Skip to content

Skip to table of contents

ਪਰਿਵਾਰ ਵਿਚ ਆਪਣੇ ਪਿਆਰ ਦਾ ਇਜ਼ਹਾਰ ਕਰੋ

ਪਰਿਵਾਰ ਵਿਚ ਆਪਣੇ ਪਿਆਰ ਦਾ ਇਜ਼ਹਾਰ ਕਰੋ

ਪਰਿਵਾਰ ਵਿਚ ਆਪਣੇ ਪਿਆਰ ਦਾ ਇਜ਼ਹਾਰ ਕਰੋ

ਟੋਰੂ ਨੇ ਆਪਣੀ ਪਤਨੀ ਯੋਕੋ ਨੂੰ ਕਿਹਾ: “ਜਾਲ ਕੇ ਦੇਖ, ਜਾਲ ਕੇ ਦੇਖ ਜ਼ਰਾ! ਮੈਂ ਕਿਹਾ ਜਾਲ ਕੇ ਦੇਖ!” * ਯੋਕੋ ਨੇ ਮੂੰਹ ਤੋੜ ਜਵਾਬ ਦਿੱਤਾ: “ਮੈਂ ਹੁਣੇ ਜਲਾ ਕੇ ਦਿਖਾਉਂਦੀ ਆਂ।” ਉਸ ਨੇ ਤੀਲ ਬਾਲ਼ ਕੇ ਆਪਣੀ ਦੋਹਾਂ ਦੀ ਤਸਵੀਰ ਨੂੰ ਅੱਗ ਲਾ ਦਿੱਤੀ। ਫਿਰ ਉਹ ਕੜਕ ਕੇ ਬੋਲੀ, “ਮੈਂ ਘਰ ਨੂੰ ਵੀ ਅੱਗ ਲਾ ਦੇਵਾਂਗੀ!” ਟੋਰੂ ਨੇ ਆਪਣੀ ਘਰ ਵਾਲੀ ਦੇ ਵੱਟ ਕੇ ਚਪੇੜ ਮਾਰੀ ਤੇ ਲੜਾਈ-ਝਗੜਾ ਬੰਦ ਹੋ ਗਿਆ।

ਤਿੰਨ ਸਾਲ ਪਹਿਲਾਂ ਜਦੋਂ ਟੋਰੂ ਤੇ ਯੋਕੋ ਦਾ ਵਿਆਹ ਹੋਇਆ ਸੀ, ਤਾਂ ਉਹ ਬੜੇ ਖ਼ੁਸ਼ ਸਨ। ਉਸ ਤੋਂ ਬਾਅਦ ਕੀ ਹੋਇਆ? ਭਾਵੇਂ ਟੋਰੂ ਦੇਖਣ ਨੂੰ ਖ਼ੁਸ਼-ਮਿਜ਼ਾਜ ਬੰਦਾ ਲੱਗਦਾ ਸੀ, ਪਰ ਉਸ ਦੀ ਪਤਨੀ ਸ਼ਿਕਾਇਤ ਕਰਦੀ ਸੀ ਕਿ ਉਹ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰਦਾ ਸੀ ਤੇ ਨਾ ਹੀ ਉਹ ਉਸ ਦੀ ਪਰਵਾਹ ਕਰਦਾ ਸੀ। ਜਦੋਂ ਯੋਕੋ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਸੀ, ਤਾਂ ਟੋਰੂ ਉੱਤੇ ਇਸ ਦਾ ਕੋਈ ਅਸਰ ਨਹੀਂ ਸੀ ਪੈਂਦਾ। ਯੋਕੋ ਨੂੰ ਇਹ ਬੁਰਾ ਲੱਗਾ ਤੇ ਉਹ ਬਹੁਤ ਗੁੱਸੇ ਹੋ ਗਈ। ਉਹ ਰਾਤ ਨੂੰ ਸੌਂ ਨਹੀਂ ਸਕਦੀ ਸੀ, ਪਰੇਸ਼ਾਨ ਰਹਿੰਦੀ ਸੀ, ਉਸ ਦੀ ਭੁੱਖ ਮਰ ਗਈ ਸੀ ਤੇ ਉਹ ਬੜੀ ਖਿਝੀ-ਖਿਝੀ ਰਹਿੰਦੀ ਸੀ। ਇਸ ਤੋਂ ਇਲਾਵਾ, ਉਹ ਉਦਾਸ ਰਹਿੰਦੀ ਸੀ ਅਤੇ ਝੱਟ ਡਰ ਜਾਂਦੀ ਸੀ। ਇਸ ਦੇ ਬਾਵਜੂਦ ਟੋਰੂ ਨੂੰ ਕੋਈ ਫ਼ਿਕਰ ਨਹੀਂ ਸੀ। ਉਸ ਨੂੰ ਆਪਣੇ ਘਰ ਦਾ ਮਾਹੌਲ ਠੀਕ ਹੀ ਲੱਗਦਾ ਸੀ।

ਅਸੀਂ ‘ਭੈੜੇ ਸਮਿਆਂ’ ਵਿਚ ਰਹਿੰਦੇ ਹਾਂ

ਅੱਜ-ਕੱਲ੍ਹ ਅਜਿਹੀਆਂ ਮੁਸ਼ਕਲਾਂ ਆਮ ਹਨ। ਪੌਲੁਸ ਰਸੂਲ ਨੇ ਪਹਿਲਾਂ ਹੀ ਦੱਸਿਆ ਸੀ ਕਿ ਸਾਡੇ ਜ਼ਮਾਨੇ ਵਿਚ ਲੋਕ “ਨਿਰਮੋਹ” ਹੋਣਗੇ। (ਟੇਢੇ ਟਾਈਪ ਸਾਡੇ।) (2 ਤਿਮੋਥਿਉਸ 3:1-5) ਇੱਥੇ ਯੂਨਾਨੀ ਭਾਸ਼ਾ ਵਿਚ “ਨਿਰਮੋਹ” ਤਰਜਮਾ ਕੀਤਾ ਗਿਆ ਸ਼ਬਦ ਪਰਿਵਾਰ ਦੇ ਜੀਆਂ ਵਿਚਕਾਰ ਕੁਦਰਤੀ ਪਿਆਰ ਨਾਲ ਸੰਬੰਧ ਰੱਖਦਾ ਹੈ। ਆਪਣੇ ਜ਼ਮਾਨੇ ਵਿਚ ਅਸੀਂ ਇਸ ਦਾ ਕਾਫ਼ੀ ਸਬੂਤ ਦੇਖਿਆ ਹੈ ਕਿ ਪਰਿਵਾਰਾਂ ਵਿਚ ਪਿਆਰ ਨਹੀਂ ਰਿਹਾ ਹੈ। ਜੇ ਪਿਆਰ ਹੈ ਵੀ, ਤਾਂ ਪਰਿਵਾਰ ਦੇ ਜੀਅ ਬਹੁਤ ਘੱਟ ਇਸ ਦਾ ਇਜ਼ਹਾਰ ਕਰਦੇ ਹਨ।

ਅੱਜ-ਕੱਲ੍ਹ ਕਈ ਮਾਪੇ ਆਪਣੇ ਬੱਚਿਆਂ ਨਾਲ ਪਿਆਰ ਕਰਨਾ ਨਹੀਂ ਜਾਣਦੇ। ਕਈ ਬੱਚੇ ਅਜਿਹੇ ਪਰਿਵਾਰ ਵਿਚ ਵੱਡੇ ਹੋਏ ਹਨ ਜਿੱਥੇ ਉਨ੍ਹਾਂ ਨੂੰ ਪਿਆਰ ਨਹੀਂ ਮਿਲਿਆ। ਕਾਸ਼ ਉਹ ਇਹ ਜਾਣਦੇ ਕਿ ਪਿਆਰ ਦਾ ਇਜ਼ਹਾਰ ਕਰਨ ਨਾਲ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਆ ਜਾਂਦੀ ਹੈ! ਟੋਰੂ ਦੀ ਕਹਾਣੀ ਵੱਲ ਧਿਆਨ ਦਿਓ। ਉਸ ਦੇ ਬਚਪਨ ਦੌਰਾਨ ਉਸ ਦਾ ਪਿਤਾ ਹਮੇਸ਼ਾ ਆਪਣੇ ਕੰਮ ਵਿਚ ਰੁੱਝਾ ਰਹਿੰਦਾ ਸੀ ਤੇ ਉਹ ਰਾਤ ਨੂੰ ਦੇਰ ਨਾਲ ਘਰ ਆਉਂਦਾ ਹੁੰਦਾ ਸੀ। ਉਹ ਟੋਰੂ ਨਾਲ ਬਹੁਤ ਘੱਟ ਗੱਲਬਾਤ ਕਰਦਾ ਸੀ ਅਤੇ ਜਦੋਂ ਉਹ ਕਰਦਾ ਵੀ ਸੀ, ਤਾਂ ਉਹ ਗਾਲਾਂ ਕੱਢਦਾ ਸੀ। ਟੋਰੂ ਦੀ ਮਾਂ ਵੀ ਨੌਕਰੀ ਕਰਦੀ ਸੀ ਜਿਸ ਕਰਕੇ ਉਸ ਨੇ ਵੀ ਆਪਣੇ ਪੁੱਤਰ ਨਾਲ ਬਹੁਤਾ ਸਮਾਂ ਨਹੀਂ ਗੁਜ਼ਾਰਿਆ। ਬੱਸ ਟੈਲੀਵਿਯਨ ਹੀ ਟੋਰੂ ਦਾ ਸਾਥੀ ਸੀ। ਇਸ ਪਰਿਵਾਰ ਵਿਚ ਨਾ ਕੋਈ ਗੱਲਬਾਤ ਹੁੰਦੀ ਸੀ ਤੇ ਨਾ ਹੀ ਕੋਈ ਸ਼ਾਬਾਸ਼ ਦਿੱਤੀ ਜਾਂਦੀ ਸੀ।

ਇਸ ਵਿਸ਼ੇ ਉੱਤੇ ਸਭਿਆਚਾਰ ਦਾ ਵੀ ਅਸਰ ਪੈਂਦਾ ਹੈ। ਲਾਤੀਨੀ ਅਮਰੀਕਾ ਦੀਆਂ ਕਈ ਥਾਵਾਂ ਤੇ ਜੇ ਕੋਈ ਪਤੀ ਆਪਣੀ ਪਤਨੀ ਲਈ ਪਿਆਰ ਦਾ ਇਜ਼ਹਾਰ ਕਰਦਾ ਹੈ, ਤਾਂ ਇਹ ਉੱਥੇ ਦੇ ਸਭਿਆਚਾਰ ਦੇ ਖ਼ਿਲਾਫ਼ ਸਮਝਿਆ ਜਾਂਦਾ ਹੈ। ਕਈ ਪੂਰਬੀ ਤੇ ਅਫ਼ਰੀਕੀ ਦੇਸ਼ਾਂ ਵਿਚ ਵੀ ਇਹ ਰੀਤ ਨਹੀਂ ਹੈ ਕਿ ਲੋਕ ਆਪਣੀ ਕਹਿਣੀ ਜਾਂ ਕਰਨੀ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰਨ। ਕਈਆਂ ਪਤੀਆਂ ਲਈ ਇਹ ਬਹੁਤ ਔਖਾ ਹੈ ਕਿ ਉਹ ਆਪਣੀਆਂ ਪਤਨੀਆਂ ਜਾਂ ਬੱਚਿਆਂ ਨੂੰ ਕਹਿਣ ਕਿ “ਮੈਂ ਤੈਨੂੰ ਪਿਆਰ ਕਰਦਾ ਹਾਂ।” ਫਿਰ ਵੀ, ਅਸੀਂ ਪਿਆਰ ਦੇ ਇਕ ਪੁਰਾਣੇ ਰਿਸ਼ਤੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।

ਇਕ ਪਰਿਵਾਰ ਦੀ ਮਿਸਾਲ

ਪਰਿਵਾਰਾਂ ਲਈ ਸਭ ਤੋਂ ਵਧੀਆ ਮਿਸਾਲ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਇਕਲੌਤੇ ਪੁੱਤਰ ਦੀ ਹੈ। ਉਹ ਇਕ-ਦੂਜੇ ਲਈ ਆਪਣਾ ਗਹਿਰਾ ਪਿਆਰ ਜ਼ਾਹਰ ਕਰਦੇ ਹਨ। ਹਜ਼ਾਰਾਂ ਹੀ ਸਾਲਾਂ ਦੌਰਾਨ ਉਸ ਦੂਤ ਦਾ ਆਪਣੇ ਪਿਤਾ ਨਾਲ ਇਕ ਚੰਗਾ ਰਿਸ਼ਤਾ ਸੀ ਜੋ ਬਾਅਦ ਵਿਚ ਯਿਸੂ ਮਸੀਹ ਬਣਿਆ। ਪੁੱਤਰ ਨੂੰ ਆਪਣੇ ਪਿਤਾ ਦੇ ਪਿਆਰ ਦਾ ਪੂਰਾ ਭਰੋਸਾ ਸੀ। ਇਸ ਲਈ ਉਹ ਦੂਜਿਆਂ ਨੂੰ ਦੱਸ ਸਕਿਆ ਕਿ ਯਹੋਵਾਹ ਉਸ ਨਾਲ ਤੇਹ ਕਰਦਾ ਸੀ। ਉਹ ਆਪਣੇ ਪਿਤਾ ਅੱਗੇ ਹਮੇਸ਼ਾ ਖ਼ੁਸ਼ ਰਹਿੰਦਾ ਸੀ।

ਜਦੋਂ ਯਿਸੂ ਧਰਤੀ ਉੱਤੇ ਇਕ ਇਨਸਾਨ ਦੇ ਰੂਪ ਵਿਚ ਸੀ, ਤਾਂ ਉਸ ਨੂੰ ਆਪਣੇ ਪਿਤਾ ਦੇ ਪਿਆਰ ਦਾ ਸਬੂਤ ਮਿਲਿਆ। ਯਿਸੂ ਦੇ ਬਪਤਿਸਮੇ ਤੋਂ ਬਾਅਦ ਉਸ ਨੇ ਆਪਣੇ ਪਿਤਾ ਦੀ ਆਵਾਜ਼ ਸੁਣੀ ਕਿ “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:17) ਧਰਤੀ ਉੱਤੇ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਸੁਣ ਕੇ ਯਿਸੂ ਨੂੰ ਕਿੰਨਾ ਹੌਸਲਾ ਮਿਲਿਆ ਹੋਵੇਗਾ! ਇਸੇ ਸਮੇਂ ਯਿਸੂ ਨੂੰ ਆਪਣੇ ਸਵਰਗੀ ਜੀਵਨ ਬਾਰੇ ਸਭ ਕੁਝ ਯਾਦ ਆ ਗਿਆ ਸੀ। ਆਪਣੇ ਪਿਤਾ ਦੀ ਮਨਜ਼ੂਰੀ ਸੁਣ ਕੇ ਯਿਸੂ ਦਾ ਦਿਲ ਖ਼ੁਸ਼ੀ ਨਾਲ ਝੂਮ ਉੱਠਿਆ ਹੋਵੇਗਾ।

ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਪਰਿਵਾਰ ਨਾਲ ਆਪਣੇ ਗੂੜ੍ਹੇ ਪਿਆਰ ਦਾ ਇਜ਼ਹਾਰ ਕਰਦਾ ਹੈ। ਜੇ ਅਸੀਂ ਯਿਸੂ ਮਸੀਹ ਨੂੰ ਸਵੀਕਾਰ ਕਰੀਏ, ਤਾਂ ਯਹੋਵਾਹ ਸਾਨੂੰ ਵੀ ਪਿਆਰ ਕਰੇਗਾ। (ਯੂਹੰਨਾ 16:27) ਭਾਵੇਂ ਕਿ ਅਸੀਂ ਸਵਰਗ ਤੋਂ ਕੋਈ ਆਵਾਜ਼ ਨਹੀਂ ਸੁਣਦੇ, ਪਰ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਨੇ ਕੁਦਰਤ ਰਾਹੀਂ, ਯਿਸੂ ਦੇ ਬਲੀਦਾਨ ਰਾਹੀਂ ਅਤੇ ਹੋਰਨਾਂ ਤਰੀਕਿਆਂ ਨਾਲ ਸਾਡੇ ਲਈ ਆਪਣਾ ਪਿਆਰ ਜ਼ਾਹਰ ਕੀਤਾ ਹੈ। (1 ਯੂਹੰਨਾ 4:9, 10) ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਵੀ ਸੁਣਦਾ ਹੈ ਅਤੇ ਸਾਡੀ ਭਲਿਆਈ ਨੂੰ ਮਨ ਵਿਚ ਰੱਖਦੇ ਹੋਏ ਉਨ੍ਹਾਂ ਦੇ ਜਵਾਬ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 145:18; ਯਸਾਯਾਹ 48:17) ਜਿਉਂ-ਜਿਉਂ ਯਹੋਵਾਹ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਜਾਵੇਗਾ, ਅਸੀਂ ਉਸ ਦੇ ਪਿਆਰ ਦੀ ਜ਼ਿਆਦਾ ਕਦਰ ਕਰਾਂਗੇ।

ਯਿਸੂ ਨੇ ਆਪਣੇ ਪਿਤਾ ਤੋਂ ਦੂਸਰਿਆਂ ਨਾਲ ਹਮਦਰਦੀ ਕਰਨੀ, ਉਨ੍ਹਾਂ ਉੱਤੇ ਮਿਹਰ ਕਰਨੀ ਤੇ ਉਨ੍ਹਾਂ ਦਾ ਧਿਆਨ ਰੱਖਣਾ ਸਿੱਖਿਆ ਸੀ। ਉਸ ਨੇ ਕਿਹਾ: “ਪੁੱਤ੍ਰ ਆਪ ਤੋਂ ਕੁਝ ਨਹੀਂ ਕਰ ਸੱਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ ਕਿਉਂਕਿ ਜੋ ਕੰਮ ਉਹ ਕਰਦਾ ਹੈ ਸੋ ਪੁੱਤ੍ਰ ਵੀ ਓਵੇਂ ਹੀ ਕਰਦਾ ਹੈ। ਪਿਤਾ ਤਾਂ ਪੁੱਤ੍ਰ ਨਾਲ ਤੇਹ ਕਰਦਾ ਹੈ ਅਤੇ ਜੋ ਕੰਮ ਉਹ ਆਪ ਕਰਦਾ ਹੈ ਸੋ ਸਭ ਉਸ ਨੂੰ ਵਿਖਾਲਦਾ ਹੈ।” (ਯੂਹੰਨਾ 5:19, 20) ਧਰਤੀ ਉੱਤੇ ਯਿਸੂ ਨੇ ਜੋ ਮਿਸਾਲ ਕਾਇਮ ਕੀਤੀ ਸੀ, ਉਸ ਦਾ ਅਧਿਐਨ ਕਰ ਕੇ ਅਸੀਂ ਪਿਆਰ ਜ਼ਾਹਰ ਕਰਨ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ।—ਫ਼ਿਲਿੱਪੀਆਂ 1:8.

ਪਰਿਵਾਰ ਨਾਲ ਪਿਆਰ ਕਿਵੇਂ ਜ਼ਾਹਰ ਕੀਤਾ ਜਾ ਸਕਦਾ ਹੈ?

“ਪਰਮੇਸ਼ੁਰ ਪ੍ਰੇਮ ਹੈ” ਅਤੇ ਅਸੀਂ ਉਸ ਦੇ “ਸਰੂਪ ਉੱਤੇ” ਬਣਾਏ ਗਏ ਹਾਂ, ਇਸ ਲਈ ਸਾਡੇ ਅੰਦਰ ਪਿਆਰ ਮਹਿਸੂਸ ਕਰਨ ਤੇ ਆਪਣਾ ਪਿਆਰ ਜ਼ਾਹਰ ਕਰਨ ਦੀ ਯੋਗਤਾ ਹੈ। (1 ਯੂਹੰਨਾ 4:8; ਉਤਪਤ 1:26, 27) ਭਾਵੇਂ ਕਿ ਸਾਡੇ ਕੋਲ ਇਹ ਯੋਗਤਾ ਹੈ, ਪਰ ਇਹ ਆਪਣੇ ਆਪ ਹੀ ਕੰਮ ਨਹੀਂ ਕਰਦੀ। ਪਿਆਰ ਜ਼ਾਹਰ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਸਾਥੀ ਅਤੇ ਬੱਚਿਆਂ ਨਾਲ ਪਿਆਰ ਕਰਨ ਦੀ ਲੋੜ ਹੈ। ਧਿਆਨ ਨਾਲ ਦੇਖੋ ਕਿ ਉਨ੍ਹਾਂ ਵਿਚ ਕਿਹੜੇ-ਕਿਹੜੇ ਚੰਗੇ ਗੁਣ ਜਾਂ ਚੰਗੀਆਂ ਗੱਲਾਂ ਹਨ। ਭਾਵੇਂ ਇਸ ਤਰ੍ਹਾਂ ਲੱਗੇ ਕਿ ਇਹ ਤਾਂ ਸਿਰਫ਼ ਨਿੱਕੀਆਂ-ਨਿੱਕੀਆਂ ਗੱਲਾਂ ਹਨ, ਪਰ ਇਨ੍ਹਾਂ ਉੱਤੇ ਸੋਚ-ਵਿਚਾਰ ਕਰੋ। ਤੁਸੀਂ ਸ਼ਾਇਦ ਕਹੋ ਕਿ ‘ਮੇਰੇ ਪਤੀ [ਪਤਨੀ ਜਾਂ ਬੱਚਿਆਂ] ਵਿਚ ਤਾਂ ਕੋਈ ਚੰਗਾ ਗੁਣ ਹੈ ਹੀ ਨਹੀਂ।’ ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਲਈ ਵਿਆਹੁਤਾ ਸਾਥੀ ਆਪ ਚੁਣੇ ਹਨ, ਉਹ ਬੱਚੇ ਸ਼ਾਇਦ ਪਹਿਲਾਂ-ਪਹਿਲਾਂ ਆਪਣੇ ਪਤੀ ਜਾਂ ਪਤਨੀ ਨਾਲ ਪਿਆਰ ਕਰਦੇ ਹੀ ਨਹੀਂ ਸਨ। ਕੁਝ ਲੋਕ ਸ਼ਾਇਦ ਇਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਹੋਣ। ਫਿਰ ਵੀ, ਧਿਆਨ ਦਿਓ ਕਿ ਦਸਵੀਂ ਸਦੀ ਸਾ.ਯੁ.ਪੂ. ਵਿਚ ਯਹੋਵਾਹ ਇਸਰਾਏਲ ਦੀ ਕੌਮ ਬਾਰੇ ਕਿਵੇਂ ਮਹਿਸੂਸ ਕਰਦਾ ਸੀ ਜਿਸ ਨੂੰ ਇਕ ਤਰ੍ਹਾਂ ਨਾਲ ਉਹ ਆਪਣੀ ਪਤਨੀ ਸਮਝਦਾ ਸੀ। ਜਦੋਂ ਨਬੀ ਏਲੀਯਾਹ ਦੇ ਅਨੁਸਾਰ ਇਸਰਾਏਲ ਦੀ ਦਸ-ਗੋਤੀ ਕੌਮ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਸੀ, ਤਾਂ ਯਹੋਵਾਹ ਨੇ ਬੜੇ ਧਿਆਨ ਨਾਲ ਦੇਖ ਕੇ 7,000 ਲੋਕ ਲੱਭੇ ਜੋ ਉਸ ਦੀ ਨਿਗਾਹ ਵਿਚ ਚੰਗੇ ਸਨ। ਕੀ ਤੁਸੀਂ ਯਹੋਵਾਹ ਦੀ ਰੀਸ ਕਰ ਕੇ ਆਪਣੇ ਪਰਿਵਾਰ ਵਿਚ ਚੰਗੀਆਂ ਗੱਲਾਂ ਲੱਭ ਸਕਦੇ ਹੋ?—1 ਰਾਜਿਆਂ 19:14-18.

ਪਰ ਇਹ ਦਿਖਾਉਣ ਲਈ ਕਿ ਤੁਸੀਂ ਆਪਣੇ ਪਰਿਵਾਰ ਨਾਲ ਪਿਆਰ ਕਰਦੇ ਹੋ, ਤੁਹਾਨੂੰ ਪੂਰੀ ਕੋਸ਼ਿਸ਼ ਕਰਨੀ ਪਵੇਗੀ। ਜਦੋਂ ਵੀ ਤੁਸੀਂ ਕੋਈ ਚੰਗੀ ਗੱਲ ਦੇਖਦੇ ਹੋ, ਤਾਂ ਉਨ੍ਹਾਂ ਨੂੰ ਸ਼ਾਬਾਸ਼ ਦਿਓ। ਗੁਣਵੰਤੀ ਪਤਨੀ ਬਾਰੇ ਗੱਲ ਕਰਦੇ ਹੋਏ ਬਾਈਬਲ ਉਸ ਦੇ ਪਰਿਵਾਰ ਬਾਰੇ ਕਹਿੰਦੀ ਹੈ: “ਉਹ ਦੇ ਬੱਚੇ ਉੱਠ ਕੇ ਉਹ ਨੂੰ ਧੰਨ ਧੰਨ ਆਖਦੇ ਹਨ, ਅਤੇ ਉਹ ਦਾ ਪਤੀ ਵੀ, ਅਤੇ ਉਹ ਉਹ ਦੀ ਸਲਾਹੁਤ ਕਰਦਾ ਹੈ।” (ਕਹਾਉਤਾਂ 31:28) ਧਿਆਨ ਦਿਓ ਕਿ ਇਸ ਪਰਿਵਾਰ ਨੇ ਇਕ-ਦੂਜੇ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ ਸੀ। ਜਦੋਂ ਇਕ ਪਤੀ ਆਪਣੀ ਪਤਨੀ ਦੀ ਤਾਰੀਫ਼ ਕਰਦਾ ਹੈ, ਤਾਂ ਉਹ ਆਪਣੇ ਪੁੱਤਰ ਲਈ ਇਕ ਚੰਗੀ ਮਿਸਾਲ ਕਾਇਮ ਕਰਦਾ ਹੈ ਕਿ ਜਦੋਂ ਉਸ ਦਾ ਵਿਆਹ ਹੋਵੇਗਾ, ਤਾਂ ਉਸ ਨੂੰ ਵੀ ਆਪਣੀ ਪਤਨੀ ਦੀ ਤਾਰੀਫ਼ ਕਰਨੀ ਚਾਹੀਦੀ ਹੈ।

ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ। ਇਹ ਬੱਚਿਆਂ ਦੇ ਦਿਲਾਂ ਵਿਚ ਆਪਣੇ ਆਪ ਲਈ ਇੱਜ਼ਤ ਪੈਦਾ ਕਰੇਗਾ। ਜੇ ਇਕ ਇਨਸਾਨ ਆਪਣੀ ਇੱਜ਼ਤ ਨਹੀਂ ਕਰਦਾ, ਤਾਂ ਉਹ “ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ” ਕਿਵੇਂ ਕਰੇਗਾ? (ਮੱਤੀ 22:39) ਦੂਜੇ ਪਾਸੇ, ਜੇ ਮਾਪੇ ਹਮੇਸ਼ਾ ਆਪਣੇ ਬੱਚਿਆਂ ਵਿਚ ਨੁਕਸ ਕੱਢਦੇ ਹਨ ਤੇ ਉਨ੍ਹਾਂ ਦੀ ਕਦੇ ਤਾਰੀਫ਼ ਨਹੀਂ ਕਰਦੇ, ਤਾਂ ਬੱਚੇ ਆਪਣੀ ਇੱਜ਼ਤ ਨਹੀਂ ਕਰਨਗੇ ਅਤੇ ਸ਼ਾਇਦ ਉਹ ਦੂਸਰਿਆਂ ਲਈ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਸਕਣਗੇ।—ਅਫ਼ਸੀਆਂ 4:31, 32.

ਤੁਹਾਨੂੰ ਮਦਦ ਮਿਲ ਸਕਦੀ ਹੈ

ਫ਼ਰਜ਼ ਕਰੋ ਕਿ ਤੁਹਾਡੀ ਪਰਵਰਿਸ਼ ਪਿਆਰ-ਭਰੇ ਮਾਹੌਲ ਵਿਚ ਨਹੀਂ ਹੋਈ। ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣਾ ਪਿਆਰ ਜ਼ਾਹਰ ਕਰਨਾ ਸਿੱਖ ਨਹੀਂ ਸਕਦੇ। ਪਹਿਲਾ ਕਦਮ ਇਹ ਹੈ ਕਿ ਤੁਸੀਂ ਸਵੀਕਾਰ ਕਰੋ ਕਿ ਤੁਹਾਡੇ ਲਈ ਇਹ ਮੁਸ਼ਕਲ ਹੈ, ਪਰ ਤੁਸੀਂ ਆਪਣੇ ਆਪ ਨੂੰ ਸੁਧਾਰਨਾ ਚਾਹੁੰਦੇ ਹੋ। ਇਸ ਸੰਬੰਧ ਵਿਚ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ। ਇਹ ਇਕ ਸ਼ੀਸ਼ੇ ਵਾਂਗ ਹੈ। ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਇਹ ਇਕ ਸ਼ੀਸ਼ੇ ਦੀ ਤਰ੍ਹਾਂ ਸਾਡੀਆਂ ਕਮੀਆਂ ਦਿਖਾ ਦਿੰਦੀ ਹੈ। (ਯਾਕੂਬ 1:23) ਬਾਈਬਲ ਦੀਆਂ ਸਿੱਖਿਆਵਾਂ ਅਨੁਸਾਰ ਅਸੀਂ ਆਪਣੀਆਂ ਕਮੀਆਂ ਨੂੰ ਸੁਧਾਰ ਸਕਦੇ ਹਾਂ। (ਅਫ਼ਸੀਆਂ 4:20-24; ਫ਼ਿਲਿੱਪੀਆਂ 4:8, 9) ਸਾਨੂੰ ਲਗਾਤਾਰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਅਤੇ ਸਾਨੂੰ ਕਦੀ ਵੀ ‘ਭਲਿਆਈ ਕਰਦਿਆਂ ਅੱਕ ਨਹੀਂ ਜਾਣਾ’ ਚਾਹੀਦਾ।—ਗਲਾਤੀਆਂ 6:9.

ਕਈ ਲੋਕ ਆਪਣੇ ਸਭਿਆਚਾਰ ਜਾਂ ਪਾਲਣ-ਪੋਸਣ ਕਰਕੇ ਪਿਆਰ ਦਾ ਇਜ਼ਹਾਰ ਕਰਨਾ ਨਹੀਂ ਜਾਣਦੇ। ਪਰ ਹਾਲ ਹੀ ਵਿਚ ਕੀਤੀ ਇਕ ਰੀਸਰਚ ਤੋਂ ਪਤਾ ਲੱਗਦਾ ਹੈ ਕਿ ਅਜਿਹੀਆਂ ਮੁਸ਼ਕਲਾਂ ਦਾ ਹੱਲ ਮਿਲ ਸਕਦਾ ਹੈ। ਮਾਨਸਿਕ-ਸਿਹਤ ਦੇ ਇਕ ਡਾਕਟਰ ਨੇ ਕਿਹਾ ਕਿ ‘ਬਚਪਨ ਵਿਚ ਪਈਆਂ ਆਦਤਾਂ ਬਦਲੀਆਂ ਜਾ ਸਕਦੀਆਂ ਹਨ।’ ਲਗਭਗ 1,900 ਸਾਲ ਪਹਿਲਾਂ ਹੀ ਬਾਈਬਲ ਨੇ ਕਿਹਾ ਸੀ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਦਿਲ ਦਾ ਕੋਈ ਵੀ ਔਗੁਣ ਬਦਲਿਆ ਜਾ ਸਕਦਾ ਹੈ। ਇਹ ਸਾਨੂੰ ਕਹਿੰਦੀ ਹੈ ਕਿ ‘ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟੋ।’—ਕੁਲੁੱਸੀਆਂ 3:9, 10.

ਜਦੋਂ ਮੁਸ਼ਕਲ ਦਾ ਪਤਾ ਲੱਗ ਜਾਵੇ, ਤਾਂ ਪਰਿਵਾਰ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਬਾਈਬਲ ਪੜ੍ਹ ਸਕਦੇ ਹਨ। ਮਿਸਾਲ ਲਈ, ਕਿਉਂ ਨਾ ਪਤਾ ਕਰੋ ਕਿ ਬਾਈਬਲ “ਪਿਆਰ” ਬਾਰੇ ਕੀ ਕਹਿੰਦੀ ਹੈ? ਤੁਹਾਨੂੰ ਸ਼ਾਇਦ ਅਜਿਹਾ ਹਵਾਲਾ ਮਿਲੇ: “ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਸਬਰ ਕੀਤਾ। ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੁ ਦਾ ਪਰੋਜਨ ਜਾਣਦੇ ਹੋ ਭਈ ਪ੍ਰਭੁ ਵੱਡਾ ਦਰਦੀ ਅਤੇ ਦਿਆਲੂ ਹੈ।” (ਯਾਕੂਬ 5:11) ਫਿਰ ਬਾਈਬਲ ਵਿਚ ਅੱਯੂਬ ਦੀ ਕਹਾਣੀ ਉੱਤੇ ਗੌਰ ਕਰੋ ਅਤੇ ਧਿਆਨ ਦਿਓ ਕਿ ਯਹੋਵਾਹ ਕਿਵੇਂ ਅੱਯੂਬ ਪ੍ਰਤੀ ਵੱਡਾ ਦਰਦੀ ਅਤੇ ਦਿਆਲੂ ਸੀ। ਫਿਰ ਤੁਸੀਂ ਵੀ ਯਹੋਵਾਹ ਦੀ ਰੀਸ ਕਰ ਕੇ ਆਪਣੇ ਪਰਿਵਾਰ ਨਾਲ ਅਜਿਹਾ ਪਿਆਰ ਕਰਨਾ ਚਾਹੋਗੇ।

“ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ।” (ਯਾਕੂਬ 3:2) ਇਸ ਲਈ ਅਸੀਂ ਸਾਰੇ ਜਣੇ ਗ਼ਲਤੀ ਨਾਲ ਅਜਿਹਾ ਕੁਝ ਕਹਿ ਦਿੰਦੇ ਹਾਂ ਜੋ ਸਾਨੂੰ ਨਹੀਂ ਸੀ ਕਹਿਣਾ ਚਾਹੀਦਾ। ਇਸ ਤਰ੍ਹਾਂ ਕਰ ਕੇ ਪਰਿਵਾਰ ਵਿਚ ਅਸੀਂ ਸ਼ਾਇਦ ਦੂਸਰਿਆਂ ਦਾ ਹੌਸਲਾ ਵਧਾਉਣ ਦੀ ਬਜਾਇ ਹੌਸਲਾ ਢਾਹੁੰਦੇ ਹਾਂ। ਇਸ ਵਿਚ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨ ਅਤੇ ਉਸ ਉੱਤੇ ਭਰੋਸਾ ਰੱਖਣ ਦੀ ਲੋੜ ਹੈ। ਹੌਸਲਾ ਨਾ ਹਾਰੋ। “ਨਿੱਤ ਪ੍ਰਾਰਥਨਾ ਕਰੋ।” (1 ਥੱਸਲੁਨੀਕੀਆਂ 5:17) ਯਹੋਵਾਹ ਉਨ੍ਹਾਂ ਦੀ ਮਦਦ ਕਰੇਗਾ ਜੋ ਪਰਿਵਾਰ ਤੋਂ ਪਿਆਰ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਵੀ ਮਦਦ ਕਰੇਗਾ ਜੋ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਮੁਸ਼ਕਲ ਹੈ।

ਇਸ ਤੋਂ ਇਲਾਵਾ, ਯਹੋਵਾਹ ਨੇ ਮਸੀਹੀ ਕਲੀਸਿਯਾ ਵਿਚ ਵੀ ਮਦਦ ਦਾ ਇੰਤਜ਼ਾਮ ਕੀਤਾ ਹੈ। ਯਾਕੂਬ ਨੇ ਲਿਖਿਆ: “ਕੀ ਤੁਹਾਡੇ ਵਿੱਚ ਕੋਈ [ਰੂਹਾਨੀ ਤੌਰ ਤੇ] ਮਾਂਦਾ ਹੈ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਅਤੇ ਓਹ ਪ੍ਰਭੁ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ।” (ਯਾਕੂਬ 5:14) ਜੀ ਹਾਂ, ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਦੇ ਬਜ਼ੁਰਗ ਉਨ੍ਹਾਂ ਪਰਿਵਾਰਾਂ ਦੀ ਮਦਦ ਕਰ ਸਕਦੇ ਹਨ ਜਿਨ੍ਹਾਂ ਨੂੰ ਆਪਣਾ ਪਿਆਰ ਜ਼ਾਹਰ ਕਰਨਾ ਮੁਸ਼ਕਲ ਲੱਗਦਾ ਹੈ। ਭਾਵੇਂ ਕਿ ਬਜ਼ੁਰਗ ਡਾਕਟਰ ਨਹੀਂ ਹਨ, ਉਹ ਧੀਰਜ ਨਾਲ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਨ। ਉਹ ਉਨ੍ਹਾਂ ਨੂੰ ਇਹ ਨਹੀਂ ਦੱਸਣਗੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ, ਸਗੋਂ ਉਨ੍ਹਾਂ ਨੂੰ ਯਹੋਵਾਹ ਦੇ ਵਿਚਾਰਾਂ ਬਾਰੇ ਯਾਦ ਕਰਾਉਣਗੇ ਅਤੇ ਉਹ ਉਨ੍ਹਾਂ ਨਾਲ ਤੇ ਉਨ੍ਹਾਂ ਲਈ ਪ੍ਰਾਰਥਨਾ ਕਰਨਗੇ।—ਜ਼ਬੂਰਾਂ ਦੀ ਪੋਥੀ 119:105; ਗਲਾਤੀਆਂ 6:1.

ਮਸੀਹੀ ਬਜ਼ੁਰਗਾਂ ਨੇ ਹਮੇਸ਼ਾ ਟੋਰੂ ਤੇ ਯੋਕੋ ਦੀ ਸਮੱਸਿਆ ਵੱਲ ਕੰਨ ਧਰਿਆ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ। (1 ਪਤਰਸ 5:2, 3) ਕਦੀ-ਕਦੀ ਇਕ ਬਜ਼ੁਰਗ ਅਤੇ ਉਸ ਦੀ ਪਤਨੀ ਯੋਕੋ ਨੂੰ ਮਿਲਣ ਜਾਂਦੇ ਸਨ। ਇਨ੍ਹਾਂ ਮੌਕਿਆਂ ਤੇ ਇਹ ਮਸੀਹੀ ਭੈਣ ਯੋਕੋ ਨੂੰ ‘ਅਜਿਹੀ ਮੱਤ ਦੇ ਸਕੀ ਕਿ ਓਹ ਆਪਣੇ ਪਤੀ ਨਾਲ ਪ੍ਰੇਮ ਰੱਖੇ।’ (ਤੀਤੁਸ 2:3, 4) ਭੈਣਾਂ-ਭਰਾਵਾਂ ਦੀ ਦੁੱਖ-ਤਕਲੀਫ਼ ਸਮਝ ਕੇ ਅਤੇ ਹਮਦਰਦੀ ਜਤਾ ਕੇ ਬਜ਼ੁਰਗ ‘ਪੌਣ ਤੋਂ ਲੁੱਕਣ ਦੇ ਥਾਂ ਤੇ ਵਾਛੜ ਤੋਂ ਓਟ ਜਿਹੇ ਹੋਣਗੇ।’—ਯਸਾਯਾਹ 32:1, 2.

ਅਜਿਹੇ ਹਮਦਰਦ ਬਜ਼ੁਰਗਾਂ ਦੀ ਮਦਦ ਨਾਲ ਟੋਰੂ ਨੂੰ ਅਹਿਸਾਸ ਹੋਇਆ ਕਿ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਮੁਸ਼ਕਲ ਸੀ ਅਤੇ ਕਿ “ਅੰਤ ਦਿਆਂ ਦਿਨਾਂ” ਵਿਚ ਸ਼ਤਾਨ ਪਰਿਵਾਰਾਂ ਉੱਤੇ ਹਮਲਾ ਕਰ ਰਿਹਾ ਹੈ। (2 ਤਿਮੋਥਿਉਸ 3:1) ਟੋਰੂ ਨੇ ਫ਼ੈਸਲਾ ਕੀਤਾ ਕਿ ਉਹ ਆਪਣੀ ਮੁਸ਼ਕਲ ਦਾ ਸਾਮ੍ਹਣਾ ਕਰੇਗਾ। ਹੌਲੀ-ਹੌਲੀ ਉਸ ਨੂੰ ਪਤਾ ਲੱਗਾ ਕਿ ਇਹ ਮੁਸ਼ਕਲ ਇਸ ਲਈ ਪੈਦਾ ਹੋਈ ਸੀ ਕਿਉਂਕਿ ਬਚਪਨ ਵਿਚ ਉਸ ਦੇ ਮਾਪਿਆਂ ਨੇ ਉਸ ਨਾਲ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਸੀ। ਬਾਈਬਲ ਦਾ ਅਧਿਐਨ ਅਤੇ ਪ੍ਰਾਰਥਨਾ ਕਰਨ ਨਾਲ ਟੋਰੂ ਆਪਣੀ ਪਤਨੀ ਯੋਕੋ ਦੀਆਂ ਜਜ਼ਬਾਤੀ ਲੋੜਾਂ ਸਮਝਣ ਲੱਗ ਪਿਆ।

ਭਾਵੇਂ ਯੋਕੋ ਟੋਰੂ ਨਾਲ ਗੁੱਸੇ ਸੀ, ਪਰ ਜਦੋਂ ਉਸ ਨੂੰ ਆਪਣੇ ਪਤੀ ਦੇ ਪਿਛੋਕੜ ਬਾਰੇ ਪਤਾ ਲੱਗਾ ਅਤੇ ਉਸ ਨੇ ਆਪਣੀਆਂ ਕਮਜ਼ੋਰੀਆਂ ਵੱਲ ਵੀ ਧਿਆਨ ਦਿੱਤਾ, ਤਾਂ ਉਸ ਨੇ ਆਪਣੇ ਪਤੀ ਦੇ ਸਦਗੁਣ ਦੇਖਣ ਦੀ ਪੂਰੀ ਕੋਸ਼ਿਸ਼ ਕੀਤੀ। (ਮੱਤੀ 7:1-3; ਰੋਮੀਆਂ 5:12; ਕੁਲੁੱਸੀਆਂ 3:12-14) ਯੋਕੋ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਉਹ ਉਸ ਨੂੰ ਆਪਣੇ ਪਤੀ ਨਾਲ ਪਿਆਰ ਕਰਨ ਦੀ ਹਿੰਮਤ ਦੇਵੇ। (ਫ਼ਿਲਿੱਪੀਆਂ 4:6, 7) ਅਖ਼ੀਰ ਵਿਚ ਟੋਰੂ ਆਪਣੇ ਪਿਆਰ ਦਾ ਇਜ਼ਹਾਰ ਕਰਨ ਲੱਗ ਪਿਆ ਤੇ ਉਸ ਦੀ ਪਤਨੀ ਬਹੁਤ ਖ਼ੁਸ਼ ਹੋਈ।

ਜੀ ਹਾਂ, ਭਾਵੇਂ ਕਿ ਤੁਹਾਡੇ ਲਈ ਪਰਿਵਾਰ ਦਾ ਪਿਆਰ ਮਹਿਸੂਸ ਕਰਨਾ ਤੇ ਆਪਣਾ ਪਿਆਰ ਜ਼ਾਹਰ ਕਰਨਾ ਮੁਸ਼ਕਲ ਹੈ, ਪਰ ਤੁਸੀਂ ਇਸ ਮੁਸ਼ਕਲ ਦਾ ਸਾਮ੍ਹਣਾ ਜ਼ਰੂਰ ਕਰ ਸਕਦੇ ਹੋ। ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਚੰਗੀ ਸਲਾਹ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 19:7) ਇਸ ਮੁਸ਼ਕਲ ਨੂੰ ਪਛਾਣ ਕੇ, ਆਪਣੇ ਪਰਿਵਾਰ ਦੇ ਸਦਗੁਣ ਦੇਖ ਕੇ, ਬਾਈਬਲ ਦਾ ਅਧਿਐਨ ਕਰਨ ਤੋਂ ਬਾਅਦ ਉਸ ਨੂੰ ਲਾਗੂ ਕਰ ਕੇ, ਪ੍ਰਾਰਥਨਾ ਰਾਹੀਂ ਯਹੋਵਾਹ ਉੱਤੇ ਭਰੋਸਾ ਰੱਖ ਕੇ ਅਤੇ ਮਸੀਹੀ ਬਜ਼ੁਰਗਾਂ ਦੀ ਮਦਦ ਲੈ ਕੇ ਤੁਸੀਂ ਵੀ ਇਸ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹੋ ਜੋ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਵਿਚਕਾਰ ਇਕ ਦੀਵਾਰ ਵਾਂਗ ਖੜ੍ਹੀ ਹੈ। (1 ਪਤਰਸ 5:7) ਤੁਸੀਂ ਵੀ ਅਮਰੀਕਾ ਦੇ ਇਸ ਪਤੀ ਦੀ ਤਰ੍ਹਾਂ ਖ਼ੁਸ਼ ਹੋ ਸਕਦੇ ਹੋ ਜਿਸ ਨੂੰ ਉਤਸ਼ਾਹ ਦਿੱਤਾ ਗਿਆ ਸੀ ਕਿ ਉਹ ਆਪਣੀ ਪਤਨੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰੇ। ਜਦੋਂ ਉਸ ਨੇ ਬੜੀ ਹਿੰਮਤ ਨਾਲ ਕੋਸ਼ਿਸ਼ ਕਰ ਕੇ ਆਪਣੀ ਪਤਨੀ ਨੂੰ ਕਿਹਾ ਕਿ “ਮੈਂ ਤੈਨੂੰ ਪਿਆਰ ਕਰਦਾ ਹਾਂ,” ਤਾਂ ਉਹ ਆਪਣੀ ਪਤਨੀ ਦੇ ਜਵਾਬ ਤੋਂ ਹੈਰਾਨ ਹੋਇਆ। ਹੰਝੂ ਵਹਾਉਂਦੀ ਹੋਈ ਉਸ ਦੀ ਪਤਨੀ ਨੇ ਕਿਹਾ: “ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ, ਪਰ ਤਸੀਂ 25 ਸਾਲਾਂ ਤੋਂ ਬਾਅਦ ਇਹ ਗੱਲ ਇੰਨੇ ਪਿਆਰ ਨਾਲ ਕਹੀ ਹੈ।” ਉਮੀਦ ਹੈ ਕਿ ਤੁਸੀਂ ਇੰਨਾ ਸਮਾਂ ਨਾ ਬੀਤਣ ਦਿਓਗੇ, ਸਗੋਂ ਬਹੁਤ ਜਲਦੀ ਆਪਣੇ ਸਾਥੀ ਅਤੇ ਬੱਚਿਆਂ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕਰੋਗੇ!

[ਫੁਟਨੋਟ]

^ ਪੈਰਾ 2 ਅਸਲੀ ਨਾਂ ਨਹੀਂ ਵਰਤੇ ਗਏ।

[ਸਫ਼ੇ 28 ਉੱਤੇ ਤਸਵੀਰ]

ਯਹੋਵਾਹ ਬਾਈਬਲ ਰਾਹੀਂ ਸਾਡੀ ਮਦਦ ਕਰਦਾ ਹੈ