Skip to content

Skip to table of contents

ਕੀ ਤੁਸੀਂ ਇਨਾਮ ਉੱਤੇ ਨਜ਼ਰ ਟਿਕਾਈ ਹੋਈ ਹੈ?

ਕੀ ਤੁਸੀਂ ਇਨਾਮ ਉੱਤੇ ਨਜ਼ਰ ਟਿਕਾਈ ਹੋਈ ਹੈ?

ਕੀ ਤੁਸੀਂ ਇਨਾਮ ਉੱਤੇ ਨਜ਼ਰ ਟਿਕਾਈ ਹੋਈ ਹੈ?

ਗਲਾਕੋਮਾ ਨਾਂ ਦਾ ਰੋਗ ਅੰਨ੍ਹੇਪਣ ਦਾ ਮੁੱਖ ਕਾਰਨ ਹੈ। ਇਸ ਰੋਗ ਕਾਰਨ ਨਜ਼ਰ ਹੌਲੀ-ਹੌਲੀ ਕਮਜ਼ੋਰ ਹੋ ਜਾਂਦੀ ਹੈ। ਜੇਕਰ ਇਲਾਜ ਨਾ ਕੀਤਾ ਜਾਵੇ, ਤਾਂ ਅਖ਼ੀਰ ਵਿਚ ਬੰਦਾ ਬਿਲਕੁਲ ਅੰਨ੍ਹਾ ਹੋ ਜਾਂਦਾ ਹੈ।

ਠੀਕ ਜਿਵੇਂ ਅਸੀਂ ਹੌਲੀ-ਹੌਲੀ ਸਰੀਰਕ ਤੌਰ ਤੇ ਅੰਨ੍ਹੇ ਹੋ ਸਕਦੇ ਹਾਂ, ਉਸੇ ਤਰ੍ਹਾਂ ਅਧਿਆਤਮਿਕ ਤੌਰ ਤੇ ਵੀ ਸਾਡੀ ਨਜ਼ਰ ਕਮਜ਼ੋਰ ਹੋ ਸਕਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਰੂਹਾਨੀ ਗੱਲਾਂ ਨੂੰ ਅਹਿਮ ਸਮਝੀਏ ਅਤੇ ਉਨ੍ਹਾਂ ਉੱਤੇ ਆਪਣਾ ਧਿਆਨ ਲਗਾ ਕੇ ਰੱਖੀਏ।

ਇਨਾਮ ਤੇ ਨਜ਼ਰ ਟਿਕਾਈ ਰੱਖੋ

ਬਾਈਬਲ ਵਿਚ “ਅਣਡਿੱਠ ਵਸਤਾਂ” ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਵਸਤਾਂ ਵਿਚ ਸਾਡੀ ਸਦਾ ਦੇ ਜੀਵਨ ਦੀ ਉਮੀਦ ਵੀ ਸ਼ਾਮਲ ਹੈ ਜਿਸ ਦਾ ਵਾਅਦਾ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਨਾਲ ਕੀਤਾ ਹੈ। (2 ਕੁਰਿੰਥੀਆਂ 4:18) ਇਹ ਸੱਚ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ। (ਮੱਤੀ 22:37) ਫਿਰ ਵੀ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਨਾਮ ਉੱਤੇ ਆਪਣੀ ਨਜ਼ਰ ਟਿਕਾਈ ਰੱਖੀਏ। ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਆਪਣਾ ਖੁੱਲ੍ਹ-ਦਿਲਾ ਪਿਤਾ ਸਮਝੀਏ ਜੋ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਇਸ ਲਈ ਜੋ ਇਨਸਾਨ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਸ ਨਾਲ ਦਿਲੋਂ ਪਿਆਰ ਕਰਦੇ ਹਨ, ਉਹ ਵੱਡੀ ਚਾਹ ਨਾਲ ਉਸ ਦੇ ਵਾਅਦੇ ਪੂਰੇ ਹੋਣ ਦੀ ਉਡੀਕ ਕਰਦੇ ਹਨ।—ਰੋਮੀਆਂ 8:19, 24, 25.

ਬਹੁਤ ਸਾਰੇ ਲੋਕਾਂ ਨੂੰ ਇਸ ਰਸਾਲੇ ਅਤੇ ਜਾਗਰੂਕ ਬਣੋ! ਰਸਾਲੇ ਵਿਚ ਛਾਪੀਆਂ ਗਈਆਂ ਫਿਰਦੌਸ ਦੀਆਂ ਤਸਵੀਰਾਂ ਨੂੰ ਦੇਖ ਕੇ ਬਹੁਤ ਆਨੰਦ ਮਿਲਦਾ ਹੈ। ਬੇਸ਼ੱਕ, ਅਸੀਂ ਇਹ ਨਹੀਂ ਜਾਣਦੇ ਕਿ ਫਿਰਦੌਸ ਕਿਹੋ ਜਿਹਾ ਹੋਵੇਗਾ ਅਤੇ ਇਹ ਤਸਵੀਰਾਂ ਕਲਾਕਾਰ ਨੇ ਬਾਈਬਲ ਦੇ ਕੁਝ ਹਵਾਲਿਆਂ ਦੇ ਆਧਾਰ ਤੇ ਬਣਾਈਆਂ ਹਨ ਜਿਵੇਂ ਕਿ ਯਸਾਯਾਹ 11:6-9. ਇਕ ਮਸੀਹੀ ਭੈਣ ਨੇ ਕਿਹਾ: “ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਫਿਰਦੌਸ ਦੀਆਂ ਤਸਵੀਰਾਂ ਨੂੰ ਮੈਂ ਗੌਹ ਨਾਲ ਦੇਖਦੀ ਹਾਂ ਜਿਵੇਂ ਲੋਕ ਇਕ ਟ੍ਰੈਵਲ ਬ੍ਰੋਸ਼ਰ ਨੂੰ ਧਿਆਨ ਨਾਲ ਦੇਖਦੇ ਹਨ। ਮੈਂ ਮਨ ਦੀਆਂ ਅੱਖਾਂ ਨਾਲ ਆਪਣੇ ਆਪ ਨੂੰ ਫਿਰਦੌਸ ਵਿਚ ਦੇਖਣ ਦੀ ਕੋਸ਼ਿਸ਼ ਕਰਦੀ ਹਾਂ ਕਿਉਂਕਿ ਜਦੋਂ ਪਰਮੇਸ਼ੁਰ ਇਹ ਸਮਾਂ ਲਿਆਵੇਗਾ, ਤਾਂ ਮੈਂ ਸੱਚ-ਮੁੱਚ ਉੱਥੇ ਜੀਉਣਾ ਚਾਹੁੰਦੀ ਹਾਂ।”

ਪੌਲੁਸ ਰਸੂਲ ਵੀ ਆਪਣੇ “ਉੱਪਰਲੇ ਸੱਦੇ” ਬਾਰੇ ਇਸ ਤਰ੍ਹਾਂ ਮਹਿਸੂਸ ਕਰਦਾ ਸੀ। ਉਹ ਇਸ ਤਰ੍ਹਾਂ ਨਹੀਂ ਸੀ ਸੋਚਦਾ ਜਿਵੇਂ ਕਿ ਉਸ ਨੇ ਇਹ ਇਨਾਮ ਪਹਿਲਾਂ ਹੀ ਪਾ ਲਿਆ ਸੀ ਕਿਉਂਕਿ ਉਹ ਜਾਣਦਾ ਸੀ ਕਿ ਇਸ ਇਨਾਮ ਨੂੰ ਪਾਉਣ ਵਾਸਤੇ ਉਸ ਨੂੰ ਅੰਤ ਤਕ ਵਫ਼ਾਦਾਰ ਰਹਿਣ ਦੀ ਲੋੜ ਸੀ। ਪਰ ਉਹ ‘ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵਧਦਾ ਰਿਹਾ।’ (ਫ਼ਿਲਿੱਪੀਆਂ 3:13, 14) ਇਸੇ ਤਰ੍ਹਾਂ ਯਿਸੂ ਨੇ ਵੀ “ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ” ਸੂਲੀ ਉੱਤੇ ਦੁਖਦਾਈ ਮੌਤ ਝੱਲੀ।—ਇਬਰਾਨੀਆਂ 12:2.

ਕੀ ਤੁਸੀਂ ਕਦੇ ਇਸ ਗੱਲ ਉੱਤੇ ਸ਼ੱਕ ਕੀਤਾ ਹੈ ਕਿ ਤੁਹਾਨੂੰ ਨਵੀਂ ਦੁਨੀਆਂ ਵਿਚ ਜਾਣ ਦਿੱਤਾ ਜਾਵੇਗਾ ਜਾਂ ਨਹੀਂ? ਯਕੀਨਨ, ਸਾਨੂੰ ਆਪਣੇ ਆਪ ਤੇ ਜ਼ਿਆਦਾ ਭਰੋਸਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਸਦਾ ਦੇ ਜੀਵਨ ਦਾ ਇਨਾਮ ਇਸ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਅੰਤ ਤਕ ਵਫ਼ਾਦਾਰ ਰਹੀਏ। (ਮੱਤੀ 24:13) ਪਰ ਜੇਕਰ ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਤਨ-ਮਨ ਲਾ ਕੇ ਮਿਹਨਤ ਕਰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਸਾਨੂੰ ਇਨਾਮ ਜ਼ਰੂਰ ਮਿਲੇਗਾ। ਯਾਦ ਰੱਖੋ ਕਿ ਯਹੋਵਾਹ “ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਜੇ ਅਸੀਂ ਦਿਲੋਂ ਯਹੋਵਾਹ ਉੱਤੇ ਭਰੋਸਾ ਕਰਦੇ ਹਾਂ, ਤਾਂ ਉਹ ਇਨਾਮ ਪਾਉਣ ਵਿਚ ਸਾਡੀ ਜ਼ਰੂਰ ਮਦਦ ਕਰੇਗਾ। ਜੀ ਹਾਂ, ਉਸ ਦਾ ਸੁਭਾਅ ਹੀ ਅਜਿਹਾ ਹੈ ਕਿ ਉਹ ਆਪਣੇ ਕਿਸੇ ਵੀ ਸੇਵਕ ਤੋਂ ਜੀਉਣ ਦਾ ਹੱਕ ਨਹੀਂ ਖੋਹਣਾ ਚਾਹੁੰਦਾ ਜੋ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।—ਜ਼ਬੂਰਾਂ ਦੀ ਪੋਥੀ 103:8-11; 130:3, 4; ਹਿਜ਼ਕੀਏਲ 18:32.

ਇਹ ਜਾਣ ਕੇ ਸਾਨੂੰ ਆਸ਼ਾ ਮਿਲਦੀ ਹੈ ਕਿ ਯਹੋਵਾਹ ਆਪਣੇ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਆਸ਼ਾ ਰੱਖਣੀ ਉੱਨੀ ਹੀ ਜ਼ਰੂਰੀ ਹੈ ਜਿੰਨੀ ਕਿ ਨਿਹਚਾ ਰੱਖਣੀ। (1 ਕੁਰਿੰਥੀਆਂ 13:13) ਬਾਈਬਲ ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਆਸ਼ਾ” ਕੀਤਾ ਗਿਆ ਹੈ ਉਸ ਦਾ ਮਤਲਬ ਹੈ ‘ਵਧੀਆ ਗੱਲਾਂ ਦੀ ਵੱਡੀ ਚਾਹ ਨਾਲ ਉਡੀਕ ਕਰਨੀ।’ ਇਸ ਆਸ਼ਾ ਨੂੰ ਮਨ ਵਿਚ ਰੱਖਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚੋ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੀ ਉਹੋ ਜਿਹਾ ਜਤਨ ਕਰੇ। ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਗੋਂ ਉਨ੍ਹਾਂ ਦੀ ਰੀਸ ਕਰੋ ਜਿਹੜੇ ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ ਹੁੰਦੇ ਹਨ।” (ਇਬਰਾਨੀਆਂ 6:11, 12) ਧਿਆਨ ਦਿਓ ਕਿ ਜੇ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰਦੇ ਰਹੀਏ, ਤਾਂ ਅਸੀਂ ਯਕੀਨ ਕਰ ਸਕਦੇ ਹਾਂ ਕਿ ਸਦਾ ਦੀ ਜ਼ਿੰਦਗੀ ਦੀ ਸਾਡੀ ਆਸ ਜ਼ਰੂਰ ਪੂਰੀ ਹੋਵੇਗੀ। ਦੁਨਿਆਵੀ ਟੀਚਿਆਂ ਤੋਂ ਭਿੰਨ ਸਾਡੀ ਆਸ਼ਾ ਸਾਨੂੰ “ਸ਼ਰਮਿੰਦਿਆਂ ਨਹੀਂ ਕਰਦੀ।” (ਰੋਮੀਆਂ 5:5) ਤਾਂ ਫਿਰ ਅਸੀਂ ਆਪਣੀ ਇਸ ਆਸ਼ਾ ਨੂੰ ਬਰਕਰਾਰ ਕਿਵੇਂ ਰੱਖ ਸਕਦੇ ਹਾਂ?

ਰੂਹਾਨੀ ਤੌਰ ਤੇ ਆਪਣੀ ਨਜ਼ਰ ਨੂੰ ਤੇਜ਼ ਰੱਖੋ

ਅਸੀਂ ਇੱਕੋ ਸਮੇਂ ਦੋ ਚੀਜ਼ਾਂ ਉੱਤੇ ਨਜ਼ਰ ਨਹੀਂ ਟਿਕਾ ਸਕਦੇ। ਇਹ ਗੱਲ ਰੂਹਾਨੀ ਤੌਰ ਤੇ ਵੀ ਸੱਚ ਹੈ। ਜੇ ਸਾਡੀ ਨਜ਼ਰ ਦੁਨਿਆਵੀ ਚੀਜ਼ਾਂ ਉੱਤੇ ਹੈ, ਤਾਂ ਬਿਨਾਂ ਸ਼ੱਕ ਸਾਡੇ ਮਨਾਂ ਵਿਚ ਪਰਮੇਸ਼ੁਰ ਦੁਆਰਾ ਵਾਅਦਾ ਕੀਤੀ ਨਵੀਂ ਦੁਨੀਆਂ ਦੀ ਤਸਵੀਰ ਧੁੰਦਲਾ ਜਾਵੇਗੀ। ਫਿਰ ਹੌਲੀ-ਹੌਲੀ ਧੁੰਦਲੀ ਹੁੰਦੀ ਜਾਂਦੀ ਇਹ ਤਸਵੀਰ ਆਪਣੀ ਸੁੰਦਰਤਾ ਗੁਆ ਦੇਵੇਗੀ ਤੇ ਅਖ਼ੀਰ ਗਾਇਬ ਹੋ ਜਾਵੇਗੀ। ਇਹ ਕਿੰਨੇ ਅਫ਼ਸੋਸ ਦੀ ਗੱਲ ਹੋਵੇਗੀ! (ਲੂਕਾ 21:34) ਤਾਂ ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੀ “ਅੱਖ ਨਿਰਮਲ” ਰੱਖੀਏ ਯਾਨੀ ਆਪਣੀ ਨਜ਼ਰ ਪਰਮੇਸ਼ੁਰ ਦੇ ਰਾਜ ਅਤੇ ਸਦਾ ਦੀ ਜ਼ਿੰਦਗੀ ਦੇ ਇਨਾਮ ਉੱਤੇ ਟਿਕਾਈ ਰੱਖੀਏ!—ਮੱਤੀ 6:22.

ਅੱਖ ਨੂੰ ਨਿਰਮਲ ਰੱਖਣਾ ਕੋਈ ਆਸਾਨ ਕੰਮ ਨਹੀਂ। ਹਰ ਰੋਜ਼ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੇ ਨਾਲ-ਨਾਲ ਕਈ ਹੋਰ ਗੱਲਾਂ ਵੀ ਸਾਡਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ ਜੋ ਸਾਨੂੰ ਭਰਮਾ ਜਾਂ ਕੁਰਾਹੇ ਪਾ ਸਕਦੀਆਂ ਹਨ। ਇਨ੍ਹਾਂ ਹਾਲਾਤਾਂ ਅਧੀਨ ਅਸੀਂ ਹੋਰ ਜ਼ਰੂਰੀ ਕੰਮ ਕਰਨ ਦੇ ਨਾਲ-ਨਾਲ ਪਰਮੇਸ਼ੁਰ ਦੇ ਰਾਜ ਅਤੇ ਨਵੀਂ ਦੁਨੀਆਂ ਬਾਰੇ ਉਸ ਦੇ ਵਾਅਦੇ ਉੱਤੇ ਧਿਆਨ ਕਿਵੇਂ ਲਗਾਈ ਰੱਖ ਸਕਦੇ ਹਾਂ? ਆਓ ਆਪਾਂ ਤਿੰਨ ਤਰੀਕਿਆਂ ਵੱਲ ਧਿਆਨ ਦੇਈਏ।

ਰੋਜ਼ ਬਾਈਬਲ ਦੀ ਪੜ੍ਹਾਈ ਕਰੋ। ਰੋਜ਼ ਬਾਈਬਲ ਅਤੇ ਉਸ ਨੂੰ ਸਮਝਾਉਣ ਵਾਲੇ ਪ੍ਰਕਾਸ਼ਨਾਂ ਦੀ ਪੜ੍ਹਾਈ ਕਰਨ ਨਾਲ ਸਾਨੂੰ ਆਪਣਾ ਧਿਆਨ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਲਗਾਈ ਰੱਖਣ ਵਿਚ ਮਦਦ ਮਿਲੇਗੀ। ਹੋ ਸਕਦਾ ਹੈ ਕਿ ਸਾਨੂੰ ਪਰਮੇਸ਼ੁਰ ਦੇ ਬਚਨ ਦੀ ਪੜ੍ਹਾਈ ਕਰਦਿਆਂ ਨੂੰ ਕਈ ਸਾਲ ਹੋ ਚੁੱਕੇ ਹਨ। ਪਰ ਫਿਰ ਵੀ ਜਿਵੇਂ ਸਾਨੂੰ ਚੰਗੀ ਸਿਹਤ ਤੇ ਤਾਕਤ ਲਈ ਹਰ ਦਿਨ ਰੋਟੀ ਖਾਣੀ ਪੈਂਦੀ ਹੈ, ਉਸੇ ਤਰ੍ਹਾਂ ਸਾਨੂੰ ਹਰ ਰੋਜ਼ ਬਾਈਬਲ ਦੀ ਪੜ੍ਹਾਈ ਕਰਦੇ ਰਹਿਣ ਦੀ ਲੋੜ ਹੈ। ਭਾਵੇਂ ਕਿ ਪਹਿਲਾਂ ਅਸੀਂ ਹਜ਼ਾਰਾਂ ਹੀ ਵਾਰ ਭੋਜਨ ਖਾ ਚੁੱਕੇ ਹਾਂ, ਫਿਰ ਵੀ ਅਸੀਂ ਖਾਣ ਤੋਂ ਕਦੇ ਅੱਕਦੇ ਨਹੀਂ ਸਗੋਂ ਅਸੀਂ ਅਗਲੇ ਭੋਜਨ ਦੀ ਉਡੀਕ ਕਰਦੇ ਹਾਂ। ਇਸੇ ਤਰ੍ਹਾਂ, ਚਾਹੇ ਅਸੀਂ ਜਿੰਨੀ ਮਰਜ਼ੀ ਚੰਗੀ ਤਰ੍ਹਾਂ ਬਾਈਬਲ ਵਿਚ ਲਿਖੀਆਂ ਗੱਲਾਂ ਨੂੰ ਜਾਣਦੇ ਹਾਂ, ਫਿਰ ਵੀ ਸਾਨੂੰ ਆਪਣੀ ਆਸ਼ਾ ਨੂੰ ਫੜੀ ਰੱਖਣ ਤੇ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਰੋਜ਼ ਰੂਹਾਨੀ ਗੱਲਾਂ ਉੱਤੇ ਵਿਚਾਰ ਕਰਨ ਦੀ ਲੋੜ ਹੈ।—ਜ਼ਬੂਰਾਂ ਦੀ ਪੋਥੀ 1:1-3.

ਪਰਮੇਸ਼ੁਰ ਦੇ ਬਚਨ ਉੱਤੇ ਕਦਰਦਾਨੀ ਨਾਲ ਵਿਚਾਰ ਕਰੋ। ਵਿਚਾਰ ਜਾਂ ਮਨਨ ਕਰਨਾ ਕਿਉਂ ਜ਼ਰੂਰੀ ਹੈ? ਇਸ ਦੇ ਦੋ ਕਾਰਨ ਹਨ। ਪਹਿਲਾ, ਵਿਚਾਰ ਕਰਨ ਨਾਲ ਅਸੀਂ ਪੜ੍ਹੀਆਂ ਗੱਲਾਂ ਨੂੰ ਮਾਨੋ ਹਜ਼ਮ ਕਰ ਕੇ ਉਨ੍ਹਾਂ ਦੀ ਦਿਲੋਂ ਕਦਰ ਕਰ ਸਕਦੇ ਹਾਂ। ਦੂਜਾ, ਵਿਚਾਰ ਕਰਨ ਨਾਲ ਅਸੀਂ ਯਹੋਵਾਹ, ਉਸ ਦੇ ਵਧੀਆ ਕੰਮ ਅਤੇ ਆਪਣੀ ਆਸ਼ਾ ਨੂੰ ਕਦੇ ਨਹੀਂ ਭੁੱਲਾਂਗੇ। ਮਿਸਾਲ ਲਈ: ਉਨ੍ਹਾਂ ਇਸਰਾਏਲੀਆਂ ਵੱਲ ਧਿਆਨ ਦਿਓ ਜੋ ਮੂਸਾ ਨਾਲ ਮਿਸਰ ਵਿੱਚੋਂ ਨਿਕਲ ਕੇ ਆਏ ਸਨ। ਉਨ੍ਹਾਂ ਨੇ ਅੱਖੀਂ ਯਹੋਵਾਹ ਦੀ ਸ਼ਕਤੀ ਦੇ ਸਬੂਤ ਦੇਖੇ ਸਨ। ਵਾਅਦਾ ਕੀਤੇ ਗਏ ਦੇਸ਼ ਨੂੰ ਜਾਂਦਿਆਂ ਪਰਮੇਸ਼ੁਰ ਨੇ ਉਨ੍ਹਾਂ ਦੀ ਰੱਖਿਆ ਕੀਤੀ ਸੀ। ਪਰ ਫਿਰ ਵੀ ਉਜਾੜ ਵਿਚ ਪਹੁੰਚਦਿਆਂ ਹੀ ਨਿਹਚਾ ਦੀ ਘਾਟ ਕਰਕੇ ਲੋਕ ਬੁੜ-ਬੁੜ ਕਰਨ ਲੱਗ ਪਏ। (ਜ਼ਬੂਰਾਂ ਦੀ ਪੋਥੀ 78:11-17) ਆਓ ਦੇਖੀਏ ਉਨ੍ਹਾਂ ਦੀ ਗ਼ਲਤੀ ਕੀ ਸੀ।

ਲੋਕਾਂ ਨੇ ਆਪਣਾ ਧਿਆਨ ਯਹੋਵਾਹ ਅਤੇ ਉਸ ਵੱਲੋਂ ਦਿੱਤੀ ਗਈ ਆਸ਼ਾ ਤੋਂ ਹਟਾ ਕੇ ਆਪਣੇ ਐਸ਼ੋ-ਆਰਾਮ ਅਤੇ ਸਰੀਰਕ ਲੋੜਾਂ ਪੂਰੀਆਂ ਕਰਨ ਉੱਤੇ ਲਗਾ ਲਿਆ। ਅੱਖੀਂ ਦੇਖੇ ਗਏ ਚਮਤਕਾਰਾਂ ਅਤੇ ਵਧੀਆ ਕੰਮਾਂ ਦੇ ਬਾਵਜੂਦ ਬਹੁਤ ਸਾਰੇ ਇਸਰਾਏਲੀ ਬੇਵਫ਼ਾ ਹੋ ਗਏ ਤੇ ਬੁੜ-ਬੁੜਾਉਣ ਲੱਗ ਪਏ। ਜ਼ਬੂਰਾਂ ਦੀ ਪੋਥੀ 106:13 ਵਿਚ ਲਿਖਿਆ ਹੈ: “ਓਹ [ਯਹੋਵਾਹ] ਦੇ ਕੰਮਾਂ ਨੂੰ ਛੇਤੀ ਹੀ ਭੁੱਲ ਗਏ” ਸਨ। (ਟੇਢੇ ਟਾਈਪ ਸਾਡੇ।) ਆਪਣੀ ਵੱਡੀ ਲਾਪਰਵਾਹੀ ਕਾਰਨ ਉਸ ਪੀੜ੍ਹੀ ਨੇ ਵਾਅਦਾ ਕੀਤੇ ਗਏ ਦੇਸ਼ ਵਿਚ ਜਾਣ ਦਾ ਮੌਕਾ ਹੱਥੋਂ ਗੁਆ ਦਿੱਤਾ।

ਇਸ ਲਈ ਬਾਈਬਲ ਜਾਂ ਬਾਈਬਲ ਆਧਾਰਿਤ ਪ੍ਰਕਾਸ਼ਨਾਂ ਦੀ ਪੜ੍ਹਾਈ ਕਰਦੇ ਸਮੇਂ, ਪੜ੍ਹੀਆਂ ਗੱਲਾਂ ਉੱਤੇ ਵਿਚਾਰ ਕਰਨ ਲਈ ਵੀ ਸਮਾਂ ਕੱਢੋ। ਇਸ ਤਰ੍ਹਾਂ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਸੱਚਾਈ ਵਿਚ ਮਜ਼ਬੂਤ ਬਣਨਾ ਤੇ ਤਰੱਕੀ ਕਰਨੀ ਚਾਹੁੰਦੇ ਹੋ। ਮਿਸਾਲ ਲਈ, 106ਵਾਂ ਜ਼ਬੂਰ ਪੜ੍ਹਦੇ ਸਮੇਂ ਯਹੋਵਾਹ ਦੇ ਗੁਣਾਂ ਉੱਤੇ ਵਿਚਾਰ ਕਰੋ। ਧਿਆਨ ਦਿਓ ਕਿ ਉਹ ਇਸਰਾਏਲੀਆਂ ਨਾਲ ਕਿੰਨਾ ਧੀਰਜਵਾਨ ਅਤੇ ਦਿਆਲੂ ਸੀ। ਉਸ ਨੇ ਵਾਅਦਾ ਕੀਤੇ ਗਏ ਦੇਸ਼ ਵਿਚ ਜਾਣ ਲਈ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕੀਤੀ। ਧਿਆਨ ਦਿਓ ਕਿ ਇਸਰਾਏਲੀਆਂ ਨੇ ਵਾਰ-ਵਾਰ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ। ਜ਼ਰਾ ਸੋਚੋ ਕਿ ਯਹੋਵਾਹ ਦਾ ਦਿਲ ਕਿੰਨਾ ਦੁਖੀ ਹੋਇਆ ਹੋਵੇਗਾ ਜਦੋਂ ਉਨ੍ਹਾਂ ਬੇਕਦਰੇ ਲੋਕਾਂ ਨੇ ਉਸ ਦੇ ਧੀਰਜ ਅਤੇ ਦਇਆ ਨੂੰ ਵਾਰ-ਵਾਰ ਭੁਲਾ ਦਿੱਤਾ। ਅੱਗੇ, 30ਵੀਂ ਅਤੇ 31ਵੀਂ ਆਇਤ ਵਿਚ ਫ਼ੀਨਹਾਸ ਦਾ ਜ਼ਿਕਰ ਕੀਤਾ ਗਿਆ ਹੈ ਜੋ ਵੱਡੀ ਹਿੰਮਤ ਨਾਲ ਧਾਰਮਿਕਤਾ ਦੇ ਪੱਖ ਵਿਚ ਖੜ੍ਹਾ ਹੋਇਆ ਸੀ। ਜੇਕਰ ਅਸੀਂ ਇਨ੍ਹਾਂ ਆਇਤਾਂ ਉੱਤੇ ਵਿਚਾਰ ਕਰਾਂਗੇ, ਤਾਂ ਸਾਡਾ ਵਿਸ਼ਵਾਸ ਪੱਕਾ ਹੋਵੇਗਾ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਦੇ ਨਹੀਂ ਭੁੱਲਦਾ ਅਤੇ ਉਹ ਉਨ੍ਹਾਂ ਨੂੰ ਵੱਡੀਆਂ ਬਰਕਤਾਂ ਦਿੰਦਾ ਹੈ।

ਬਾਈਬਲ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੋ। ਜਿਉਂ-ਜਿਉਂ ਅਸੀਂ ਬਾਈਬਲ ਦੇ ਸਿਧਾਂਤ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਾਂ, ਤਾਂ ਅਸੀਂ ਖ਼ੁਦ ਦੇਖਾਂਗੇ ਕਿ ਯਹੋਵਾਹ ਦੀ ਸਲਾਹ ਕਿੰਨੀ ਵਧੀਆ ਹੈ। ਕਹਾਉਤਾਂ 3:5, 6 ਵਿਚ ਲਿਖਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” ਜ਼ਰਾ ਸੋਚੋ ਕਿ ਅਨੈਤਿਕ ਕੰਮਾਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਿੰਨੇ ਮਾਨਸਿਕ, ਭਾਵਾਤਮਕ ਅਤੇ ਸਰੀਰਕ ਦੁੱਖ ਝੱਲਣੇ ਪੈਂਦੇ ਹਨ। ਪਲ ਭਰ ਦੀ ਖ਼ੁਸ਼ੀ ਲਈ ਅਜਿਹੇ ਲੋਕ ਜ਼ਿੰਦਗੀ ਭਰ ਕਸ਼ਟ ਭੋਗਦੇ ਹਨ। ਇਸ ਦੇ ਬਿਲਕੁਲ ਉਲਟ, ਜੋ ਲੋਕ ‘ਸੌੜੇ ਰਾਹ’ ਤੇ ਚੱਲਦੇ ਹਨ, ਉਹ ਨਵੀਂ ਦੁਨੀਆਂ ਦਾ ਸੁਆਦ ਚੱਖਦੇ ਹਨ ਜਿਸ ਤੋਂ ਉਨ੍ਹਾਂ ਨੂੰ ਜੀਵਨ ਦੇ ਰਾਹ ਉੱਤੇ ਚੱਲਦੇ ਰਹਿਣ ਲਈ ਹਿੰਮਤ ਮਿਲਦੀ ਹੈ।—ਮੱਤੀ 7:13, 14; ਜ਼ਬੂਰਾਂ ਦੀ ਪੋਥੀ 34:8.

ਬਾਈਬਲ ਦੇ ਮਿਆਰ ਲਾਗੂ ਕਰਨੇ ਕੋਈ ਸੌਖੀ ਗੱਲ ਨਹੀਂ। ਕਦੇ-ਕਦੇ ਕਿਸੇ ਮੁਸ਼ਕਲ ਹਾਲਾਤ ਵਿਚ ਸ਼ਾਇਦ ਸਾਨੂੰ ਇਸ ਤਰ੍ਹਾਂ ਲੱਗੇ ਕਿ ਬਾਈਬਲ ਦੇ ਖ਼ਿਲਾਫ਼ ਜਾਣ ਨਾਲ ਸਾਨੂੰ ਫ਼ੌਰੀ ਰਾਹਤ ਮਿਲ ਸਕਦੀ ਹੈ। ਮਿਸਾਲ ਲਈ, ਜਦੋਂ ਪੈਸਿਆਂ ਦੀ ਤੰਗੀ ਹੁੰਦੀ ਹੈ, ਤਾਂ ਸ਼ਾਇਦ ਅਸੀਂ ਪਰਮੇਸ਼ੁਰ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਦੂਜਾ ਦਰਜਾ ਦੇਈਏ। ਪਰ ਜਿਹੜੇ ਲੋਕ ਨਿਹਚਾ ਨਾਲ ਚੱਲਦੇ ਹਨ ਅਤੇ ਆਪਣੀ ਨਜ਼ਰ ਰੂਹਾਨੀ ਗੱਲਾਂ ਉੱਤੇ ਟਿਕਾਈ ਰੱਖਦੇ ਹਨ, ਉਨ੍ਹਾਂ ਨੂੰ ਭਰੋਸਾ ਦਿਲਾਇਆ ਜਾਂਦਾ ਹੈ ਕਿ ਅਖ਼ੀਰ ਵਿਚ “ਭਲਾ ਓਹਨਾਂ ਦਾ ਹੀ ਹੋਵੇਗਾ ਜੋ ਪਰਮੇਸ਼ੁਰ ਤੋਂ ਡਰਦੇ ਹਨ।” (ਉਪਦੇਸ਼ਕ ਦੀ ਪੋਥੀ 8:12) ਇਹ ਸੱਚ ਹੈ ਕਿ ਮਸੀਹੀਆਂ ਨੂੰ ਸ਼ਾਇਦ ਕਦੀ-ਕਦਾਈਂ ਕੰਮ ਤੇ ਜ਼ਿਆਦਾ ਸਮਾਂ ਲਾਉਣਾ ਪਵੇ, ਪਰ ਉਨ੍ਹਾਂ ਨੂੰ ਕਦੇ ਏਸਾਓ ਵਰਗੇ ਨਹੀਂ ਬਣਨਾ ਚਾਹੀਦਾ ਜਿਸ ਨੇ ਰੂਹਾਨੀ ਤੌਰ ਤੇ ਅਹਿਮ ਚੀਜ਼ਾਂ ਨੂੰ ਤੁੱਛ ਸਮਝ ਕੇ ਉਨ੍ਹਾਂ ਨੂੰ ਠੁਕਰਾ ਦਿੱਤਾ ਸੀ।—ਉਤਪਤ 25:34; ਇਬਰਾਨੀਆਂ 12:16.

ਯਿਸੂ ਨੇ ਸਾਫ਼-ਸਾਫ਼ ਦਿਖਾਇਆ ਸੀ ਕਿ ਮਸੀਹੀ ਹੋਣ ਦੇ ਨਾਤੇ ਸਾਡੀਆਂ ਕਿਹੜੀਆਂ ਜ਼ਿੰਮੇਵਾਰੀਆਂ ਹਨ। ਸਾਨੂੰ ‘ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਦੇ’ ਰਹਿਣਾ ਚਾਹੀਦਾ ਹੈ। (ਮੱਤੀ 6:33) ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਸਾਡਾ ਪਿਆਰਾ ਪਿਤਾ ਯਹੋਵਾਹ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ। ਉਹ ਨਹੀਂ ਚਾਹੁੰਦਾ ਕਿ ਅਸੀਂ ਉਨ੍ਹਾਂ ਚੀਜ਼ਾਂ ਬਾਰੇ ਬੇਲੋੜੀ ਚਿੰਤਾ ਕਰੀਏ ਜਿਨ੍ਹਾਂ ਨੂੰ ਦੇਣ ਦੀ ਜ਼ਿੰਮੇਵਾਰੀ ਉਹ ਆਪਣੀ ਸਮਝਦਾ ਹੈ। ਇਨ੍ਹਾਂ ਚੀਜ਼ਾਂ ਬਾਰੇ ਫ਼ਜ਼ੂਲ ਚਿੰਤਾ ਕਰਨ ਨਾਲ ਸਾਡਾ ਧਿਆਨ ਭੌਤਿਕ ਗੱਲਾਂ ਉੱਤੇ ਰਹੇਗਾ ਅਤੇ ਅਖ਼ੀਰ ਅਸੀਂ ਰੂਹਾਨੀ ਤੌਰ ਤੇ ਅੰਨ੍ਹੇ ਹੋ ਜਾਵਾਂਗੇ। ਜੇਕਰ ਸਾਡਾ ਇਹੋ ਨਜ਼ਰੀਆ ਰਹੇਗਾ, ਤਾਂ ਯਹੋਵਾਹ ਦਾ ਦਿਨ ਸਾਡੇ ਉੱਤੇ “ਫਾਹੀ ਵਾਂਙੁ” ਆ ਜਾਵੇਗਾ। ਇਹ ਕਿੰਨੇ ਅਫ਼ਸੋਸ ਦੀ ਗੱਲ ਹੋਵੇਗੀ!—ਲੂਕਾ 21:34-36.

ਯਹੋਸ਼ੁਆ ਵਾਂਗ ਰੂਹਾਨੀ ਗੱਲਾਂ ਤੇ ਧਿਆਨ ਲਾਈ ਰੱਖੋ

ਆਓ ਆਪਾਂ ਨਿੱਜੀ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹੋਏ ਆਪਣਾ ਧਿਆਨ ਹਮੇਸ਼ਾ ਆਪਣੀ ਵਧੀਆ ਆਸ਼ਾ ਉੱਤੇ ਲਾਈ ਰੱਖੀਏ। ਬਾਈਬਲ ਦੀ ਪੜ੍ਹਾਈ, ਪੜ੍ਹੀਆਂ ਗੱਲਾਂ ਉੱਤੇ ਵਿਚਾਰ ਕਰਨ ਅਤੇ ਬਾਈਬਲ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਰਹਿਣ ਨਾਲ ਅਸੀਂ ਵੀ ਯਹੋਸ਼ੁਆ ਵਾਂਗ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਸਾਡੀ ਆਸ਼ਾ ਜ਼ਰੂਰ ਪੂਰੀ ਹੋਵੇਗੀ। ਇਸਰਾਏਲ ਦੀ ਕੌਮ ਨੂੰ ਵਾਅਦਾ ਕੀਤੇ ਗਏ ਦੇਸ਼ ਵਿਚ ਲੈ ਜਾਣ ਤੋਂ ਬਾਅਦ ਯਹੋਸ਼ੁਆ ਨੇ ਕਿਹਾ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੁਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।”—ਯਹੋਸ਼ੁਆ 23:14.

ਅਸੀਂ ਦੁਆ ਕਰਦੇ ਹਾਂ ਕਿ ਪਰਮੇਸ਼ੁਰ ਦੇ ਰਾਜ ਦੀ ਆਸ਼ਾ ਤੁਹਾਡੇ ਵਿਚ ਜੋਸ਼ ਪੈਦਾ ਕਰੇ ਅਤੇ ਤੁਹਾਡੇ ਹਰ ਵਿਚਾਰ, ਭਾਵਨਾ, ਫ਼ੈਸਲੇ ਅਤੇ ਤੁਹਾਡੇ ਕੰਮਾਂ-ਕਾਰਾਂ ਤੋਂ ਇਹ ਗੱਲ ਜ਼ਾਹਰ ਹੋਵੇ ਕਿ ਤੁਸੀਂ ਆਪਣੀ ਆਸ਼ਾ ਵਿਚ ਆਨੰਦ ਹੋ।—ਕਹਾਉਤਾਂ 15:15; ਰੋਮੀਆਂ 12:12.

[ਸਫ਼ੇ 21 ਉੱਤੇ ਤਸਵੀਰ]

ਕੀ ਤੁਸੀਂ ਕਦੇ ਇਸ ਗੱਲ ਉੱਤੇ ਸ਼ੱਕ ਕੀਤਾ ਹੈ ਕਿ ਤੁਹਾਨੂੰ ਨਵੀਂ ਦੁਨੀਆਂ ਵਿਚ ਜਾਣ ਦਿੱਤਾ ਜਾਵੇਗਾ ਜਾਂ ਨਹੀਂ?

[ਸਫ਼ੇ 22 ਉੱਤੇ ਤਸਵੀਰ]

ਬਾਈਬਲ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਮਨਨ ਕਰਨਾ ਲਾਜ਼ਮੀ ਹੈ

[ਸਫ਼ੇ 23 ਉੱਤੇ ਤਸਵੀਰ]

ਪਰਮੇਸ਼ੁਰ ਦੇ ਕੰਮਾਂ ਉੱਤੇ ਆਪਣਾ ਧਿਆਨ ਲਗਾ ਕੇ ਰੱਖੋ