Skip to content

Skip to table of contents

ਧਰਤੀ ਜ਼ਰੂਰ ਫਿਰਦੌਸ ਬਣੇਗੀ

ਧਰਤੀ ਜ਼ਰੂਰ ਫਿਰਦੌਸ ਬਣੇਗੀ

ਧਰਤੀ ਜ਼ਰੂਰ ਫਿਰਦੌਸ ਬਣੇਗੀ

ਪੁਰਾਣੇ ਸਮਿਆਂ ਤੋਂ ਹੀ ਲੋਕ ਇਹ ਵਿਸ਼ਵਾਸ ਕਰਦੇ ਆਏ ਹਨ ਕਿ ਇਕ ਦਿਨ ਉਹ ਧਰਤੀ ਨੂੰ ਛੱਡ ਕੇ ਸਵਰਗ ਚਲੇ ਜਾਣਗੇ। ਕਈ ਸੋਚਦੇ ਹਨ ਕਿ ਸਾਡੇ ਸਿਰਜਣਹਾਰ ਦਾ ਇਹ ਇਰਾਦਾ ਬਿਲਕੁਲ ਨਹੀਂ ਸੀ ਕਿ ਅਸੀਂ ਹਮੇਸ਼ਾ ਧਰਤੀ ਉੱਤੇ ਰਹੀਏ। ਸੰਨਿਆਸੀ ਤਾਂ ਇਸ ਤੋਂ ਵੀ ਦਸ ਕਦਮ ਅੱਗੇ ਨਿਕਲ ਗਏ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਇਹ ਮੰਨਦੇ ਹਨ ਕਿ ਧਰਤੀ ਅਤੇ ਸਾਰੀਆਂ ਭੌਤਿਕ ਚੀਜ਼ਾਂ ਬੁਰੀਆਂ ਹਨ ਅਤੇ ਪਰਮ ਆਨੰਦ ਪਾਉਣ ਅਤੇ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਰੁਕਾਵਟ ਬਣਦੀਆਂ ਹਨ।

ਜਿਨ੍ਹਾਂ ਨੇ ਉੱਪਰ ਦੱਸੇ ਵਿਚਾਰ ਸ਼ੁਰੂ ਕੀਤੇ ਸਨ, ਉਹ ਜਾਂ ਤਾਂ ਜਾਣਦੇ ਨਹੀਂ ਸਨ ਕਿ ਪਰਮੇਸ਼ੁਰ ਨੇ ਧਰਤੀ ਉੱਤੇ ਫਿਰਦੌਸ ਸੰਬੰਧੀ ਕੀ ਕਿਹਾ ਸੀ ਜਾਂ ਫਿਰ ਉਨ੍ਹਾਂ ਨੇ ਇਸ ਨੂੰ ਅਣਗੌਲਿਆਂ ਕੀਤਾ। ਅਸਲ ਵਿਚ ਅੱਜ ਬਹੁਤ ਸਾਰੇ ਲੋਕ ਇਹ ਦੇਖਣਾ ਹੀ ਨਹੀਂ ਚਾਹੁੰਦੇ ਕਿ ਪਰਮੇਸ਼ੁਰ ਨੇ ਇਸ ਬਾਰੇ ਆਪਣੇ ਬਚਨ ਬਾਈਬਲ ਵਿਚ ਕੀ ਲਿਖਵਾਇਆ ਸੀ। (2 ਤਿਮੋਥਿਉਸ 3:16, 17) ਪਰ ਕੀ ਇਨਸਾਨੀ ਵਿਚਾਰਾਂ ਨੂੰ ਮੰਨਣ ਦੀ ਬਜਾਇ ਪਰਮੇਸ਼ੁਰ ਦੇ ਬਚਨ ਤੇ ਭਰੋਸਾ ਕਰਨਾ ਸਮਝਦਾਰੀ ਨਹੀਂ? (ਰੋਮੀਆਂ 3:4) ਉਸ ਦੇ ਬਚਨ ਤੇ ਭਰੋਸਾ ਕਰਨਾ ਅਸਲ ਵਿਚ ਬਹੁਤ ਜ਼ਰੂਰੀ ਹੈ ਕਿਉਂਕਿ ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਸ਼ਤਾਨ ਨੇ ਅਧਿਆਤਮਿਕ ਤੌਰ ਤੇ ਲੋਕਾਂ ਨੂੰ ਅੰਨ੍ਹਾ ਕੀਤਾ ਹੋਇਆ ਹੈ ਅਤੇ ਉਹ “ਸਾਰੇ ਜਗਤ ਨੂੰ ਭਰਮਾਉਂਦਾ ਹੈ।”—ਪਰਕਾਸ਼ ਦੀ ਪੋਥੀ 12:9; 2 ਕੁਰਿੰਥੀਆਂ 4:4.

ਪਰਮੇਸ਼ੁਰ ਦੇ ਮਕਸਦ ਬਾਰੇ ਉਲਝਣ ਕਿਉਂ?

ਜੀਵਨ ਅਤੇ ਮੌਤ ਬਾਰੇ ਵੱਖੋ-ਵੱਖਰੇ ਵਿਚਾਰਾਂ ਨੇ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਲੋਕਾਂ ਨੂੰ ਉਲਝਣ ਵਿਚ ਪਾ ਦਿੱਤਾ ਹੈ। ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਹਨ ਕਿ ਸਾਡੇ ਅੰਦਰ ਅਜਿਹੀ ਇਕ ਚੀਜ਼ ਹੈ ਜੋ ਮਨੁੱਖੀ ਸਰੀਰ ਤੋਂ ਵੱਖਰੀ ਹੈ ਅਤੇ ਸਰੀਰ ਦੀ ਮੌਤ ਤੋਂ ਬਾਅਦ ਵੀ ਜੀਉਂਦੀ ਰਹਿੰਦੀ ਹੈ। ਲੋਕ ਇਸ ਨੂੰ ਆਤਮਾ ਕਹਿੰਦੇ ਹਨ। ਕਈ ਵਿਸ਼ਵਾਸ ਕਰਦੇ ਹਨ ਕਿ ਇਹ ਆਤਮਾ ਮਨੁੱਖੀ ਸਰੀਰ ਦੇ ਸਿਰਜੇ ਜਾਣ ਤੋਂ ਵੀ ਪਹਿਲਾਂ ਮੌਜੂਦ ਸੀ। ਇਕ ਕਿਤਾਬ ਅਨੁਸਾਰ, ਯੂਨਾਨੀ ਫ਼ਿਲਾਸਫ਼ਰ ਪਲੈਟੋ ਮੰਨਦਾ ਸੀ ਕਿ ਇਸ ਆਤਮਾ ਨੂੰ “ਸਰੀਰ ਵਿਚ ਕੈਦ ਕੀਤਾ ਗਿਆ ਹੈ ਕਿਉਂਕਿ ਇਸ ਨੇ ਸਵਰਗ ਵਿਚ ਰਹਿੰਦਿਆਂ ਪਾਪ ਕੀਤੇ ਸਨ।” ਇਸੇ ਤਰ੍ਹਾਂ ਤੀਸਰੀ ਸਦੀ ਦੇ ਧਰਮ-ਸ਼ਾਸਤਰੀ ਔਰਿਜੇਨ ਨੇ ਕਿਹਾ ਕਿ “ਮਨੁੱਖੀ ਸਰੀਰ ਵਿਚ ਆਉਣ ਤੋਂ ਪਹਿਲਾਂ ਆਤਮਾਵਾਂ ਨੇ [ਸਵਰਗ ਵਿਚ] ਪਾਪ ਕੀਤੇ ਸਨ” ਅਤੇ “ਇਨ੍ਹਾਂ ਪਾਪਾਂ ਦੀ ਸਜ਼ਾ ਵਜੋਂ ਉਨ੍ਹਾਂ ਨੂੰ [ਧਰਤੀ ਉੱਤੇ ਸਰੀਰ ਵਿਚ] ਕੈਦ ਕੀਤਾ ਗਿਆ।” ਹੋਰ ਲੱਖਾਂ ਲੋਕ ਵਿਸ਼ਵਾਸ ਕਰਦੇ ਹਨ ਕਿ ਸਵਰਗ ਜਾਣ ਤੋਂ ਪਹਿਲਾਂ ਧਰਤੀ ਉੱਤੇ ਹਰ ਇਨਸਾਨ ਦੀ ਪਰੀਖਿਆ ਲਈ ਜਾਂਦੀ ਹੈ।

ਇਸ ਬਾਰੇ ਵੀ ਵੱਖੋ-ਵੱਖਰੇ ਵਿਚਾਰ ਹਨ ਕਿ ਇਨਸਾਨ ਦੇ ਮਰਨ ਤੋਂ ਬਾਅਦ ਕੀ ਹੁੰਦਾ ਹੈ। ਪੱਛਮੀ ਫ਼ਲਸਫ਼ੇ ਦਾ ਇਤਿਹਾਸ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਅਨੁਸਾਰ ਮਿਸਰੀਆਂ ਨੇ ਇਹ ਵਿਚਾਰ ਸ਼ੁਰੂ ਕੀਤਾ ਸੀ ਕਿ “ਮਰੇ ਹੋਏ ਲੋਕਾਂ ਦੀਆਂ ਆਤਮਾਵਾਂ ਪਤਾਲ ਵਿਚ ਚਲੀਆਂ ਜਾਂਦੀਆਂ ਹਨ।” ਬਾਅਦ ਵਿਚ ਫ਼ਿਲਾਸਫ਼ਰਾਂ ਨੇ ਕਿਹਾ ਕਿ ਮਰੇ ਹੋਏ ਲੋਕਾਂ ਦੀਆਂ ਆਤਮਾਵਾਂ ਕਿਸੇ ਹਨੇਰੇ ਪਤਾਲ ਵਿਚ ਨਹੀਂ ਜਾਂਦੀਆਂ, ਸਗੋਂ ਉੱਚੇ ਆਤਮਿਕ ਖੇਤਰ ਵਿਚ ਚਲੀਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਯੂਨਾਨੀ ਫ਼ਿਲਾਸਫ਼ਰ ਸੁਕਰਾਤ ਇਹ ਮੰਨਦਾ ਸੀ ਕਿ ਮਰੇ ਹੋਏ ਲੋਕਾਂ ਦੀਆਂ ਆਤਮਾਵਾਂ “ਅਦਿੱਖ ਇਲਾਕੇ ਵਿਚ ਚਲੀਆਂ ਜਾਂਦੀਆਂ ਹਨ . . . ਤੇ ਆਪਣੀ ਬਾਕੀ ਜ਼ਿੰਦਗੀ ਦੇਵਤਿਆਂ ਨਾਲ ਗੁਜ਼ਾਰਦੀਆਂ ਹਨ।”

ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਪਰਮੇਸ਼ੁਰ ਦਾ ਪ੍ਰੇਰਿਤ ਬਚਨ ਬਾਈਬਲ ਕਿਤੇ ਵੀ ਇਹ ਨਹੀਂ ਕਹਿੰਦੀ ਕਿ ਇਨਸਾਨ ਵਿਚ ਕੋਈ ਅਮਰ ਆਤਮਾ ਹੈ। ਕਿਰਪਾ ਕਰ ਕੇ ਉਤਪਤ 2:7 ਪੜ੍ਹੋ। ਇਸ ਵਿਚ ਲਿਖਿਆ ਹੈ: “ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਫੂਕਿਆ ਸੋ ਆਦਮੀ ਜੀਉਂਦੀ ਜਾਨ ਹੋ ਗਿਆ।” ਇਹ ਆਇਤ ਬਿਲਕੁਲ ਸਪੱਸ਼ਟ ਹੈ ਤੇ ਇਸ ਦਾ ਗ਼ਲਤ ਅਰਥ ਕੱਢਿਆ ਹੀ ਨਹੀਂ ਜਾ ਸਕਦਾ। ਜਦੋਂ ਪਰਮੇਸ਼ੁਰ ਨੇ ਪਹਿਲੇ ਆਦਮੀ ਆਦਮ ਨੂੰ ਬਣਾਇਆ ਸੀ, ਤਾਂ ਉਸ ਨੇ ਉਸ ਵਿਚ ਕੋਈ ਅਦਿੱਖ ਚੀਜ਼ ਨਹੀਂ ਪਾਈ ਸੀ। ਸਗੋਂ ਬਾਈਬਲ ਦੱਸਦੀ ਹੈ ਕਿ ਬੇਜਾਨ ਸਰੀਰ ਵਿਚ “ਜੀਵਣ ਦਾ ਸਾਹ” ਫੂਕਿਆ ਗਿਆ ਸੀ ਜਿਸ ਕਰਕੇ ਆਦਮ ਜੀਉਂਦਾ ਪ੍ਰਾਣੀ ਬਣ ਗਿਆ।

ਧਰਤੀ ਅਤੇ ਮਨੁੱਖੀ ਪਰਿਵਾਰ ਦੀ ਸਿਰਜਣਾ ਕਰਨ ਵੇਲੇ ਯਹੋਵਾਹ ਨੇ ਕਦੀ ਨਹੀਂ ਚਾਹਿਆ ਸੀ ਕਿ ਇਨਸਾਨ ਮਰੇ। ਪਰਮੇਸ਼ੁਰ ਦਾ ਮਕਸਦ ਸੀ ਕਿ ਇਨਸਾਨ ਫਿਰਦੌਸ ਵਰਗੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਨ। ਆਦਮ ਇਸ ਕਰਕੇ ਮਰਿਆ ਕਿਉਂਕਿ ਉਸ ਨੇ ਪਰਮੇਸ਼ੁਰ ਦਾ ਕਾਨੂੰਨ ਤੋੜਿਆ ਸੀ। (ਉਤਪਤ 2:8, 15-17; 3:1-6; ਯਸਾਯਾਹ 45:18) ਕੀ ਪਹਿਲਾ ਆਦਮੀ ਮਰਨ ਤੋਂ ਬਾਅਦ ਕਿਸੇ ਆਤਮਿਕ ਲੋਕ ਵਿਚ ਗਿਆ ਸੀ? ਨਹੀਂ! ਉਹ ਬੇਜਾਨ ਮਿੱਟੀ ਵਿਚ ਮਿਲ ਗਿਆ ਜਿਸ ਤੋਂ ਉਸ ਨੂੰ ਬਣਾਇਆ ਗਿਆ ਸੀ।—ਉਤਪਤ 3:17-19.

ਸਾਨੂੰ ਸਾਰਿਆਂ ਨੂੰ ਆਪਣੇ ਪਹਿਲੇ ਪਿਤਾ ਆਦਮ ਤੋਂ ਵਿਰਸੇ ਵਿਚ ਪਾਪ ਅਤੇ ਮੌਤ ਮਿਲੀ ਹੈ। (ਰੋਮੀਆਂ 5:12) ਮਰਨ ਤੋਂ ਬਾਅਦ ਇਨਸਾਨ ਦੀ ਹੋਂਦ ਖ਼ਤਮ ਹੋ ਜਾਂਦੀ ਹੈ, ਜਿਸ ਤਰ੍ਹਾਂ ਆਦਮ ਦੀ ਹੋਂਦ ਖ਼ਤਮ ਹੋ ਗਈ ਸੀ। (ਜ਼ਬੂਰਾਂ ਦੀ ਪੋਥੀ 146:3, 4) ਅਸਲ ਵਿਚ ਬਾਈਬਲ ਦੀਆਂ ਸਾਰੀਆਂ 66 ਕਿਤਾਬਾਂ ਵਿਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਮੌਤ ਵੇਲੇ ਇਨਸਾਨ ਦੇ ਅੰਦਰੋਂ ਕੋਈ ਅਦਿੱਖ ਚੀਜ਼ ਨਿਕਲ ਜਾਂਦੀ ਹੈ। ਇਸ ਤੋਂ ਉਲਟ, ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਮਰਨ ਤੋਂ ਬਾਅਦ ਇਨਸਾਨ ਦੀ ਹੋਂਦ ਪੂਰੀ ਤਰ੍ਹਾਂ ਮਿਟ ਜਾਂਦੀ ਹੈ।—ਉਪਦੇਸ਼ਕ ਦੀ ਪੋਥੀ 9:5, 10; ਹਿਜ਼ਕੀਏਲ 18:4.

ਕੀ ਭੌਤਿਕ ਚੀਜ਼ਾਂ ਬੁਰੀਆਂ ਹਨ?

ਇਸ ਵਿਚਾਰ ਬਾਰੇ ਕੀ ਕਿਹਾ ਜਾ ਸਕਦਾ ਹੈ ਕਿ ਧਰਤੀ ਸਮੇਤ ਸਾਰੀਆਂ ਭੌਤਿਕ ਚੀਜ਼ਾਂ ਬੁਰੀਆਂ ਹਨ? ਮਾਨੀਵਾਦ ਦੇ ਪੈਰੋਕਾਰ ਇਹ ਵਿਚਾਰ ਰੱਖਦੇ ਸਨ। ਇਹ ਧਾਰਮਿਕ ਪੰਥ ਤੀਸਰੀ ਸਦੀ ਵਿਚ ਫ਼ਾਰਸ ਵਿਚ ਮਾਨੀ ਨਾਂ ਦੇ ਇਕ ਵਿਅਕਤੀ ਨੇ ਸ਼ੁਰੂ ਕੀਤਾ ਸੀ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ: “ਇਨਸਾਨੀ ਜਾਮੇ ਵਿਚ ਦੁੱਖ-ਦਰਦ ਦੇ ਕਰਕੇ ਹੀ ਮਾਨੀਵਾਦ ਧਰਮ ਦਾ ਜਨਮ ਹੋਇਆ ਸੀ।” ਮਾਨੀ ਇਹ ਵਿਸ਼ਵਾਸ ਕਰਦਾ ਸੀ ਕਿ ਆਤਮਾ ਦਾ ਇਨਸਾਨੀ ਸਰੀਰ ਵਿਚ ਆਉਣਾ ਸੁਭਾਵਕ ਨਹੀਂ ਹੈ ਅਤੇ ਇਸ ਘਟੀਆ ਹਾਲਤ ਵਿਚ ਉਹ ਤੜਫਦੀ ਹੈ। ਉਹ ਇਹ ਵੀ ਮੰਨਦਾ ਸੀ ਕਿ ਇਸ “ਦੁੱਖ-ਦਰਦ” ਤੋਂ ਛੁੱਟਣ ਦਾ ਇੱਕੋ-ਇਕ ਰਾਹ ਸੀ ਕਿ ਇਨਸਾਨ ਦੀ ਆਤਮਾ ਸਰੀਰ ਵਿੱਚੋਂ ਨਿਕਲ ਜਾਵੇ ਅਤੇ ਧਰਤੀ ਨੂੰ ਛੱਡ ਕੇ ਆਤਮਿਕ ਲੋਕ ਵਿਚ ਜਾ ਵਸੇ।

ਇਸ ਤੋਂ ਉਲਟ, ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਜਦੋਂ ਧਰਤੀ ਅਤੇ ਇਨਸਾਨ ਨੂੰ ਬਣਾਇਆ ਸੀ, ਤਾਂ ਜੋ ਵੀ “ਉਸ ਨੇ ਬਣਾਇਆ ਸੀ,” ਉਹ “ਬਹੁਤ ਹੀ ਚੰਗਾ” ਸੀ। (ਉਤਪਤ 1:31) ਉਸ ਸਮੇਂ ਪਰਮੇਸ਼ੁਰ ਅਤੇ ਇਨਸਾਨ ਵਿਚ ਫੁੱਟ ਨਹੀਂ ਸੀ। ਆਦਮ ਤੇ ਹੱਵਾਹ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਸੀ, ਜਿਵੇਂ ਮੁਕੰਮਲ ਇਨਸਾਨ ਯਿਸੂ ਮਸੀਹ ਦਾ ਆਪਣੇ ਸਵਰਗੀ ਪਿਤਾ ਨਾਲ ਗੂੜ੍ਹਾ ਰਿਸ਼ਤਾ ਸੀ।—ਮੱਤੀ 3:17.

ਜੇ ਸਾਡੇ ਪਹਿਲੇ ਮਾਤਾ-ਪਿਤਾ ਆਦਮ ਤੇ ਹੱਵਾਹ ਨੇ ਪਾਪ ਨਾ ਕੀਤਾ ਹੁੰਦਾ, ਤਾਂ ਯਹੋਵਾਹ ਨਾਲ ਉਨ੍ਹਾਂ ਦਾ ਗੂੜ੍ਹਾ ਰਿਸ਼ਤਾ ਹੋਣਾ ਸੀ ਅਤੇ ਉਨ੍ਹਾਂ ਨੇ ਧਰਤੀ ਉੱਤੇ ਫਿਰਦੌਸ ਵਿਚ ਹਮੇਸ਼ਾ ਲਈ ਰਹਿਣਾ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਇਕ ਸੁੰਦਰ ਬਾਗ਼ ਵਿਚ ਕੀਤੀ ਸੀ। ਇਸ ਬਾਰੇ ਬਾਈਬਲ ਸਾਨੂੰ ਦੱਸਦੀ ਹੈ: “ਯਹੋਵਾਹ ਪਰਮੇਸ਼ੁਰ ਨੇ ਇੱਕ ਬਾਗ਼ ਅਦਨ ਵਿੱਚ ਪੂਰਬ ਵੱਲ ਲਾਇਆ ਅਤੇ ਉੱਥੇ ਉਸ ਨੇ ਉਸ ਆਦਮੀ ਨੂੰ ਜਿਹ ਨੂੰ ਉਸ ਨੇ ਰਚਿਆ ਸੀ ਰੱਖਿਆ।” (ਉਤਪਤ 2:8) ਅਦਨ ਦੇ ਬਾਗ਼ ਵਿਚ ਹੀ ਹੱਵਾਹ ਨੂੰ ਰਚਿਆ ਗਿਆ ਸੀ। ਜੇ ਆਦਮ ਤੇ ਹੱਵਾਹ ਪਾਪ ਨਾ ਕਰਦੇ, ਤਾਂ ਉਹ ਤੇ ਉਨ੍ਹਾਂ ਦੇ ਮੁਕੰਮਲ ਬੱਚਿਆਂ ਨੇ ਪੂਰੀ ਧਰਤੀ ਨੂੰ ਫਿਰਦੌਸ ਬਣਾਉਣਾ ਸੀ ਤੇ ਹਮੇਸ਼ਾ-ਹਮੇਸ਼ਾ ਲਈ ਇਸ ਧਰਤੀ ਉੱਤੇ ਖ਼ੁਸ਼ੀ-ਖ਼ੁਸ਼ੀ ਰਹਿਣਾ ਸੀ।—ਉਤਪਤ 2:21; 3:23, 24.

ਕੁਝ ਲੋਕ ਸਵਰਗ ਕਿਉਂ ਜਾਂਦੇ ਹਨ?

ਤੁਸੀਂ ਸ਼ਾਇਦ ਪੁੱਛੋ: ‘ਪਰ ਕੀ ਬਾਈਬਲ ਇਹ ਨਹੀਂ ਕਹਿੰਦੀ ਕਿ ਕੁਝ ਲੋਕ ਸਵਰਗ ਜਾਣਗੇ?’ ਜੀ ਹਾਂ, ਬਾਈਬਲ ਇਸ ਤਰ੍ਹਾਂ ਕਹਿੰਦੀ ਹੈ। ਆਦਮ ਦੇ ਪਾਪ ਕਰਨ ਤੋਂ ਬਾਅਦ ਯਹੋਵਾਹ ਨੇ ਇਕ ਸਵਰਗੀ ਸਰਕਾਰ ਖੜ੍ਹੀ ਕਰਨ ਦਾ ਫ਼ੈਸਲਾ ਕੀਤਾ ਜਿਸ ਵਿਚ ਆਦਮ ਦੀ ਸੰਤਾਨ ਵਿੱਚੋਂ ਕੁਝ ਲੋਕ ਯਿਸੂ ਮਸੀਹ ਨਾਲ ਮਿਲ ਕੇ “ਧਰਤੀ ਉੱਤੇ ਰਾਜ” ਕਰਦੇ। (ਪਰਕਾਸ਼ ਦੀ ਪੋਥੀ 5:10; ਰੋਮੀਆਂ 8:17) ਉਨ੍ਹਾਂ ਨੂੰ ਮੁੜ ਜੀਉਂਦਾ ਕਰ ਕੇ ਸਵਰਗ ਵਿਚ ਅਮਰ ਜ਼ਿੰਦਗੀ ਦਿੱਤੀ ਜਾਣੀ ਸੀ। ਉਨ੍ਹਾਂ ਦੀ ਪੂਰੀ ਗਿਣਤੀ 1,44,000 ਹੈ ਅਤੇ ਯਿਸੂ ਦੇ ਪਹਿਲੀ ਸਦੀ ਦੇ ਵਫ਼ਾਦਾਰ ਚੇਲੇ ਉਨ੍ਹਾਂ ਲੋਕਾਂ ਵਿਚ ਸ਼ਾਮਲ ਸਨ।—ਲੂਕਾ 12:32; 1 ਕੁਰਿੰਥੀਆਂ 15:42-44; ਪਰਕਾਸ਼ ਦੀ ਪੋਥੀ 14:1-5.

ਪਰ ਪਹਿਲਾਂ ਪਰਮੇਸ਼ੁਰ ਦਾ ਇਹ ਮਕਸਦ ਨਹੀਂ ਸੀ ਕਿ ਧਰਮੀ ਇਨਸਾਨ ਧਰਤੀ ਨੂੰ ਛੱਡ ਕੇ ਸਵਰਗ ਜਾਣ। ਅਸਲ ਵਿਚ ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਕਿਹਾ ਸੀ: “ਸੁਰਗ ਨੂੰ ਕੋਈ ਨਹੀਂ ਚੜ੍ਹਿਆ ਪਰ ਉਹ ਜਿਹੜਾ ਸੁਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤ੍ਰ।” (ਯੂਹੰਨਾ 3:13) ‘ਮਨੁੱਖ ਦੇ ਪੁੱਤ੍ਰ’ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਨੇ ਨਿਸਤਾਰੇ ਦਾ ਮੁੱਲ ਭਰਿਆ ਜਿਸ ਕਰਕੇ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਨ ਵਾਲਿਆਂ ਲਈ ਅਨੰਤ ਜ਼ਿੰਦਗੀ ਮਿਲਣੀ ਸੰਭਵ ਹੋਈ। (ਰੋਮੀਆਂ 5:8) ਪਰ ਇਹ ਲੱਖਾਂ ਲੋਕ ਹਮੇਸ਼ਾ ਲਈ ਕਿੱਥੇ ਰਹਿਣਗੇ?

ਪਰਮੇਸ਼ੁਰ ਦਾ ਪਹਿਲਾ ਮਕਸਦ ਪੂਰਾ ਹੋਵੇਗਾ

ਭਾਵੇਂ ਕਿ ਪਰਮੇਸ਼ੁਰ ਸਵਰਗੀ ਸਰਕਾਰ ਵਿਚ ਯਿਸੂ ਮਸੀਹ ਦੇ ਨਾਲ ਰਾਜ ਕਰਨ ਲਈ ਕੁਝ ਇਨਸਾਨਾਂ ਨੂੰ ਸਵਰਗ ਲੈ ਜਾਵੇਗਾ, ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਰੇ ਚੰਗੇ ਲੋਕ ਸਵਰਗ ਜਾਣਗੇ। ਯਹੋਵਾਹ ਨੇ ਧਰਤੀ ਇਸ ਲਈ ਬਣਾਈ ਸੀ ਕਿ ਇਨਸਾਨ ਇਸ ਨੂੰ ਫਿਰਦੌਸ ਬਣਾ ਕੇ ਇਸ ਉੱਤੇ ਰਹਿਣ। ਭਵਿੱਖ ਵਿਚ ਜਲਦੀ ਹੀ ਪਰਮੇਸ਼ੁਰ ਆਪਣਾ ਇਹ ਮਕਸਦ ਪੂਰਾ ਕਰੇਗਾ।—ਮੱਤੀ 6:9, 10.

ਯਿਸੂ ਮਸੀਹ ਅਤੇ ਉਸ ਨਾਲ ਰਾਜ ਕਰਨ ਵਾਲਿਆਂ ਦੀ ਹਕੂਮਤ ਅਧੀਨ ਪੂਰੀ ਧਰਤੀ ਉੱਤੇ ਸ਼ਾਂਤੀ ਤੇ ਖ਼ੁਸ਼ਹਾਲੀ ਹੋਵੇਗੀ। (ਜ਼ਬੂਰਾਂ ਦੀ ਪੋਥੀ 37:9-11) ਜੋ ਲੋਕ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ, ਉਨ੍ਹਾਂ ਨੂੰ ਮੁੜ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਮੁਕੰਮਲ ਸਿਹਤ ਦਾ ਆਨੰਦ ਮਾਣਨਗੇ। (ਰਸੂਲਾਂ ਦੇ ਕਰਤੱਬ 24:15) ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਕਰਕੇ ਆਗਿਆਕਾਰ ਇਨਸਾਨਾਂ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਮੁਕੰਮਲ ਤੇ ਸਦੀਪਕ ਜ਼ਿੰਦਗੀ ਦਿੱਤੀ ਜਾਵੇਗੀ।—ਪਰਕਾਸ਼ ਦੀ ਪੋਥੀ 21:3, 4.

ਯਹੋਵਾਹ ਜੋ ਵੀ ਕਰਨ ਦਾ ਫ਼ੈਸਲਾ ਕਰਦਾ ਹੈ, ਉਸ ਵਿਚ ਉਹ ਕਦੀ ਅਸਫ਼ਲ ਨਹੀਂ ਹੁੰਦਾ। ਆਪਣੇ ਨਬੀ ਯਸਾਯਾਹ ਰਾਹੀਂ, ਉਸ ਨੇ ਕਿਹਾ ਸੀ: “ਜਿਵੇਂ ਤਾਂ ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਨੂੰ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਐਉਂ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ, ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”—ਯਸਾਯਾਹ 55:10, 11.

ਬਾਈਬਲ ਵਿਚ ਯਸਾਯਾਹ ਦੀ ਕਿਤਾਬ ਸਾਨੂੰ ਫਿਰਦੌਸ ਵਰਗੀ ਧਰਤੀ ਉੱਤੇ ਚੰਗੀ ਜ਼ਿੰਦਗੀ ਦੀ ਝਲਕ ਦਿੰਦੀ ਹੈ। ਉਸ ਸੁੰਦਰ ਧਰਤੀ ਦਾ ਕੋਈ ਵੀ ਵਾਸੀ ਨਾ ਕਹੇਗਾ, “ਮੈਂ ਬਿਮਾਰ ਹਾਂ।” (ਯਸਾਯਾਹ 33:24) ਇਨਸਾਨ ਨੂੰ ਜਾਨਵਰਾਂ ਤੋਂ ਕੋਈ ਖ਼ਤਰਾ ਨਹੀਂ ਹੋਵੇਗਾ। (ਯਸਾਯਾਹ 11:6-9) ਲੋਕ ਸੋਹਣੇ-ਸੋਹਣੇ ਘਰ ਬਣਾਉਣਗੇ ਅਤੇ ਉਨ੍ਹਾਂ ਵਿਚ ਰਹਿਣਗੇ। ਉਹ ਖੇਤੀਬਾੜੀ ਕਰਨਗੇ ਤੇ ਰੱਜ ਕੇ ਖਾਣਗੇ। (ਯਸਾਯਾਹ 65:21-25) ਇਸ ਤੋਂ ਇਲਾਵਾ, ਪਰਮੇਸ਼ੁਰ “ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:8.

ਜਲਦੀ ਹੀ ਆਗਿਆਕਾਰ ਇਨਸਾਨ ਅਜਿਹੀਆਂ ਵਧੀਆ ਹਾਲਤਾਂ ਵਿਚ ਰਹਿਣਗੇ। ਉਹ “ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ” ਕਰਨਗੇ। (ਰੋਮੀਆਂ 8:21) ਅਜਿਹੀ ਸੋਹਣੀ ਧਰਤੀ ਉੱਤੇ ਜ਼ਿੰਦਗੀ ਕਿੰਨੀ ਵਧੀਆ ਹੋਵੇਗੀ! ਤੁਸੀਂ ਵੀ ਇਹ ਜ਼ਿੰਦਗੀ ਪ੍ਰਾਪਤ ਕਰ ਸਕਦੇ ਹੋ ਜੇ ਤੁਸੀਂ ਬਾਈਬਲ ਦਾ ਸਹੀ ਗਿਆਨ ਲੈ ਕੇ ਇਸ ਅਨੁਸਾਰ ਚੱਲੋ ਅਤੇ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਵਿਚ ਨਿਹਚਾ ਕਰੋ। ਤੁਸੀਂ ਪੂਰਾ ਯਕੀਨ ਰੱਖ ਸਕਦੇ ਹੋ ਕਿ ਧਰਤੀ ਜ਼ਰੂਰ ਫਿਰਦੌਸ ਬਣੇਗੀ।

[ਸਫ਼ੇ 5 ਉੱਤੇ ਤਸਵੀਰ]

ਆਦਮ ਤੇ ਹੱਵਾਹ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਹਮੇਸ਼ਾ ਲਈ ਰਹਿਣ ਵਾਸਤੇ ਬਣਾਇਆ ਗਿਆ ਸੀ

[ਸਫ਼ੇ 7 ਉੱਤੇ ਤਸਵੀਰ]

ਫਿਰਦੌਸ ਵਰਗੀ ਧਰਤੀ ਉੱਤੇ . . .

ਉਹ ਘਰ ਬਣਾਉਣਗੇ

ਉਹ ਅੰਗੂਰੀ ਬਾਗ਼ ਲਾਉਣਗੇ

ਉਹ ਯਹੋਵਾਹ ਤੋਂ ਬਰਕਤਾਂ ਪਾਉਣਗੇ

[ਸਫ਼ੇ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

U.S. Fish & Wildlife Service, Washington, D.C./NASA