Skip to content

Skip to table of contents

ਕੀ ਤੁਸੀਂ “ਯਹੋਵਾਹ ਦੀ ਬਿਵਸਥਾ” ਪੜ੍ਹ ਕੇ ਖ਼ੁਸ਼ ਹੁੰਦੇ ਹੋ?

ਕੀ ਤੁਸੀਂ “ਯਹੋਵਾਹ ਦੀ ਬਿਵਸਥਾ” ਪੜ੍ਹ ਕੇ ਖ਼ੁਸ਼ ਹੁੰਦੇ ਹੋ?

ਕੀ ਤੁਸੀਂਯਹੋਵਾਹ ਦੀ ਬਿਵਸਥਾ” ਪੜ੍ਹ ਕੇ ਖ਼ੁਸ਼ ਹੁੰਦੇ ਹੋ?

‘ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ ਹੈ।’—ਜ਼ਬੂਰਾਂ ਦੀ ਪੋਥੀ 1:1, 2.

1. ਯਹੋਵਾਹ ਦੇ ਸੇਵਕ ਹੋਣ ਕਰਕੇ ਅਸੀਂ ਖ਼ੁਸ਼ ਕਿਉਂ ਹਾਂ?

ਯਹੋਵਾਹ ਸਾਡੀ ਮਦਦ ਕਰਦਾ ਹੈ ਅਤੇ ਸਾਨੂੰ ਬਰਕਤਾਂ ਦਿੰਦਾ ਹੈ ਕਿਉਂਕਿ ਅਸੀਂ ਉਸ ਦੇ ਵਫ਼ਾਦਾਰ ਸੇਵਕ ਹਾਂ। ਇਹ ਸੱਚ ਹੈ ਕਿ ਉਸ ਦੀ ਸੇਵਾ ਕਰਦਿਆਂ ਅਸੀਂ ਕਈ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ। ਪਰ ਸਾਨੂੰ ਸੱਚੀ ਖ਼ੁਸ਼ੀ ਵੀ ਮਿਲਦੀ ਹੈ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਅਸੀਂ “ਪਰਮਧੰਨ ਪਰਮੇਸ਼ੁਰ” ਯਾਨੀ ਖ਼ੁਸ਼ਦਿਲ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਅਤੇ ਉਸ ਦੀ ਪਵਿੱਤਰ ਆਤਮਾ ਸਾਡੇ ਦਿਲਾਂ ਵਿਚ ਆਨੰਦ ਪੈਦਾ ਕਰਦੀ ਹੈ। (1 ਤਿਮੋਥਿਉਸ 1:11; ਗਲਾਤੀਆਂ 5:22) ਆਨੰਦ ਉਹ ਸੱਚੀ ਖ਼ੁਸ਼ੀ ਹੈ ਜੋ ਕਿਸੇ ਚੰਗੀ ਚੀਜ਼ ਦੀ ਉਮੀਦ ਹੋਣ ਜਾਂ ਉਸ ਨੂੰ ਹਾਸਲ ਕਰਨ ਨਾਲ ਮਿਲਦੀ ਹੈ। ਸਾਡਾ ਸਵਰਗੀ ਪਿਤਾ ਸਾਨੂੰ ਚੰਗੇ ਦਾਨ ਦਿੰਦਾ ਹੈ। (ਯਾਕੂਬ 1:17) ਇਸ ਲਈ ਸਾਡੇ ਕੋਲ ਖ਼ੁਸ਼ ਹੋਣ ਦੇ ਕਈ ਕਾਰਨ ਹਨ।

2. ਅਸੀਂ ਕਿਹੜੇ ਜ਼ਬੂਰਾਂ ਉੱਤੇ ਚਰਚਾ ਕਰਾਂਗੇ?

2 ਜ਼ਬੂਰਾਂ ਦੀ ਪੋਥੀ ਵਿਚ ਖ਼ੁਸ਼ੀ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ। ਮਿਸਾਲ ਲਈ, ਪਹਿਲੇ ਦੋ ਜ਼ਬੂਰਾਂ ਵੱਲ ਧਿਆਨ ਦਿਓ। ਯਿਸੂ ਮਸੀਹ ਦੇ ਮੁਢਲੇ ਚੇਲਿਆਂ ਮੁਤਾਬਕ, ਦੂਜੇ ਜ਼ਬੂਰ ਦਾ ਲਿਖਾਰੀ ਇਸਰਾਏਲ ਦਾ ਰਾਜਾ ਦਾਊਦ ਸੀ। (ਰਸੂਲਾਂ ਦੇ ਕਰਤੱਬ 4:25, 26) ਪਹਿਲੇ ਜ਼ਬੂਰ ਦਾ ਗੁਮਨਾਮ ਲਿਖਾਰੀ ਇਨ੍ਹਾਂ ਸ਼ਬਦਾਂ ਨਾਲ ਭਜਨ ਲਿਖਣਾ ਸ਼ੁਰੂ ਕਰਦਾ ਹੈ: “ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ।” (ਜ਼ਬੂਰਾਂ ਦੀ ਪੋਥੀ 1:1) ਆਓ ਆਪਾਂ ਇਸ ਪਹਿਲੇ ਤੇ ਅਗਲੇ ਲੇਖ ਵਿਚ ਦੇਖੀਏ ਕਿ ਪਹਿਲੇ ਦੋ ਜ਼ਬੂਰਾਂ ਵਿਚ ਖ਼ੁਸ਼ ਹੋਣ ਦੇ ਕਿਹੜੇ ਕਾਰਨ ਦਿੱਤੇ ਗਏ ਹਨ।

ਖ਼ੁਸ਼ੀ ਦਾ ਰਾਜ਼

3. ਜ਼ਬੂਰਾਂ ਦੀ ਪੋਥੀ 1:1 ਦੇ ਅਨੁਸਾਰ ਪਰਮੇਸ਼ੁਰ ਦੀ ਬਿਵਸਥਾ ਉੱਤੇ ਚੱਲਣ ਵਾਲਾ ਵਿਅਕਤੀ ਕਿਹੜੇ ਕਾਰਨਾਂ ਕਰਕੇ ਖ਼ੁਸ਼ ਹੈ?

3 ਪਹਿਲੇ ਜ਼ਬੂਰ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੀ ਬਿਵਸਥਾ ਉੱਤੇ ਚੱਲਣ ਵਾਲਾ ਵਿਅਕਤੀ ਕਿਉਂ ਖ਼ੁਸ਼ ਹੈ। ਇਸ ਦੇ ਲਿਖਾਰੀ ਨੇ ਖ਼ੁਸ਼ੀ ਦੇ ਕੁਝ ਕਾਰਨਾਂ ਬਾਰੇ ਗਾ ਕੇ ਦੱਸਿਆ: “ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ, ਅਤੇ ਨਾ ਮਖ਼ੋਲੀਆਂ ਦੀ ਜੁੰਡੀ ਵਿੱਚ ਬਹਿੰਦਾ ਹੈ।”—ਜ਼ਬੂਰਾਂ ਦੀ ਪੋਥੀ 1:1.

4. ਜ਼ਕਰਯਾਹ ਅਤੇ ਇਲੀਸਬਤ ਨੇ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ?

4 ਯਹੋਵਾਹ ਦੇ ਧਰਮੀ ਮਿਆਰਾਂ ਤੇ ਚੱਲ ਕੇ ਹੀ ਸਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ। ਜ਼ਕਰਯਾਹ ਅਤੇ ਇਲੀਸਬਤ ਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਮਾਪੇ ਬਣਨ ਦਾ ਮਾਣ ਬਖ਼ਸ਼ਿਆ ਗਿਆ ਸੀ। ਉਹ ਦੋਵੇਂ “ਪਰਮੇਸ਼ੁਰ ਦੇ ਅੱਗੇ ਧਰਮੀ ਸਨ ਅਰ ਪ੍ਰਭੁ ਦੇ ਸਾਰੇ ਹੁਕਮਾਂ ਅਤੇ ਬਿਧਾਂ ਤੇ ਨਿਰਦੋਖ ਚੱਲਦੇ ਸਨ।” (ਲੂਕਾ 1:5, 6) ਜੇ ਅਸੀਂ ਉਨ੍ਹਾਂ ਵਾਂਗ ਕਰੀਏ ਅਤੇ “ਦੁਸ਼ਟਾਂ ਦੀ ਮੱਤ” ਜਾਂ ਗ਼ਲਤ ਸਲਾਹ ਤੇ ਨਾ ਚੱਲੀਏ, ਤਾਂ ਸਾਨੂੰ ਵੀ ਸੱਚੀ ਖ਼ੁਸ਼ੀ ਮਿਲ ਸਕਦੀ ਹੈ।

5. “ਪਾਪੀਆਂ ਦੇ ਰਾਹ” ਤੇ ਚੱਲਣ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ?

5 ‘ਪਾਪੀਆਂ ਦੇ ਰਾਹ ਵਿੱਚ ਨਾ ਖੜੇ’ ਹੋਣ ਦਾ ਮਤਲਬ ਹੈ ਕਿ ਅਸੀਂ ਦੁਸ਼ਟਾਂ ਦੀ ਸੋਚਣੀ ਮੁਤਾਬਕ ਨਹੀਂ ਚੱਲਾਂਗੇ। ਦਰਅਸਲ, ਅਸੀਂ ਉਨ੍ਹਾਂ ਥਾਵਾਂ ਤੇ ਨਹੀਂ ਜਾਵਾਂਗੇ ਜਿੱਥੇ ਅਕਸਰ ਪਾਪੀ ਜਾਂਦੇ ਹਨ ਕਿਉਂਕਿ ਇਹ ਥਾਵਾਂ ਗੰਦੇ ਮਨੋਰੰਜਨ ਜਾਂ ਗ਼ਲਤ ਕੰਮਾਂ ਕਰਕੇ ਬਦਨਾਮ ਹੁੰਦੀਆਂ ਹਨ। ਪਰ ਜੇ ਇਨ੍ਹਾਂ ਪਾਪੀਆਂ ਦੇ ਗ਼ਲਤ ਕੰਮਾਂ ਵਿਚ ਹਿੱਸਾ ਲੈਣ ਲਈ ਸਾਡਾ ਜੀ ਕਰੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਉਦੋਂ ਸਾਨੂੰ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਅਨੁਸਾਰ ਚੱਲ ਸਕੀਏ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਯਾ ਚਾਨਣ ਦਾ ਅਨ੍ਹੇਰੇ ਨਾਲ ਕੀ ਮੇਲ ਹੈ?” (2 ਕੁਰਿੰਥੀਆਂ 6:14) ਜੇ ਅਸੀਂ ਪਰਮੇਸ਼ੁਰ ਤੇ ਭਰੋਸਾ ਰੱਖਦੇ ਹਾਂ ਅਤੇ “ਸ਼ੁੱਧਮਨ” ਵਾਲੇ ਹਾਂ, ਤਾਂ ਅਸੀਂ ਪਾਪੀਆਂ ਵਰਗੇ ਬਣਨ ਦੀ ਕੋਸ਼ਿਸ਼ ਨਹੀਂ ਕਰਾਂਗੇ ਅਤੇ ਨਾ ਹੀ ਉਨ੍ਹਾਂ ਦੇ ਜੀਉਣ ਦੇ ਤੌਰ-ਤਰੀਕਿਆਂ ਨੂੰ ਅਪਣਾਵਾਂਗੇ। ਸਾਡੇ ਉਦੇਸ਼ ਅਤੇ ਇੱਛਾਵਾਂ ਸ਼ੁੱਧ ਹੋਣ ਦੇ ਨਾਲ-ਨਾਲ ਸਾਡੀ “ਨਿਹਚਾ” ਵੀ ਸੱਚੀ ਹੋਵੇਗੀ।—ਮੱਤੀ 5:8; 1 ਤਿਮੋਥਿਉਸ 1:5.

6. ਸਾਨੂੰ ਮਖ਼ੌਲੀਆਂ ਤੋਂ ਬਚ ਕੇ ਕਿਉਂ ਰਹਿਣਾ ਚਾਹੀਦਾ ਹੈ?

6 ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਅਸੀਂ “ਮਖ਼ੋਲੀਆਂ ਦੀ ਜੁੰਡੀ ਵਿੱਚ” ਨਹੀਂ ਬੈਠਾਂਗੇ। ਕੁਝ ਲੋਕ ਧਰਮੀ ਅਸੂਲਾਂ ਮੁਤਾਬਕ ਚੱਲਣ ਵਾਲਿਆਂ ਦਾ ਮਖੌਲ ਉਡਾਉਂਦੇ ਹਨ। ਪਰ ਅਜਿਹੇ ਲੋਕਾਂ ਨਾਲੋਂ ਵੀ ਭੈੜੇ ਉਹ ਧਰਮ-ਤਿਆਗੀ ਹਨ ਜੋ ਪਹਿਲਾਂ ਸੱਚੇ ਮਸੀਹੀ ਹੁੰਦੇ ਸਨ। ਇਨ੍ਹਾਂ “ਅੰਤ ਦੇ ਦਿਨਾਂ” ਵਿਚ ਇਹ ਧਰਮ-ਤਿਆਗੀ ਸੱਚੇ ਮਸੀਹੀਆਂ ਨੂੰ ਤੁੱਛ ਸਮਝਦੇ ਹਨ ਤੇ ਉਨ੍ਹਾਂ ਦਾ ਅਕਸਰ ਮਖੌਲ ਉਡਾਉਂਦੇ ਹਨ। ਪਤਰਸ ਰਸੂਲ ਨੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਚੇਤਾਵਨੀ ਦਿੱਤੀ ਸੀ: “ਹੇ ਪਿਆਰਿਓ, . . . ਪਹਿਲਾਂ ਤੁਸੀਂ ਇਹ ਜਾਣਦੇ ਹੋ ਭਈ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ। ਅਤੇ ਆਖਣਗੇ ਭਈ ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ।” (2 ਪਤਰਸ 3:1-4) ਜੇ ਅਸੀਂ ਕਦੇ ਵੀ “ਮਖ਼ੋਲੀਆਂ ਦੀ ਜੁੰਡੀ ਵਿੱਚ” ਨਾ ਬੈਠੀਏ, ਤਾਂ ਅਸੀਂ ਉਨ੍ਹਾਂ ਉੱਤੇ ਆਉਣ ਵਾਲੀ ਤਬਾਹੀ ਤੋਂ ਬਚੇ ਰਹਾਂਗੇ।—ਕਹਾਉਤਾਂ 1:22-27.

7. ਜ਼ਬੂਰਾਂ ਦੀ ਪੋਥੀ 1:1 ਦੇ ਸ਼ਬਦਾਂ ਵੱਲ ਸਾਨੂੰ ਕਿਉਂ ਧਿਆਨ ਦੇਣਾ ਚਾਹੀਦਾ ਹੈ?

7 ਜੇ ਅਸੀਂ ਜ਼ਬੂਰਾਂ ਦੀ ਪੋਥੀ 1:1 ਦੇ ਸ਼ਬਦਾਂ ਵੱਲ ਧਿਆਨ ਨਾ ਦਿੱਤਾ, ਤਾਂ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ ਜੋ ਅਸੀਂ ਬਾਈਬਲ ਦਾ ਅਧਿਐਨ ਕਰ ਕੇ ਪੈਦਾ ਕੀਤੀ ਹੈ। ਇਹ ਨਿਹਚਾ ਇਕਦਮ ਨਹੀਂ, ਸਗੋਂ ਹੌਲੀ-ਹੌਲੀ ਕਮਜ਼ੋਰ ਹੁੰਦੀ ਹੈ ਤੇ ਅਖ਼ੀਰ ਮਰ ਵੀ ਸਕਦੀ ਹੈ। ਕਿਸ ਤਰ੍ਹਾਂ? ਸਾਡੀ ਨਿਹਚਾ ਸ਼ਾਇਦ ਉਸੇ ਵੇਲੇ ਕਮਜ਼ੋਰ ਹੋਣ ਲੱਗ ਪਵੇ ਜਦੋਂ ਅਸੀਂ ਦੁਸ਼ਟ ਦੀ ਸਲਾਹ ਤੇ ਚੱਲਣਾ ਸ਼ੁਰੂ ਹੀ ਕਰਦੇ ਹਾਂ। ਫਿਰ ਅਸੀਂ ਸ਼ਾਇਦ ਉਨ੍ਹਾਂ ਦੁਸ਼ਟਾਂ ਨੂੰ ਬਾਕਾਇਦਾ ਮਿਲਣ-ਗਿਲਣ ਲੱਗ ਪਈਏ। ਹੌਲੀ-ਹੌਲੀ ਅਸੀਂ ਕੁਰਾਹੇ ਪੈ ਕੇ ਸੱਚਾਈ ਦੇ ਰਾਹ ਦੀ ਨਿੰਦਿਆ ਵੀ ਕਰਨ ਲੱਗ ਸਕਦੇ ਹਾਂ। ਜੀ ਹਾਂ, ਦੁਸ਼ਟਾਂ ਨਾਲ ਦੋਸਤੀ ਕਰਨ ਨਾਲ ਸਾਡੇ ਅੰਦਰੋਂ ਭਗਤੀਭਾਵ ਮਿਟ ਸਕਦਾ ਹੈ ਅਤੇ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਖ਼ਤਮ ਹੋ ਸਕਦਾ ਹੈ। (1 ਕੁਰਿੰਥੀਆਂ 15:33; ਯਾਕੂਬ 4:4) ਆਓ ਆਪਾਂ ਕਦੇ ਵੀ ਆਪਣੇ ਨਾਲ ਇਸ ਤਰ੍ਹਾਂ ਨਾ ਹੋਣ ਦੇਈਏ!

8. ਪਰਮੇਸ਼ੁਰੀ ਗੱਲਾਂ ਤੇ ਧਿਆਨ ਲਾਈ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

8 ਪਰਮੇਸ਼ੁਰ ਦੀਆਂ ਗੱਲਾਂ ਉੱਤੇ ਧਿਆਨ ਲਾਈ ਰੱਖਣ ਅਤੇ ਬੁਰੇ ਲੋਕਾਂ ਵੱਲ ਦੋਸਤੀ ਦਾ ਹੱਥ ਨਾ ਵਧਾਉਣ ਵਿਚ ਪ੍ਰਾਰਥਨਾ ਸਾਡੀ ਮਦਦ ਕਰੇਗੀ। ਪੌਲੁਸ ਨੇ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” ਪੌਲੁਸ ਨੇ ਕਿਹਾ ਕਿ ਸਾਨੂੰ ਉਨ੍ਹਾਂ ਗੱਲਾਂ ਤੇ ਧਿਆਨ ਲਾਉਣਾ ਚਾਹੀਦਾ ਹੈ ਜੋ ਸੱਚੀਆਂ, ਆਦਰਯੋਗ, ਯਥਾਰਥ, ਸ਼ੁੱਧ, ਸੁਹਾਵਣੀਆਂ, ਗੁਣਕਾਰੀ, ਨੇਕਨਾਮੀ ਤੇ ਸ਼ੋਭਾ ਦੀਆਂ ਹਨ। (ਫ਼ਿਲਿੱਪੀਆਂ 4:6-8) ਆਓ ਆਪਾਂ ਪੌਲੁਸ ਦੀ ਸਲਾਹ ਅਨੁਸਾਰ ਚੱਲੀਏ ਅਤੇ ਕਦੇ ਵੀ ਦੁਸ਼ਟਾਂ ਦੇ ਰਾਹ ਨਾ ਪਈਏ।

9. ਹਾਲਾਂਕਿ ਅਸੀਂ ਬੁਰੇ ਕੰਮਾਂ ਤੋਂ ਦੂਰ ਰਹਿੰਦੇ ਹਾਂ, ਪਰ ਅਸੀਂ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਿਵੇਂ ਕਰਦੇ ਹਾਂ?

9 ਹਾਲਾਂਕਿ ਅਸੀਂ ਬੁਰੇ ਕੰਮਾਂ ਨਾਲ ਨਫ਼ਰਤ ਕਰਦੇ ਹਾਂ, ਪਰ ਅਸੀਂ ਬੁਰੇ ਕੰਮ ਕਰਨ ਵਾਲਿਆਂ ਨੂੰ ਸਮਝਦਾਰੀ ਨਾਲ ਗਵਾਹੀ ਦਿੰਦੇ ਹਾਂ ਜਿਵੇਂ ਪੌਲੁਸ ਰਸੂਲ ਨੇ ਵੀ ਰੋਮੀ ਹਾਕਮ ਫ਼ੇਲਿਕਸ ਨਾਲ “ਧਾਰਮਿਕਤਾ, ਆਪਾ ਕਾਬੂ ਅਤੇ ਆਉਣ ਵਾਲੇ ਦੰਡ” ਬਾਰੇ ਗੱਲ ਕੀਤੀ ਸੀ। (ਚੇਲਿਆਂ ਦੇ ਕਰਤੱਵ 24:24, 25, ਪਵਿੱਤਰ ਬਾਈਬਲ ਨਵਾਂ ਅਨੁਵਾਦ; ਕੁਲੁੱਸੀਆਂ 4:6) ਅਸੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੱਸਦੇ ਹਾਂ ਅਤੇ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਾਂ। ਸਾਨੂੰ ਪੂਰਾ ਯਕੀਨ ਹੈ ਕਿ ਸਦੀਪਕ ਜੀਵਨ ਹਾਸਲ ਕਰਨ ਲਈ ਸਹੀ ਮਨੋਬਿਰਤੀ ਰੱਖਣ ਵਾਲੇ ਲੋਕ ਸੱਚਾਈ ਨੂੰ ਸਵੀਕਾਰ ਕਰਨਗੇ ਅਤੇ ਪਰਮੇਸ਼ੁਰ ਦੀ ਬਿਵਸਥਾ ਪੜ੍ਹ ਕੇ ਖ਼ੁਸ਼ ਹੋਣਗੇ।—ਰਸੂਲਾਂ ਦੇ ਕਰਤੱਬ 13:48.

ਉਹ ਪਰਮੇਸ਼ੁਰ ਦੀ ਬਿਵਸਥਾ ਵਿਚ ਮਗਨ ਰਹਿੰਦਾ ਹੈ

10. ਨਿੱਜੀ ਅਧਿਐਨ ਕਰਨ ਵੇਲੇ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਪੜ੍ਹੀਆਂ ਗੱਲਾਂ ਸਾਡੇ ਦਿਲਾਂ-ਦਿਮਾਗ਼ਾਂ ਵਿਚ ਬੈਠ ਜਾਣ?

10 ਖ਼ੁਸ਼ ਰਹਿਣ ਵਾਲੇ ਇਨਸਾਨ ਬਾਰੇ ਜ਼ਬੂਰ ਵਿਚ ਅੱਗੇ ਕਿਹਾ ਗਿਆ ਹੈ: “ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।” (ਜ਼ਬੂਰਾਂ ਦੀ ਪੋਥੀ 1:2) ਪਰਮੇਸ਼ੁਰ ਦੇ ਸੇਵਕ ਹੋਣ ਕਰਕੇ ਅਸੀਂ “ਯਹੋਵਾਹ ਦੀ ਬਿਵਸਥਾ ਵਿੱਚ ਮਗਨ” ਰਹਿੰਦੇ ਹਾਂ ਯਾਨੀ ਬਾਈਬਲ ਪੜ੍ਹ ਕੇ ਖ਼ੁਸ਼ ਹੁੰਦੇ ਹਾਂ। ਜਦੋਂ ਵੀ ਮੁਮਕਿਨ ਹੋਵੇ, ਅਸੀਂ ਨਿੱਜੀ ਅਧਿਐਨ ਕਰਦੇ ਸਮੇਂ ਆਇਤਾਂ ਉੱਤੇ ‘ਧਿਆਨ ਕਰ’ ਸਕਦੇ ਹਾਂ ਯਾਨੀ ਮਨ ਵਿਚ ਪੜ੍ਹਨ ਦੀ ਬਜਾਇ ਅਸੀਂ ਬਾਈਬਲ ਨੂੰ ਹੌਲੀ ਆਵਾਜ਼ ਵਿਚ ਪੜ੍ਹ ਸਕਦੇ ਹਾਂ। ਇਸ ਤਰੀਕੇ ਨਾਲ ਪੜ੍ਹਨ ਨਾਲ ਬਾਈਬਲ ਦੀਆਂ ਗੱਲਾਂ ਸਾਡੇ ਦਿਲਾਂ-ਦਿਮਾਗ਼ਾਂ ਵਿਚ ਬੈਠ ਜਾਣਗੀਆਂ।

11. ਸਾਨੂੰ “ਦਿਨ ਰਾਤ” ਬਾਈਬਲ ਕਿਉਂ ਪੜ੍ਹਨੀ ਚਾਹੀਦੀ ਹੈ?

11 “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨ ਦੀ ਹੱਲਾਸ਼ੇਰੀ ਦਿੱਤੀ ਹੈ। (ਮੱਤੀ 24:45) ਜੇ ਅਸੀਂ ਇਨਸਾਨਾਂ ਨੂੰ ਦਿੱਤੇ ਯਹੋਵਾਹ ਦੇ ਬਚਨ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣ ਦੀ ਡੂੰਘੀ ਇੱਛਾ ਰੱਖਦੇ ਹਾਂ, ਤਾਂ ਚੰਗਾ ਹੋਵੇਗਾ ਕਿ ਅਸੀਂ “ਦਿਨ ਰਾਤ” ਇਸ ਨੂੰ ਪੜ੍ਹੀਏ। ਜੀ ਹਾਂ, ਅਸੀਂ ਰਾਤ ਨੂੰ ਵੀ ਬਾਈਬਲ ਪੜ੍ਹ ਸਕਦੇ ਹਾਂ ਜਦੋਂ ਕਿਸੇ ਵਜ੍ਹਾ ਕਾਰਨ ਸਾਨੂੰ ਨੀਂਦ ਨਹੀਂ ਆਉਂਦੀ। ਪਤਰਸ ਨੇ ਸਾਨੂੰ ਤਾਕੀਦ ਕੀਤੀ: “ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਭਈ ਤੁਸੀਂ ਓਸ ਨਾਲ ਮੁਕਤੀ ਲਈ ਵਧਦੇ ਜਾਓ।” (1 ਪਤਰਸ 2:1, 2) ਕੀ ਤੁਸੀਂ ਰੋਜ਼ ਬਾਈਬਲ ਪੜ੍ਹ ਕੇ ਖ਼ੁਸ਼ ਹੁੰਦੇ ਹੋ ਅਤੇ ਰਾਤ ਨੂੰ ਪਰਮੇਸ਼ੁਰ ਦੇ ਬਚਨ ਅਤੇ ਉਸ ਦੇ ਮਕਸਦਾਂ ਉੱਤੇ ਮਨਨ ਕਰਦੇ ਹੋ? ਜ਼ਬੂਰਾਂ ਦਾ ਲਿਖਾਰੀ ਇਸੇ ਤਰ੍ਹਾਂ ਕਰਦਾ ਸੀ।—ਜ਼ਬੂਰਾਂ ਦੀ ਪੋਥੀ 63:6.

12. ਜੇ ਅਸੀਂ ਯਹੋਵਾਹ ਦਾ ਬਚਨ ਪੜ੍ਹ ਕੇ ਖ਼ੁਸ਼ ਹੁੰਦੇ ਹਾਂ, ਤਾਂ ਅਸੀਂ ਕੀ ਕਰਾਂਗੇ?

12 ਸਾਡੀ ਖ਼ੁਸ਼ੀ ਹਮੇਸ਼ਾ ਲਈ ਬਰਕਰਾਰ ਰਹੇਗੀ ਜੇ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਵਿਚ ਮਗਨ ਰਹਾਂਗੇ। ਜੀ ਹਾਂ, ਇਹ ਬਚਨ ਖਰਾ ਹੈ ਅਤੇ ਇਸ ਨੂੰ ਮੰਨਣ ਨਾਲ ਵੱਡਾ ਲਾਭ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 19:7-11) ਯਾਕੂਬ ਨੇ ਲਿਖਿਆ: “ਜਿਹ ਨੇ ਪੂਰੀ ਸ਼ਰਾ ਨੂੰ ਅਰਥਾਤ ਅਜ਼ਾਦੀ ਦੀ ਸ਼ਰਾ ਨੂੰ ਗੌਹ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ ਸਗੋਂ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧੰਨ ਹੋਵੇਗਾ।” (ਯਾਕੂਬ 1:25) ਜੇ ਅਸੀਂ ਸੱਚ-ਮੁੱਚ ਯਹੋਵਾਹ ਦੀ ਬਿਵਸਥਾ ਪੜ੍ਹ ਕੇ ਖ਼ੁਸ਼ ਹੁੰਦੇ ਹਾਂ, ਤਾਂ ਸਾਡਾ ਕੋਈ ਵੀ ਦਿਨ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਸੋਚ-ਵਿਚਾਰ ਕੀਤਿਆਂ ਨਹੀਂ ਲੰਘੇਗਾ। ਅਸੀਂ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ” ਕਰਨ ਲਈ ਪ੍ਰੇਰਿਤ ਹੋਵਾਂਗੇ ਅਤੇ ਪਰਮੇਸ਼ੁਰ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦੇਵਾਂਗੇ।—1 ਕੁਰਿੰਥੀਆਂ 2:10-13; ਮੱਤੀ 6:33.

ਉਹ ਬਿਰਛ ਵਰਗਾ ਹੁੰਦਾ ਹੈ

13-15. ਅਸੀਂ ਕਿਸ ਅਰਥ ਵਿਚ ਬਹੁਤ ਸਾਰੇ ਪਾਣੀ ਦੇ ਨੇੜੇ ਲਾਏ ਬਿਰਛ ਵਰਗੇ ਹੋ ਸਕਦੇ ਹਾਂ?

13 ਜ਼ਬੂਰ ਵਿਚ ਅੱਗੇ ਧਰਮੀ ਇਨਸਾਨ ਦਾ ਵਰਣਨ ਇਸ ਤਰ੍ਹਾਂ ਕੀਤਾ ਗਿਆ ਹੈ: “ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।” (ਜ਼ਬੂਰਾਂ ਦੀ ਪੋਥੀ 1:3) ਯਹੋਵਾਹ ਦੇ ਭਗਤਾਂ ਨੂੰ ਵੀ ਹੋਰਨਾਂ ਇਨਸਾਨਾਂ ਦੀ ਤਰ੍ਹਾਂ ਕਈ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। (ਅੱਯੂਬ 14:1) ਸਾਨੂੰ ਆਪਣੀ ਨਿਹਚਾ ਕਾਰਨ ਸਤਾਹਟਾਂ ਅਤੇ ਹੋਰਨਾਂ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। (ਮੱਤੀ 5:10-12) ਪਰ ਜਿਸ ਤਰ੍ਹਾਂ ਇਕ ਮਜ਼ਬੂਤ ਬਿਰਛ ਤੂਫ਼ਾਨੀ ਹਵਾਵਾਂ ਨੂੰ ਸਹਿ ਲੈਂਦਾ ਹੈ, ਉਸੇ ਤਰ੍ਹਾਂ ਅਸੀਂ ਵੀ ਪਰਮੇਸ਼ੁਰ ਦੀ ਮਦਦ ਨਾਲ ਇਨ੍ਹਾਂ ਅਜ਼ਮਾਇਸ਼ਾਂ ਨੂੰ ਕਾਮਯਾਬੀ ਨਾਲ ਸਹਿ ਸਕਦੇ ਹਾਂ।

14 ਜੋ ਦਰਖ਼ਤ ਅਜਿਹੀ ਥਾਂ ਤੇ ਲਾਇਆ ਜਾਂਦਾ ਹੈ ਜਿੱਥੇ ਹਮੇਸ਼ਾ ਪਾਣੀ ਰਹਿੰਦਾ ਹੈ, ਉਹ ਦਰਖ਼ਤ ਗਰਮ ਮੌਸਮ ਵਿਚ ਜਾਂ ਸੋਕੇ ਦੇ ਦੌਰਾਨ ਸੁੱਕਦਾ ਨਹੀਂ। ਸਾਡਾ ਪਰਮੇਸ਼ੁਰ ਯਹੋਵਾਹ ਅਸੀਮ ਤਾਕਤ ਦਾ ਸੋਮਾ ਹੈ। ਜੇ ਅਸੀਂ ਉਸ ਦੇ ਰਾਹਾਂ ਉੱਤੇ ਚੱਲਦੇ ਹਾਂ, ਤਾਂ ਉਹ ਸਾਨੂੰ ਹਮੇਸ਼ਾ ਤਾਕਤ ਦਿੰਦਾ ਰਹਿੰਦਾ ਹੈ। ਪੌਲੁਸ ਮਦਦ ਲਈ ਪਰਮੇਸ਼ੁਰ ਤੇ ਭਰੋਸਾ ਰੱਖਦਾ ਸੀ, ਇਸ ਲਈ ਉਹ ਕਹਿ ਸਕਿਆ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” (ਫ਼ਿਲਿੱਪੀਆਂ 4:13) ਜਦੋਂ ਯਹੋਵਾਹ ਦੀ ਪਵਿੱਤਰ ਆਤਮਾ ਸਾਨੂੰ ਸੇਧ ਦਿੰਦੀ ਹੈ ਅਤੇ ਅਧਿਆਤਮਿਕ ਤੌਰ ਤੇ ਸਾਡੀ ਰਾਖੀ ਕਰਦੀ ਹੈ, ਤਾਂ ਅਸੀਂ ਮੁਰਝਾਉਂਦੇ ਨਹੀਂ। ਅਸੀਂ ਫਲ ਪੈਦਾ ਕਰਨ ਤੋਂ ਪਿੱਛੇ ਨਹੀਂ ਹਟਦੇ ਜਾਂ ਅਧਿਆਤਮਿਕ ਤੌਰ ਤੇ ਠੰਢੇ ਨਹੀਂ ਪੈਂਦੇ। ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿੰਦੇ ਹਾਂ ਅਤੇ ਉਸ ਦੀ ਆਤਮਾ ਦਾ ਫਲ ਵੀ ਜ਼ਾਹਰ ਕਰਦੇ ਹਾਂ।—ਯਿਰਮਿਯਾਹ 17:7, 8; ਗਲਾਤੀਆਂ 5:22, 23.

15 ਜ਼ਬੂਰਾਂ ਦਾ ਲਿਖਾਰੀ ਤਸਵੀਰੀ ਭਾਸ਼ਾ ਵਿਚ ਦੋ ਵੱਖਰੀਆਂ ਚੀਜ਼ਾਂ ਦੀ ਤੁਲਨਾ ਕਰ ਰਿਹਾ ਹੈ ਜਿਨ੍ਹਾਂ ਵਿਚ ਇਕ ਖ਼ਾਸ ਮਿਲਦਾ-ਜੁਲਦਾ ਗੁਣ ਹੈ। ਇਨਸਾਨ ਅਤੇ ਬਿਰਛ ਦੋ ਵੱਖਰੀਆਂ ਚੀਜ਼ਾਂ ਹਨ। ਬਹੁਤ ਸਾਰੇ ਪਾਣੀ ਦੇ ਨੇੜੇ ਲਾਇਆ ਗਿਆ ਬਿਰਛ ਭਰਪੂਰ ਮਾਤਰਾ ਵਿਚ ਫਲ ਦਿੰਦਾ ਤੇ ਲੰਬੀ ਦੇਰ ਤਕ ਜੀਉਂਦਾ ਰਹਿੰਦਾ ਹੈ। ਇਸ ਗੱਲ ਨੇ ਜ਼ਬੂਰਾਂ ਦੇ ਲਿਖਾਰੀ ਨੂੰ ਉਨ੍ਹਾਂ ਲੋਕਾਂ ਦੀ ਅਧਿਆਤਮਿਕ ਖ਼ੁਸ਼ਹਾਲੀ ਦੀ ਯਾਦ ਦਿਲਾਈ ਜੋ ‘ਯਹੋਵਾਹ ਦੀ ਬਿਵਸਥਾ ਵਿਚ ਮਗਨ ਰਹਿੰਦੇ ਹਨ।’ ਜੇ ਅਸੀਂ ਬਾਈਬਲ ਪੜ੍ਹਨ ਵਿਚ ਮਗਨ ਰਹਿੰਦੇ ਹਾਂ, ਤਾਂ ਸਾਡੇ ਦਿਨ ਬਿਰਛ ਦੇ ਦਿਨਾਂ ਜਿੰਨੇ ਲੰਬੇ ਹੋ ਸਕਦੇ ਹਨ। ਦਰਅਸਲ, ਅਸੀਂ ਹਮੇਸ਼ਾ ਲਈ ਜੀਉਂਦੇ ਰਹਿ ਸਕਦੇ ਹਾਂ।—ਯੂਹੰਨਾ 17:3.

16. ਅਸੀਂ ਜੋ ਕੁਝ ਕਰਦੇ ਹਾਂ, ਉਹ ਕਿਉਂ ਅਤੇ ਕਿਸ ਅਰਥ ਵਿਚ ਸਫ਼ਲ ਹੁੰਦਾ ਹੈ?

16 ਜਦੋਂ ਅਸੀਂ ਧਰਮੀ ਰਾਹ ਤੇ ਚੱਲਦੇ ਹਾਂ, ਤਾਂ ਯਹੋਵਾਹ ਅਜ਼ਮਾਇਸ਼ਾਂ ਅਤੇ ਮੁਸ਼ਕਲਾਂ ਨੂੰ ਸਹਿਣ ਵਿਚ ਸਾਡੀ ਮਦਦ ਕਰਦਾ ਹੈ। ਪਰਮੇਸ਼ੁਰ ਦੀ ਸੇਵਾ ਵਿਚ ਸਾਨੂੰ ਖ਼ੁਸ਼ੀ ਮਿਲਦੀ ਹੈ ਤੇ ਅਸੀਂ ਚੰਗੇ ਫਲ ਦਿੰਦੇ ਹਾਂ। (ਮੱਤੀ 13:23; ਲੂਕਾ 8:15) ਸਾਡਾ ਮੁੱਖ ਮਕਸਦ ਯਹੋਵਾਹ ਦੀ ਇੱਛਾ ਪੂਰੀ ਕਰਨੀ ਹੈ, ਇਸ ਲਈ ‘ਅਸੀਂ ਜੋ ਕੁਝ ਕਰਦੇ ਹਾਂ ਸੋ ਸਫ਼ਲ ਹੁੰਦਾ ਹੈ।’ ਉਸ ਦੇ ਮਕਸਦ ਹਮੇਸ਼ਾ ਸਫ਼ਲ ਹੁੰਦੇ ਹਨ, ਇਸ ਲਈ ਜੇ ਅਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ, ਤਾਂ ਅਸੀਂ ਅਧਿਆਤਮਿਕ ਤੌਰ ਤੇ ਵਧਦੇ-ਫੁਲਦੇ ਰਹਾਂਗੇ। (ਉਤਪਤ 39:23; ਯਹੋਸ਼ੁਆ 1:7, 8; ਯਸਾਯਾਹ 55:11) ਇਹ ਵਾਧਾ ਉਦੋਂ ਵੀ ਨਹੀਂ ਰੁਕਦਾ ਜਦੋਂ ਸਾਡੇ ਤੇ ਬਿਪਤਾਵਾਂ ਆਉਂਦੀਆਂ ਹਨ।—ਜ਼ਬੂਰਾਂ ਦੀ ਪੋਥੀ 112:1-3; 3 ਯੂਹੰਨਾ 2.

ਦੁਸ਼ਟ ਫਲਦੇ-ਫੁੱਲਦੇ ਨਜ਼ਰ ਆਉਂਦੇ ਹਨ

17, 18. (ੳ) ਜ਼ਬੂਰਾਂ ਦੇ ਲਿਖਾਰੀ ਨੇ ਦੁਸ਼ਟਾਂ ਦੀ ਤੁਲਨਾ ਕਿਸ ਨਾਲ ਕੀਤੀ? (ਅ) ਭਾਵੇਂ ਕਿ ਦੁਸ਼ਟ ਧਨ-ਦੌਲਤ ਨਾਲ ਫਲਦੇ ਜਾਂਦੇ ਹਨ, ਪਰ ਇਹ ਧਨ-ਦੌਲਤ ਉਨ੍ਹਾਂ ਨੂੰ ਸਦਾ ਲਈ ਸੁਰੱਖਿਅਤ ਕਿਉਂ ਨਹੀਂ ਰੱਖ ਸਕਦੀ?

17 ਦੁਸ਼ਟ ਤੇ ਧਰਮੀ ਦੀ ਜ਼ਿੰਦਗੀ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ! ਕੁਝ ਸਮੇਂ ਲਈ ਦੁਸ਼ਟ ਸ਼ਾਇਦ ਧਨ-ਦੌਲਤ ਨਾਲ ਫਲਦੇ-ਫੁੱਲਦੇ ਨਜ਼ਰ ਆਉਣ, ਪਰ ਉਹ ਅਧਿਆਤਮਿਕ ਤੌਰ ਤੇ ਨਹੀਂ ਫਲਦੇ। ਇਹ ਗੱਲ ਜ਼ਬੂਰਾਂ ਦੇ ਲਿਖਾਰੀ ਦੇ ਅਗਲੇ ਸ਼ਬਦਾਂ ਤੋਂ ਸਪੱਸ਼ਟ ਹੁੰਦੀ ਹੈ: “ਦੁਸ਼ਟ ਅਜੇਹੇ ਨਹੀਂ ਪਰ ਓਹ ਭੋਹ ਵਰਗੇ ਹਨ, ਜਿਹ ਨੂੰ ਪੌਣ ਉਡਾ ਲੈ ਜਾਂਦੀ ਹੈ। ਏਸ ਲਈ ਦੁਸ਼ਟ ਨਿਆਉਂ ਵਿੱਚ ਖੜੇ ਨਹੀਂ ਰਹਿਣਗੇ, ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ।” (ਜ਼ਬੂਰਾਂ ਦੀ ਪੋਥੀ 1:4, 5) ਧਿਆਨ ਦਿਓ ਕਿ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ “ਦੁਸ਼ਟ ਅਜੇਹੇ ਨਹੀਂ।” ਉਸ ਦੇ ਕਹਿਣ ਦਾ ਮਤਲਬ ਹੈ ਕਿ ਦੁਸ਼ਟ ਪਰਮੇਸ਼ੁਰ ਨੂੰ ਮੰਨਣ ਵਾਲੇ ਲੋਕਾਂ ਵਰਗੇ ਨਹੀਂ ਹਨ ਜਿਨ੍ਹਾਂ ਦੀ ਤੁਲਨਾ ਫਲ ਦੇਣ ਵਾਲੇ ਤੇ ਲੰਬੀ ਦੇਰ ਤਕ ਜੀਉਂਦੇ ਰਹਿਣ ਵਾਲੇ ਬਿਰਛਾਂ ਨਾਲ ਕੀਤੀ ਗਈ ਹੈ।

18 ਭਾਵੇਂ ਕਿ ਦੁਸ਼ਟ ਧਨ-ਦੌਲਤ ਨਾਲ ਫਲਦੇ ਜਾਂਦੇ ਹਨ, ਪਰ ਇਹ ਧਨ-ਦੌਲਤ ਉਨ੍ਹਾਂ ਨੂੰ ਸਦਾ ਲਈ ਸੁਰੱਖਿਅਤ ਨਹੀਂ ਰੱਖ ਸਕਦੀ। (ਜ਼ਬੂਰਾਂ ਦੀ ਪੋਥੀ 37:16; 73:3, 12) ਉਹ ਉਸ ਨਾਸਮਝ ਅਮੀਰ ਆਦਮੀ ਵਰਗੇ ਹਨ ਜਿਸ ਬਾਰੇ ਯਿਸੂ ਨੇ ਉਦੋਂ ਦ੍ਰਿਸ਼ਟਾਂਤ ਦਿੱਤਾ ਸੀ ਜਦੋਂ ਕਿਸੇ ਨੇ ਵਿਰਸਾ ਵੰਡਣ ਬਾਰੇ ਯਿਸੂ ਨੂੰ ਪੁੱਛਿਆ ਸੀ। ਯਿਸੂ ਨੇ ਉਸ ਵੇਲੇ ਮੌਜੂਦ ਲੋਕਾਂ ਨੂੰ ਕਿਹਾ ਸੀ: “ਖਬਰਦਾਰ ਅਤੇ ਸਾਰੇ ਲੋਭ ਤੋਂ ਬਚੇ ਰਹੋ ਕਿਉਂ ਜੋ ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” ਦ੍ਰਿਸ਼ਟਾਂਤ ਵਿਚ ਇਹ ਗੱਲ ਸਪੱਸ਼ਟ ਕਰਦੇ ਹੋਏ ਉਸ ਨੇ ਕਿਹਾ ਕਿ ਇਕ ਧਨਵਾਨ ਦੇ ਖੇਤ ਵਿਚ ਇੰਨੀ ਜ਼ਿਆਦਾ ਫ਼ਸਲ ਹੋਈ ਕਿ ਉਸ ਨੇ ਆਪਣੇ ਕੋਠਿਆਂ ਨੂੰ ਢਾਹ ਕੇ ਵੱਡੇ ਕੋਠੇ ਬਣਾਉਣ ਦੀ ਯੋਜਨਾ ਬਣਾਈ ਤਾਂਕਿ ਉਹ ਆਪਣੀ ਸਾਰੀ ਫ਼ਸਲ ਉਨ੍ਹਾਂ ਕੋਠਿਆਂ ਵਿਚ ਸਾਂਭ ਕੇ ਰੱਖ ਸਕੇ। ਇਸ ਤਰ੍ਹਾਂ ਕਰਨ ਤੋਂ ਬਾਅਦ ਉਸ ਆਦਮੀ ਨੇ ਸੋਚਿਆ ਕਿ ਉਹ ਹੁਣ ਖਾ-ਪੀ ਕੇ ਮੌਜਾਂ ਮਾਣੇਗਾ। ਪਰ ਪਰਮੇਸ਼ੁਰ ਨੇ ਕਿਹਾ: “ਹੇ ਨਦਾਨ, ਅੱਜ ਦੀ ਰਾਤ ਤੇਰੀ ਜਾਨ ਤੈਥੋਂ ਮੰਗਣਗੇ, ਫੇਰ ਜਿਹੜੀਆਂ ਚੀਜ਼ਾਂ ਤੈਂ ਤਿਆਰ ਕੀਤੀਆਂ ਹਨ ਓਹ ਕਿਹ ਦੀਆਂ ਹੋਣਗੀਆਂ?” ਆਪਣੀ ਗੱਲ ਤੇ ਜ਼ੋਰ ਦੇਣ ਲਈ ਯਿਸੂ ਨੇ ਅੱਗੇ ਕਿਹਾ: “ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।”—ਲੂਕਾ 12:13-21.

19, 20. (ੳ) ਪੁਰਾਣੇ ਜ਼ਮਾਨੇ ਵਿਚ ਕਿਸ ਤਰੀਕੇ ਨਾਲ ਦਾਣੇ ਕੱਢੇ ਅਤੇ ਛੱਟੇ ਜਾਂਦੇ ਸਨ? (ਅ) ਦੁਸ਼ਟਾਂ ਦੀ ਤੁਲਨਾ ਤੂੜੀ ਨਾਲ ਕਿਉਂ ਕੀਤੀ ਗਈ ਹੈ?

19 ਦੁਸ਼ਟ “ਪਰਮੇਸ਼ੁਰ ਦੇ ਅੱਗੇ ਧਨਵਾਨ” ਨਹੀਂ ਹਨ। ਇਸ ਕਰਕੇ ਉਹ ਜ਼ਿਆਦਾ ਦੇਰ ਤਕ ਸੁਰੱਖਿਅਤ ਅਤੇ ਜੀਉਂਦੇ ਨਹੀਂ ਰਹਿਣਗੇ। ਉਨ੍ਹਾਂ ਦਾ ਹਸ਼ਰ ਭੋਹ ਯਾਨੀ ਤੂੜੀ ਵਰਗਾ ਹੋਵੇਗਾ। ਪੁਰਾਣੇ ਸਮਿਆਂ ਵਿਚ ਫ਼ਸਲ ਵੱਢ ਕੇ ਕਿਸੇ ਉੱਚੀ ਥਾਂ ਤੇ ਇਕ ਖੁੱਲ੍ਹੇ ਪਿੜ ਵਿਚ ਲਿਜਾਈ ਜਾਂਦੀ ਸੀ। ਛਿੱਟਿਆਂ ਨੂੰ ਨਾਲੀ ਤੋਂ ਵੱਖਰਾ ਕਰਨ ਅਤੇ ਦਾਣਿਆਂ ਤੋਂ ਛਿਲਕੇ ਲਾਹੁਣ ਲਈ ਫ਼ਸਲ ਨੂੰ ਫੱਟਿਆਂ ਨਾਲ ਦਰੜਿਆ ਜਾਂਦਾ ਸੀ ਜਿਨ੍ਹਾਂ ਦੇ ਥੱਲੇ ਤਿੱਖੇ ਪੱਥਰ ਜਾਂ ਲੋਹੇ ਦੇ ਦੰਦੇ ਲੱਗੇ ਹੁੰਦੇ ਸਨ। ਫਿਰ ਸਾਰੀ ਫ਼ਸਲ ਨੂੰ ਤੰਗਲੀ ਨਾਲ ਚੁੱਕ-ਚੁੱਕ ਕੇ ਹਵਾ ਵਿਚ ਉਡਾਇਆ ਜਾਂਦਾ ਸੀ। (ਯਸਾਯਾਹ 30:24) ਦਾਣੇ ਪਿੜ ਉੱਤੇ ਡਿੱਗ ਜਾਂਦੇ ਸਨ, ਜਦ ਕਿ ਤੂੜੀ ਨੂੰ ਹਵਾ ਉਡਾ ਕੇ ਲੈ ਜਾਂਦੀ ਸੀ। (ਰੂਥ 3:2) ਰੋੜੇ ਕੱਢਣ ਲਈ ਦਾਣਿਆਂ ਨੂੰ ਛਾਣਨ ਜਾਂ ਛੱਟਣ ਤੋਂ ਬਾਅਦ ਦਾਣੇ ਭੜੋਲਿਆਂ ਵਿਚ ਪਾਉਣ ਜਾਂ ਪੀਸਣ ਲਈ ਤਿਆਰ ਹੁੰਦੇ ਸਨ। (ਲੂਕਾ 22:31) ਪਰ ਤੂੜੀ ਉੱਡ ਜਾਂਦੀ ਸੀ।

20 ਜਿਵੇਂ ਜ਼ਮੀਨ ਉੱਤੇ ਡਿਗੇ ਦਾਣਿਆਂ ਨੂੰ ਸੰਭਾਲਿਆ ਜਾਂਦਾ ਸੀ ਤੇ ਤੂੜੀ ਨੂੰ ਉਡਾ ਦਿੱਤਾ ਜਾਂਦਾ ਸੀ, ਉਸੇ ਤਰ੍ਹਾਂ ਧਰਮੀ ਬਚੇ ਰਹਿਣਗੇ ਅਤੇ ਦੁਸ਼ਟਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ। ਅਸੀਂ ਖ਼ੁਸ਼ ਹਾਂ ਕਿ ਜਲਦੀ ਹੀ ਬੁਰੇ ਲੋਕਾਂ ਨੂੰ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਦੇ ਨਾਸ਼ ਤੋਂ ਬਾਅਦ, ਯਹੋਵਾਹ ਦੇ ਬਚਨ ਵਿਚ ਮਗਨ ਰਹਿਣ ਵਾਲੇ ਲੋਕਾਂ ਉੱਤੇ ਬਹੁਤ ਸਾਰੀਆਂ ਬਰਕਤਾਂ ਦੀ ਬਰਸਾਤ ਹੋਵੇਗੀ। ਜੀ ਹਾਂ, ਆਗਿਆਕਾਰ ਇਨਸਾਨਾਂ ਨੂੰ ਪਰਮੇਸ਼ੁਰ ਸਦਾ ਦੀ ਜ਼ਿੰਦਗੀ ਦਾ ਤੋਹਫ਼ਾ ਦੇਵੇਗਾ।—ਮੱਤੀ 25:34-46; ਰੋਮੀਆਂ 6:23.

“ਧਰਮੀਆਂ ਦਾ ਰਾਹ”

21. ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ “ਧਰਮੀਆਂ ਦਾ ਰਾਹ ਜਾਣਦਾ ਹੈ”?

21 ਪਹਿਲਾ ਜ਼ਬੂਰ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਹੁੰਦਾ ਹੈ: “ਯਹੋਵਾਹ ਧਰਮੀਆਂ ਦਾ ਰਾਹ ਜਾਣਦਾ ਹੈ, ਪਰ ਦੁਸ਼ਟਾਂ ਦਾ ਰਾਹ ਨਾਸ ਹੋ ਜਾਵੇਗਾ।” (ਜ਼ਬੂਰਾਂ ਦੀ ਪੋਥੀ 1:6) ਪਰਮੇਸ਼ੁਰ “ਧਰਮੀਆਂ ਦਾ ਰਾਹ” ਕਿਵੇਂ ਜਾਣਦਾ ਹੈ? ਜੇ ਅਸੀਂ ਧਰਮੀ ਰਾਹ ਤੇ ਚਲਦੇ ਹਾਂ ਅਤੇ ਪਰਮੇਸ਼ੁਰ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਸਵਰਗੀ ਪਿਤਾ ਸਾਨੂੰ ਦੇਖਦਾ ਹੈ ਅਤੇ ਸਾਡੀ ਭਗਤੀ ਨੂੰ ਮਨਜ਼ੂਰ ਕਰਦਾ ਹੈ। ਯਹੋਵਾਹ ਸੱਚ-ਮੁੱਚ ਸਾਡਾ ਫ਼ਿਕਰ ਕਰਦਾ ਹੈ, ਇਸ ਕਰਕੇ ਅਸੀਂ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਸਕਦੇ ਹਾਂ ਅਤੇ ਸਾਨੂੰ ਸੁੱਟਣੀ ਵੀ ਚਾਹੀਦੀ ਹੈ।—ਹਿਜ਼ਕੀਏਲ 34:11, ਨਵਾਂ ਅਨੁਵਾਦ; 1 ਪਤਰਸ 5:6, 7.

22, 23. ਦੁਸ਼ਟਾਂ ਦਾ ਅਤੇ ਧਰਮੀ ਲੋਕਾਂ ਦਾ ਕੀ ਹੋਵੇਗਾ?

22 “ਧਰਮੀਆਂ ਦਾ ਰਾਹ” ਹਮੇਸ਼ਾ ਕਾਇਮ ਰਹੇਗਾ, ਪਰ ਜਿਹੜੇ ਦੁਸ਼ਟ ਇਸ ਹੱਦ ਤਕ ਵਿਗੜ ਚੁੱਕੇ ਹਨ ਕਿ ਉਹ ਸੁਧਰ ਹੀ ਨਹੀਂ ਸਕਦੇ, ਉਨ੍ਹਾਂ ਨੂੰ ਯਹੋਵਾਹ ਸਜ਼ਾ-ਏ-ਮੌਤ ਦੇਵੇਗਾ। ਉਨ੍ਹਾਂ ਦਾ “ਰਾਹ” ਯਾਨੀ ਉਨ੍ਹਾਂ ਦੇ ਜੀਉਣ ਦਾ ਤੌਰ-ਤਰੀਕਾ ਉਨ੍ਹਾਂ ਦੇ ਨਾਲ ਹੀ ਰਾਖ ਹੋ ਜਾਵੇਗਾ। ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਦਾਊਦ ਦੇ ਇਹ ਸ਼ਬਦ ਜ਼ਰੂਰ ਪੂਰੇ ਹੋਣਗੇ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ। ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ। ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:10, 11, 29.

23 ਵਾਕਈ, ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਆ ਜਾਵੇਗੀ ਜਦੋਂ ਸਾਨੂੰ ਫਿਰਦੌਸ ਵਿਚ ਜੀਉਣ ਦਾ ਮੌਕਾ ਮਿਲੇਗਾ ਕਿਉਂਕਿ ਉੱਥੇ ਦੁਸ਼ਟਾਂ ਦਾ ਨਾਮੋ-ਨਿਸ਼ਾਨ ਨਹੀਂ ਹੋਵੇਗਾ। ਫਿਰ ਨਿਮਰ ਤੇ ਧਰਮੀ ਲੋਕ ਸੱਚੀ ਸ਼ਾਂਤੀ ਦਾ ਆਨੰਦ ਮਾਣਨਗੇ ਕਿਉਂਕਿ ਉਹ “ਯਹੋਵਾਹ ਦੀ ਬਿਵਸਥਾ” ਨੂੰ ਪੜ੍ਹ ਕੇ ਹਮੇਸ਼ਾ ਖ਼ੁਸ਼ ਹੋਣਗੇ। ਪਰ ਉਸ ਤੋਂ ਪਹਿਲਾਂ ‘ਯਹੋਵਾਹ ਦੇ ਫ਼ਰਮਾਨ’ ਨੂੰ ਪੂਰਾ ਕੀਤਾ ਜਾਣਾ ਹੈ। (ਜ਼ਬੂਰਾਂ ਦੀ ਪੋਥੀ 2:7ੳ) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਇਹ ਫ਼ਰਮਾਨ ਕੀ ਹੈ ਅਤੇ ਇਹ ਸਾਡੇ ਲਈ ਤੇ ਪੂਰੀ ਮਨੁੱਖਜਾਤੀ ਲਈ ਕੀ ਅਹਿਮੀਅਤ ਰੱਖਦਾ ਹੈ।

ਤੁਸੀਂ ਕਿਵੇਂ ਜਵਾਬ ਦਿਓਗੇ?

• ਪਰਮੇਸ਼ੁਰ ਦੀ ਬਿਵਸਥਾ ਉੱਤੇ ਚੱਲਣ ਵਾਲਾ ਇਨਸਾਨ ਖ਼ੁਸ਼ ਕਿਉਂ ਰਹਿੰਦਾ ਹੈ?

• ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੀ ਬਿਵਸਥਾ ਪੜ੍ਹ ਕੇ ਖ਼ੁਸ਼ ਹੁੰਦੇ ਹਾਂ?

• ਕੋਈ ਇਨਸਾਨ ਬਹੁਤ ਸਾਰੇ ਪਾਣੀ ਦੇ ਨੇੜੇ ਲਾਏ ਬਿਰਛ ਵਰਗਾ ਕਿਵੇਂ ਬਣ ਸਕਦਾ ਹੈ?

• ਧਰਮੀ ਦਾ ਰਾਹ ਦੁਸ਼ਟ ਦੇ ਰਾਹ ਤੋਂ ਕਿਵੇਂ ਵੱਖਰਾ ਹੈ?

[ਸਵਾਲ]

[ਸਫ਼ੇ 11 ਉੱਤੇ ਤਸਵੀਰ]

ਦੁਸ਼ਟਾਂ ਵੱਲ ਦੋਸਤੀ ਦਾ ਹੱਥ ਨਾ ਵਧਾਉਣ ਵਿਚ ਪ੍ਰਾਰਥਨਾ ਸਾਡੀ ਮਦਦ ਕਰੇਗੀ

[ਸਫ਼ੇ 12 ਉੱਤੇ ਤਸਵੀਰ]

ਧਰਮੀ ਇਨਸਾਨ ਬਿਰਛ ਵਰਗਾ ਕਿਵੇਂ ਹੈ?