬਲ ਸਾਨੂੰ ਕਿਵੇਂ ਭਰੋਸਾ ਦਿਵਾਉਂਦੀ ਹੈ ਕਿ ਇਨਸਾਨ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ?

ਕੀ ਤੁਸੀਂ ਕਦੇ ਰਾਤ ਨੂੰ ਤਾਰਿਆਂ ਨਾਲ ਭਰੇ ਆਕਾਸ਼ ਨੂੰ ਦੇਖ ਕੇ ਹੈਰਾਨ ਹੋਏ ਹੋ? ਇੰਨੇ ਸਾਰੇ ਤਾਰੇ ਅਤੇ ਵਿਸ਼ਾਲ ਬ੍ਰਹਿਮੰਡ ਦੇਖ ਕੇ ਅਸੀਂ ਹੱਕੇ-ਬੱਕੇ ਰਹਿ ਜਾਂਦੇ ਹਾਂ। ਇਸ ਵਿਸ਼ਾਲ ਬ੍ਰਹਿਮੰਡ ਵਿਚ ਧਰਤੀ ਤਾਂ ਇਕ ਛੋਟਾ ਜਿਹਾ ਬਿੰਦੂ ਹੈ। ਇਨ੍ਹਾਂ ਚੀਜ਼ਾਂ ਦਾ ਸ੍ਰਿਸ਼ਟੀਕਰਤਾ “ਸਾਰੀ ਧਰਤੀ ਉੱਤੇ ਅੱਤ ਮਹਾਨ” ਹੈ। ਤਾਂ ਫਿਰ ਕੀ ਇਸ ਦਾ ਮਤਲਬ ਇਹ ਹੈ ਕਿ ਇੰਨਾ ਮਹਾਨ ਹੋਣ ਕਰਕੇ ਪਰਮੇਸ਼ੁਰ ਇਨਸਾਨਾਂ ਬਾਰੇ ਸੋਚ ਹੀ ਨਹੀਂ ਸਕਦਾ ਜਾਂ ਉਹ ਇੰਨਾ ਦੂਰ ਹੈ ਕਿ ਉਹ ਉਸ ਨੂੰ ਜਾਣ ਹੀ ਨਹੀਂ ਸਕਦੇ?—ਜ਼ਬੂਰਾਂ ਦੀ ਪੋਥੀ 83:18.

2 ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਇਨਸਾਨ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ। ਅਸਲ ਵਿਚ ਪਰਮੇਸ਼ੁਰ ਦਾ ਬਚਨ ਸਾਨੂੰ ਪਰਮੇਸ਼ੁਰ ਨੂੰ ਭਾਲਣ ਲਈ ਉਤਸ਼ਾਹਿਤ ਕਰਦਾ ਹੋਇਆ ਕਹਿੰਦਾ ਹੈ: “ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ” ਹੈ। (ਰਸੂਲਾਂ ਦੇ ਕਰਤੱਬ 17:27; 1 ਇਤਹਾਸ 28:9) ਦਰਅਸਲ, ਜੇ ਅਸੀਂ ਪਰਮੇਸ਼ੁਰ ਦੇ ਨੇੜੇ ਜਾਣ ਲਈ ਕਦਮ ਚੁੱਕਦੇ ਹਾਂ, ਤਾਂ ਉਹ ਵੀ ਸਾਡੇ ਜਤਨਾਂ ਤੇ ਬਰਕਤ ਪਾਵੇਗਾ। ਕਿਸ ਤਰੀਕੇ ਨਾਲ? ਸਾਲ 2003 ਲਈ ਸਾਡੇ ਵਰ੍ਹੇ-ਪਾਠ ਦੇ ਇਹ ਸ਼ਬਦ ਜਵਾਬ ਦਿੰਦੇ ਹਨ: “ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਆਓ ਆਪਾਂ ਕੁਝ ਸ਼ਾਨਦਾਰ ਬਰਕਤਾਂ ਬਾਰੇ ਚਰਚਾ ਕਰੀਏ ਜੋ ਯਹੋਵਾਹ ਆਪਣੇ ਨੇੜੇ ਆਉਣ ਵਾਲਿਆਂ ਨੂੰ ਦਿੰਦਾ ਹੈ।

ਯਹੋਵਾਹ ਵੱਲੋਂ ਖ਼ਾਸ ਤੋਹਫ਼ਾ

3. ਯਹੋਵਾਹ ਉਨ੍ਹਾਂ ਨੂੰ ਕਿਹੜਾ ਤੋਹਫ਼ਾ ਦਿੰਦਾ ਹੈ ਜਿਨ੍ਹਾਂ ਦਾ ਉਸ ਨਾਲ ਚੰਗਾ ਰਿਸ਼ਤਾ ਹੈ?

3 ਪਹਿਲਾ, ਯਹੋਵਾਹ ਦੇ ਸੇਵਕਾਂ ਕੋਲ ਅਜਿਹਾ ਤੋਹਫ਼ਾ ਹੈ ਜੋ ਯਹੋਵਾਹ ਨੇ ਸਿਰਫ਼ ਆਪਣੇ ਲੋਕਾਂ ਲਈ ਸਾਂਭ ਕੇ ਰੱਖਿਆ ਹੋਇਆ ਹੈ। ਦੁਨੀਆਂ ਦੀ ਕੋਈ ਵੀ ਤਾਕਤ, ਧਨ-ਦੌਲਤ ਅਤੇ ਸਿੱਖਿਆ ਇਸ ਤਰ੍ਹਾਂ ਦਾ ਤੋਹਫ਼ਾ ਨਹੀਂ ਦੇ ਸਕਦੀ। ਇਹ ਖ਼ਾਸ ਤੋਹਫ਼ਾ ਹੈ ਜੋ ਯਹੋਵਾਹ ਉਨ੍ਹਾਂ ਨੂੰ ਹੀ ਦਿੰਦਾ ਹੈ ਜਿਨ੍ਹਾਂ ਦਾ ਉਸ ਨਾਲ ਚੰਗਾ ਰਿਸ਼ਤਾ ਹੈ। ਇਹ ਕਿਹੜਾ ਤੋਹਫ਼ਾ ਹੈ? ਪਰਮੇਸ਼ੁਰ ਦਾ ਬਚਨ ਇਸ ਦਾ ਜਵਾਬ ਦਿੰਦਾ ਹੈ: “ਜੇ ਤੂੰ . . . ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ, ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ।” (ਕਹਾਉਤਾਂ 2:3-6) ਜ਼ਰਾ ਸੋਚੋ ਕਿ ਅਪੂਰਣ ਇਨਸਾਨ “ਪਰਮੇਸ਼ੁਰ ਦੇ ਗਿਆਨ” ਨੂੰ ਪਾ ਸਕਦੇ ਹਨ! ਪਰਮੇਸ਼ੁਰ ਦੇ ਬਚਨ ਵਿਚ ਪਾਇਆ ਜਾਂਦਾ ਗਿਆਨ ਹੀ ਉਹ ਤੋਹਫ਼ਾ ਹੈ ਜਿਸ ਦੀ ਤੁਲਨਾ “ਗੁਪਤ ਧਨ” ਨਾਲ ਕੀਤੀ ਗਈ ਹੈ। ਕਿਉਂ?

4, 5. “ਪਰਮੇਸ਼ੁਰ ਦੇ ਗਿਆਨ” ਦੀ ਤੁਲਨਾ “ਗੁਪਤ ਧਨ” ਨਾਲ ਕਿਉਂ ਕੀਤੀ ਜਾ ਸਕਦੀ ਹੈ? ਮਿਸਾਲ ਦਿਓ।

4 ਇਕ ਗੱਲ ਤਾਂ ਇਹ ਹੈ ਕਿ ਪਰਮੇਸ਼ੁਰ ਦਾ ਗਿਆਨ ਬੜਾ ਅਨਮੋਲ ਹੈ। ਇਸ ਗਿਆਨ ਕਾਰਨ ਇਕ ਅਨਮੋਲ ਬਰਕਤ ਜੋ ਮਿਲਦੀ ਹੈ, ਉਹ ਹੈ ਸਦਾ ਦੀ ਜ਼ਿੰਦਗੀ ਦੀ ਉਮੀਦ। (ਯੂਹੰਨਾ 17:3) ਪਰ ਇਸ ਗਿਆਨ ਤੋਂ ਹੁਣ ਵੀ ਸਾਨੂੰ ਫ਼ਾਇਦਾ ਹੁੰਦਾ ਹੈ। ਮਿਸਾਲ ਲਈ, ਧਿਆਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਨਾਲ ਸਾਨੂੰ ਇਨ੍ਹਾਂ ਮਹੱਤਵਪੂਰਣ ਸਵਾਲਾਂ ਦੇ ਜਵਾਬ ਮਿਲੇ ਹਨ: ਪਰਮੇਸ਼ੁਰ ਦਾ ਨਾਂ ਕੀ ਹੈ? (ਜ਼ਬੂਰਾਂ ਦੀ ਪੋਥੀ 83:18) ਮਰਨ ਤੋਂ ਬਾਅਦ ਇਨਸਾਨ ਕਿਸ ਹਾਲਤ ਵਿਚ ਹੁੰਦੇ ਹਨ? (ਉਪਦੇਸ਼ਕ ਦੀ ਪੋਥੀ 9:5, 10) ਧਰਤੀ ਅਤੇ ਮਨੁੱਖਜਾਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ? (ਯਸਾਯਾਹ 45:18) ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਬਾਈਬਲ ਦੀ ਵਧੀਆ ਸਲਾਹ ਤੇ ਚੱਲਣਾ। (ਯਸਾਯਾਹ 30:20, 21; 48:17, 18) ਇਸ ਤਰ੍ਹਾਂ ਸਾਨੂੰ ਚੰਗੀ ਸਲਾਹ ਮਿਲਦੀ ਹੈ ਜੋ ਜ਼ਿੰਦਗੀ ਦੀਆਂ ਚਿੰਤਾਵਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰਦੀ ਹੈ। ਇਹ ਸਾਨੂੰ ਅਜਿਹੇ ਤਰੀਕੇ ਨਾਲ ਜੀਉਣਾ ਸਿਖਾਉਂਦੀ ਹੈ ਜਿਸ ਨਾਲ ਸੱਚੀ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ। ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਨਾਲ ਸਾਨੂੰ ਯਹੋਵਾਹ ਦੇ ਸ਼ਾਨਦਾਰ ਗੁਣਾਂ ਬਾਰੇ ਪਤਾ ਲੱਗਾ ਹੈ ਜਿਸ ਕਰਕੇ ਉਸ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋਇਆ ਹੈ। ‘ਯਹੋਵਾਹ ਦੇ ਗਿਆਨ’ ਉੱਤੇ ਆਧਾਰਿਤ ਉਸ ਨਾਲ ਗੂੜ੍ਹੇ ਰਿਸ਼ਤੇ ਨਾਲੋਂ ਹੋਰ ਕਿਹੜੀ ਚੀਜ਼ ਜ਼ਿਆਦਾ ਅਨਮੋਲ ਹੋ ਸਕਦੀ ਹੈ?

5 ਇਕ ਹੋਰ ਕਾਰਨ ਕਰਕੇ ਵੀ ਪਰਮੇਸ਼ੁਰ ਦੇ ਗਿਆਨ ਦੀ ਤੁਲਨਾ “ਗੁਪਤ ਧਨ” ਨਾਲ ਕੀਤੀ ਜਾ ਸਕਦੀ ਹੈ। ਕਈ ਖ਼ਜ਼ਾਨਿਆਂ ਵਾਂਗ ਇਹ ਖ਼ਜ਼ਾਨਾ ਵੀ ਇਸ ਦੁਨੀਆਂ ਵਿਚ ਬਹੁਤ ਘੱਟ ਮਿਲਦਾ ਹੈ। ਦੁਨੀਆਂ ਦੀ ਛੇ ਅਰਬ ਆਬਾਦੀ ਵਿੱਚੋਂ ਸਿਰਫ਼ ਸੱਠ ਲੱਖ ਯਹੋਵਾਹ ਦੇ ਸੇਵਕਾਂ ਕੋਲ ‘ਪਰਮੇਸ਼ੁਰ ਦਾ ਗਿਆਨ’ ਹੈ। ਕਹਿਣ ਦਾ ਮਤਲਬ ਹੈ ਕਿ ਹਜ਼ਾਰ ਲੋਕਾਂ ਵਿੱਚੋਂ ਸਿਰਫ਼ ਇਕ ਜਣੇ ਕੋਲ ਇਹ ਗਿਆਨ ਹੈ। ਇਹ ਦੱਸਣ ਲਈ ਕਿ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਨੂੰ ਜਾਣਨਾ ਕਿੰਨਾ ਵੱਡਾ ਸਨਮਾਨ ਹੈ, ਬਾਈਬਲ ਦੇ ਸਿਰਫ਼ ਇੱਕੋ ਸਵਾਲ ਬਾਰੇ ਜ਼ਰਾ ਸੋਚੋ: ਮੌਤ ਹੋਣ ਤੇ ਇਨਸਾਨਾਂ ਨਾਲ ਕੀ ਹੁੰਦਾ ਹੈ? ਬਾਈਬਲ ਤੋਂ ਸਾਨੂੰ ਪਤਾ ਲੱਗਾ ਹੈ ਕਿ ਮੌਤ ਹੋਣ ਤੇ ਇਨਸਾਨ ਪੂਰੀ ਤਰ੍ਹਾਂ ਮਰ ਜਾਂਦਾ ਹੈ ਤੇ ਉਹ ਕੁਝ ਵੀ ਨਹੀਂ ਜਾਣਦਾ। (ਹਿਜ਼ਕੀਏਲ 18:4) ਪਰ ਦੁਨੀਆਂ ਦੇ ਬਹੁਤ ਸਾਰੇ ਧਰਮ ਇਸ ਝੂਠੀ ਸਿੱਖਿਆ ਨੂੰ ਮੰਨਦੇ ਹਨ ਕਿ ਮੌਤ ਹੋਣ ਤੋਂ ਬਾਅਦ ਇਨਸਾਨ ਦੀ ਆਤਮਾ ਜੀਉਂਦੀ ਰਹਿੰਦੀ ਹੈ। ਇਹ ਈਸਾਈ-ਧਰਮਾਂ ਦੀ ਮੂਲ ਸਿੱਖਿਆ ਹੈ। ਇਹੀ ਸਿੱਖਿਆ ਬੁੱਧ, ਹਿੰਦੂ, ਇਸਲਾਮ, ਜੈਨ, ਯਹੂਦੀ, ਸ਼ਿੰਟੋ, ਸਿੱਖ ਅਤੇ ਤਾਓਵਾਦੀ ਧਰਮਾਂ ਵਿਚ ਵੀ ਪ੍ਰਚਲਿਤ ਹੈ। ਜ਼ਰਾ ਸੋਚੋ, ਅਰਬਾਂ ਹੀ ਲੋਕ ਇਸ ਇਕ ਝੂਠੀ ਸਿੱਖਿਆ ਕਾਰਨ ਧੋਖੇ ਵਿਚ ਹਨ!

6, 7. (ੳ) ਸਿਰਫ਼ ਕੌਣ ‘ਪਰਮੇਸ਼ੁਰ ਦਾ ਗਿਆਨ’ ਪਾ ਸਕਦਾ ਹੈ? (ਅ) ਕਿਹੜੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਸਾਨੂੰ ਅਜਿਹੀ ਸਮਝ ਦਿੱਤੀ ਹੈ ਜਿਸ ਬਾਰੇ ਇਸ ਦੁਨੀਆਂ ਦੇ ‘ਗਿਆਨੀ ਅਤੇ ਬੁੱਧਵਾਨ’ ਕੁਝ ਵੀ ਨਹੀਂ ਜਾਣਦੇ?

6 ਬਹੁਤ ਸਾਰੇ ਲੋਕਾਂ ਨੇ ‘ਪਰਮੇਸ਼ੁਰ ਦਾ ਗਿਆਨ’ ਕਿਉਂ ਨਹੀਂ ਪ੍ਰਾਪਤ ਕੀਤਾ? ਕਿਉਂਕਿ ਕੋਈ ਵੀ ਵਿਅਕਤੀ ਪਰਮੇਸ਼ੁਰ ਦੀ ਮਦਦ ਤੋਂ ਬਿਨਾਂ ਉਸ ਦੇ ਬਚਨ ਦਾ ਅਰਥ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ। ਯਾਦ ਰੱਖੋ ਕਿ ਇਹ ਗਿਆਨ ਇਕ ਤੋਹਫ਼ਾ ਹੈ। ਯਹੋਵਾਹ ਇਹ ਤੋਹਫ਼ਾ ਸਿਰਫ਼ ਉਨ੍ਹਾਂ ਨੂੰ ਦਿੰਦਾ ਹੈ ਜੋ ਈਮਾਨਦਾਰੀ ਅਤੇ ਨਿਮਰਤਾ ਨਾਲ ਉਸ ਦੇ ਬਚਨ ਦੀ ਖੋਜ ਕਰਨੀ ਚਾਹੁੰਦੇ ਹਨ। ਅਜਿਹੇ ਲੋਕ ਸ਼ਾਇਦ “ਬਾਹਲੇ ਬੁੱਧਵਾਨ” ਨਾ ਹੋਣ। (1 ਕੁਰਿੰਥੀਆਂ 1:26) ਦੁਨੀਆਂ ਸ਼ਾਇਦ ਇਨ੍ਹਾਂ ਵਿੱਚੋਂ ਕਈ ਲੋਕਾਂ ਨੂੰ ਅਨਪੜ੍ਹ ਤੇ ਗੰਵਾਰ ਵੀ ਕਹਿੰਦੀ ਹੈ ਕਿਉਂਕਿ ਉਹ “ਵਿਦਵਾਨ ਨਹੀਂ ਸਗੋਂ ਆਮ” ਵਿੱਚੋਂ ਹਨ। (ਰਸੂਲਾਂ ਦੇ ਕਰਤੱਬ 4:13) ਪਰ ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਯਹੋਵਾਹ ਸਾਡੇ ਚੰਗੇ ਗੁਣਾਂ ਨੂੰ ਦੇਖ ਕੇ ਸਾਨੂੰ ‘ਆਪਣਾ ਗਿਆਨ’ ਦਿੰਦਾ ਹੈ।

7 ਇਕ ਮਿਸਾਲ ਉੱਤੇ ਗੌਰ ਕਰੋ। ਈਸਾਈ-ਜਗਤ ਦੇ ਬਹੁਤ ਸਾਰੇ ਵਿਦਵਾਨਾਂ ਨੇ ਬਾਈਬਲ ਬਾਰੇ ਲੰਮੀਆਂ-ਚੌੜੀਆਂ ਟਿੱਪਣੀਆਂ ਲਿਖੀਆਂ ਹਨ। ਅਜਿਹੀਆਂ ਟਿੱਪਣੀਆਂ ਸਾਨੂੰ ਇਤਿਹਾਸਕ ਪਿਛੋਕੜ ਬਾਰੇ ਦੱਸ ਸਕਦੀਆਂ ਹਨ ਅਤੇ ਇਬਰਾਨੀ ਤੇ ਯੂਨਾਨੀ ਸ਼ਬਦਾਂ ਦਾ ਮਤਲਬ ਸਮਝਾ ਸਕਦੀਆਂ ਹਨ। ਕੀ ਅਸਲ ਵਿਚ ਇਹ ਵਿਦਵਾਨ ਆਪਣੇ ਗਿਆਨ ਨਾਲ ‘ਪਰਮੇਸ਼ੁਰ ਦਾ ਗਿਆਨ’ ਹਾਸਲ ਕਰ ਸਕੇ ਹਨ? ਕੀ ਉਹ ਬਾਈਬਲ ਦੇ ਮੁੱਖ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਪਾਏ ਹਨ? ਬਾਈਬਲ ਦਾ ਮੁੱਖ ਵਿਸ਼ਾ ਹੈ ਪਰਮੇਸ਼ੁਰ ਦੇ ਰਾਜ ਦੁਆਰਾ ਉਸ ਦੇ ਰਾਜ ਕਰਨ ਦੇ ਹੱਕ ਨੂੰ ਜਾਇਜ਼ ਠਹਿਰਾਉਣਾ। ਕੀ ਉਹ ਜਾਣਦੇ ਹਨ ਕਿ ਯਹੋਵਾਹ ਪਰਮੇਸ਼ੁਰ ਤ੍ਰਿਏਕ ਦਾ ਹਿੱਸਾ ਨਹੀਂ ਹੈ? ਪਰ ਸਾਨੂੰ ਇਨ੍ਹਾਂ ਗੱਲਾਂ ਦੀ ਸਹੀ-ਸਹੀ ਸਮਝ ਹੈ। ਕਿਉਂ? ਯਹੋਵਾਹ ਨੇ ਸਾਨੂੰ ਬਾਈਬਲ ਦੀਆਂ ਸੱਚਾਈਆਂ ਬਾਰੇ ਅਜਿਹੀ ਸਮਝ ਦਿੱਤੀ ਹੈ ਜਿਸ ਬਾਰੇ ਇਸ ਦੁਨੀਆਂ ਦੇ ‘ਗਿਆਨੀ ਅਤੇ ਬੁੱਧਵਾਨ’ ਕੁਝ ਵੀ ਨਹੀਂ ਜਾਣਦੇ। (ਮੱਤੀ 11:25) ਯਹੋਵਾਹ ਆਪਣੇ ਨੇੜੇ ਰਹਿਣ ਵਾਲਿਆਂ ਨੂੰ ਅਸੀਸਾਂ ਦਿੰਦਾ ਹੈ!

“ਯਹੋਵਾਹ ਆਪਣੇ ਸਾਰੇ ਪ੍ਰੇਮੀਆਂ ਦੀ ਪਾਲਨਾ ਕਰਦਾ ਹੈ”

8, 9. (ੳ) ਦਾਊਦ ਨੇ ਇਕ ਹੋਰ ਬਰਕਤ ਬਾਰੇ ਕਿਵੇਂ ਦੱਸਿਆ ਜੋ ਯਹੋਵਾਹ ਆਪਣੇ ਨੇੜੇ ਰਹਿਣ ਵਾਲਿਆਂ ਨੂੰ ਦਿੰਦਾ ਹੈ? (ਅ) ਸੱਚੇ ਮਸੀਹੀਆਂ ਨੂੰ ਪਰਮੇਸ਼ੁਰ ਵੱਲੋਂ ਸੁਰੱਖਿਆ ਦੀ ਕਿਉਂ ਲੋੜ ਹੈ?

8 ਯਹੋਵਾਹ ਦੇ ਨੇੜੇ ਰਹਿਣ ਵਾਲੇ ਲੋਕ ਇਕ ਹੋਰ ਬਰਕਤ ਦਾ ਆਨੰਦ ਮਾਣਦੇ ਹਨ। ਉਹ ਹੈ ਪਰਮੇਸ਼ੁਰ ਵੱਲੋਂ ਸੁਰੱਖਿਆ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ। ਉਸ ਨੇ ਲਿਖਿਆ: “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ। ਉਹ ਆਪਣਾ ਭੈ ਮੰਨਣ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ। ਯਹੋਵਾਹ ਆਪਣੇ ਸਾਰੇ ਪ੍ਰੇਮੀਆਂ ਦੀ ਪਾਲਨਾ ਕਰਦਾ ਹੈ।” (ਜ਼ਬੂਰਾਂ ਦੀ ਪੋਥੀ 145:18-20) ਜੀ ਹਾਂ, ਯਹੋਵਾਹ ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜਿਹੜੇ ਉਸ ਨੂੰ ਪਿਆਰ ਕਰਦੇ ਹਨ। ਉਹ ਉਨ੍ਹਾਂ ਦੀ ਪੁਕਾਰ ਸੁਣ ਕੇ ਤੁਰੰਤ ਉਨ੍ਹਾਂ ਦੀ ਮਦਦ ਕਰ ਸਕਦਾ ਹੈ।

9 ਸਾਨੂੰ ਪਰਮੇਸ਼ੁਰ ਵੱਲੋਂ ਸੁਰੱਖਿਆ ਦੀ ਕਿਉਂ ਲੋੜ ਹੈ? ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਸੱਚੇ ਮਸੀਹੀਆਂ ਨੂੰ ਬੁਰੇ ਪ੍ਰਭਾਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। (2 ਤਿਮੋਥਿਉਸ 3:1) ਇਸ ਤੋਂ ਇਲਾਵਾ, ਯਹੋਵਾਹ ਦਾ ਪੱਕਾ ਦੁਸ਼ਮਣ ਸ਼ਤਾਨ ਉਨ੍ਹਾਂ ਨੂੰ ਆਪਣਾ ਖ਼ਾਸ ਨਿਸ਼ਾਨਾ ਬਣਾਉਂਦਾ ਹੈ। ਇਹ ਚਾਲਬਾਜ਼ ਦੁਸ਼ਮਣ ਸਾਨੂੰ ‘ਪਾੜ ਖਾਣਾ’ ਚਾਹੁੰਦਾ ਹੈ। (1 ਪਤਰਸ 5:8) ਸ਼ਤਾਨ ਸਾਨੂੰ ਸਤਾਉਂਦਾ ਹੈ, ਸਾਡੇ ਤੇ ਦਬਾਅ ਪਾਉਂਦਾ ਹੈ ਅਤੇ ਸਾਨੂੰ ਪਰਤਾਵਿਆਂ ਵਿਚ ਲਿਆਉਂਦਾ ਹੈ। ਉਹ ਸਾਡੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਣ ਦੀ ਵੀ ਕੋਸ਼ਿਸ਼ ਕਰਦਾ ਹੈ। ਉਸ ਦਾ ਮੁੱਖ ਮਕਸਦ ਹੈ: ਸਾਡੀ ਨਿਹਚਾ ਨੂੰ ਕਮਜ਼ੋਰ ਕਰ ਕੇ ਸਾਨੂੰ ਰੂਹਾਨੀ ਤੌਰ ਤੇ ਬਰਬਾਦ ਕਰਨਾ। (ਪਰਕਾਸ਼ ਦੀ ਪੋਥੀ 12:12, 17) ਹਾਲਾਂਕਿ ਸਾਨੂੰ ਅਜਿਹੇ ਤਾਕਤਵਰ ਦੁਸ਼ਮਣ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਕੀ ਸਾਨੂੰ ਇਹ ਜਾਣ ਕੇ ਹੌਸਲਾ ਨਹੀਂ ਮਿਲਦਾ ਕਿ “ਯਹੋਵਾਹ ਆਪਣੇ ਸਾਰੇ ਪ੍ਰੇਮੀਆਂ ਦੀ ਪਾਲਨਾ ਕਰਦਾ ਹੈ”?

10. (ੳ) ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਿੱਦਾਂ ਕਰਦਾ ਹੈ? (ਅ) ਕਿਹੜੀ ਕਿਸਮ ਦੀ ਰਾਖੀ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ ਅਤੇ ਕਿਉਂ?

10 ਪਰ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਿੱਦਾਂ ਕਰਦਾ ਹੈ? ਸਾਡੀ ਰਾਖੀ ਕਰਨ ਦੇ ਉਸ ਦੇ ਵਾਅਦੇ ਦਾ ਮਤਲਬ ਇਹ ਨਹੀਂ ਹੈ ਕਿ ਇਸ ਦੁਨੀਆਂ ਵਿਚ ਰਹਿੰਦੇ ਹੋਏ ਸਾਡੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ। ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਉਸ ਨੂੰ ਸਾਡੀ ਖ਼ਾਤਰ ਚਮਤਕਾਰ ਕਰਨੇ ਚਾਹੀਦੇ ਹਨ। ਪਰ ਯਹੋਵਾਹ ਆਪਣੇ ਲੋਕਾਂ ਦੀ ਗਰੁੱਪ ਦੇ ਤੌਰ ਤੇ ਰਾਖੀ ਕਰਦਾ ਹੈ। ਉਹ ਧਰਤੀ ਉੱਤੋਂ ਆਪਣੇ ਸੱਚੇ ਭਗਤਾਂ ਨੂੰ ਕਦੇ ਵੀ ਸ਼ਤਾਨ ਦੇ ਹੱਥੋਂ ਨਾਸ਼ ਨਹੀਂ ਹੋਣ ਦੇਵੇਗਾ! (2 ਪਤਰਸ 2:9) ਇਸ ਤੋਂ ਇਲਾਵਾ, ਯਹੋਵਾਹ ਸਾਨੂੰ ਰੂਹਾਨੀ ਤੌਰ ਤੇ ਵੀ ਬਚਾਉਂਦਾ ਹੈ। ਉਹ ਸਾਨੂੰ ਅਜਿਹੀਆਂ ਚੀਜ਼ਾਂ ਨਾਲ ਤਿਆਰ ਕਰਦਾ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਅਜ਼ਮਾਇਸ਼ਾਂ ਸਹਿ ਸਕਦੇ ਹਾਂ ਅਤੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਵਿਗੜਨ ਤੋਂ ਬਚਾ ਸਕਦੇ ਹਾਂ। ਸਾਡੀ ਅਧਿਆਤਮਿਕ ਰਾਖੀ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ। ਕਿਉਂ? ਜਦੋਂ ਤਕ ਯਹੋਵਾਹ ਨਾਲ ਸਾਡਾ ਰਿਸ਼ਤਾ ਕਾਇਮ ਰਹਿੰਦਾ ਹੈ, ਤਦ ਤਕ ਕੋਈ ਵੀ ਚੀਜ਼ ਸਾਨੂੰ ਸਦਾ ਲਈ ਨੁਕਸਾਨ ਨਹੀਂ ਪਹੁੰਚਾ ਸਕਦੀ। ਇੱਥੋਂ ਤਕ ਕਿ ਮੌਤ ਵੀ ਨਹੀਂ।—ਮੱਤੀ 10:28.

11. ਆਪਣੇ ਲੋਕਾਂ ਦੀ ਅਧਿਆਤਮਿਕ ਰਾਖੀ ਲਈ ਯਹੋਵਾਹ ਨੇ ਕਿਹੜੇ ਇੰਤਜ਼ਾਮ ਕੀਤੇ ਹਨ?

11 ਯਹੋਵਾਹ ਨੇ ਆਪਣੇ ਨੇੜੇ ਰਹਿਣ ਵਾਲਿਆਂ ਦੀ ਅਧਿਆਤਮਿਕ ਰਾਖੀ ਲਈ ਬਹੁਤ ਸਾਰੇ ਇੰਤਜ਼ਾਮ ਕੀਤੇ ਹਨ। ਉਹ ਆਪਣੇ ਬਚਨ ਬਾਈਬਲ ਵਿਚ ਸਾਨੂੰ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਬੁੱਧ ਦਿੰਦਾ ਹੈ। (ਯਾਕੂਬ 1:2-5) ਬਾਈਬਲ ਦੀ ਚੰਗੀ ਸਲਾਹ ਉੱਤੇ ਚੱਲ ਕੇ ਸਾਡੀ ਰਾਖੀ ਹੁੰਦੀ ਹੈ। ਇਸ ਤੋਂ ਇਲਾਵਾ, ਯਹੋਵਾਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ ਹੈ। (ਲੂਕਾ 11:13) ਇਹ ਆਤਮਾ ਬ੍ਰਹਿਮੰਡ ਵਿਚ ਸਭ ਤੋਂ ਸ਼ਕਤੀਸ਼ਾਲੀ ਤਾਕਤ ਹੈ। ਇਸ ਲਈ ਇਹ ਸਾਨੂੰ ਕਿਸੇ ਵੀ ਅਜ਼ਮਾਇਸ਼ ਜਾਂ ਪਰਤਾਵੇ ਦਾ ਕਾਮਯਾਬੀ ਨਾਲ ਸਾਮ੍ਹਣਾ ਕਰਨ ਲਈ ਤਿਆਰ ਕਰ ਸਕਦੀ ਹੈ। ਮਸੀਹ ਦੇ ਰਾਹੀਂ ਯਹੋਵਾਹ ਸਾਨੂੰ ਮਨੁੱਖਾਂ ਦੇ ਰੂਪ ਵਿਚ “ਦਾਨ” ਦਿੰਦਾ ਹੈ। (ਅਫ਼ਸੀਆਂ 4:8) ਇਹ ਅਧਿਆਤਮਿਕ ਤੌਰ ਤੇ ਕਾਬਲ ਮਨੁੱਖ, ਯਹੋਵਾਹ ਵਾਂਗ ਆਪਣੇ ਭੈਣਾਂ-ਭਰਾਵਾਂ ਨਾਲ ਦਿਲੋਂ ਹਮਦਰਦੀ ਕਰਨ ਦੀ ਕੋਸ਼ਿਸ਼ ਕਰਦੇ ਹਨ।—ਯਾਕੂਬ 5:14, 15.

12, 13. (ੳ) ਯਹੋਵਾਹ ਸਾਨੂੰ ਕਿਹੜੇ ਤਰੀਕਿਆਂ ਨਾਲ ਵੇਲੇ ਸਿਰ ਆਪਣਾ ਅਧਿਆਤਮਿਕ ਭੋਜਨ ਦਿੰਦਾ ਹੈ? (ਅ) ਸਾਡੀ ਅਧਿਆਤਮਿਕ ਭਲਾਈ ਲਈ ਕੀਤੇ ਯਹੋਵਾਹ ਦੇ ਇੰਤਜ਼ਾਮਾਂ ਬਾਰੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ?

12 ਯਹੋਵਾਹ ਸਾਡੀ ਰਾਖੀ ਲਈ ਇਕ ਹੋਰ ਚੀਜ਼ ਦਿੰਦਾ ਹੈ। ਉਹ ਸਾਨੂੰ ਵੇਲੇ ਸਿਰ ਅਧਿਆਤਮਿਕ ਭੋਜਨ ਦਿੰਦਾ ਹੈ। (ਮੱਤੀ 24:45) ਯਹੋਵਾਹ ਸਾਨੂੰ ਇਹ ਭੋਜਨ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਅਤੇ ਦੂਜੇ ਪ੍ਰਕਾਸ਼ਨਾਂ, ਸਭਾਵਾਂ, ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਰਾਹੀਂ ਦਿੰਦਾ ਹੈ। ਉਹ ਇਹ ਭੋਜਨ ਸਾਨੂੰ ਸਾਡੀ ਲੋੜ ਮੁਤਾਬਕ ਅਤੇ ਸਹੀ ਸਮੇਂ ਤੇ ਦਿੰਦਾ ਹੈ। ਕੀ ਤੁਸੀਂ ਕਿਸੇ ਅਜਿਹੇ ਮੌਕੇ ਨੂੰ ਯਾਦ ਕਰ ਸਕਦੇ ਹੋ ਜਦੋਂ ਕਿਸੇ ਸਭਾ ਵਿਚ, ਅਸੈਂਬਲੀ ਜਾਂ ਜ਼ਿਲ੍ਹਾ ਸੰਮੇਲਨ ਵਿਚ ਕੋਈ ਗੱਲ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇ ਅਤੇ ਜਿਸ ਤੋਂ ਤੁਹਾਨੂੰ ਹੌਸਲਾ ਜਾਂ ਦਿਲਾਸਾ ਮਿਲਿਆ ਹੋਵੇ? ਕੀ ਤੁਹਾਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਕੋਈ ਲੇਖ ਪੜ੍ਹ ਕੇ ਕਦੇ ਇੱਦਾਂ ਮਹਿਸੂਸ ਹੋਇਆ ਹੈ ਕਿ ਇਹ ਲੇਖ ਤਾਂ ਸਿਰਫ਼ ਤੁਹਾਡੇ ਲਈ ਹੀ ਲਿਖਿਆ ਗਿਆ ਸੀ?

13 ਸ਼ਤਾਨ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਸਾਨੂੰ ਨਿਰਾਸ਼ ਕਰਨਾ। ਅਸੀਂ ਇਸ ਦੇ ਅਸਰਾਂ ਤੋਂ ਬਚੇ ਹੋਏ ਨਹੀਂ ਹਾਂ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਲੰਬੀ ਦੇਰ ਤਕ ਨਿਰਾਸ਼ ਰਹਿਣ ਨਾਲ ਸਾਡੀ ਤਾਕਤ ਘੱਟ ਸਕਦੀ ਹੈ ਤੇ ਅਸੀਂ ਕਮਜ਼ੋਰ ਹੋ ਸਕਦੇ ਹਾਂ। (ਕਹਾਉਤਾਂ 24:10) ਸ਼ਤਾਨ ਸਾਡੀ ਨਿਰਾਸ਼ਾ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ, ਇਸ ਲਈ ਸਾਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ। ਸਮੇਂ-ਸਮੇਂ ਤੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਅਜਿਹੇ ਲੇਖ ਆਉਂਦੇ ਹਨ ਜੋ ਨਿਰਾਸ਼ਾ ਤੋਂ ਬਚਣ ਵਿਚ ਸਾਡੀ ਮਦਦ ਕਰਦੇ ਹਨ। ਅਜਿਹੇ ਹੀ ਇਕ ਲੇਖ ਬਾਰੇ ਇਕ ਮਸੀਹੀ ਭੈਣ ਨੇ ਲਿਖਿਆ: “ਮੈਂ ਤਕਰੀਬਨ ਹਰ ਰੋਜ਼ ਇਸ ਲੇਖ ਨੂੰ ਪੜ੍ਹਦੀ ਹਾਂ ਤੇ ਹਰ ਵਾਰੀ ਮੇਰੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਮੈਂ ਇਸ ਨੂੰ ਆਪਣੇ ਬੈੱਡ ਦੇ ਨੇੜੇ ਰੱਖਦੀ ਹਾਂ ਤਾਂਕਿ ਨਿਰਾਸ਼ ਹੋਣ ਤੇ ਮੈਂ ਇਸ ਨੂੰ ਪੜ੍ਹ ਸਕਾਂ। ਇਸ ਤਰ੍ਹਾਂ ਦੇ ਲੇਖਾਂ ਨੂੰ ਪੜ੍ਹ ਕੇ ਮੈਨੂੰ ਇੱਦਾਂ ਮਹਿਸੂਸ ਹੁੰਦਾ ਹੈ ਜਿੱਦਾਂ ਯਹੋਵਾਹ ਨੇ ਮੇਰੀ ਰਾਖੀ ਕਰਨ ਲਈ ਮੈਨੂੰ ਆਪਣੀਆਂ ਬਾਹਾਂ ਵਿਚ ਲਿਆ ਹੋਵੇ।” * ਕੀ ਅਸੀਂ ਯਹੋਵਾਹ ਦੇ ਧੰਨਵਾਦੀ ਨਹੀਂ ਹਾਂ ਕਿ ਉਹ ਸਾਨੂੰ ਸਮੇਂ ਸਿਰ ਅਧਿਆਤਮਿਕ ਭੋਜਨ ਦਿੰਦਾ ਹੈ? ਯਾਦ ਰੱਖੋ ਕਿ ਸਾਡੀ ਅਧਿਆਤਮਿਕ ਭਲਾਈ ਲਈ ਕੀਤੇ ਉਸ ਦੇ ਇੰਤਜ਼ਾਮ ਇਸ ਗੱਲ ਦਾ ਸਬੂਤ ਹਨ ਕਿ ਉਹ ਸਾਡੇ ਨੇੜੇ ਹੈ ਅਤੇ ਸਾਡੀ ਰਾਖੀ ਕਰਦਾ ਹੈ।

“ਪ੍ਰਾਰਥਨਾ ਦੇ ਸੁਣਨ ਵਾਲੇ” ਤਕ ਪਹੁੰਚਣਾ

14, 15. (ੳ) ਯਹੋਵਾਹ ਆਪਣੇ ਨੇੜੇ ਰਹਿਣ ਵਾਲਿਆਂ ਨੂੰ ਕਿਹੜਾ ਨਿੱਜੀ ਤੋਹਫ਼ਾ ਦਿੰਦਾ ਹੈ? (ਅ) ਪ੍ਰਾਰਥਨਾ ਵਿਚ ਯਹੋਵਾਹ ਤਕ ਪਹੁੰਚਣ ਦਾ ਸਨਮਾਨ ਇੰਨਾ ਵੱਡਾ ਕਿਉਂ ਹੈ?

14 ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਜਦੋਂ ਇਨਸਾਨਾਂ ਦੇ ਹੱਥ ਵਿਚ ਤਾਕਤ ਅਤੇ ਅਧਿਕਾਰ ਆ ਜਾਂਦਾ ਹੈ, ਤਾਂ ਉਨ੍ਹਾਂ ਕੋਲ ਆਪਣੇ ਤੋਂ ਨੀਵੇਂ ਲੋਕਾਂ ਨੂੰ ਮਿਲਣ ਦਾ ਵਿਹਲ ਹੀ ਨਹੀਂ ਹੁੰਦਾ? ਪਰ ਯਹੋਵਾਹ ਪਰਮੇਸ਼ੁਰ ਬਾਰੇ ਕੀ? ਕੀ ਉਹ ਇੰਨਾ ਦੂਰ ਹੈ ਕਿ ਇਨਸਾਨਾਂ ਦੁਆਰਾ ਕੀਤੀਆਂ ਪ੍ਰਾਰਥਨਾਵਾਂ ਸੁਣਨ ਦਾ ਉਸ ਕੋਲ ਵਿਹਲ ਹੀ ਨਹੀਂ ਹੈ? ਬਿਲਕੁਲ ਨਹੀਂ! ਪ੍ਰਾਰਥਨਾ ਇਕ ਹੋਰ ਤੋਹਫ਼ਾ ਹੈ ਜੋ ਯਹੋਵਾਹ ਆਪਣੇ ਨੇੜੇ ਰਹਿਣ ਵਾਲਿਆਂ ਨੂੰ ਦਿੰਦਾ ਹੈ। “ਪ੍ਰਾਰਥਨਾ ਦੇ ਸੁਣਨ ਵਾਲੇ” ਤਕ ਪਹੁੰਚਣਾ ਸੱਚ-ਮੁੱਚ ਵੱਡਾ ਸਨਮਾਨ ਹੈ। (ਜ਼ਬੂਰਾਂ ਦੀ ਪੋਥੀ 65:2) ਕਿਉਂ?

15 ਇਸ ਮਿਸਾਲ ਉੱਤੇ ਗੌਰ ਕਰੋ: ਇਕ ਵੱਡੀ ਸਾਰੀ ਕੰਪਨੀ ਦੇ ਮੁੱਖ ਅਫ਼ਸਰ ਕੋਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਉਹ ਫ਼ੈਸਲਾ ਕਰਦਾ ਹੈ ਕਿ ਕਿਹੜੀਆਂ ਜ਼ਿੰਮੇਵਾਰੀਆਂ ਉਸ ਨੇ ਆਪ ਨਿਭਾਉਣੀਆਂ ਤੇ ਕਿਹੜੀਆਂ ਦੂਜਿਆਂ ਨੂੰ ਦੇਣੀਆਂ ਹਨ। ਇਸੇ ਤਰ੍ਹਾਂ ਸਾਰੇ ਵਿਸ਼ਵ ਦੇ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਫ਼ੈਸਲਾ ਕੀਤਾ ਹੈ ਕਿ ਕਿਹੜੇ ਮਾਮਲੇ ਉਸ ਨੇ ਆਪ ਸੁਲਝਾਉਣੇ ਹਨ ਤੇ ਕਿਹੜੇ ਦੂਜਿਆਂ ਨੂੰ ਦੇਣੇ ਹਨ। ਜ਼ਰਾ ਉਨ੍ਹਾਂ ਜ਼ਿੰਮੇਵਾਰੀਆਂ ਉੱਤੇ ਗੌਰ ਕਰੋ ਜਿਹੜੀਆਂ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਯਿਸੂ ਨੂੰ ਦਿੱਤੀਆਂ ਹਨ। ਉਸ ਨੇ ਆਪਣੇ ਪੁੱਤਰ ਨੂੰ “ਨਿਆਉਂ ਕਰਨ ਦਾ ਇਖ਼ਤਿਆਰ” ਦਿੱਤਾ ਹੈ। (ਯੂਹੰਨਾ 5:27) ਉਸ ਨੇ ਦੂਤਾਂ ਨੂੰ ਵੀ “ਉਹ ਦੇ ਅਧੀਨ” ਕੀਤਾ ਹੈ। (1 ਪਤਰਸ 3:22) ਯਹੋਵਾਹ ਨੇ ਯਿਸੂ ਨੂੰ ਆਪਣੀ ਸ਼ਕਤੀਸ਼ਾਲੀ ਪਵਿੱਤਰ ਆਤਮਾ ਦਿੱਤੀ ਹੈ ਤਾਂਕਿ ਉਹ ਧਰਤੀ ਉੱਤੇ ਆਪਣੇ ਚੇਲਿਆਂ ਦੀ ਮਦਦ ਕਰ ਸਕੇ। (ਯੂਹੰਨਾ 15:26; 16:7) ਇਸ ਲਈ ਯਿਸੂ ਕਹਿ ਸਕਿਆ: “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।” (ਮੱਤੀ 28:18) ਪਰ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਆਪ ਸੁਣਦਾ ਹੈ। ਇਸੇ ਲਈ ਬਾਈਬਲ ਸਾਨੂੰ ਕਹਿੰਦੀ ਹੈ ਕਿ ਸਿਰਫ਼ ਯਹੋਵਾਹ ਨੂੰ ਪ੍ਰਾਰਥਨਾ ਕਰੋ, ਪਰ ਯਿਸੂ ਦਾ ਨਾਂ ਲੈ ਕੇ ਕਰੋ।—ਜ਼ਬੂਰਾਂ ਦੀ ਪੋਥੀ 69:13; ਯੂਹੰਨਾ 14:6, 13.

16. ਅਸੀਂ ਕਿਉਂ ਭਰੋਸਾ ਕਰ ਸਕਦੇ ਹਾਂ ਕਿ ਯਹੋਵਾਹ ਸੱਚ-ਮੁੱਚ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ?

16 ਕੀ ਯਹੋਵਾਹ ਸੱਚ-ਮੁੱਚ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ? ਜੇ ਉਸ ਨੇ ਨਾ ਸੁਣਨੀਆਂ ਹੁੰਦੀਆਂ, ਤਾਂ ਉਹ ਸਾਨੂੰ ਕਦੇ ਵੀ ਇਹ ਨਾ ਕਹਿੰਦਾ ਕਿ “ਪ੍ਰਾਰਥਨਾ ਲਗਾਤਾਰ ਕਰਦੇ ਰਹੋ” ਜਾਂ ਆਪਣੇ ਬੋਝ ਅਤੇ ਚਿੰਤਾਵਾਂ ਉਸ ਉੱਤੇ ਸੁੱਟ ਦਿਓ। (ਰੋਮੀਆਂ 12:12; ਜ਼ਬੂਰਾਂ ਦੀ ਪੋਥੀ 55:22; 1 ਪਤਰਸ 5:7) ਬਾਈਬਲ ਸਮਿਆਂ ਦੇ ਵਫ਼ਾਦਾਰ ਸੇਵਕਾਂ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਪ੍ਰਾਰਥਨਾਵਾਂ ਸੁਣਦਾ ਹੈ। (1 ਯੂਹੰਨਾ 5:14) ਇਸ ਲਈ ਦਾਊਦ ਨੇ ਕਿਹਾ ਸੀ: “[ਯਹੋਵਾਹ] ਮੇਰੀ ਅਵਾਜ਼ ਸੁਣੇਗਾ।” (ਜ਼ਬੂਰਾਂ ਦੀ ਪੋਥੀ 55:17) ਸਾਡੇ ਕੋਲ ਵੀ ਇਹ ਭਰੋਸਾ ਕਰਨ ਦਾ ਹਰ ਕਾਰਨ ਹੈ ਕਿ ਯਹੋਵਾਹ ਸਾਡੇ ਨੇੜੇ ਹੈ ਅਤੇ ਸਾਡੀਆਂ ਚਿੰਤਾਵਾਂ ਨੂੰ ਸੁਣਨ ਲਈ ਤਿਆਰ ਰਹਿੰਦਾ ਹੈ।

ਯਹੋਵਾਹ ਆਪਣੇ ਸੇਵਕਾਂ ਨੂੰ ਬਰਕਤਾਂ ਦਿੰਦਾ ਹੈ

17, 18. (ੳ) ਯਹੋਵਾਹ ਆਪਣੇ ਬੁੱਧੀਮਾਨ ਸੇਵਕਾਂ ਦੁਆਰਾ ਵਫ਼ਾਦਾਰੀ ਨਾਲ ਕੀਤੀ ਸੇਵਾ ਬਾਰੇ ਕਿਵੇਂ ਮਹਿਸੂਸ ਕਰਦਾ ਹੈ? (ਅ) ਕਹਾਉਤਾਂ 19:17 ਅਨੁਸਾਰ ਸਮਝਾਓ ਕਿ ਜਦੋਂ ਅਸੀਂ ਕਿਸੇ ਉੱਤੇ ਦਇਆ ਕਰਦੇ ਹਾਂ, ਤਾਂ ਇਹ ਯਹੋਵਾਹ ਕੋਲੋਂ ਲੁਕਿਆ ਨਹੀਂ ਰਹਿੰਦਾ।

17 ਇਨਸਾਨ ਦੁਆਰਾ ਕੁਝ ਕਰਨ ਜਾਂ ਨਾ ਕਰਨ ਨਾਲ ਯਹੋਵਾਹ ਦੇ ਇਸ ਅਧਿਕਾਰ ਉੱਤੇ ਕੋਈ ਅਸਰ ਨਹੀਂ ਪੈਂਦਾ ਕਿ ਉਹ ਸਾਰੇ ਬ੍ਰਹਿਮੰਡ ਦਾ ਹਾਕਮ ਹੈ। ਪਰ ਯਹੋਵਾਹ ਅਜਿਹਾ ਪਰਮੇਸ਼ੁਰ ਹੈ ਜੋ ਸਾਡੀ ਕਦਰ ਕਰਦਾ ਹੈ। ਅਸਲ ਵਿਚ ਉਹ ਆਪਣੇ ਬੁੱਧੀਮਾਨ ਸੇਵਕਾਂ ਦੁਆਰਾ ਵਫ਼ਾਦਾਰੀ ਨਾਲ ਕੀਤੀ ਸੇਵਾ ਨੂੰ ਅਨਮੋਲ ਸਮਝਦਾ ਹੈ ਯਾਨੀ ਉਸ ਦੀ ਬੜੀ ਕਦਰ ਕਰਦਾ ਹੈ। (ਜ਼ਬੂਰਾਂ ਦੀ ਪੋਥੀ 147:11) ਇਸ ਤਰ੍ਹਾਂ ਯਹੋਵਾਹ ਦੇ ਨੇੜੇ ਰਹਿਣ ਵਾਲੇ ਇਸ ਫ਼ਾਇਦੇ ਦਾ ਆਨੰਦ ਮਾਣਦੇ ਹਨ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਬਰਕਤਾਂ ਦਿੰਦਾ ਹੈ।—ਇਬਰਾਨੀਆਂ 11:6.

18 ਬਾਈਬਲ ਸਪੱਸ਼ਟ ਦੱਸਦੀ ਹੈ ਕਿ ਯਹੋਵਾਹ ਆਪਣੇ ਸੇਵਕਾਂ ਦੇ ਕੰਮਾਂ ਦੀ ਕਦਰ ਕਰਦਾ ਹੈ। ਮਿਸਾਲ ਲਈ ਅਸੀਂ ਪੜ੍ਹਦੇ ਹਾਂ: “ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।” (ਕਹਾਉਤਾਂ 19:17) ਮੂਸਾ ਦੀ ਬਿਵਸਥਾ ਵਿਚ ਦੱਸਿਆ ਗਿਆ ਸੀ ਕਿ ਯਹੋਵਾਹ ਗ਼ਰੀਬਾਂ ਦੀ ਕਿੰਨੀ ਚਿੰਤਾ ਤੇ ਉਨ੍ਹਾਂ ਉੱਤੇ ਦਇਆ ਕਰਦਾ ਹੈ। (ਲੇਵੀਆਂ 14:21; 19:15) ਯਹੋਵਾਹ ਉਦੋਂ ਕਿਵੇਂ ਮਹਿਸੂਸ ਕਰਦਾ ਹੈ ਜਦੋਂ ਅਸੀਂ ਉਸ ਦੀ ਮਿਸਾਲ ਉੱਤੇ ਚੱਲ ਕੇ ਗ਼ਰੀਬਾਂ ਉੱਤੇ ਦਇਆ ਕਰਦੇ ਹਾਂ? ਜਦੋਂ ਅਸੀਂ ਗ਼ਰੀਬ ਨੂੰ ਕੁਝ ਦਿੰਦੇ ਹਾਂ ਅਤੇ ਬਦਲੇ ਵਿਚ ਉਸ ਕੋਲੋਂ ਕੁਝ ਲੈਣ ਦੀ ਉਮੀਦ ਨਹੀਂ ਰੱਖਦੇ, ਤਾਂ ਇਸ ਤਰ੍ਹਾਂ ਕਰਨ ਨਾਲ ਅਸੀਂ ਯਹੋਵਾਹ ਨੂੰ ਉਧਾਰ ਦਿੰਦੇ ਹਾਂ। ਯਹੋਵਾਹ ਉਸ ਉਧਾਰ ਨੂੰ ਕਿਰਪਾ ਤੇ ਅਸੀਸ ਸਹਿਤ ਵਾਪਸ ਕਰਨ ਦਾ ਵਾਅਦਾ ਕਰਦਾ ਹੈ। (ਕਹਾਉਤਾਂ 10:22; ਮੱਤੀ 6:3, 4; ਲੂਕਾ 14:12-14) ਜੀ ਹਾਂ, ਜਦੋਂ ਅਸੀਂ ਆਪਣੇ ਲੋੜਵੰਦ ਭੈਣਾਂ-ਭਰਾਵਾਂ ਉੱਤੇ ਦਇਆ ਕਰਦੇ ਹਾਂ, ਤਾਂ ਯਹੋਵਾਹ ਦਾ ਦਿਲ ਖ਼ੁਸ਼ ਹੋ ਜਾਂਦਾ ਹੈ। ਇਹ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਜਦੋਂ ਵੀ ਅਸੀਂ ਕਿਸੇ ਉੱਤੇ ਦਇਆ ਕਰਦੇ ਹਾਂ, ਤਾਂ ਉਹ ਕੰਮ ਸਾਡੇ ਸਵਰਗੀ ਪਿਤਾ ਕੋਲੋਂ ਲੁਕਿਆ ਨਹੀਂ ਰਹਿੰਦਾ!—ਮੱਤੀ 5:7.

19. (ੳ) ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਅਸੀਂ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਲਈ ਜੋ ਵੀ ਕਰਦੇ ਹਾਂ, ਯਹੋਵਾਹ ਉਸ ਦੀ ਬੜੀ ਕਦਰ ਕਰਦਾ ਹੈ? (ਅ) ਯਹੋਵਾਹ ਸਾਨੂੰ ਉਨ੍ਹਾਂ ਕੰਮਾਂ ਲਈ ਬਰਕਤ ਕਿਵੇਂ ਦਿੰਦਾ ਹੈ ਜਿਹੜੇ ਅਸੀਂ ਉਸ ਦੇ ਰਾਜ ਲਈ ਕਰਦੇ ਹਾਂ?

19 ਅਸੀਂ ਯਹੋਵਾਹ ਦੇ ਰਾਜ ਲਈ ਜੋ ਕੁਝ ਵੀ ਕਰਦੇ ਹਾਂ, ਯਹੋਵਾਹ ਉਸ ਦੀ ਬੜੀ ਕਦਰ ਕਰਦਾ ਹੈ। ਜਦੋਂ ਅਸੀਂ ਯਹੋਵਾਹ ਦੇ ਨੇੜੇ ਰਹਿੰਦੇ ਹਾਂ, ਤਾਂ ਅਸੀਂ ਆਪਣੇ ਆਪ ਹੀ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ, ਤਾਕਤ ਅਤੇ ਧਨ-ਦੌਲਤ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਵਿਚ ਲਾਉਣ ਲਈ ਪ੍ਰੇਰਿਤ ਹੁੰਦੇ ਹਾਂ। (ਮੱਤੀ 28:19, 20) ਕਦੀ-ਕਦੀ ਸਾਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਉੱਨਾ ਨਹੀਂ ਕਰਦੇ ਜਿੰਨਾ ਸਾਨੂੰ ਕਰਨਾ ਚਾਹੀਦਾ ਹੈ। ਅਪੂਰਣ ਹੋਣ ਕਰਕੇ ਅਸੀਂ ਇਹ ਵੀ ਸੋਚਣ ਲੱਗ ਪੈਂਦੇ ਹਾਂ ਕਿ ਪਤਾ ਨਹੀਂ ਯਹੋਵਾਹ ਸਾਡੀ ਸੇਵਾ ਤੋਂ ਖ਼ੁਸ਼ ਹੈ ਕਿ ਨਹੀਂ। (1 ਯੂਹੰਨਾ 3:19, 20) ਪਰ ਯਹੋਵਾਹ ਪਿਆਰ ਨਾਲ ਦਿਲੋਂ ਦਿੱਤੇ ਸਾਡੇ ਹਰ ਤੋਹਫ਼ੇ ਦੀ ਬੜੀ ਕਦਰ ਕਰਦਾ ਹੈ, ਭਾਵੇਂ ਇਹ ਕਿੰਨਾ ਹੀ ਛੋਟਾ ਕਿਉਂ ਨਾ ਹੋਵੇ। (ਮਰਕੁਸ 12:41-44) ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।” (ਇਬਰਾਨੀਆਂ 6:10) ਦਰਅਸਲ, ਯਹੋਵਾਹ ਸੇਵਾ ਦੇ ਹਰ ਛੋਟੇ-ਮੋਟੇ ਕੰਮ ਨੂੰ ਯਾਦ ਰੱਖਦਾ ਹੈ ਜੋ ਅਸੀਂ ਉਸ ਦੇ ਰਾਜ ਲਈ ਕਰਦੇ ਹਾਂ। ਹੁਣ ਅਧਿਆਤਮਿਕ ਬਰਕਤਾਂ ਦਾ ਆਨੰਦ ਮਾਣਨ ਤੋਂ ਇਲਾਵਾ, ਅਸੀਂ ਨਵੀਂ ਦੁਨੀਆਂ ਵਿਚ ਮਿਲਣ ਵਾਲੀਆਂ ਖ਼ੁਸ਼ੀਆਂ ਦੀ ਉਮੀਦ ਰੱਖ ਸਕਦੇ ਹਾਂ। ਉਸ ਵੇਲੇ ਯਹੋਵਾਹ ਆਪਣੀ ਮੁੱਠੀ ਖੋਲ੍ਹੇਗਾ ਤੇ ਆਪਣੇ ਨੇੜੇ ਰਹਿਣ ਵਾਲਿਆਂ ਦੀ ਹਰ ਇੱਛਾ ਪੂਰੀ ਕਰੇਗਾ!—ਜ਼ਬੂਰਾਂ ਦੀ ਪੋਥੀ 145:16; 2 ਪਤਰਸ 3:13.

20. ਸਾਲ 2003 ਦੌਰਾਨ, ਅਸੀਂ ਆਪਣੇ ਵਰ੍ਹੇ-ਪਾਠ ਦੇ ਸ਼ਬਦ ਕਿਵੇਂ ਚੇਤੇ ਰੱਖ ਸਕਦੇ ਹਾਂ ਅਤੇ ਇਸ ਦਾ ਕੀ ਨਤੀਜਾ ਨਿਕਲੇਗਾ?

20 ਸਾਲ 2003 ਦੌਰਾਨ, ਆਓ ਆਪਾਂ ਆਪਣੀ ਜਾਂਚ ਕਰੀਏ ਕਿ ਅਸੀਂ ਆਪਣੇ ਸਵਰਗੀ ਪਿਤਾ ਦੇ ਨੇੜੇ ਰਹਿਣ ਲਈ ਲਗਾਤਾਰ ਕੋਸ਼ਿਸ਼ ਕਰਦੇ ਹਾਂ ਕਿ ਨਹੀਂ। ਜੇ ਅਸੀਂ ਕਰਦੇ ਹਾਂ, ਤਾਂ ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਵੀ ਉਹੀ ਕਰੇਗਾ ਜਿਸ ਦਾ ਉਸ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿਉਂਕਿ ਉਹ “ਝੂਠ ਬੋਲ ਨਹੀਂ ਸੱਕਦਾ।” (ਤੀਤੁਸ 1:2) ਜੇ ਤੁਸੀਂ ਪਰਮੇਸ਼ੁਰ ਦੇ ਨੇੜੇ ਜਾਂਦੇ ਹੋ, ਤਾਂ ਉਹ ਵੀ ਤੁਹਾਡੇ ਨੇੜੇ ਆਵੇਗਾ। (ਯਾਕੂਬ 4:8) ਇਸ ਦਾ ਨਤੀਜਾ ਕੀ ਨਿਕਲੇਗਾ? ਸਾਨੂੰ ਹੁਣ ਵੀ ਬਰਕਤਾਂ ਮਿਲਣਗੀਆਂ ਅਤੇ ਭਵਿੱਖ ਵਿਚ ਅਸੀਂ ਹਮੇਸ਼ਾ-ਹਮੇਸ਼ਾ ਵਾਸਤੇ ਯਹੋਵਾਹ ਦੇ ਨੇੜੇ ਰਹਾਂਗੇ!

[ਫੁਟਨੋਟ]

^ ਪੈਰਾ 13 ਇਸ ਭੈਣ ਨੇ 1 ਮਈ 2000 ਦੇ ਪਹਿਰਾਬੁਰਜ ਦੇ ਸਫ਼ੇ 28-31 ਉੱਤੇ ਲੇਖ “ਯਹੋਵਾਹ ਸਾਡੇ ਮਨ ਨਾਲੋਂ ਵੱਡਾ ਹੈ” ਪੜ੍ਹ ਕੇ ਇਹ ਖਤ ਲਿਖਿਆ ਸੀ।

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਆਪਣੇ ਨੇੜੇ ਰਹਿਣ ਵਾਲਿਆਂ ਨੂੰ ਕਿਹੜਾ ਤੋਹਫ਼ਾ ਦਿੰਦਾ ਹੈ?

• ਆਪਣੇ ਲੋਕਾਂ ਦੀ ਅਧਿਆਤਮਿਕ ਰਾਖੀ ਲਈ ਯਹੋਵਾਹ ਕਿਹੜੇ ਇੰਤਜ਼ਾਮ ਕਰਦਾ ਹੈ?

• ਪ੍ਰਾਰਥਨਾ ਵਿਚ ਯਹੋਵਾਹ ਤਕ ਪਹੁੰਚਣ ਦਾ ਸਨਮਾਨ ਇੰਨਾ ਵੱਡਾ ਕਿਉਂ ਹੈ?

• ਬਾਈਬਲ ਕਿਵੇਂ ਦਿਖਾਉਂਦੀ ਹੈ ਕਿ ਯਹੋਵਾਹ ਆਪਣੇ ਬੁੱਧੀਮਾਨ ਸੇਵਕਾਂ ਦੁਆਰਾ ਵਫ਼ਾਦਾਰੀ ਨਾਲ ਕੀਤੀ ਸੇਵਾ ਦੀ ਕਦਰ ਕਰਦਾ ਹੈ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਯਹੋਵਾਹ ਨੇ ਸਾਨੂੰ ਅਧਿਆਤਮਿਕ ਸੱਚਾਈਆਂ ਦੀ ਸਮਝ ਦਿੱਤੀ ਹੈ

[ਸਫ਼ੇ 16, 17 ਉੱਤੇ ਤਸਵੀਰਾਂ]

ਯਹੋਵਾਹ ਸਾਡੀ ਅਧਿਆਤਮਿਕ ਤੌਰ ਤੇ ਰਾਖੀ ਕਰਦਾ ਹੈ

[ਸਫ਼ੇ 18 ਉੱਤੇ ਤਸਵੀਰ]

ਯਹੋਵਾਹ ਸਾਡੇ ਨੇੜੇ ਹੈ ਅਤੇ ਸਾਡੀ ਹਰ ਪ੍ਰਾਰਥਨਾ ਸੁਣਨ ਲਈ ਤਿਆਰ ਰਹਿੰਦਾ ਹੈ