Skip to content

Skip to table of contents

ਯਹੋਵਾਹ—ਪਰਮੇਸ਼ੁਰ ਬਾਰੇ ਜਾਣਨ ਦੇ ਵੱਡੇ ਫ਼ਾਇਦੇ

ਯਹੋਵਾਹ—ਪਰਮੇਸ਼ੁਰ ਬਾਰੇ ਜਾਣਨ ਦੇ ਵੱਡੇ ਫ਼ਾਇਦੇ

ਯਹੋਵਾਹ—ਪਰਮੇਸ਼ੁਰ ਬਾਰੇ ਜਾਣਨ ਦੇ ਵੱਡੇ ਫ਼ਾਇਦੇ

ਕੀ ਤੁਹਾਡੀ ਜ਼ਿੰਦਗੀ ਵਿਚ ਕਿਸੇ ਮਹੱਤਵਪੂਰਣ ਚੀਜ਼ ਦੀ ਕਮੀ ਹੈ? ਜੇ ਤੁਸੀਂ ਪਰਮੇਸ਼ੁਰ ਬਾਰੇ ਬਹੁਤ ਘੱਟ ਜਾਣਦੇ ਹੋ, ਤਾਂ ਤੁਹਾਡੀ ਜ਼ਿੰਦਗੀ ਵਿਚ ਸੱਚ-ਮੁੱਚ ਇਕ ਮਹੱਤਵਪੂਰਣ ਚੀਜ਼ ਦੀ ਘਾਟ ਹੈ। ਕਿਉਂ? ਕਿਉਂਕਿ ਲੱਖਾਂ ਹੀ ਲੋਕਾਂ ਨੇ ਪਾਇਆ ਹੈ ਕਿ ਬਾਈਬਲ ਦੇ ਪਰਮੇਸ਼ੁਰ ਨੂੰ ਜਾਣਨ ਨਾਲ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਇਹ ਫ਼ਾਇਦੇ ਸਾਨੂੰ ਹੁਣ ਅਤੇ ਭਵਿੱਖ ਵਿਚ ਮਿਲਦੇ ਰਹਿਣਗੇ।

ਬਾਈਬਲ ਦਾ ਲੇਖਕ ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਨਿੱਜੀ ਤੌਰ ਤੇ ਜਾਣੀਏ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!” ਪਰਮੇਸ਼ੁਰ ਜਾਣਦਾ ਹੈ ਕਿ ਉਸ ਨੂੰ ਜਾਣਨ ਨਾਲ ਸਾਡਾ ਹੀ ਫ਼ਾਇਦਾ ਹੁੰਦਾ ਹੈ। “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ।” ਅੱਤ ਮਹਾਨ ਯਹੋਵਾਹ ਪਰਮੇਸ਼ੁਰ ਨੂੰ ਜਾਣਨ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?—ਜ਼ਬੂਰਾਂ ਦੀ ਪੋਥੀ 83:18; ਯਸਾਯਾਹ 48:17.

ਇਕ ਅਸਲੀ ਫ਼ਾਇਦਾ ਇਹ ਹੁੰਦਾ ਹੈ ਕਿ ਪਰਮੇਸ਼ੁਰ ਸਾਨੂੰ ਹਰ ਰੋਜ਼ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸੇਧ ਦਿੰਦਾ ਹੈ ਅਤੇ ਸਾਨੂੰ ਭਵਿੱਖ ਲਈ ਪੱਕੀ ਉਮੀਦ ਤੇ ਮਨ ਦੀ ਸ਼ਾਂਤੀ ਮਿਲਦੀ ਹੈ। ਇਸ ਤੋਂ ਇਲਾਵਾ, ਯਹੋਵਾਹ ਨਾਲ ਚੰਗੀ ਤਰ੍ਹਾਂ ਵਾਕਫ਼ ਹੋਣ ਨਾਲ ਸਾਨੂੰ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਸਵਾਲਾਂ ਬਾਰੇ ਵੱਖਰਾ ਨਜ਼ਰੀਆ ਰੱਖਣ ਦੀ ਪ੍ਰੇਰਣਾ ਮਿਲਦੀ ਹੈ ਜਿਨ੍ਹਾਂ ਦਾ ਦੁਨੀਆਂ ਭਰ ਵਿਚ ਲੋਕ ਅਜੇ ਵੀ ਜਵਾਬ ਲੱਭ ਰਹੇ ਹਨ। ਇਹ ਕਿਹੜੇ ਸਵਾਲ ਹਨ?

ਕੀ ਤੁਹਾਡੀ ਜ਼ਿੰਦਗੀ ਦਾ ਕੋਈ ਮਕਸਦ ਹੈ?

ਤਕਨਾਲੋਜੀ ਵਿਚ ਇੰਨੀ ਤਰੱਕੀ ਕਰਨ ਦੇ ਬਾਵਜੂਦ, ਲੋਕ ਅੱਜ ਇਹੋ ਉਹੀ ਪੁਰਾਣੇ ਸਵਾਲ ਪੁੱਛਦੇ ਹਨ: ‘ਮੈਂ ਦੁਨੀਆਂ ਵਿਚ ਕਿਉਂ ਆਇਆ ਹਾਂ? ਭਵਿੱਖ ਵਿਚ ਮੇਰੇ ਨਾਲ ਕੀ ਹੋਣ ਵਾਲਾ ਹੈ? ਜ਼ਿੰਦਗੀ ਦਾ ਕੀ ਮਤਲਬ ਹੈ?’ ਜਿਸ ਇਨਸਾਨ ਨੂੰ ਇਨ੍ਹਾਂ ਸਵਾਲਾਂ ਦੇ ਸਹੀ-ਸਹੀ ਜਵਾਬ ਨਹੀਂ ਮਿਲਦੇ, ਉਸ ਦੀ ਜ਼ਿੰਦਗੀ ਵਿਚ ਕੋਈ ਅਸਲੀ ਮਕਸਦ ਨਹੀਂ ਹੋਵੇਗਾ। ਕੀ ਜ਼ਿਆਦਾਤਰ ਲੋਕਾਂ ਨੂੰ ਇਸ ਕਮੀ ਦਾ ਅਹਿਸਾਸ ਹੈ? ਜਰਮਨੀ ਵਿਚ 1990 ਦੇ ਦਹਾਕੇ ਦੇ ਅਖ਼ੀਰ ਵਿਚ ਕੀਤੇ ਸਰਵੇਖਣ ਤੋਂ ਪਤਾ ਲੱਗਾ ਕਿ ਅੱਧੇ ਲੋਕ ਅਕਸਰ ਜਾਂ ਕਦੀ-ਕਦੀ ਇਹ ਮਹਿਸੂਸ ਕਰਦੇ ਸਨ ਕਿ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ। ਸ਼ਾਇਦ ਤੁਹਾਡੇ ਇਲਾਕੇ ਦੇ ਲੋਕ ਵੀ ਇੱਦਾਂ ਹੀ ਮਹਿਸੂਸ ਕਰਦੇ ਹੋਣਗੇ।

ਜ਼ਿੰਦਗੀ ਵਿਚ ਕੋਈ ਮਕਸਦ ਨਾ ਹੋਣ ਕਰਕੇ ਇਕ ਵਿਅਕਤੀ ਆਪਣੀ ਜ਼ਿੰਦਗੀ ਨੂੰ ਵਿਅਰਥ ਹੀ ਗੁਆ ਦਿੰਦਾ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕ ਸਫ਼ਲ ਕੈਰੀਅਰ ਬਣਾਉਣ ਜਾਂ ਧਨ-ਦੌਲਤ ਇਕੱਠੀ ਕਰਨ ਵਿਚ ਰੁੱਝ ਜਾਂਦੇ ਹਨ। ਫਿਰ ਵੀ ਉਨ੍ਹਾਂ ਦੀ ਜ਼ਿੰਦਗੀ ਦਾ ਖਾਲੀਪਣ ਨਹੀਂ ਘੱਟਦਾ। ਜ਼ਿੰਦਗੀ ਵਿਚ ਕੋਈ ਵੀ ਮਕਸਦ ਨਾ ਹੋਣ ਨਾਲ ਕੁਝ ਲੋਕ ਇੰਨੇ ਪਰੇਸ਼ਾਨ ਹੋ ਜਾਂਦੇ ਹਨ ਕਿ ਉਹ ਜੀਉਣਾ ਹੀ ਨਹੀਂ ਚਾਹੁੰਦੇ। ਇਕ ਸੋਹਣੀ-ਸੁਨੱਖੀ ਨੌਜਵਾਨ ਔਰਤ ਨਾਲ ਇਸੇ ਤਰ੍ਹਾਂ ਹੋਇਆ ਸੀ। ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ ਅਖ਼ਬਾਰ ਅਨੁਸਾਰ ਉਹ “ਬੇਸ਼ੁਮਾਰ ਧਨ-ਦੌਲਤ ਵਾਲੇ ਪਰਿਵਾਰ ਵਿਚ ਜੰਮੀ-ਪਲੀ ਸੀ ਅਤੇ ਉਸ ਨੂੰ ਕੁਝ ਵੀ ਕਰਨ ਦੀ ਆਜ਼ਾਦੀ ਸੀ।” ਹਾਲਾਂਕਿ ਉਹ ਐਸ਼ੋ-ਆਰਾਮ ਵਿਚ ਰਹਿੰਦੀ ਸੀ, ਪਰ ਉਹ ਬਹੁਤ ਹੀ ਇਕੱਲੀ-ਇਕੱਲੀ ਮਹਿਸੂਸ ਕਰਦੀ ਸੀ। ਉਸ ਨੂੰ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਨਜ਼ਰ ਨਹੀਂ ਆਉਂਦਾ ਸੀ ਜਿਸ ਕਰਕੇ ਉਸ ਨੇ ਨੀਂਦ ਦੀਆਂ ਗੋਲੀਆਂ ਲੈ ਕੇ ਆਤਮ-ਹੱਤਿਆ ਕਰ ਲਈ। ਤੁਸੀਂ ਸ਼ਾਇਦ ਇੱਦਾਂ ਦੇ ਹੋਰਨਾਂ ਲੋਕਾਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਦੀ ਜ਼ਿੰਦਗੀ ਦਾ ਦੁਖਦਾਈ ਅੰਤ ਹੋਇਆ।

ਕੀ ਤੁਸੀਂ ਲੋਕਾਂ ਨੂੰ ਇਹ ਦਾਅਵਾ ਕਰਦੇ ਸੁਣਿਆ ਹੈ ਕਿ ਸਾਇੰਸ ਜ਼ਿੰਦਗੀ ਦੇ ਮਤਲਬ ਬਾਰੇ ਸਾਨੂੰ ਦੱਸ ਸਕਦੀ ਹੈ? ਜਰਮਨੀ ਦੀ ਇਕ ਹਫ਼ਤਾਵਾਰ ਅਖ਼ਬਾਰ ਕਹਿੰਦੀ ਹੈ: “ਹਾਲਾਂਕਿ ਸਾਇੰਸ ਨੇ ਕਈ ਕਾਢਾਂ ਕੱਢੀਆਂ ਹਨ, ਪਰ ਇਹ ਪਰਮੇਸ਼ੁਰ ਬਾਰੇ ਕੁਝ ਨਹੀਂ ਦੱਸਦੀ। ਕ੍ਰਮ-ਵਿਕਾਸ ਦੀ ਥਿਊਰੀ ਖੋਖਲੀ ਲੱਗਦੀ ਹੈ। ਕੁਐਂਟਮ ਭੌਤਿਕ ਵਿਗਿਆਨ (quantum physics) ਦੇ ਕਈ ਅਨੁਮਾਨ ਬਾਅਦ ਵਿਚ ਗ਼ਲਤ ਨਿਕਲੇ ਹਨ। ਇਸ ਤੋਂ ਵੀ ਸਾਨੂੰ ਨਾ ਕੋਈ ਭਰੋਸਾ ਨਾ ਹੀ ਕੋਈ ਦਿਲਾਸਾ ਮਿਲਦਾ ਹੈ।” ਸਾਇੰਸ ਦੀਆਂ ਖੋਜਾਂ ਨੇ ਜੀਵ-ਜੰਤੂਆਂ ਬਾਰੇ ਅਤੇ ਜ਼ਿੰਦਗੀ ਨੂੰ ਬਰਕਰਾਰ ਰੱਖਣ ਵਾਲੇ ਕੁਦਰਤੀ ਚੱਕਰਾਂ ਅਤੇ ਕ੍ਰਿਆਵਾਂ ਨੂੰ ਸਮਝਾਉਣ ਲਈ ਕਾਫ਼ੀ ਕੁਝ ਕੀਤਾ ਹੈ। ਪਰ ਸਾਇੰਸ ਸਾਨੂੰ ਇਹ ਨਹੀਂ ਦੱਸ ਸਕਦੀ ਕਿ ਅਸੀਂ ਦੁਨੀਆਂ ਵਿਚ ਕਿਉਂ ਆਏ ਹਾਂ ਅਤੇ ਭਵਿੱਖ ਵਿਚ ਸਾਡੇ ਨਾਲ ਕੀ ਹੋਣ ਵਾਲਾ ਹੈ। ਜੇ ਅਸੀਂ ਸਿਰਫ਼ ਸਾਇੰਸ ਉੱਤੇ ਹੀ ਨਿਰਭਰ ਰਹਾਂਗੇ, ਤਾਂ ਜ਼ਿੰਦਗੀ ਦੇ ਮਕਸਦ ਬਾਰੇ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਮਿਲੇਗਾ। ਇਸ ਲਈ ਇਕ ਅਖ਼ਬਾਰ ਨੇ ਕਿਹਾ ਕਿ ਸਾਨੂੰ “ਅਗਵਾਈ ਦੀ ਬਹੁਤ ਜ਼ਿਆਦਾ ਲੋੜ ਹੈ।”

ਅਜਿਹੀ ਅਗਵਾਈ ਸਿਰਫ਼ ਸਾਡਾ ਸਿਰਜਣਹਾਰ ਹੀ ਦੇ ਸਕਦਾ ਹੈ। ਕਿਉਂਕਿ ਸ਼ੁਰੂ ਵਿਚ ਉਸ ਨੇ ਹੀ ਇਨਸਾਨਾਂ ਨੂੰ ਧਰਤੀ ਉੱਤੇ ਰੱਖਿਆ ਸੀ, ਇਸ ਲਈ ਉਹੀ ਜਾਣਦਾ ਹੈ ਕਿ ਉਹ ਇਸ ਦੁਨੀਆਂ ਵਿਚ ਕਿਉਂ ਆਏ ਹਨ। ਬਾਈਬਲ ਦੱਸਦੀ ਹੈ ਕਿ ਯਹੋਵਾਹ ਨੇ ਇਨਸਾਨਾਂ ਨੂੰ ਇਸ ਲਈ ਰਚਿਆ ਸੀ ਤਾਂਕਿ ਉਹ ਧਰਤੀ ਨੂੰ ਭਰ ਸਕਣ ਅਤੇ ਇਸ ਦੇ ਰਖਵਾਲੇ ਬਣ ਕੇ ਇਸ ਦੀ ਦੇਖ-ਭਾਲ ਕਰਨ। ਆਪਣੇ ਸਾਰੇ ਕੰਮਾਂ ਵਿਚ ਇਨ੍ਹਾਂ ਇਨਸਾਨਾਂ ਨੇ ਨਿਆਂ, ਬੁੱਧੀ ਅਤੇ ਪ੍ਰੇਮ ਵਰਗੇ ਪਰਮੇਸ਼ੁਰ ਦੇ ਗੁਣਾਂ ਨੂੰ ਦਿਖਾਉਣਾ ਸੀ। ਜਦੋਂ ਸਾਨੂੰ ਪਤਾ ਲੱਗ ਗਿਆ ਕਿ ਯਹੋਵਾਹ ਨੇ ਸਾਨੂੰ ਕਿਸ ਲਈ ਬਣਾਇਆ ਸੀ, ਤਾਂ ਅਸੀਂ ਜਾਣ ਜਾਵਾਂਗੇ ਕਿ ਅਸੀਂ ਦੁਨੀਆਂ ਵਿਚ ਕਿਉਂ ਆਏ ਹਾਂ।—ਉਤਪਤ 1:26-28.

ਤੁਸੀਂ ਕੀ ਕਰ ਸਕਦੇ ਹੋ?

ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਨੂੰ ਅਜੇ ਤਕ ਇਨ੍ਹਾਂ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਹੀਂ ਮਿਲੇ: ‘ਮੈਂ ਇਸ ਦੁਨੀਆਂ ਵਿਚ ਕਿਉਂ ਆਇਆ ਹਾਂ? ਭਵਿੱਖ ਵਿਚ ਮੇਰੇ ਨਾਲ ਕੀ ਹੋਣ ਵਾਲਾ ਹੈ? ਜ਼ਿੰਦਗੀ ਦਾ ਕੀ ਮਤਲਬ ਹੈ?’ ਬਾਈਬਲ ਸਲਾਹ ਦਿੰਦੀ ਹੈ ਕਿ ਤੁਸੀਂ ਯਹੋਵਾਹ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲਵੋ। ਦਰਅਸਲ ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” ਤੁਹਾਨੂੰ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ, ਖ਼ਾਸ ਕਰਕੇ ਪਿਆਰ ਦਾ ਗੁਣ। ਨਾਲੇ ਪਰਮੇਸ਼ੁਰ ਦੇ ਆਉਣ ਵਾਲੇ ਮਸੀਹਾਈ ਰਾਜ ਦੀ ਪਰਜਾ ਬਣਨ ਦਾ ਵੀ ਟੀਚਾ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜ਼ਿੰਦਗੀ ਵਿਚ ਇਕ ਮਕਸਦ ਹੋਵੇਗਾ ਅਤੇ ਤੁਹਾਨੂੰ ਇਕ ਸ਼ਾਨਦਾਰ ਭਵਿੱਖ ਦੀ ਪੱਕੀ ਉਮੀਦ ਮਿਲੇਗੀ। ਇਸ ਤੋਂ ਇਲਾਵਾ, ਤੁਹਾਨੂੰ ਕਈ ਬੁਨਿਆਦੀ ਸਵਾਲਾਂ ਦੇ ਜਵਾਬ ਵੀ ਮਿਲਣਗੇ।—ਯੂਹੰਨਾ 17:3; ਉਪਦੇਸ਼ਕ ਦੀ ਪੋਥੀ 12:13.

ਕੀ ਇਨ੍ਹਾਂ ਬੁਨਿਆਦੀ ਸਵਾਲਾਂ ਦੇ ਜਵਾਬ ਮਿਲਣ ਨਾਲ ਕੋਈ ਫ਼ਰਕ ਪੈਂਦਾ ਹੈ? ਹਾਂਸ ਨਾਂ ਦਾ ਆਦਮੀ ਇਸ ਦਾ ਜਵਾਬ ਦੇ ਸਕਦਾ ਹੈ। * ਕਈ ਸਾਲ ਪਹਿਲਾਂ ਉਹ ਪਰਮੇਸ਼ੁਰ ਵਿਚ ਥੋੜ੍ਹਾ-ਬਹੁਤਾ ਵਿਸ਼ਵਾਸ ਤਾਂ ਕਰਦਾ ਸੀ, ਪਰ ਉਸ ਦੀ ਜ਼ਿੰਦਗੀ ਉੱਤੇ ਇਸ ਦਾ ਕੋਈ ਅਸਰ ਨਹੀਂ ਸੀ ਪੈਂਦਾ। ਹਾਂਸ ਨਸ਼ੀਲੀਆਂ ਦਵਾਈਆਂ ਖਾਂਦਾ ਸੀ, ਅਨੈਤਿਕ ਔਰਤਾਂ ਨਾਲ ਰਹਿੰਦਾ ਸੀ, ਛੋਟੇ-ਮੋਟੇ ਅਪਰਾਧ ਕਰਦਾ ਸੀ ਅਤੇ ਮੋਟਰ-ਸਾਈਕਲਾਂ ਤੇ ਆਵਾਰਾ ਘੁੰਮਦਾ-ਫਿਰਦਾ ਸੀ। “ਫਿਰ ਵੀ ਜ਼ਿੰਦਗੀ ਵਿਚ ਖੋਖਲਾਪਣ ਸੀ ਤੇ ਕੋਈ ਸੱਚੀ ਖ਼ੁਸ਼ੀ ਨਹੀਂ ਸੀ ਮਿਲਦੀ,” ਉਹ ਕਹਿੰਦਾ ਹੈ। ਹਾਂਸ ਨੇ 24-25 ਸਾਲ ਦੀ ਉਮਰ ਵਿਚ ਬਾਈਬਲ ਦਾ ਧਿਆਨ ਨਾਲ ਅਧਿਐਨ ਕਰਨ ਦੁਆਰਾ ਪਰਮੇਸ਼ੁਰ ਨੂੰ ਨਿੱਜੀ ਤੌਰ ਤੇ ਜਾਣਨ ਦਾ ਫ਼ੈਸਲਾ ਕੀਤਾ। ਜਦੋਂ ਹਾਂਸ ਨੂੰ ਯਹੋਵਾਹ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਗਿਆ ਅਤੇ ਉਹ ਸਮਝ ਗਿਆ ਕਿ ਜ਼ਿੰਦਗੀ ਦਾ ਮਤਲਬ ਕੀ ਹੈ, ਤਾਂ ਉਸ ਨੇ ਆਪਣੇ ਜੀਉਣ ਦੇ ਤੌਰ-ਤਰੀਕੇ ਨੂੰ ਬਦਲਿਆ ਅਤੇ ਯਹੋਵਾਹ ਦੇ ਇਕ ਗਵਾਹ ਵਜੋਂ ਬਪਤਿਸਮਾ ਲੈ ਲਿਆ। ਉਹ ਪਿਛਲੇ ਦਸ ਸਾਲਾਂ ਤੋਂ ਪੂਰੇ ਸਮੇਂ ਦੀ ਸੇਵਕਾਈ ਕਰ ਰਿਹਾ ਹੈ। ਉਹ ਸਾਫ਼ ਕਹਿੰਦਾ ਹੈ: “ਯਹੋਵਾਹ ਦੀ ਸੇਵਾ ਹੀ ਕਰਨੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਕੋਈ ਵੀ ਚੀਜ਼ ਇਸ ਦੀ ਬਰਾਬਰੀ ਨਹੀਂ ਕਰ ਸਕਦੀ। ਯਹੋਵਾਹ ਨੂੰ ਜਾਣਨ ਨਾਲ ਮੈਨੂੰ ਆਪਣੀ ਜ਼ਿੰਦਗੀ ਦੇ ਮਕਸਦ ਬਾਰੇ ਪਤਾ ਲੱਗਾ ਹੈ।”

ਬੇਸ਼ੱਕ, ਬਹੁਤ ਸਾਰੇ ਲੋਕ ਸਿਰਫ਼ ਇਸ ਗੱਲ ਤੋਂ ਹੀ ਪਰੇਸ਼ਾਨ ਨਹੀਂ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਨਹੀਂ ਪਤਾ ਹੈ। ਜਿੱਦਾਂ-ਜਿੱਦਾਂ ਦੁਨੀਆਂ ਦੇ ਹਾਲਾਤ ਖ਼ਰਾਬ ਹੁੰਦੇ ਜਾਂਦੇ ਹਨ, ਜ਼ਿਆਦਾ ਤੋਂ ਜ਼ਿਆਦਾ ਲੋਕ ਇਕ ਹੋਰ ਜ਼ਰੂਰੀ ਸਵਾਲ ਤੋਂ ਪਰੇਸ਼ਾਨ ਹਨ।

ਇਹ ਸਭ ਕੁਝ ਕਿਉਂ ਹੁੰਦਾ ਹੈ?

ਜਦੋਂ ਕੋਈ ਬਿਪਤਾ ਆਉਂਦੀ ਹੈ, ਤਾਂ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੇ ਮਨਾਂ ਵਿਚ ਇਹੀ ਸਵਾਲ ਉੱਠਦਾ ਹੈ: ਇਹ ਸਭ ਕੁਝ ਕਿਉਂ ਹੁੰਦਾ ਹੈ? ਬਿਪਤਾ ਦਾ ਮਜ਼ਬੂਤ ਦਿਲ ਨਾਲ ਸਾਮ੍ਹਣਾ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਇਸ ਸਵਾਲ ਦਾ ਸਹੀ ਜਵਾਬ ਮਿਲ ਜਾਵੇ। ਜੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ, ਤਾਂ ਲੋਕਾਂ ਦਾ ਦੁੱਖ ਬਰਕਰਾਰ ਰਹਿੰਦਾ ਹੈ ਜਿਸ ਕਰਕੇ ਉਨ੍ਹਾਂ ਵਿਚ ਕੁੜੱਤਣ ਪੈਦਾ ਹੋ ਸਕਦੀ ਹੈ। ਮਿਸਾਲ ਲਈ ਬਰੂਨੀ ਦੇ ਤਜਰਬੇ ਤੇ ਗੌਰ ਕਰੋ।

ਇਕ ਅੱਧਖੜ ਉਮਰ ਦੀ ਮਾਂ ਬਰੂਨੀ ਕਹਿੰਦੀ ਹੈ: “ਕੁਝ ਸਾਲ ਪਹਿਲਾਂ ਮੇਰੀ ਬੱਚੀ ਦੀ ਮੌਤ ਹੋ ਗਈ। ਮੈਂ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੀ ਸੀ, ਇਸ ਲਈ ਮੈਂ ਦਿਲਾਸੇ ਲਈ ਪਾਦਰੀ ਕੋਲ ਗਈ। ਉਸ ਨੇ ਮੈਨੂੰ ਕਿਹਾ ਕਿ ਸੁਜ਼ੈਨ ਨੂੰ ਪਰਮੇਸ਼ੁਰ ਨੇ ਆਪਣੇ ਕੋਲ ਸਵਰਗ ਬੁਲਾ ਲਿਆ ਸੀ ਜਿੱਥੇ ਹੁਣ ਉਹ ਇਕ ਪਰੀ ਬਣ ਗਈ ਸੀ। ਉਸ ਦੀ ਮੌਤ ਹੋਣ ਨਾਲ ਮੇਰੀ ਤਾਂ ਦੁਨੀਆਂ ਹੀ ਉਜੜ ਗਈ ਸੀ। ਇਸ ਲਈ ਮੈਂ ਪਰਮੇਸ਼ੁਰ ਨੂੰ ਨਫ਼ਰਤ ਕਰਨ ਲੱਗ ਪਈ ਕਿ ਉਸ ਨੇ ਮੇਰੀ ਬੱਚੀ ਨੂੰ ਮੇਰੇ ਕੋਲੋਂ ਕਿਉਂ ਖੋਹ ਲਿਆ ਹੈ।” ਕਈ ਸਾਲਾਂ ਤਕ ਬਰੂਨੀ ਬਹੁਤ ਹੀ ਦੁਖੀ ਤੇ ਉਦਾਸ ਰਹੀ। “ਫਿਰ ਯਹੋਵਾਹ ਦੇ ਇਕ ਗਵਾਹ ਨੇ ਮੈਨੂੰ ਬਾਈਬਲ ਤੋਂ ਦਿਖਾਇਆ ਕਿ ਪਰਮੇਸ਼ੁਰ ਨਾਲ ਮੇਰੀ ਨਫ਼ਰਤ ਬੇਬੁਨਿਆਦ ਸੀ। ਯਹੋਵਾਹ ਨੇ ਨਾ ਤਾਂ ਸੁਜ਼ੈਨ ਨੂੰ ਸਵਰਗ ਵਿਚ ਆਪਣੇ ਕੋਲ ਬੁਲਾਇਆ ਸੀ ਤੇ ਨਾ ਹੀ ਉਹ ਕੋਈ ਪਰੀ ਸੀ। ਉਸ ਦੀ ਬੀਮਾਰੀ ਦੀ ਵਜ੍ਹਾ ਇਨਸਾਨੀ ਨਾਮੁਕੰਮਲਤਾ ਸੀ। ਸੁਜ਼ੈਨ ਮੌਤ ਦੀ ਨੀਂਦ ਸੁੱਤੀ ਪਈ ਹੈ ਤੇ ਯਹੋਵਾਹ ਦੁਆਰਾ ਮੁੜ ਜੀਉਂਦੇ ਕੀਤੇ ਜਾਣ ਦੀ ਉਡੀਕ ਕਰ ਰਹੀ ਹੈ। ਮੈਨੂੰ ਇਹ ਵੀ ਪਤਾ ਲੱਗਾ ਕਿ ਇਨਸਾਨਾਂ ਨੂੰ ਧਰਤੀ ਉੱਤੇ ਹਮੇਸ਼ਾ ਜੀਉਂਦੇ ਰਹਿਣ ਲਈ ਬਣਾਇਆ ਗਿਆ ਸੀ ਅਤੇ ਭਵਿੱਖ ਵਿਚ ਜਲਦੀ ਹੀ ਇੱਦਾਂ ਹੋਣ ਵਾਲਾ ਹੈ। ਜਦੋਂ ਮੈਨੂੰ ਪਤਾ ਲੱਗ ਗਿਆ ਕਿ ਯਹੋਵਾਹ ਅਸਲ ਵਿਚ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ, ਤਾਂ ਮੇਰੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਪੈਦਾ ਹੋ ਗਿਆ ਅਤੇ ਮੇਰਾ ਦੁੱਖ ਘਟਣਾ ਸ਼ੁਰੂ ਹੋ ਗਿਆ।”—ਜ਼ਬੂਰਾਂ ਦੀ ਪੋਥੀ 37:29; ਰਸੂਲਾਂ ਦੇ ਕਰਤੱਬ 24:15; ਰੋਮੀਆਂ 5:12.

ਕਰੋੜਾਂ ਹੀ ਲੋਕ ਕਿਸੇ ਨਾ ਕਿਸੇ ਬਿਪਤਾ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ, ਜਿਵੇਂ ਲੜਾਈ, ਕਾਲ, ਕੁਦਰਤੀ ਆਫ਼ਤ ਜਾਂ ਉਨ੍ਹਾਂ ਦੀ ਆਪਣੀ ਜ਼ਿੰਦਗੀ ਵਿਚ ਕੋਈ ਦੁਖਾਂਤ। ਬਰੂਨੀ ਨੂੰ ਬਾਈਬਲ ਤੋਂ ਇਹ ਜਾਣ ਕੇ ਬੜਾ ਆਰਾਮ ਮਿਲਿਆ ਕਿ ਯਹੋਵਾਹ ਬਿਪਤਾਵਾਂ ਲਈ ਜ਼ਿੰਮੇਵਾਰ ਨਹੀਂ ਹੈ। ਉਸ ਨੇ ਕਦੀ ਨਹੀਂ ਚਾਹਿਆ ਕਿ ਇਨਸਾਨ ਦੁਖੀ ਹੋਣ ਅਤੇ ਉਹ ਬਹੁਤ ਜਲਦੀ ਬੁਰਾਈ ਨੂੰ ਖ਼ਤਮ ਕਰਨ ਵਾਲਾ ਹੈ। ਅਸਲ ਵਿਚ, ਅੱਜ ਵਧਦੀ ਜਾਂਦੀ ਬੁਰਾਈ ਇਸ ਗੱਲ ਦਾ ਲੱਛਣ ਹੈ ਕਿ ਅਸੀਂ ਇਸ ਦੁਨੀਆਂ ਦੇ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ। ਅਸੀਂ ਸਾਰੇ ਜਿਸ ਵੱਡੀ ਤਬਦੀਲੀ ਦੀ ਉਡੀਕ ਕਰ ਰਹੇ ਹਾਂ, ਉਹ ਬਹੁਤ ਹੀ ਜਲਦੀ ਆਉਣ ਵਾਲੀ ਹੈ।—2 ਤਿਮੋਥਿਉਸ 3:1-5; ਮੱਤੀ 24:7, 8.

ਪਰਮੇਸ਼ੁਰ ਨੂੰ ਜਾਣਨਾ

ਹਾਂਸ ਅਤੇ ਬਰੂਨੀ ਦੂਜੇ ਲੋਕਾਂ ਵਾਂਗ ਪਰਮੇਸ਼ੁਰ ਬਾਰੇ ਥੋੜ੍ਹਾ-ਬਹੁਤ ਹੀ ਜਾਣਦੇ ਸਨ। ਉਹ ਪਰਮੇਸ਼ੁਰ ਨੂੰ ਨਿੱਜੀ ਤੌਰ ਤੇ ਜਾਣੇ ਬਗੈਰ ਹੀ ਉਸ ਵਿਚ ਵਿਸ਼ਵਾਸ ਕਰਦੇ ਸਨ। ਜਦੋਂ ਉਨ੍ਹਾਂ ਨੇ ਯਹੋਵਾਹ ਬਾਰੇ ਸਹੀ ਗਿਆਨ ਲੈਣ ਲਈ ਸਮਾਂ ਕੱਢਿਆ, ਤਾਂ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ। ਉਨ੍ਹਾਂ ਨੂੰ ਅਹਿਮ ਸਵਾਲਾਂ ਦੇ ਸਹੀ-ਸਹੀ ਜਵਾਬ ਮਿਲੇ। ਇਸ ਨਾਲ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਅਤੇ ਭਵਿੱਖ ਦੀ ਇਕ ਪੱਕੀ ਉਮੀਦ ਮਿਲੀ। ਯਹੋਵਾਹ ਦੇ ਲੱਖਾਂ ਹੀ ਸੇਵਕਾਂ ਦੇ ਇਸੇ ਤਰ੍ਹਾਂ ਦੇ ਤਜਰਬੇ ਹੋਏ ਹਨ।

ਯਹੋਵਾਹ ਨੂੰ ਜਾਣਨ ਦਾ ਪਹਿਲਾ ਕਦਮ ਬਾਈਬਲ ਦਾ ਧਿਆਨ ਨਾਲ ਅਧਿਐਨ ਕਰਨਾ ਹੈ। ਇਹ ਸਾਨੂੰ ਪਰਮੇਸ਼ੁਰ ਬਾਰੇ ਅਤੇ ਉਸ ਦੀਆਂ ਮੰਗਾਂ ਬਾਰੇ ਦੱਸਦੀ ਹੈ। ਪਹਿਲੀ ਸਦੀ ਵਿਚ ਕੁਝ ਲੋਕਾਂ ਨੇ ਇਸੇ ਤਰ੍ਹਾਂ ਕੀਤਾ ਸੀ। ਇਤਿਹਾਸਕਾਰ ਅਤੇ ਡਾਕਟਰ ਲੂਕਾ ਦੱਸਦਾ ਹੈ ਕਿ ਯੂਨਾਨ ਵਿਚ ਬਰਿਯਾ ਸ਼ਹਿਰ ਦੀ ਯਹੂਦੀ ਕਲੀਸਿਯਾ ਦੇ ਮੈਂਬਰਾਂ ਨੇ “ਦਿਲ ਦੀ ਵੱਡੀ ਚਾਹ ਨਾਲ [ਪੌਲੁਸ ਅਤੇ ਸੀਲਾਸ ਤੋਂ] ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।”—ਰਸੂਲਾਂ ਦੇ ਕਰਤੱਬ 17:10, 11.

ਪਹਿਲੀ ਸਦੀ ਦੇ ਮਸੀਹੀ ਭਗਤੀ ਕਰਨ ਲਈ ਕਲੀਸਿਯਾਵਾਂ ਵਿਚ ਵੀ ਇਕੱਠੇ ਹੁੰਦੇ ਸਨ। (ਰਸੂਲਾਂ ਦੇ ਕਰਤੱਬ 2:41, 42, 46; 1 ਕੁਰਿੰਥੀਆਂ 1:1, 2; ਗਲਾਤੀਆਂ 1:1, 2; 2 ਥੱਸਲੁਨੀਕੀਆਂ 1:1) ਅੱਜ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਸਭਾਵਾਂ ਹੁੰਦੀਆਂ ਹਨ ਜੋ ਯਹੋਵਾਹ ਦੇ ਨੇੜੇ ਜਾਣ ਅਤੇ ਖ਼ੁਸ਼ੀ ਨਾਲ ਉਸ ਦੀ ਸੇਵਾ ਕਰਨ ਵਿਚ ਲੋਕਾਂ ਦੀ ਮਦਦ ਕਰਦੀਆਂ ਹਨ। ਤੁਹਾਨੂੰ ਆਪਣੇ ਇਲਾਕੇ ਦੇ ਗਵਾਹਾਂ ਨਾਲ ਸੰਗਤੀ ਕਰਨ ਦਾ ਹੋਰ ਵੀ ਫ਼ਾਇਦਾ ਹੋਵੇਗਾ। ਲੋਕ ਹੌਲੀ-ਹੌਲੀ ਆਪਣੇ ਪਰਮੇਸ਼ੁਰ ਵਰਗੇ ਬਣ ਜਾਂਦੇ ਹਨ, ਇਸੇ ਤਰ੍ਹਾਂ ਯਹੋਵਾਹ ਦੇ ਗਵਾਹ ਵੀ ਨਾਮੁਕੰਮਲ ਹੋਣ ਦੇ ਬਾਵਜੂਦ, ਆਪਣੇ ਵਿਚ ਯਹੋਵਾਹ ਦੇ ਗੁਣ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਗਵਾਹਾਂ ਨਾਲ ਇਕੱਠੇ ਹੋਣ ਨਾਲ ਸਾਨੂੰ ਯਹੋਵਾਹ ਬਾਰੇ ਹੋਰ ਵੀ ਚੰਗੀ ਤਰ੍ਹਾਂ ਜਾਣਕਾਰੀ ਲੈਣ ਵਿਚ ਮਦਦ ਮਿਲਦੀ ਹੈ।—ਇਬਰਾਨੀਆਂ 10:24, 25.

ਕੀ ਤੁਹਾਨੂੰ ਇੱਦਾਂ ਨਹੀਂ ਲੱਗਦਾ ਕਿ ਸਿਰਫ਼ ਇਕ ਵਿਅਕਤੀ, ਯਾਨੀ ਪਰਮੇਸ਼ੁਰ ਨੂੰ ਜਾਣਨ ਲਈ ਇੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ? ਇਸ ਵਿਚ ਮਿਹਨਤ ਤਾਂ ਕਰਨੀ ਹੀ ਪੈਣੀ ਹੈ। ਪਰ ਕੀ ਇਹ ਸੱਚ ਨਹੀਂ ਹੈ ਕਿ ਜ਼ਿੰਦਗੀ ਵਿਚ ਕੁਝ ਵੀ ਹਾਸਲ ਕਰਨ ਲਈ ਤੁਹਾਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ? ਚੋਟੀ ਦੇ ਖਿਡਾਰੀਆਂ ਨੂੰ ਹੀ ਲਓ ਜੋ ਮੁਕਾਬਲੇ ਲਈ ਸਖ਼ਤ ਮਿਹਨਤ ਕਰਦੇ ਹਨ। ਉਦਾਹਰਣ ਲਈ, ਸੋਨ ਤਮਗਾ ਜਿੱਤਣ ਵਾਲੇ ਫ਼ਰਾਂਸ ਦੇ ਓਲੰਪਕ ਸਕੀਇੰਗ ਖਿਡਾਰੀ ਜ਼ੌਨ-ਕਲੋਡ ਕੀਲੀ ਦੱਸਦਾ ਹੈ ਕਿ ਅੰਤਰਰਾਸ਼ਟਰੀ ਖੇਡਾਂ ਵਿਚ ਇਕ ਸਫ਼ਲ ਖਿਡਾਰੀ ਬਣਨ ਲਈ ਕੀ ਕੁਝ ਕਰਨਾ ਪੈਂਦਾ ਹੈ: “ਓਲੰਪਕ ਖੇਡਾਂ ਸ਼ੁਰੂ ਹੋਣ ਤੋਂ 10 ਸਾਲ ਪਹਿਲਾਂ ਹੀ ਤੁਹਾਨੂੰ ਤਿਆਰੀ ਕਰਨੀ ਸ਼ੁਰੂ ਕਰਨੀ ਪੈਂਦੀ ਹੈ। ਯੋਜਨਾ ਬਣਾਉਣ ਵਿਚ ਕਈ-ਕਈ ਸਾਲ ਲੱਗ ਜਾਂਦੇ ਹਨ ਅਤੇ ਹਰ ਘੜੀ ਇਸ ਬਾਰੇ ਸੋਚਣਾ ਪੈਂਦਾ ਹੈ . . . ਸਾਲ ਦਾ ਇਕ-ਇਕ ਦਿਨ ਕੀਮਤੀ ਹੋਣ ਕਾਰਨ ਆਪਣਾ ਤਨ-ਮਨ ਲਾ ਕੇ ਮਿਹਨਤ ਕਰਨੀ ਪੈਂਦੀ ਹੈ।” ਇੰਨਾ ਸਾਰਾ ਸਮਾਂ ਅਤੇ ਮਿਹਨਤ ਸਿਰਫ਼ 10 ਮਿੰਟਾਂ ਦੀ ਦੌੜ ਵਿਚ ਹਿੱਸਾ ਲੈਣ ਵਾਸਤੇ ਲਾਏ ਜਾਂਦੇ ਹਨ! ਤਾਂ ਫਿਰ ਜ਼ਰਾ ਸੋਚੋ ਕਿ ਸਾਨੂੰ ਯਹੋਵਾਹ ਬਾਰੇ ਜਾਣਨ ਲਈ ਕਿੰਨਾ ਸਮਾਂ ਲਾਉਣ ਅਤੇ ਮਿਹਨਤ ਕਰਨ ਦੀ ਲੋੜ ਹੈ ਜਿਸ ਤੋਂ ਸਾਨੂੰ ਅੱਜ ਅਤੇ ਹਮੇਸ਼ਾ ਲਈ ਫ਼ਾਇਦੇ ਹੋਣਗੇ।

ਰਿਸ਼ਤਾ ਜੋ ਗੂੜ੍ਹਾ ਹੁੰਦਾ ਜਾਂਦਾ ਹੈ

ਕਿਹੜਾ ਵਿਅਕਤੀ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਕਿਸੇ ਮਹੱਤਵਪੂਰਣ ਚੀਜ਼ ਦੀ ਕਮੀ ਹੋਵੇ? ਕੋਈ ਵੀ ਨਹੀਂ। ਇਸ ਲਈ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਅਸਲੀ ਮਕਸਦ ਦੀ ਕਮੀ ਹੈ ਜਾਂ ਜੇ ਤੁਸੀਂ ਇਸ ਸਵਾਲ ਦਾ ਜਵਾਬ ਲੱਭ ਰਹੇ ਹੋ ਕਿ ਬਿਪਤਾਵਾਂ ਕਿਉਂ ਆਉਂਦੀਆਂ ਹਨ, ਤਾਂ ਬਾਈਬਲ ਦੇ ਪਰਮੇਸ਼ੁਰ ਯਹੋਵਾਹ ਬਾਰੇ ਜਾਣਨ ਦਾ ਪੱਕਾ ਇਰਾਦਾ ਕਰੋ। ਉਸ ਬਾਰੇ ਜਾਣਨ ਨਾਲ ਸਾਡੀ ਜ਼ਿੰਦਗੀ ਬਿਹਤਰ ਹੋ ਸਕਦੀ ਹੈ ਅਤੇ ਹਮੇਸ਼ਾ ਹੁੰਦੀ ਜਾਵੇਗੀ।

ਕੀ ਯਹੋਵਾਹ ਬਾਰੇ ਸਿੱਖਣਾ ਇਕ ਦਿਨ ਖ਼ਤਮ ਹੋ ਜਾਵੇਗਾ? ਜੋ ਲੋਕ ਕਈ ਦਹਾਕਿਆਂ ਤੋਂ ਉਸ ਦੀ ਸੇਵਾ ਕਰਦੇ ਆਏ ਹਨ, ਉਹ ਅਜੇ ਵੀ ਉਨ੍ਹਾਂ ਗੱਲਾਂ ਉੱਤੇ ਹੈਰਾਨ ਹੁੰਦੇ ਹਨ ਜੋ ਉਨ੍ਹਾਂ ਨੇ ਸਿੱਖੀਆਂ ਹਨ ਅਤੇ ਲਗਾਤਾਰ ਸਿੱਖ ਰਹੇ ਹਨ। ਅਜਿਹੀਆਂ ਗੱਲਾਂ ਸਿੱਖਣ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ ਅਤੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਪਹਿਲਾਂ ਨਾਲੋਂ ਵੀ ਗੂੜ੍ਹਾ ਹੁੰਦਾ ਜਾਂਦਾ ਹੈ। ਆਓ ਆਪਾਂ ਵੀ ਪੌਲੁਸ ਰਸੂਲ ਵਾਂਗ ਪਰਮੇਸ਼ੁਰ ਦੀ ਮਹਿਮਾ ਕਰੀਏ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ! ਪ੍ਰਭੁ ਦੀ ਬੁੱਧੀ ਨੂੰ ਕਿਸ ਜਾਣਿਆ, ਯਾ ਕੌਣ ਉਹ ਦਾ ਸਲਾਹੀ ਬਣਿਆ?”—ਰੋਮੀਆਂ 11:33, 34.

[ਫੁਟਨੋਟ]

^ ਪੈਰਾ 12 ਨਾਂ ਬਦਲ ਦਿੱਤੇ ਗਏ ਹਨ।

[ਸਫ਼ੇ 5 ਉੱਤੇ ਸੁਰਖੀ]

ਲੋਕ ਅੱਜ ਉਹੀ ਪੁਰਾਣੇ ਸਵਾਲ ਪੁੱਛਦੇ ਹਨ: ‘ਮੈਂ ਦੁਨੀਆਂ ਵਿਚ ਕਿਉਂ ਆਇਆ ਹਾਂ? ਭਵਿੱਖ ਵਿਚ ਮੇਰੇ ਨਾਲ ਕੀ ਹੋਣ ਵਾਲਾ ਹੈ? ਜ਼ਿੰਦਗੀ ਦਾ ਕੀ ਮਤਲਬ ਹੈ?’

[ਸਫ਼ੇ 6 ਉੱਤੇ ਸੁਰਖੀ]

“ਜਦੋਂ ਮੈਨੂੰ ਪਤਾ ਲੱਗ ਗਿਆ ਕਿ ਯਹੋਵਾਹ ਅਸਲ ਵਿਚ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ, ਤਾਂ ਮੇਰੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਪੈਦਾ ਹੋ ਗਿਆ”

[ਸਫ਼ੇ 7 ਉੱਤੇ ਸੁਰਖੀ]

“ਯਹੋਵਾਹ ਦੀ ਸੇਵਾ ਕਰਨੀ ਹੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਕੋਈ ਵੀ ਚੀਜ਼ ਇਸ ਦੀ ਬਰਾਬਰੀ ਨਹੀਂ ਕਰ ਸਕਦੀ। ਯਹੋਵਾਹ ਨੂੰ ਜਾਣਨ ਨਾਲ ਮੈਨੂੰ ਆਪਣੀ ਜ਼ਿੰਦਗੀ ਦੇ ਮਕਸਦ ਬਾਰੇ ਪਤਾ ਲੱਗਾ ਹੈ”