Skip to content

Skip to table of contents

ਇਕ “ਨੌਕਰ” ਜੋ ਮਾਤਬਰ ਅਤੇ ਬੁੱਧਵਾਨ ਹੈ

ਇਕ “ਨੌਕਰ” ਜੋ ਮਾਤਬਰ ਅਤੇ ਬੁੱਧਵਾਨ ਹੈ

ਇਕ “ਨੌਕਰ” ਜੋ ਮਾਤਬਰ ਅਤੇ ਬੁੱਧਵਾਨ ਹੈ

“ਉਹ ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਹ ਨੂੰ ਮਾਲਕ ਨੇ ਆਪਣੇ ਨੌਕਰਾਂ ਚਾਕਰਾਂ ਉੱਤੇ ਮੁਖ਼ਤਿਆਰ ਕੀਤਾ?”—ਮੱਤੀ 24:45.

1, 2. ਅੱਜ ਸਾਡੇ ਲਈ ਰੂਹਾਨੀ ਖ਼ੁਰਾਕ ਕਿਉਂ ਅਤਿ ਜ਼ਰੂਰੀ ਹੈ?

ਮੰਗਲਵਾਰ ਗਿਆਰਾਂ ਨੀਸਾਨ ਦੇ ਦਿਨ ਯਿਸੂ ਦੇ ਚੇਲਿਆਂ ਨੇ ਉਸ ਨੂੰ ਇਕ ਸਵਾਲ ਪੁੱਛਿਆ ਜਿਸ ਦਾ ਜਵਾਬ ਅੱਜ ਸਾਡੇ ਲਈ ਖ਼ਾਸ ਅਰਥ ਰੱਖਦਾ ਹੈ। ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” ਇਸ ਦਾ ਜਵਾਬ ਦਿੰਦੇ ਹੋਏ ਯਿਸੂ ਨੇ ਇਕ ਭਵਿੱਖਬਾਣੀ ਕੀਤੀ। ਉਸ ਨੇ ਦੱਸਿਆ ਕਿ ਭਵਿੱਖ ਵਿਚ ਯੁੱਧ ਹੋਣਗੇ, ਬੀਮਾਰੀਆਂ ਫੈਲਣਗੀਆਂ, ਕਾਲ ਤੇ ਭੁਚਾਲ ਆਉਣਗੇ। ਇਹ ਤਾਂ ਸਿਰਫ਼ “ਪੀੜਾਂ ਦਾ ਅਰੰਭ” ਹੀ ਸੀ। ਹਾਲਾਤ ਇਸ ਨਾਲੋਂ ਹੋਰ ਵੀ ਬੁਰੇ ਹੋਣੇ ਸਨ। ਇਹ ਸਮਾਂ ਕਿੰਨਾ ਡਰਾਉਣਾ ਹੋਣਾ ਸੀ!—ਮੱਤੀ 24:3, 7, 8, 15-22; ਲੂਕਾ 21:10, 11.

2 ਸੰਨ 1914 ਤੋਂ ਯਿਸੂ ਦੀ ਭਵਿੱਖਬਾਣੀ ਦੀਆਂ ਤਕਰੀਬਨ ਸਾਰੀਆਂ ਗੱਲਾਂ ਪੂਰੀਆਂ ਹੋ ਚੁੱਕੀਆਂ ਹਨ। “ਪੀੜਾਂ” ਨਾਲ ਮਨੁੱਖਜਾਤੀ ਤੜਫ ਰਹੀ ਹੈ। ਪਰ ਸੱਚੇ ਮਸੀਹੀਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਯਿਸੂ ਨੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਰੂਹਾਨੀ ਖ਼ੁਰਾਕ ਦੇਵੇਗਾ ਜਿਸ ਤੋਂ ਉਨ੍ਹਾਂ ਨੂੰ ਤਾਕਤ ਮਿਲੇਗੀ। ਯਿਸੂ ਇਸ ਵੇਲੇ ਸਵਰਗ ਵਿਚ ਹੈ। ਤਾਂ ਫਿਰ, ਉਹ ਹੁਣ ਇੱਥੇ ਧਰਤੀ ਤੇ ਸਾਡੇ ਲਈ ਰੂਹਾਨੀ ਖ਼ੁਰਾਕ ਦਾ ਪ੍ਰਬੰਧ ਕਿਸ ਤਰ੍ਹਾਂ ਕਰ ਰਿਹਾ ਹੈ?

3. ਯਿਸੂ ਨੇ ਸਾਡੇ ਲਈ “ਵੇਲੇ ਸਿਰ” ਰੂਹਾਨੀ ਖ਼ੁਰਾਕ ਹਾਸਲ ਕਰਨ ਦਾ ਕਿਹੜਾ ਪ੍ਰਬੰਧ ਕੀਤਾ ਹੈ?

3 ਯਿਸੂ ਨੇ ਆਪ ਇਸ ਸਵਾਲ ਦਾ ਜਵਾਬ ਦਿੱਤਾ ਸੀ। ਭਵਿੱਖਬਾਣੀ ਕਰਦੇ ਹੋਏ ਉਸ ਨੇ ਪੁੱਛਿਆ: “ਉਹ ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਹ ਨੂੰ ਮਾਲਕ ਨੇ ਆਪਣੇ ਨੌਕਰਾਂ ਚਾਕਰਾਂ ਉੱਤੇ ਮੁਖ਼ਤਿਆਰ ਕੀਤਾ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ।” ਇਸ ਤੋਂ ਬਾਅਦ ਉਸ ਨੇ ਕਿਹਾ: “ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ।” (ਮੱਤੀ 24:45-47) ਇੱਥੇ ਯਿਸੂ ਕਹਿ ਰਿਹਾ ਸੀ ਕਿ ਇਕ “ਨੌਕਰ” ਰੂਹਾਨੀ ਖ਼ੁਰਾਕ ਦਾ ਪ੍ਰਬੰਧ ਕਰੇਗਾ ਅਤੇ ਇਹ “ਨੌਕਰ” ਮਾਤਬਰ ਅਤੇ ਬੁੱਧਵਾਨ ਹੋਵੇਗਾ। ਕੀ ਇਹ ਨੌਕਰ ਇਕ ਵਿਅਕਤੀ ਸੀ ਜਾਂ ਇਕ ਸਮੂਹ? ਕਿਉਂਕਿ ਇਹ ਨੌਕਰ ਅਤਿ ਜ਼ਰੂਰੀ ਰੂਹਾਨੀ ਖ਼ੁਰਾਕ ਦਾ ਪ੍ਰਬੰਧ ਕਰਦਾ ਹੈ, ਇਸ ਲਈ ਇਨ੍ਹਾਂ ਸਵਾਲਾਂ ਦੇ ਜਵਾਬ ਸਾਡੇ ਲਈ ਅਤਿ ਜ਼ਰੂਰੀ ਹਨ।

ਇਕ ਵਿਅਕਤੀ ਜਾਂ ਇਕ ਸਮੂਹ?

4. “ਮਾਤਬਰ ਅਤੇ ਬੁੱਧਵਾਨ ਨੌਕਰ” ਇਕ ਵਿਅਕਤੀ ਕਿਉਂ ਨਹੀਂ ਹੋ ਸਕਦਾ?

4 “ਮਾਤਬਰ ਅਤੇ ਬੁੱਧਵਾਨ ਨੌਕਰ” ਇਕ ਵਿਅਕਤੀ ਨਹੀਂ ਹੋ ਸਕਦਾ। ਕਿਉਂ ਨਹੀਂ? ਕਿਉਂਕਿ ਇਸ ਨੌਕਰ ਨੇ ਪਹਿਲੀ ਸਦੀ ਵਿਚ ਰੂਹਾਨੀ ਖ਼ੁਰਾਕ ਵੰਡਣੀ ਸ਼ੁਰੂ ਕੀਤੀ ਸੀ ਅਤੇ ਯਿਸੂ ਦੇ ਮੁਤਾਬਕ, ਜਦ 1914 ਵਿਚ ਮਾਲਕ ਨੇ ਵਾਪਸ ਆਉਣਾ ਸੀ, ਤਾਂ ਉਸ ਵੇਲੇ ਵੀ ਇਸ ਨੌਕਰ ਨੇ ਇਹ ਕੰਮ ਕਰਦਾ ਹੋਣਾ ਸੀ। ਜੇ ਇਹ ਇਕ ਵਿਅਕਤੀ ਹੁੰਦਾ, ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਤਕਰੀਬਨ 1,900 ਸਾਲ ਸੇਵਾ ਕਰਨੀ ਪੈਣੀ ਸੀ। ਬਾਈਬਲ ਵਿਚ ਜ਼ਿਕਰ ਕੀਤੇ ਗਏ ਮਥੂਸਲਹ ਦੀ ਉਮਰ ਵੀ ਇੰਨੀ ਲੰਬੀ ਨਹੀਂ ਸੀ!—ਉਤਪਤ 5:27.

5. ਸਮਝਾਓ ਕਿ ਹਰ ਮਸੀਹੀ “ਮਾਤਬਰ ਅਤੇ ਬੁੱਧਵਾਨ ਨੌਕਰ” ਕਿਉਂ ਨਹੀਂ ਹੋ ਸਕਦਾ।

5 ਤਾਂ ਫਿਰ, ਕੀ ਹਰ ਇਕ ਮਸੀਹੀ “ਮਾਤਬਰ ਅਤੇ ਬੁੱਧਵਾਨ ਨੌਕਰ” ਹੈ? ਇਹ ਸੱਚ ਹੈ ਕਿ ਹਰ ਮਸੀਹੀ ਨੂੰ ਵਫ਼ਾਦਾਰ ਤੇ ਬੁੱਧਵਾਨ ਹੋਣ ਦੀ ਲੋੜ ਹੈ, ਪਰ ਇਹ ਗੱਲ ਵੀ ਸਾਫ਼ ਹੈ ਕਿ ਜਦ ਯਿਸੂ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਬਾਰੇ ਗੱਲ ਕੀਤੀ ਸੀ, ਤਾਂ ਉਸ ਦੇ ਮਨ ਵਿਚ ਇਸ ਨਾਲੋਂ ਕੁਝ ਜ਼ਿਆਦਾ ਸੀ। ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਉਸ ਨੇ ਕਿਹਾ ਸੀ ਜਦ ‘ਮਾਲਕ ਆਵੇਗਾ,’ ਤਾਂ ਉਹ ਉਸ ਨੌਕਰ ਨੂੰ ‘ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ।’ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਹਰੇਕ ਮਸੀਹੀ ਪ੍ਰਭੂ ਦੇ “ਸਾਰੇ” ਮਾਲ ਮਤੇ ਉੱਤੇ ਮੁਖ਼ਤਿਆਰੀ ਕਰੇ? ਇਹ ਗੱਲ ਬਿਲਕੁਲ ਨਾਮੁਮਕਿਨ ਹੈ!

6. ਇਸਰਾਏਲ ਕੌਮ ਨੇ ਯਹੋਵਾਹ ਦੇ “ਦਾਸ” ਜਾਂ “ਨੌਕਰ” ਵਜੋਂ ਕਿਸ ਤਰ੍ਹਾਂ ਕੰਮ ਕੀਤਾ ਸੀ?

6 ਤਾਂ ਫਿਰ, ਅਸੀਂ ਇਹੀ ਨਤੀਜਾ ਕੱਢ ਸਕਦੇ ਹਾਂ ਕਿ ਜਦ ਯਿਸੂ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਬਾਰੇ ਗੱਲ ਕੀਤੀ, ਤਾਂ ਉਹ ਇਕ ਸਮੂਹ ਬਾਰੇ ਗੱਲ ਕਰ ਰਿਹਾ ਸੀ। ਕੀ ਵੱਖ-ਵੱਖ ਇਨਸਾਨਾਂ ਦਾ ਬਣਿਆ ਇਕ “ਨੌਕਰ” ਹੋ ਸਕਦਾ ਹੈ? ਜੀ ਹਾਂ, ਹੋ ਸਕਦਾ ਹੈ। ਮਸੀਹਾ ਦੇ ਆਉਣ ਤੋਂ ਤਕਰੀਬਨ 700 ਸਾਲ ਪਹਿਲਾਂ ਯਹੋਵਾਹ ਨੇ ਇਸਰਾਏਲ ਦੀ ਪੂਰੀ ਕੌਮ ਨੂੰ ਆਪਣਾ “ਗਵਾਹ” ਸੱਦਿਆ ਸੀ ਨਾਲੇ ‘ਮੇਰਾ ਦਾਸ ਜਿਹ ਨੂੰ ਮੈਂ ਚੁਣਿਆ।’ (ਯਸਾਯਾਹ 43:10) ਸੰਨ 1513 ਸਾ.ਯੁ.ਪੂ. ਵਿਚ ਇਸਰਾਏਲੀਆਂ ਨੂੰ ਮੂਸਾ ਦੀ ਬਿਵਸਥਾ ਦਿੱਤੀ ਗਈ ਸੀ। ਉਸ ਸਮੇਂ ਤੋਂ ਲੈ ਕੇ ਪੰਤੇਕੁਸਤ 33 ਸਾ.ਯੁ. ਤਕ ਇਸਰਾਏਲ ਕੌਮ ਦਾ ਹਰੇਕ ਮੈਂਬਰ ਯਹੋਵਾਹ ਦਾ ਦਾਸ ਜਾਂ ਨੌਕਰ ਵਰਗ ਦਾ ਮੈਂਬਰ ਸੀ। ਜ਼ਿਆਦਾਤਰ ਇਸਰਾਏਲੀ ਉਸ ਕੌਮ ਦੀ ਰੂਹਾਨੀ ਜਾਂ ਸਰਕਾਰੀ ਕੰਮਾਂ-ਕਾਰਾਂ ਵਿਚ ਹਿੱਸਾ ਨਹੀਂ ਲੈਂਦੇ ਸਨ। ਇਹ ਜ਼ਿੰਮੇਵਾਰੀਆਂ ਨਿਭਾਉਣ ਲਈ ਯਹੋਵਾਹ ਨੇ ਰਾਜਿਆਂ, ਨਿਆਂਕਾਰਾਂ, ਨਬੀਆਂ, ਜਾਜਕਾਂ ਅਤੇ ਲੇਵੀਆਂ ਨੂੰ ਵਰਤਿਆ ਸੀ। ਫਿਰ ਵੀ, ਯਹੋਵਾਹ ਨੇ ਇਸਰਾਏਲ ਦੀ ਪੂਰੀ ਕੌਮ ਨੂੰ ਆਪਣੀ ਹਕੂਮਤ ਦਰਸਾਉਣ ਲਈ ਅਤੇ ਸਾਰੀਆਂ ਕੌਮਾਂ ਵਿਚ ਆਪਣੀ ਵਡਿਆਈ ਕਰਨ ਲਈ ਵਰਤਿਆ ਸੀ। ਹਰੇਕ ਇਸਰਾਏਲੀ ਯਹੋਵਾਹ ਦਾ ਇਕ ਗਵਾਹ ਸੀ।—ਬਿਵਸਥਾ ਸਾਰ 26:19; ਯਸਾਯਾਹ 43:21; ਮਲਾਕੀ 2:7; ਰੋਮੀਆਂ 3:1, 2.

ਇਕ “ਨੌਕਰ” ਨੂੰ ਤਿਆਗ ਦਿੱਤਾ ਗਿਆ

7. ਇਸਰਾਏਲ ਕੌਮ ਪਰਮੇਸ਼ੁਰ ਦਾ “ਨੌਕਰ” ਕਿਉਂ ਨਹੀਂ ਬਣੀ ਰਹਿ ਸਕੀ?

7 ਇਸਰਾਏਲ ਕੌਮ ਕਈ ਸਦੀਆਂ ਤਕ ਪਰਮੇਸ਼ੁਰ ਦਾ “ਨੌਕਰ” ਰਹੀ। ਤਾਂ ਫਿਰ, ਜਦ ਯਿਸੂ ਨੇ ਇਕ ਮਾਤਬਰ ਅਤੇ ਬੁੱਧਵਾਨ ਨੌਕਰ ਬਾਰੇ ਗੱਲ ਕੀਤੀ, ਤਾਂ ਕੀ ਉਹ ਇਸਰਾਏਲ ਕੌਮ ਬਾਰੇ ਗੱਲ ਕਰ ਰਿਹਾ ਸੀ? ਨਹੀਂ, ਕਿਉਂਕਿ ਇਸਰਾਏਲੀ ਨਾ ਤਾਂ ਵਫ਼ਾਦਾਰ ਰਹੇ ਅਤੇ ਨਾ ਹੀ ਬੁੱਧਵਾਨ। ਪੌਲੁਸ ਨੇ ਇਸ ਕੌਮ ਬਾਰੇ ਪਰਮੇਸ਼ੁਰ ਦੇ ਸ਼ਬਦ ਦੁਹਰਾਏ: “ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ।” (ਰੋਮੀਆਂ 2:24) ਵਾਰ-ਵਾਰ ਬਗਾਵਤ ਕਰਦੇ ਹੋਏ ਅਖ਼ੀਰ ਵਿਚ ਉਨ੍ਹਾਂ ਨੇ ਯਿਸੂ ਨੂੰ ਮਸੀਹਾ ਸਵੀਕਾਰ ਨਹੀਂ ਕੀਤਾ ਅਤੇ ਇਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਤਿਆਗ ਦਿੱਤਾ।—ਮੱਤੀ 21:42, 43.

8. ਪ੍ਰਾਚੀਨ ਇਸਰਾਏਲ ਦੀ ਥਾਂ ਨਵਾਂ “ਨੌਕਰ” ਕਦੋਂ ਅਤੇ ਕਿਉਂ ਨਿਯੁਕਤ ਕੀਤਾ ਗਿਆ ਸੀ?

8 ਇਸਰਾਏਲ ਦੀ ਬੇਵਫ਼ਾਈ ਦਾ ਮਤਲਬ ਇਹ ਨਹੀਂ ਸੀ ਕਿ ਦੂਸਰੇ ਵਫ਼ਾਦਾਰ ਸੇਵਕਾਂ ਨੂੰ ਫਿਰ ਕਦੀ ਰੂਹਾਨੀ ਖ਼ੁਰਾਕ ਨਹੀਂ ਸੀ ਮਿਲਣੀ। ਪੰਤੇਕੁਸਤ 33 ਸਾ.ਯੁ. ਦੇ ਦਿਨ, ਯਿਸੂ ਦੇ ਜੀ ਉਠਾਏ ਜਾਣ ਤੋਂ 50 ਦਿਨ ਬਾਅਦ, ਯਰੂਸ਼ਲਮ ਵਿਚ ਇਕੱਠੇ ਹੋਏ 120 ਚੇਲਿਆਂ ਉੱਤੇ ਪਵਿੱਤਰ ਆਤਮਾ ਵਹਾਈ ਗਈ ਸੀ। ਉਸ ਵੇਲੇ ਇਕ ਨਵੀਂ ਕੌਮ ਨੇ ਜਨਮ ਲਿਆ। ਇਸ ਕੌਮ ਦੇ ਮੈਂਬਰਾਂ ਨੇ ਯਰੂਸ਼ਲਮ ਦੇ ਲੋਕਾਂ ਨੂੰ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਦੱਸਦੇ ਹੋਏ ਇਸ ਕੌਮ ਦੇ ਜਨਮ ਦਾ ਐਲਾਨ ਕੀਤਾ। (ਰਸੂਲਾਂ ਦੇ ਕਰਤੱਬ 2:11) ਹੁਣ ਉਸ ਨਵੀਂ ਪਵਿੱਤਰ ਕੌਮ ਨੇ ਪਰਮੇਸ਼ੁਰ ਦੇ “ਨੌਕਰ” ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਸ ਨੇ ਸਾਰੀ ਦੁਨੀਆਂ ਵਿਚ ਯਹੋਵਾਹ ਦੀ ਮਹਿਮਾ ਕਰਨੀ ਸੀ ਅਤੇ ਉਸ ਦੇ ਸੇਵਕਾਂ ਲਈ ਸਹੀ ਵਕਤ ਤੇ ਰੂਹਾਨੀ ਖ਼ੁਰਾਕ ਦਾ ਪ੍ਰਬੰਧ ਕਰਨਾ ਸੀ। (1 ਪਤਰਸ 2:9) ਇਸ ਕਰਕੇ ਇਸ ਕੌਮ ਨੂੰ ‘ਪਰਮੇਸ਼ੁਰ ਦਾ ਇਸਰਾਏਲ’ ਸੱਦਣਾ ਸਹੀ ਹੈ।—ਗਲਾਤੀਆਂ 6:16.

9. (ੳ) “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਮੈਂਬਰ ਕੌਣ ਹਨ? (ਅ) ‘ਨੌਕਰ ਚਾਕਰ’ ਕੌਣ ਹਨ?

9 “ਪਰਮੇਸ਼ੁਰ ਦੇ ਇਸਰਾਏਲ” ਦਾ ਹਰੇਕ ਮੈਂਬਰ ਇਕ ਸਮਰਪਿਤ ਤੇ ਬਪਤਿਸਮਾ-ਪ੍ਰਾਪਤ ਮਸੀਹੀ ਹੈ ਜੋ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਹੈ ਅਤੇ ਸਵਰਗ ਜਾਣ ਦੀ ਆਸ ਰੱਖਦਾ ਹੈ। ਇਸ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਕਿਸੇ ਇਕ ਵਿਅਕਤੀ ਨੂੰ ਨਹੀਂ, ਸਗੋਂ 33 ਸਾ.ਯੁ. ਤੋਂ ਲੈ ਕੇ ਅੱਜ ਤਕ ਸਾਰੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਇਕ ਸਮੂਹ ਵਜੋਂ ਦਰਸਾਉਂਦਾ ਹੈ। ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ 1513 ਸਾ.ਯੁ.ਪੂ. ਤੋਂ ਲੈ ਕੇ 33 ਸਾ.ਯੁ. ਤਕ ਹਰੇਕ ਇਸਰਾਏਲੀ ਨੌਕਰ ਵਰਗ ਦਾ ਮੈਂਬਰ ਸੀ। ਪਰ ‘ਨੌਕਰ ਚਾਕਰ’ ਕੌਣ ਹਨ ਜਿਨ੍ਹਾਂ ਨੂੰ ਨੌਕਰ ਵਰਗ ਤੋਂ ਰੂਹਾਨੀ ਭੋਜਨ ਮਿਲਦਾ ਹੈ? ਪਹਿਲੀ ਸਦੀ ਵਿਚ ਹਰੇਕ ਮਸੀਹੀ ਸਵਰਗ ਜਾਣ ਦੀ ਆਸ ਰੱਖਦਾ ਸੀ। ਇਸ ਲਈ ਹਰੇਕ ਮਸਹ ਕੀਤਾ ਹੋਇਆ ਮਸੀਹੀ ‘ਨੌਕਰ ਚਾਕਰਾਂ’ ਵਿੱਚੋਂ ਵੀ ਇਕ ਸੀ। ਸਾਰਿਆਂ ਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਵਰਗ ਤੋਂ ਰੂਹਾਨੀ ਖ਼ੁਰਾਕ ਦੀ ਲੋੜ ਸੀ, ਉਨ੍ਹਾਂ ਨੂੰ ਵੀ ਜੋ ਕਲੀਸਿਯਾ ਦੀ ਦੇਖ-ਭਾਲ ਕਰਦੇ ਸਨ।—1 ਕੁਰਿੰਥੀਆਂ 12:12, 19-27; ਇਬਰਾਨੀਆਂ 5:11-13; 2 ਪਤਰਸ 3:15, 16.

“ਹਰੇਕ ਨੂੰ ਉਹ ਦਾ ਕੰਮ ਦਿੱਤਾ”

10, 11. ਨੌਕਰ ਵਰਗ ਦੇ ਮੈਂਬਰਾਂ ਕੋਲ ਇੱਕੋ ਜਿਹੀ ਜ਼ਿੰਮੇਵਾਰੀ ਕਿਉਂ ਨਹੀਂ ਹੈ?

10 ਇਹ ਸੱਚ ਹੈ ਕਿ ਮਾਤਬਰ ਅਤੇ ਬੁੱਧਵਾਨ ਨੌਕਰ ਨੂੰ ਇਕ ਸਮੂਹ ਵਜੋਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ, ਪਰ ਇਸ ਦੇ ਨਾਲ-ਨਾਲ ਹਰੇਕ ਮੈਂਬਰ ਨੂੰ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਮਰਕੁਸ 13:34 ਵਿਚ ਯਿਸੂ ਨੇ ਇਨ੍ਹਾਂ ਜ਼ਿੰਮੇਵਾਰੀਆਂ ਬਾਰੇ ਗੱਲ ਕੀਤੀ ਸੀ। ਉਸ ਨੇ ਕਿਹਾ: ‘ਇਹ ਇਕ ਪਰਦੇਸ ਗਏ ਹੋਏ ਮਨੁੱਖ ਵਰਗਾ ਹੈ ਜਿਹ ਨੇ ਘਰੋਂ ਜਾਂਦੇ ਵੇਲੇ ਆਪਣੇ ਨੌਕਰਾਂ ਨੂੰ ਇਖ਼ਤਿਆਰ ਅਤੇ ਹਰੇਕ ਨੂੰ ਉਹ ਦਾ ਕੰਮ ਦਿੱਤਾ ਅਤੇ ਦਰਬਾਨ ਨੂੰ ਹੁਕਮ ਕੀਤਾ ਭਈ ਜਾਗਦਾ ਰਹੁ।’ ਤਾਂ ਫਿਰ, ਨੌਕਰ ਵਰਗ ਦੇ ਹਰੇਕ ਮੈਂਬਰ ਨੂੰ ਧਰਤੀ ਤੇ ਯਿਸੂ ਦੇ ਮਾਲ ਮਤੇ ਨੂੰ ਵਧਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹਰੇਕ ਮੈਂਬਰ ਆਪਣੀ ਯੋਗਤਾ ਅਤੇ ਆਪਣੇ ਹਾਲਾਤ ਅਨੁਸਾਰ ਇਹ ਜ਼ਿੰਮੇਵਾਰੀ ਨਿਭਾਉਂਦਾ ਹੈ।—ਮੱਤੀ 25:14, 15.

11 ਪਤਰਸ ਰਸੂਲ ਨੇ ਆਪਣੇ ਜ਼ਮਾਨੇ ਦੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਿਹਾ: ‘ਹਰੇਕ ਨੂੰ ਜਿਹੀ ਜਿਹੀ ਦਾਤ ਮਿਲੀ ਓਸ ਨਾਲ ਇੱਕ ਦੂਏ ਦੀ ਟਹਿਲ ਕਰੋ ਜਿਵੇਂ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਨੇਕ ਮੁਖਤਿਆਰਾਂ ਨੂੰ ਉਚਿੱਤ ਹੈ।’ (1 ਪਤਰਸ 4:10) ਇਸ ਲਈ ਪਰਮੇਸ਼ੁਰ ਵੱਲੋਂ ਮਿਲੀਆਂ ਦਾਤਾਂ ਅਨੁਸਾਰ ਮਸਹ ਕੀਤੇ ਹੋਏ ਮਸੀਹੀਆਂ ਨੂੰ ਇਕ-ਦੂਏ ਦੀ ਟਹਿਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਤਰਸ ਦੇ ਸ਼ਬਦਾਂ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਹਰੇਕ ਮਸੀਹੀ ਦੀ ਕਾਬਲੀਅਤ ਵੱਖਰੀ ਹੋਣ ਕਰਕੇ ਸਾਰਿਆਂ ਕੋਲ ਇੱਕੋ ਜਿਹੀ ਜ਼ਿੰਮੇਵਾਰੀ ਨਹੀਂ ਸੀ। ਫਿਰ ਵੀ, ਨੌਕਰ ਵਰਗ ਦੇ ਹਰੇਕ ਮੈਂਬਰ ਨੇ ਪਵਿੱਤਰ ਕੌਮ ਦੇ ਵਾਧੇ ਵਿਚ ਹਿੱਸਾ ਲੈਣਾ ਸੀ। ਕਿਸ ਤਰ੍ਹਾਂ?

12. ਨੌਕਰ ਵਰਗ ਦੇ ਹਰੇਕ ਮੈਂਬਰ ਨੇ ਆਪਣੇ ਸਮੂਹ ਦੇ ਵਾਧੇ ਵਿਚ ਕਿਵੇਂ ਹਿੱਸਾ ਲਿਆ?

12 ਹਰੇਕ ਮੈਂਬਰ ਨੇ ਯਹੋਵਾਹ ਦਾ ਗਵਾਹ ਹੋਣ ਦੇ ਨਾਤੇ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸੀ। (ਯਸਾਯਾਹ 43:10-12; ਮੱਤੀ 24:14) ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਸਾਰੇ ਚੇਲਿਆਂ ਨੂੰ, ਮਰਦਾਂ ਤੇ ਇਸਤਰੀਆਂ ਦੋਵਾਂ ਨੂੰ ਉਪਦੇਸ਼ਕ ਬਣਨ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ: ‘ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।’—ਮੱਤੀ 28:19, 20.

13. ਸਾਰੇ ਮਸਹ ਕੀਤੇ ਹੋਏ ਮਸੀਹੀ ਕਿਹੜੇ ਕੰਮ ਦਾ ਆਨੰਦ ਮਾਣਦੇ ਸਨ?

13 ਨਵੇਂ ਚੇਲਿਆਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਸਿਖਾਈ ਜਾਂਦੀ ਸੀ ਜਿਨ੍ਹਾਂ ਦਾ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ। ਸਮੇਂ ਦੇ ਬੀਤਣ ਨਾਲ ਨਵੇਂ ਚੇਲੇ ਆਪ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣ ਜਾਂਦੇ ਸਨ। ਕਈ ਕੌਮਾਂ ਵਿਚ ਨੌਕਰ ਵਰਗ ਦੇ ਉਮੀਦਵਾਰਾਂ ਨੂੰ ਰੂਹਾਨੀ ਖ਼ੁਰਾਕ ਦਿੱਤੀ ਗਈ। ਚੇਲੇ ਬਣਾਉਣ ਦਾ ਕੰਮ ਸਾਰੇ ਮਸਹ ਕੀਤੇ ਹੋਏ ਭੈਣਾਂ ਤੇ ਭਰਾਵਾਂ ਦੀ ਜ਼ਿੰਮੇਵਾਰੀ ਸੀ। (ਰਸੂਲਾਂ ਦੇ ਕਰਤੱਬ 2:17, 18) ਉਨ੍ਹਾਂ ਨੇ ਇਹ ਜ਼ਿੰਮੇਵਾਰੀ ਦੁਨੀਆਂ ਦੇ ਅੰਤ ਤਕ ਨਿਭਾਉਣੀ ਹੈ।

14. ਕਲੀਸਿਯਾ ਵਿਚ ਕੌਣ ਸਿੱਖਿਆ ਦਿੰਦੇ ਸਨ ਅਤੇ ਮਸਹ ਕੀਤੀਆਂ ਹੋਈਆਂ ਵਫ਼ਾਦਾਰ ਭੈਣਾਂ ਇਸ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੀਆਂ ਸਨ?

14 ਨਵੇਂ ਬਪਤਿਸਮਾ-ਪ੍ਰਾਪਤ ਅਤੇ ਮਸਹ ਕੀਤੇ ਹੋਏ ਭੈਣ-ਭਰਾ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਦੇ ਮੈਂਬਰ ਬਣ ਗਏ। ਉਨ੍ਹਾਂ ਨੂੰ ਪਹਿਲਾਂ-ਪਹਿਲ ਚਾਹੇ ਕਿਸੇ ਨੇ ਵੀ ਸਿਖਾਇਆ ਹੋਵੇ, ਪਰ ਬਾਅਦ ਵਿਚ ਉਨ੍ਹਾਂ ਨੂੰ ਕਲੀਸਿਯਾ ਦੇ ਕਾਬਲ ਨਿਗਾਹਬਾਨਾਂ ਤੋਂ ਸਿੱਖਿਆ ਮਿਲਣ ਲੱਗੀ। (1 ਤਿਮੋਥਿਉਸ 3:1-7; ਤੀਤੁਸ 1:6-9) ਇਸ ਤਰ੍ਹਾਂ ਇਨ੍ਹਾਂ ਨਿਗਾਹਬਾਨਾਂ ਨੇ ਕੌਮ ਦੇ ਵਾਧੇ ਵਿਚ ਇਕ ਖ਼ਾਸ ਤਰੀਕੇ ਨਾਲ ਹੱਥ ਵਟਾਇਆ। ਮਸਹ ਕੀਤੀਆਂ ਹੋਈਆਂ ਵਫ਼ਾਦਾਰ ਭੈਣਾਂ ਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਸੀ ਕਿ ਕਲੀਸਿਯਾ ਵਿਚ ਸਿਖਾਉਣ ਦਾ ਸਨਮਾਨ ਸਿਰਫ਼ ਭਰਾਵਾਂ ਨੂੰ ਦਿੱਤਾ ਗਿਆ ਸੀ। (1 ਕੁਰਿੰਥੀਆਂ 14:34, 35) ਇਸ ਦੀ ਬਜਾਇ, ਉਹ ਕਲੀਸਿਯਾ ਦੇ ਭਰਾਵਾਂ ਦੀ ਸਖ਼ਤ ਮਿਹਨਤ ਤੋਂ ਲਾਭ ਹਾਸਲ ਕਰ ਕੇ ਖ਼ੁਸ਼ ਸਨ। ਇਹ ਭੈਣਾਂ ਹੋਰਾਂ ਨੂੰ ਪ੍ਰਚਾਰ ਕਰਨ ਅਤੇ ਬਾਈਬਲ ਦੀ ਸਿੱਖਿਆ ਦੇਣ ਵਿਚ ਖ਼ੁਸ਼ੀ ਪਾਉਂਦੀਆਂ ਸਨ। ਅੱਜ ਕਲੀਸਿਯਾ ਵਿਚ ਸਿੱਖਿਆ ਦੇਣ ਵਾਲੇ ਸਾਰੇ ਭਰਾ ਮਸਹ ਕੀਤੇ ਹੋਏ ਨਹੀਂ ਹਨ। ਫਿਰ ਵੀ, ਮਸਹ ਕੀਤੀਆਂ ਹੋਈਆਂ ਭੈਣਾਂ ਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ, ਸਗੋਂ ਉਹ ਹਲੀਮੀ ਨਾਲ ਇਨ੍ਹਾਂ ਤੋਂ ਸਿੱਖਿਆ ਲੈ ਕੇ ਖ਼ੁਸ਼ ਹਨ।

15. ਪਹਿਲੀ ਸਦੀ ਵਿਚ ਰੂਹਾਨੀ ਭੋਜਨ ਕਿਸ ਤਰ੍ਹਾਂ ਵੰਡਿਆ ਜਾਂਦਾ ਸੀ ਅਤੇ ਮੁੱਖ ਤੌਰ ਤੇ ਕੌਣ ਰੂਹਾਨੀ ਭੋਜਨ ਤਿਆਰ ਕਰਦੇ ਸਨ?

15 ਪਹਿਲੀ ਸਦੀ ਵਿਚ ਰੂਹਾਨੀ ਖ਼ੁਰਾਕ ਰਸੂਲਾਂ ਅਤੇ ਅਗਵਾਈ ਕਰਨ ਵਾਲੇ ਹੋਰਨਾਂ ਚੇਲਿਆਂ ਦੀਆਂ ਚਿੱਠੀਆਂ ਤੇ ਆਧਾਰਿਤ ਹੁੰਦੀ ਸੀ। ਇਹ ਚਿੱਠੀਆਂ, ਜੋ ਖ਼ਾਸ ਕਰਕੇ ਬਾਈਬਲ ਦੇ ਯੂਨਾਨੀ ਹਿੱਸੇ ਵਿਚ ਮਿਲਦੀਆਂ ਹਨ, ਉਸ ਜ਼ਮਾਨੇ ਦੀਆਂ ਕਲੀਸਿਯਾਵਾਂ ਵਿਚ ਘੱਲੀਆਂ ਜਾਂਦੀਆਂ ਸਨ ਅਤੇ ਇਨ੍ਹਾਂ ਦੇ ਆਧਾਰ ਤੇ ਕਲੀਸਿਯਾ ਦੇ ਬਜ਼ੁਰਗ ਸਿੱਖਿਆ ਦਿੰਦੇ ਸਨ। ਇਸ ਤਰੀਕੇ ਨਾਲ ਮਾਤਬਰ ਅਤੇ ਬੁੱਧਵਾਨ ਨੌਕਰ ਨੇ ਵਫ਼ਾਦਾਰੀ ਨਾਲ ਭਰਪੂਰ ਰੂਹਾਨੀ ਭੋਜਨ ਵੰਡਿਆ। ਜੀ ਹਾਂ, ਪਹਿਲੀ ਸਦੀ ਦੇ ਨੌਕਰ ਵਰਗ ਨੇ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾ ਕੇ ਆਪਣੇ ਆਪ ਨੂੰ ਮਾਤਬਰ ਜਾਂ ਵਫ਼ਾਦਾਰ ਸਾਬਤ ਕੀਤਾ।

ਅੱਜ “ਨੌਕਰ” ਕੌਣ ਹੈ?

16, 17. ਨੌਕਰ ਵਰਗ ਨੇ 1914 ਤਕ ਆਪਣੀਆਂ ਜ਼ਿੰਮੇਵਾਰੀਆਂ ਵਫ਼ਾਦਾਰੀ ਨਾਲ ਕਿਵੇਂ ਨਿਭਾਈਆਂ ਸਨ?

16 ਅੱਜ ਬਾਰੇ ਕੀ? ਜਦ 1914 ਵਿਚ ਯਿਸੂ ਦੀ ਮੌਜੂਦਗੀ ਦਾ ਸਮਾਂ ਸ਼ੁਰੂ ਹੋਇਆ, ਤਾਂ ਕੀ ਉਸ ਨੇ ਇਕ ਨੌਕਰ ਵਰਗ ਦੇਖਿਆ ਸੀ ਜੋ ਵਫ਼ਾਦਾਰੀ ਨਾਲ ਸਮੇਂ ਸਿਰ ਰੂਹਾਨੀ ਖ਼ੁਰਾਕ ਵੰਡ ਰਿਹਾ ਸੀ? ਜੀ ਹਾਂ! ਇਸ ਵਰਗ ਨੂੰ ਉਸ ਦੇ ਕੰਮਾਂ ਤੋਂ ਸੌਖਿਆਂ ਹੀ ਪਛਾਣ ਲਿਆ ਗਿਆ। (ਮੱਤੀ 7:20) ਅੱਜ ਤਕ ਉਸ ਦੇ ਕੰਮਾਂ ਤੋਂ ਵੀ ਪਤਾ ਲੱਗਦਾ ਹੈ ਕਿ ਇਹ ਪਛਾਣ ਬਿਲਕੁਲ ਸਹੀ ਸੀ।

17 ਜਦ ਨੌਕਰ ਵਰਗ ਦਾ ਮਾਲਕ ਯਿਸੂ ਵਾਪਸ ਆਇਆ ਸੀ, ਤਾਂ ਤਕਰੀਬਨ 5,000 ਨੌਕਰ-ਚਾਕਰ ਬਾਈਬਲ ਦਾ ਪ੍ਰਚਾਰ ਕਰਨ ਵਿਚ ਰੁੱਝੇ ਹੋਏ ਸਨ। ਕਾਮੇ ਘੱਟ ਸਨ, ਪਰ ਇਸ ਨੌਕਰ ਨੇ ਪ੍ਰਚਾਰ ਕਰਨ ਦੇ ਕਈ ਨਵੇਂ ਤੋਂ ਨਵੇਂ ਵਧੀਆ ਤਰੀਕੇ ਵਰਤੇ। (ਮੱਤੀ 9:38) ਮਿਸਾਲ ਲਈ, ਲਗਭਗ 2,000 ਅਖ਼ਬਾਰਾਂ ਵਿਚ ਬਾਈਬਲ ਦੇ ਵੱਖਰੇ-ਵੱਖਰੇ ਵਿਸ਼ਿਆਂ ਤੇ ਆਧਾਰਿਤ ਲੇਖ ਛਾਪੇ ਗਏ ਸਨ। ਇਸ ਤਰ੍ਹਾਂ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਲੱਖਾਂ ਲੋਕਾਂ ਤਕ ਇੱਕੋ ਵਾਰੀ ਪਹੁੰਚੀ। ਅੱਠ ਘੰਟਿਆਂ ਦੀ ਫ਼ਿਲਮ ਅਤੇ ਸਲਾਈਡ ਸ਼ੋਅ ਵੀ ਤਿਆਰ ਕੀਤਾ ਗਿਆ ਸੀ। ਇਸ ਵਿਚ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਲੈ ਕੇ ਮਸੀਹਾ ਦੇ 1,000 ਵਰ੍ਹਿਆਂ ਦੇ ਰਾਜ ਦੇ ਅੰਤ ਤਕ ਦੇ ਸਮੇਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਫ਼ਿਲਮ ਰਾਹੀਂ ਤਿੰਨ ਮਹਾਂਦੀਪਾਂ ਵਿਚ ਤਕਰੀਬਨ 90 ਲੱਖ ਲੋਕਾਂ ਨੇ ਬਾਈਬਲ ਦਾ ਸੰਦੇਸ਼ ਸੁਣਿਆ। ਪ੍ਰਚਾਰ ਵਿਚ ਕਿਤਾਬਾਂ ਵਗੈਰਾ ਵੀ ਵਰਤੀਆਂ ਗਈਆਂ ਸਨ। ਮਿਸਾਲ ਵਜੋਂ, 1914 ਵਿਚ ਪਹਿਰਾਬੁਰਜ ਰਸਾਲੇ ਦੀਆਂ 50,000 ਕਾਪੀਆਂ ਛਾਪੀਆਂ ਤੇ ਵੰਡੀਆਂ ਗਈਆਂ ਸਨ।

18. ਯਿਸੂ ਨੇ ਨੌਕਰ ਨੂੰ ਆਪਣੇ ਸਾਰੇ ਮਾਲ ਮਤੇ ਉੱਤੇ ਮੁਖ਼ਤਿਆਰ ਕਦੋਂ ਦਿੱਤਾ ਸੀ ਅਤੇ ਕਿਉਂ?

18 ਜੀ ਹਾਂ, ਜਦ ਮਾਲਕ ਵਾਪਸ ਆਇਆ, ਤਾਂ ਉਸ ਨੇ ਆਪਣੇ ਵਫ਼ਾਦਾਰ ਨੌਕਰ ਵਰਗ ਨੂੰ ਨੌਕਰ-ਚਾਕਰਾਂ ਨੂੰ ਰੂਹਾਨੀ ਭੋਜਨ ਦਿੰਦੇ ਹੋਏ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਪਾਇਆ। ਹੁਣ ਇਸ ਨੌਕਰ ਵਰਗ ਨੂੰ ਹੋਰ ਵੀ ਜ਼ਿੰਮੇਵਾਰੀਆਂ ਮਿਲਣੀਆਂ ਸਨ। ਯਿਸੂ ਨੇ ਕਿਹਾ: “ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ।” (ਮੱਤੀ 24:47) ਨੌਕਰ ਨੂੰ ਅਜ਼ਮਾਉਣ ਤੋਂ ਬਾਅਦ ਯਿਸੂ ਨੇ ਸੰਨ 1919 ਵਿਚ ਉਨ੍ਹਾਂ ਨੂੰ ਹੋਰ ਜ਼ਿੰਮੇਵਾਰੀਆਂ ਦਿੱਤੀਆਂ। ਪਰ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਹੋਰ ਜ਼ਿੰਮੇਵਾਰੀਆਂ ਕਿਉਂ ਦਿੱਤੀਆਂ ਗਈਆਂ ਸਨ? ਕਿਉਂਕਿ ਮਾਲਕ ਨੂੰ ਖ਼ੁਦ ਹੋਰ ਜ਼ਿੰਮੇਵਾਰੀਆਂ ਮਿਲੀਆਂ ਸਨ। ਯਿਸੂ ਨੂੰ 1914 ਵਿਚ ਰਾਜਾ ਬਣਾਇਆ ਗਿਆ ਸੀ।

19. ਸਮਝਾਓ ਕਿ “ਵੱਡੀ ਭੀੜ” ਦੀਆਂ ਰੂਹਾਨੀ ਜ਼ਰੂਰਤਾਂ ਕਿਸ ਤਰ੍ਹਾਂ ਪੂਰੀਆਂ ਕੀਤੀਆਂ ਗਈਆਂ ਹਨ।

19 ਇਹ ਮਾਲ ਮਤਾ ਕੀ ਹੈ ਜਿਸ ਉੱਤੇ ਯਿਸੂ ਨੇ ਮਾਤਬਰ ਨੌਕਰ ਨੂੰ ਮੁਖ਼ਤਿਆਰ ਦਿੱਤਾ ਸੀ? ਇਹ ਧਰਤੀ ਉੱਤੇ ਯਿਸੂ ਦੀਆਂ ਸਾਰੀਆਂ ਰੂਹਾਨੀ ਚੀਜ਼ਾਂ ਹਨ। ਮਿਸਾਲ ਲਈ, ਮਸੀਹ ਦੇ ਰਾਜਾ ਬਣਨ ਤੋਂ 20 ਸਾਲ ਬਾਅਦ ‘ਹੋਰ ਭੇਡਾਂ’ ਦੀ ਇਕ “ਵੱਡੀ ਭੀੜ” ਦੀ ਸ਼ਨਾਖਤ ਹੋਈ। (ਪਰਕਾਸ਼ ਦੀ ਪੋਥੀ 7:9; ਯੂਹੰਨਾ 10:16) ਇਹ ਲੋਕ “ਪਰਮੇਸ਼ੁਰ ਦੇ ਇਸਰਾਏਲ” ਦੇ ਮਸਹ ਕੀਤੇ ਹੋਏ ਮੈਂਬਰ ਨਹੀਂ ਹਨ, ਪਰ ਉਹ ਲੋਕ ਹਨ ਜੋ ਧਰਤੀ ਤੇ ਜੀਉਣ ਦੀ ਆਸ ਰੱਖਦੇ ਹਨ। ਇਹ ਲੋਕ ਸੱਚੇ ਦਿਲੋਂ ਯਹੋਵਾਹ ਨਾਲ ਪਿਆਰ ਕਰਦੇ ਹਨ ਅਤੇ ਮਸਹ ਕੀਤੇ ਹੋਇਆਂ ਵਾਂਗ ਯਹੋਵਾਹ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹਨ। ਅਸਲ ਵਿਚ, ਉਨ੍ਹਾਂ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਕਿਹਾ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!” (ਜ਼ਕਰਯਾਹ 8:23) ਇਨ੍ਹਾਂ ਮਸੀਹੀਆਂ ਨੇ ਵੀ ਉਹੀ ਰੂਹਾਨੀ ਭੋਜਨ ਛੱਕਿਆ ਜੋ ਮਸਹ ਕੀਤੇ ਹੋਏ ਛੱਕ ਰਹੇ ਸਨ। ਅੱਜ ਵੀ ਇਹ ਦੋ ਵਰਗ ਇੱਕੋ ਮੇਜ਼ ਤੋਂ ਰੂਹਾਨੀ ਭੋਜਨ ਖਾਂਦੇ ਹਨ। ਇਹ ਗੱਲ “ਵੱਡੀ ਭੀੜ” ਦੇ ਮੈਂਬਰਾਂ ਲਈ ਕਿੰਨੀ ਵੱਡੀ ਬਰਕਤ ਸਾਬਤ ਹੋਈ ਹੈ!

20. “ਵੱਡੀ ਭੀੜ” ਨੇ ਰਾਜੇ ਦੇ ਮਾਲ ਮਤੇ ਦੇ ਵਾਧੇ ਵਿਚ ਕਿਸ ਤਰ੍ਹਾਂ ਹੱਥ ਵਟਾਇਆ ਹੈ?

20 “ਵੱਡੀ ਭੀੜ” ਦੇ ਮੈਂਬਰਾਂ ਨੇ ਬੜੀ ਖ਼ੁਸ਼ੀ ਨਾਲ ਮਸਹ ਕੀਤੇ ਹੋਇਆਂ ਦਾ ਸਾਥ ਦਿੰਦੇ ਹੋਏ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਜਿਉਂ-ਜਿਉਂ ਉਹ ਪ੍ਰਚਾਰ ਕਰਦੇ ਗਏ, ਤਿਉਂ-ਤਿਉਂ ਮਾਲਕ ਦਾ ਮਾਲ ਮਤਾ ਵਧਦਾ ਗਿਆ ਅਤੇ ਇਸ ਦੇ ਨਾਲ-ਨਾਲ “ਮਾਤਬਰ ਅਤੇ ਬੁੱਧਵਾਨ ਨੌਕਰ” ਦੀਆਂ ਜ਼ਿੰਮੇਵਾਰੀਆਂ ਵੀ। ਸੱਚਾਈ ਭਾਲਣ ਵਾਲਿਆਂ ਦੇ ਵਾਧੇ ਨਾਲ ਜ਼ਿਆਦਾ ਤੋਂ ਜ਼ਿਆਦਾ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਅਤੇ ਛਪਾਈ ਕਰਨ ਲਈ ਸਮਾਨ ਦੀ ਵੀ ਜ਼ਰੂਰਤ ਪਈ। ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਕਈ ਦੇਸ਼ਾਂ ਵਿਚ ਖੋਲ੍ਹੇ ਗਏ। ਮਿਸ਼ਨਰੀ ਭੈਣਾਂ-ਭਰਾਵਾਂ ਨੂੰ “ਧਰਤੀ ਦੇ ਬੰਨੇ ਤੀਕੁਰ” ਭੇਜਿਆ ਗਿਆ। (ਰਸੂਲਾਂ ਦੇ ਕਰਤੱਬ 1:8) ਸੰਨ 1914 ਵਿਚ ਪਰਮੇਸ਼ੁਰ ਦੀ ਵਡਿਆਈ ਕਰਨ ਵਾਲੇ ਤਕਰੀਬਨ 5,000 ਮਸਹ ਕੀਤੇ ਹੋਏ ਭੈਣ-ਭਰਾ ਸਨ। ਹੁਣ ਯਹੋਵਾਹ ਦੇ ਸੇਵਕਾਂ ਦੀ ਗਿਣਤੀ 60 ਲੱਖ ਤੋਂ ਜ਼ਿਆਦਾ ਹੋ ਗਈ ਹੈ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ “ਵੱਡੀ ਭੀੜ” ਦੇ ਮੈਂਬਰ ਹਨ। ਜੀ ਹਾਂ, 1914 ਵਿਚ ਯਿਸੂ ਦੇ ਰਾਜਾ ਬਣਨ ਤੋਂ ਬਾਅਦ, ਉਸ ਦੇ ਮਾਲ ਮਤੇ ਵਿਚ ਕਾਫ਼ੀ ਵਾਧਾ ਹੋਇਆ ਹੈ!

21. ਅਗਲੇ ਲੇਖ ਵਿਚ ਅਸੀਂ ਕਿਹੜੇ ਦੋ ਦ੍ਰਿਸ਼ਟਾਂਤਾਂ ਵੱਲ ਧਿਆਨ ਦੇਵਾਂਗੇ?

21 ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਰਾਜੇ ਦਾ ਨੌਕਰ “ਮਾਤਬਰ” ਵੀ ਹੈ ਅਤੇ “ਬੁੱਧਵਾਨ” ਵੀ। “ਮਾਤਬਰ ਅਤੇ ਬੁੱਧਵਾਨ ਨੌਕਰ” ਬਾਰੇ ਗੱਲ ਕਰਨ ਤੋਂ ਬਾਅਦ ਯਿਸੂ ਨੇ ਇਨ੍ਹਾਂ ਦੋ ਗੁਣਾਂ ਵੱਲ ਸਾਡਾ ਧਿਆਨ ਖਿੱਚਣ ਲਈ ‘ਦਸ ਕੁਆਰੀਆਂ’ ਅਤੇ ‘ਤੋੜਿਆਂ’ ਦੇ ਦ੍ਰਿਸ਼ਟਾਂਤ ਦਿੱਤੇ ਸਨ। (ਮੱਤੀ 25:1-30) ਕੀ ਅਸੀਂ ਇਨ੍ਹਾਂ ਦ੍ਰਿਸ਼ਟਾਂਤਾਂ ਤੋਂ ਕੁਝ ਸਿੱਖ ਸਕਦੇ ਹਾਂ? ਸਾਨੂੰ ਇਸ ਸਵਾਲ ਦੇ ਜਵਾਬ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਅਤੇ ਇਸ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।

ਤੁਹਾਡਾ ਕੀ ਖ਼ਿਆਲ ਹੈ?

• “ਮਾਤਬਰ ਅਤੇ ਬੁੱਧਵਾਨ ਨੌਕਰ” ਵਰਗ ਦੇ ਮੈਂਬਰ ਕੌਣ ਹਨ?

• ‘ਨੌਕਰ ਚਾਕਰ’ ਕੌਣ ਹਨ?

• ਮਾਤਬਰ ਨੌਕਰ ਨੂੰ ਰਾਜੇ ਦੇ ਸਾਰੇ ਮਾਲ ਮਤੇ ਉੱਤੇ ਕਦੋਂ ਮੁਖ਼ਤਿਆਰ ਨਿਯੁਕਤ ਕੀਤਾ ਸੀ ਅਤੇ ਖ਼ਾਸ ਕਰਕੇ ਉਸ ਵੇਲੇ ਕਿਉਂ?

• ਮੌਜੂਦਾ ਸਮੇਂ ਵਿਚ ਕਿਨ੍ਹਾਂ ਨੇ ਰਾਜੇ ਦਾ ਮਾਲ ਮਤਾ ਵਧਾਉਣ ਵਿਚ ਹੱਥ ਵਟਾਇਆ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

ਪਹਿਲੀ ਸਦੀ ਦੇ ਨੌਕਰ ਵਰਗ ਨੇ ਵਫ਼ਾਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ