Skip to content

Skip to table of contents

“ਸੱਚੇ ਬੁੱਲ੍ਹ ਸਦਾ ਤਾਈਂ ਰਹਿਣਗੇ”

“ਸੱਚੇ ਬੁੱਲ੍ਹ ਸਦਾ ਤਾਈਂ ਰਹਿਣਗੇ”

“ਸੱਚੇ ਬੁੱਲ੍ਹ ਸਦਾ ਤਾਈਂ ਰਹਿਣਗੇ”

ਇਹ ਛੋਟੀ ਜਿਹੀ ਚੀਜ਼ ਇਕ ਇਨਸਾਨ ਦੀ ਪੂਰੀ ਜ਼ਿੰਦਗੀ ਨੂੰ ਤਬਾਹ ਕਰ ਸਕਦੀ ਹੈ, ਠੀਕ ਜਿਵੇਂ ਇਕ ਛੋਟੀ ਜਿਹੀ ਚੰਗਿਆੜੀ ਭਾਂਬੜ ਬਣ ਕੇ ਪੂਰੇ ਜੰਗਲ ਨੂੰ ਜਲਾ ਕੇ ਭਸਮ ਕਰ ਸਕਦੀ ਹੈ। ਇਹ ਜ਼ਹਿਰ ਨਾਲ ਭਰੀ ਹੋ ਸਕਦੀ ਹੈ, ਪਰ ਇਹ “ਜੀਉਣ ਦਾ ਬਿਰਛ” ਵੀ ਹੋ ਸਕਦੀ ਹੈ। (ਕਹਾਉਤਾਂ 15:4) ਜ਼ਿੰਦਗੀ ਤੇ ਮੌਤ ਇਸ ਦੇ ਵੱਸ ਵਿਚ ਹਨ। (ਕਹਾਉਤਾਂ 18:21) ਇਸ ਵਿਚ ਇੰਨੀ ਜ਼ਿਆਦਾ ਤਾਕਤ ਹੈ ਕਿ ਇਹ ਸਾਡੇ ਸਾਰੇ ਸਰੀਰ ਨੂੰ ਦਾਗ਼ੀ ਕਰ ਸਕਦੀ ਹੈ। ਇਹ ਕਿਹੜੀ ਚੀਜ਼ ਹੈ? ਇਹ ਹੈ ਸਾਡੀ ਜੀਭ ਜਾਂ ਜ਼ਬਾਨ। (ਯਾਕੂਬ 3:5-9) ਇਸ ਲਈ ਸਾਨੂੰ ਜ਼ਬਾਨ ਸੰਭਾਲ ਕੇ ਗੱਲ ਕਰਨੀ ਚਾਹੀਦੀ ਹੈ।

ਬਾਈਬਲ ਵਿਚ ਕਹਾਉਤਾਂ ਦੀ ਕਿਤਾਬ ਦੇ 12ਵੇਂ ਅਧਿਆਇ ਦੇ ਦੂਜੇ ਹਿੱਸੇ ਵਿਚ ਪ੍ਰਾਚੀਨ ਇਸਰਾਏਲ ਦਾ ਰਾਜਾ ਸੁਲੇਮਾਨ ਬਹੁਮੁੱਲੀ ਸਲਾਹ ਦਿੰਦਾ ਹੈ ਜੋ ਜ਼ਬਾਨ ਸੰਭਾਲ ਕੇ ਬੋਲਣ ਵਿਚ ਸਾਡੀ ਮਦਦ ਕਰਦੀ ਹੈ। ਛੋਟੀਆਂ-ਛੋਟੀਆਂ ਪਰ ਅਰਥਪੂਰਣ ਕਹਾਵਤਾਂ ਦੇ ਜ਼ਰੀਏ, ਬੁੱਧੀਮਾਨ ਰਾਜਾ ਦੱਸਦਾ ਹੈ ਕਿ ਸਾਡੀਆਂ ਗੱਲਾਂ ਦਾ ਚੰਗਾ ਜਾਂ ਬੁਰਾ ਅਸਰ ਪੈਂਦਾ ਹੈ। ਇਸ ਦੇ ਨਾਲ-ਨਾਲ ਬੋਲਣ ਵਾਲੇ ਦੀਆਂ ਗੱਲਾਂ ਤੋਂ ਉਸ ਦੇ ਗੁਣਾਂ ਬਾਰੇ ਵੀ ਪਤਾ ਲੱਗਦਾ ਹੈ। ਸੁਲੇਮਾਨ ਦੀ ਪ੍ਰੇਰਿਤ ਸਲਾਹ ਉਸ ਹਰੇਕ ਵਿਅਕਤੀ ਲਈ ਬੜੀ ਅਹਿਮੀਅਤ ਰੱਖਦੀ ਹੈ ਜੋ ‘ਆਪਣੇ ਬੁੱਲ੍ਹਾਂ ਦੇ ਦਰ ਉੱਤੇ ਰਾਖਾ ਰੱਖਣਾ’ ਚਾਹੁੰਦਾ ਹੈ।—ਜ਼ਬੂਰਾਂ ਦੀ ਪੋਥੀ 141:3.

‘ਅਪਰਾਧ ਨਾਲ ਫੱਸ ਜਾਣਾ’

ਸੁਲੇਮਾਨ ਕਹਿੰਦਾ ਹੈ: “ਬੁਰਿਆਰ ਆਪਣੇ ਬੁੱਲ੍ਹਾਂ ਦੇ ਅਪਰਾਧ ਨਾਲ ਫੱਸ ਜਾਂਦਾ ਹੈ, ਪਰ ਧਰਮੀ ਦੁਖ ਤੋਂ ਬਚ ਨਿੱਕਲਦਾ ਹੈ।” (ਕਹਾਉਤਾਂ 12:13) ਝੂਠ ਬੋਲ ਕੇ ਇਕ ਵਿਅਕਤੀ ਆਪਣੇ ਬੁੱਲ੍ਹਾਂ ਨਾਲ ਅਪਰਾਧ ਕਰਦਾ ਹੈ ਜੋ ਉਸ ਲਈ ਜਾਨਲੇਵਾ ਫੰਦਾ ਬਣ ਜਾਂਦਾ ਹੈ। (ਪਰਕਾਸ਼ ਦੀ ਪੋਥੀ 21:8) ਝੂਠ ਸਜ਼ਾ ਤੋਂ ਬਚਣ ਜਾਂ ਕਿਸੇ ਔਖੀ ਘੜੀ ਵਿੱਚੋਂ ਨਿਕਲਣ ਦਾ ਆਸਾਨ ਤਰੀਕਾ ਲੱਗ ਸਕਦਾ ਹੈ। ਪਰ ਕੀ ਇਹ ਸੱਚ ਨਹੀਂ ਕਿ ਝੂਠਾ ਇਨਸਾਨ ਇਕ ਝੂਠ ਛੁਪਾਉਣ ਦੀ ਖ਼ਾਤਰ ਹੋਰ ਝੂਠ ਬੋਲਣ ਲੱਗ ਪੈਂਦਾ ਹੈ? ਜਿਸ ਤਰ੍ਹਾਂ ਇਕ ਜੁਆਰੀ ਸ਼ੁਰੂ ਵਿਚ ਥੋੜ੍ਹੇ-ਥੋੜ੍ਹੇ ਪੈਸੇ ਦਾਅ ਉੱਤੇ ਲਾਉਂਦਾ ਹੈ, ਪਰ ਜਦੋਂ ਉਹ ਪੈਸੇ ਹਾਰ ਜਾਂਦਾ ਹੈ, ਤਾਂ ਉਹ ਆਪਣੇ ਹਾਰੇ ਪੈਸੇ ਜਿੱਤਣ ਲਈ ਵੱਡੇ-ਵੱਡੇ ਦਾਅ ਲਾਉਣ ਲੱਗ ਪੈਂਦਾ ਹੈ। ਉਸੇ ਤਰ੍ਹਾਂ ਝੂਠੇ ਆਦਮੀ ਨੂੰ ਇਕ ਝੂਠ ਛੁਪਾਉਣ ਲਈ ਸੌ ਝੂਠ ਬੋਲਣੇ ਪੈਂਦੇ ਹਨ।

ਬੁੱਲ੍ਹਾਂ ਦਾ ਅਪਰਾਧ ਇਕ ਵਿਅਕਤੀ ਨੂੰ ਇਕ ਹੋਰ ਫੰਦੇ ਵਿਚ ਫਸਾ ਲੈਂਦਾ ਹੈ। ਉਹ ਕੀ ਹੈ? ਦੂਜਿਆਂ ਨਾਲ ਝੂਠ ਬੋਲਣ ਵਾਲਾ ਆਪਣੇ ਆਪ ਨਾਲ ਵੀ ਝੂਠ ਬੋਲਣ ਲੱਗ ਪੈਂਦਾ ਹੈ। ਮਿਸਾਲ ਲਈ, ਝੂਠਾ ਬੰਦਾ ਆਸਾਨੀ ਨਾਲ ਆਪਣੇ ਆਪ ਨੂੰ ਯਕੀਨ ਦਿਵਾ ਸਕਦਾ ਹੈ ਕਿ ਉਸ ਨੂੰ ਬਹੁਤ ਗਿਆਨ ਹੈ ਅਤੇ ਉਹ ਬੜਾ ਅਕਲਮੰਦ ਹੈ, ਜਦ ਕਿ ਅਸਲ ਵਿਚ ਉਹ ਹੁੰਦਾ ਕੁਝ ਵੀ ਨਹੀਂ। ਇਸ ਤਰ੍ਹਾਂ ਉਹ ਝੂਠ ਨੂੰ ਹੀ ਸੱਚ ਮੰਨਣ ਲੱਗ ਪੈਂਦਾ ਹੈ। ਅਸਲ ਵਿਚ “ਉਹ ਆਪਣੀਆਂ ਅੱਖੀਆਂ ਵਿੱਚ ਆਪਣੇ ਆਪ ਨੂੰ ਫੁਸਲਾਉਂਦਾ ਹੈ” ਅਤੇ ਉਸ ਨੂੰ ਆਪਣੀ ਬਦੀ ਨਜ਼ਰ ਨਹੀਂ ਆਉਂਦੀ। (ਜ਼ਬੂਰਾਂ ਦੀ ਪੋਥੀ 36:2) ਝੂਠ ਦਾ ਫੰਦਾ ਕਿੰਨਾ ਖ਼ਤਰਨਾਕ ਹੈ! ਦੂਜੇ ਪਾਸੇ, ਧਰਮੀ ਆਪਣੇ ਆਪ ਨੂੰ ਇਸ ਖ਼ਤਰੇ ਵਿਚ ਨਹੀਂ ਪਾਵੇਗਾ। ਦੁੱਖਾਂ ਵਿਚ ਵੀ ਉਹ ਝੂਠ ਦਾ ਸਹਾਰਾ ਨਹੀਂ ਲਵੇਗਾ।

‘ਫਲ ਦੇ ਕਾਰਨ ਤ੍ਰਿਪਤ ਹੋਣਾ’

ਪੌਲੁਸ ਰਸੂਲ ਚੇਤਾਵਨੀ ਦਿੰਦਾ ਹੈ: “ਧੋਖਾ ਨਾ ਖਾਓ, ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਈਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” (ਗਲਾਤੀਆਂ 6:7) ਇਹ ਸਿਧਾਂਤ ਪੂਰੀ ਤਰ੍ਹਾਂ ਸਾਡੀ ਬੋਲੀ ਅਤੇ ਕੰਮਾਂ ਤੇ ਲਾਗੂ ਹੁੰਦਾ ਹੈ। ਸੁਲੇਮਾਨ ਕਹਿੰਦਾ ਹੈ: “ਆਦਮੀ ਆਪਣੇ ਬਚਨਾਂ ਦੇ ਫਲ ਦੇ ਕਾਰਨ ਭਲਿਆਈ ਨਾਲ ਤ੍ਰਿਪਤ ਹੁੰਦਾ ਹੈ, ਅਤੇ ਜੇਹੀ ਕਿਸੇ ਦੀ ਕਰਨੀ ਤੇਹੀ ਉਸੇ ਦੀ ਭਰਨੀ।”ਕਹਾਉਤਾਂ 12:14.

‘ਬੁੱਧੀ ਬੋਲਣ’ ਵਾਲਾ ਮੂੰਹ ਚੰਗਾ ਫਲ ਪੈਦਾ ਕਰਦਾ ਹੈ। (ਜ਼ਬੂਰਾਂ ਦੀ ਪੋਥੀ 37:30) ਬੁੱਧ ਦੇ ਲਈ ਗਿਆਨ ਦੀ ਲੋੜ ਹੈ। ਪਰ ਅੱਜ ਕਿਸੇ ਵੀ ਇਨਸਾਨ ਕੋਲ ਪੂਰਾ ਗਿਆਨ ਨਹੀਂ ਹੈ। ਇਸ ਲਈ ਸਾਰਿਆਂ ਨੂੰ ਚੰਗੀ ਸਲਾਹ ਸੁਣ ਕੇ ਉਸ ਉੱਤੇ ਅਮਲ ਕਰਨਾ ਚਾਹੀਦਾ ਹੈ। ਇਸਰਾਏਲ ਦਾ ਰਾਜਾ ਕਹਿੰਦਾ ਹੈ: “ਮੂਰਖ ਦੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਚੰਗੀ ਹੈ, ਪਰ ਬੁੱਧਵਾਨ ਸਲਾਹ ਨੂੰ ਮੰਨ ਲੈਂਦਾ ਹੈ।”—ਕਹਾਉਤਾਂ 12:15.

ਯਹੋਵਾਹ ਸਾਨੂੰ ਆਪਣੇ ਬਚਨ ਰਾਹੀਂ ਸਹੀ ਸਲਾਹ ਦਿੰਦਾ ਹੈ। ਉਹ ਸਾਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਦਿੱਤੇ ਜਾਂਦੇ ਪ੍ਰਕਾਸ਼ਨਾਂ ਦੀ ਮਦਦ ਨਾਲ ਆਪਣੇ ਸੰਗਠਨ ਰਾਹੀਂ ਵੀ ਸਲਾਹ ਦਿੰਦਾ ਹੈ। (ਮੱਤੀ 24:45; 2 ਤਿਮੋਥਿਉਸ 3:16) ਸਾਡੇ ਲਈ ਇਹ ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਜੇ ਅਸੀਂ ਚੰਗੀ ਸਲਾਹ ਛੱਡ ਕੇ ਆਪਣੀ ਮਰਜ਼ੀ ਕਰੀਏ! ਇਸ ਲਈ ‘ਆਦਮੀ ਨੂੰ ਵਿੱਦਿਆ ਸਿਖਾਉਣ’ ਵਾਲਾ ਪਰਮੇਸ਼ੁਰ ਯਹੋਵਾਹ ਜਦੋਂ ਸਾਨੂੰ ਆਪਣੇ ਸੰਗਠਨ ਰਾਹੀਂ ਸਲਾਹ ਦਿੰਦਾ ਹੈ, ਤਾਂ ਸਾਨੂੰ ‘ਸੁਣਨ ਵਿੱਚ ਕਾਹਲੇ’ ਹੋਣਾ ਚਾਹੀਦਾ ਹੈ।—ਯਾਕੂਬ 1:19; ਜ਼ਬੂਰਾਂ ਦੀ ਪੋਥੀ 94:10.

ਬੇਇੱਜ਼ਤੀ ਜਾਂ ਨੁਕਤਾਚੀਨੀ ਪ੍ਰਤੀ ਬੁੱਧੀਮਾਨ ਅਤੇ ਮੂਰਖ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਂਦੇ ਹਨ? ਸੁਲੇਮਾਨ ਜਵਾਬ ਦਿੰਦਾ ਹੈ: “ਮੂਰਖ ਦੀ ਖੱਚ ਝੱਟ ਪਰਗਟ ਹੋ ਜਾਂਦੀ ਹੈ, ਪਰ ਸਿਆਣਾ ਅਪਜਸ ਨੂੰ ਛਿਪਾ ਲੈਂਦਾ ਹੈ।”ਕਹਾਉਤਾਂ 12:16.

ਬੇਇੱਜ਼ਤੀ ਹੋਣ ਤੇ ਮੂਰਖ ਗੁੱਸੇ ਵਿਚ “ਝੱਟ” ਜਵਾਬ ਦਿੰਦਾ ਹੈ। ਪਰ ਸਿਆਣਾ ਆਪਣੇ ਆਪ ਤੇ ਕਾਬੂ ਰੱਖਣ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹੈ। ਉਹ ਪਰਮੇਸ਼ੁਰ ਦੇ ਬਚਨ ਦੀ ਸਲਾਹ ਉੱਤੇ ਮਨਨ ਕਰਦਾ ਹੈ ਅਤੇ ਯਿਸੂ ਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਦਿੰਦਾ ਹੈ: “ਜੋ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤੂੰ ਦੂਈ ਵੀ ਉਹ ਦੀ ਵੱਲ ਭੁਆ ਦਿਹ।” (ਮੱਤੀ 5:39) ਸਿਆਣਾ ਆਦਮੀ ਬਿਨਾਂ ਸੋਚੇ-ਸਮਝੇ ਬੋਲਣ ਤੋਂ ਆਪਣੇ ਬੁੱਲ੍ਹਾਂ ਨੂੰ ਰੋਕ ਕੇ ਰੱਖਦਾ ਕਿਉਂਕਿ ਉਹ “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ” ਨਹੀਂ ਕਰਨੀ ਚਾਹੁੰਦਾ। (ਰੋਮੀਆਂ 12:17) ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਨਾਲ ਹੋਈ ਕਿਸੇ ਬੇਇੱਜ਼ਤੀ ਨੂੰ ਛਿਪਾ ਲੈਂਦੇ ਹਾਂ, ਤਾਂ ਅਸੀਂ ਗੱਲ ਅੱਗੇ ਵਧਣ ਤੋਂ ਰੋਕ ਲੈਂਦੇ ਹਾਂ।

‘ਚੰਗਾ ਕਰਨ ਵਾਲੀ ਜ਼ਬਾਨ’

ਬੁੱਲ੍ਹਾਂ ਦਾ ਅਪਰਾਧ ਅਦਾਲਤੀ ਮੁਕੱਦਮੇ ਤੇ ਮਾੜਾ ਅਸਰ ਪਾ ਸਕਦਾ ਹੈ। ਇਸਰਾਏਲ ਦਾ ਰਾਜਾ ਕਹਿੰਦਾ ਹੈ: “ਜਿਹੜਾ ਸੱਚ ਬੋਲਦਾ ਹੈ ਉਹ ਧਰਮ ਨੂੰ ਦੱਸਦਾ ਹੈ, ਪਰ ਝੂਠਾ ਗਵਾਹ ਛਲ ਨੂੰ।” (ਕਹਾਉਤਾਂ 12:17) ਸੱਚੇ ਗਵਾਹ ਦੀ ਗਵਾਹੀ ਭਰੋਸੇਯੋਗ ਹੁੰਦੀ ਹੈ ਅਤੇ ਉਸ ਦੀ ਗਵਾਹੀ ਇਨਸਾਫ਼ ਕਰਨ ਵਿਚ ਮਦਦ ਕਰਦੀ ਹੈ। ਦੂਜੇ ਪਾਸੇ, ਝੂਠੇ ਗਵਾਹ ਦੇ ਸ਼ਬਦ ਛਲ ਨਾਲ ਭਰੇ ਹੁੰਦੇ ਹਨ ਜੋ ਅਦਾਲਤ ਦੇ ਫ਼ੈਸਲੇ ਨੂੰ ਗ਼ਲਤ ਮੋੜ ਦੇ ਦਿੰਦੇ ਹਨ।

ਸੁਲੇਮਾਨ ਅੱਗੇ ਕਹਿੰਦਾ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾਉਤਾਂ 12:18) ਬਿਨਾਂ ਸੋਚੇ-ਸਮਝੇ ਕਹੇ ਸ਼ਬਦ ਦਿਲ ਨੂੰ ਤਲਵਾਰ ਵਾਂਗ ਵਿੰਨ੍ਹ ਸਕਦੇ ਹਨ। ਇਸ ਨਾਲ ਗ਼ਲਤਫ਼ਹਿਮੀਆਂ ਖੜ੍ਹੀਆਂ ਹੋ ਸਕਦੀਆਂ ਹਨ ਤੇ ਦੋਸਤੀ ਦਾ ਕਤਲ ਹੋ ਸਕਦਾ ਹੈ। ਜਾਂ ਫਿਰ ਸ਼ਬਦ ਮਿੱਠੇ ਤੇ ਸੁਹਾਵਣੇ ਵੀ ਹੋ ਸਕਦੇ ਹਨ ਜੋ ਦਿਲ ਨੂੰ ਖ਼ੁਸ਼ ਕਰਦੇ ਹਨ ਅਤੇ ਦੋਸਤੀ ਬਰਕਰਾਰ ਰੱਖਦੇ ਹਨ। ਗਾਲ੍ਹਾਂ ਕੱਢਣੀਆਂ, ਕਿਸੇ ਉੱਤੇ ਵਰਨਾ, ਹਮੇਸ਼ਾ ਨੁਕਤਾਚੀਨੀ ਕਰਨੀ ਅਤੇ ਬੇਇੱਜ਼ਤੀ ਕਰਨੀ, ਕੀ ਇਨ੍ਹਾਂ ਨਾਲ ਦੂਸਰਿਆਂ ਦੇ ਜਜ਼ਬਾਤਾਂ ਦਾ ਖ਼ੂਨ ਨਹੀਂ ਹੁੰਦਾ? ਕਿੰਨੀ ਚੰਗੀ ਗੱਲ ਹੋਵੇਗੀ ਜੇ ਅਸੀਂ ਦਿਲੋਂ ਮਾਫ਼ੀ ਮੰਗ ਕੇ ਆਪਣੀਆਂ ਇਨ੍ਹਾਂ ਗ਼ਲਤੀਆਂ ਨੂੰ ਸੁਧਾਰੀਏ!

ਇਹ ਜਾਣ ਕੇ ਹੈਰਾਨ ਹੋਣ ਦੀ ਲੋੜ ਨਹੀਂ ਹੈ ਕਿ ਅੱਜ ਦੇ ਮੁਸ਼ਕਲ ਸਮਿਆਂ ਦੌਰਾਨ ਬਹੁਤ ਸਾਰੇ ਲੋਕ “ਟੁੱਟੇ ਦਿਲ” ਅਤੇ “ਕੁਚਲਿਆਂ ਆਤਮਾਂ” ਵਾਲੇ ਹਨ। (ਜ਼ਬੂਰਾਂ ਦੀ ਪੋਥੀ 34:18) ਜਦੋਂ ਅਸੀਂ “ਕਮਦਿਲਿਆਂ ਨੂੰ ਦਿਲਾਸਾ” ਦਿੰਦੇ ਹਾਂ ਅਤੇ ‘ਨਿਤਾਣਿਆਂ ਨੂੰ ਸਮ੍ਹਾਲਦੇ’ ਹਾਂ, ਤਾਂ ਅਸੀਂ ਜ਼ਬਾਨ ਦੀ ਚੰਗੀ ਵਰਤੋਂ ਕਰਦੇ ਹਾਂ। (1 ਥੱਸਲੁਨੀਕੀਆਂ 5:14) ਜੀ ਹਾਂ, ਹਮਦਰਦੀ ਭਰੇ ਸ਼ਬਦ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਹੌਸਲਾ ਦੇ ਸਕਦੇ ਹਨ ਜੋ ਆਪਣੇ ਦੋਸਤਾਂ ਦੇ ਨੁਕਸਾਨਦੇਹ ਦਬਾਅ ਵਿਰੁੱਧ ਲੜ ਰਹੇ ਹਨ। ਸੋਚ-ਸਮਝ ਕੇ ਕਹੇ ਸ਼ਬਦ ਬਜ਼ੁਰਗਾਂ ਨੂੰ ਯਕੀਨ ਦਿਵਾ ਸਕਦੇ ਹਨ ਕਿ ਸਾਨੂੰ ਉਨ੍ਹਾਂ ਦੀ ਲੋੜ ਹੈ ਅਤੇ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਬੀਮਾਰ ਲੋਕਾਂ ਨੂੰ ਕਹੇ ਸਨੇਹੀ ਸ਼ਬਦ ਉਨ੍ਹਾਂ ਨੂੰ ਸਾਰਾ ਦਿਨ ਖ਼ੁਸ਼ ਰੱਖ ਸਕਦੇ ਹਨ। ਸਾਡੇ ਲਈ ਸਲਾਹ ਮੰਨਣੀ ਵੀ ਆਸਾਨ ਹੋ ਜਾਂਦੀ ਹੈ ਜਦੋਂ ਇਹ “ਨਰਮਾਈ” ਨਾਲ ਦਿੱਤੀ ਜਾਂਦੀ ਹੈ। (ਗਲਾਤੀਆਂ 6:1) ਜਦੋਂ ਜੀਭ ਦੀ ਵਰਤੋਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਕੀਤੀ ਜਾਂਦੀ ਹੈ, ਤਾਂ ਸੁਣਨ ਵਾਲਿਆਂ ਉੱਤੇ ਇਸ ਦਾ ਕਿੰਨਾ ਚੰਗਾ ਅਸਰ ਪੈਂਦਾ ਹੈ!

‘ਸੱਚੇ ਬੁੱਲ੍ਹ ਸਦਾ ਤਾਈਂ ਰਹਿੰਦੇ ਹਨ’

“ਬੁੱਲ੍ਹ” ਅਤੇ “ਜੀਭ” ਸ਼ਬਦਾਂ ਨੂੰ ਇੱਕੋ ਅਰਥ ਵਿਚ ਵਰਤਦੇ ਹੋਏ ਸੁਲੇਮਾਨ ਕਹਿੰਦਾ ਹੈ: “ਸੱਚੇ ਬੁੱਲ੍ਹ ਸਦਾ ਤਾਈਂ ਰਹਿਣਗੇ, ਪਰ ਝੂਠੀ ਜੀਭ ਛਿਨ ਮਾਤ੍ਰ ਦੀ ਹੈ।” (ਕਹਾਉਤਾਂ 12:19) ਮੂਲ ਇਬਰਾਨੀ ਭਾਸ਼ਾ ਵਿਚ “ਸੱਚੇ ਬੁੱਲ੍ਹ” ਸ਼ਬਦਾਂ ਨੂੰ ਇਕਵਚਨ ਰੂਪ ਵਿਚ ਵਰਤਿਆ ਗਿਆ ਹੈ ਅਤੇ ਇਹ ਸ਼ਬਦ ਸੱਚ ਬੋਲਣ ਨਾਲੋਂ ਡੂੰਘਾ ਅਰਥ ਰੱਖਦੇ ਹਨ। ਇਕ ਕਿਤਾਬ ਮੁਤਾਬਕ “ਇਹ ਸ਼ਬਦ ਟਿਕਾਊ ਅਤੇ ਭਰੋਸੇਯੋਗਤਾ ਵਰਗੇ ਗੁਣਾਂ ਨੂੰ ਦਰਸਾਉਂਦੇ ਹਨ। ਸੱਚੇ ਬੁੱਲ੍ਹ ਹਮੇਸ਼ਾ ਰਹਿੰਦੇ ਹਨ ਕਿਉਂਕਿ ਇਹ ਭਰੋਸੇਯੋਗ ਹੁੰਦੇ ਹਨ। ਇਸ ਦੇ ਉਲਟ, ਝੂਠੇ ਬੁੱਲ੍ਹ . . . ਪਲ ਭਰ ਲਈ ਧੋਖਾ ਤਾਂ ਦੇ ਸਕਦੇ ਹਨ, ਪਰ ਪਰਖੇ ਜਾਣ ਤੇ ਇਨ੍ਹਾਂ ਦਾ ਪੋਲ ਖੁੱਲ੍ਹ ਸਕਦਾ ਹੈ।”

ਬੁੱਧੀਮਾਨ ਰਾਜਾ ਕਹਿੰਦਾ ਹੈ: “ਬੁਰੀਆਂ ਜੁਗਤਾਂ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੁੰਦਾ ਹੈ, ਪਰ ਸ਼ਾਂਤੀ ਦੇ ਸਲਾਹੂਆਂ ਲਈ ਅਨੰਦ ਹੁੰਦਾ ਹੈ।” ਅੱਗੇ ਉਹ ਕਹਿੰਦਾ ਹੈ: “ਧਰਮੀ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਪਰ ਦੁਸ਼ਟ ਬਿਪਤਾ ਨਾਲ ਭਰੇ ਰਹਿੰਦੇ ਹਨ।”ਕਹਾਉਤਾਂ 12:20, 21.

ਬੁਰੀਆਂ ਸਕੀਮਾਂ ਘੜਨ ਵਾਲਿਆਂ ਨੂੰ ਅਖ਼ੀਰ ਦੁੱਖ-ਤਕਲੀਫ਼ਾਂ ਸਹਿਣੀਆਂ ਪੈਂਦੀਆਂ ਹਨ। ਦੂਜੇ ਪਾਸੇ, ਸ਼ਾਂਤੀ ਦੇ ਸਲਾਹਕਾਰ ਚੰਗੇ ਕੰਮ ਕਰ ਕੇ ਸੰਤੁਸ਼ਟੀ ਹਾਸਲ ਕਰਨਗੇ। ਉਨ੍ਹਾਂ ਨੂੰ ਆਪਣੇ ਕੰਮਾਂ ਦੇ ਚੰਗੇ ਨਤੀਜੇ ਦੇਖ ਕੇ ਵੀ ਖ਼ੁਸ਼ੀ ਮਿਲਦੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹ ਪਰਮੇਸ਼ੁਰ ਦੀ ਮਿਹਰ ਹਾਸਲ ਕਰਦੇ ਹਨ ਕਿਉਂਕਿ “ਝੂਠੇ ਬੁੱਲ੍ਹ ਯਹੋਵਾਹ ਲਈ ਘਿਣਾਉਣੇ ਹਨ, ਪਰ ਜੋ ਵਫ਼ਾਦਾਰੀ ਵਰਤਦੇ ਹਨ ਉਹ ਓਹਨਾਂ ਨੂੰ ਪਸੰਦ ਕਰਦਾ ਹੈ।”ਕਹਾਉਤਾਂ 12:22.

“ਸਿਆਣਾ ਆਦਮੀ ਗਿਆਨ ਨੂੰ ਲੁਕਾਈ ਰੱਖਦਾ ਹੈ”

ਸੋਚ-ਸਮਝ ਕੇ ਬੋਲਣ ਵਾਲੇ ਅਤੇ ਨਾਸਮਝੀ ਨਾਲ ਬੋਲਣ ਵਾਲੇ ਵਿਚ ਇਕ ਹੋਰ ਫ਼ਰਕ ਬਾਰੇ ਦੱਸਦੇ ਹੋਏ ਇਸਰਾਏਲ ਦਾ ਰਾਜਾ ਕਹਿੰਦਾ ਹੈ: “ਸਿਆਣਾ ਆਦਮੀ ਗਿਆਨ ਨੂੰ ਲੁਕਾਈ ਰੱਖਦਾ ਹੈ, ਪਰ ਮੂਰਖ ਦਾ ਦਿਲ ਮੂਰਖਤਾਈ ਦਾ ਪਰਚਾਰ ਕਰਦਾ ਹੈ।”ਕਹਾਉਤਾਂ 12:23.

ਸਿਆਣਾ ਜਾਂ ਸਮਝਦਾਰ ਆਦਮੀ ਜਾਣਦਾ ਹੈ ਕਿ ਉਸ ਨੂੰ ਕਦੋਂ ਬੋਲਣਾ ਚਾਹੀਦਾ ਹੈ ਤੇ ਕਦੋਂ ਨਹੀਂ। ਉਹ ਆਪਣੇ ਗਿਆਨ ਦਾ ਦਿਖਾਵਾ ਕਰਨ ਤੋਂ ਆਪਣੇ ਆਪ ਨੂੰ ਰੋਕੀ ਰੱਖਦਾ ਹੈ ਤੇ ਇਸ ਤਰ੍ਹਾਂ ਗਿਆਨ ਨੂੰ ਲੁਕਾਈ ਰੱਖਦਾ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਹਮੇਸ਼ਾ ਆਪਣੇ ਗਿਆਨ ਨੂੰ ਲੁਕੋ ਕੇ ਰੱਖਦਾ ਹੈ। ਇਸ ਦੀ ਬਜਾਇ, ਉਹ ਸਮਝਦਾਰੀ ਨਾਲ ਆਪਣੇ ਗਿਆਨ ਨੂੰ ਜ਼ਾਹਰ ਕਰਦਾ ਹੈ। ਦੂਜੇ ਪਾਸੇ, ਮੂਰਖ ਜਲਦਬਾਜ਼ੀ ਵਿਚ ਬੋਲ ਕੇ ਆਪਣੀ ਮੂਰਖਤਾ ਜ਼ਾਹਰ ਕਰ ਦਿੰਦਾ ਹੈ। ਇਸ ਲਈ, ਸਾਨੂੰ ਜ਼ਬਾਨ ਨੂੰ ਲਗਾਮ ਦੇਣੀ ਚਾਹੀਦੀ ਹੈ ਅਤੇ ਆਪਣੇ ਆਪ ਨੂੰ ਸ਼ੇਖ਼ੀਆਂ ਮਾਰਨ ਤੋਂ ਰੋਕਣਾ ਚਾਹੀਦਾ ਹੈ।

ਸੁਲੇਮਾਨ ਮਿਹਨਤੀ ਅਤੇ ਆਲਸੀ ਬੰਦੇ ਵਿਚ ਫ਼ਰਕ ਦਰਸਾਉਂਦੇ ਹੋਏ ਇਕ ਹੋਰ ਖ਼ਾਸ ਗੱਲ ਦੱਸਦਾ ਹੈ। ਉਹ ਕਹਿੰਦਾ ਹੈ: “ਮਿਹਨਤੀ ਮਨੁੱਖ ਨੂੰ ਸ਼ਕਤੀ ਮਿਲਦੀ ਹੈ, ਪਰ ਆਲਸੀ ਹਮੇਸ਼ਾਂ ਗੁਲਾਮੀ ਕਰਦਾ ਹੈ।” (ਕਹਾਉਤਾਂ 12:24, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸਖ਼ਤ ਮਿਹਨਤ ਕਰਨ ਵਾਲਾ ਬੰਦਾ ਤਰੱਕੀ ਦੀਆਂ ਪੌੜੀਆਂ ਚੜ੍ਹ ਸਕਦਾ ਹੈ ਅਤੇ ਆਪਣਾ ਗੁਜ਼ਾਰਾ ਚੰਗੀ ਤਰ੍ਹਾਂ ਤੋਰ ਸਕਦਾ ਹੈ, ਪਰ ਆਲਸ ਗ਼ਰੀਬੀ ਅਤੇ ਗ਼ੁਲਾਮੀ ਦਾ ਕਾਰਨ ਬਣਦਾ ਹੈ। ਇਕ ਵਿਦਵਾਨ ਕਹਿੰਦਾ ਹੈ ਕਿ “ਆਲਸੀ ਬੰਦਾ ਆਖ਼ਰ ਮਿਹਨਤੀ ਬੰਦੇ ਦਾ ਗ਼ੁਲਾਮ ਬਣ ਜਾਵੇਗਾ।”

‘ਬਚਨ ਜੋ ਅਨੰਦ ਕਰ ਦਿੰਦਾ ਹੈ’

ਰਾਜਾ ਸੁਲੇਮਾਨ ਫਿਰ ਤੋਂ ਜ਼ਬਾਨ ਦੇ ਮੁੱਦੇ ਵੱਲ ਮੁੜਦਾ ਹੈ ਅਤੇ ਮਨੁੱਖੀ ਸੁਭਾਅ ਬਾਰੇ ਇਕ ਖ਼ਾਸ ਗੱਲ ਦੱਸਦਾ ਹੈ। ਉਹ ਕਹਿੰਦਾ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।”ਕਹਾਉਤਾਂ 12:25.

ਬਹੁਤ ਸਾਰੀਆਂ ਚਿੰਤਾਵਾਂ ਅਤੇ ਦੁੱਖਾਂ ਕਾਰਨ ਦਿਲ ਉਦਾਸੀ ਦੇ ਬੋਝ ਥੱਲੇ ਦੱਬ ਜਾਂਦਾ ਹੈ। ਇਸ ਬੋਝ ਨੂੰ ਹਲਕਾ ਕਰਨ ਅਤੇ ਦਿਲ ਨੂੰ ਖ਼ੁਸ਼ ਕਰਨ ਲਈ ਇਕ ਹਮਦਰਦ ਆਦਮੀ ਦੇ ਹੌਸਲੇ-ਭਰੇ ਸ਼ਬਦਾਂ ਦੀ ਲੋੜ ਹੈ। ਪਰ ਦੂਜਿਆਂ ਨੂੰ ਕਿਵੇਂ ਪਤਾ ਲੱਗੇਗਾ ਕਿ ਸਾਡਾ ਦਿਲ ਕਿਹੜੀਆਂ ਚਿੰਤਾਵਾਂ ਕਾਰਨ ਦੁਖੀ ਹੈ ਜਦੋਂ ਤਕ ਅਸੀਂ ਉਨ੍ਹਾਂ ਨਾਲ ਇਸ ਬਾਰੇ ਗੱਲ ਨਹੀਂ ਕਰਦੇ? ਜੀ ਹਾਂ, ਜਦੋਂ ਅਸੀਂ ਕਿਸੇ ਦੁੱਖ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਾਂ, ਤਾਂ ਸਾਨੂੰ ਕਿਸੇ ਹਮਦਰਦ ਬੰਦੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਤਾਂਕਿ ਉਹ ਸਾਡੀ ਮਦਦ ਕਰ ਸਕੇ। ਇਸ ਤੋਂ ਇਲਾਵਾ, ਆਪਣੇ ਦਿਲ ਦੀਆਂ ਗੱਲਾਂ ਦੱਸਣ ਨਾਲ ਦੁਖੀ ਦਿਲ ਨੂੰ ਥੋੜ੍ਹਾ ਸਕੂਨ ਮਿਲਦਾ ਹੈ। ਇਸ ਲਈ ਚੰਗਾ ਹੋਵੇਗਾ ਜੇ ਤੁਸੀਂ ਆਪਣੇ ਵਿਆਹੁਤਾ ਸਾਥੀ ਨਾਲ, ਮਾਪਿਆਂ ਨਾਲ ਜਾਂ ਕਿਸੇ ਹਮਦਰਦ ਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਦੋਸਤ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰੋ।

ਜਿੰਨਾ ਹੌਸਲਾ ਸਾਨੂੰ ਬਾਈਬਲ ਤੋਂ ਮਿਲਦਾ ਹੈ, ਉੱਨਾ ਹੌਸਲਾ ਹੋਰ ਕਿੱਥੋਂ ਮਿਲ ਸਕਦਾ ਹੈ? ਸਾਨੂੰ ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨ ਦੁਆਰਾ ਪਰਮੇਸ਼ੁਰ ਦੇ ਨੇੜੇ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਦੁਖੀ ਦਿਲ ਖ਼ੁਸ਼ ਹੋ ਸਕਦਾ ਹੈ ਅਤੇ ਉਦਾਸ ਅੱਖਾਂ ਵਿਚ ਚਮਕ ਆ ਸਕਦੀ ਹੈ। ਜ਼ਬੂਰਾਂ ਦਾ ਲਿਖਾਰੀ ਇਸ ਗੱਲ ਦੀ ਹਾਮੀ ਭਰਦਾ ਹੈ: “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ। ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ, ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ।”—ਜ਼ਬੂਰਾਂ ਦੀ ਪੋਥੀ 19:7, 8.

ਧਰਮੀ ਬੰਦੇ ਦੀ ਸਲਾਹ ਫ਼ਾਇਦੇਮੰਦ ਹੁੰਦੀ ਹੈ

ਧਰਮੀ ਬੰਦੇ ਦੀ ਸਲਾਹ ਦੀ ਤੁਲਨਾ ਬੁਰੇ ਬੰਦੇ ਦੀ ਸਲਾਹ ਨਾਲ ਕਰਦੇ ਹੋਏ ਇਸਰਾਏਲ ਦਾ ਰਾਜਾ ਕਹਿੰਦਾ ਹੈ: “ਧਰਮੀ ਬੰਦਾ ਆਪਣੀ ਚਰਾਂਦ ਦੀ ਰਾਖੀ ਕਰਦਾ ਹੈ, ਪਰ ਬੁਰੇ ਬੰਦਿਆਂ ਦੀ ਸਲਾਹ ਨੂੰ ਮੰਨ ਕੇ ਉਹ ਭਟਕਦੇ ਰਹਿੰਦੇ ਹਨ।” (ਕਹਾਉਤਾਂ 12:26, ਨਿ ਵ) ਧਰਮੀ ਇਨਸਾਨ ਆਪਣੀ ਚਰਾਂਦ ਦੀ ਰਾਖੀ ਕਰਦਾ ਹੈ। ਕਹਿਣ ਦਾ ਮਤਲਬ ਹੈ ਕਿ ਉਹ ਆਪਣੀ ਸੰਗਤ ਅਤੇ ਦੋਸਤ ਚੁਣਨ ਵੇਲੇ ਖ਼ਬਰਦਾਰ ਰਹਿੰਦਾ ਹੈ ਅਤੇ ਗ਼ਲਤ ਬੰਦਿਆਂ ਤੋਂ ਦੂਰ ਰਹਿੰਦਾ ਹੈ। ਪਰ ਬੁਰਾ ਇਨਸਾਨ ਇਸ ਤਰ੍ਹਾਂ ਨਹੀਂ ਕਰਦਾ ਕਿਉਂਕਿ ਉਹ ਸਲਾਹ ਨੂੰ ਮੰਨਣ ਦੀ ਬਜਾਇ ਆਪਣੀ ਹੀ ਮਨ-ਮਰਜ਼ੀ ਕਰਦਾ ਹੈ। ਇਸ ਤਰ੍ਹਾਂ ਦੇ ਇਨਸਾਨ ਕੁਰਾਹੇ ਪੈ ਕੇ ਭਟਕਦੇ ਰਹਿੰਦੇ ਹਨ।

ਫਿਰ ਰਾਜਾ ਸੁਲੇਮਾਨ ਇਕ ਵੱਖਰੇ ਨਜ਼ਰੀਏ ਤੋਂ ਆਲਸੀ ਅਤੇ ਮਿਹਨਤੀ ਇਨਸਾਨ ਵਿਚ ਫ਼ਰਕ ਦੱਸਦਾ ਹੈ। ਉਹ ਕਹਿੰਦਾ ਹੈ: “ਆਲਸੀ ਮਨੁੱਖ ਸ਼ਿਕਾਰ ਕਰ ਕੇ ਉਹ ਨੂੰ ਭੁੰਨਦਾ ਵੀ ਨਹੀਂ, ਪਰ ਆਦਮੀ ਦਾ ਅਨਮੋਲ ਪਦਾਰਥ ਉੱਦਮੀ ਲਈ ਹੈ।” (ਕਹਾਉਤਾਂ 12:27) ਅਸਲ ਵਿਚ, ਆਲਸੀ ਇਨਸਾਨ ਆਪਣੇ ਸ਼ੁਰੂ ਕੀਤੇ ਕਿਸੇ ਵੀ ਕੰਮ ਨੂੰ ਪੂਰਾ ਨਹੀਂ ਕਰ ਸਕਦਾ। ਦੂਜੇ ਪਾਸੇ, ਉੱਦਮੀ ਇਨਸਾਨ ਆਪਣੀ ਮਿਹਨਤ ਸਦਕਾ ਅਮੀਰ ਹੋ ਜਾਂਦਾ ਹੈ।

ਆਲਸ ਇੰਨਾ ਖ਼ਤਰਨਾਕ ਹੈ ਕਿ ਪੌਲੁਸ ਰਸੂਲ ਨੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਇਸ ਬਾਰੇ ਲਿਖਣਾ ਜ਼ਰੂਰੀ ਸਮਝਿਆ। ਉਹ ਕੁਝ ਮਸੀਹੀਆਂ ਨੂੰ ਸੁਧਾਰਨਾ ਚਾਹੁੰਦਾ ਸੀ ਜੋ ‘ਕਸੂਤੇ ਚੱਲ’ ਰਹੇ ਸਨ ਅਤੇ ਕੋਈ ਵੀ ਕੰਮ ਕਰਨ ਦੀ ਬਜਾਇ ਦੂਜਿਆਂ ਦੇ ਕੰਮਾਂ ਵਿਚ ਲੱਤ ਅੜਾ ਰਹੇ ਸਨ। ਉਹ ਬਾਕੀ ਭੈਣ-ਭਰਾਵਾਂ ਲਈ ਬੋਝ ਬਣ ਗਏ ਸਨ। ਪੌਲੁਸ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਤਾੜਨਾ ਦੇ ਕੇ ਤਾਕੀਦ ਕੀਤੀ ਕਿ ‘ਓਹ ਚੁੱਪ ਚਾਪ ਕੰਮ ਧੰਦਾ ਕਰ ਕੇ ਆਪਣੀ ਰੋਟੀ ਖਾਣ।’ ਜੇ ਉਹ ਪੌਲੁਸ ਦੀ ਇਸ ਤਾੜਨਾ ਨੂੰ ਨਾ ਮੰਨਦੇ, ਤਾਂ ਪੌਲੁਸ ਨੇ ਕਲੀਸਿਯਾ ਦੇ ਦੂਜੇ ਭੈਣ-ਭਰਾਵਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਇਨ੍ਹਾਂ ਲੋਕਾਂ ਤੋਂ ‘ਨਿਆਰੇ ਰਹਿਣ।’ ਕਹਿਣ ਦਾ ਮਤਲਬ ਕਿ ਉਨ੍ਹਾਂ ਨੇ ਅਜਿਹੇ ਲੋਕਾਂ ਨਾਲ ਕੋਈ ਲੈਣ-ਦੇਣ ਨਹੀਂ ਰੱਖਣਾ ਸੀ।—2 ਥੱਸਲੁਨੀਕੀਆਂ 3:6-12.

ਸਾਨੂੰ ਨਾ ਸਿਰਫ਼ ਮਿਹਨਤੀ ਹੋਣ ਬਾਰੇ ਸੁਲੇਮਾਨ ਦੀ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ, ਸਗੋਂ ਜ਼ਬਾਨ ਸੰਭਾਲ ਕੇ ਬੋਲਣ ਬਾਰੇ ਦਿੱਤੀ ਉਸ ਦੀ ਸਲਾਹ ਨੂੰ ਵੀ ਮੰਨਣਾ ਚਾਹੀਦਾ ਹੈ। ਆਓ ਆਪਾਂ ਆਪਣੇ ਇਸ ਛੋਟੇ ਜਿਹੇ ਅੰਗ ਜੀਭ ਯਾਨੀ ਜ਼ਬਾਨ ਨੂੰ ਚੰਗਾ ਅਸਰ ਪਾਉਣ ਅਤੇ ਦੂਜਿਆਂ ਨੂੰ ਖ਼ੁਸ਼ ਕਰਨ ਲਈ ਵਰਤੀਏ ਅਤੇ ਬੁੱਲ੍ਹਾਂ ਦਾ ਅਪਰਾਧ ਨਾ ਕਰੀਏ ਤੇ ਧਰਮੀ ਰਾਹ ਤੇ ਚੱਲੀਏ। ਸੁਲੇਮਾਨ ਯਕੀਨ ਦਿਵਾਉਂਦਾ ਹੈ ਕਿ “ਧਰਮ ਦੇ ਰਾਹ ਵਿੱਚ ਜੀਉਣ ਹੈ, ਅਤੇ ਉਹ ਦੇ ਪਹੇ ਵਿੱਚ ਮੂਲੋਂ ਮੌਤ ਨਹੀਂ।”—ਕਹਾਉਤਾਂ 12:28.

[ਸਫ਼ਾ 27 ਉੱਤੇ ਸੁਰਖੀ]

“ਬੁੱਧਵਾਨ ਸਲਾਹ ਨੂੰ ਮੰਨ ਲੈਂਦਾ ਹੈ”

[ਸਫ਼ਾ 28 ਉੱਤੇ ਸੁਰਖੀ]

“ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ”

[ਸਫ਼ਾ 29 ਉੱਤੇ ਸੁਰਖੀ]

ਭਰੋਸੇਯੋਗ ਦੋਸਤ ਨਾਲ ਭਾਵਨਾਵਾਂ ਸਾਂਝੀਆਂ ਕਰਨ ਨਾਲ ਸਕੂਨ ਮਿਲਦਾ ਹੈ

[ਸਫ਼ਾ 30 ਉੱਤੇ ਸੁਰਖੀ]

ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨ ਨਾਲ ਦਿਲ ਖ਼ੁਸ਼ ਹੋ ਜਾਂਦਾ ਹੈ