Skip to content

Skip to table of contents

ਤੁਸੀਂ ਸਹੀ ਫ਼ੈਸਲੇ ਕਿੱਦਾਂ ਕਰ ਸਕਦੇ ਹੋ?

ਤੁਸੀਂ ਸਹੀ ਫ਼ੈਸਲੇ ਕਿੱਦਾਂ ਕਰ ਸਕਦੇ ਹੋ?

ਤੁਸੀਂ ਸਹੀ ਫ਼ੈਸਲੇ ਕਿੱਦਾਂ ਕਰ ਸਕਦੇ ਹੋ?

“ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ,” ਪੁਰਾਣੇ ਜ਼ਮਾਨੇ ਵਿਚ ਇਸਰਾਏਲ ਦੇ ਰਾਜੇ ਸੁਲੇਮਾਨ ਨੇ ਕਿਹਾ ਸੀ। ਆਪਾਂ ਸਾਰਿਆਂ ਨੇ ਹੀ ਕਦੇ-ਨ-ਕਦੇ ਗ਼ਲਤ ਫ਼ੈਸਲੇ ਜ਼ਰੂਰ ਕੀਤੇ ਹਨ ਕਿਉਂਕਿ ਅਸੀਂ ਦੂਜਿਆਂ ਦੀ ਸਲਾਹ ਲੈਣ ਤੋਂ ਇਨਕਾਰ ਕੀਤਾ।—ਕਹਾਉਤਾਂ 1:5.

ਸੁਲੇਮਾਨ ਦੇ ਇਹ ਲਫ਼ਜ਼ ਅਤੇ ਉਸ ਦੁਆਰਾ ਰਚੀਆਂ “ਤਿੰਨ ਹਜ਼ਾਰ ਕਹਾਉਤਾਂ” ਬਾਅਦ ਵਿਚ ਬਾਈਬਲ ਵਿਚ ਦਰਜ ਕੀਤੀਆਂ ਗਈਆਂ ਸਨ। (1 ਰਾਜਿਆਂ 4:32) ਕੀ ਇਨ੍ਹਾਂ ਕਹਾਉਤਾਂ ਬਾਰੇ ਸਿੱਖ ਕੇ ਅਤੇ ਉਨ੍ਹਾਂ ਤੇ ਚੱਲ ਕੇ ਸਾਨੂੰ ਕੋਈ ਫ਼ਾਇਦਾ ਹੋ ਸਕਦਾ ਹੈ? ਹਾਂ, ਬਿਲਕੁਲ ਹੋ ਸਕਦਾ ਹੈ। ਇਹ ਕਹਾਉਤਾਂ “ਬੁੱਧ ਤੇ ਸਿੱਖਿਆ ਜਾਣਨ ਲਈ, ਅਤੇ ਸਮਝ ਦੀਆਂ ਗੱਲਾਂ ਬੁੱਝਣ ਲਈ, ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ, ਨਾਲੇ ਧਰਮ, ਨਿਆਉਂ, ਤੇ ਇਨਸਾਫ਼” ਬਾਰੇ ਜਾਣਨ ਵਿਚ ਸਾਡੀ ਮਦਦ ਕਰਦੀਆਂ ਹਨ। (ਕਹਾਉਤਾਂ 1:2, 3) ਆਓ ਆਪਾਂ ਬਾਈਬਲ ਤੇ ਆਧਾਰਿਤ ਪੰਜ ਸਲਾਹਾਂ ਉੱਤੇ ਗੌਰ ਕਰੀਏ ਜੋ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ।

ਦੂਰ ਦੀ ਸੋਚੋ

ਕੁਝ ਫ਼ੈਸਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਤੇ ਗਹਿਰਾ ਅਸਰ ਪੈਂਦਾ ਹੈ। ਇਸ ਲਈ ਪਹਿਲਾਂ ਤੋਂ ਹੀ ਆਪਣੇ ਫ਼ੈਸਲਿਆਂ ਦੇ ਨਤੀਜਿਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਫਟਾਫਟ ਫ਼ਾਇਦਾ ਉਠਾਉਣ ਲਈ ਅੰਨ੍ਹੇਵਾਹ ਕੋਈ ਅਜਿਹਾ ਫ਼ੈਸਲਾ ਨਾ ਕਰ ਬੈਠੋ ਜਿਸ ਤੇ ਤੁਹਾਨੂੰ ਬਾਅਦ ਵਿਚ ਪਛਤਾਉਣਾ ਪਵੇ। ਕਹਾਉਤਾਂ 22:3 ਵਿਚ ਇਹ ਚੇਤਾਵਨੀ ਦਿੱਤੀ ਗਈ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”

ਚੰਗਾ ਹੋਵੇਗਾ ਜੇ ਅਸੀਂ ਇਕ ਪੇਪਰ ਉੱਤੇ ਆਪਣੇ ਫ਼ੈਸਲੇ ਦੇ ਫ਼ਾਇਦੇਮੰਦ ਤੇ ਨੁਕਸਾਨਦੇਹ ਨਤੀਜੇ ਲਿਖ ਲਈਏ। ਮਿਸਾਲ ਲਈ, ਕਿਸੇ ਨੌਕਰੀ ਦੇ ਫ਼ਾਇਦੇਮੰਦ ਨਤੀਜੇ ਚੰਗੀ ਤਨਖ਼ਾਹ ਜਾਂ ਮਨਪਸੰਦ ਕੰਮ ਹੋ ਸਕਦੇ ਹਨ। ਪਰ ਕੀ ਅਸੀਂ ਦੂਰ ਦੀ ਸੋਚਦੇ ਹਾਂ? ਕੀ ਇਸ ਨੌਕਰੀ ਤੇ ਅੱਗੇ ਵਧਣ ਦਾ ਮੌਕਾ ਮਿਲੇਗਾ? ਕੀ ਬਾਅਦ ਵਿਚ ਆਪਣੇ ਪਰਿਵਾਰ ਜਾਂ ਦੋਸਤਾਂ ਤੋਂ ਦੂਰ ਤਾਂ ਨਹੀਂ ਰਹਿਣਾ ਪਵੇਗਾ? ਇਸ ਨੌਕਰੀ ਕਾਰਨ ਕਿੱਦਾਂ ਦੇ ਲੋਕਾਂ ਨਾਲ ਵਾਹ ਪਵੇਗਾ? ਕੀ ਇਹ ਕੰਮ ਇੰਨਾ ਅਕਾਊ ਤਾਂ ਨਹੀਂ ਕਿ ਤੁਸੀਂ ਬਾਅਦ ਵਿਚ ਪੂਰੀ ਤਰ੍ਹਾਂ ਨਿਰਾਸ਼ ਹੋ ਜਾਓ? ਫ਼ਾਇਦਿਆਂ ਅਤੇ ਨੁਕਸਾਨਾਂ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਕੇ ਹੀ ਸਹੀ ਫ਼ੈਸਲਾ ਕੀਤਾ ਜਾ ਸਕਦਾ ਹੈ।

ਜਲਦਬਾਜ਼ੀ ਨਾ ਕਰੋ

ਜਲਦਬਾਜ਼ੀ ਵਿਚ ਅਸੀਂ ਗ਼ਲਤ ਫ਼ੈਸਲੇ ਕਰ ਸਕਦੇ ਹਾਂ। ਕਹਾਉਤਾਂ 21:5 ਵਿਚ ਚੇਤਾਵਨੀ ਦਿੱਤੀ ਹੈ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ, ਪਰ ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਦਾਹਰਣ ਲਈ, ਪਿਆਰ ਦੀਆਂ ਪੀਂਘਾਂ ਝੂਟਣ ਵਾਲੇ ਅੱਲੜ੍ਹ ਉਮਰ ਦੇ ਮੁੰਡੇ-ਕੁੜੀਆਂ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਨਹੀਂ ਤਾਂ, ਉਨ੍ਹਾਂ ਨੂੰ 18ਵੀਂ ਸਦੀ ਦੇ ਅੰਗ੍ਰੇਜ਼ ਨਾਟਕਕਾਰ ਵਿਲਿਅਮ ਕੌਂਗਰੀਵ ਦੇ ਇਨ੍ਹਾਂ ਲਫ਼ਜ਼ਾਂ ਦੀ ਹਕੀਕਤ ਦਾ ਸਾਮ੍ਹਣਾ ਕਰਨਾ ਪਵੇਗਾ: “ਜਲਦਬਾਜ਼ੀ ਵਿਚ ਵਿਆਹ ਕਰਾਓ ਤੇ ਫ਼ੁਰਸਤ ਵਿਚ ਬੈਠ ਕੇ ਪਛਤਾਓ।”

ਪਰ ਜਲਦਬਾਜ਼ੀ ਨਾ ਕਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਫ਼ੈਸਲਾ ਕਰਨ ਵਿਚ ਢਿੱਲ-ਮੱਠ ਕਰੋ। ਕੁਝ ਫ਼ੈਸਲੇ ਇੰਨੇ ਜ਼ਰੂਰੀ ਹੁੰਦੇ ਹਨ ਕਿ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਕਰਨ ਦੀ ਲੋੜ ਹੁੰਦੀ ਹੈ। ਫ਼ੈਸਲੇ ਨੂੰ ਐਵੇਂ ਵਿਚਕਾਰ ਲਟਕਾਈ ਰੱਖਣ ਨਾਲ ਸਾਨੂੰ ਤੇ ਦੂਸਰਿਆਂ ਨੂੰ ਕਾਫ਼ੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਕਿਸੇ ਫ਼ੈਸਲੇ ਨੂੰ ਟਾਲਦੇ ਰਹਿਣ ਨਾਲ ਇਕ ਫ਼ੈਸਲਾ ਤਾਂ ਆਪੇ ਹੀ ਹੋ ਜਾਂਦਾ ਹੈ ਤੇ ਇਹ ਫ਼ੈਸਲਾ ਅਕਸਰ ਗ਼ਲਤ ਸਾਬਤ ਹੁੰਦਾ ਹੈ।

ਸਲਾਹ ਲਓ

ਦੋ ਹਾਲਾਤ ਇਕ-ਦੂਜੇ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੇ, ਇਸ ਲਈ ਇੱਕੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਾਲੇ ਵਿਅਕਤੀ ਹਮੇਸ਼ਾ ਸ਼ਾਇਦ ਇੱਕੋ ਜਿਹੇ ਫ਼ੈਸਲੇ ਨਾ ਕਰਨ। ਫਿਰ ਵੀ ਦੂਜਿਆਂ ਨੂੰ ਪੁੱਛਣਾ ਚੰਗੀ ਗੱਲ ਹੈ ਕਿ ਉਨ੍ਹਾਂ ਨੇ ਸਾਡੇ ਨਾਲ ਮਿਲਦੇ-ਜੁਲਦੇ ਹਾਲਾਤਾਂ ਵਿਚ ਕੀ ਫ਼ੈਸਲਾ ਕੀਤਾ ਸੀ। ਉਨ੍ਹਾਂ ਨੂੰ ਪੁੱਛੋ ਕਿ ਹੁਣ ਉਨ੍ਹਾਂ ਦੀ ਆਪਣੇ ਕੀਤੇ ਫ਼ੈਸਲੇ ਬਾਰੇ ਕੀ ਰਾਇ ਹੈ। ਉਦਾਹਰਣ ਲਈ, ਕਿਸੇ ਕੰਮ ਦੀ ਚੋਣ ਕਰਨ ਦੇ ਮਾਮਲੇ ਵਿਚ ਉਨ੍ਹਾਂ ਲੋਕਾਂ ਤੋਂ ਪੁੱਛੋ ਜੋ ਪਹਿਲਾਂ ਹੀ ਇਹ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਇਸ ਕੰਮ ਤੋਂ ਕੀ ਫ਼ਾਇਦੇ ਅਤੇ ਨੁਕਸਾਨ ਹੋਏ ਹਨ ਜਾਂ ਇਸ ਵਿਚ ਕਿਹੜੇ ਖ਼ਤਰੇ ਹਨ?

ਸਾਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ “ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ, ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਓਹ ਕਾਇਮ ਹੋ ਜਾਂਦੇ ਹਨ।” (ਕਹਾਉਤਾਂ 15:22) ਦੂਜਿਆਂ ਤੋਂ ਸਲਾਹ ਲੈਣ ਅਤੇ ਉਨ੍ਹਾਂ ਦੇ ਤਜਰਬੇ ਤੋਂ ਸਿੱਖਣ ਲੱਗਿਆਂ ਸਾਨੂੰ ਇਹ ਗੱਲ ਮਨ ਵਿਚ ਰੱਖਣੀ ਚਾਹੀਦੀ ਹੈ ਕਿ ਆਖ਼ਰੀ ਫ਼ੈਸਲਾ ਸਾਨੂੰ ਆਪ ਹੀ ਕਰਨਾ ਪੈਣਾ ਹੈ ਤੇ ਉਸ ਦੀ ਜ਼ਿੰਮੇਵਾਰੀ ਵੀ ਸਾਨੂੰ ਆਪ ਹੀ ਲੈਣੀ ਪਵੇਗੀ।—ਗਲਾਤੀਆਂ 6:4, 5.

ਆਪਣੀ ਜ਼ਮੀਰ ਦੀ ਆਵਾਜ਼ ਸੁਣੋ

ਸਾਡੀ ਜ਼ਮੀਰ ਸਾਡੇ ਬੁਨਿਆਦੀ ਸਿਧਾਂਤਾਂ ਅਨੁਸਾਰ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ। ਮਸੀਹੀ ਆਪਣੀ ਜ਼ਮੀਰ ਨੂੰ ਪਰਮੇਸ਼ੁਰ ਦੇ ਖ਼ਿਆਲਾਂ ਅਨੁਸਾਰ ਢਾਲ਼ਦੇ ਹਨ। (ਰੋਮੀਆਂ 2:14, 15) ਪਰਮੇਸ਼ੁਰ ਦਾ ਬਚਨ ਸਾਨੂੰ ਕਹਿੰਦਾ ਹੈ: “ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:6) ਕੁਝ ਗੱਲਾਂ ਦੇ ਸੰਬੰਧ ਵਿਚ ਦੋ ਮਸੀਹੀ ਆਪਣੀ-ਆਪਣੀ ਸਾਧੀ ਹੋਈ ਜ਼ਮੀਰ ਅਨੁਸਾਰ ਵੱਖ-ਵੱਖ ਨਤੀਜਿਆਂ ਤੇ ਪਹੁੰਚ ਕੇ ਅਲੱਗ-ਅਲੱਗ ਫ਼ੈਸਲੇ ਕਰ ਸਕਦੇ ਹਨ।

ਪਰ ਇਕ ਸਾਧੀ ਹੋਈ ਜ਼ਮੀਰ ਸਾਨੂੰ ਉਹ ਫ਼ੈਸਲੇ ਨਹੀਂ ਕਰਨ ਦੇਵੇਗੀ ਜੋ ਪਰਮੇਸ਼ੁਰ ਦੇ ਬਚਨ ਦੇ ਉਲਟ ਹਨ। ਮਿਸਾਲ ਲਈ, ਜਿਨ੍ਹਾਂ ਮੁੰਡੇ-ਕੁੜੀਆਂ ਦੀ ਜ਼ਮੀਰ ਬਾਈਬਲ ਦੇ ਸਿਧਾਂਤਾਂ ਅਨੁਸਾਰ ਸਾਧੀ ਹੋਈ ਨਹੀਂ ਹੈ, ਉਹ ਸ਼ਾਇਦ ਵਿਆਹ ਕਰਾਉਣ ਤੋਂ ਪਹਿਲਾਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਲਈ ਇਕੱਠੇ ਰਹਿਣਾ ਚਾਹੁਣ। ਉਹ ਸੋਚ ਸਕਦੇ ਹਨ ਕਿ ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਸਹੀ ਫ਼ੈਸਲਾ ਕੀਤਾ ਹੈ ਜੋ ਉਨ੍ਹਾਂ ਨੂੰ ਜਲਦਬਾਜ਼ੀ ਵਿਚ ਵਿਆਹ ਦੇ ਬੰਧਨ ਵਿਚ ਬੱਝਣ ਤੋਂ ਰੋਕੇਗਾ। ਉਨ੍ਹਾਂ ਦੀ ਜ਼ਮੀਰ ਇਸ ਤਰ੍ਹਾਂ ਕਰਨ ਤੋਂ ਸ਼ਾਇਦ ਉਨ੍ਹਾਂ ਨੂੰ ਨਾ ਰੋਕੇ। ਪਰ ਜੋ ਲੋਕ ਸੈਕਸ ਅਤੇ ਵਿਆਹ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਅਪਣਾਉਂਦੇ ਹਨ, ਉਹ ਇਸ ਤਰ੍ਹਾਂ ਦਾ ਨਾਜਾਇਜ਼ ਸੰਬੰਧ ਰੱਖਣ ਦਾ ਫ਼ੈਸਲਾ ਕਦੇ ਨਹੀਂ ਕਰਨਗੇ।—1 ਕੁਰਿੰਥੀਆਂ 6:18; 7:1, 2; ਇਬਰਾਨੀਆਂ 13:4.

ਦੂਜਿਆਂ ਉੱਤੇ ਤੁਹਾਡੇ ਫ਼ੈਸਲੇ ਦੇ ਪੈਣ ਵਾਲੇ ਅਸਰ ਬਾਰੇ ਸੋਚੋ

ਤੁਹਾਡੇ ਫ਼ੈਸਲਿਆਂ ਦਾ ਅਕਸਰ ਦੂਜਿਆਂ ਤੇ ਅਸਰ ਪੈ ਸਕਦਾ ਹੈ। ਇਸ ਲਈ ਕਦੇ ਵੀ ਜਾਣ-ਬੁੱਝ ਕੇ ਕੋਈ ਗ਼ਲਤ ਜਾਂ ਮੂਰਖਤਾ ਭਰਿਆ ਫ਼ੈਸਲਾ ਨਾ ਕਰੋ ਜਿਸ ਨਾਲ ਤੁਹਾਡਾ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜਾਂ ਸਭ ਤੋਂ ਵੱਧ ਕੇ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਖ਼ਰਾਬ ਹੋ ਜਾਵੇ। ਕਹਾਉਤਾਂ 10:1 ਕਹਿੰਦਾ ਹੈ: “ਬੁੱਧਵਾਨ ਪੁੱਤ੍ਰ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਮੂਰਖ ਪੁੱਤ੍ਰ ਆਪਣੀ ਮਾਂ ਦੇ ਲਈ ਦੁਖ ਹੈ।”

ਦੂਜੇ ਪਾਸੇ, ਸਾਨੂੰ ਆਪਣੇ ਫ਼ੈਸਲੇ ਕਰਕੇ ਕਿਸੇ ਨਾਲ ਦੋਸਤੀ ਛੱਡਣੀ ਪੈ ਸਕਦੀ ਹੈ। ਮਿਸਾਲ ਲਈ, ਤੁਸੀਂ ਸ਼ਾਇਦ ਆਪਣੇ ਪਹਿਲੇ ਧਾਰਮਿਕ ਵਿਚਾਰ ਛੱਡਣ ਦਾ ਫ਼ੈਸਲਾ ਕਰੋ ਜੋ ਹੁਣ ਤੁਸੀਂ ਜਾਣਦੇ ਹੋ ਕਿ ਬਾਈਬਲ ਦੇ ਅਨੁਸਾਰ ਨਹੀਂ ਹਨ। ਜਾਂ ਤੁਸੀਂ ਸ਼ਾਇਦ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਆਪਣੀ ਸ਼ਖ਼ਸੀਅਤ ਵਿਚ ਤਬਦੀਲੀਆਂ ਕਰਨ ਦਾ ਫ਼ੈਸਲਾ ਕਰਦੇ ਹੋ। ਤੁਹਾਡਾ ਇਹ ਫ਼ੈਸਲਾ ਸ਼ਾਇਦ ਕੁਝ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਚੰਗਾ ਨਾ ਲੱਗੇ, ਪਰ ਜਿਸ ਫ਼ੈਸਲੇ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ, ਉਹ ਫ਼ੈਸਲਾ ਸਹੀ ਹੁੰਦਾ ਹੈ।

ਸਭ ਤੋਂ ਵੱਡਾ ਫ਼ੈਸਲਾ

ਆਮ ਕਰਕੇ ਲੋਕਾਂ ਨੂੰ ਅੱਜ ਇਹ ਨਹੀਂ ਪਤਾ ਕਿ ਸਾਰਿਆਂ ਨੂੰ ਇਕ ਫ਼ੈਸਲਾ ਤਾਂ ਕਰਨਾ ਹੀ ਪੈਣਾ ਹੈ। ਉਹ ਜਾਂ ਤਾਂ ਜ਼ਿੰਦਗੀ ਨੂੰ ਚੁਣ ਸਕਦੇ ਹਨ ਜਾਂ ਫਿਰ ਮੌਤ ਨੂੰ। ਅੱਜ ਤੋਂ ਤਕਰੀਬਨ ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ 1473 ਸਾ.ਯੁ.ਪੂ. ਵਿਚ, ਜਦੋਂ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਹੀ ਵਾਲੇ ਸਨ, ਤਾਂ ਉਨ੍ਹਾਂ ਨੂੰ ਵੀ ਇਹੀ ਫ਼ੈਸਲਾ ਕਰਨਾ ਪਿਆ ਸੀ। ਮੂਸਾ ਨਬੀ ਰਾਹੀਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ ਕਿਉਂ ਜੋ ਉਹ ਤੁਹਾਡਾ ਜੀਵਨ ਅਤੇ ਤੁਹਾਡੇ ਦਿਨਾਂ ਦੀ ਲਮਾਨ ਹੈ ਤਾਂ ਜੋ ਤੁਸੀਂ ਉਸ ਜ਼ਮੀਨ ਵਿੱਚ ਵੱਸਿਆ ਕਰੋ ਜਿਹੜੀ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਲਈ ਸੌਂਹ ਖਾਧੀ ਸੀ।”—ਬਿਵਸਥਾ ਸਾਰ 30:19, 20.

ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਅਸੀਂ ‘ਭੈੜੇ ਸਮਿਆਂ’ ਵਿਚ ਰਹਿ ਰਹੇ ਹਾਂ ਅਤੇ “ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।” (2 ਤਿਮੋਥਿਉਸ 3:1; 1 ਕੁਰਿੰਥੀਆਂ 7:31) ਇਸ ਭੈੜੇ ਸਮੇਂ ਦਾ ਅੰਤ ਉਦੋਂ ਹੋਵੇਗਾ ਜਦੋਂ ਬੁਰਾਈ ਦੀਆਂ ਸਾਰੀਆਂ ਹੱਦਾਂ ਟੱਪ ਚੁੱਕੀ ਇਸ ਦੁਨੀਆਂ ਦਾ ਅੰਤ ਹੋਵੇਗਾ ਅਤੇ ਇਸ ਦੀ ਥਾਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਆਵੇਗੀ ਜਿਸ ਵਿਚ ਧਰਮੀ ਲੋਕ ਹੀ ਵੱਸਣਗੇ।

ਇਸ ਵੇਲੇ ਅਸੀਂ ਨਵੀਂ ਦੁਨੀਆਂ ਦੀ ਦਹਿਲੀਜ਼ ਉੱਤੇ ਖੜ੍ਹੇ ਹਾਂ। ਕੀ ਤੁਸੀਂ ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣੋਗੇ? ਜਾਂ ਕੀ ਤੁਹਾਨੂੰ ਧਰਤੀ ਉੱਤੋਂ ਖ਼ਤਮ ਕਰ ਦਿੱਤਾ ਜਾਵੇਗਾ ਜਦੋਂ ਸ਼ਤਾਨ ਦੀ ਦੁਨੀਆਂ ਦਾ ਨਾਸ਼ ਆਵੇਗਾ? (ਜ਼ਬੂਰਾਂ ਦੀ ਪੋਥੀ 37:9-11; ਕਹਾਉਤਾਂ 2:21, 22) ਇਹ ਫ਼ੈਸਲਾ ਤੁਹਾਡੇ ਉੱਤੇ ਹੈ ਕਿ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ। ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਕੀ ਤੁਸੀਂ ਚਾਹੁੰਦੇ ਹੋ ਕਿ ਸਹੀ ਫ਼ੈਸਲਾ ਕਰਨ ਵਿਚ ਕੋਈ ਤੁਹਾਡੀ ਮਦਦ ਕਰੇ?

ਜੇ ਜ਼ਿੰਦਗੀ ਨੂੰ ਚੁਣਨਾ ਹੈ, ਤਾਂ ਇਸ ਦੇ ਲਈ ਤੁਹਾਨੂੰ ਪਹਿਲਾਂ ਪਰਮੇਸ਼ੁਰ ਦੀਆਂ ਮੰਗਾਂ ਬਾਰੇ ਸਿੱਖਣ ਦੀ ਲੋੜ ਹੈ। ਆਮ ਤੌਰ ਤੇ ਚਰਚ ਇਨ੍ਹਾਂ ਮੰਗਾਂ ਨੂੰ ਸਹੀ-ਸਹੀ ਸਿਖਾਉਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੇ ਹਨ। ਇਨ੍ਹਾਂ ਚਰਚਾਂ ਦੇ ਆਗੂਆਂ ਨੇ ਲੋਕਾਂ ਨੂੰ ਕੁਰਾਹੇ ਪਾਇਆ ਹੈ ਤੇ ਲੋਕਾਂ ਨੇ ਝੂਠੀਆਂ ਸਿੱਖਿਆਵਾਂ ਵਿਚ ਵਿਸ਼ਵਾਸ ਕਰ ਕੇ ਗ਼ਲਤ ਕੰਮ ਕੀਤੇ ਹਨ। ਉਨ੍ਹਾਂ ਨੇ ਲੋਕਾਂ ਨੂੰ ਇਹ ਨਹੀਂ ਸਮਝਾਇਆ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਭਗਤੀ “ਆਤਮਾ ਅਤੇ ਸਚਿਆਈ” ਨਾਲ ਕਿਉਂ ਕਰਨੀ ਚਾਹੀਦੀ ਹੈ। (ਯੂਹੰਨਾ 4:24) ਇਸ ਲਈ ਜ਼ਿਆਦਾਤਰ ਲੋਕ ਪਰਮੇਸ਼ੁਰ ਦੀ ਭਗਤੀ ਆਤਮਾ ਤੇ ਸੱਚਾਈ ਨਾਲ ਨਹੀਂ ਕਰਦੇ। ਪਰ ਧਿਆਨ ਦਿਓ ਕਿ ਯਿਸੂ ਨੇ ਕੀ ਕਿਹਾ ਸੀ: “ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਕਰਦਾ ਸੋ ਖਿੰਡਾਉਂਦਾ ਹੈ।”—ਮੱਤੀ 12:30.

ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈਣ ਵਿਚ ਲੋਕਾਂ ਦੀ ਖ਼ੁਸ਼ੀ-ਖ਼ੁਸ਼ੀ ਮਦਦ ਕਰਦੇ ਹਨ। ਉਹ ਲੋਕਾਂ ਨੂੰ ਉਨ੍ਹਾਂ ਦੀ ਸਹੂਲੀਅਤ ਅਨੁਸਾਰ ਬਾਕਾਇਦਾ ਬਾਈਬਲ ਦਾ ਅਧਿਐਨ ਕਰਾਉਂਦੇ ਹਨ। ਜੇ ਤੁਸੀਂ ਅਧਿਐਨ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਇਲਾਕੇ ਦੇ ਗਵਾਹਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਪਹਿਰਾਬੁਰਜ ਦੇ ਪ੍ਰਕਾਸ਼ਕਾਂ ਨੂੰ ਲਿਖ ਸਕਦੇ ਹੋ।

ਕੁਝ ਲੋਕ ਸ਼ਾਇਦ ਪਹਿਲਾਂ ਹੀ ਇਹ ਬੁਨਿਆਦੀ ਗਿਆਨ ਲੈ ਚੁੱਕੇ ਹਨ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਮੰਗ ਕਰਦਾ ਹੈ। ਉਹ ਸ਼ਾਇਦ ਇਹ ਵੀ ਮੰਨਦੇ ਹਨ ਕਿ ਬਾਈਬਲ ਸਹੀ ਹੈ ਅਤੇ ਇਸ ਵਿਚ ਦੱਸੀਆਂ ਗੱਲਾਂ ਸੱਚੀਆਂ ਹਨ। ਫਿਰ ਵੀ ਬਹੁਤ ਸਾਰੇ ਲੋਕ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਨ ਦਾ ਫ਼ੈਸਲਾ ਨਹੀਂ ਕਰ ਪਾਉਂਦੇ। ਕਿਉਂ ਨਹੀਂ? ਇਸ ਦੇ ਕਈ ਕਾਰਨ ਹੋ ਸਕਦੇ ਹਨ।

ਕੀ ਉਹ ਸਮਰਪਣ ਕਰਨ ਦੀ ਅਹਿਮੀਅਤ ਤੋਂ ਅਣਜਾਣ ਹਨ? ਯਿਸੂ ਨੇ ਸਪੱਸ਼ਟ ਕਿਹਾ ਸੀ: “ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।” (ਮੱਤੀ 7:21) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਬਾਈਬਲ ਦਾ ਗਿਆਨ ਲੈਣਾ ਹੀ ਕਾਫ਼ੀ ਨਹੀਂ ਹੈ, ਬਲਕਿ ਕੁਝ ਕਰਨ ਦੀ ਲੋੜ ਹੈ। ਇਸ ਮਾਮਲੇ ਵਿਚ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਨੇ ਇਕ ਨਮੂਨਾ ਕਾਇਮ ਕੀਤਾ ਸੀ। ਅਸੀਂ ਉਸ ਸਮੇਂ ਦੇ ਕੁਝ ਲੋਕਾਂ ਬਾਰੇ ਪੜ੍ਹਦੇ ਹਾਂ: “ਜਾਂ ਉਨ੍ਹਾਂ ਨੇ ਫ਼ਿਲਿੱਪੁਸ ਦੀ ਪਰਤੀਤ ਕੀਤੀ ਜੋ ਪਰਮੇਸ਼ੁਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ ਖਬਰੀ ਸੁਣਾਉਂਦਾ ਸੀ ਤਾਂ ਮਨੁੱਖ ਨਾਲੇ ਤੀਵੀਆਂ ਬਪਤਿਸਮਾ ਲੈਣ ਲੱਗੇ।” (ਰਸੂਲਾਂ ਦੇ ਕਰਤੱਬ 2:41; 8:12) ਜੇ ਕਿਸੇ ਨੇ ਪਰਮੇਸ਼ੁਰ ਦੇ ਬਚਨ ਨੂੰ ਦਿਲੋਂ ਮੰਨ ਲਿਆ ਹੈ, ਉਸ ਨੂੰ ਇਸ ਦੀ ਹਰ ਗੱਲ ਉੱਤੇ ਪੂਰਾ ਯਕੀਨ ਹੈ ਅਤੇ ਉਸ ਨੇ ਆਪਣੀ ਜ਼ਿੰਦਗੀ ਨੂੰ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਵੀ ਢਾਲ਼ਿਆ ਹੈ, ਤਾਂ ਫਿਰ ਉਸ ਨੂੰ ਕਿਹੜੀ ਗੱਲ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲੈਣ ਤੋਂ ਰੋਕਦੀ ਹੈ? (ਰਸੂਲਾਂ ਦੇ ਕਰਤੱਬ 8:34-38) ਪਰ ਉਸ ਨੂੰ ਆਪਣੀ ਮਰਜ਼ੀ ਨਾਲ ਅਤੇ ਖ਼ੁਸ਼ੀ ਨਾਲ ਇਹ ਕਦਮ ਉਠਾਉਣਾ ਚਾਹੀਦਾ ਹੈ।—2 ਕੁਰਿੰਥੀਆਂ 9:7.

ਕੁਝ ਸੋਚ ਸਕਦੇ ਹਨ ਕਿ ਉਨ੍ਹਾਂ ਕੋਲ ਪਰਮੇਸ਼ੁਰ ਦੀ ਸੇਵਾ ਕਰਨ ਲਈ ਪੂਰਾ ਗਿਆਨ ਨਹੀਂ ਹੈ। ਪਰ ਜ਼ਿੰਦਗੀ ਵਿਚ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਵਾਲੇ ਵਿਅਕਤੀ ਕੋਲ ਪੂਰਾ ਗਿਆਨ ਨਹੀਂ ਹੁੰਦਾ। ਕੀ ਕੋਈ ਪੇਸ਼ਾਵਰ ਵਿਅਕਤੀ ਕਹਿ ਸਕਦਾ ਹੈ ਕਿ ਉਸ ਕੋਲ ਆਪਣਾ ਕੈਰੀਅਰ ਸ਼ੁਰੂ ਕਰਨ ਵੇਲੇ ਉੱਨਾ ਹੀ ਗਿਆਨ ਸੀ ਜਿੰਨਾ ਉਸ ਕੋਲ ਅੱਜ ਹੈ? ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕਰਨ ਲਈ ਸਿਰਫ਼ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਤੇ ਸਿਧਾਂਤਾਂ ਦਾ ਗਿਆਨ ਹੋਣਾ ਅਤੇ ਇਨ੍ਹਾਂ ਅਨੁਸਾਰ ਜੀਉਣ ਦੀ ਦਿਲੀ ਇੱਛਾ ਹੋਣੀ ਜ਼ਰੂਰੀ ਹੈ।

ਕੀ ਕੁਝ ਇਸ ਗੱਲੋਂ ਫ਼ੈਸਲਾ ਕਰਨ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਹ ਆਪਣੇ ਸਮਰਪਣ ਦੇ ਫ਼ੈਸਲੇ ਤੇ ਚੱਲ ਨਹੀਂ ਸਕਣਗੇ? ਕਈ ਗੱਲਾਂ ਵਿਚ ਅਸਫ਼ਲਤਾ ਬਾਰੇ ਚਿੰਤਾ ਕਰਨੀ ਜਾਇਜ਼ ਹੈ। ਮਿਸਾਲ ਲਈ, ਜੋ ਆਦਮੀ ਵਿਆਹ ਕਰਨ ਦਾ ਫ਼ੈਸਲਾ ਕਰਦਾ ਹੈ, ਉਹ ਸ਼ਾਇਦ ਇਸ ਗੱਲ ਦੀ ਚਿੰਤਾ ਕਰੇ ਕਿ ਉਹ ਆਪਣੇ ਪਰਿਵਾਰ ਦੀ ਦੇਖ-ਭਾਲ ਕਰ ਸਕੇਗਾ ਜਾਂ ਨਹੀਂ। ਪਰ ਜਦੋਂ ਉਹ ਵਿਆਹ ਕਰਾ ਲੈਂਦਾ ਹੈ, ਤਾਂ ਉਹ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਇਸੇ ਤਰ੍ਹਾਂ, ਨਵਾਂ-ਨਵਾਂ ਲਸੰਸ ਲੈਣ ਵਾਲਾ ਨੌਜਵਾਨ ਸ਼ਾਇਦ ਗੱਡੀ ਜਾਂ ਸਕੂਟਰ ਚਲਾਉਣ ਤੋਂ ਡਰੇ ਕਿ ਕਿਤੇ ਉਸ ਦਾ ਐਕਸੀਡੈਂਟ ਹੀ ਨਾ ਹੋ ਜਾਵੇ। ਖ਼ਾਸਕਰ ਸ਼ਾਇਦ ਉਹ ਇਸ ਲਈ ਡਰਦਾ ਹੈ ਕਿਉਂਕਿ ਉਹ ਐਕਸੀਡੈਂਟ ਸੰਬੰਧੀ ਅੰਕੜਿਆਂ ਨੂੰ ਜਾਣਦਾ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਜ਼ੁਰਗ ਡ੍ਰਾਈਵਰਾਂ ਦੀ ਤੁਲਨਾ ਵਿਚ ਨੌਜਵਾਨ ਡ੍ਰਾਈਵਰ ਜ਼ਿਆਦਾ ਐਕਸੀਡੈਂਟ ਕਰਦੇ ਹਨ। ਪਰ ਇਸ ਜਾਣਕਾਰੀ ਤੋਂ ਉਸ ਨੂੰ ਫ਼ਾਇਦਾ ਹੋ ਸਕਦਾ ਹੈ ਤੇ ਉਹ ਜ਼ਿਆਦਾ ਸਾਵਧਾਨੀ ਨਾਲ ਗੱਡੀ ਚਲਾਵੇਗਾ। ਗੱਡੀ ਚਲਾਉਣ ਤੋਂ ਇਨਕਾਰ ਕਰਨ ਨਾਲ ਉਸ ਦੀ ਸਮੱਸਿਆ ਤਾਂ ਜਿਉਂ ਦੀ ਤਿਉਂ ਹੀ ਰਹੇਗੀ!

ਜ਼ਿੰਦਗੀ ਨੂੰ ਚੁਣੋ!

ਬਾਈਬਲ ਦੱਸਦੀ ਹੈ ਕਿ ਅੱਜ ਦੁਨੀਆਂ ਭਰ ਵਿਚ ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਸੰਗਠਨ ਅਤੇ ਇਨ੍ਹਾਂ ਦਾ ਸਮਰਥਨ ਕਰਨ ਵਾਲੇ ਲੋਕਾਂ ਦਾ ਜਲਦੀ ਹੀ ਧਰਤੀ ਤੋਂ ਸਫ਼ਾਇਆ ਕਰ ਦਿੱਤਾ ਜਾਵੇਗਾ। ਪਰ ਜਿਨ੍ਹਾਂ ਨੇ ਜ਼ਿੰਦਗੀ ਨੂੰ ਚੁਣ ਕੇ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਚੱਲਣ ਦਾ ਸਹੀ ਫ਼ੈਸਲਾ ਕੀਤਾ ਹੈ, ਉਹ ਬਚ ਜਾਣਗੇ। ਬਚ ਕੇ ਨਵੀਂ ਦੁਨੀਆਂ ਵਿਚ ਗਏ ਇਹ ਲੋਕ ਧਰਤੀ ਨੂੰ ਉਸੇ ਤਰ੍ਹਾਂ ਦਾ ਸੁੰਦਰ ਫਿਰਦੌਸ ਬਣਾਉਣ ਵਿਚ ਹਿੱਸਾ ਲੈਣਗੇ ਜਿਸ ਤਰ੍ਹਾਂ ਪਰਮੇਸ਼ੁਰ ਸ਼ੁਰੂ ਵਿਚ ਚਾਹੁੰਦਾ ਸੀ। ਪਰਮੇਸ਼ੁਰ ਦੀ ਨਿਗਰਾਨੀ ਹੇਠ ਕੀ ਤੁਸੀਂ ਇਸ ਕੰਮ ਵਿਚ ਖ਼ੁਸ਼ੀ ਨਾਲ ਹਿੱਸਾ ਲੈਣਾ ਚਾਹੋਗੇ?

ਜੇ ਹਾਂ, ਤਾਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦਾ ਫ਼ੈਸਲਾ ਕਰੋ। ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਉਸ ਦੀਆਂ ਮੰਗਾਂ ਬਾਰੇ ਸਿੱਖਣ ਦਾ ਫ਼ੈਸਲਾ ਕਰੋ। ਉਨ੍ਹਾਂ ਨੂੰ ਪੂਰਾ ਕਰਨ ਦਾ ਫ਼ੈਸਲਾ ਕਰੋ। ਇਸ ਤੋਂ ਵੀ ਜ਼ਿਆਦਾ ਅਹਿਮ ਗੱਲ ਹੈ ਕਿ ਤੁਸੀਂ ਆਪਣੇ ਫ਼ੈਸਲੇ ਅਨੁਸਾਰ ਚੱਲਣ ਦੀ ਠਾਣ ਲਓ। ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਜ਼ਿੰਦਗੀ ਨੂੰ ਚੁਣੋ!

[ਸਫ਼ੇ 4 ਉੱਤੇ ਤਸਵੀਰ]

ਗੰਭੀਰ ਫ਼ੈਸਲੇ ਕਰਨ ਵਿਚ ਜਲਦਬਾਜ਼ੀ ਨਾ ਕਰੋ

[ਸਫ਼ੇ 5 ਉੱਤੇ ਤਸਵੀਰ]

ਕੰਮ ਚੁਣਨ ਲੱਗਿਆਂ ਸਲਾਹ ਪੁੱਛੋ

[ਸਫ਼ੇ 7 ਉੱਤੇ ਤਸਵੀਰ]

ਜੋ ਹੁਣ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕਰਦੇ ਹਨ, ਉਹ ਧਰਤੀ ਨੂੰ ਫਿਰਦੌਸ ਬਣਾਉਣ ਵਿਚ ਹਿੱਸਾ ਲੈਣਗੇ