Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

2 ਕੁਰਿੰਥੀਆਂ 6:14 ਵਿਚ ਉਹ ‘ਬੇਪਰਤੀਤੇ’ ਕੌਣ ਹਨ ਜਿਨ੍ਹਾਂ ਦਾ ਪੌਲੁਸ ਨੇ ਜ਼ਿਕਰ ਕੀਤਾ ਸੀ?

ਦੂਜਾ ਕੁਰਿੰਥੀਆਂ 6:14 ਵਿਚ ਅਸੀਂ ਪੜ੍ਹਦੇ ਹਾਂ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ।” ਜੇ ਅਸੀਂ ਇਸ ਹਵਾਲੇ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਪੜ੍ਹੀਏ, ਤਾਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਪੌਲੁਸ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਹੈ ਜੋ ਮਸੀਹੀ ਕਲੀਸਿਯਾ ਦੇ ਮੈਂਬਰ ਨਹੀਂ ਹਨ। ਇਹ ਸਮਝ ਬਾਈਬਲ ਦੀਆਂ ਹੋਰ ਆਇਤਾਂ ਨਾਲ ਮੇਲ ਖਾਂਦੀ ਹੈ ਜਿਨ੍ਹਾਂ ਵਿਚ ਪੌਲੁਸ ਨੇ “ਬੇਪਰਤੀਤਿਆਂ” ਜਾਂ “ਨਿਹਚਾਹੀਣਾਂ” ਸ਼ਬਦ ਇਸਤੇਮਾਲ ਕੀਤੇ ਸਨ।

ਮਿਸਾਲ ਲਈ, ਪੌਲੁਸ ਨੇ ਮਸੀਹੀਆਂ ਨੂੰ ਤਾੜਨਾ ਦਿੱਤੀ ਕਿਉਂਕਿ ਉਹ ਅਦਾਲਤ ਵਿਚ “ਬੇਪਰਤੀਤਿਆਂ ਦੇ ਅੱਗੇ” ਆਪਣਾ ਮੁਕੱਦਮਾ ਪੇਸ਼ ਕਰ ਰਹੇ ਸਨ। (1 ਕੁਰਿੰਥੀਆਂ 6:6) ਇੱਥੇ ਬੇਪਰਤੀਤੇ ਉਹ ਜੱਜ ਸਨ ਜੋ ਕੁਰਿੰਥੁਸ ਦੀ ਅਦਾਲਤ ਵਿਚ ਨਿਆਂ ਕਰਦੇ ਸਨ। ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖੀ ਆਪਣੀ ਦੂਜੀ ਪੱਤਰੀ ਵਿਚ ਪੌਲੁਸ ਨੇ ਕਿਹਾ ਕਿ ਸ਼ਤਾਨ ਨੇ “ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ” ਹਨ। ਇਨ੍ਹਾਂ ਲੋਕਾਂ ਦੀਆਂ ਅੱਖਾਂ ਉੱਤੇ “ਪੜਦਾ” ਪਿਆ ਹੋਇਆ ਹੈ। ਇਹ ਅਵਿਸ਼ਵਾਸੀ ਲੋਕ ਯਹੋਵਾਹ ਦੀ ਸੇਵਾ ਕਰਨ ਲਈ ਕੋਈ ਕਦਮ ਨਹੀਂ ਚੁੱਕਦੇ ਹਨ ਕਿਉਂਕਿ ਪੌਲੁਸ ਦੇ ਸ਼ਬਦਾਂ ਅਨੁਸਾਰ, ਜੇ “ਕੋਈ ਪ੍ਰਭੁ ਦੀ ਵੱਲ ਫਿਰੇਗਾ ਤਾਂ ਉਹ ਪੜਦਾ ਚੁਫੇਰਿਓਂ ਚੁੱਕ ਲਿਆ ਜਾਵੇਗਾ।”—2 ਕੁਰਿੰਥੀਆਂ 3:16; 4:4.

ਕੁਝ ਬੇਪਰਤੀਤੇ ਲੋਕ ਗ਼ੈਰ-ਕਾਨੂੰਨੀ ਕੰਮ ਜਾਂ ਮੂਰਤੀ-ਪੂਜਾ ਕਰਦੇ ਹਨ। (2 ਕੁਰਿੰਥੀਆਂ 6:15, 16) ਪਰ ਸਾਰੇ ਬੇਪਰਤੀਤੇ ਲੋਕ ਯਹੋਵਾਹ ਦੇ ਸੇਵਕਾਂ ਦਾ ਵਿਰੋਧ ਨਹੀਂ ਕਰਦੇ। ਕਈ ਬਾਈਬਲ ਦੀਆਂ ਸੱਚਾਈਆਂ ਬਾਰੇ ਸਿੱਖਣਾ ਪਸੰਦ ਕਰਦੇ ਹਨ। ਦੂਸਰੇ ਲੋਕ ਮਸੀਹੀਆਂ ਨਾਲ ਵਿਆਹੇ ਹੋਏ ਹਨ ਅਤੇ ਬਹੁਤ ਖ਼ੁਸ਼ ਹਨ। (1 ਕੁਰਿੰਥੀਆਂ 7:12-14; 10:27; 14:22-25; 1 ਪਤਰਸ 3:1, 2) ਸੋ ਅਸੀਂ ਦੇਖ ਸਕਦੇ ਹਾਂ ਕਿ ਪੌਲੁਸ ‘ਬੇਪਰਤੀਤੇ’ ਸ਼ਬਦ ਹਮੇਸ਼ਾ ਉਨ੍ਹਾਂ ਲੋਕਾਂ ਲਈ ਵਰਤਦਾ ਹੈ ਜੋ ਮਸੀਹੀ ਕਲੀਸਿਯਾ ਦੇ ਮੈਂਬਰ ਨਹੀਂ ਹਨ ਕਿਉਂਕਿ ਕਲੀਸਿਯਾ ਦੇ ਸਾਰੇ ਮੈਂਬਰ “ਨਿਹਚਾਵਾਨ” ਹਨ।—ਰਸੂਲਾਂ ਦੇ ਕਰਤੱਬ 2:41; 5:14; 8:12, 13.

ਦੂਜਾ ਕੁਰਿੰਥੀਆਂ 6:14 ਵਿਚ ਦਿੱਤੇ ਗਏ ਵਧੀਆ ਸਿਧਾਂਤ ਨੂੰ ਮਸੀਹੀ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਲਾਗੂ ਕਰ ਸਕਦੇ ਹਨ। ਇਹ ਖ਼ਾਸ ਕਰਕੇ ਜੀਵਨ ਸਾਥੀ ਦੀ ਤਲਾਸ਼ ਕਰ ਰਹੇ ਮਸੀਹੀਆਂ ਲਈ ਵਧੀਆ ਸਲਾਹ ਹੈ। (ਮੱਤੀ 19:4-6) ਜਿਸ ਮਸੀਹੀ ਨੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲਿਆ ਹੈ, ਉਹ ਅਵਿਸ਼ਵਾਸੀਆਂ ਵਿੱਚੋਂ ਜੀਵਨ ਸਾਥੀ ਲੱਭਣ ਦੀ ਗ਼ਲਤੀ ਨਹੀਂ ਕਰੇਗਾ ਕਿਉਂਕਿ ਅਵਿਸ਼ਵਾਸੀਆਂ ਦੇ ਅਸੂਲ, ਟੀਚੇ ਅਤੇ ਵਿਸ਼ਵਾਸ ਉਸ ਤੋਂ ਬਿਲਕੁਲ ਵੱਖਰੇ ਹੁੰਦੇ ਹਨ।

ਪਰ ਉਨ੍ਹਾਂ ਲੋਕਾਂ ਬਾਰੇ ਕੀ ਜੋ ਬਾਈਬਲ ਸਟੱਡੀ ਕਰ ਰਹੇ ਹਨ ਅਤੇ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨਾਲ ਸੰਗਤ ਕਰਦੇ ਹਨ? ਉਨ੍ਹਾਂ ਬਾਰੇ ਕੀ ਜਿਨ੍ਹਾਂ ਨੇ ਅਜੇ ਬਪਤਿਸਮਾ ਨਹੀਂ ਲਿਆ, ਪਰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਰਹੇ ਹਨ? ਕੀ ਇਹ ਲੋਕ ਬੇਪਰਤੀਤੇ ਹਨ? ਨਹੀਂ। ਜਿਨ੍ਹਾਂ ਲੋਕਾਂ ਨੇ ਖ਼ੁਸ਼ ਖ਼ਬਰੀ ਸੁਣੀ ਤੇ ਸਵੀਕਾਰ ਕੀਤੀ ਹੈ ਅਤੇ ਬਪਤਿਸਮਾ ਲੈਣ ਵੱਲ ਕਦਮ ਚੁੱਕ ਰਹੇ ਹਨ, ਉਨ੍ਹਾਂ ਨੂੰ ਅਵਿਸ਼ਵਾਸੀ ਕਹਿਣਾ ਗ਼ਲਤ ਹੋਵੇਗਾ। (ਰੋਮੀਆਂ 10:10; 2 ਕੁਰਿੰਥੀਆਂ 4:13) ਬਪਤਿਸਮਾ ਲੈਣ ਤੋਂ ਪਹਿਲਾਂ ਕੁਰਨੇਲਿਯੁਸ ਨੂੰ ਬਾਈਬਲ ਵਿਚ ‘ਧਰਮੀ ਅਤੇ ਪਰਮੇਸ਼ੁਰ ਦਾ ਭੌ ਕਰਨ ਵਾਲਾ’ ਕਿਹਾ ਗਿਆ ਹੈ।—ਰਸੂਲਾਂ ਦੇ ਕਰਤੱਬ 10:2.

ਜੇ 2 ਕੁਰਿੰਥੀਆਂ 6:14 ਵਿਚ ਪੌਲੁਸ ਦੇ ਸ਼ਬਦ ਉਨ੍ਹਾਂ ਪ੍ਰਕਾਸ਼ਕਾਂ ਉੱਤੇ ਲਾਗੂ ਨਹੀਂ ਹੁੰਦੇ ਜਿਨ੍ਹਾਂ ਨੇ ਅਜੇ ਬਪਤਿਸਮਾ ਨਹੀਂ ਲਿਆ ਹੈ, ਤਾਂ ਫਿਰ ਕੀ ਇਕ ਸਮਰਪਿਤ ਮਸੀਹੀ ਲਈ ਅਜਿਹੇ ਪ੍ਰਕਾਸ਼ਕ ਨਾਲ ਵਿਆਹ ਕਰਾਉਣ ਬਾਰੇ ਸੋਚਣਾ ਠੀਕ ਹੋਵੇਗਾ? ਨਹੀਂ, ਇਹ ਬੁੱਧੀਮਤਾ ਦੀ ਗੱਲ ਨਹੀਂ ਹੋਵੇਗੀ। ਕਿਉਂ ਨਹੀਂ? ਕਿਉਂਕਿ ਪੌਲੁਸ ਨੇ ਮਸੀਹੀ ਵਿਧਵਾਵਾਂ ਨੂੰ ਸਾਫ਼-ਸਾਫ਼ ਕਿਹਾ ਸੀ ਕਿ ਇਕ ਵਿਧਵਾ ‘ਜਿਹ ਦੇ ਨਾਲ ਚਾਹੇ ਵਿਆਹੀ ਜਾਵੇ ਪਰ ਕੇਵਲ ਪ੍ਰਭੁ ਵਿੱਚ।’ (1 ਕੁਰਿੰਥੀਆਂ 7:39) ਤਾਂ ਫਿਰ ਇਸ ਸਲਾਹ ਅਨੁਸਾਰ ਸਮਰਪਿਤ ਮਸੀਹੀਆਂ ਨੂੰ ਸਿਰਫ਼ ਉਨ੍ਹਾਂ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਜੋ “ਪ੍ਰਭੁ ਵਿਚ” ਹਨ।

“ਪ੍ਰਭੁ ਵਿਚ” ਅਤੇ “ਮਸੀਹ ਵਿੱਚ” ਹੋਣ ਦਾ ਕੀ ਮਤਲਬ ਹੈ? ਰੋਮੀਆਂ 16:8-10 ਅਤੇ ਕੁਲੁੱਸੀਆਂ 4:7 ਵਿਚ ਪੌਲੁਸ ਨੇ ਉਨ੍ਹਾਂ ਬਾਰੇ ਗੱਲ ਕੀਤੀ ਜੋ “ਪ੍ਰਭੁ ਵਿੱਚ” ਅਤੇ “ਮਸੀਹ ਵਿੱਚ” ਸਨ। ਜੇ ਤੁਸੀਂ ਇਨ੍ਹਾਂ ਆਇਤਾਂ ਨੂੰ ਪੜ੍ਹੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਉਹ ਹਨ ਜੋ ‘ਸਾਡੇ ਨਾਲ ਦੇ ਕੰਮ ਕਰਨ ਵਾਲੇ ਹਨ,’ ਜੋ “ਪਰਵਾਨ” ਹਨ, ਜੋ ‘ਪਿਆਰੇ ਭਾਈ’ ਹਨ, ਜੋ “ਮਾਤਬਰ ਸੇਵਕ” ਹਨ ਅਤੇ ਜੋ ‘ਸਾਡੇ ਨਾਲ ਦੇ ਦਾਸ’ ਹਨ।

ਇਕ ਵਿਅਕਤੀ ‘ਪ੍ਰਭੁ ਵਿੱਚ ਦਾਸ’ ਕਦੋਂ ਬਣਦਾ ਹੈ? ਸਿਰਫ਼ ਉਦੋਂ ਜਦੋਂ ਉਹ ਆਪਣੀ ਖ਼ੁਸ਼ੀ ਨਾਲ ਆਪਣਾ ਇਨਕਾਰ ਕਰ ਕੇ ਦਾਸ ਦਾ ਕੰਮ ਕਰਦਾ ਹੈ। ਯਿਸੂ ਨੇ ਸਮਝਾਇਆ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।” (ਮੱਤੀ 16:24) ਇਕ ਵਿਅਕਤੀ ਮਸੀਹ ਦੇ ਪਿੱਛੇ ਚੱਲਣਾ ਅਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਉਦੋਂ ਸ਼ੁਰੂ ਕਰਦਾ ਹੈ ਜਦੋਂ ਉਹ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸੌਂਪ ਦਿੰਦਾ ਹੈ। ਇਸ ਤੋਂ ਬਾਅਦ ਉਹ ਬਪਤਿਸਮਾ ਲੈ ਕੇ ਪਰਮੇਸ਼ੁਰ ਦਾ ਨਿਯੁਕਤ ਸੇਵਕ ਬਣ ਜਾਂਦਾ ਹੈ ਅਤੇ ਯਹੋਵਾਹ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਦਾ ਹੈ। * ਤਾਂ ਫਿਰ, ‘ਪ੍ਰਭੁ ਵਿੱਚ ਵਿਆਹੇ ਜਾਣ’ ਦਾ ਮਤਲਬ ਹੈ ਉਸ ਵਿਅਕਤੀ ਨਾਲ ਵਿਆਹ ਕਰਨਾ ਜਿਸ ਨੇ ਬਪਤਿਸਮਾ ਲੈ ਕੇ ਸਾਬਤ ਕੀਤਾ ਹੈ ਕਿ ਉਹ ਸੱਚ-ਮੁੱਚ ਵਿਸ਼ਵਾਸੀ ਹੈ ਅਤੇ “ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦਾ ਦਾਸ” ਹੈ।—ਯਾਕੂਬ 1:1.

ਜਿਹੜਾ ਵਿਅਕਤੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਿਹਾ ਹੈ ਅਤੇ ਸੱਚਾਈ ਵਿਚ ਅੱਗੇ ਵੱਧ ਰਿਹਾ ਹੈ, ਉਹ ਬਹੁਤ ਚੰਗਾ ਕਰ ਰਿਹਾ ਹੈ। ਪਰ ਉਸ ਨੇ ਅਜੇ ਤਕ ਆਪਣਾ ਤਿਆਗ ਨਹੀਂ ਕੀਤਾ ਹੈ ਅਤੇ ਯਹੋਵਾਹ ਦੀ ਸੇਵਾ ਕਰਨ ਲਈ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਨਹੀਂ ਕੀਤੀ ਹੈ। ਉਹ ਹਾਲੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰ ਰਿਹਾ ਹੈ। ਉਸ ਨੂੰ ਪਹਿਲਾਂ ਆਪਣੀ ਜ਼ਿੰਦਗੀ ਵਿਚ ਜ਼ਰੂਰੀ ਤਬਦੀਲੀਆਂ ਕਰ ਲੈਣੀਆਂ ਚਾਹੀਦੀਆਂ ਹਨ ਤਾਂਕਿ ਉਹ ਬਪਤਿਸਮਾ ਲੈ ਕੇ ਮਸੀਹੀ ਬਣ ਸਕੇ। ਫਿਰ ਉਹ ਆਪਣੀ ਜ਼ਿੰਦਗੀ ਵਿਚ ਇਕ ਹੋਰ ਵੱਡੀ ਤਬਦੀਲੀ ਲਿਆਉਣ ਬਾਰੇ ਸੋਚ ਸਕਦਾ ਹੈ, ਜਿਵੇਂ ਕਿ ਵਿਆਹ।

ਇਕ ਮਸੀਹੀ ਸ਼ਾਇਦ ਬਾਈਬਲ ਸਟੱਡੀ ਵਿਚ ਚੰਗੀ ਤਰੱਕੀ ਕਰ ਰਹੇ ਵਿਅਕਤੀ ਵਿਚ ਰੁਮਾਂਟਿਕ ਦਿਲਚਸਪੀ ਲੈਣ ਲੱਗ ਪਵੇ, ਇਹ ਸੋਚ ਕੇ ਕਿ ਉਹ ਉਸ ਦੇ ਬਪਤਿਸਮੇ ਤੋਂ ਬਾਅਦ ਹੀ ਉਸ ਨਾਲ ਵਿਆਹ ਕਰਾਵੇਗਾ। ਕੀ ਇੱਦਾਂ ਕਰਨਾ ਸਹੀ ਹੋਵੇਗਾ? ਨਹੀਂ, ਕਿਉਂਕਿ ਜੇ ਸਟੱਡੀ ਕਰ ਰਿਹਾ ਵਿਅਕਤੀ ਜਾਣਦਾ ਹੈ ਕਿ ਉਹ ਮਸੀਹੀ ਉਸ ਨਾਲ ਉਦੋਂ ਤਕ ਵਿਆਹ ਨਹੀਂ ਕਰੇਗਾ ਜਦੋਂ ਤਕ ਉਸ ਦਾ ਬਪਤਿਸਮਾ ਨਹੀਂ ਹੋ ਜਾਂਦਾ, ਤਾਂ ਉਹ ਸ਼ਾਇਦ ਵਿਆਹ ਕਰਾਉਣ ਦੇ ਇਰਾਦੇ ਨਾਲ ਬਪਤਿਸਮਾ ਲੈ ਲਵੇ।

ਆਮ ਤੌਰ ਤੇ ਇਕ ਵਿਅਕਤੀ ਦੇ ਪ੍ਰਕਾਸ਼ਕ ਬਣਨ ਤੋਂ ਥੋੜ੍ਹੇ ਸਮੇਂ ਬਾਅਦ ਹੀ ਉਹ ਬਪਤਿਸਮਾ ਲੈ ਲੈਂਦਾ ਹੈ। ਇਸ ਲਈ ਕੇਵਲ ਪ੍ਰਭੂ ਵਿਚ ਵਿਆਹ ਕਰਨ ਦੀ ਸਲਾਹ ਉੱਤੇ ਅਮਲ ਕਰਨਾ ਮੁਸ਼ਕਲ ਨਹੀਂ ਹੈ। ਪਰ ਉਦੋਂ ਕੀ ਜੇ ਇਕ ਵਿਅਕਤੀ ਦਾ ਪਾਲਣ-ਪੋਸਣ ਮਸੀਹੀ ਪਰਿਵਾਰ ਵਿਚ ਹੋਇਆ ਹੈ, ਉਹ ਕਈ ਸਾਲਾਂ ਤੋਂ ਕਲੀਸਿਯਾ ਦੀਆਂ ਸਭਾਵਾਂ ਵਿਚ ਆ ਰਿਹਾ ਹੈ, ਉਹ ਇਕ ਪ੍ਰਕਾਸ਼ਕ ਹੈ, ਪਰ ਅਜੇ ਬਪਤਿਸਮਾ ਨਹੀਂ ਲਿਆ ਅਤੇ ਹੁਣ ਉਸ ਦੀ ਉਮਰ ਸ਼ਾਦੀ ਕਰਨ ਦੀ ਹੋ ਗਈ ਹੈ? ਅਸੀਂ ਪੁੱਛ ਸਕਦੇ ਹਾਂ ਕਿ ਉਸ ਨੇ ਅਜੇ ਤਕ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਿਉਂ ਨਹੀਂ ਕੀਤੀ? ਉਹ ਪਿੱਛੇ ਕਿਉਂ ਹਟ ਰਿਹਾ ਹੈ? ਕੀ ਉਸ ਦੇ ਮਨ ਵਿਚ ਸੱਚਾਈ ਬਾਰੇ ਸ਼ੱਕ ਹੈ? ਭਾਵੇਂ ਉਹ ਬੇਪਰਤੀਤਾ ਨਹੀਂ ਹੈ, ਪਰ ਉਸ ਬਾਰੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ “ਪ੍ਰਭੁ ਵਿੱਚ” ਹੈ।

ਵਿਆਹ ਬਾਰੇ ਪੌਲੁਸ ਦੀ ਸਲਾਹ ਸਾਡੇ ਫ਼ਾਇਦੇ ਲਈ ਹੈ। (ਯਸਾਯਾਹ 48:17) ਜਦ ਦੋ ਵਿਅਕਤੀ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਬਾਅਦ ਇਕ-ਦੂਜੇ ਨਾਲ ਸ਼ਾਦੀ ਕਰਦੇ ਹਨ, ਤਾਂ ਰੂਹਾਨੀ ਤੌਰ ਤੇ ਉਨ੍ਹਾਂ ਦੇ ਵਿਆਹ ਦੀ ਨੀਂਹ ਪੱਕੀ ਹੁੰਦੀ ਹੈ। ਉਨ੍ਹਾਂ ਦੇ ਅਸੂਲ ਅਤੇ ਟੀਚੇ ਇੱਕੋ ਹੁੰਦੇ ਹਨ। ਇਸ ਕਰਕੇ ਉਨ੍ਹਾਂ ਦੀ ਜੋੜੀ ਸਲਾਮਤ ਰਹਿੰਦੀ ਹੈ। ਇਸ ਤੋਂ ਇਲਾਵਾ ‘ਪ੍ਰਭੁ ਵਿੱਚ ਵਿਆਹ’ ਕਰ ਕੇ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦੇ ਹਨ ਜਿਸ ਕਰਕੇ ਯਹੋਵਾਹ ਉਨ੍ਹਾਂ ਦੀ ਝੋਲੀ ਬਰਕਤਾਂ ਨਾਲ ਭਰ ਦੇਵੇਗਾ ਕਿਉਂਕਿ ਯਹੋਵਾਹ “ਆਪਣੇ [ਵਫ਼ਾਦਾਰ] ਭਗਤਾਂ ਨੂੰ ਤਿਆਗਦਾ ਨਹੀਂ।”—ਜ਼ਬੂਰਾਂ ਦੀ ਪੋਥੀ 37:28.

[ਫੁਟਨੋਟ]

^ ਪੈਰਾ 10 ਜਦ ਪੌਲੁਸ ਨੇ ਇਹ ਪੱਤਰੀ ਲਿਖੀ ਸੀ, ਤਾਂ ਉਹ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖ ਰਿਹਾ ਸੀ। ਉਨ੍ਹਾਂ ਲਈ ‘ਪ੍ਰਭੁ ਵਿੱਚ ਦਾਸ’ ਹੋਣ ਦਾ ਮਤਲਬ ਇਹ ਵੀ ਸੀ ਕਿ ਉਹ ਪਰਮੇਸ਼ੁਰ ਦੇ ਪੁੱਤਰਾਂ ਅਤੇ ਮਸੀਹ ਦੇ ਭਰਾਵਾਂ ਵਜੋਂ ਮਸਹ ਕੀਤੇ ਗਏ ਸਨ।

[ਸਫ਼ੇ 31 ਉੱਤੇ ਤਸਵੀਰ]

ਯਹੋਵਾਹ “ਆਪਣੇ [ਵਫ਼ਾਦਾਰ] ਭਗਤਾਂ ਨੂੰ ਤਿਆਗਦਾ ਨਹੀਂ”