Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਯਹੋਵਾਹ ਦੇ ਗਵਾਹ ਲਹੂ ਤੋਂ ਬਣਾਈਆਂ ਗਈਆਂ ਦਵਾਈਆਂ ਲੈਂਦੇ ਹਨ?

ਅੱਗੇ ਦਿੱਤੀ ਗਈ ਜਾਣਕਾਰੀ ਪਹਿਰਾਬੁਰਜ 15 ਜੂਨ 2000 ਦੇ ਲੇਖ ਉੱਤੇ ਆਧਾਰਿਤ ਹੈ।

ਸਭ ਤੋਂ ਪਹਿਲਾਂ ਅਸੀਂ ਇਹ ਗੱਲ ਸਪੱਸ਼ਟ ਕਰਨੀ ਚਾਹੁੰਦੇ ਹਾਂ ਕਿ ਯਹੋਵਾਹ ਦੇ ਗਵਾਹ ਲਹੂ ਨਹੀਂ ਲੈਂਦੇ। ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਲਹੂ ਬਾਰੇ ਪਰਮੇਸ਼ੁਰ ਦਾ ਨਿਯਮ ਅਟੱਲ ਹੈ ਭਾਵੇਂ ਸੰਸਾਰ ਜੋ ਮਰਜ਼ੀ ਮੰਨੇ। ਪਰ ਹੁਣ ਲਹੂ ਨੂੰ ਚਾਰ ਮੁੱਖ ਕਣਾਂ ਵਿਚ ਅਤੇ ਇਨ੍ਹਾਂ ਕਣਾਂ ਨੂੰ ਅੱਗੋਂ ਹੋਰ ਅੰਸ਼ਾਂ ਵਿਚ ਵੰਡਿਆਂ ਜਾ ਸਕਦਾ ਹੈ ਜਿਸ ਕਰਕੇ ਨਵੇਂ ਵਾਦ-ਵਿਸ਼ੇ ਖੜ੍ਹੇ ਹੋ ਰਹੇ ਹਨ। ਇਨ੍ਹਾਂ ਕਣਾਂ ਅਤੇ ਅੰਸ਼ਾਂ ਨੂੰ ਲੈਣ ਬਾਰੇ ਫ਼ੈਸਲਾ ਕਰਦੇ ਸਮੇਂ ਹਰ ਮਸੀਹੀ ਨੂੰ ਸਰੀਰਕ ਫ਼ਾਇਦਿਆਂ ਅਤੇ ਖ਼ਤਰਿਆਂ ਤੋਂ ਇਲਾਵਾ ਹੋਰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹਾਂ, ਉਸ ਨੂੰ ਬਾਈਬਲ ਦੀਆਂ ਸਿੱਖਿਆਵਾਂ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।

ਲਹੂ ਸੰਬੰਧੀ ਬਾਈਬਲ ਦੇ ਅਸੂਲ ਕਾਫ਼ੀ ਸਪੱਸ਼ਟ ਹਨ। ਇਨ੍ਹਾਂ ਅਸੂਲਾਂ ਨੂੰ ਸਮਝਣ ਲਈ, ਆਓ ਅਸੀਂ ਕੁਝ ਬਾਈਬਲੀ, ਇਤਿਹਾਸਕ ਅਤੇ ਡਾਕਟਰੀ ਗੱਲਾਂ ਉੱਤੇ ਵਿਚਾਰ ਕਰੀਏ।

ਯਹੋਵਾਹ ਪਰਮੇਸ਼ੁਰ ਨੇ ਸਾਡੇ ਪੂਰਵਜ ਨੂਹ ਨੂੰ ਦੱਸਿਆ ਸੀ ਕਿ ਲਹੂ ਇਕ ਵਿਸ਼ੇਸ਼ ਚੀਜ਼ ਹੈ। (ਉਤਪਤ 9:3, 4) ਬਾਅਦ ਵਿਚ ਇਸਰਾਏਲ ਕੌਮ ਨੂੰ ਦਿੱਤੇ ਗਏ ਪਰਮੇਸ਼ੁਰ ਦੇ ਕਾਨੂੰਨਾਂ ਵਿਚ ਲਹੂ ਦੀ ਪਵਿੱਤਰਤਾਈ ਦਿਖਾਈ ਗਈ ਸੀ: “ਭਾਵੇਂ ਕੋਈ ਮਨੁੱਖ ਇਸਰਾਏਲ ਦੇ ਘਰਾਣੇ ਦਾ ਹੋਵੇ, ਯਾ ਉਨ੍ਹਾਂ ਓਪਰਿਆਂ ਵਿੱਚੋਂ . . . ਜਿਹੜਾ ਕਿਸੇ ਪਰਕਾਰ ਦਾ ਲਹੂ ਖਾਵੇ . . . ਮੈਂ ਓਸ ਪ੍ਰਾਣੀ ਦਾ ਵਿਰੋਧੀ ਬਣਾਂਗਾ।” ਪਰਮੇਸ਼ੁਰ ਦੇ ਇਸ ਕਾਨੂੰਨ ਨੂੰ ਤੋੜਨ ਵਾਲਾ ਕੋਈ ਵੀ ਇਸਰਾਏਲੀ ਬੰਦਾ ਦੂਜਿਆਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਉਕਸਾ ਸਕਦਾ ਸੀ। ਇਸ ਲਈ ਪਰਮੇਸ਼ੁਰ ਨੇ ਇਹ ਵੀ ਕਿਹਾ ਸੀ ਕਿ ‘ਮੈਂ ਉਸ ਨੂੰ ਉਸ ਦਿਆਂ ਲੋਕਾਂ ਵਿੱਚੋਂ ਛੇਕ ਦੇਵਾਂਗਾ।’ (ਲੇਵੀਆਂ 17:10) ਕਈ ਸਦੀਆਂ ਬਾਅਦ, ਯਰੂਸ਼ਲਮ ਵਿਚ ਬੁਲਾਈ ਗਈ ਇਕ ਸਭਾ ਵਿਚ ਰਸੂਲਾਂ ਅਤੇ ਬਜ਼ੁਰਗਾਂ ਨੇ ਮਸੀਹੀਆਂ ਨੂੰ ‘ਲਹੂ ਤੋਂ ਬਚੇ’ ਰਹਿਣ ਦਾ ਹੁਕਮ ਦਿੱਤਾ। ਲਹੂ ਤੋਂ ਬਚਣਾ ਉੱਨਾ ਹੀ ਮਹੱਤਵਪੂਰਣ ਹੈ ਜਿੰਨਾ ਹਰਾਮਕਾਰੀ ਅਤੇ ਮੂਰਤੀ-ਪੂਜਾ ਤੋਂ ਪਰਹੇਜ਼ ਕਰਨਾ।—ਰਸੂਲਾਂ ਦੇ ਕਰਤੱਬ 15:28, 29.

ਪਹਿਲੀ ਸਦੀ ਵਿਚ ਲਹੂ ਤੋਂ ‘ਬਚੇ ਰਹਿਣ’ ਦਾ ਕੀ ਅਰਥ ਸੀ? ਇਸ ਦਾ ਅਰਥ ਸੀ ਕਿ ਮਸੀਹੀ ਕਿਸੇ ਵੀ ਪ੍ਰਕਾਰ ਦਾ ਲਹੂ ਨਹੀਂ ਖਾਂਦੇ ਸਨ, ਭਾਵੇਂ ਇਹ ਤਾਜ਼ਾ ਹੋਵੇ ਜਾਂ ਜੰਮਿਆ ਹੋਇਆ। ਉਹ ਨਾ ਹੀ ਉਸ ਪਸ਼ੂ ਦਾ ਮਾਸ ਖਾਂਦੇ ਸਨ ਜਿਸ ਦਾ ਲਹੂ ਨਾ ਵਹਾਇਆ ਗਿਆ ਹੋਵੇ। ਉਹ ਅਜਿਹਾ ਭੋਜਨ ਵੀ ਨਹੀਂ ਖਾਂਦੇ ਸਨ ਜਿਸ ਵਿਚ ਲਹੂ ਰਲਾਇਆ ਗਿਆ ਹੋਵੇ ਜਿਵੇਂ ਕਿ ਲਹੂ ਵਾਲੇ ਸੋਸੇ। ਲਹੂ ਖਾਣ ਦੇ ਇਹ ਸਾਰੇ ਢੰਗ ਪਰਮੇਸ਼ੁਰ ਦੇ ਕਾਨੂੰਨ ਦੇ ਉਲਟ ਸਨ।—1 ਸਮੂਏਲ 14:32, 33.

ਟਰਟੂਲੀਅਨ ਦੂਜੀ-ਤੀਜੀ ਸਦੀ ਦਾ ਇਕ ਮਸੀਹੀ ਸੀ। ਅਸੀਂ ਉਸ ਦਿਆਂ ਲੇਖਾਂ ਤੋਂ ਦੇਖ ਸਕਦੇ ਹਾਂ ਕਿ ਉਸ ਸਮੇਂ ਦੇ ਬਹੁਤਿਆਂ ਲੋਕਾਂ ਲਈ ਲਹੂ ਖਾਣਾ ਕੋਈ ਵੱਡੀ ਗੱਲ ਨਹੀਂ ਸੀ। ਉਸ ਨੇ ਦੱਸਿਆ ਕਿ ਕੁਝ ਕਬੀਲਿਆਂ ਦੇ ਲੋਕ ਲਹੂ ਚੱਖ ਕੇ ਸਮਝੋਤਿਆਂ ਨੂੰ ਮਾਨਤਾ ਦਿੰਦੇ ਸਨ। ਉਸ ਨੇ ਲਹੂ ਦੇ ਪਿਆਸੇ ਲੋਕਾਂ ਬਾਰੇ ਵੀ ਦੱਸਿਆ ਸੀ ਜੋ ਆਪਣੇ ‘ਮਿਰਗੀ ਦੇ ਰੋਗ ਨੂੰ ਚੰਗਾ ਕਰਨ ਲਈ ਅਖਾੜੇ ਵਿਚ ਲੜ ਰਹੇ ਘੋਰ ਅਪਰਾਧੀਆਂ ਦਾ ਵਹਿੰਦਾ ਤਾਜ਼ਾ ਲਹੂ ਪੀਂਦੇ ਸਨ।’

ਮਸੀਹੀਆਂ ਵਾਸਤੇ ਇਸ ਤਰ੍ਹਾਂ ਕਰਨਾ ਗ਼ਲਤ ਸੀ, ਭਾਵੇਂ ਕਿ ਕੁਝ ਰੋਮੀ ਲੋਕ ਆਪਣੀ ਸਿਹਤ ਲਈ ਇਵੇਂ ਕਰਦੇ ਸਨ। ਜਦੋਂ ਮਸੀਹੀਆਂ ਉੱਤੇ ਝੂਠੇ ਇਲਜ਼ਾਮ ਲਗਾਏ ਗਏ ਕਿ ਉਹ ਲਹੂ ਖਾਂਦੇ ਸਨ, ਤਾਂ ਇਨ੍ਹਾਂ ਨੂੰ ਰੱਦ ਕਰਨ ਲਈ ਟਰਟੂਲੀਅਨ ਨੇ ਲਿਖਿਆ ਕਿ “ਸਾਡੀ ਖ਼ੁਰਾਕ ਵਿਚ ਤਾਂ ਪਸ਼ੂਆਂ ਦਾ ਲਹੂ ਵੀ ਨਹੀਂ ਸ਼ਾਮਲ ਹੁੰਦਾ।” ਰੋਮੀ ਲੋਕ ਮਸੀਹੀਆਂ ਦੀ ਖਰਿਆਈ ਪਰਖਣ ਲਈ ਉਨ੍ਹਾਂ ਨੂੰ ਅਜਿਹੇ ਭੋਜਨ ਖਾਣ ਲਈ ਦਿੰਦੇ ਸਨ ਜਿਨ੍ਹਾਂ ਵਿਚ ਲਹੂ ਰਲਾਇਆ ਜਾਂਦਾ ਸੀ। ਟਰਟੂਲੀਅਨ ਅੱਗੇ ਕਹਿੰਦਾ ਹੈ: “ਹੁਣ ਮੈਂ ਤੁਹਾਨੂੰ ਪੁੱਛਦਾ ਹਾਂ, ਕੀ ਕਦੇ ਇਸ ਤਰ੍ਹਾਂ ਹੋ ਸਕਦਾ ਹੈ [ਕਿ ਮਸੀਹੀ] ਜੋ ਪਸ਼ੂਆਂ ਦਾ ਲਹੂ ਖਾਣ ਤੋਂ ਕਤਰਾਉਂਦੇ ਹਨ, ਉਹ ਕਦੇ ਇਨਸਾਨਾਂ ਦੇ ਲਹੂ ਦੇ ਪਿਆਸੇ ਹੋਣਗੇ?”

ਅੱਜ-ਕੱਲ੍ਹ ਜਦੋਂ ਡਾਕਟਰ ਮਰੀਜ਼ ਨੂੰ ਲਹੂ ਲੈਣ ਦੀ ਸਲਾਹ ਦਿੰਦਾ ਹੈ, ਤਾਂ ਘੱਟ ਹੀ ਮਰੀਜ਼ ਪਰਮੇਸ਼ੁਰ ਦੇ ਨਿਯਮਾਂ ਬਾਰੇ ਸੋਚਦੇ ਹਨ। ਭਾਵੇਂ ਯਹੋਵਾਹ ਦੇ ਗਵਾਹ ਜੀਉਣਾ ਚਾਹੁੰਦੇ ਹਨ, ਪਰ ਉਹ ਲਹੂ ਦੇ ਸੰਬੰਧ ਵਿਚ ਯਹੋਵਾਹ ਦੇ ਕਾਨੂੰਨ ਨੂੰ ਤੋੜਨ ਲਈ ਤਿਆਰ ਨਹੀਂ ਹਨ। ਅੱਜ-ਕੱਲ੍ਹ ਡਾਕਟਰੀ ਖੇਤਰ ਵਿਚ ਤਰੱਕੀਆਂ ਨੂੰ ਧਿਆਨ ਵਿਚ ਰੱਖਦਿਆਂ, ਇਸ ਦਾ ਕੀ ਅਰਥ ਹੈ?

ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਸੁਧਾ ਲਹੂ ਆਮ ਹੀ ਮਰੀਜ਼ਾਂ ਨੂੰ ਚੜ੍ਹਾਇਆ ਜਾਣ ਲੱਗਾ, ਤਾਂ ਯਹੋਵਾਹ ਦੇ ਗਵਾਹਾਂ ਨੂੰ ਅਹਿਸਾਸ ਹੋਇਆ ਕਿ ਇਹ ਗੱਲ ਪਰਮੇਸ਼ੁਰ ਦੇ ਕਾਨੂੰਨ ਦੇ ਵਿਰੁੱਧ ਹੈ। ਪਰ ਸਮਾਂ ਬੀਤਣ ਨਾਲ ਇਲਾਜ ਕਾਫ਼ੀ ਬਦਲ ਗਏ ਹਨ। ਅੱਜ-ਕੱਲ੍ਹ ਜ਼ਿਆਦਾ ਕਰਕੇ ਸੁਧਾ ਲਹੂ ਨਹੀਂ ਚੜ੍ਹਾਇਆ ਜਾਂਦਾ, ਪਰ ਲਹੂ ਦੇ ਮੁੱਖ ਕਣ (ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟ, ਪਲਾਜ਼ਮਾ) ਮਰੀਜ਼ਾਂ ਨੂੰ ਦਿੱਤੇ ਜਾਂਦੇ ਹਨ। ਮਰੀਜ਼ ਦੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ, ਡਾਕਟਰ ਉਸ ਨੂੰ ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟ ਜਾਂ ਪਲਾਜ਼ਮਾ ਲੈਣ ਦੀ ਸਲਾਹ ਦੇ ਸਕਦੇ ਹਨ। ਇਸ ਤਰ੍ਹਾਂ ਲਹੂ ਦੇ ਇਹ ਕਣ ਵਰਤਣ ਨਾਲ ਥੋੜ੍ਹਾ ਜਿਹਾ ਲਹੂ ਕਈਆਂ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾ ਸਕਦਾ ਹੈ। ਯਹੋਵਾਹ ਦੇ ਗਵਾਹਾਂ ਦਾ ਇਹ ਵਿਸ਼ਵਾਸ ਹੈ ਕਿ ਸੁਧਾ ਲਹੂ ਜਾਂ ਉਸ ਦੇ ਮੁੱਖ ਚਾਰ ਕਣਾਂ ਵਿੱਚੋਂ ਕਿਸੇ ਇਕ ਕਣ ਨੂੰ ਲੈਣ ਨਾਲ ਪਰਮੇਸ਼ੁਰ ਦਾ ਕਾਨੂੰਨ ਟੁੱਟਦਾ ਹੈ। ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਦੇ ਇਸ ਕਾਨੂੰਨ ਦੀ ਪਾਲਣਾ ਕਰਦੇ ਹੋਏ, ਉਹ ਹੈਪਾਟਾਇਟਿਸ ਅਤੇ ਏਡਜ਼ ਵਰਗੀਆਂ ਖ਼ਤਰਨਾਕ ਬੀਮਾਰੀਆਂ ਤੋਂ ਆਪਣਾ ਬਚਾਅ ਕਰ ਸਕੇ ਹਨ। ਇਹ ਬੀਮਾਰੀਆਂ ਲਹੂ ਤੋਂ ਲੱਗ ਸਕਦੀਆਂ ਹਨ।

ਕਿਉਂ ਜੋ ਹੁਣ ਲਹੂ ਦੇ ਇਨ੍ਹਾਂ ਮੁੱਖ ਕਣਾਂ ਨੂੰ ਹੋਰ ਵੀ ਜ਼ਿਆਦਾ ਅੰਸ਼ਾਂ ਵਿਚ ਵੰਡਿਆ ਜਾ ਸਕਦਾ ਹੈ, ਇਨ੍ਹਾਂ ਅੰਸ਼ਾਂ ਦੀ ਵਰਤੋਂ ਬਾਰੇ ਸਵਾਲ ਪੈਦਾ ਹੁੰਦੇ ਹਨ। ਇਹ ਅੰਸ਼ ਕਿਸ ਤਰ੍ਹਾਂ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਬਾਰੇ ਫ਼ੈਸਲਾ ਕਰਦੇ ਸਮੇਂ ਇਕ ਮਸੀਹੀ ਨੂੰ ਕੀ ਧਿਆਨ ਵਿਚ ਰੱਖਣਾ ਚਾਹੀਦਾ ਹੈ?

ਲਹੂ ਇਕ ਬਹੁਤ ਹੀ ਗੁੰਝਲਦਾਰ ਚੀਜ਼ ਹੈ। ਪਲਾਜ਼ਮੇ ਵਿਚ 90 ਫੀ ਸਦੀ ਪਾਣੀ ਹੁੰਦਾ ਹੈ, ਪਰ ਫਿਰ ਵੀ ਇਸ ਵਿਚ ਅਨੇਕ ਪ੍ਰਕਾਰ ਦੇ ਹਾਰਮੋਨ, ਗ਼ੈਰ-ਕਾਰਬਨਿਕ ਲੂਣ (inorganic salts), ਐਨਜ਼ਾਈਮ ਅਤੇ ਪੌਸ਼ਟਿਕ ਖਣਿਜ ਪਦਾਰਥ ਪਾਏ ਜਾਂਦੇ ਹਨ। ਪਲਾਜ਼ਮੇ ਵਿਚ ਐਲਬਿਊਮਿਨ ਵਰਗੇ ਪ੍ਰੋਟੀਨ, ਲਹੂ ਨੂੰ ਵਗਣ ਤੋਂ ਰੋਕਣ ਵਾਲੇ ਪਦਾਰਥ (clotting factors) ਅਤੇ ਬੀਮਾਰੀਆਂ ਨਾਲ ਲੜਨ ਵਾਲੇ ਰਸਾਇਣ ਵੀ ਪਾਏ ਜਾਂਦੇ ਹਨ। ਡਾਕਟਰ ਪਲਾਜ਼ਮੇ ਵਿੱਚੋਂ ਅਨੇਕ ਪ੍ਰੋਟੀਨਾਂ ਨੂੰ ਅਲੱਗ-ਅਲੱਗ ਕਰ ਕੇ ਉਨ੍ਹਾਂ ਨੂੰ ਵਰਤਦੇ ਹਨ। ਮਿਸਾਲ ਲਈ, ਲਹੂ ਨੂੰ ਵਗਣ ਤੋਂ ਰੋਕਣ ਵਾਲਾ ਪਦਾਰਥ ਨੰਬਰ 8 ਹੀਮੋਫੀਲੀਆ ਦੇ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ। ਇਸ ਬੀਮਾਰੀ ਵਿਚ ਮਰੀਜ਼ ਦਾ ਲਹੂ ਛੇਤੀ ਹੀ ਵਹਿਣ ਲੱਗ ਪੈਂਦਾ ਹੈ। ਜੇਕਰ ਕਿਸੇ ਨੂੰ ਕੋਈ ਖ਼ਾਸ ਬੀਮਾਰੀ ਲੱਗਣ ਦੀ ਸੰਭਾਵਨਾ ਹੋਵੇ, ਤਾਂ ਡਾਕਟਰ ਸ਼ਾਇਦ ਮਰੀਜ਼ ਨੂੰ ਗਾਮਾ ਗਲੋਬੂਲਿਨ ਦੇ ਟੀਕੇ ਲਗਵਾਉਣ ਦੀ ਸਲਾਹ ਦੇਣ ਜੋ ਕਿ ਉਸ ਖ਼ਾਸ ਬੀਮਾਰੀ ਤੋਂ ਸੁਰੱਖਿਅਤ ਵਿਅਕਤੀ ਦੇ ਲਹੂ ਦੇ ਪਲਾਜ਼ਮੇ ਤੋਂ ਬਣੇ ਹੁੰਦੇ ਹਨ। ਇਸੇ ਤਰ੍ਹਾਂ ਡਾਕਟਰ ਪਲਾਜ਼ਮੇ ਦੇ ਹੋਰ ਪ੍ਰੋਟੀਨ ਵੀ ਵਰਤਦੇ ਹਨ। ਇਹ ਦਿਖਾਉਂਦਾ ਹੈ ਕਿ ਲਹੂ ਦੇ ਇਕ ਮੁੱਖ ਕਣ (ਪਲਾਜ਼ਮਾ) ਨੂੰ ਕਈ ਅੰਸ਼ਾਂ ਵਿਚ ਵੰਡਿਆ ਜਾ ਸਕਦਾ ਹੈ। *

ਜਿਸ ਤਰ੍ਹਾਂ ਪਲਾਜ਼ਮੇ ਤੋਂ ਅਨੇਕ ਅੰਸ਼ ਲਏ ਜਾ ਸਕਦੇ ਹਨ, ਇਸੇ ਤਰ੍ਹਾਂ ਲਹੂ ਦੇ ਦੂਸਰੇ ਮੁੱਖ ਕਣਾਂ (ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟਾਂ) ਦੇ ਵੀ ਅੰਸ਼ ਲਏ ਜਾ ਸਕਦੇ ਹਨ। ਮਿਸਾਲ ਲਈ, ਲਹੂ ਦੇ ਚਿੱਟੇ ਸੈੱਲਾਂ ਤੋਂ ਇੰਟਰਫੇਰਾਨ ਅਤੇ ਇੰਟਰਲੁਕਿਨ ਨਾਂ ਦੇ ਪ੍ਰੋਟੀਨ ਲਏ ਜਾ ਸਕਦੇ ਹਨ ਜੋ ਵਾਇਰਲ ਇਨਫ਼ੈਕਸ਼ਨਾਂ ਅਤੇ ਕੈਂਸਰਾਂ ਦੇ ਇਲਾਜ ਲਈ ਵਰਤੇ ਜਾਂਦੇ ਹਨ। ਪਲੇਟਲੈਟਾਂ ਦੇ ਅੰਸ਼ਾਂ ਤੋਂ ਜ਼ਖ਼ਮ ਭਰਨ ਵਾਲੀ ਦਵਾਈ ਬਣਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਹੋਰ ਦਵਾਈਆਂ ਵੀ ਬਣ ਰਹੀਆਂ ਹਨ ਜਿਨ੍ਹਾਂ ਨੂੰ ਤਿਆਰ ਕਰਨ ਵਿਚ (ਘੱਟੋ-ਘੱਟ ਸ਼ੁਰੂ ਵਿਚ) ਲਹੂ ਦੇ ਅੰਸ਼ ਵਰਤੇ ਜਾਂਦੇ ਹਨ। ਅਜਿਹੀਆਂ ਦਵਾਈਆਂ ਵਿਚ ਲਹੂ ਦੇ ਮੁੱਖ ਕਣ ਨਹੀਂ ਹੁੰਦੇ; ਉਨ੍ਹਾਂ ਵਿਚ ਆਮ ਤੌਰ ਤੇ ਲਹੂ ਦੇ ਮੁੱਖ ਕਣਾਂ ਦੇ ਅੰਸ਼ ਹੁੰਦੇ ਹਨ। ਕੀ ਮਸੀਹੀਆਂ ਨੂੰ ਆਪਣੇ ਇਲਾਜ ਵਿਚ ਇਹ ਅੰਸ਼ ਲੈਣੇ ਚਾਹੀਦੇ ਹਨ? ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਬਾਈਬਲ ਇਸ ਸਵਾਲ ਦਾ ਜਵਾਬ ਨਹੀਂ ਦਿੰਦੀ। ਇਸ ਲਈ, ਹਰੇਕ ਮਸੀਹੀ ਨੂੰ ਪਰਮਾਤਮਾ ਨੂੰ ਧਿਆਨ ਵਿਚ ਰੱਖ ਕੇ ਆਪਣੀ ਜ਼ਮੀਰ ਅਨੁਸਾਰ ਆਪ ਫ਼ੈਸਲਾ ਕਰਨਾ ਚਾਹੀਦਾ ਹੈ।

ਕੁਝ ਲੋਕ ਲਹੂ ਤੋਂ ਬਣੀ ਕੋਈ ਵੀ ਦਵਾਈ ਨਹੀਂ ਲੈਂਦੇ, ਇੱਥੋਂ ਤਕ ਕਿ ਲਹੂ ਦੇ ਮੁੱਖ ਕਣਾਂ ਦੇ ਅੰਸ਼ਾਂ ਤੋਂ ਬਣੀ ਦਵਾਈ ਵੀ ਨਹੀਂ ਜੋ ਆਰਜ਼ੀ ਤੌਰ ਤੇ ਮਰੀਜ਼ ਨੂੰ ਬੀਮਾਰੀ ਨਾਲ ਲੜਨ ਦੀ ਤਾਕਤ ਦਿੰਦੀ ਹੈ। ਉਨ੍ਹਾਂ ਦੀ ਨਜ਼ਰ ਵਿਚ ਅਜਿਹੀ ਕੋਈ ਵੀ ਦਵਾਈ ਲੈਣ ਨਾਲ ਉਹ ਲਹੂ ਸੰਬੰਧੀ ਪਰਮਾਤਮਾ ਦੇ ਹੁਕਮ ਦੀ ਉਲੰਘਣਾ ਕਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਸਰਾਏਲ ਨੂੰ ਦਿੱਤੇ ਕਾਨੂੰਨ ਅਨੁਸਾਰ ਜੀਵ-ਜੰਤੂ ਦੇ ਸਰੀਰ ਵਿੱਚੋਂ ਕੱਢੇ ਗਏ ਲਹੂ ਨੂੰ ‘ਧਰਤੀ ਉੱਤੇ ਡੋਹਲਿਆ’ ਜਾਣਾ ਚਾਹੀਦਾ ਹੈ। (ਬਿਵਸਥਾ ਸਾਰ 12:22-24) ਇਹ ਗੱਲ ਕਿਉਂ ਮਹੱਤਵਪੂਰਣ ਹੈ? ਕਿਉਂਕਿ ਗਾਮਾ ਗਲੋਬੂਲਿਨ ਅਤੇ ਲਹੂ ਨੂੰ ਜਮਾਉਣ ਵਾਲੀਆਂ ਦਵਾਈਆਂ ਵਗੈਰਾ ਬਣਾਉਣ ਲਈ ਲਹੂ ਇਕੱਠਾ ਕਰ ਕੇ ਮਸ਼ੀਨਾਂ ਵਿਚ ਉਸ ਦੇ ਮੁੱਖ ਕਣਾਂ ਨੂੰ ਵੱਖ ਕੀਤਾ ਜਾਂਦਾ ਹੈ। ਇਸ ਕਰਕੇ ਕਈ ਮਸੀਹੀ ਇਹ ਦਵਾਈਆਂ ਨਹੀਂ ਲੈਂਦੇ ਜਿਸ ਤਰ੍ਹਾਂ ਉਹ ਸੁਧਾ ਲਹੂ ਜਾਂ ਉਸ ਦੇ ਮੁੱਖ ਚਾਰ ਕਣ ਨਹੀਂ ਲੈਂਦੇ। ਦੂਸਰਿਆਂ ਨੂੰ ਉਨ੍ਹਾਂ ਦੇ ਫ਼ੈਸਲੇ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ।

ਦੂਜੇ ਮਸੀਹੀ ਵੱਖਰਾ ਫ਼ੈਸਲਾ ਕਰਦੇ ਹਨ। ਉਹ ਵੀ ਸੁਧਾ ਲਹੂ, ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟ ਜਾਂ ਪਲਾਜ਼ਮਾ ਨਹੀਂ ਲੈਂਦੇ। ਪਰ ਉਹ ਸ਼ਾਇਦ ਲਹੂ ਦੇ ਮੁੱਖ ਕਣ ਦੇ ਅੰਸ਼ ਤੋਂ ਬਣੀ ਦਵਾਈ ਸਵੀਕਾਰ ਕਰ ਲੈਣ। ਪਰ ਇਸ ਮਾਮਲੇ ਵਿਚ ਵੀ ਵੱਖਰੇ-ਵੱਖਰੇ ਫ਼ੈਸਲੇ ਕੀਤੇ ਜਾ ਸਕਦੇ ਹਨ। ਇਕ ਮਸੀਹੀ ਸ਼ਾਇਦ ਗਾਮਾ ਗਲੋਬੂਲਿਨ ਦਾ ਟੀਕਾ ਲਗਵਾਵੇ, ਪਰ ਉਹ ਸ਼ਾਇਦ ਲਾਲ ਜਾਂ ਚਿੱਟੇ ਸੈੱਲਾਂ ਤੋਂ ਬਣਿਆ ਟੀਕਾ ਨਾ ਲਗਵਾਵੇ। ਪਰ ਕੀ ਕਾਰਨ ਹੈ ਕਿ ਕੁਝ ਮਸੀਹੀ ਲਹੂ ਦੇ ਮੁੱਖ ਕਣਾਂ ਦੇ ਅੰਸ਼ ਲੈਣ ਨੂੰ ਗ਼ਲਤ ਨਹੀਂ ਸਮਝਦੇ?

ਅੰਗ੍ਰੇਜ਼ੀ ਵਿਚ 1 ਜੂਨ 1990 ਦੇ ਅੰਗ੍ਰੇਜ਼ੀ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨੇ ਦੱਸਿਆ ਕਿ ਗਰਭਵਤੀ ਔਰਤ ਦੇ ਲਹੂ ਦੇ ਪਲਾਜ਼ਮਾ ਪ੍ਰੋਟੀਨ (ਪਲਾਜ਼ਮਾ ਦੇ ਅੰਸ਼) ਉਸ ਦੇ ਅਣਜੰਮੇ ਬੱਚੇ ਦੇ ਲਹੂ ਵਿਚ ਚਲੇ ਜਾਂਦੇ ਹਨ। ਇਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਇਮਯੁਨੋਗਲੋਬੂਲਿਨ ਦਿੰਦੀ ਹੈ ਜੋ ਬੀਮਾਰੀਆਂ ਤੋਂ ਬੱਚੇ ਦੀ ਰੱਖਿਆ ਕਰਦਾ ਹੈ। ਇਸ ਤੋਂ ਇਲਾਵਾ, ਜਿਉਂ-ਜਿਉਂ ਭਰੂਣ ਦੇ ਲਾਲ ਸੈੱਲ ਆਪਣੀ ਮਿਆਦ ਪੂਰੀ ਕਰ ਕੇ ਨਸ਼ਟ ਹੁੰਦੇ ਹਨ, ਤਾਂ ਉਹ ਅੰਸ਼ਾਂ ਵਿਚ ਵੰਡੇ ਜਾਂਦੇ ਹਨ। ਇਨ੍ਹਾਂ ਵਿੱਚੋਂ ਇਕ ਅੰਸ਼ ਬਿਲਿਰੁਬਿਨ ਹੈ ਜੋ ਪਲਾਸੈਂਟਾ (ਜੇਰ) ਰਾਹੀਂ ਮਾਂ ਦੇ ਸਰੀਰ ਵਿਚ ਚਲਾ ਜਾਂਦਾ ਹੈ ਅਤੇ ਉਸ ਦੇ ਮਲ ਰਾਹੀਂ ਸਰੀਰ ਵਿੱਚੋਂ ਨਿਕਲ ਜਾਂਦਾ ਹੈ। ਕੁਝ ਮਸੀਹੀ ਸ਼ਾਇਦ ਇਹ ਸੋਚਣ ਕਿ ਕਿਉਂ ਜੋ ਲਹੂ ਦੇ ਅੰਸ਼ ਕੁਦਰਤੀ ਤੌਰ ਤੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਚਲੇ ਜਾਂਦੇ ਹਨ, ਇਸ ਲਈ ਲਹੂ ਦੇ ਪਲਾਜ਼ਮੇ ਜਾਂ ਸੈੱਲਾਂ ਦੇ ਅੰਸ਼ਾਂ ਨਾਲ ਬਣੀਆਂ ਦਵਾਈਆਂ ਲੈਣ ਵਿਚ ਕੋਈ ਹਰਜ਼ ਨਹੀਂ ਹੈ।

ਲਹੂ ਦੇ ਅੰਸ਼ ਲੈਣ ਬਾਰੇ ਲੋਕਾਂ ਦੇ ਵਿਚਾਰ ਅਤੇ ਅੰਤਹਕਰਣ ਵੱਖੋ-ਵੱਖਰੇ ਹਨ। ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਇਹ ਮਾਮੂਲੀ ਗੱਲ ਹੈ? ਨਹੀਂ, ਇਹ ਬਹੁਤ ਗੰਭੀਰ ਮਾਮਲਾ ਹੈ। ਪਰ ਦੂਜੇ ਪਾਸੇ, ਲਹੂ ਸੰਬੰਧੀ ਫ਼ੈਸਲਾ ਕਰਨਾ ਜ਼ਿਆਦਾ ਔਖਾ ਕੰਮ ਵੀ ਨਹੀਂ ਹੈ। ਉੱਪਰ ਜ਼ਿਕਰ ਕੀਤੀਆਂ ਗਈਆਂ ਗੱਲਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਦੇ ਗਵਾਹ ਸੁਧਾ ਲਹੂ ਅਤੇ ਉਸ ਦੇ ਮੁੱਖ ਕਣ ਨਹੀਂ ਲੈਂਦੇ। ਬਾਈਬਲ ਮਸੀਹੀਆਂ ਨੂੰ ‘ਮੂਰਤਾਂ ਦਿਆਂ ਚੜ੍ਹਾਵਿਆਂ ਅਤੇ ਲਹੂ ਅਤੇ ਹਰਾਮਕਾਰੀ ਤੋਂ ਬਚੇ ਰਹਿਣ’ ਦੀ ਸਲਾਹ ਦਿੰਦੀ ਹੈ। (ਰਸੂਲਾਂ ਦੇ ਕਰਤੱਬ 15:29) ਇਸ ਤੋਂ ਅੱਗੇ ਜਿੱਥੇ ਮੁੱਖ ਕਣਾਂ ਦੇ ਅੰਸ਼ਾਂ ਸੰਬੰਧੀ ਕੋਈ ਮਸਲਾ ਖੜ੍ਹਾ ਹੁੰਦਾ ਹੈ, ਤਾਂ ਹਰੇਕ ਮਸੀਹੀ ਨੂੰ ਪ੍ਰਾਰਥਨਾ ਕਰ ਕੇ ਆਪਣੀ ਜ਼ਮੀਰ ਅਨੁਸਾਰ ਫ਼ੈਸਲਾ ਕਰਨਾ ਚਾਹੀਦਾ ਹੈ।

ਕਈ ਲੋਕ ਠੀਕ ਹੋਣ ਲਈ ਕਿਸੇ ਤਰ੍ਹਾਂ ਦਾ ਵੀ ਇਲਾਜ ਕਰਵਾਉਣ ਲਈ ਤਿਆਰ ਹੋ ਜਾਂਦੇ ਹਨ, ਭਾਵੇਂ ਕਿ ਇਲਾਜ ਨਾਲ ਕਈ ਖ਼ਤਰੇ ਜੁੜੇ ਹੋ ਸਕਦੇ ਹਨ, ਜਿਵੇਂ ਕਿ ਲਹੂ ਤੋਂ ਬਣਾਈਆਂ ਗਈਆਂ ਕਈ ਦਵਾਈਆਂ ਦਾ ਖ਼ਤਰਾ। ਇਕ ਸੁਹਿਰਦ ਮਸੀਹੀ ਡਾਕਟਰੀ ਇਲਾਜ ਬਾਰੇ ਸੰਤੁਲਿਤ ਵਿਚਾਰ ਰੱਖਦੇ ਹੋਏ ਸਿਰਫ਼ ਸਰੀਰਕ ਲਾਭਾਂ ਬਾਰੇ ਹੀ ਨਹੀਂ ਸੋਚਦਾ। ਯਹੋਵਾਹ ਦੇ ਗਵਾਹ ਚੰਗੇ ਇਲਾਜ ਦੀ ਬਹੁਤ ਕਦਰ ਕਰਦੇ ਹਨ ਅਤੇ ਉਹ ਕਿਸੇ ਵੀ ਇਲਾਜ ਦੇ ਖ਼ਤਰਿਆਂ ਅਤੇ ਲਾਭਾਂ ਬਾਰੇ ਡੂੰਘਾਈ ਨਾਲ ਸੋਚਦੇ ਹਨ। ਪਰ ਜਦੋਂ ਲਹੂ ਨਾਲ ਬਣੀਆਂ ਦਵਾਈਆਂ ਲੈਣ ਦਾ ਮਸਲਾ ਖੜ੍ਹਾ ਹੁੰਦਾ ਹੈ, ਤਾਂ ਉਹ ਪਰਮਾਤਮਾ ਦੇ ਕਾਨੂੰਨਾਂ ਉੱਤੇ ਖ਼ਾਸ ਧਿਆਨ ਦਿੰਦੇ ਹਨ। ਉਨ੍ਹਾਂ ਲਈ ਆਪਣੇ ਜੀਵਨਦਾਤੇ ਨਾਲ ਚੰਗਾ ਰਿਸ਼ਤਾ ਕਾਇਮ ਰੱਖਣਾ ਬਹੁਤ ਮਹੱਤਵਪੂਰਣ ਹੈ।—ਜ਼ਬੂਰਾਂ ਦੀ ਪੋਥੀ 36:9.

ਇਹ ਕਿੰਨੀ ਚੰਗੀ ਗੱਲ ਹੈ ਕਿ ਮਸੀਹੀਆਂ ਨੂੰ ਪਰਮਾਤਮਾ ਉੱਤੇ ਪੱਕਾ ਭਰੋਸਾ ਹੈ। ਇਸੇ ਭਰੋਸੇ ਕਰਕੇ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਯਹੋਵਾਹ ਪਰਮੇਸ਼ੁਰ ਇੱਕ ਸੂਰਜ ਤੇ ਇੱਕ ਢਾਲ ਹੈ, ਯਹੋਵਾਹ ਦਯਾ ਅਤੇ ਤੇਜ ਦੇਵੇਗਾ, ਉਹ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਾ ਰੋਕੇਗਾ। ਹੇ . . . ਯਹੋਵਾਹ, ਧੰਨ ਹੈ ਉਹ ਆਦਮੀ ਜਿਹੜਾ ਤੇਰੇ ਉੱਤੇ ਪਤੀਜਦਾ ਹੈ!”—ਜ਼ਬੂਰਾਂ ਦੀ ਪੋਥੀ 84:11, 12.

[ਫੁਟਨੋਟ]

^ ਪੈਰਾ 13 ਅੰਗ੍ਰੇਜ਼ੀ ਵਿਚ 15 ਜੂਨ 1978 ਅਤੇ 1 ਅਕਤੂਬਰ 1994 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ। ਹੁਣ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਅਜਿਹੀਆਂ ਦਵਾਈਆਂ ਬਣਾ ਲਈਆਂ ਹਨ ਜੋ ਲਹੂ ਤੋਂ ਨਹੀਂ ਬਣਾਈਆਂ ਜਾਂਦੀਆਂ ਅਤੇ ਇਹ ਲਹੂ ਦੇ ਕੁਝ ਅੰਸ਼ਾਂ ਦੀ ਥਾਂ ਤੇ ਦਿੱਤੀਆਂ ਜਾ ਸਕਦੀਆਂ ਹਨ।

[ਸਫ਼ੇ 31 ਉੱਤੇ ਡੱਬੀ]

ਡਾਕਟਰ ਨੂੰ ਇਹ ਸਵਾਲ ਪੁੱਛੋ

ਜੇ ਤੁਹਾਡਾ ਕੋਈ ਓਪਰੇਸ਼ਨ ਹੋਣਾ ਹੈ ਜਾਂ ਤੁਹਾਡੇ ਨਾਲ ਐਸੇ ਕਿਸੇ ਇਲਾਜ ਬਾਰੇ ਗੱਲ ਕੀਤੀ ਜਾ ਰਹੀ ਹੈ ਜਿਸ ਵਿਚ ਲਹੂ ਤੋਂ ਬਣੀ ਕੋਈ ਦਵਾਈ ਵਰਤੀ ਜਾਵੇਗੀ, ਤਾਂ ਤੁਸੀਂ ਇਹ ਸਵਾਲ ਪੁੱਛ ਸਕਦੇ ਹੋ:

ਕੀ ਮੇਰਾ ਇਲਾਜ ਕਰਨ ਵਾਲੇ ਸਾਰਿਆਂ ਡਾਕਟਰਾਂ ਅਤੇ ਨਰਸਾਂ ਨੂੰ ਪਤਾ ਹੈ ਕਿ ਯਹੋਵਾਹ ਦਾ ਗਵਾਹ ਹੋਣ ਕਰਕੇ ਮੈਂ ਲਹੂ (ਸੁਧਾ ਲਹੂ, ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟ ਜਾਂ ਪਲਾਜ਼ਮਾ) ਕਿਸੇ ਵੀ ਹਾਲਾਤ ਵਿਚ ਨਹੀਂ ਲਵਾਂਗਾ?

ਜੇ ਡਾਕਟਰ ਤੁਹਾਨੂੰ ਐਸੀ ਕੋਈ ਦਵਾਈ ਲੈਣ ਦੀ ਸਲਾਹ ਦਿੰਦਾ ਹੈ ਜੋ ਪਲਾਜ਼ਮੇ, ਲਾਲ ਜਾਂ ਚਿੱਟੇ ਸੈੱਲਾਂ ਜਾਂ ਪਲੇਟਲੈਟਾਂ ਤੋਂ ਬਣੀ ਹੈ, ਤਾਂ ਡਾਕਟਰ ਨੂੰ ਇਹ ਸਵਾਲ ਪੁੱਛੋ:

ਕੀ ਇਹ ਦਵਾਈ ਲਹੂ ਦੇ ਚਾਰ ਮੁੱਖ ਕਣਾਂ ਤੋਂ ਬਣੀ ਹੋਈ ਹੈ? ਜੇ ਹਾਂ, ਤਾਂ ਕੀ ਤੁਸੀਂ ਮੈਨੂੰ ਇਹ ਸਮਝਾ ਸਕਦੇ ਹੋ ਕਿ ਇਸ ਵਿਚ ਕੀ-ਕੀ ਹੈ?

ਇਹ ਲਹੂ ਤੋਂ ਬਣੀ ਦਵਾਈ ਦੀ ਕਿੰਨੀ ਕੁ ਮਾਤਰਾ ਮੈਨੂੰ ਦਿੱਤੀ ਜਾਵੇਗੀ ਅਤੇ ਕਿਸ ਤਰ੍ਹਾਂ ਦਿੱਤੀ ਜਾਵੇਗੀ?

ਜੇ ਮੇਰੀ ਜ਼ਮੀਰ ਮੈਨੂੰ ਇਹ ਦਵਾਈ ਲੈਣ ਦੀ ਇਜਾਜ਼ਤ ਦੇ ਵੀ ਦੇਵੇ, ਤਾਂ ਇਹ ਦਵਾਈ ਲੈਣ ਦੇ ਕੀ-ਕੀ ਖ਼ਤਰੇ ਹਨ?

ਜੇ ਮੇਰੀ ਜ਼ਮੀਰ ਮੈਨੂੰ ਇਹ ਦਵਾਈ ਲੈਣ ਦੀ ਮਨਜ਼ੂਰੀ ਨਹੀਂ ਦਿੰਦੀ, ਤਾਂ ਹੋਰ ਕਿਹੜਾ ਇਲਾਜ ਉਪਲਬਧ ਹੈ?

ਇਸ ਮਾਮਲੇ ਉੱਤੇ ਚੰਗੀ ਤਰ੍ਹਾਂ ਗੌਰ ਕਰਨ ਤੋਂ ਬਾਅਦ, ਮੈਂ ਤੁਹਾਨੂੰ ਆਪਣੀ ਸਲਾਹ ਕਦੋਂ ਦੱਸ ਸਕਦਾ ਹਾਂ?