Skip to content

Skip to table of contents

ਯਿਸੂ ਮਸੀਹ ਨੂੰ ਕਿਵੇਂ ਯਾਦ ਕੀਤਾ ਜਾਣਾ ਚਾਹੀਦਾ ਹੈ?

ਯਿਸੂ ਮਸੀਹ ਨੂੰ ਕਿਵੇਂ ਯਾਦ ਕੀਤਾ ਜਾਣਾ ਚਾਹੀਦਾ ਹੈ?

ਯਿਸੂ ਮਸੀਹ ਨੂੰ ਕਿਵੇਂ ਯਾਦ ਕੀਤਾ ਜਾਣਾ ਚਾਹੀਦਾ ਹੈ?

ਯਿਸੂ ਮਸੀਹ “ਦੁਨੀਆਂ ਦੇ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇਕ ਸੀ।”​—“ਦ ਵਰਲਡ ਬੁੱਕ ਐਨਸਾਈਕਲੋਪੀਡੀਆ।”

ਮਹਾਨ ਹਸਤੀਆਂ ਨੂੰ ਉਨ੍ਹਾਂ ਦੇ ਕੰਮਾਂ ਕਰਕੇ ਯਾਦ ਕੀਤਾ ਜਾਂਦਾ ਹੈ। ਤਾਂ ਫਿਰ ਅੱਜ ਬਹੁਤ ਸਾਰੇ ਲੋਕ ਯਿਸੂ ਨੂੰ ਉਸ ਦੇ ਕੰਮਾਂ ਕਰਕੇ ਯਾਦ ਕਰਨ ਦੀ ਬਜਾਇ ਉਸ ਦੇ ਜਨਮ ਕਰਕੇ ਕਿਉਂ ਯਾਦ ਕਰਦੇ ਹਨ? ਸਾਰੇ ਈਸਾਈ ਦੇਸ਼ਾਂ ਵਿਚ ਜ਼ਿਆਦਾਤਰ ਲੋਕਾਂ ਨੂੰ ਯਿਸੂ ਦੇ ਜਨਮ ਸਮੇਂ ਹੋਈਆਂ ਘਟਨਾਵਾਂ ਬਾਰੇ ਪਤਾ ਹੈ। ਪਰ ਕਿੰਨੇ ਲੋਕ ਹਨ ਜੋ ਉਸ ਦੁਆਰਾ ਪਹਾੜੀ ਉਪਦੇਸ਼ ਵਿਚ ਦਿੱਤੀਆਂ ਉੱਤਮ ਸਿੱਖਿਆਵਾਂ ਨੂੰ ਯਾਦ ਕਰ ਸਕਦੇ ਹਨ ਤੇ ਉਨ੍ਹਾਂ ਉੱਤੇ ਚੱਲਦੇ ਹਨ?

ਇਹ ਸੱਚ ਹੈ ਕਿ ਯਿਸੂ ਦਾ ਜਨਮ ਇਕ ਚਮਤਕਾਰ ਸੀ, ਪਰ ਉਸ ਦੇ ਪਹਿਲੇ ਚੇਲਿਆਂ ਨੇ ਉਸ ਦੇ ਕੰਮਾਂ ਤੇ ਸਿੱਖਿਆਵਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ। ਪਰਮੇਸ਼ੁਰ ਨੇ ਕਦੀ ਨਹੀਂ ਚਾਹਿਆ ਸੀ ਕਿ ਲੋਕ ਯਿਸੂ ਦੀਆਂ ਸਿੱਖਿਆਵਾਂ ਦੀ ਬਜਾਇ ਉਸ ਦੇ ਜਨਮ-ਦਿਨ ਨੂੰ ਤਰਜੀਹ ਦੇਣ। ਪਰ ਕ੍ਰਿਸਮਸ ਅਤੇ ਇਸ ਨਾਲ ਜੁੜੀਆਂ ਝਲਕੀਆਂ ਤੇ ਕਥਾ-ਕਹਾਣੀਆਂ ਨੇ ਉਸ ਦੀ ਸ਼ਖ਼ਸੀਅਤ ਨੂੰ ਢੱਕ ਦਿੱਤਾ ਹੈ।

ਕ੍ਰਿਸਮਸ ਮਨਾਉਣ ਦੇ ਤਰੀਕੇ ਬਾਰੇ ਇਕ ਹੋਰ ਗੰਭੀਰ ਸਵਾਲ ਖੜ੍ਹਾ ਹੁੰਦਾ ਹੈ। ਅੱਜ ਕ੍ਰਿਸਮਸ ਵਪਾਰੀਆਂ ਲਈ ਪੈਸਾ ਕਮਾਉਣ ਦਾ ਮੁੱਖ ਜ਼ਰੀਆ ਬਣ ਚੁੱਕਾ ਹੈ। ਜੇ ਯਿਸੂ ਅੱਜ ਧਰਤੀ ਤੇ ਮੁੜ ਆਵੇ, ਤਾਂ ਉਹ ਕ੍ਰਿਸਮਸ ਦੌਰਾਨ ਹੁੰਦੇ ਵਪਾਰ ਬਾਰੇ ਕਿਵੇਂ ਮਹਿਸੂਸ ਕਰੇਗਾ? ਦੋ ਹਜ਼ਾਰ ਸਾਲ ਪਹਿਲਾਂ ਯਿਸੂ ਯਰੂਸ਼ਲਮ ਦੀ ਹੈਕਲ ਵਿਚ ਗਿਆ ਸੀ। ਉੱਥੇ ਸਰਾਫ਼ ਤੇ ਵਪਾਰੀ ਇਕ ਯਹੂਦੀ ਧਾਰਮਿਕ ਤਿਉਹਾਰ ਦੌਰਾਨ ਲੋਕਾਂ ਤੋਂ ਪੈਸਾ ਭੋਟ ਰਹੇ ਸਨ। ਇਹ ਸਭ ਦੇਖ ਕੇ ਯਿਸੂ ਦਾ ਕ੍ਰੋਧ ਭੜਕ ਉੱਠਿਆ। ਉਸ ਨੇ ਕਿਹਾ: “ਇਨ੍ਹਾਂ ਚੀਜ਼ਾਂ ਨੂੰ ਐੱਥੋਂ ਲੈ ਜਾਓ! ਮੇਰੇ ਪਿਤਾ ਦੇ ਘਰ ਨੂੰ ਬੁਪਾਰ ਦੀ ਮੰਡੀ ਨਾ ਬਣਾਓ!” (ਯੂਹੰਨਾ 2:13-16) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਧਰਮ ਦੇ ਨਾਂ ਤੇ ਵਪਾਰ ਹੁੰਦਾ ਦੇਖ ਕੇ ਬਿਲਕੁਲ ਖ਼ੁਸ਼ ਨਹੀਂ ਹੋਇਆ ਸੀ।

ਸਪੇਨ ਵਿਚ ਬਹੁਤ ਸਾਰੇ ਨੇਕਦਿਲ ਕੈਥੋਲਿਕ ਕ੍ਰਿਸਮਸ ਦੇ ਨਾਂ ਤੇ ਹੁੰਦੇ ਵਪਾਰ ਬਾਰੇ ਆਪਣੀ ਚਿੰਤਾ ਜ਼ਾਹਰ ਕਰਦੇ ਹਨ। ਪਰ ਜੇ ਅਸੀਂ ਕ੍ਰਿਸਮਸ ਦੇ ਬਹੁਤ ਸਾਰੇ ਰਸਮਾਂ-ਰਿਵਾਜਾਂ ਦੇ ਮੁੱਢ ਨੂੰ ਦੇਖੀਏ, ਤਾਂ ਅਸੀਂ ਦੇਖ ਸਕਾਂਗੇ ਕਿ ਕ੍ਰਿਸਮਸ ਦਾ ਵਪਾਰੀਕਰਣ ਹੋਣਾ ਹੀ ਸੀ। ਪੱਤਰਕਾਰ ਖ਼ਵੌਨ ਔਰਯੌਸ ਕਹਿੰਦਾ ਹੈ: ‘ਜਿਹੜੇ ਈਸਾਈ ਇਸ ਗੱਲ ਦੀ ਆਲੋਚਨਾ ਕਰਦੇ ਹਨ ਕਿ ਕ੍ਰਿਸਮਸ ਵਿਚ ਬਹੁਤ ਸਾਰੀਆਂ ਗ਼ੈਰ-ਈਸਾਈ ਰਸਮਾਂ ਨੂੰ ਸ਼ਾਮਲ ਕਰ ਦਿੱਤਾ ਗਿਆ ਹੈ ਅਤੇ ਧਾਰਮਿਕ ਗੱਲਾਂ ਦੀ ਜਗ੍ਹਾ ਮੌਜ-ਮੇਲੇ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ, ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਕ੍ਰਿਸਮਸ ਵਿਚ ਸ਼ੁਰੂ ਤੋਂ ਹੀ ਗ਼ੈਰ-ਈਸਾਈ ਰੋਮੀ ਰਸਮਾਂ-ਰਿਵਾਜ ਸ਼ਾਮਲ ਸਨ।’—ਐੱਲ ਪੌਈਸ, 24 ਦਸੰਬਰ 2001.

ਹਾਲ ਹੀ ਦੇ ਸਾਲਾਂ ਵਿਚ ਸਪੇਨ ਦੇ ਬਹੁਤ ਸਾਰੇ ਪੱਤਰਕਾਰਾਂ ਤੇ ਵਿਸ਼ਵ-ਕੋਸ਼ਾਂ ਨੇ ਟਿੱਪਣੀ ਕੀਤੀ ਹੈ ਕਿ ਕ੍ਰਿਸਮਸ ਦੇ ਬਹੁਤ ਸਾਰੇ ਜਸ਼ਨਾਂ ਵਿਚ ਗ਼ੈਰ-ਈਸਾਈ ਰਸਮਾਂ ਸ਼ਾਮਲ ਹਨ ਤੇ ਇਸ ਨੂੰ ਪੈਸਾ ਕਮਾਉਣ ਦਾ ਜ਼ਰੀਆ ਬਣਾ ਲਿਆ ਗਿਆ ਹੈ। ਕ੍ਰਿਸਮਸ ਦੀ ਤਾਰੀਖ਼ ਬਾਰੇ ਇਕ ਕੈਥੋਲਿਕ ਐਨਸਾਈਕਲੋਪੀਡੀਆ ਨੇ ਸਪੱਸ਼ਟ ਤੌਰ ਤੇ ਕਿਹਾ: ‘ਇਸ ਤਰ੍ਹਾਂ ਲੱਗਦਾ ਹੈ ਕਿ ਰੋਮਨ ਚਰਚ ਨੇ ਇਸ ਕਰਕੇ ਕ੍ਰਿਸਮਸ ਦੀ ਇਹ ਤਾਰੀਖ਼ ਮਿੱਥੀ ਸੀ ਕਿਉਂਕਿ ਇਹ ਗ਼ੈਰ-ਈਸਾਈ ਤਿਉਹਾਰਾਂ ਨੂੰ ਈਸਾਈ ਧਰਮ ਵਿਚ ਸ਼ਾਮਲ ਕਰਨਾ ਚਾਹੁੰਦਾ ਸੀ। ਅਸੀਂ ਜਾਣਦੇ ਹਾਂ ਕਿ ਪੁਰਾਣੇ ਜ਼ਮਾਨੇ ਵਿਚ 25 ਦਸੰਬਰ ਨੂੰ ਰੋਮ ਵਿਚ ਲੋਕ “ਅਜੇਤੂ ਸੂਰਜ” ਦਾ ਜਨਮ-ਦਿਨ ਮਨਾਉਂਦੇ ਸਨ।’

ਐਨਸਾਈਕਲੋਪੀਡੀਆ ਈਸਪਾਨੀਕਾ ਵੀ ਕਹਿੰਦਾ ਹੈ: ‘ਕ੍ਰਿਸਮਸ ਦੀ ਤਾਰੀਖ਼ 25 ਦਸੰਬਰ ਯਿਸੂ ਦੇ ਜਨਮ ਦੀ ਸਹੀ ਤਾਰੀਖ਼ ਨਹੀਂ ਹੈ, ਸਗੋਂ ਇਹ ਰੋਮ ਵਿਚ ਮਨਾਏ ਜਾਂਦੇ ਇਕ ਤਿਉਹਾਰ ਦੀ ਤਾਰੀਖ਼ ਹੈ ਜਿਸ ਨੂੰ ਈਸਾਈ ਧਰਮ ਵਿਚ ਲਿਆਂਦਾ ਗਿਆ ਹੈ।’ 25 ਦਸੰਬਰ ਨੂੰ ਸੂਰਜ ਚੜ੍ਹਨ ਤੇ ਰੋਮੀ ਲੋਕ ਕਿਵੇਂ ਜਸ਼ਨ ਮਨਾਉਂਦੇ ਸਨ? ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਾ ਕੇ, ਨੱਚ-ਗਾ ਕੇ ਤੇ ਇਕ-ਦੂਜੇ ਨੂੰ ਤੋਹਫ਼ੇ ਦੇ ਕੇ। ਚਰਚ ਦੇ ਪਾਦਰੀ ਇਸ ਮਸ਼ਹੂਰ ਤਿਉਹਾਰ ਨੂੰ ਖ਼ਤਮ ਕਰਨ ਤੋਂ ਹਿਚਕਿਚਾਉਂਦੇ ਸਨ, ਇਸ ਲਈ ਉਨ੍ਹਾਂ ਨੇ ਇਸ ਦਿਨ ਨੂੰ ਸੂਰਜ ਦਾ ਜਨਮ-ਦਿਨ ਕਹਿਣ ਦੀ ਬਜਾਇ ਯਿਸੂ ਦਾ ਜਨਮ-ਦਿਨ ਕਹਿ ਕੇ ਈਸਾਈ ਧਰਮ ਵਿਚ ਸ਼ਾਮਲ ਕਰ ਲਿਆ।

ਸ਼ੁਰੂ-ਸ਼ੁਰੂ ਵਿਚ (ਚੌਥੀ ਤੇ ਪੰਜਵੀਂ ਸਦੀ) ਸੂਰਜ ਦੀ ਪੂਜਾ ਤੇ ਇਸ ਨਾਲ ਜੁੜੇ ਰਿਵਾਜਾਂ ਨੂੰ ਛੱਡਣਾ ਈਸਾਈਆਂ ਲਈ ਬਹੁਤ ਮੁਸ਼ਕਲ ਸੀ। ਇਸ ਕਰਕੇ ਕੈਥੋਲਿਕ “ਸੰਤ” ਆਗਸਤੀਨ (354–430 ਸਾ.ਯੁ.) ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ 25 ਦਸੰਬਰ ਨੂੰ ਯਿਸੂ ਦਾ ਜਨਮ-ਦਿਨ ਉੱਦਾਂ ਨਾ ਮਨਾਉਣ ਜਿੱਦਾਂ ਰੋਮੀ ਲੋਕ ਸੂਰਜ ਦਾ ਤਿਉਹਾਰ ਮਨਾਉਂਦੇ ਸਨ। ਸੂਰਜ ਪੂਜਾ ਨਾਲ ਜੁੜੇ ਇਹ ਰਿਵਾਜ ਅੱਜ ਵੀ ਕ੍ਰਿਸਮਸ ਦੇ ਤਿਉਹਾਰ ਦਾ ਅਟੁੱਟ ਹਿੱਸਾ ਹਨ।

ਮੌਜ-ਮੇਲਾ ਕਰਨ ਤੇ ਪੈਸਾ ਕਮਾਉਣ ਲਈ ਸਹੀ ਤਿਉਹਾਰ

ਸਦੀਆਂ ਤੋਂ ਕਈ ਗੱਲਾਂ ਨੇ ਕ੍ਰਿਸਮਸ ਉੱਤੇ ਆਪਣਾ ਪ੍ਰਭਾਵ ਪਾਇਆ ਹੈ ਜਿਸ ਕਰਕੇ ਅੱਜ ਇਹ ਮੌਜ-ਮੇਲਾ ਕਰਨ ਤੇ ਪੈਸਾ ਕਮਾਉਣ ਲਈ ਦੁਨੀਆਂ ਦਾ ਮਨਪਸੰਦ ਤਿਉਹਾਰ ਬਣ ਗਿਆ ਹੈ। ਇਸ ਤੋਂ ਇਲਾਵਾ, ਸਰਦੀਆਂ ਦੇ ਮੌਸਮ ਵਿਚ ਮਨਾਏ ਜਾਂਦੇ ਹੋਰ ਤਿਉਹਾਰਾਂ, ਖ਼ਾਸ ਕਰਕੇ ਉੱਤਰੀ ਯੂਰਪ ਵਿਚ ਮਨਾਏ ਜਾਂਦੇ ਤਿਉਹਾਰਾਂ ਦੇ ਰਿਵਾਜ ਵੀ ਹੌਲੀ-ਹੌਲੀ ਕ੍ਰਿਸਮਸ ਵਿਚ ਸ਼ਾਮਲ ਕੀਤੇ ਗਏ ਸਨ। * ਵੀਹਵੀਂ ਸਦੀ ਵਿਚ ਦੁਕਾਨਦਾਰਾਂ ਤੇ ਵਪਾਰੀਆਂ ਨੇ ਹਰ ਉਸ ਰਿਵਾਜ ਨੂੰ ਹੱਲਾਸ਼ੇਰੀ ਦਿੱਤੀ ਜਿਸ ਤੋਂ ਉਨ੍ਹਾਂ ਨੂੰ ਮਾਲਾਮਾਲ ਹੋਣ ਦਾ ਮੌਕਾ ਮਿਲ ਸਕਦਾ ਸੀ।

ਇਸ ਦਾ ਨਤੀਜਾ ਕੀ ਨਿਕਲਿਆ ਹੈ? ਮਸੀਹ ਦੇ ਜਨਮ ਦੀ ਅਹਿਮੀਅਤ ਨਾਲੋਂ ਲੋਕ ਜਸ਼ਨ ਮਨਾਉਣ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਕਈ ਦੇਸ਼ਾਂ ਵਿਚ ਤਾਂ ਕ੍ਰਿਸਮਸ ਮਨਾਉਣ ਵੇਲੇ ਲੋਕ ਆਮ ਤੌਰ ਤੇ ਮਸੀਹ ਦਾ ਜ਼ਿਕਰ ਤਕ ਨਹੀਂ ਕਰਦੇ। ਇਕ ਸਪੇਨੀ ਅਖ਼ਬਾਰ ਮੁਤਾਬਕ, “ਪੂਰੀ ਦੁਨੀਆਂ ਵਿਚ ਲੋਕ [ਕ੍ਰਿਸਮਸ] ਮਨਾਉਂਦੇ ਹਨ ਅਤੇ ਆਪਣੇ ਪਰਿਵਾਰਾਂ ਨਾਲ ਮਿਲ ਕੇ ਮੌਜ-ਮਸਤੀ ਕਰਦੇ ਹਨ। ਹਰ ਕੋਈ ਆਪਣੇ ਤਰੀਕੇ ਨਾਲ ਇਸ ਨੂੰ ਮਨਾਉਂਦਾ ਹੈ।”

ਇਸ ਟਿੱਪਣੀ ਤੋਂ ਕ੍ਰਿਸਮਸ ਬਾਰੇ ਇਕ ਗੱਲ ਦਾ ਪਤਾ ਲੱਗਦਾ ਹੈ। ਸਪੇਨ ਤੇ ਦੁਨੀਆਂ ਦੇ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਕ੍ਰਿਸਮਸ ਦੌਰਾਨ ਜਿੱਦਾਂ-ਜਿੱਦਾਂ ਲੋਕਾਂ ਦੀ ਫ਼ਜ਼ੂਲਖ਼ਰਚੀ ਵਧਦੀ ਜਾ ਰਹੀ ਹੈ, ਉੱਦਾਂ-ਉੱਦਾਂ ਉਨ੍ਹਾਂ ਦਾ ਮਸੀਹ ਬਾਰੇ ਗਿਆਨ ਘਟਦਾ ਜਾ ਰਿਹਾ ਹੈ। ਸੋ ਦੇਖਿਆ ਜਾਵੇ ਤਾਂ ਕ੍ਰਿਸਮਸ ਦਾ ਤਿਉਹਾਰ ਹੁਣ ਉਵੇਂ ਹੀ ਮਨਾਇਆ ਜਾਂਦਾ ਹੈ ਜਿਵੇਂ ਰੋਮੀ ਲੋਕ ਸੂਰਜ ਦਾ ਜਨਮ-ਦਿਨ ਮਨਾਉਂਦੇ ਸਨ—ਮੌਜ-ਮੇਲਾ, ਖਾਣਾ-ਪੀਣਾ ਤੇ ਇਕ-ਦੂਜੇ ਨੂੰ ਤੋਹਫ਼ੇ ਦੇਣੇ।

ਸਾਡੇ ਲਈ ਇਕ ਬਾਲਕ ਜੰਮਿਆ ਹੈ

ਜੇ ਕ੍ਰਿਸਮਸ ਦਾ ਮਸੀਹ ਨਾਲ ਦੂਰ ਦਾ ਸੰਬੰਧ ਵੀ ਨਹੀਂ ਹੈ, ਤਾਂ ਸੱਚੇ ਮਸੀਹੀਆਂ ਨੂੰ ਮਸੀਹ ਦੇ ਜਨਮ ਅਤੇ ਜ਼ਿੰਦਗੀ ਨੂੰ ਕਿਵੇਂ ਯਾਦ ਕਰਨਾ ਚਾਹੀਦਾ ਹੈ? ਯਿਸੂ ਦੇ ਜਨਮ ਤੋਂ ਸੱਤ ਸਦੀਆਂ ਪਹਿਲਾਂ, ਯਸਾਯਾਹ ਨੇ ਉਸ ਬਾਰੇ ਭਵਿੱਖਬਾਣੀ ਕੀਤੀ ਸੀ: “ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤ੍ਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ।” (ਯਸਾਯਾਹ 9:6) ਯਸਾਯਾਹ ਦੇ ਸ਼ਬਦਾਂ ਮੁਤਾਬਕ, ਯਿਸੂ ਦਾ ਜਨਮ ਤੇ ਰੁਤਬਾ ਸਾਡੇ ਲਈ ਕਿਉਂ ਅਹਿਮੀਅਤ ਰੱਖਦੇ ਹਨ? ਕਿਉਂਕਿ ਯਿਸੂ ਨੇ ਇਕ ਤਾਕਤਵਰ ਸ਼ਾਸਕ ਬਣਨਾ ਸੀ। ਉਹ ਸ਼ਾਂਤੀ ਦਾ ਰਾਜ ਕੁਮਾਰ ਕਹਾਵੇਗਾ ਤੇ ਉਸ ਦੇ ਸ਼ਾਸਨ ਦਾ ਅਤੇ ਸ਼ਾਂਤੀ ਦਾ ਕੋਈ ਅੰਤ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਯਿਸੂ ਦੇ ਸ਼ਾਸਨ ਵਿਚ “ਨਿਆਉਂ ਤੇ ਧਰਮ” ਦਾ ਬੋਲਬਾਲਾ ਹੋਵੇਗਾ।—ਯਸਾਯਾਹ 9:7.

ਯਸਾਯਾਹ ਨੇ ਜੋ ਕਿਹਾ ਸੀ, ਉਹੀ ਗੱਲ ਜਿਬਰਾਏਲ ਦੂਤ ਨੇ ਦੁਹਰਾਈ ਜਦੋਂ ਉਸ ਨੇ ਮਰਿਯਮ ਨੂੰ ਦੱਸਿਆ ਕਿ ਉਹ ਯਿਸੂ ਦੀ ਮਾਂ ਬਣੇਗੀ। ਉਸ ਨੇ ਕਿਹਾ: “ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” (ਲੂਕਾ 1:32, 33) ਇਸ ਤੋਂ ਪਤਾ ਚੱਲਦਾ ਹੈ ਕਿ ਯਿਸੂ ਨੇ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣ ਕੇ ਜੋ ਕੰਮ ਕਰਨੇ ਸਨ, ਉਸ ਕਰਕੇ ਉਸ ਦਾ ਜਨਮ ਮਹੱਤਵਪੂਰਣ ਸੀ। ਮਸੀਹ ਦੇ ਸ਼ਾਸਨ ਤੋਂ ਤੁਹਾਨੂੰ, ਤੁਹਾਡੇ ਅਜ਼ੀਜ਼ਾਂ ਨੂੰ ਤੇ ਬਾਕੀ ਸਾਰੇ ਲੋਕਾਂ ਨੂੰ ਫ਼ਾਇਦਾ ਹੋ ਸਕਦਾ ਹੈ। ਅਸਲ ਵਿਚ, ਦੂਤਾਂ ਦੇ ਸ਼ਬਦਾਂ ਤੋਂ ਸੰਕੇਤ ਮਿਲਦਾ ਹੈ ਕਿ ਯਿਸੂ ਦੇ ਪੈਦਾ ਹੋਣ ਨਾਲ ‘ਧਰਤੀ ਉੱਤੇ ਉਨ੍ਹਾਂ ਲੋਕਾਂ ਵਿੱਚ ਸ਼ਾਂਤੀ’ ਕਾਇਮ ਹੋਵੇਗੀ ‘ਜਿਨ੍ਹਾਂ ਨਾਲ ਪਰਮੇਸ਼ੁਰ ਪਰਸਿੰਨ ਹੈ।’—ਲੂਕਾ 2:14.

ਕੌਣ ਨਹੀਂ ਚਾਹੁੰਦਾ ਕਿ ਦੁਨੀਆਂ ਵਿਚ ਸ਼ਾਂਤੀ ਤੇ ਨਿਆਂ ਹੋਵੇ? ਪਰ ਮਸੀਹ ਦੇ ਸ਼ਾਂਤੀ ਭਰੇ ਰਾਜ ਦੀ ਪਰਜਾ ਬਣਨ ਲਈ ਸਾਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਪਵੇਗਾ ਤੇ ਉਸ ਨਾਲ ਚੰਗਾ ਰਿਸ਼ਤਾ ਰੱਖਣਾ ਪਵੇਗਾ। ਯਿਸੂ ਨੇ ਕਿਹਾ ਸੀ ਕਿ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨ ਲਈ ਉਸ ਬਾਰੇ ਤੇ ਮਸੀਹ ਬਾਰੇ ਗਿਆਨ ਲੈਣਾ ਪਵੇਗਾ। ਉਸ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”—ਯੂਹੰਨਾ 17:3.

ਯਿਸੂ ਨੂੰ ਚੰਗੀ ਤਰ੍ਹਾਂ ਜਾਣਨ ਨਾਲ ਸਾਨੂੰ ਪਤਾ ਲੱਗ ਜਾਵੇਗਾ ਕਿ ਉਹ ਕੀ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਕਿਵੇਂ ਯਾਦ ਕਰੀਏ। ਕੀ ਉਹ ਇਹ ਚਾਹੁੰਦਾ ਹੈ ਕਿ ਅਸੀਂ ਪ੍ਰਾਚੀਨ ਰੋਮੀ ਤਿਉਹਾਰ ਦੇ ਦਿਨ ਖਾ-ਪੀ ਕੇ ਤੇ ਤੋਹਫ਼ੇ ਦੇ ਕੇ ਉਸ ਨੂੰ ਯਾਦ ਕਰੀਏ? ਯਕੀਨਨ ਯਿਸੂ ਸਾਡੇ ਤੋਂ ਇਹ ਆਸ ਨਹੀਂ ਰੱਖੇਗਾ। ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਜਿਹ ਦੇ ਕੋਲ ਮੇਰੇ ਹੁਕਮ ਹਨ ਅਤੇ ਉਹ ਉਨ੍ਹਾਂ ਦੀ ਪਾਲਨਾ ਕਰਦਾ ਹੈ ਸੋਈ ਹੈ ਜੋ ਮੈਨੂੰ ਪਿਆਰ ਕਰਦਾ ਹੈ, ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ ਅਰ ਮੈਂ ਉਹ ਦੇ ਨਾਲ ਪਿਆਰ ਕਰਾਂਗਾ।”—ਯੂਹੰਨਾ 14:21.

ਯਹੋਵਾਹ ਦੇ ਗਵਾਹਾਂ ਨੇ ਪਵਿੱਤਰ ਬਾਈਬਲ ਦਾ ਡੂੰਘਾ ਅਧਿਐਨ ਕੀਤਾ ਹੈ ਜਿਸ ਕਰਕੇ ਉਹ ਪਰਮੇਸ਼ੁਰ ਅਤੇ ਯਿਸੂ ਦੇ ਹੁਕਮਾਂ ਨੂੰ ਸਮਝ ਪਾਏ ਹਨ। ਇਨ੍ਹਾਂ ਅਹਿਮ ਹੁਕਮਾਂ ਬਾਰੇ ਗਿਆਨ ਪ੍ਰਾਪਤ ਕਰਨ ਅਤੇ ਯਿਸੂ ਨੂੰ ਸਹੀ ਤਰੀਕੇ ਨਾਲ ਯਾਦ ਕਰਨ ਵਿਚ ਤੁਹਾਡੀ ਮਦਦ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਖ਼ੁਸ਼ੀ ਹੋਵੇਗੀ।

[ਫੁਟਨੋਟ]

^ ਪੈਰਾ 11 ਕ੍ਰਿਸਮਸ-ਰੁੱਖ ਤੇ ਸਾਂਤਾ ਕਲਾਜ਼ ਇਸ ਦੀਆਂ ਦੋ ਵਧੀਆ ਉਦਾਹਰਣਾਂ ਹਨ।

[ਡੱਬੀ/ਸਫ਼ੇ 6, 7 ਉੱਤੇ ਤਸਵੀਰ]

ਕੀ ਬਾਈਬਲ ਖਾਣ-ਪੀਣ ਤੇ ਤੋਹਫ਼ੇ ਦੇਣ ਤੋਂ ਮਨ੍ਹਾ ਕਰਦੀ ਹੈ?

ਤੋਹਫ਼ੇ ਦੇਣੇ

ਬਾਈਬਲ ਤੋਹਫ਼ੇ ਦੇਣ ਤੋਂ ਮਨ੍ਹਾ ਨਹੀਂ ਕਰਦੀ, ਸਗੋਂ ਦੱਸਦੀ ਹੈ ਕਿ ਯਹੋਵਾਹ ਆਪ ਇਨਸਾਨਾਂ ਨੂੰ “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਦਿੰਦਾ ਹੈ। (ਯਾਕੂਬ 1:17) ਯਿਸੂ ਨੇ ਕਿਹਾ ਸੀ ਕਿ ਚੰਗੇ ਮਾਪੇ ਆਪਣੇ ਬੱਚਿਆਂ ਨੂੰ ਤੋਹਫ਼ੇ ਦਿੰਦੇ ਹਨ। (ਲੂਕਾ 11:11-13) ਅੱਯੂਬ ਦੇ ਦੁਬਾਰਾ ਤੰਦਰੁਸਤ ਹੋਣ ਤੇ ਉਸ ਦੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਤੋਹਫ਼ੇ ਦਿੱਤੇ ਸਨ। (ਅੱਯੂਬ 42:11) ਪਰ ਇਹ ਤੋਹਫ਼ੇ ਕਿਸੇ ਦਿਨ-ਤਿਉਹਾਰ ਤੇ ਨਹੀਂ ਦਿੱਤੇ ਗਏ ਸਨ। ਜਿਨ੍ਹਾਂ ਨੇ ਵੀ ਤੋਹਫ਼ੇ ਦਿੱਤੇ, ਉਨ੍ਹਾਂ ਨੇ ਦਿਲੋਂ ਖ਼ੁਸ਼ ਹੋ ਕੇ ਦਿੱਤੇ।—2 ਕੁਰਿੰਥੀਆਂ 9:7.

ਪਰਿਵਾਰਕ ਇਕੱਠ

ਪਰਿਵਾਰਕ ਇਕੱਠ ਪਰਿਵਾਰ ਦੇ ਮੈਂਬਰਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਵਿਚ ਯੋਗਦਾਨ ਪਾ ਸਕਦੇ ਹਨ, ਖ਼ਾਸ ਤੌਰ ਤੇ ਉਦੋਂ ਜਦੋਂ ਸਾਰੇ ਜਣੇ ਵੱਖੋ-ਵੱਖਰੇ ਰਹਿੰਦੇ ਹਨ। ਯਿਸੂ ਤੇ ਉਸ ਦੇ ਚੇਲੇ ਕਾਨਾ ਸ਼ਹਿਰ ਵਿਚ ਇਕ ਵਿਆਹ ਵਿਚ ਗਏ। ਉੱਥੇ ਪਰਿਵਾਰ ਤੇ ਦੋਸਤ ਇਕੱਠੇ ਹੋਏ ਸਨ। (ਯੂਹੰਨਾ 2:1-10) ਯਿਸੂ ਦੁਆਰਾ ਦਿੱਤੇ ਉਜਾੜੂ ਪੁੱਤਰ ਦੇ ਦ੍ਰਿਸ਼ਟਾਂਤ ਵਿਚ ਪਿਤਾ ਆਪਣੇ ਪੁੱਤਰ ਦੇ ਮੁੜਨ ਦੀ ਖ਼ੁਸ਼ੀ ਵਿਚ ਪੂਰੇ ਪਰਿਵਾਰ ਨਾਲ ਮਿਲ ਕੇ ਜਸ਼ਨ ਮਨਾਉਂਦਾ ਹੈ ਜਿਸ ਵਿਚ ਨਾਚ-ਗਾਣਾ ਵੀ ਸ਼ਾਮਲ ਸੀ।—ਲੂਕਾ 15:21-25.

ਵਧੀਆ ਖਾਣਾ ਖਾਣਾ

ਬਾਈਬਲ ਵਿਚ ਪਰਮੇਸ਼ੁਰ ਦੇ ਕਈ ਸੇਵਕਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ, ਦੋਸਤਾਂ ਜਾਂ ਆਪਣੇ ਗੁਰਭਾਈਆਂ ਨਾਲ ਮਿਲ ਕੇ ਵਧੀਆ ਖਾਣੇ ਦਾ ਆਨੰਦ ਮਾਣਿਆ। ਜਦੋਂ ਤਿੰਨ ਦੂਤ ਅਬਰਾਹਾਮ ਨੂੰ ਮਿਲਣ ਆਏ ਸਨ, ਤਾਂ ਉਸ ਨੇ ਉਨ੍ਹਾਂ ਲਈ ਮੀਟ ਬਣਾਇਆ ਅਤੇ ਉਨ੍ਹਾਂ ਅੱਗੇ ਦੁੱਧ ਤੇ ਮੱਖਣ ਪਰੋਸਿਆ ਤੇ ਰੋਟੀਆਂ ਪਕਾਈਆਂ। (ਉਤਪਤ 18:6-8) ਸੁਲੇਮਾਨ ਨੇ ਕਿਹਾ ਕਿ ‘ਖਾਣਾ ਪੀਣਾ ਅਤੇ ਅਨੰਦ ਮਾਣਨਾ ਪਰਮੇਸ਼ੁਰ ਦੀ ਦਾਤ ਹੈ।’—ਉਪਦੇਸ਼ਕ ਦੀ ਪੋਥੀ 3:13; 8:15.

ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਰਲ ਕੇ ਭੋਜਨ ਦਾ ਆਨੰਦ ਮਾਣੀਏ। ਉਸ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਕੋਈ ਕਿਸੇ ਨੂੰ ਤੋਹਫ਼ਾ ਦਿੰਦਾ ਹੈ। ਸਾਨੂੰ ਕਿਸੇ ਦਿਨ-ਤਿਉਹਾਰ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ, ਸਗੋਂ ਜਦੋਂ ਸਾਡਾ ਦਿਲ ਕਰੇ, ਅਸੀਂ ਦੂਸਰਿਆਂ ਨੂੰ ਤੋਹਫ਼ੇ ਦੇ ਸਕਦੇ ਹਾਂ।