Skip to content

Skip to table of contents

ਬਿਵਸਥਾ ਸਾਰ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

ਬਿਵਸਥਾ ਸਾਰ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਬਿਵਸਥਾ ਸਾਰ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

ਸਮਾਂ 1473 ਸਾ.ਯੁ.ਪੂ. ਦਾ ਹੈ। ਇਸਰਾਏਲੀਆਂ ਨੂੰ ਮਿਸਰੀਆਂ ਦੀ ਗ਼ੁਲਾਮੀ ਤੋਂ ਆਜ਼ਾਦ ਹੋਇਆਂ 40 ਸਾਲ ਹੋ ਚੁੱਕੇ ਹਨ। ਇਨ੍ਹਾਂ ਸਾਰੇ ਸਾਲਾਂ ਦੌਰਾਨ ਇਸਰਾਏਲ ਕੌਮ ਉਜਾੜ ਵਿਚ ਰਹਿ ਰਹੀ ਹੈ ਤੇ ਹਾਲੇ ਉਸ ਦਾ ਆਪਣਾ ਕੋਈ ਦੇਸ਼ ਨਹੀਂ ਹੈ। ਪਰ ਹੁਣ ਉਹ ਵਾਅਦਾ ਕੀਤੇ ਹੋਏ ਦੇਸ਼ ਦੀ ਸਰਹੱਦ ਉੱਤੇ ਖੜ੍ਹੇ ਹਨ। ਇਸ ਦੇਸ਼ ਉੱਤੇ ਕਬਜ਼ਾ ਕਰਨ ਤੋਂ ਹੁਣ ਕਿਹੜੀ ਚੀਜ਼ ਉਨ੍ਹਾਂ ਨੂੰ ਰੋਕ ਰਹੀ ਹੈ? ਉਨ੍ਹਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਵੇਗਾ ਅਤੇ ਉਹ ਇਨ੍ਹਾਂ ਨਾਲ ਕਿਵੇਂ ਨਜਿੱਠਣਗੇ?

ਯਰਦਨ ਦਰਿਆ ਪਾਰ ਕਰ ਕੇ ਕਨਾਨ ਦੇਸ਼ ਵਿਚ ਵੜਨ ਤੋਂ ਪਹਿਲਾਂ ਮੂਸਾ ਇਸਰਾਏਲੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਲਈ ਤਿਆਰ ਕਰਦਾ ਹੈ। ਕਿਵੇਂ? ਉਹ ਉਨ੍ਹਾਂ ਨੂੰ ਹੌਸਲਾ ਤੇ ਨਸੀਹਤ ਦੇਣ ਅਤੇ ਖ਼ਬਰਦਾਰ ਕਰਨ ਲਈ ਕਈ ਭਾਸ਼ਣ ਦਿੰਦਾ ਹੈ। ਉਹ ਇਸਰਾਏਲੀਆਂ ਨੂੰ ਚੇਤੇ ਕਰਾਉਂਦਾ ਹੈ ਕਿ ਉਨ੍ਹਾਂ ਨੇ ਸਿਰਫ਼ ਯਹੋਵਾਹ ਪਰਮੇਸ਼ੁਰ ਦੀ ਹੀ ਭਗਤੀ ਕਰਨੀ ਹੈ ਅਤੇ ਉਨ੍ਹਾਂ ਨੇ ਆਲੇ-ਦੁਆਲੇ ਦੀਆਂ ਕੌਮਾਂ ਦੀ ਨਕਲ ਨਹੀਂ ਕਰਨੀ। ਇਹ ਭਾਸ਼ਣ ਬਿਵਸਥਾ ਸਾਰ ਦੀ ਕਿਤਾਬ ਦਾ ਮੁੱਖ ਹਿੱਸਾ ਹਨ। ਇਨ੍ਹਾਂ ਭਾਸ਼ਣਾਂ ਵਿਚ ਦਿੱਤੀਆਂ ਗਈਆਂ ਸਲਾਹਾਂ ਅੱਜ ਸਾਡੇ ਲਈ ਵੀ ਫ਼ਾਇਦੇਮੰਦ ਹਨ ਕਿਉਂਕਿ ਅਸੀਂ ਵੀ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿਸ ਵਿਚ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨੀ ਬਹੁਤ ਮੁਸ਼ਕਲ ਹੈ।​—ਇਬਰਾਨੀਆਂ 4:12.

ਬਿਵਸਥਾ ਸਾਰ ਦੇ ਆਖ਼ਰੀ ਅਧਿਆਇ ਨੂੰ ਛੱਡ ਬਾਕੀ ਸਾਰੀ ਕਿਤਾਬ ਮੂਸਾ ਨੇ ਲਿਖੀ ਹੈ। * ਇਸ ਵਿਚ ਤਕਰੀਬਨ ਦੋ ਮਹੀਨਿਆਂ ਦੌਰਾਨ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਗਿਆ ਹੈ। (ਬਿਵਸਥਾ ਸਾਰ 1:3; ਯਹੋਸ਼ੁਆ 4:19) ਆਓ ਆਪਾਂ ਦੇਖੀਏ ਕਿ ਬਿਵਸਥਾ ਸਾਰ ਦੀ ਕਿਤਾਬ ਕਿਵੇਂ ਸਾਡੀ ਯਹੋਵਾਹ ਪਰਮੇਸ਼ੁਰ ਨਾਲ ਪੂਰੇ ਦਿਲ ਨਾਲ ਪਿਆਰ ਕਰਨ ਅਤੇ ਵਫ਼ਾਦਾਰੀ ਨਾਲ ਉਸ ਦੀ ਭਗਤੀ ਕਰਨ ਵਿਚ ਮਦਦ ਕਰ ਸਕਦੀ ਹੈ।

‘ਉਨ੍ਹਾਂ ਗੱਲਾਂ ਨੂੰ ਨਾ ਭੁੱਲੋ ਜਿਹੜੀਆਂ ਤੁਹਾਡੀਆਂ ਅੱਖਾਂ ਨੇ ਵੇਖੀਆਂ ਹਨ’

(ਬਿਵਸਥਾ ਸਾਰ 1:1–4:49)

ਪਹਿਲੇ ਭਾਸ਼ਣ ਵਿਚ ਮੂਸਾ ਉਜਾੜ ਵਿਚ ਵਾਪਰੀਆਂ ਕੁਝ ਘਟਨਾਵਾਂ ਦਾ ਜ਼ਿਕਰ ਕਰਦਾ ਹੈ, ਖ਼ਾਸ ਕਰਕੇ ਉਨ੍ਹਾਂ ਘਟਨਾਵਾਂ ਦਾ ਜੋ ਵਾਅਦਾ ਕੀਤੇ ਹੋਏ ਦੇਸ਼ ਉੱਤੇ ਕਬਜ਼ਾ ਕਰਨ ਵੇਲੇ ਇਸਰਾਏਲੀਆਂ ਦੀ ਮਦਦ ਕਰਨਗੀਆਂ। ਨਿਆਈਆਂ ਦੀ ਨਿਯੁਕਤੀ ਦੇ ਬਿਰਤਾਂਤ ਨੇ ਉਨ੍ਹਾਂ ਨੂੰ ਯਾਦ ਕਰਾਇਆ ਹੋਣਾ ਕਿ ਯਹੋਵਾਹ ਆਪਣੇ ਲੋਕਾਂ ਲਈ ਚੰਗੇ ਪ੍ਰਸ਼ਾਸਨ ਦੇ ਪ੍ਰਬੰਧ ਕਰਦਾ ਹੈ ਜਿਸ ਤੋਂ ਉਸ ਦੇ ਪਿਆਰ ਦਾ ਸਬੂਤ ਮਿਲਦਾ ਹੈ। ਮੂਸਾ ਇਹ ਵੀ ਦੱਸਦਾ ਹੈ ਕਿ ਦਸ ਜਾਸੂਸਾਂ ਦੀ ਮਾੜੀ ਰਿਪੋਰਟ ਕਰਕੇ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਤੋਂ ਛੁੱਟ ਦੂਸਰੇ ਲੋਕਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾਣ ਦਿੱਤਾ ਗਿਆ ਸੀ। ਜ਼ਰਾ ਸੋਚੋ, ਵਾਅਦਾ ਕੀਤੇ ਹੋਏ ਦੇਸ਼ ਦੀ ਸਰਹੱਦ ਉੱਤੇ ਖੜ੍ਹੇ ਇਸਰਾਏਲੀਆਂ ਉੱਤੇ ਇਨ੍ਹਾਂ ਉਦਾਹਰਣਾਂ ਦਾ ਕਿੰਨਾ ਡੂੰਘਾ ਅਸਰ ਪਿਆ ਹੋਣਾ!

ਯਰਦਨ ਦਰਿਆ ਪਾਰ ਕਰ ਕੇ ਇਸਰਾਏਲੀਆਂ ਨੇ ਕਈ ਕਨਾਨੀ ਸ਼ਹਿਰਾਂ ਨੂੰ ਜਿੱਤਣਾ ਸੀ। ਦਰਿਆ ਦੇ ਇਸ ਪਾਰ ਯਹੋਵਾਹ ਨੇ ਇਸਰਾਏਲੀਆਂ ਨੂੰ ਜੋ ਜਿੱਤਾਂ ਦਿਵਾਈਆਂ ਸਨ, ਉਨ੍ਹਾਂ ਦਾ ਜ਼ਿਕਰ ਕਰ ਕੇ ਮੂਸਾ ਨੇ ਇਸਰਾਏਲੀਆਂ ਦੀ ਹਿੰਮਤ ਵਧਾਈ। ਵਾਅਦਾ ਕੀਤੇ ਹੋਏ ਦੇਸ਼ ਵਿਚ ਮੂਰਤੀ-ਪੂਜਾ ਆਮ ਹੁੰਦੀ ਸੀ। ਇਸ ਲਈ ਮੂਸਾ ਵੱਲੋਂ ਮੂਰਤੀ-ਪੂਜਾ ਦੇ ਖ਼ਿਲਾਫ਼ ਦਿੱਤੀ ਚੇਤਾਵਨੀ ਬਹੁਤ ਜ਼ਰੂਰੀ ਸੀ!

ਕੁਝ ਸਵਾਲਾਂ ਦੇ ਜਵਾਬ:

2:4-6, 9, 19, 24, 31-35; 3:1-6—ਇਸਰਾਏਲੀਆਂ ਨੇ ਯਰਦਨ ਦੇ ਪੂਰਬ ਵੱਲ ਰਹਿੰਦੀਆਂ ਕੁਝ ਕੌਮਾਂ ਦਾ ਬੀ ਨਾਸ਼ ਕਿਉਂ ਕੀਤਾ ਤੇ ਕੁਝ ਨੂੰ ਛੱਡ ਦਿੱਤਾ? ਯਹੋਵਾਹ ਨੇ ਇਸਰਾਏਲੀਆਂ ਨੂੰ ਏਸਾਵੀਆਂ ਨਾਲ ਨਾ ਲੜਨ ਦਾ ਹੁਕਮ ਦਿੱਤਾ ਸੀ। ਕਿਉਂ? ਕਿਉਂਕਿ ਉਹ ਯਾਕੂਬ ਦੇ ਭਰਾ ਏਸਾਓ ਦੇ ਖ਼ਾਨਦਾਨ ਵਿੱਚੋਂ ਸਨ। ਇਸਰਾਏਲੀਆਂ ਨੇ ਮੋਆਬੀਆਂ ਅਤੇ ਅੰਮੋਨੀਆਂ ਨਾਲ ਵੀ ਨਹੀਂ ਲੜਨਾ ਸੀ ਕਿਉਂਕਿ ਉਹ ਅਬਰਾਹਾਮ ਦੇ ਭਤੀਜੇ ਲੂਤ ਦੀ ਸੰਤਾਨ ਸਨ। ਪਰ ਅਮੋਰੀਆਂ ਦੇ ਰਾਜੇ ਸੀਹੋਨ ਅਤੇ ਓਗ ਦਾ ਇਸਰਾਏਲੀਆਂ ਨਾਲ ਕੋਈ ਦੂਰ ਦਾ ਵੀ ਰਿਸ਼ਤਾ ਨਹੀਂ ਸੀ ਜਿਸ ਕਰਕੇ ਉਨ੍ਹਾਂ ਅਧੀਨ ਇਲਾਕਿਆਂ ਉੱਤੇ ਉਨ੍ਹਾਂ ਦਾ ਕੋਈ ਹੱਕ ਨਹੀਂ ਸੀ। ਇਸ ਲਈ ਜਦੋਂ ਸੀਹੋਨ ਨੇ ਇਸਰਾਏਲੀਆਂ ਨੂੰ ਆਪਣੇ ਇਲਾਕੇ ਵਿੱਚੋਂ ਲੰਘਣ ਨਹੀਂ ਦਿੱਤਾ ਅਤੇ ਓਗ ਉਨ੍ਹਾਂ ਨਾਲ ਲੜਨ ਲਈ ਆਇਆ, ਤਾਂ ਯਹੋਵਾਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਦੋਵਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ ਤੇ ਕੋਈ ਵੀ ਵਾਸੀ ਬਚ ਕੇ ਨਾ ਨਿਕਲੇ।

4:15-20, 23, 24—ਕੀ ਮੂਰਤੀ ਬਣਾਉਣ ਦੀ ਮਨਾਹੀ ਦਾ ਇਹ ਮਤਲਬ ਹੈ ਕਿ ਸਜਾਵਟ ਲਈ ਵੀ ਮੂਰਤੀ ਬਣਾਉਣੀ ਗ਼ਲਤ ਹੈ? ਨਹੀਂ। ਅਸਲ ਵਿਚ ‘ਮਥਾ ਟੇਕਣ ਅਤੇ ਪੂਜਾ ਕਰਨ’ ਵਾਸਤੇ ਕੋਈ ਵੀ ਮੂਰਤੀ ਬਣਾਉਣ ਤੇ ਪਾਬੰਦੀ ਲਗਾਈ ਗਈ ਸੀ। ਸਜਾਵਟ ਵਾਸਤੇ ਮੂਰਤੀ ਜਾਂ ਤਸਵੀਰ ਬਣਾਉਣ ਤੋਂ ਬਾਈਬਲ ਮਨ੍ਹਾ ਨਹੀਂ ਕਰਦੀ।​—1 ਰਾਜਿਆਂ 7:18, 25.

ਸਾਡੇ ਲਈ ਸਬਕ:

1:2, 19. ਭਾਵੇਂ ਕਿ ‘ਹੋਰੇਬ [ਸੀਨਈ ਪਹਾੜ ਜਿੱਥੇ ਦਸ ਹੁਕਮ ਦਿੱਤੇ ਗਏ ਸਨ, ਦੇ ਆਲੇ-ਦੁਆਲੇ ਦਾ ਪਹਾੜੀ ਇਲਾਕਾ] ਤੋਂ ਸੇਈਰ ਪਰਬਤ ਦੇ ਰਾਹ ਥਾਣੀ ਕਾਦੇਸ਼-ਬਰਨੇਆ ਤੀਕ ਗਿਆਰਾਂ ਦਿਨਾਂ ਦਾ ਸਫ਼ਰ’ ਸੀ, ਪਰ ਇਸਰਾਏਲੀ ਉਜਾੜ ਵਿਚ ਲਗਭਗ 38 ਸਾਲ ਘੁੰਮਦੇ ਰਹੇ। ਯਹੋਵਾਹ ਪਰਮੇਸ਼ੁਰ ਦੀ ਹੁਕਮ ਅਦੂਲੀ ਕਰਨ ਦੀ ਉਨ੍ਹਾਂ ਨੂੰ ਕਿੰਨੀ ਵੱਡੀ ਕੀਮਤ ਚੁਕਾਉਣੀ ਪਈ!​—ਗਿਣਤੀ 14:26-34.

1:16, 17. ਪਰਮੇਸ਼ੁਰ ਦੇ ਨਿਆਂ ਕਰਨ ਦੇ ਮਿਆਰ ਅੱਜ ਵੀ ਨਹੀਂ ਬਦਲੇ। ਜਿਨ੍ਹਾਂ ਭਰਾਵਾਂ ਨੂੰ ਜੁਡੀਸ਼ਲ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਪੱਖਪਾਤ ਕਰਦੇ ਹੋਏ ਜਾਂ ਕਿਸੇ ਤੋਂ ਡਰ ਕੇ ਗ਼ਲਤ ਫ਼ੈਸਲਾ ਨਹੀਂ ਕਰਨਾ ਚਾਹੀਦਾ।

4:9. ਇਸਰਾਏਲੀਆਂ ਦੀ ਕਾਮਯਾਬੀ ਲਈ ਜ਼ਰੂਰੀ ਸੀ ਕਿ ਉਹ ‘ਉਨ੍ਹਾਂ ਗੱਲਾਂ ਨੂੰ ਨਾ ਭੁੱਲਣ ਜਿਹੜੀਆਂ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਵੇਖੀਆਂ ਸਨ।’ ਜਿਉਂ-ਜਿਉਂ ਨਵਾਂ ਸੰਸਾਰ ਨੇੜੇ ਆਉਂਦਾ ਜਾ ਰਿਹਾ ਹੈ, ਸਾਡੇ ਲਈ ਵੀ ਜ਼ਰੂਰੀ ਹੈ ਕਿ ਅਸੀਂ ਬਾਕਾਇਦਾ ਯਹੋਵਾਹ ਦੇ ਬਚਨ ਦਾ ਅਧਿਐਨ ਕਰ ਕੇ ਉਸ ਦੇ ਅਦਭੁਤ ਕੰਮਾਂ ਨੂੰ ਯਾਦ ਰੱਖੀਏ।

ਯਹੋਵਾਹ ਨਾਲ ਪ੍ਰੀਤ ਲਾਓ ਅਤੇ ਉਸ ਦੇ ਹੁਕਮਾਂ ਨੂੰ ਮੰਨੋ

(ਬਿਵਸਥਾ ਸਾਰ 5:1–26:19)

ਆਪਣੇ ਦੂਜੇ ਭਾਸ਼ਣ ਵਿਚ ਮੂਸਾ ਸੀਨਈ ਪਹਾੜ ਉੱਤੇ ਦਿੱਤੀ ਬਿਵਸਥਾ ਅਤੇ ਦਸ ਹੁਕਮਾਂ ਦਾ ਦੁਬਾਰਾ ਜ਼ਿਕਰ ਕਰਦਾ ਹੈ। ਉਹ ਸੱਤ ਕੌਮਾਂ ਦੇ ਨਾਂ ਦੱਸਦਾ ਹੈ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਾਸ਼ ਕਰਨਾ ਹੈ। ਇਸਰਾਏਲੀਆਂ ਨੂੰ ਇਕ ਅਹਿਮ ਸਬਕ ਦੁਬਾਰਾ ਯਾਦ ਕਰਾਇਆ ਜਾਂਦਾ ਹੈ ਜੋ ਉਨ੍ਹਾਂ ਨੇ ਉਜਾੜ ਵਿਚ ਸਿੱਖਿਆ ਸੀ: “ਆਦਮੀ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲਦਾ ਹੈ ਆਦਮੀ ਜੀਉਂਦਾ ਰਹੇਗਾ।” ਵਾਅਦਾ ਕੀਤੇ ਹੋਏ ਦੇਸ਼ ਵਿਚ ਉਨ੍ਹਾਂ ਨੂੰ ‘ਸਾਰਾ ਹੁਕਮਨਾਮਾ ਮੰਨਣਾ’ ਪਵੇਗਾ।​—ਬਿਵਸਥਾ ਸਾਰ 8:3; 11:8.

ਵਾਅਦਾ ਕੀਤੇ ਹੋਏ ਦੇਸ਼ ਵਿਚ ਵਸ ਜਾਣ ਤੋਂ ਬਾਅਦ ਇਸਰਾਏਲੀਆਂ ਨੂੰ ਨਾ ਸਿਰਫ਼ ਭਗਤੀ ਸੰਬੰਧੀ ਕਾਨੂੰਨਾਂ ਦੀ ਲੋੜ ਪੈਣੀ ਸੀ, ਸਗੋਂ ਨਿਆਇਕ ਮਾਮਲਿਆਂ, ਸਰਕਾਰੀ ਕਾਰਵਾਈਆਂ, ਯੁੱਧ-ਨੀਤੀ ਅਤੇ ਸਮਾਜਕ ਤੇ ਨਿੱਜੀ ਜ਼ਿੰਦਗੀ ਸੰਬੰਧੀ ਵੀ ਕਾਨੂੰਨਾਂ ਦੀ ਲੋੜ ਪੈਣੀ ਸੀ। ਮੂਸਾ ਇਨ੍ਹਾਂ ਨਿਯਮਾਂ ਉੱਤੇ ਮੁੜ ਗੱਲ ਕਰਦਾ ਹੈ ਅਤੇ ਯਹੋਵਾਹ ਨੂੰ ਪਿਆਰ ਕਰਨ ਤੇ ਉਸ ਦੇ ਹੁਕਮਾਂ ਨੂੰ ਮੰਨਣ ਦੀ ਲੋੜ ਉੱਤੇ ਜ਼ੋਰ ਦਿੰਦਾ ਹੈ।

ਕੁਝ ਸਵਾਲਾਂ ਦੇ ਜਵਾਬ:

8:3, 4—ਕਿਸ ਅਰਥ ਵਿਚ ਉਜਾੜ ਵਿਚ ਇਸਰਾਏਲੀਆਂ ਦੇ ਨਾ ਤਾਂ ਕੱਪੜੇ ਫਟੇ ਅਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜੇ? ਜਿਵੇਂ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਇਸਰਾਏਲੀਆਂ ਨੂੰ ਖਾਣ ਲਈ ਮੰਨ ਦਿੱਤਾ ਸੀ, ਉਸੇ ਤਰ੍ਹਾਂ ਯਹੋਵਾਹ ਨੇ ਉਨ੍ਹਾਂ ਦੇ ਕੱਪੜਿਆਂ ਨੂੰ ਬਚਾਈ ਰੱਖਿਆ ਤੇ ਉਨ੍ਹਾਂ ਦੇ ਪੈਰ ਨਹੀਂ ਸੁੱਜਣ ਦਿੱਤੇ। ਮਿਸਰ ਵਿੱਚੋਂ ਨਿਕਲਣ ਵੇਲੇ ਉਨ੍ਹਾਂ ਕੋਲ ਜੋ ਕੱਪੜੇ ਅਤੇ ਜੁੱਤੀਆਂ ਸਨ, ਉਨ੍ਹਾਂ ਨੇ ਉਜਾੜ ਵਿਚ ਉਹੀ ਵਰਤੀਆਂ। ਬੱਚਿਆਂ ਦੇ ਵੱਡੇ ਹੋਣ ਤੇ ਅਤੇ ਵੱਡਿਆਂ ਦੇ ਮਰਨ ਤੇ ਇਹ ਚੀਜ਼ਾਂ ਅੱਗੋਂ ਦੂਜਿਆਂ ਨੂੰ ਦੇ ਦਿੱਤੀਆਂ ਜਾਂਦੀਆਂ ਹੋਣਗੀਆਂ। ਮਿਸਰ ਵਿੱਚੋਂ ਨਿਕਲਣ ਵੇਲੇ ਇਸਰਾਏਲੀਆਂ ਦੀ ਗਿਣਤੀ ਕੀਤੀ ਗਈ ਸੀ ਤੇ ਫਿਰ ਸਫ਼ਰ ਦੇ ਅਖ਼ੀਰ ਵਿਚ ਉਨ੍ਹਾਂ ਦੀ ਗਿਣਤੀ ਕੀਤੀ ਗਈ ਸੀ। ਇਸ ਗਿਣਤੀ ਤੋਂ ਪਤਾ ਲੱਗਦਾ ਹੈ ਕਿ ਇਸਰਾਏਲੀਆਂ ਦੀ ਗਿਣਤੀ ਵਿਚ ਵਾਧਾ ਨਹੀਂ ਹੋਇਆ ਸੀ ਜਿਸ ਕਰਕੇ ਉਨ੍ਹਾਂ ਨੂੰ ਕੱਪੜਿਆਂ ਤੇ ਜੁੱਤੀਆਂ ਦੀ ਕੋਈ ਕਮੀ ਨਹੀਂ ਆਈ।​—ਗਿਣਤੀ 2:32; 26:51.

14:21—ਇਸਰਾਏਲੀ ਪਰਦੇਸੀਆਂ ਜਾਂ ਓਪਰੇ ਲੋਕਾਂ ਨੂੰ ਮਰਿਆ ਜਾਨਵਰ ਕਿਉਂ ਵੇਚ ਸਕਦੇ ਸਨ ਜਿਸ ਦਾ ਲਹੂ ਨਹੀਂ ਕੱਢਿਆ ਹੁੰਦਾ ਸੀ, ਜਦ ਕਿ ਉਹ ਆਪ ਇਸ ਨੂੰ ਨਹੀਂ ਖਾਂਦੇ ਸਨ? ਬਾਈਬਲ ਵਿਚ “ਪਰਦੇਸੀ” ਸ਼ਬਦ ਉਸ ਗ਼ੈਰ-ਯਹੂਦੀ ਆਦਮੀ ਲਈ ਵਰਤਿਆ ਗਿਆ ਹੈ ਜਿਸ ਨੇ ਯਹੂਦੀ ਧਰਮ ਅਪਣਾ ਲਿਆ ਸੀ ਜਾਂ ਫਿਰ ਇਹ ਉਹ ਆਦਮੀ ਹੋ ਸਕਦਾ ਸੀ ਜੋ ਇਸਰਾਏਲ ਵਿਚ ਆ ਕੇ ਵਸਿਆ ਅਤੇ ਦੇਸ਼ ਦੇ ਬੁਨਿਆਦੀ ਕਾਨੂੰਨਾਂ ਦੀ ਪਾਲਣਾ ਕਰਦਾ ਸੀ ਪਰ ਯਹੋਵਾਹ ਦਾ ਭਗਤ ਨਹੀਂ ਬਣਿਆ ਸੀ। ਪਰਦੇਸੀ ਅਤੇ ਓਪਰਾ ਆਦਮੀ, ਜਿਨ੍ਹਾਂ ਨੇ ਯਹੂਦੀ ਧਰਮ ਨਹੀਂ ਅਪਣਾਇਆ, ਉਹ ਬਿਵਸਥਾ ਦੇ ਅਧੀਨ ਨਹੀਂ ਸਨ ਜਿਸ ਕਰਕੇ ਉਹ ਲਹੂ ਨਾ ਕੱਢੇ ਗਏ ਪਸ਼ੂ ਨੂੰ ਵੱਖ-ਵੱਖ ਮਕਸਦਾਂ ਲਈ ਵਰਤ ਸਕਦੇ ਸਨ। ਇਸਰਾਏਲੀਆਂ ਨੂੰ ਅਜਿਹੇ ਮਰੇ ਹੋਏ ਜਾਨਵਰ ਉਨ੍ਹਾਂ ਨੂੰ ਦੇਣ ਜਾਂ ਵੇਚਣ ਦੀ ਇਜਾਜ਼ਤ ਸੀ। ਪਰ ਯਹੂਦੀ ਧਰਮ ਅਪਣਾਉਣ ਵਾਲਾ ਪਰਦੇਸੀ ਬਿਵਸਥਾ ਦੇ ਅਧੀਨ ਹੁੰਦਾ ਸੀ। ਜਿਵੇਂ ਲੇਵੀਆਂ 17:10 ਵਿਚ ਦਿਖਾਇਆ ਗਿਆ ਹੈ, ਅਜਿਹਾ ਵਿਅਕਤੀ ਖ਼ੂਨ ਰਲਿਆ ਮਾਸ ਨਹੀਂ ਖਾ ਸਕਦਾ ਸੀ।

24:6—ਕਿਸ ਅਰਥ ਵਿਚ ‘ਕੋਈ ਮਨੁੱਖ ਕਿਸੇ ਦੀ ਚੱਕੀ ਅਥਵਾ ਉਸ ਦਾ ਪੁੜ ਗਿਰਵੀ ਰੱਖ ਕੇ ਉਸ ਦੀ ਜਾਨ ਨੂੰ ਗਿਰਵੀ ਰੱਖਦਾ’ ਸੀ? ਚੱਕੀ ਅਤੇ ਇਸ ਦਾ ਉੱਤਲਾ ਪੁੜ ਕਿਸੇ ਦੀ “ਜਾਨ” ਯਾਨੀ ਉਸ ਦੇ ਰੋਟੀ-ਟੁੱਕ ਦੇ ਵਸੀਲੇ ਨੂੰ ਦਰਸਾਉਂਦਾ ਸੀ। ਇਨ੍ਹਾਂ ਵਿੱਚੋਂ ਕਿਸੇ ਇਕ ਚੀਜ਼ ਨੂੰ ਆਪਣੇ ਕੋਲ ਗਿਰਵੀ ਰੱਖ ਕੇ ਉਹ ਉਸ ਵਿਅਕਤੀ ਦੇ ਪੂਰੇ ਪਰਿਵਾਰ ਨੂੰ ਰੋਟੀ ਤੋਂ ਵਾਂਝਾ ਕਰਦਾ ਸੀ।

25:9—ਉਸ ਆਦਮੀ ਦੀ ਜੁੱਤੀ ਲਾਹੁਣ ਅਤੇ ਉਸ ਦੇ ਮੂੰਹ ਤੇ ਥੁੱਕਣ ਦਾ ਕੀ ਮਤਲਬ ਸੀ ਜੋ ਆਪਣੇ ਭਰਾ ਦੀ ਵਿਧਵਾ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰਦਾ ਸੀ? ‘ਪਹਿਲੇ ਸਮੇਂ ਇਸਰਾਏਲ ਵਿੱਚ ਛੁਡਾਉਣ ਦੀ ਰੀਤੀ’ ਅਨੁਸਾਰ “ਇੱਕ ਜਣਾ ਆਪਣੀ ਜੁੱਤੀ ਲਾਹ ਕੇ ਆਪਣੇ ਗੁਆਂਢੀ ਨੂੰ ਦੇ ਦਿੰਦਾ ਸੀ।” (ਰੂਥ 4:7) ਵਿਆਹ ਕਰਾਉਣ ਤੋਂ ਇਨਕਾਰ ਕਰਨ ਵਾਲੇ ਆਦਮੀ ਦੀ ਜੁੱਤੀ ਲਾਹ ਕੇ ਇਹ ਦਿਖਾਇਆ ਜਾਂਦਾ ਸੀ ਕਿ ਉਸ ਨੇ ਆਪਣੇ ਮਰੇ ਭਰਾ ਲਈ ਸੰਤਾਨ ਪੈਦਾ ਕਰਨ ਦੇ ਹੱਕ ਨੂੰ ਤਿਆਗ ਦਿੱਤਾ ਸੀ। ਇਹ ਉਸ ਲਈ ਬਹੁਤ ਸ਼ਰਮਨਾਕ ਗੱਲ ਹੁੰਦੀ ਸੀ। (ਬਿਵਸਥਾ ਸਾਰ 25:10) ਉਸ ਦੇ ਮੂੰਹ ਤੇ ਥੁੱਕ ਕੇ ਉਸ ਦੀ ਬੇਇੱਜ਼ਤੀ ਕੀਤੀ ਜਾਂਦੀ ਸੀ।​—ਗਿਣਤੀ 12:14.

ਸਾਡੇ ਲਈ ਸਬਕ:

6:6-9. ਜਿਵੇਂ ਇਸਰਾਏਲੀਆਂ ਨੂੰ ਬਿਵਸਥਾ ਨੂੰ ਚੰਗੀ ਤਰ੍ਹਾਂ ਜਾਣਨ ਦਾ ਹੁਕਮ ਦਿੱਤਾ ਗਿਆ ਸੀ, ਉਸੇ ਤਰ੍ਹਾਂ ਸਾਨੂੰ ਵੀ ਪਰਮੇਸ਼ੁਰ ਦੇ ਹੁਕਮਾਂ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸਾਨੂੰ ਇਹ ਹੁਕਮ ਆਪਣੇ ਬੱਚਿਆਂ ਨੂੰ ਵੀ ਸਿਖਾਉਣੇ ਚਾਹੀਦੇ ਹਨ। ਸਾਨੂੰ ਉਨ੍ਹਾਂ ਨੂੰ ‘ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨਣਾ’ ਚਾਹੀਦਾ ਹੈ। ਸਾਡੇ ਹੱਥ ਸਾਡੇ ਕੰਮਾਂ ਨੂੰ ਦਰਸਾਉਂਦੇ ਹਨ। ਇਨ੍ਹਾਂ ਨੂੰ ਹੱਥਾਂ ਤੇ ਬੰਨ੍ਹਣ ਦਾ ਮਤਲਬ ਹੈ ਕਿ ਅਸੀਂ ਹਰ ਕੰਮ ਵਿਚ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਆਗਿਆਕਾਰ ਹਾਂ। ਇਹ “ਨੇਤ੍ਰਾਂ ਦੇ ਵਿਚਕਾਰ ਤਵੀਤ ਜਿਹੀਆਂ ਹੋਣ” ਦਾ ਮਤਲਬ ਹੈ ਕਿ ਸਾਡੀ ਆਗਿਆਕਾਰੀ ਸਾਰਿਆਂ ਦੇ ਸਾਮ੍ਹਣੇ ਜ਼ਾਹਰ ਹੋਣੀ ਚਾਹੀਦੀ ਹੈ।

6:16. ਸਾਨੂੰ ਕਦੀ ਵੀ ਯਹੋਵਾਹ ਨੂੰ ਪਰਤਾਉਣਾ ਨਹੀਂ ਚਾਹੀਦਾ ਜਿਵੇਂ ਇਸਰਾਏਲੀਆਂ ਨੇ ਯਹੋਵਾਹ ਉੱਤੇ ਭਰੋਸਾ ਨਾ ਰੱਖਦੇ ਹੋਏ ਮੱਸਾਹ ਵਿਚ ਕੀਤਾ ਸੀ। ਇਸ ਜਗ੍ਹਾ ਇਸਰਾਏਲੀ ਪਾਣੀ ਨਾ ਮਿਲਣ ਕਰਕੇ ਬੁੜ-ਬੁੜ ਕਰਨ ਲੱਗ ਪਏ ਸਨ।​—ਕੂਚ 17:1-7.

8:11-18. ਧਨ-ਦੌਲਤ ਕਰਕੇ ਅਸੀਂ ਯਹੋਵਾਹ ਨੂੰ ਭੁੱਲ ਸਕਦੇ ਹਾਂ।

9:4-6. ਸਾਨੂੰ ਆਪਣੇ ਆਪ ਨੂੰ ਦੂਜਿਆਂ ਤੋਂ ਜ਼ਿਆਦਾ ਧਰਮੀ ਸਮਝਣ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ।

13:6. ਸਾਨੂੰ ਕਿਸੇ ਵੀ ਚੀਜ਼ ਕਰਕੇ ਯਹੋਵਾਹ ਦੀ ਭਗਤੀ ਕਰਨੀ ਨਹੀਂ ਛੱਡਣੀ ਚਾਹੀਦੀ।

14:1. ਆਪਣੇ ਸਰੀਰ ਨੂੰ ਕੱਟਣ-ਵੱਢਣ ਨਾਲ ਇਕ ਵਿਅਕਤੀ ਆਪਣੇ ਸਰੀਰ ਦੀ ਨਿਰਾਦਰੀ ਕਰਦਾ ਹੈ। ਇਸ ਰੀਤ ਦਾ ਸੰਬੰਧ ਸ਼ਾਇਦ ਝੂਠੇ ਧਰਮ ਨਾਲ ਹੈ ਅਤੇ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। (1 ਰਾਜਿਆਂ 18:25-28) ਅਸੀਂ ਮੁਰਦਿਆਂ ਦੇ ਮੁੜ ਜੀ ਉੱਠਣ ਦੀ ਉਮੀਦ ਰੱਖਦੇ ਹਾਂ, ਇਸ ਲਈ ਸੋਗ ਵਿਚ ਆਪਣੇ ਆਪ ਨੂੰ ਕੱਟ-ਵੱਢ ਕੇ ਲਹੂ-ਲੁਹਾਨ ਕਰਨਾ ਸਹੀ ਨਹੀਂ ਹੋਵੇਗਾ।

20:5-7; 24:5. ਭਾਵੇਂ ਕਿ ਤੁਸੀਂ ਦੂਸਰਿਆਂ ਤੋਂ ਕਿੰਨਾ ਵੀ ਜ਼ਰੂਰੀ ਕੰਮ ਕਿਉਂ ਨਾ ਕਰਾਉਣਾ ਹੋਵੇ, ਪਰ ਉਨ੍ਹਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦਾ ਲਿਹਾਜ਼ ਕਰਨਾ ਚਾਹੀਦਾ ਹੈ।

22:23-27. ਇਕ ਤੀਵੀਂ ਲਈ ਬਲਾਤਕਾਰ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਹ ਉੱਚੀ-ਉੱਚੀ ਚੀਕਾਂ ਮਾਰੇ।

“ਜੀਵਨ ਨੂੰ ਚੁਣੋ”

(ਬਿਵਸਥਾ ਸਾਰ 27:1–34:12)

ਆਪਣੇ ਤੀਜੇ ਭਾਸ਼ਣ ਵਿਚ ਮੂਸਾ ਕਹਿੰਦਾ ਹੈ ਕਿ ਯਰਦਨ ਦਰਿਆ ਪਾਰ ਕਰਨ ਤੋਂ ਬਾਅਦ ਇਸਰਾਏਲੀ ਬਿਵਸਥਾ ਨੂੰ ਵੱਡੇ-ਵੱਡੇ ਪੱਥਰਾਂ ਉੱਤੇ ਲਿਖਣ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਰਾਪ ਅਤੇ ਮੰਨਣ ਵਾਲਿਆਂ ਨੂੰ ਅਸੀਸ ਦੇਣ। ਚੌਥੇ ਭਾਸ਼ਣ ਦੇ ਸ਼ੁਰੂ ਵਿਚ ਯਹੋਵਾਹ ਅਤੇ ਇਸਰਾਏਲ ਵਿਚ ਬੰਨ੍ਹੇ ਗਏ ਨੇਮ ਨੂੰ ਮੁੜ ਦੁਹਰਾਇਆ ਜਾਂਦਾ ਹੈ। ਮੂਸਾ ਯਹੋਵਾਹ ਦੀ ਅਣਆਗਿਆਕਾਰੀ ਕਰਨ ਤੋਂ ਇਸਰਾਏਲੀਆਂ ਨੂੰ ਦੁਬਾਰਾ ਖ਼ਬਰਦਾਰ ਕਰਦਾ ਹੈ ਅਤੇ ਉਨ੍ਹਾਂ ਨੂੰ ‘ਜੀਵਨ ਨੂੰ ਚੁਣਨ’ ਲਈ ਪ੍ਰੇਰਦਾ ਹੈ।​—ਬਿਵਸਥਾ ਸਾਰ 30:19.

ਚਾਰ ਭਾਸ਼ਣ ਦੇਣ ਤੋਂ ਇਲਾਵਾ, ਮੂਸਾ ਇਸਰਾਏਲੀਆਂ ਦੇ ਨਵੇਂ ਆਗੂ ਬਾਰੇ ਦੱਸਦਾ ਹੈ ਅਤੇ ਉਨ੍ਹਾਂ ਨੂੰ ਯਹੋਵਾਹ ਦੀ ਮਹਿਮਾ ਕਰਨ ਲਈ ਇਕ ਬਹੁਤ ਹੀ ਸੋਹਣਾ ਗੀਤ ਸਿਖਾਉਂਦਾ ਹੈ। ਉਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਾ ਰਹਿਣ ਦੇ ਨਤੀਜਿਆਂ ਤੋਂ ਵੀ ਖ਼ਬਰਦਾਰ ਕਰਦਾ ਹੈ। ਲੋਕਾਂ ਨੂੰ ਅਸੀਸਾਂ ਦੇਣ ਤੋਂ ਬਾਅਦ ਮੂਸਾ 120 ਸਾਲ ਦੀ ਉਮਰ ਤੇ ਮਰ ਜਾਂਦਾ ਹੈ ਅਤੇ ਇਸਰਾਏਲੀ ਉਸ ਨੂੰ ਦਫ਼ਨਾ ਦਿੰਦੇ ਹਨ। ਲੋਕ 30 ਦਿਨਾਂ ਤਕ ਉਸ ਦੀ ਮੌਤ ਦਾ ਸੋਗ ਮਨਾਉਂਦੇ ਹਨ।

ਕੁਝ ਸਵਾਲਾਂ ਦੇ ਜਵਾਬ:

32:13, 14—ਇਸਰਾਏਲੀਆਂ ਨੂੰ ਕਿਸੇ ਵੀ ਕਿਸਮ ਦੀ ਚਰਬੀ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ, ਇਸ ਲਈ “ਲੇਲਿਆਂ ਦੀ ਚਰਬੀ” ਖਾਣ ਦਾ ਕੀ ਮਤਲਬ ਸੀ? ਇੱਥੇ “ਲੇਲਿਆਂ ਦੀ ਚਰਬੀ” ਸ਼ਬਦ ਲਾਖਣਿਕ ਤੌਰ ਤੇ ਇਸਤੇਮਾਲ ਕੀਤੇ ਗਏ ਹਨ ਅਤੇ ਇਹ ਇੱਜੜ ਦੇ ਸਭ ਤੋਂ ਵਧੀਆ ਜਾਨਵਰਾਂ ਨੂੰ ਦਰਸਾਉਂਦੇ ਹਨ। ਇਸ ਆਇਤ ਵਿਚ ਹੋਰ ਵੀ ਲਾਖਣਿਕ ਸ਼ਬਦ ਵਰਤੇ ਗਏ ਹਨ, ਜਿਵੇਂ ਕਿ “ਅੰਗੂਰੀ ਲਹੂ।”

33:1-29—ਇਸਰਾਏਲੀਆਂ ਨੂੰ ਅਸੀਸਾਂ ਦੇਣ ਵੇਲੇ ਮੂਸਾ ਨੇ ਸ਼ਿਮਓਨ ਦਾ ਜ਼ਿਕਰ ਕਿਉਂ ਨਹੀਂ ਕੀਤਾ ਸੀ? ਉਸ ਨੇ ਇਸ ਕਰਕੇ ਜ਼ਿਕਰ ਨਹੀਂ ਕੀਤਾ ਸੀ ਕਿਉਂਕਿ ਸ਼ਿਮਓਨ ਅਤੇ ਲੇਵੀ ਨੇ “ਰੋਹ” ਯਾਨੀ ਕ੍ਰੋਧ ਵਿਚ ਆ ਕੇ ਖ਼ੂਨ-ਖ਼ਰਾਬਾ ਕੀਤਾ ਸੀ ਅਤੇ ਉਨ੍ਹਾਂ ਦਾ ਰੋਹ “ਕਠੋਰ” ਸੀ। (ਉਤਪਤ 34:13-31; 49:5-7) ਉਨ੍ਹਾਂ ਨੂੰ ਦੇਸ਼ ਵਿੱਚੋਂ ਦੂਸਰੇ ਗੋਤਾਂ ਜਿੰਨਾ ਹਿੱਸਾ ਨਹੀਂ ਦਿੱਤਾ ਗਿਆ ਸੀ। ਲੇਵੀਆਂ ਨੂੰ 48 ਸ਼ਹਿਰ ਮਿਲੇ ਸਨ ਅਤੇ ਸ਼ਿਮਓਨ ਦਾ ਹਿੱਸਾ ਯਹੂਦਾਹ ਦੇ ਇਲਾਕੇ ਵਿਚ ਹੀ ਸੀ। (ਯਹੋਸ਼ੁਆ 19:9; 21:41, 42) ਇਸ ਕਰਕੇ ਮੂਸਾ ਨੇ ਸ਼ਿਮਓਨ ਦਾ ਜ਼ਿਕਰ ਨਹੀਂ ਕੀਤਾ। ਪਰ ਜਦੋਂ ਪੂਰੇ ਇਸਰਾਏਲ ਨੂੰ ਅਸੀਸਾਂ ਦਿੱਤੀਆਂ ਗਈਆਂ ਸਨ, ਤਾਂ ਉਦੋਂ ਸ਼ਿਮਓਨ ਨੂੰ ਵੀ ਅਸੀਸਾਂ ਮਿਲੀਆਂ।

ਸਾਡੇ ਲਈ ਸਬਕ:

31:12. ਸਭਾਵਾਂ ਵਿਚ ਬੱਚਿਆਂ ਨੂੰ ਵੱਡਿਆਂ ਨਾਲ ਬੈਠਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸੁਣਨ ਅਤੇ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

32:4. ਯਹੋਵਾਹ ਦੇ ਸਾਰੇ ਕੰਮ ਇਸ ਅਰਥ ਵਿਚ ਪੂਰੇ-ਪੂਰੇ ਹਨ ਕਿ ਉਹ ਕੋਈ ਵੀ ਕੰਮ ਕਰਨ ਵੇਲੇ ਆਪਣੇ ਨਿਆਂ, ਬੁੱਧ, ਪਿਆਰ ਅਤੇ ਸ਼ਕਤੀ ਦੇ ਗੁਣ ਵਰਤਦਾ ਹੈ।

ਬਿਵਸਥਾ ਸਾਰ ਦੀ ਕਿਤਾਬ ਸਾਡੇ ਲਈ ਬਹੁਤ ਫ਼ਾਇਦੇਮੰਦ ਹੈ

ਬਿਵਸਥਾ ਸਾਰ ਦੀ ਕਿਤਾਬ ਵਿਚ ਦੱਸਿਆ ਹੈ ਕਿ ਯਹੋਵਾਹ “ਇੱਕੋ ਹੀ ਯਹੋਵਾਹ ਹੈ।” (ਬਿਵਸਥਾ ਸਾਰ 6:4) ਇਸ ਵਿਚ ਉਨ੍ਹਾਂ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦਾ ਪਰਮੇਸ਼ੁਰ ਨਾਲ ਅਨੋਖਾ ਰਿਸ਼ਤਾ ਸੀ। ਬਿਵਸਥਾ ਸਾਰ ਦੀ ਕਿਤਾਬ ਸਾਨੂੰ ਮੂਰਤੀ-ਪੂਜਾ ਖ਼ਿਲਾਫ਼ ਖ਼ਬਰਦਾਰ ਕਰਦੀ ਹੈ ਅਤੇ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਅਸੀਂ ਸਿਰਫ਼ ਸੱਚੇ ਪਰਮੇਸ਼ੁਰ ਦੀ ਹੀ ਭਗਤੀ ਕਰੀਏ।

ਜੀ ਹਾਂ, ਬਿਵਸਥਾ ਸਾਰ ਦੀ ਕਿਤਾਬ ਸਾਡੇ ਲਈ ਬਹੁਤ ਫ਼ਾਇਦੇਮੰਦ ਹੈ। ਭਾਵੇਂ ਅਸੀਂ ਬਿਵਸਥਾ ਅਧੀਨ ਨਹੀਂ ਹਾਂ, ਫਿਰ ਵੀ ਅਸੀਂ ਇਸ ਤੋਂ ਬਹੁਤ ਸਾਰੀਆਂ ਗੱਲਾਂ ਸਿੱਖ ਸਕਦੇ ਹਾਂ ਜੋ ‘ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰਨ’ ਵਿਚ ਸਾਡੀ ਮਦਦ ਕਰ ਸਕਦੀਆਂ ਹਨ।​—ਬਿਵਸਥਾ ਸਾਰ 6:5.

[ਫੁਟਨੋਟ]

^ ਪੈਰਾ 3 ਆਖ਼ਰੀ ਅਧਿਆਇ ਵਿਚ ਮੂਸਾ ਦੀ ਮੌਤ ਬਾਰੇ ਦੱਸਿਆ ਗਿਆ ਹੈ। ਇਹ ਅਧਿਆਇ ਸ਼ਾਇਦ ਯਹੋਸ਼ੁਆ ਜਾਂ ਫਿਰ ਪ੍ਰਧਾਨ ਜਾਜਕ ਅਲਆਜ਼ਾਰ ਨੇ ਲਿਖਿਆ ਸੀ।

[ਸਫ਼ੇ 24 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਸੇਈਰ

ਕਾਦੇਸ਼-ਬਰਨੇਆ

ਸੀਨਈ ਪਹਾੜ (ਹੋਰੇਬ)

ਲਾਲ ਸਮੁੰਦਰ

[ਕ੍ਰੈਡਿਟ ਲਾਈਨ]

Based on maps copyrighted by Pictorial Archive (Near Eastern History) Est. and Survey of Israel

[ਸਫ਼ੇ 24 ਉੱਤੇ ਤਸਵੀਰ]

ਮੂਸਾ ਦੇ ਭਾਸ਼ਣ ਬਿਵਸਥਾ ਸਾਰ ਦੀ ਕਿਤਾਬ ਦਾ ਮੁੱਖ ਹਿੱਸਾ ਹਨ

[ਸਫ਼ੇ 26 ਉੱਤੇ ਤਸਵੀਰ]

ਯਹੋਵਾਹ ਦੁਆਰਾ ਇਸਰਾਏਲੀਆਂ ਨੂੰ ਮੰਨ ਦੇਣ ਦੇ ਪ੍ਰਬੰਧ ਤੋਂ ਅਸੀਂ ਕੀ ਸਿੱਖਦੇ ਹਾਂ?

[ਸਫ਼ੇ 26 ਉੱਤੇ ਤਸਵੀਰ]

ਜੇ ਕੋਈ ਕਿਸੇ ਦੀ ਚੱਕੀ ਜਾਂ ਉਸ ਦਾ ਉਪਰਲਾ ਪੁੜ ਗਿਰਵੀ ਰੱਖਦਾ ਸੀ, ਤਾਂ ਇਸ ਦਾ ਮਤਲਬ ਸੀ ਕਿ ਉਹ ਉਸ ਦੀ “ਜਾਨ” ਨੂੰ ਗਿਰਵੀ ਰੱਖਦਾ ਸੀ