Skip to content

Skip to table of contents

‘ਹਾੜੀ ਅਰ ਸਾਉਣੀ ਨਹੀਂ ਮੁੱਕਣਗੇ’

‘ਹਾੜੀ ਅਰ ਸਾਉਣੀ ਨਹੀਂ ਮੁੱਕਣਗੇ’

ਯਹੋਵਾਹ ਦੀ ਸ੍ਰਿਸ਼ਟੀ ਦੀ ਸ਼ਾਨ

‘ਹਾੜੀ ਅਰ ਸਾਉਣੀ ਨਹੀਂ ਮੁੱਕਣਗੇ’

ਮਾਰੂਥਲ ਉੱਤੇ ਭਖਦਾ ਸੂਰਜ ਆਪਣਾ ਕਹਿਰ ਢਾਹੁੰਦਾ ਹੈ। ਧਰਤੀ ਦੇ ਹੋਰਨਾਂ ਹਿੱਸਿਆਂ ਵਿਚ ਨਿੱਘੀ-ਨਿੱਘੀ ਧੁੱਪ ਸਰਦੀਆਂ ਵਿਚ ਕੜਾਕੇ ਦੀ ਠੰਢ ਤੋਂ ਲੋਕਾਂ ਨੂੰ ਰਾਹਤ ਦਿੰਦੀ ਹੈ। ਜੀ ਹਾਂ, ਮੌਸਮਾਂ ਅਤੇ ਰੁੱਤਾਂ ਦੇ ਬਦਲਣ ਦਾ ਕਾਰਨ ਹੈ ਸੂਰਜ ਦਾ ਤਾਪ।

ਸਾਰੀ ਧਰਤੀ ਉੱਤੇ ਮੌਸਮ ਇੱਕੋ ਜਿਹਾ ਨਹੀਂ ਹੁੰਦਾ। ਪਰ ਇਹ ਮੌਸਮ ਤੁਹਾਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ? ਕੀ ਤੁਸੀਂ ਬਸੰਤ ਰੁੱਤ ਵਿਚ ਹਰੇ-ਭਰੇ ਦਰਖ਼ਤਾਂ ਅਤੇ ਰੰਗ-ਬਰੰਗੇ ਸ਼ੋਖ਼ ਫੁੱਲਾਂ ਨੂੰ ਦੇਖ ਕੇ ਝੂਮ ਨਹੀਂ ਉੱਠਦੇ? ਗਰਮੀਆਂ ਵਿਚ ਲਾਲੀ ਬਿਖੇਰਦੀ ਸੁਖਾਵੀਂ ਸ਼ਾਮ ਵੇਲੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਕੀ ਤੁਸੀਂ ਪਤਝੜ ਦੇ ਸ਼ੁਰੂ ਵਿਚ ਪੱਤਿਆਂ ਨੂੰ ਰੰਗ ਬਦਲਦੇ ਦੇਖ ਕੇ ਖ਼ੁਸ਼ ਹੁੰਦੇ ਹੋ? ਕੀ ਤੁਹਾਨੂੰ ਬਰਫ਼ ਨਾਲ ਢਕੇ ਜੰਗਲਾਂ ਦਾ ਨਜ਼ਾਰਾ ਦੇਖ ਕੇ ਤਾਜ਼ਗੀ ਮਿਲਦੀ ਹੈ?

ਆਖ਼ਰ ਇਹ ਰੁੱਤਾਂ ਕਿਉਂ ਬਦਲਦੀਆਂ ਹਨ? ਥੋੜ੍ਹੇ ਸ਼ਬਦਾਂ ਵਿਚ ਇਸ ਦਾ ਜਵਾਬ ਹੈ ਧਰਤੀ ਦਾ ਆਪਣੇ ਧੁਰੇ ਤੇ ਝੁਕਿਆ ਹੋਣਾ। ਧਰਤੀ 23.5 ਡਿਗਰੀ ਤੇ ਝੁਕੀ ਹੋਈ ਹੈ ਤੇ ਸੂਰਜ ਦਾ ਚੱਕਰ ਲਾਉਂਦੀ ਹੈ। ਜੇ ਧਰਤੀ ਦਾ ਧੁਰਾ ਝੁਕਿਆ ਨਾ ਹੁੰਦਾ, ਤਾਂ ਧਰਤੀ ਤੇ ਕੋਈ ਮੌਸਮ ਨਾ ਹੁੰਦਾ। ਹਰ ਵੇਲੇ ਇੱਕੋ ਜਿਹਾ ਵਾਤਾਵਰਣ ਰਹਿੰਦਾ ਜਿਸ ਨਾਲ ਬਨਸਪਤੀ ਅਤੇ ਫ਼ਸਲਾਂ ਦੇ ਚੱਕਰ ਤੇ ਅਸਰ ਪੈਂਦਾ।

ਇਹ ਬਦਲਦੀਆਂ ਰੁੱਤਾਂ ਸਾਡੇ ਸਿਰਜਣਹਾਰ ਦਾ ਕਮਾਲ ਹਨ। ਯਹੋਵਾਹ ਪਰਮੇਸ਼ੁਰ ਨੂੰ ਸੰਬੋਧਨ ਕਰਦੇ ਹੋਏ ਜ਼ਬੂਰਾਂ ਦੇ ਲਿਖਾਰੀ ਨੇ ਠੀਕ ਹੀ ਕਿਹਾ ਸੀ: ‘ਤੈਂ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਠਹਿਰਾਇਆ ਹੈ, ਉਨ੍ਹਾਲ ਅਰ ਸਿਆਲ ਨੂੰ ਤੈਂ ਹੀ ਬਣਾਇਆ ਹੈ।’ਜ਼ਬੂਰਾਂ ਦੀ ਪੋਥੀ 74:17. *

ਸੂਰਜ, ਚੰਦ ਅਤੇ ਤਾਰੇ ਇਨਸਾਨਾਂ ਨੂੰ ਮੌਸਮਾਂ ਦੇ ਬਦਲਣ ਦੇ ਸੰਕੇਤ ਦਿੰਦੇ ਹਨ। ਸਾਡੇ ਸੂਰਜ ਮੰਡਲ ਦੀ ਰਚਨਾ ਕਰਦੇ ਵੇਲੇ ਪਰਮੇਸ਼ੁਰ ਨੇ ਕਿਹਾ: “ਅਕਾਸ਼ ਦੇ ਅੰਬਰ ਵਿੱਚ ਜੋਤਾਂ ਹੋਣ ਤਾਂਜੋ . . . ਓਹ ਨਿਸ਼ਾਨਾਂ ਤੇ ਰੁੱਤਾਂ ਤੇ ਦਿਨਾਂ ਤੇ ਵਰਿਹਾਂ ਲਈ ਹੋਣ।” (ਉਤਪਤ 1:14) ਸੂਰਜ ਦੇ ਦੁਆਲੇ ਪਰਿਕਰਮਾ ਕਰਦੀ ਹੋਈ ਧਰਤੀ ਸਾਲ ਵਿਚ ਦੋ ਵਾਰ ਅਜਿਹੀਆਂ ਦੋ ਥਾਵਾਂ ਤੇ ਆਉਂਦੀ ਹੈ ਜਿੱਥੇ ਸੂਰਜ ਸਿੱਧਾ ਦੁਪਹਿਰ ਨੂੰ ਭੂਮੱਧ-ਰੇਖਾ ਤੇ ਦਿਖਾਈ ਦਿੰਦਾ ਹੈ। ਇਸ ਸਮੇਂ ਨੂੰ ਵਿਸ਼ੂਵੀ ਸਮਾਂ (equinox) ਕਿਹਾ ਜਾਂਦਾ ਹੈ ਅਤੇ ਕਈ ਦੇਸ਼ਾਂ ਵਿਚ ਇਹ ਸਮਾਂ ਬਸੰਤ ਅਤੇ ਪਤਝੜ ਦੇ ਸ਼ੁਰੂ ਹੋਣ ਦਾ ਸੰਕੇਤ ਦਿੰਦਾ ਹੈ। ਇਸ ਸਮੇਂ ਦੌਰਾਨ ਸਾਰੀ ਧਰਤੀ ਉੱਤੇ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ।

ਪਰ ਰੁੱਤਾਂ ਦੀ ਹੋਂਦ ਅਤੇ ਸ਼ੁਰੂਆਤ ਸਿਰਫ਼ ਧਰਤੀ ਦੀ ਪਰਿਕਰਮਾ ਕਰਕੇ ਹੀ ਨਹੀਂ ਹੁੰਦੀ। ਇਹ ਰੁੱਤਾਂ, ਜਲਵਾਯੂ ਅਤੇ ਪੌਣ-ਪਾਣੀ ਸਭ ਇਕ ਗੁੰਝਲਦਾਰ ਪ੍ਰਣਾਲੀ ਵਿਚ ਬੱਝੇ ਹੋਏ ਹਨ ਜੋ ਜ਼ਿੰਦਗੀ ਨੂੰ ਬਰਕਰਾਰ ਰੱਖਦੇ ਹਨ। ਇਕ ਵਾਰ ਏਸ਼ੀਆ ਮਾਈਨਰ ਵਿਚ ਮਸੀਹੀ ਰਸੂਲ ਪੌਲੁਸ ਅਤੇ ਉਸ ਦਾ ਸਾਥੀ ਬਰਨਬਾਸ ਲੋਕਾਂ ਨਾਲ ਗੱਲ ਕਰ ਰਹੇ ਸਨ ਜੋ ਖੇਤੀਬਾੜੀ ਬਾਰੇ ਜਾਣਦੇ ਸਨ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਪਰਮੇਸ਼ੁਰ ਹੀ ਹੈ ਜਿਸ ਨੇ ‘ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਸਾਨੂੰ ਦੇ ਕੇ ਸਾਡਿਆਂ ਮਨਾਂ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕੀਤਾ।’—ਰਸੂਲਾਂ ਦੇ ਕਰਤੱਬ 14:14-17.

ਪ੍ਰਕਾਸ਼-ਸੰਸ਼ਲੇਸ਼ਣ ਦੀ ਪ੍ਰਕ੍ਰਿਆ ਧਰਤੀ ਉਤਲੇ ਪੇੜ-ਪੌਦਿਆਂ ਅਤੇ ਸਮੁੰਦਰਾਂ ਵਿਚਲੇ ਸੂਖਮ ਪੌਦਿਆਂ ਦੇ ਵਧਣ-ਫੁੱਲਣ ਵਿਚ ਮਦਦ ਕਰਦੀ ਹੈ। ਇਸ ਕਾਰਨ ਹੀ ਰੁੱਤਾਂ ਅਤੇ ਵਾਤਾਵਰਣ ਦਾ ਬਨਸਪਤੀ ਤੇ ਜੀਵ-ਜੰਤੂਆਂ ਉੱਤੇ ਕਈ ਤਰੀਕਿਆਂ ਨਾਲ ਅਸਰ ਪੈਂਦਾ ਹੈ। ਪੌਲੁਸ ਨੇ ਇਨ੍ਹਾਂ ਸਭਨਾਂ ਗੱਲਾਂ ਦੇ ਪਿੱਛੇ ਯਹੋਵਾਹ ਦਾ ਹੱਥ ਹੋਣ ਸੰਬੰਧੀ ਕਿਹਾ: “ਜਿਹੜੀ ਭੋਂ ਉਸ ਵਰਖਾ ਨੂੰ ਜੋ ਉਸ ਉੱਤੇ ਵਾਰ ਵਾਰ ਪੈਂਦੀ ਹੈ ਪੀ ਗਈ ਅਤੇ ਜਿਨ੍ਹਾਂ ਲਈ ਵਾਹੀ ਜਾਂਦੀ ਹੈ ਉਨ੍ਹਾਂ ਦੇ ਜੋਗ ਸਾਗ ਪੱਤ ਉਗਾਉਂਦੀ ਹੈ ਉਹ ਨੂੰ ਪਰਮੇਸ਼ੁਰ ਤੋਂ ਵਰ ਮਿਲਦਾ ਹੈ।”—ਇਬਰਾਨੀਆਂ 6:7.

ਜੇ ਅਸੀਂ ਉਨ੍ਹਾਂ ਥਾਵਾਂ ਬਾਰੇ ਧਿਆਨ ਨਾਲ ਸੋਚੀਏ ਜਿੱਥੇ ਬਸੰਤ ਰੁੱਤ ਵਿਚ ਢੁਕਵਾਂ ਤਾਪਮਾਨ, ਵੱਡੇ ਦਿਨ, ਚੰਗੀ ਧੁੱਪ ਅਤੇ ਸਹੀ-ਸਹੀ ਮਾਤਰਾ ਵਿਚ ਵਰਖਾ ਹੁੰਦੀ ਹੈ, ਤਾਂ ਸਾਡੇ ਲਈ ਸ਼ਬਦ “ਵਰ” ਇਕ ਨਵਾਂ ਅਰਥ ਰੱਖਣ ਲੱਗਦਾ ਹੈ। ਫੁੱਲ ਖਿੜ ਜਾਂਦੇ ਹਨ, ਕੀੜੇ-ਮਕੌੜੇ ਆਪਣੇ ਟਿਕਾਣਿਆਂ ਵਿੱਚੋਂ ਬਾਹਰ ਨਿਕਲ ਆਉਂਦੇ ਹਨ ਤੇ ਪੇੜ-ਪੌਦਿਆਂ ਨੂੰ ਪਰਾਗਿਤ ਕਰਨ ਲੱਗਦੇ ਹਨ। ਪੰਛੀ (ਜਿਵੇਂ ਕਿ ਫੋਟੋ ਵਿਚ ਦਿਖਾਇਆ ਨੀਲ-ਕੰਠ) ਜੰਗਲਾਂ ਨੂੰ ਆਪਣੇ ਸ਼ੋਖ਼ ਰੰਗਾਂ ਅਤੇ ਆਪਣੀ ਮਧੁਰ ਆਵਾਜ਼ ਨਾਲ ਭਰ ਦਿੰਦੇ ਹਨ ਤੇ ਹਰ ਪਾਸਾ ਹੁਸੀਨ ਨਜ਼ਰ ਆਉਂਦਾ ਹੈ। ਜੀਵਨ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ਅਤੇ ਨਵੇਂ ਪੇੜ-ਪੌਦਿਆਂ ਦੇ ਉੱਗਣ ਅਤੇ ਜੀਵ-ਜੰਤੂਆਂ ਦੇ ਜੰਮਣ ਤੇ ਵਧਣ-ਫੁੱਲਣ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ। (ਸਰੇਸ਼ਟ ਗੀਤ 2:12, 13) ਫ਼ਸਲਾਂ ਵਧਣ-ਫੁੱਲਣ ਲੱਗਦੀਆਂ ਹਨ ਅਤੇ ਅਖ਼ੀਰ ਵਿਚ ਗਰਮੀਆਂ ਜਾਂ ਪਤਝੜ ਵਿਚ ਵਾਢੀ ਦਾ ਸਮਾਂ ਆ ਜਾਂਦਾ ਹੈ।—ਕੂਚ 23:16.

ਧਰਤੀ ਦੇ ਧੁਰੇ ਨੂੰ ਝੁਕਾ ਕੇ ਅਤੇ ਸਾਡੇ ਲਈ ਦਿਨ-ਰਾਤ, ਰੁੱਤਾਂ ਅਤੇ ਬੀਜਣ-ਵੱਢਣ ਦੇ ਸਮਿਆਂ ਨੂੰ ਠਹਿਰਾ ਕੇ ਯਹੋਵਾਹ ਨੇ ਆਪਣੇ ਕੰਮਾਂ ਦੀ ਸ਼ਾਨ ਜ਼ਾਹਰ ਕੀਤੀ ਹੈ। ਸਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਗਰਮੀਆਂ ਤੋਂ ਬਾਅਦ ਸਰਦੀਆਂ ਦੀ ਰੁੱਤ ਆਵੇਗੀ। ਦਰਅਸਲ ਪਰਮੇਸ਼ੁਰ ਨੇ ਹੀ ਵਾਅਦਾ ਕੀਤਾ ਸੀ: “ਧਰਤੀ ਦੇ ਸਾਰੇ ਦਿਨਾਂ ਤੀਕ ਬੀਜਣ ਅਰ ਵੱਢਣ, ਪਾਲਾ ਅਰ ਧੁੱਪ, ਹਾੜੀ ਅਰ ਸਾਉਣੀ ਅਤੇ ਦਿਨ ਰਾਤ ਨਹੀਂ ਮੁੱਕਣਗੇ।”—ਉਤਪਤ 8:22.

[ਫੁਟਨੋਟ]

^ ਪੈਰਾ 6 ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਕਲੰਡਰ 2004, ਜੁਲਾਈ/ਅਗਸਤ ਦੇਖੋ।

[ਡੱਬੀ/ਸਫ਼ੇ 9 ਉੱਤੇ ਤਸਵੀਰ]

ਜ਼ਿੰਦਗੀ ਲਈ ਜ਼ਰੂਰੀ ਇਕ ਉਪਗ੍ਰਹਿ

ਜੁਗਾਂ ਤੋਂ ਚੰਨ ਨੇ ਇਨਸਾਨਾਂ ਨੂੰ ਕੁਝ ਨਾ ਕੁਝ ਕਰਨ ਦੀ ਪ੍ਰੇਰਣਾ ਦਿੱਤੀ ਹੈ ਤੇ ਉਨ੍ਹਾਂ ਨੂੰ ਹੈਰਾਨੀ ਵਿਚ ਪਾਇਆ ਹੈ। ਕੀ ਤੁਹਾਨੂੰ ਪਤਾ ਕਿ ਰੁੱਤਾਂ ਦੇ ਬਦਲਣ ਪਿੱਛੇ ਚੰਨ ਅਹਿਮ ਭੂਮਿਕਾ ਨਿਭਾਉਂਦਾ ਹੈ? ਚੰਨ ਕਰਕੇ ਹੀ ਧਰਤੀ ਆਪਣੇ ਧੁਰੇ ਤੇ ਝੁਕੀ ਰਹਿੰਦੀ ਹੈ। ਵਿਗਿਆਨਕ ਕਿਤਾਬਾਂ ਦਾ ਲਿਖਾਰੀ ਐਂਡਰੂ ਹਿਲ ਕਹਿੰਦਾ ਹੈ ਕਿ ਇਸ ਕਰਕੇ ‘ਧਰਤੀ ਉੱਤੇ ਅਜਿਹੀਆਂ ਹਾਲਤਾਂ ਪੈਦਾ ਹੁੰਦੀਆਂ ਹਨ ਜੋ ਜੀਵਨ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹਨ।’ ਜੇ ਚੰਨ ਵਰਗਾ ਵੱਡਾ ਸਾਰਾ ਕੁਦਰਤੀ ਉਪਗ੍ਰਹਿ ਸਾਡੇ ਗ੍ਰਹਿ ਦੇ ਧੁਰੇ ਦੇ ਝੁਕਾਅ ਨੂੰ ਬਰਕਰਾਰ ਨਾ ਰੱਖਦਾ, ਤਾਂ ਧਰਤੀ ਉੱਤੇ ਤਾਪਮਾਨ ਬਹੁਤ ਵਧ ਜਾਣਾ ਸੀ ਜਿਸ ਕਰਕੇ ਧਰਤੀ ਉੱਤੇ ਜੀਉਣਾ ਨਾਮੁਮਕਿਨ ਹੁੰਦਾ। ਇਸ ਲਈ ਖਗੋਲ-ਵਿਗਿਆਨੀਆਂ ਦੀ ਇਕ ਟੀਮ ਨੇ ਕਿਹਾ: ‘ਇਸ ਲਈ ਚੰਨ ਨੂੰ ਧਰਤੀ ਦੇ ਤਾਪਮਾਨ ਨੂੰ ਕੰਟ੍ਰੋਲ ਵਿਚ ਰੱਖਣ ਵਾਲਾ ਵਧੀਆ ਰੇਗੂਲੇਟਰ ਕਿਹਾ ਜਾ ਸਕਦਾ ਹੈ।’—ਜ਼ਬੂਰਾਂ ਦੀ ਪੋਥੀ 104:19.

[ਕ੍ਰੈਡਿਟ ਲਾਈਨ]

Moon: U.S. Fish & Wildlife Service, Washington, D.C./Bart O’Gara

[ਸਫ਼ੇ 9 ਉੱਤੇ ਤਸਵੀਰ]

ਊਠ, ਉੱਤਰੀ ਅਫ਼ਰੀਕਾ ਅਤੇ ਅਰਬੀ ਪ੍ਰਾਇਦੀਪ