Skip to content

Skip to table of contents

ਯਿਸੂ ਦੀਆਂ ਕਰਾਮਾਤਾਂ—ਤੁਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹੋ?

ਯਿਸੂ ਦੀਆਂ ਕਰਾਮਾਤਾਂ—ਤੁਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹੋ?

ਯਿਸੂ ਦੀਆਂ ਕਰਾਮਾਤਾਂ​—ਤੁਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹੋ?

ਤੁਹਾਨੂੰ ਸ਼ਾਇਦ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਬਾਈਬਲ ਵਿਚ ਯਿਸੂ ਦੀ ਜ਼ਮੀਨੀ ਜ਼ਿੰਦਗੀ ਦੇ ਬਿਰਤਾਂਤਾਂ ਵਿਚ ਕਿਧਰੇ ਵੀ “ਕਰਾਮਾਤ” ਲਈ ਯੂਨਾਨੀ ਸ਼ਬਦ ਨਹੀਂ ਵਰਤਿਆ ਗਿਆ। ਕਿਤੇ-ਕਿਤੇ “ਕਰਾਮਾਤ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ (ਡੀਨਾਮੀਸ) ਦਾ ਅਸਲੀ ਅਰਥ “ਸ਼ਕਤੀ” ਹੈ। (ਲੂਕਾ 8:46) ਇਸ ਸ਼ਬਦ ਨੂੰ “ਯੋਗਤਾ” ਜਾਂ “ਸ਼ਕਤੀਸ਼ਾਲੀ ਕੰਮ” ਵੀ ਅਨੁਵਾਦ ਕੀਤਾ ਜਾਂਦਾ ਹੈ। (ਮੱਤੀ 11:20, NW; 25:15, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਾਈਬਲ ਦੇ ਇਕ ਵਿਦਵਾਨ ਦਾ ਕਹਿਣਾ ਹੈ ਕਿ ਇਹ ਯੂਨਾਨੀ ਸ਼ਬਦ “ਕਿਸੇ ਸ਼ਕਤੀਸ਼ਾਲੀ ਕੰਮ ਉੱਤੇ ਅਤੇ ਖ਼ਾਸ ਕਰਕੇ ਉਸ ਸ਼ਕਤੀ ਉੱਤੇ ਜ਼ੋਰ ਦਿੰਦਾ ਹੈ ਜਿਸ ਰਾਹੀਂ ਇਹ ਕੰਮ ਕੀਤਾ ਗਿਆ ਸੀ। ਇਸ ਸ਼ਬਦ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਸ਼ਕਤੀ ਕੰਮ ਕਰ ਰਹੀ ਹੈ।”

ਇਕ ਹੋਰ ਯੂਨਾਨੀ ਸ਼ਬਦ (ਟੈਰਾਸ) ਨੂੰ ਆਮ ਕਰਕੇ “ਅਚੰਭੇ” ਜਾਂ “ਅਚਰਜ ਕੰਮ” ਅਨੁਵਾਦ ਕੀਤਾ ਜਾਂਦਾ ਹੈ। (ਯੂਹੰਨਾ 4:48; ਰਸੂਲਾਂ ਦੇ ਕਰਤੱਬ 2:19) ਇਹ ਸ਼ਬਦ ਦਰਸ਼ਕਾਂ ਉੱਤੇ ਪਏ ਅਸਰ ਨੂੰ ਦਰਸਾਉਂਦਾ ਹੈ। ਯਿਸੂ ਦੁਆਰਾ ਕੀਤੇ ਗਏ ਸ਼ਕਤੀਸ਼ਾਲੀ ਕੰਮ ਦੇਖ ਕੇ ਉਸ ਦੇ ਚੇਲੇ ਅਤੇ ਦੂਸਰੇ ਲੋਕ ਅਕਸਰ ਹੈਰਾਨ ਰਹਿ ਜਾਂਦੇ ਸਨ ਅਤੇ ਡਾਢੇ ਅਸਚਰਜ ਹੁੰਦੇ ਸਨ।—ਮਰਕੁਸ 2:12; 4:41; 6:51; ਲੂਕਾ 9:43.

ਯਿਸੂ ਦੀਆਂ ਕਰਾਮਾਤਾਂ ਲਈ ਤੀਜਾ ਯੂਨਾਨੀ ਸ਼ਬਦ (ਸੀਮੀਓਨ) ਵੀ ਵਰਤਿਆ ਗਿਆ ਹੈ ਜਿਸ ਦਾ ਮਤਲਬ ਹੈ “ਨਿਸ਼ਾਨੀ।” ਵਿਦਵਾਨ ਰੌਬਰਟ ਡੈਫਿਨਬਾਉ ਕਹਿੰਦਾ ਹੈ ਕਿ ਇਹ ਸ਼ਬਦ “ਕਿਸੇ ਚਮਤਕਾਰ ਦੇ ਡੂੰਘੇ ਅਰਥ ਉੱਤੇ ਜ਼ੋਰ ਦਿੰਦਾ ਹੈ।” ਉਹ ਅੱਗੇ ਕਹਿੰਦਾ ਹੈ: “ਕਿਸੇ ਕਰਾਮਾਤ ਨੂੰ ਉਦੋਂ ਨਿਸ਼ਾਨੀ ਕਿਹਾ ਜਾ ਸਕਦਾ ਹੈ ਜਦੋਂ ਇਸ ਤੋਂ ਸਾਨੂੰ ਪ੍ਰਭੂ ਯਿਸੂ ਬਾਰੇ ਕੋਈ ਸੱਚੀ ਗੱਲ ਪਤਾ ਲੱਗੇ।”

ਅੱਖਾਂ ਦਾ ਧੋਖਾ ਜਾਂ ਪਰਮੇਸ਼ੁਰ ਦੀ ਤਾਕਤ?

ਬਾਈਬਲ ਮੁਤਾਬਕ ਯਿਸੂ ਦੀਆਂ ਕਰਾਮਾਤਾਂ ਅੱਖਾਂ ਦਾ ਧੋਖਾ ਜਾਂ ਹੱਥਾਂ ਦੀ ਸਫ਼ਾਈ ਹੀ ਨਹੀਂ ਸਨ ਜਿਸ ਨਾਲ ਉਹ ਲੋਕਾਂ ਦਾ ਜੀਅ ਬਹਿਲਾਉਂਦਾ ਸੀ। ਇਹ ਕਰਾਮਾਤਾਂ “ਪਰਮੇਸ਼ੁਰ ਦੀ ਮਹਾਨਤਾ” ਜਾਂ ਮਹਾਂ-ਸ਼ਕਤੀ ਦੇ ਪ੍ਰਗਟਾਵੇ ਸਨ। ਮਿਸਾਲ ਲਈ, ਜਦੋਂ ਯਿਸੂ ਨੇ ਇਕ ਮੁੰਡੇ ਵਿੱਚੋਂ ਭ੍ਰਿਸ਼ਟ ਆਤਮਾ ਕੱਢੀ, ਤਾਂ ਲੋਕ ਪਰਮੇਸ਼ੁਰ ਦੀ ਤਾਕਤ ਦੇਖ ਕੇ ਅਸਚਰਜ ਹੋਏ ਸਨ। (ਲੂਕਾ 9:37-43) ਕੀ ਅਜਿਹੇ ਸ਼ਕਤੀਸ਼ਾਲੀ ਕੰਮ ਕਰਨੇ ਸਰਬਸ਼ਕਤੀਮਾਨ ਪਰਮੇਸ਼ੁਰ ਲਈ ਅਣਹੋਣੀ ਗੱਲ ਸੀ? ਨਹੀਂ, ਕਿਉਂਕਿ ਬਾਈਬਲ ਕਹਿੰਦੀ ਹੈ ਕਿ ਉਸ ਕੋਲ “ਵੱਡੀ ਸ਼ਕਤੀ” ਹੈ!—ਯਸਾਯਾਹ 40:26.

ਬਾਈਬਲ ਦੀਆਂ ਚਾਰ ਇੰਜੀਲਾਂ ਵਿਚ ਯਿਸੂ ਦੇ ਲਗਭਗ 35 ਚਮਤਕਾਰਾਂ ਬਾਰੇ ਦੱਸਿਆ ਗਿਆ ਹੈ। ਪਰ ਬਾਈਬਲ ਇਹ ਨਹੀਂ ਦੱਸਦੀ ਕਿ ਉਸ ਨੇ ਕੁਲ ਮਿਲਾ ਕੇ ਕਿੰਨੇ ਚਮਤਕਾਰ ਕੀਤੇ ਸਨ। ਮਿਸਾਲ ਲਈ, ਮੱਤੀ 14:14 ਕਹਿੰਦਾ ਹੈ: “[ਯਿਸੂ ਨੇ] ਵੱਡੀ ਭੀੜ ਵੇਖੀ ਅਰ ਉਨ੍ਹਾਂ ਉੱਤੇ ਤਰਸ ਖਾ ਕੇ ਉਨ੍ਹਾਂ ਦੇ ਰੋਗੀਆਂ ਨੂੰ ਚੰਗਾ ਕੀਤਾ।” ਪਰ ਬਾਈਬਲ ਇਹ ਨਹੀਂ ਦੱਸਦੀ ਹੈ ਕਿ ਉਸ ਮੌਕੇ ਤੇ ਯਿਸੂ ਨੇ ਕਿੰਨੇ ਬੀਮਾਰਾਂ ਨੂੰ ਚੰਗਾ ਕੀਤਾ ਸੀ।

ਅਜਿਹੇ ਸ਼ਕਤੀਸ਼ਾਲੀ ਕੰਮਾਂ ਨੇ ਯਿਸੂ ਦੇ ਇਸ ਦਾਅਵੇ ਦੀ ਪੁਸ਼ਟੀ ਕੀਤੀ ਕਿ ਉਹ ਪਰਮੇਸ਼ੁਰ ਦਾ ਪੁੱਤਰ ਅਤੇ ਵਾਅਦਾ ਕੀਤਾ ਗਿਆ ਮਸੀਹਾ ਸੀ। ਬਾਈਬਲ ਸਾਫ਼ ਦਿਖਾਉਂਦੀ ਹੈ ਕਿ ਯਿਸੂ ਨੇ ਪਰਮੇਸ਼ੁਰ ਦੀ ਸ਼ਕਤੀ ਨਾਲ ਚਮਤਕਾਰ ਕੀਤੇ ਸਨ। ਪਤਰਸ ਰਸੂਲ ਨੇ ਯਿਸੂ ਬਾਰੇ ਕਿਹਾ: “[ਉਸ] ਦੇ ਸਤ ਹੋਣ ਦਾ ਪ੍ਰਮਾਣ ਪਰਮੇਸ਼ੁਰ ਦੀ ਵੱਲੋਂ ਉਨ੍ਹਾਂ ਕਰਾਮਾਤਾਂ ਅਤੇ ਅਚੰਭਿਆਂ ਅਤੇ ਨਿਸ਼ਾਨੀਆਂ ਨਾਲ ਤੁਹਾਨੂੰ ਦਿੱਤਾ ਗਿਆ ਜੋ ਪਰਮੇਸ਼ੁਰ ਨੇ ਉਸ ਦੇ ਹੱਥੀਂ ਤੁਹਾਡੇ ਵਿੱਚ ਵਿਖਾਲੀਆਂ, ਜਿਹਾ ਤੁਸੀਂ ਆਪ ਜਾਣਦੇ ਹੋ।” (ਰਸੂਲਾਂ ਦੇ ਕਰਤੱਬ 2:22) ਇਕ ਹੋਰ ਮੌਕੇ ਤੇ ਪਤਰਸ ਨੇ ਕਿਹਾ ਕਿ ‘ਪਰਮੇਸ਼ੁਰ ਨੇ ਯਿਸੂ ਨੂੰ ਪਵਿੱਤ੍ਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ ਕਿਉਂ ਜੋ ਪਰਮੇਸ਼ੁਰ ਉਹ ਦੇ ਨਾਲ ਸੀ।’—ਰਸੂਲਾਂ ਦੇ ਕਰਤੱਬ 10:37, 38.

ਯਿਸੂ ਦੀਆਂ ਕਰਾਮਾਤਾਂ ਦਾ ਉਸ ਦੇ ਸੰਦੇਸ਼ ਨਾਲ ਗੂੜ੍ਹਾ ਸੰਬੰਧ ਸੀ। ਮਰਕੁਸ 1:21-27 ਪੜ੍ਹ ਕੇ ਅਸੀਂ ਦੇਖ ਸਕਦੇ ਹਾਂ ਕਿ ਯਿਸੂ ਦੇ ਉਪਦੇਸ਼ ਅਤੇ ਉਸ ਦੇ ਚਮਤਕਾਰ ਦਾ ਭੀੜ ਉੱਤੇ ਕੀ ਅਸਰ ਪਿਆ ਸੀ। ਮਰਕੁਸ 1:22 ਕਹਿੰਦਾ ਹੈ ਕਿ ਲੋਕ “ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ” ਅਤੇ 27ਵੀਂ ਆਇਤ ਕਹਿੰਦੀ ਹੈ ਕਿ ਲੋਕ ਬਹੁਤ “ਹੈਰਾਨ ਹੋਏ” ਜਦੋਂ ਉਨ੍ਹਾਂ ਨੇ ਯਿਸੂ ਨੂੰ ਇਕ ਬੰਦੇ ਵਿੱਚੋਂ ਭ੍ਰਿਸ਼ਟ ਆਤਮਾ ਕੱਢਦੇ ਦੇਖਿਆ। ਜੀ ਹਾਂ, ਯਿਸੂ ਦੇ ਸ਼ਕਤੀਸ਼ਾਲੀ ਕੰਮ ਅਤੇ ਸੰਦੇਸ਼ ਇਸ ਗੱਲ ਦਾ ਪੱਕਾ ਸਬੂਤ ਸਨ ਕਿ ਉਹੀ ਵਾਅਦਾ ਕੀਤਾ ਹੋਇਆ ਮਸੀਹਾ ਸੀ।

ਯਿਸੂ ਨੇ ਸਿਰਫ਼ ਦਾਅਵਾ ਨਹੀਂ ਕੀਤਾ ਕਿ ਉਹ ਮਸੀਹਾ ਸੀ, ਸਗੋਂ ਉਸ ਦੀਆਂ ਸਿੱਖਿਆਵਾਂ, ਕੰਮਾਂ ਅਤੇ ਪਰਮੇਸ਼ੁਰ ਦੀ ਤਾਕਤ ਨਾਲ ਕੀਤੀਆਂ ਕਰਾਮਾਤਾਂ ਇਸ ਗੱਲ ਦਾ ਸਬੂਤ ਸਨ ਕਿ ਉਹ ਮਸੀਹਾ ਸੀ। ਜਦੋਂ ਲੋਕਾਂ ਨੇ ਉਸ ਦੇ ਅਧਿਕਾਰ ਉੱਤੇ ਅਤੇ ਮਸੀਹਾ ਹੋਣ ਦੇ ਉਸ ਦੇ ਦਾਅਵੇ ਉੱਤੇ ਸਵਾਲ ਖੜ੍ਹਾ ਕੀਤਾ, ਤਾਂ ਯਿਸੂ ਨੇ ਦਲੇਰੀ ਨਾਲ ਜਵਾਬ ਦਿੱਤਾ: “ਜਿਹੜੀ ਸਾਖੀ ਮੇਰੇ ਕੋਲ ਹੈ ਉਹ [ਬਪਤਿਸਮਾ ਦੇਣ ਵਾਲੇ] ਯੂਹੰਨਾ ਦੀ ਸਾਖੀ ਨਾਲੋਂ ਵੱਡੀ ਹੈ ਕਿਉਂਕਿ ਜੋ ਕੰਮ ਪਿਤਾ ਨੇ ਮੈਨੂੰ ਸੰਪੂਰਣ ਕਰਨ ਲਈ ਸੌਂਪੇ ਹਨ ਅਰਥਾਤ ਏਹੋ ਕੰਮ ਜੋ ਮੈਂ ਕਰਦਾ ਹਾਂ ਸੋਈ ਮੇਰੇ ਹੱਕ ਵਿੱਚ ਸਾਖੀ ਦਿੰਦੇ ਹਨ ਭਈ ਪਿਤਾ ਨੇ ਮੈਨੂੰ ਘੱਲਿਆ ਹੈ।”—ਯੂਹੰਨਾ 5:36.

ਕਰਾਮਾਤਾਂ ਸੱਚ ਹੋਣ ਦੇ ਸਬੂਤ

ਅਸੀਂ ਕਿਉਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਿਸੂ ਨੇ ਵਾਕਈ ਕਰਾਮਾਤਾਂ ਕੀਤੀਆਂ? ਆਓ ਆਪਾਂ ਉਸ ਦੀਆਂ ਕਰਾਮਾਤਾਂ ਦੇ ਸੱਚ ਹੋਣ ਦੇ ਕੁਝ ਸਬੂਤਾਂ ਵੱਲ ਧਿਆਨ ਦੇਈਏ।

ਸ਼ਕਤੀਸ਼ਾਲੀ ਕੰਮ ਕਰਦੇ ਸਮੇਂ ਯਿਸੂ ਨੇ ਕਦੇ ਵੀ ਆਪਣੇ ਵੱਲ ਧਿਆਨ ਨਹੀਂ ਖਿੱਚਿਆ। ਉਸ ਨੇ ਆਪਣੇ ਹਰ ਚਮਤਕਾਰ ਦਾ ਸਿਹਰਾ ਪਰਮੇਸ਼ੁਰ ਨੂੰ ਦਿੱਤਾ ਜਿਸ ਕਰਕੇ ਲੋਕਾਂ ਨੇ ਹਮੇਸ਼ਾ ਪਰਮੇਸ਼ੁਰ ਦੀ ਮਹਿਮਾ ਕੀਤੀ। ਮਿਸਾਲ ਲਈ, ਇਕ ਅੰਨ੍ਹੇ ਮਨੁੱਖ ਨੂੰ ਸੁਜਾਖਾ ਕਰਨ ਤੋਂ ਪਹਿਲਾਂ, ਯਿਸੂ ਨੇ ਕਿਹਾ ਸੀ ਕਿ ਉਸ ਮਨੁੱਖ ਨੂੰ ਇਸ ਲਈ ਚੰਗਾ ਕੀਤਾ ਜਾਵੇਗਾ “ਜੋ ਪਰਮੇਸ਼ੁਰ ਦੇ ਕੰਮ ਉਸ ਵਿੱਚ ਪਰਗਟ ਕੀਤੇ ਜਾਣ।”—ਯੂਹੰਨਾ 9:1-3; 11:1-4.

ਹੱਥਾਂ ਦੀ ਸਫ਼ਾਈ ਦਿਖਾਉਣ ਵਾਲੇ ਜਾਦੂਗਰਾਂ ਜਾਂ ਅਲੌਕਿਕ ਸ਼ਕਤੀ ਨਾਲ ਬੀਮਾਰੀਆਂ ਦੂਰ ਕਰਨ ਵਾਲੇ ਸਾਧੂ-ਸੰਤਾਂ ਤੋਂ ਉਲਟ ਯਿਸੂ ਨੇ ਕਦੇ ਹਿਪਨੋਟਿਜ਼ਮ, ਚਾਲਬਾਜ਼ੀ ਜਾਂ ਜਾਦੂਈ ਮੰਤਰਾਂ ਦੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਉਸ ਨੇ ਭਾਵੁਕ ਮਾਹੌਲ ਪੈਦਾ ਕਰ ਕੇ ਲੋਕਾਂ ਦੇ ਜਜ਼ਬਾਤਾਂ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਅੰਧ-ਵਿਸ਼ਵਾਸ ਨਾਲ ਜੁੜੀਆਂ ਰੀਤਾਂ-ਰਸਮਾਂ ਤੇ ਚੀਜ਼ਾਂ ਦਾ ਵੀ ਸਹਾਰਾ ਨਹੀਂ ਲਿਆ। ਗੌਰ ਕਰੋ ਕਿ ਇਕ ਮੌਕੇ ਤੇ ਯਿਸੂ ਨੇ ਕਿੰਨੇ ਸਾਧਾਰਣ ਤਰੀਕੇ ਨਾਲ ਦੋ ਅੰਨ੍ਹੇ ਬੰਦਿਆਂ ਨੂੰ ਠੀਕ ਕੀਤਾ ਸੀ। ਬਾਈਬਲ ਦੱਸਦੀ ਹੈ: “ਯਿਸੂ ਨੇ ਤਰਸ ਖਾ ਕੇ ਉਨ੍ਹਾਂ ਦੀਆਂ ਅੱਖਾਂ ਨੂੰ ਛੋਹਿਆ ਅਰ ਓਹ ਝੱਟ ਸੁਜਾਖੇ ਹੋ ਗਏ ਅਤੇ ਉਹ ਦੇ ਮਗਰ ਤੁਰ ਪਏ।” (ਮੱਤੀ 20:29-34) ਇਨ੍ਹਾਂ ਬੰਦਿਆਂ ਨੂੰ ਠੀਕ ਕਰਨ ਲਈ ਯਿਸੂ ਨੇ ਤੰਤਰਾਂ-ਮੰਤਰਾਂ ਦਾ ਸਹਾਰਾ ਨਹੀਂ ਲਿਆ ਅਤੇ ਨਾ ਹੀ ਕੋਈ ਡਰਾਮੇਬਾਜ਼ੀ ਕੀਤੀ। ਯਿਸੂ ਖੁੱਲ੍ਹੇ-ਆਮ ਸਾਰਿਆਂ ਸਾਮ੍ਹਣੇ ਚਮਤਕਾਰੀ ਕੰਮ ਕਰਦਾ ਸੀ। ਉਸ ਨੇ ਰਹੱਸਮਈ ਮਾਹੌਲ ਪੈਦਾ ਕਰਨ ਲਈ ਦੀਵੇ ਜਾਂ ਮਸ਼ਾਲਾਂ ਨਹੀਂ ਬਾਲੀਆਂ ਅਤੇ ਨਾ ਹੀ ਖ਼ਾਸ ਤਰੀਕੇ ਨਾਲ ਸਜਾਏ ਗਏ ਮੰਚ ਵਰਤੇ। ਇਸ ਦੇ ਉਲਟ, ਅੱਜ-ਕੱਲ੍ਹ ਕੀਤੇ ਜਾਂਦੇ ਚਮਤਕਾਰਾਂ ਦਾ ਅਕਸਰ ਕੋਈ ਪੱਕਾ ਸਬੂਤ ਨਹੀਂ ਹੁੰਦਾ।—ਮਰਕੁਸ 5:24-29; ਲੂਕਾ 7:11-15.

ਯਿਸੂ ਨੇ ਕਰਾਮਾਤਾਂ ਕਰ ਕੇ ਜਿਨ੍ਹਾਂ ਲੋਕਾਂ ਨੂੰ ਲਾਭ ਪਹੁੰਚਾਇਆ ਸੀ, ਉਨ੍ਹਾਂ ਵਿੱਚੋਂ ਕਈਆਂ ਦੀ ਨਿਹਚਾ ਦਾ ਉਸ ਨੇ ਜ਼ਿਕਰ ਕੀਤਾ ਸੀ। ਪਰ ਭਾਵੇਂ ਲੋਕਾਂ ਨੇ ਨਿਹਚਾ ਨਹੀਂ ਵੀ ਕੀਤੀ, ਫਿਰ ਵੀ ਯਿਸੂ ਨੇ ਚਮਤਕਾਰ ਕਰ ਕੇ ਉਨ੍ਹਾਂ ਨੂੰ ਚੰਗਾ ਕੀਤਾ ਸੀ। ਮਿਸਾਲ ਲਈ, ਜਦੋਂ ਉਹ ਗਲੀਲ ਵਿਚ ਕਫ਼ਰਨਾਹੂਮ ਸ਼ਹਿਰ ਵਿਚ ਸੀ, ਤਾਂ ਲੋਕ ‘ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਉਸ ਨੇ ਬਚਨ ਨਾਲ ਰੂਹਾਂ ਨੂੰ ਕੱਢ ਦਿੱਤਾ ਅਰ ਸਾਰੇ ਰੋਗੀਆਂ ਨੂੰ ਚੰਗਿਆਂ ਕੀਤਾ।’—ਮੱਤੀ 8:16.

ਯਿਸੂ ਨੇ ਲੋਕਾਂ ਦਾ ਧਿਆਨ ਖਿੱਚਣ ਲਈ ਨਹੀਂ, ਸਗੋਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਰਾਮਾਤਾਂ ਕੀਤੀਆਂ ਸਨ। (ਮਰਕੁਸ 10:46-52; ਲੂਕਾ 23:8) ਇਸ ਤੋਂ ਇਲਾਵਾ, ਯਿਸੂ ਨੇ ਕਦੇ ਵੀ ਆਪਣੇ ਲਾਭ ਲਈ ਚਮਤਕਾਰ ਨਹੀਂ ਕੀਤੇ।—ਮੱਤੀ 4:2-4; 10:8.

ਕੀ ਇੰਜੀਲਾਂ ਸੱਚੀਆਂ ਹਨ?

ਸਾਨੂੰ ਯਿਸੂ ਦੀਆਂ ਕਰਾਮਾਤਾਂ ਬਾਰੇ ਜਾਣਕਾਰੀ ਚਾਰ ਇੰਜੀਲਾਂ ਵਿੱਚੋਂ ਮਿਲਦੀ ਹੈ। ਕੀ ਯਿਸੂ ਦੇ ਚਮਤਕਾਰਾਂ ਦੀ ਹਕੀਕਤ ਦੀ ਜਾਂਚ ਕਰਦੇ ਵੇਲੇ ਅਸੀਂ ਇਨ੍ਹਾਂ ਬਿਰਤਾਂਤਾਂ ਉੱਤੇ ਭਰੋਸਾ ਕਰ ਸਕਦੇ ਹਾਂ? ਜੀ ਹਾਂ, ਅਸੀਂ ਜ਼ਰੂਰ ਕਰ ਸਕਦੇ ਹਾਂ।

ਅਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਯਿਸੂ ਨੇ ਖੁੱਲ੍ਹੇ-ਆਮ ਸਾਰਿਆਂ ਦੇ ਸਾਮ੍ਹਣੇ ਚਮਤਕਾਰ ਕੀਤੇ ਸਨ। ਇੰਜੀਲਾਂ ਦੇ ਬਿਰਤਾਂਤ ਉਦੋਂ ਲਿਖੇ ਗਏ ਸਨ ਜਦੋਂ ਯਿਸੂ ਦੇ ਚਮਤਕਾਰਾਂ ਦੇ ਜ਼ਿਆਦਾਤਰ ਚਸ਼ਮਦੀਦ ਗਵਾਹ ਅਜੇ ਜੀਉਂਦੇ ਸਨ। ਇੰਜੀਲਾਂ ਦੇ ਲਿਖਾਰੀਆਂ ਦੀ ਈਮਾਨਦਾਰੀ ਬਾਰੇ ਕਿਤਾਬ ਕਰਾਮਾਤਾਂ ਅਤੇ ਪੁਨਰ-ਜੀਵਨ (ਅੰਗ੍ਰੇਜ਼ੀ) ਕਹਿੰਦੀ ਹੈ: “ਇੰਜੀਲਾਂ ਦੇ ਲਿਖਾਰੀਆਂ ਉੱਤੇ ਇਹ ਦੋਸ਼ ਲਗਾਉਣਾ ਸਰਾਸਰ ਅਨਿਆਂ ਹੈ ਕਿ ਉਹ ਆਪਣੇ ਧਰਮ ਨੂੰ ਫੈਲਾਉਣ ਲਈ ਚਮਤਕਾਰਾਂ ਦੀਆਂ ਬੇਬੁਨਿਆਦ ਕਹਾਣੀਆਂ ਲਿਖ ਰਹੇ ਸਨ। . . . ਉਹ ਪੂਰੀ ਈਮਾਨਦਾਰੀ ਨਾਲ ਇਤਿਹਾਸਕ ਘਟਨਾਵਾਂ ਦਾ ਵੇਰਵਾ ਦੇ ਰਹੇ ਸਨ।”

ਮਸੀਹੀ ਧਰਮ ਦੇ ਯਹੂਦੀ ਵਿਰੋਧੀਆਂ ਨੇ ਕਦੇ ਵੀ ਇੰਜੀਲਾਂ ਵਿਚ ਦੱਸੇ ਗਏ ਚਮਤਕਾਰਾਂ ਦਾ ਖੰਡਨ ਨਹੀਂ ਕੀਤਾ। ਉਨ੍ਹਾਂ ਨੇ ਕੇਵਲ ਸ਼ੱਕ ਜ਼ਾਹਰ ਕੀਤਾ ਕਿ ਇਹ ਪਰਮੇਸ਼ੁਰ ਦੀ ਸ਼ਕਤੀ ਨਾਲ ਨਹੀਂ ਕੀਤੇ ਗਏ ਸਨ। (ਮਰਕੁਸ 3:22-26) ਬਾਅਦ ਦੇ ਸਮੇਂ ਵਿਚ ਵੀ ਆਲੋਚਕ ਯਿਸੂ ਦੇ ਚਮਤਕਾਰਾਂ ਨੂੰ ਝੂਠ ਸਾਬਤ ਕਰਨ ਵਿਚ ਨਾਕਾਮ ਰਹੇ। ਇਸ ਦੀ ਬਜਾਇ, ਪਹਿਲੀ ਤੇ ਦੂਜੀ ਸਦੀ ਸਾ. ਯੁ. ਦੌਰਾਨ ਲਿਖੀਆਂ ਗਈਆਂ ਕਈ ਕਿਤਾਬਾਂ ਵਿਚ ਯਿਸੂ ਦੁਆਰਾ ਕੀਤੀਆਂ ਕਰਾਮਾਤਾਂ ਦਾ ਜ਼ਿਕਰ ਆਉਂਦਾ ਹੈ। ਤਾਂ ਫਿਰ ਸਾਡੇ ਕੋਲ ਹਰ ਕਾਰਨ ਹੈ ਕਿ ਅਸੀਂ ਇੰਜੀਲਾਂ ਵਿਚ ਦੱਸੇ ਗਏ ਯਿਸੂ ਦੇ ਚਮਤਕਾਰਾਂ ਨੂੰ ਸੱਚ ਮੰਨੀਏ।

ਯਿਸੂ ਕਿੱਦਾਂ ਦਾ ਇਨਸਾਨ ਸੀ?

ਜੇ ਅਸੀਂ ਯਿਸੂ ਦੇ ਚਮਤਕਾਰਾਂ ਦੇ ਪੱਖ ਵਿਚ ਦਿੱਤੀਆਂ ਦਲੀਲਾਂ ਉੱਤੇ ਹੀ ਗੌਰ ਕਰੀਏ, ਤਾਂ ਸਾਡੀ ਚਰਚਾ ਅਧੂਰੀ ਰਹਿ ਜਾਵੇਗੀ। ਇੰਜੀਲਾਂ ਵਿਚ ਯਿਸੂ ਦੇ ਸ਼ਕਤੀਸ਼ਾਲੀ ਕੰਮਾਂ ਦੇ ਬਿਰਤਾਂਤਾਂ ਤੋਂ ਸਾਨੂੰ ਯਿਸੂ ਦੇ ਵਿਅਕਤਿੱਤਵ ਬਾਰੇ ਵੀ ਜਾਣਕਾਰੀ ਮਿਲਦੀ ਹੈ। ਯਿਸੂ ਦੇ ਚਮਤਕਾਰਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਹ ਦੂਸਰਿਆਂ ਦੇ ਦਰਦ ਨੂੰ ਮਹਿਸੂਸ ਕਰਦਾ ਸੀ, ਉਹ ਬਹੁਤ ਹੀ ਦਇਆਵਾਨ ਸੀ ਅਤੇ ਦੂਸਰਿਆਂ ਦੀ ਮਦਦ ਕਰਨ ਦੀ ਗਹਿਰੀ ਇੱਛਾ ਰੱਖਦਾ ਸੀ।

ਮਿਸਾਲ ਲਈ, ਇਕ ਵਾਰ ਇਕ ਕੋੜ੍ਹੀ ਨੇ ਦੁਖੀ ਦਿਲ ਨਾਲ ਯਿਸੂ ਅੱਗੇ ਤਰਲੇ ਕੀਤੇ: “ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।” ਯਿਸੂ ਨੂੰ ਉਸ ਉੱਤੇ ਇੰਨਾ “ਤਰਸ” ਆਇਆ ਕਿ ਉਸ ਨੇ ਆਪਣਾ ਹੱਥ ਵਧਾਇਆ ਅਤੇ ਉਸ ਨੂੰ ਛੋਹ ਕੇ ਕਿਹਾ: “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।” ਉਸੇ ਵੇਲੇ ਉਹ ਬੰਦਾ ਚੰਗਾ ਹੋ ਗਿਆ। (ਮਰਕੁਸ 1:40-42) ਇਸ ਤਰ੍ਹਾਂ ਯਿਸੂ ਨੇ ਸਾਫ਼ ਦਿਖਾਇਆ ਕਿ ਉਹ ਕਿੰਨਾ ਰਹਿਮ-ਦਿਲ ਸੀ! ਉਹ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ, ਇਸ ਲਈ ਉਹ ਪਰਮੇਸ਼ੁਰ ਦੀ ਤਾਕਤ ਵਰਤਦੇ ਹੋਏ ਕਰਾਮਾਤਾਂ ਕਰਦਾ ਸੀ।

ਇਕ ਹੋਰ ਮੌਕੇ ਤੇ ਯਿਸੂ ਨੇ ਨਾਇਨ ਨਗਰ ਦੇ ਫਾਟਕ ਨੇੜੇ ਇਕ ਜਨਾਜ਼ਾ ਨਿਕਲਦੇ ਦੇਖਿਆ। ਮਰਨ ਵਾਲਾ ਮੁੰਡਾ ਆਪਣੀ ਵਿਧਵਾ ਮਾਂ ਦਾ ਇੱਕੋ-ਇਕ ਪੁੱਤਰ ਸੀ। ਯਿਸੂ ਨੇ ਕੀ ਕੀਤਾ? ਯਿਸੂ ਨੂੰ ਉਸ ਵਿਧਵਾ ਉੱਤੇ ਇੰਨਾ “ਤਰਸ” ਆਇਆ ਕਿ ਉਸ ਨੇ ਉਸ ਕੋਲ ਜਾ ਕੇ ਕਿਹਾ: “ਨਾ ਰੋ।” ਫਿਰ ਯਿਸੂ ਨੇ ਉਸ ਦੇ ਪੁੱਤਰ ਨੂੰ ਦੁਬਾਰਾ ਜੀਉਂਦਾ ਕਰ ਦਿੱਤਾ।—ਲੂਕਾ 7:11-15.

ਯਿਸੂ ਦੀਆਂ ਕਰਾਮਾਤਾਂ ਤੋਂ ਅਸੀਂ ਸਿੱਖਦੇ ਹਾਂ ਕਿ ਯਿਸੂ ਦੇ ਦਿਲ ਵਿਚ ਲੋਕਾਂ ਲਈ ਬੜੀ ਦਇਆ ਸੀ। ਉਹ ਹਮੇਸ਼ਾ ਦੂਸਰਿਆਂ ਦੀ ਮਦਦ ਕਰਦਾ ਸੀ। ਪਰ ਇਹ ਚਮਤਕਾਰ ਕੇਵਲ ਇਤਿਹਾਸ ਬਣ ਕੇ ਹੀ ਨਹੀਂ ਰਹਿ ਗਏ। ਇਹ ਅੱਜ ਵੀ ਸਾਡੇ ਲਈ ਮਾਅਨੇ ਰੱਖਦੇ ਹਨ। ਇਬਰਾਨੀਆਂ 13:8 ਕਹਿੰਦਾ ਹੈ ਕਿ “ਯਿਸੂ ਮਸੀਹ ਕੱਲ ਅਤੇ ਅੱਜ ਅਤੇ ਜੁੱਗੋ ਜੁੱਗ ਇੱਕੋ ਜਿਹਾ ਹੈ।” ਉਹ ਹੁਣ ਸਵਰਗ ਵਿਚ ਰਾਜੇ ਦੇ ਤੌਰ ਤੇ ਬਿਰਾਜਮਾਨ ਹੈ ਅਤੇ ਪਰਮੇਸ਼ੁਰ ਨੇ ਉਸ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਤਾਕਤ ਦਿੱਤੀ ਹੈ। ਜਲਦੀ ਹੀ ਯਿਸੂ ਇਸ ਤਾਕਤ ਨਾਲ ਆਗਿਆਕਾਰ ਮਨੁੱਖਜਾਤੀ ਨੂੰ ਨਰੋਆ ਕਰੇਗਾ। ਜੇ ਤੁਸੀਂ ਅਜਿਹੇ ਸ਼ਾਨਦਾਰ ਭਵਿੱਖ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਮਿਲੋ। ਉਨ੍ਹਾਂ ਨੂੰ ਤੁਹਾਡੀ ਮਦਦ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ।

[ਸਫ਼ੇ 4, 5 ਉੱਤੇ ਤਸਵੀਰਾਂ]

ਯਿਸੂ ਦੀਆਂ ਕਰਾਮਾਤਾਂ ਪਰਮੇਸ਼ੁਰ ਦੀ ਮਹਾਂ-ਸ਼ਕਤੀ ਦਾ ਸਬੂਤ ਸਨ

[ਸਫ਼ੇ 7 ਉੱਤੇ ਤਸਵੀਰ]

ਯਿਸੂ ਬਹੁਤ ਹੀ ਰਹਿਮ-ਦਿਲ ਇਨਸਾਨ ਸੀ