Skip to content

Skip to table of contents

ਰੱਬ ਨੂੰ ਸੱਚ-ਮੁੱਚ ਤੁਹਾਡੀ ਪਰਵਾਹ ਹੈ

ਰੱਬ ਨੂੰ ਸੱਚ-ਮੁੱਚ ਤੁਹਾਡੀ ਪਰਵਾਹ ਹੈ

ਰੱਬ ਨੂੰ ਸੱਚ-ਮੁੱਚ ਤੁਹਾਡੀ ਪਰਵਾਹ ਹੈ

ਜਦੋਂ ਸਾਡੇ ਤੇ ਕੋਈ ਮੁਸੀਬਤ ਆਉਂਦੀ ਹੈ, ਤਾਂ ਕੁਦਰਤੀ ਤੌਰ ਤੇ ਸਾਨੂੰ ਪਰਮੇਸ਼ੁਰ ਯਾਦ ਆ ਜਾਂਦਾ ਹੈ। ਨਾਲੇ ਆਵੇ ਵੀ ਕਿਉਂ ਨਾ? ਉਹ “ਮਹਾਨ ਅਤੇ ਬਹੁਤ ਸ਼ਕਤੀਮਾਨ ਹੈ, ਉਹ ਦੀ ਸਮਝ ਦਾ ਕੋਈ ਪਾਰਾਵਾਰ ਨਹੀਂ ਹੈ।” (ਜ਼ਬੂਰਾਂ ਦੀ ਪੋਥੀ 147:5) ਮੁਸ਼ਕਲਾਂ ਵੇਲੇ ਹੋਰ ਕੋਈ ਵੀ ਉਸ ਵਾਂਗ ਸਾਨੂੰ ਹੌਸਲਾ ਨਹੀਂ ਦੇ ਸਕਦਾ ਤੇ ਨਾ ਹੀ ਉਸ ਵਾਂਗ ਸਾਡੀ ਮਦਦ ਕਰ ਸਕਦਾ ਹੈ। ਇਸ ਦੇ ਨਾਲ-ਨਾਲ ਬਾਈਬਲ ਵਿਚ ਸਾਨੂੰ ਤਾਕੀਦ ਕੀਤੀ ਗਈ ਹੈ: “ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ।” (ਜ਼ਬੂਰਾਂ ਦੀ ਪੋਥੀ 62:8) ਤਾਂ ਫਿਰ ਕਈ ਇਸ ਤਰ੍ਹਾਂ ਕਿਉਂ ਸੋਚਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ? ਕੀ ਇਸ ਦਾ ਮਤਲਬ ਹੈ ਕਿ ਰੱਬ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ?

ਕਾਹਲੀ ਨਾਲ ਪਰਮੇਸ਼ੁਰ ਤੇ ਕੋਈ ਇਲਜ਼ਾਮ ਲਾਉਣ ਤੋਂ ਪਹਿਲਾਂ ਉਸ ਸਮੇਂ ਬਾਰੇ ਸੋਚੋ ਜਦ ਤੁਸੀਂ ਅਜੇ ਛੋਟੇ ਹੁੰਦੇ ਸੀ। ਜਦੋਂ ਤੁਹਾਡੇ ਮਾਂ-ਬਾਪ ਨੇ ਤੁਹਾਡੀ ਕਿਸੇ ਮੰਗ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਕੀ ਤੁਸੀਂ ਕਦੀ ਸੋਚਿਆ ਸੀ ਕਿ ਉਹ ਤੁਹਾਨੂੰ ਪਿਆਰ ਨਹੀਂ ਕਰਦੇ? ਬਹੁਤ ਸਾਰੇ ਬੱਚੇ ਇਸ ਤਰ੍ਹਾਂ ਸੋਚਦੇ ਹਨ। ਪਰ ਵੱਡੇ ਹੋ ਕੇ ਤੁਸੀਂ ਸਮਝ ਗਏ ਕਿ ਪਿਆਰ ਕਰਨ ਦੇ ਕਈ ਤਰੀਕੇ ਹਨ। ਤੁਸੀਂ ਇਹ ਵੀ ਜਾਣ ਲਿਆ ਹੈ ਕਿ ਬੱਚੇ ਦੀ ਹਰੇਕ ਖ਼ਾਹਸ਼ ਪੂਰੀ ਕਰਨੀ ਸੱਚ-ਮੁੱਚ ਚੰਗੀ ਗੱਲ ਨਹੀਂ ਹੈ।

ਇਸੇ ਤਰ੍ਹਾਂ ਜੇ ਯਹੋਵਾਹ ਸਾਡੀ ਹਰੇਕ ਖ਼ਾਹਸ਼ ਪੂਰੀ ਨਹੀਂ ਕਰਦਾ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਸਾਨੂੰ ਪਿਆਰ ਹੀ ਨਹੀਂ ਕਰਦਾ। ਅਸਲ ਵਿਚ ਪਰਮੇਸ਼ੁਰ ਕਈਆਂ ਤਰੀਕਿਆਂ ਨਾਲ ਸਾਡੇ ਲਈ ਆਪਣਾ ਪਿਆਰ ਜ਼ਾਹਰ ਕਰਦਾ ਹੈ।

ਉਸ ਕਰਕੇ ਹੀ ਅਸੀਂ ਜੀਉਂਦੇ ਹਾਂ

ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਪਰਮੇਸ਼ੁਰ ਕਰਕੇ ਹੀ “ਜੀਉਂਦੇ ਅਰ ਤੁਰਦੇ ਫਿਰਦੇ ਅਤੇ ਮਜੂਦ ਹਾਂ।” (ਰਸੂਲਾਂ ਦੇ ਕਰਤੱਬ 17:28) ਇਸ ਲਈ, ਜਿਸ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਉਸ ਨੂੰ ਸਾਡਾ ਫ਼ਿਕਰ ਤਾਂ ਜ਼ਰੂਰ ਹੋਵੇਗਾ!

ਇਸ ਦੇ ਨਾਲ-ਨਾਲ ਉਸ ਨੇ ਸਾਰਿਆਂ ਦੇ ਜੀਉਂਦੇ ਰਹਿਣ ਲਈ ਕਈ ਪ੍ਰਬੰਧ ਵੀ ਕੀਤੇ ਹਨ। ਅਸੀਂ ਬਾਈਬਲ ਵਿਚ ਪੜ੍ਹਦੇ ਹਾਂ ਕਿ ਉਹ “ਡੰਗਰਾਂ ਲਈ ਘਾਹ ਅਤੇ ਇਨਸਾਨ ਦੀ ਸੇਵਾ ਲਈ ਸਾਗ ਪੱਤ ਉਗਾਉਂਦਾ ਹੈਂ, ਭਈ ਧਰਤੀ ਵਿੱਚੋਂ ਅਹਾਰ ਕੱਢੇ।” (ਜ਼ਬੂਰਾਂ ਦੀ ਪੋਥੀ 104:14) ਅਸਲ ਵਿਚ ਸਾਡਾ ਸਿਰਜਣਹਾਰ ਸਾਨੂੰ ਜੀਉਣ ਲਈ ਜ਼ਰੂਰੀ ਚੀਜ਼ਾਂ ਹੀ ਨਹੀਂ ਦਿੰਦਾ, ਸਗੋਂ ਜ਼ਿੰਦਗੀ ਦਾ ਆਨੰਦ ਮਾਣਨ ਲਈ ਹੋਰ ਵੀ ਬਹੁਤ ਕੁਝ ਦਿੰਦਾ ਹੈ। ਉਹ ਦਿਲ ਖੋਲ੍ਹ ਕੇ “ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਸਾਨੂੰ ਦੇ ਕੇ ਸਾਡਿਆਂ ਮਨਾ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕਰਦਾ ਹੈ।”—ਰਸੂਲਾਂ ਦੇ ਕਰਤੱਬ 14:17.

ਫਿਰ ਵੀ ਕਈਆਂ ਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ‘ਜੇ ਪਰਮੇਸ਼ੁਰ ਸਾਡੇ ਨਾਲ ਇੰਨਾ ਪਿਆਰ ਕਰਦਾ ਹੈ, ਤਾਂ ਉਹ ਸਾਡੇ ਤੇ ਇੰਨੇ ਦੁੱਖ ਕਿਉਂ ਆਉਣ ਦਿੰਦਾ ਹੈ?’ ਕੀ ਤੁਸੀਂ ਇਸ ਸਵਾਲ ਦਾ ਜਵਾਬ ਜਾਣਦੇ ਹੋ?

ਕੀ ਧਰਤੀ ਦੀਆਂ ਮਾੜੀਆਂ ਹਾਲਤਾਂ ਦੇ ਪਿੱਛੇ ਪਰਮੇਸ਼ੁਰ ਦਾ ਹੱਥ ਹੈ?

ਕਈ ਦੁੱਖ-ਤਕਲੀਫ਼ਾਂ ਇਨਸਾਨ ਆਪ ਆਪਣੇ ਉੱਤੇ ਲਿਆਉਂਦੇ ਹਨ। ਮਿਸਾਲ ਵਜੋਂ, ਲੋਕ ਬਹੁਤ ਕੁਝ ਕਰਦੇ ਹਨ ਜੋ ਉਨ੍ਹਾਂ ਲਈ ਖ਼ਤਰਨਾਕ ਹੈ। ਉਹ ਹੱਦੋਂ ਵੱਧ ਸ਼ਰਾਬ ਪੀਂਦੇ ਹਨ, ਤਮਾਖੂਨੋਸ਼ੀ ਕਰਦੇ ਹਨ, ਨਾਜਾਇਜ਼ ਲਿੰਗੀ ਸੰਬੰਧ ਰੱਖਦੇ ਹਨ, ਨਸ਼ੇ ਕਰਦੇ ਹਨ, ਖ਼ਤਰੇ ਨਾਲ ਭਰੇ ਖੇਡ-ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ ਅਤੇ ਗੱਡੀਆਂ ਬਹੁਤ ਤੇਜ਼ ਚਲਾਉਂਦੇ ਹਨ। ਜਦ ਇਨ੍ਹਾਂ ਪੁੱਠੇ ਕੰਮਾਂ ਰਾਹੀਂ ਕੋਈ ਦੁੱਖ ਭੋਗਦਾ ਹੈ, ਤਾਂ ਇਹ ਕਿਸ ਦਾ ਕਸੂਰ ਹੈ? ਪਰਮੇਸ਼ੁਰ ਦਾ? ਜਾਂ ਉਸ ਦਾ ਜੋ ਇਹ ਗ਼ਲਤ ਕੰਮ ਕਰਦਾ ਹੈ? ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਆਪਣੇ ਆਪ ਨੂੰ ਧੋਖਾ ਨਾ ਦੇਵੋ, ਪਰਮੇਸ਼ੁਰ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ ਹੈ। ਮਨੁੱਖ ਜੋ ਕੁਝ ਬੀਜਦਾ ਹੈ, ਉਹ ਹੀ ਵੱਢੇਗਾ।”—ਗਲਾਤੀਆਂ 6:7, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਇਸ ਤੋਂ ਇਲਾਵਾ, ਮਨੁੱਖ ਆਪ ਇਕ-ਦੂਜੇ ਨੂੰ ਦੁਖੀ ਕਰਦੇ ਹਨ। ਕੌਮਾਂ ਦੀਆਂ ਆਪਸੀ ਲੜਾਈਆਂ ਕਰਕੇ ਹੁੰਦੀ ਬਰਬਾਦੀ ਤੇ ਦੁੱਖ-ਤਕਲੀਫ਼ ਲਈ ਪਰਮੇਸ਼ੁਰ ਜ਼ਿੰਮੇਵਾਰ ਨਹੀਂ ਹੈ। ਕੀ ਜਦੋਂ ਕੋਈ ਅਪਰਾਧੀ ਕਿਸੇ ਨੂੰ ਕੁੱਟਦਾ-ਮਾਰਦਾ ਜਾਂ ਕਿਸੇ ਦਾ ਖ਼ੂਨ ਕਰਦਾ ਹੈ, ਤਾਂ ਕੀ ਇਸ ਲਈ ਪਰਮੇਸ਼ੁਰ ਜ਼ਿੰਮੇਵਾਰ ਹੈ? ਬਿਲਕੁਲ ਨਹੀਂ! ਜਦੋਂ ਕੋਈ ਤਾਨਾਸ਼ਾਹ ਹਾਕਮ ਆਪਣੇ ਲੋਕਾਂ ਨੂੰ ਸਤਾਉਂਦਾ, ਤਸੀਹੇ ਦਿੰਦਾ ਅਤੇ ਕਤਲ ਕਰਦਾ ਹੈ, ਤਾਂ ਕੀ ਇਸ ਦੇ ਲਈ ਸਾਨੂੰ ਪਰਮੇਸ਼ੁਰ ਤੇ ਦੋਸ਼ ਲਾਉਣਾ ਚਾਹੀਦਾ ਹੈ? ਇਸ ਤਰ੍ਹਾਂ ਸੋਚਣਾ ਸਮਝਦਾਰੀ ਨਹੀਂ, ਬਲਕਿ ਨਾਸਮਝੀ ਹੋਵੇਗੀ।—ਉਪਦੇਸ਼ਕ ਦੀ ਪੋਥੀ 8:9.

ਪਰ ਉਨ੍ਹਾਂ ਅਣਗਿਣਤ ਲੋਕਾਂ ਬਾਰੇ ਕੀ ਜੋ ਗ਼ਰੀਬੀ ਦੀ ਮਾਰ ਹੇਠ ਜੀ ਰਹੇ ਹਨ ਜਾਂ ਭੁੱਖੇ ਮਰ ਰਹੇ ਹਨ? ਕੀ ਇਸ ਪਿੱਛੇ ਪਰਮੇਸ਼ੁਰ ਦਾ ਹੱਥ ਹੈ? ਨਹੀਂ। ਸਾਡੀ ਧਰਤੀ ਸਾਰਿਆਂ ਲਈ ਬਹੁਤ ਸਾਰਾ ਅੰਨ ਪੈਦਾ ਕਰਦੀ ਹੈ। (ਜ਼ਬੂਰਾਂ ਦੀ ਪੋਥੀ 10:2, 3; 145:16) ਗ਼ਰੀਬਾਂ ਦੀ ਮਾੜੀ ਹਾਲਤ ਦੇ ਪਿੱਛੇ ਪਰਮੇਸ਼ੁਰ ਨਹੀਂ, ਪਰ ਉਹ ਸੁਆਰਥੀ ਲੋਕ ਹਨ ਜੋ ਧਰਤੀ ਦੀ ਉਪਜ ਨੂੰ ਸਾਰੇ ਲੋਕਾਂ ਵਿਚ ਬਰਾਬਰ ਵੰਡਣ ਦੀ ਬਜਾਇ ਆਪਣੇ ਫ਼ਾਇਦੇ ਬਾਰੇ ਸੋਚਦੇ ਹਨ। ਮਨੁੱਖਾਂ ਦੇ ਸੁਆਰਥ ਨੇ ਹੀ ਇਨ੍ਹਾਂ ਹਾਲਤਾਂ ਨੂੰ ਪੈਦਾ ਕੀਤਾ ਤੇ ਜਾਰੀ ਰੱਖਿਆ ਹੈ।

ਅਸਲੀ ਕਾਰਨ

ਪਰ ਜਦ ਕੋਈ ਬੁਢਾਪੇ ਜਾਂ ਕਿਸੇ ਬੀਮਾਰੀ ਕਰਕੇ ਮਰ ਜਾਂਦਾ ਹੈ, ਤਾਂ ਇਹ ਕਿਸ ਦਾ ਕਸੂਰ ਹੈ? ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਪਰਮੇਸ਼ੁਰ ਇਸ ਲਈ ਵੀ ਜ਼ਿੰਮੇਵਾਰ ਨਹੀਂ ਹੈ! ਪਰਮੇਸ਼ੁਰ ਨੇ ਇਨਸਾਨ ਨੂੰ ਬੁੱਢੇ ਹੋ ਕੇ ਮਰਨ ਲਈ ਨਹੀਂ ਬਣਾਇਆ ਸੀ।

ਯਹੋਵਾਹ ਨੇ ਪਹਿਲੇ ਇਨਸਾਨੀ ਜੋੜੇ ਆਦਮ ਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿਚ ਸਦਾ ਜੀਉਣ ਲਈ ਰੱਖਿਆ ਸੀ। ਉਹ ਚਾਹੁੰਦਾ ਸੀ ਕਿ ਧਰਤੀ ਅਜਿਹੇ ਵਿਅਕਤੀਆਂ ਨਾਲ ਭਰੇ ਜੋ ਆਪਣੇ ਜੀਵਨਦਾਤੇ ਅਤੇ ਉਸ ਦੀ ਦੇਣ ਦੀ ਕਦਰ ਕਰਨ। ਇਸ ਲਈ ਉਨ੍ਹਾਂ ਦਾ ਭਵਿੱਖ ਇਕ ਸ਼ਰਤ ਤੇ ਨਿਰਭਰ ਕਰਦਾ ਸੀ। ਆਦਮ ਤੇ ਹੱਵਾਹ ਨੇ ਫਿਰਦੌਸ ਵਿਚ ਸਿਰਫ਼ ਉੱਨਾ ਚਿਰ ਜੀਉਣਾ ਸੀ ਜਿੰਨਾ ਚਿਰ ਉਨ੍ਹਾਂ ਨੇ ਆਪਣੇ ਸਿਰਜਣਹਾਰ ਦੇ ਕਹਿਣੇ ਵਿਚ ਰਹਿਣਾ ਸੀ।—ਉਤਪਤ 2:17; 3:2, 3, 17-23.

ਅਫ਼ਸੋਸ ਦੀ ਗੱਲ ਹੈ ਕਿ ਆਦਮ ਤੇ ਹੱਵਾਹ ਪਰਮੇਸ਼ੁਰ ਦੇ ਕਹਿਣੇ ਵਿਚ ਨਹੀਂ ਰਹੇ। ਹੱਵਾਹ ਨੇ ਪਰਮੇਸ਼ੁਰ ਦੀ ਨਹੀਂ, ਸਗੋਂ ਸ਼ਤਾਨ ਦੀ ਗੱਲ ਸੁਣੀ। ਸ਼ਤਾਨ ਨੇ ਉਸ ਨੂੰ ਝੂਠ ਬੋਲ ਕੇ ਦੱਸਿਆ ਕਿ ਪਰਮੇਸ਼ੁਰ ਉਸ ਨੂੰ ਕਿਸੇ ਚੰਗੀ ਚੀਜ਼ ਤੋਂ ਵਾਂਝੀ ਰੱਖ ਰਿਹਾ ਸੀ। ਪਰਮੇਸ਼ੁਰ ਦੇ ਕਹਿਣੇ ਵਿਚ ਰਹਿਣ ਦੀ ਬਜਾਇ ਉਸ ਨੇ ‘ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੀ’ ਹੋਣ ਲਈ ਕਦਮ ਚੁੱਕਿਆ। ਆਦਮ ਵੀ ਉਸ ਨਾਲ ਰਲ ਕੇ ਪਰਮੇਸ਼ੁਰ ਦੇ ਵਿਰੁੱਧ ਹੋ ਗਿਆ।—ਉਤਪਤ 3:5, 6.

ਇਸ ਤਰ੍ਹਾਂ ਪਾਪ ਕਰਨ ਨਾਲ ਉਨ੍ਹਾਂ ਨੇ ਸਦਾ ਦੀ ਜ਼ਿੰਦਗੀ ਜੀਉਣ ਦੇ ਮੌਕੇ ਨੂੰ ਹੱਥੋਂ ਗੁਆ ਦਿੱਤਾ। ਉਨ੍ਹਾਂ ਨੇ ਪਾਪ ਦੇ ਬੁਰੇ ਨਤੀਜੇ ਭੁਗਤੇ। ਹੌਲੀ-ਹੌਲੀ ਉਨ੍ਹਾਂ ਦੀ ਸਿਹਤ ਵਿਗੜਦੀ ਗਈ ਤੇ ਅਖ਼ੀਰ ਉਹ ਬੁੱਢੇ ਹੋ ਕੇ ਮਰ ਗਏ। (ਉਤਪਤ 5:5) ਪਰ ਉਨ੍ਹਾਂ ਦੇ ਵਿਰੋਧ ਦੇ ਬੁਰੇ ਨਤੀਜੇ ਇੱਥੇ ਹੀ ਖ਼ਤਮ ਨਹੀਂ ਹੋਏ। ਅਸੀਂ ਅਜੇ ਵੀ ਆਦਮ ਤੇ ਹੱਵਾਹ ਦੇ ਪਾਪ ਦੇ ਨਤੀਜੇ ਭੁਗਤ ਰਹੇ ਹਾਂ। ਪੌਲੁਸ ਰਸੂਲ ਨੇ ਲਿਖਿਆ: “ਇੱਕ ਮਨੁੱਖ [ਆਦਮ] ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀਆਂ 5:12) ਜੀ ਹਾਂ, ਆਦਮ ਤੇ ਹੱਵਾਹ ਦੇ ਵਿਰੋਧ ਕਰਕੇ ਪਾਪ ਅਤੇ ਮੌਤ ਇਕ ਘਾਤਕ ਬੀਮਾਰੀ ਵਾਂਗ ਸਾਰੀ ਮਨੁੱਖਜਾਤੀ ਵਿਚ ਫੈਲਰ ਗਏ।

ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ

ਪਰ ਕੀ ਇਸ ਦਾ ਇਹ ਮਤਲਬ ਹੈ ਕਿ ਹੁਣ ਅਗਾਹਾਂ ਨੂੰ ਮਨੁੱਖਜਾਤੀ ਦੇ ਭਵਿੱਖ ਲਈ ਕੋਈ ਉਮੀਦ ਨਹੀਂ ਰਹੀ? ਨਹੀਂ, ਇਹ ਸੱਚ ਨਹੀਂ ਹੈ। ਪਰਮੇਸ਼ੁਰ ਨੇ ਪਾਪ ਅਤੇ ਮੌਤ ਤੋਂ ਸਾਨੂੰ ਬਚਾਉਣ ਲਈ ਬਹੁਤ ਵੱਡੀ ਕੀਮਤ ਅਦਾ ਕੀਤੀ। ਇਹ ਉਸ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਸੀ। ਉਸ ਨੇ ਆਪਣੇ ਪੁੱਤਰ ਯਿਸੂ ਨੂੰ ਸਾਡੇ ਲਈ ਭੇਜਿਆ ਜਿਸ ਨੇ ਆਪਣੀ ਇੱਛਾ ਨਾਲ ਆਪਣੀ ਸੰਪੂਰਣ ਜ਼ਿੰਦਗੀ ਕੁਰਬਾਨ ਕਰ ਦਿੱਤੀ। (ਰੋਮੀਆਂ 3:24) ਇਸ ਬਾਰੇ ਯੂਹੰਨਾ ਰਸੂਲ ਨੇ ਲਿਖਿਆ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਪਰਮੇਸ਼ੁਰ ਦੇ ਇਸ ਪਿਆਰ ਕਰਕੇ ਅਸੀਂ ਫਿਰ ਤੋਂ ਸਦਾ ਲਈ ਜੀਉਣ ਦੀ ਆਸ ਰੱਖ ਸਕਦੇ ਹਾਂ। ਪੌਲੁਸ ਨੇ ਰੋਮੀਆਂ ਨੂੰ ਲਿਖਿਆ: “ਜਿਵੇਂ ਇੱਕ ਅਪਰਾਧ ਦੇ ਕਾਰਨ ਸਭਨਾਂ ਮਨੁੱਖਾਂ ਉੱਤੇ ਦੋਸ਼ ਲੱਗਾ ਤਿਵੇਂ ਹੀ ਧਰਮ ਦੇ ਇੱਕ ਕੰਮ ਦੇ ਕਾਰਨ ਸਭਨਾਂ ਮਨੁੱਖਾਂ ਲਈ ਮਾਫ਼ੀ ਅਤੇ ਜੀਵਨ ਮਿਲਿਆ।”—ਰੋਮੀਆਂ 5:18.

ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਨੇ ਆਪਣੇ ਠਹਿਰਾਏ ਹੋਏ ਦਿਨ ਤੇ ਇਸ ਧਰਤੀ ਤੋਂ ਦੁੱਖ-ਤਕਲੀਫ਼ ਅਤੇ ਮੌਤ ਨੂੰ ਖ਼ਤਮ ਕਰ ਦੇਣਾ ਹੈ। ਉਸ ਸਮੇਂ ਬਾਰੇ ਪਰਕਾਸ਼ ਦੀ ਪੋਥੀ ਵਿਚ ਲਿਖਿਆ ਹੈ: “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:3, 4) ਸ਼ਾਇਦ ਤੁਸੀਂ ਸੋਚੋ ਕਿ ‘ਇਹ ਦਿਨ ਕਦ ਆਊ ਮੈਨੂੰ ਨਹੀਂ ਪਤਾ, ਪਰ ਇਹ ਮੇਰੇ ਜੀਉਂਦੇ ਜੀ ਨਹੀਂ ਆਉਣ ਵਾਲਾ।’ ਪਰ ਸੱਚਾਈ ਇਹ ਹੈ ਕਿ ਇਹ ਦਿਨ ਤੁਹਾਡੇ ਜ਼ਮਾਨੇ ਵਿਚ ਆ ਵੀ ਸਕਦਾ ਹੈ ਅਤੇ ਜੇ ਤੁਸੀਂ ਮੌਤ ਦੀ ਨੀਂਦ ਸੌਂ ਵੀ ਗਏ, ਤਾਂ ਵੀ ਪਰਮੇਸ਼ੁਰ ਤੁਹਾਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ। (ਯੂਹੰਨਾ 5:28, 29) ਇਹ ਹੈ ਸਾਡੇ ਲਈ ਪਰਮੇਸ਼ੁਰ ਦਾ ਇਰਾਦਾ ਜਿਸ ਨੂੰ ਕੋਈ ਨਹੀਂ ਬਦਲ ਸਕਦਾ। ਤਾਂ ਫਿਰ, ਇਹ ਗੱਲ ਕਹਿਣੀ ਕਿੰਨੀ ਗ਼ਲਤ ਹੈ ਕਿ ਪਰਮੇਸ਼ੁਰ ਮਨੁੱਖਜਾਤੀ ਦੀ ਪਰਵਾਹ ਨਹੀਂ ਕਰਦਾ!

“ਪਰਮੇਸ਼ੁਰ ਦੇ ਨੇੜੇ ਜਾਓ”

ਇਹ ਜਾਣ ਕੇ ਸਾਨੂੰ ਦਿਲਾਸਾ ਮਿਲਦਾ ਹੈ ਕਿ ਪਰਮੇਸ਼ੁਰ ਨੇ ਭਵਿੱਖ ਵਿਚ ਦੁੱਖ-ਤਕਲੀਫ਼ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਣਾ ਹੈ। ਪਰ ਸਾਡੇ ਦਿਨਾਂ ਬਾਰੇ ਕੀ? ਜਦੋਂ ਸਾਡਾ ਕੋਈ ਨਿਆਣਾ ਬੀਮਾਰ ਹੋ ਜਾਂਦਾ ਹੈ ਜਾਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ, ਤਾਂ ਉਦੋਂ ਅਸੀਂ ਕੀ ਕਰ ਸਕਦੇ ਹਾਂ? ਪਰਮੇਸ਼ੁਰ ਦਾ ਬੀਮਾਰੀ ਤੇ ਮੌਤ ਨੂੰ ਖ਼ਤਮ ਕਰਨ ਦਾ ਸਮਾਂ ਅਜੇ ਆਇਆ ਨਹੀਂ ਹੈ। ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨ ਦੀ ਲੋੜ ਹੈ। ਫਿਰ ਵੀ ਪਰਮੇਸ਼ੁਰ ਨੇ ਸਾਨੂੰ ਬੇਸਹਾਰਾ ਨਹੀਂ ਛੱਡਿਆ। ਯਿਸੂ ਦੇ ਚੇਲੇ ਯਾਕੂਬ ਨੇ ਕਿਹਾ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਜੀ ਹਾਂ, ਸਾਡਾ ਸਿਰਜਣਹਾਰ ਸਾਨੂੰ ਉਸ ਨਾਲ ਇਕ ਨਿੱਜੀ ਰਿਸ਼ਤਾ ਕਾਇਮ ਕਰਨ ਲਈ ਕਹਿੰਦਾ ਹੈ। ਜੋ ਉਸ ਦੇ ਨੇੜੇ ਜਾਂਦੇ ਹਨ ਉਨ੍ਹਾਂ ਨੂੰ ਦੁੱਖਾਂ ਦੌਰਾਨ ਉਸ ਦਾ ਸਹਾਰਾ ਮਿਲਦਾ ਹੈ।

ਪਰ ਅਸੀਂ ਪਰਮੇਸ਼ੁਰ ਦੇ ਨੇੜੇ ਕਿਸ ਤਰ੍ਹਾਂ ਜਾ ਸਕਦੇ ਹਾਂ? ਤਿੰਨ ਹਜ਼ਾਰ ਸਾਲ ਪਹਿਲਾਂ ਰਾਜਾ ਦਾਊਦ ਨੇ ਵੀ ਇਹ ਸਵਾਲ ਪੁੱਛਿਆ: ‘ਹੇ ਯਹੋਵਾਹ, ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵੱਸੇਗਾ?’ (ਜ਼ਬੂਰਾਂ ਦੀ ਪੋਥੀ 15:1) ਉਸ ਨੇ ਖ਼ੁਦ ਆਪਣੇ ਸਵਾਲ ਦਾ ਜਵਾਬ ਦਿੰਦੇ ਹੋਏ ਅੱਗੇ ਕਿਹਾ: “ਉਹੋ ਜਿਹੜਾ ਸਿੱਧੀ ਚਾਲ ਚੱਲਦਾ, ਨੇਕੀ ਕਰਦਾ, ਅਤੇ ਮਨੋਂ ਸੱਚ ਬੋਲਦਾ ਹੈ, ਉਹ ਜਿਹੜਾ ਆਪਣੀ ਜੀਭ ਨਾਲ ਚੁਗਲੀ ਨਹੀਂ ਕਰਦਾ, ਨਾ ਆਪਣੇ ਸਾਥੀ ਦਾ ਬੁਰਾ ਕਰਦਾ।” (ਜ਼ਬੂਰਾਂ ਦੀ ਪੋਥੀ 15:2, 3) ਇਸੇ ਗੱਲ ਨੂੰ ਅਸੀਂ ਹੋਰ ਲਫ਼ਜ਼ਾਂ ਵਿਚ ਕਹਿ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਨੂੰ ਕਬੂਲ ਕਰਦਾ ਹੈ ਜੋ ਆਦਮ ਤੇ ਹੱਵਾਹ ਦੇ ਰਾਹ ਤੇ ਨਹੀਂ ਚੱਲਦੇ। ਪਰ ਉਹ ਉਨ੍ਹਾਂ ਦੇ ਨੇੜੇ ਜਾਂਦਾ ਹੈ ਜੋ ਉਸ ਦੀ ਇੱਛਾ ਪੂਰੀ ਕਰਦੇ ਹਨ।—ਬਿਵਸਥਾ ਸਾਰ 6:24, 25; 1 ਯੂਹੰਨਾ 5:3.

ਅਸੀਂ ਉਸ ਦੀ ਇੱਛਾ ਕਿੱਦਾਂ ਪੂਰੀ ਕਰ ਸਕਦੇ ਹਾਂ? ਸਾਨੂੰ ਉਹ ਸਿੱਖਣਾ ਚਾਹੀਦਾ ਹੈ ਜੋ ‘ਸਾਡੇ ਮੁਕਤੀ ਦਾਤੇ ਪਰਮੇਸ਼ੁਰ ਦੇ ਹਜ਼ੂਰ ਭਲਾ ਅਤੇ ਪਰਵਾਨ ਹੈ’ ਅਤੇ ਫਿਰ ਸਾਨੂੰ ਉਸ ਦੇ ਮੁਤਾਬਕ ਚੱਲਣਾ ਪਵੇਗਾ। (1 ਤਿਮੋਥਿਉਸ 2:3) ਇਸ ਤਰ੍ਹਾਂ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਬਾਈਬਲ ਤੋਂ ਸਹੀ ਗਿਆਨ ਹਾਸਲ ਕਰਨ ਦੀ ਲੋੜ ਹੈ। (ਯੂਹੰਨਾ 17:3; 2 ਤਿਮੋਥਿਉਸ 3:16, 17) ਇਹ ਗਿਆਨ ਬਾਈਬਲ ਨੂੰ ਕਦੇ ਕਦਾਈਂ ਪੜ੍ਹ ਕੇ ਨਹੀਂ ਮਿਲਦਾ। ਸਾਨੂੰ ਪਹਿਲੀ ਸਦੀ ਦੇ ਉਨ੍ਹਾਂ ਯਹੂਦੀਆਂ ਦੀ ਨਕਲ ਕਰਨ ਦੀ ਲੋੜ ਹੈ ਜੋ ਬਰਿਯਾ ਵਿਚ ਰਹਿੰਦੇ ਸਨ। ਉਨ੍ਹਾਂ ਨੇ ਪੌਲੁਸ ਨੂੰ ਪ੍ਰਚਾਰ ਕਰਦੇ ਸੁਣਿਆ ਸੀ। ਉਨ੍ਹਾਂ ਬਾਰੇ ਅਸੀਂ ਪੜ੍ਹਦੇ ਹਾਂ: “ਏਹਨਾਂ ਨੇ ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।”—ਰਸੂਲਾਂ ਦੇ ਕਰਤੱਬ 17:11.

ਇਸੇ ਤਰ੍ਹਾਂ ਅੱਜ ਵੀ ਜੇ ਅਸੀਂ ਧਿਆਨ ਨਾਲ ਬਾਈਬਲ ਦਾ ਅਧਿਐਨ ਕਰੀਏ, ਤਾਂ ਪਰਮੇਸ਼ੁਰ ਵਿਚ ਸਾਡੀ ਨਿਹਚਾ ਵਧੇਗੀ ਅਤੇ ਅਸੀਂ ਉਸ ਨਾਲ ਇਕ ਮਜ਼ਬੂਤ ਤੇ ਨਜ਼ਦੀਕੀ ਰਿਸ਼ਤਾ ਕਾਇਮ ਕਰ ਸਕਾਂਗੇ। (ਇਬਰਾਨੀਆਂ 11:6) ਬਾਈਬਲ ਦੇ ਅਧਿਐਨ ਰਾਹੀਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਪਰਮੇਸ਼ੁਰ ਹੁਣ ਤੇ ਭਵਿੱਖ ਵਿਚ ਉਨ੍ਹਾਂ ਦੇ ਫ਼ਾਇਦੇ ਲਈ ਕੀ ਕਰੇਗਾ ਜੋ ਉਸ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹਨ।

ਹੁਣ ਉਨ੍ਹਾਂ ਕੁਝ ਮਸੀਹੀਆਂ ਦੀਆਂ ਟਿੱਪਣੀਆਂ ਵੱਲ ਧਿਆਨ ਦਿਓ ਜਿਨ੍ਹਾਂ ਦਾ ਪਰਮੇਸ਼ੁਰ ਨਾਲ ਨਜ਼ਦੀਕੀ ਰਿਸ਼ਤਾ ਹੈ। ਸੋਲਾਂ ਸਾਲਾਂ ਦੀ ਡੈਨਯਲਾ ਕਹਿੰਦੀ ਹੈ: “ਮੈਂ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਉਸ ਨੂੰ ਧੰਨਵਾਦ ਕਰਨ ਲਈ ਮੇਰੇ ਕੋਲ ਬਹੁਤ ਸਾਰੇ ਕਾਰਨ ਹਨ। ਉਸ ਨੇ ਮੈਨੂੰ ਅਜਿਹੇ ਮੰਮੀ-ਡੈਡੀ ਦਿੱਤੇ ਹਨ ਜੋ ਮੇਰੇ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੇ ਮੈਨੂੰ ਬਾਈਬਲ ਦੇ ਅਨੁਸਾਰ ਚੱਲਣਾ ਸਿਖਾਇਆ ਹੈ।” ਉਰੂਗਵਾਏ ਦੇ ਇਕ ਮਸੀਹੀ ਭਰਾ ਨੇ ਲਿਖਿਆ: “ਮੇਰਾ ਦਿਲ ਕਦਰਦਾਨੀ ਨਾਲ ਭਰ ਜਾਂਦਾ ਹੈ ਜਦ ਮੈਂ ਯਹੋਵਾਹ ਦੀ ਕਿਰਪਾ ਬਾਰੇ ਸੋਚਦਾ ਹਾਂ। ਮੈਂ ਉਸ ਦੀ ਇਸ ਕਿਰਪਾ ਅਤੇ ਦੋਸਤੀ ਲਈ ਉਸ ਦਾ ਸ਼ੁਕਰੀਆ ਅਦਾ ਕਰਦਾ ਹਾਂ।” ਪਰਮੇਸ਼ੁਰ ਚਾਹੁੰਦਾ ਹੈ ਕਿ ਬੱਚੇ ਵੀ ਉਸ ਨਾਲ ਦੋਸਤੀ ਕਰਨ। ਸੱਤ-ਸਾਲਾ ਗਾਬਰੀਏਲਾ ਕਹਿੰਦੀ ਹੈ: “ਮੈਂ ਦੁਨੀਆਂ ਦੀ ਕਿਸੇ ਵੀ ਚੀਜ਼ ਤੋਂ ਜ਼ਿਆਦਾ ਪਰਮੇਸ਼ੁਰ ਨੂੰ ਪਿਆਰ ਕਰਦੀ ਹਾਂ! ਮੇਰੇ ਕੋਲ ਮੇਰੀ ਆਪਣੀ ਬਾਈਬਲ ਹੈ ਅਤੇ ਮੈਂ ਪਰਮੇਸ਼ੁਰ ਤੇ ਯਿਸੂ ਬਾਰੇ ਸਿੱਖਣਾ ਬਹੁਤ ਪਸੰਦ ਕਰਦੀ ਹਾਂ।”

ਅੱਜ ਦੁਨੀਆਂ ਭਰ ਵਿਚ ਲੱਖਾਂ ਲੋਕ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਨ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ।” (ਜ਼ਬੂਰਾਂ ਦੀ ਪੋਥੀ 73:28) ਪਰਮੇਸ਼ੁਰ ਨਾਲ ਦੋਸਤੀ ਕਰਕੇ ਲੋਕਾਂ ਨੇ ਅੱਜ ਆਪਣੇ ਦੁੱਖਾਂ ਨੂੰ ਸਹਿਣਾ ਸਿੱਖਿਆ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਦਾ ਲਈ ਫਿਰਦੌਸ ਵਿਚ ਰਹਿਣ ਦੀ ਪੱਕੀ ਉਮੀਦ ਵੀ ਮਿਲੀ ਹੈ। (1 ਤਿਮੋਥਿਉਸ 4:8) ਤਾਂ ਫਿਰ ਕਿਉਂ ਨਾ ਤੁਸੀਂ ਵੀ “ਪਰਮੇਸ਼ੁਰ ਦੇ ਨੇੜੇ” ਹੋਣ ਦਾ ਜਤਨ ਕਰੋ? ਅਸਲ ਵਿਚ ਸਾਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ‘ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ ਹੈ।’ (ਰਸੂਲਾਂ ਦੇ ਕਰਤੱਬ 17:27) ਜੀ ਹਾਂ, ਰੱਬ ਨੂੰ ਸੱਚ-ਮੁੱਚ ਤੁਹਾਡੀ ਪਰਵਾਹ ਹੈ!

[ਸਫ਼ੇ 5 ਉੱਤੇ ਤਸਵੀਰ]

ਯਹੋਵਾਹ ਕਈ ਤਰੀਕਿਆਂ ਨਾਲ ਸਾਡੇ ਲਈ ਆਪਣਾ ਪਿਆਰ ਜ਼ਾਹਰ ਕਰਦਾ ਹੈ

[ਸਫ਼ੇ 7 ਉੱਤੇ ਤਸਵੀਰ]

ਬੱਚੇ ਵੀ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹਨ

[ਸਫ਼ੇ 7 ਉੱਤੇ ਤਸਵੀਰ]

ਯਹੋਵਾਹ ਨਾਲ ਦੋਸਤੀ ਕਰਕੇ ਲੋਕਾਂ ਨੇ ਅੱਜ ਆਪਣੇ ਦੁੱਖਾਂ ਨੂੰ ਸਹਿਣਾ ਸਿੱਖਿਆ ਹੈ। ਸਮਾਂ ਆਉਣ ਤੇ ਉਹ ਬੀਮਾਰੀ ਤੇ ਮੌਤ ਨੂੰ ਖ਼ਤਮ ਕਰ ਦੇਵੇਗਾ