Skip to content

Skip to table of contents

“ਦੋਸਤਾਨਾ ਟਾਪੂਆਂ” ਉੱਤੇ ਪਰਮੇਸ਼ੁਰ ਦੇ ਦੋਸਤ

“ਦੋਸਤਾਨਾ ਟਾਪੂਆਂ” ਉੱਤੇ ਪਰਮੇਸ਼ੁਰ ਦੇ ਦੋਸਤ

“ਦੋਸਤਾਨਾ ਟਾਪੂਆਂ” ਉੱਤੇ ਪਰਮੇਸ਼ੁਰ ਦੇ ਦੋਸਤ

ਇਕ ਸਮੁੰਦਰੀ ਬੇੜਾ 1932 ਨੂੰ ਟੋਂਗਾ ਵਿਚ ਅਨਮੋਲ ਬੀ ਲੈ ਕੇ ਆਇਆ। ਬੇੜੇ ਦੇ ਕਪਤਾਨ ਨੇ ਚਾਰਲਜ਼ ਵੇਟੇ ਨੂੰ ਇਕ ਪੁਸਤਿਕਾ “ਮਰੇ ਹੋਏ ਲੋਕ ਕਿੱਥੇ ਹਨ?” ਦਿੱਤੀ। ਇਹ ਪੁਸਤਿਕਾ ਪੜ੍ਹ ਕੇ ਚਾਰਲਜ਼ ਨੂੰ ਪੱਕਾ ਭਰੋਸਾ ਹੋ ਗਿਆ ਕਿ ਉਸ ਨੂੰ ਸੱਚਾਈ ਮਿਲ ਗਈ। ਕੁਝ ਚਿਰ ਬਾਅਦ ਉਸ ਨੇ ਆਪਣੀ ਭਾਸ਼ਾ ਵਿਚ ਇਸ ਪੁਸਤਿਕਾ ਦਾ ਅਨੁਵਾਦ ਕਰਨ ਲਈ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਤੋਂ ਇਜਾਜ਼ਤ ਮੰਗੀ ਜੋ ਉਸ ਨੂੰ ਮਿਲ ਗਈ। ਪੁਸਤਿਕਾ ਛਪਣ ਤੋਂ ਬਾਅਦ ਉਸ ਨੂੰ 1,000 ਕਾਪੀਆਂ ਭੇਜੀਆਂ ਗਈਆਂ ਅਤੇ ਉਸ ਨੇ ਇਹ ਪੁਸਤਿਕਾਵਾਂ ਲੋਕਾਂ ਵਿਚ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਟੋਂਗਾ ਵਿਚ ਯਹੋਵਾਹ ਦੇ ਰਾਜ ਬਾਰੇ ਸੱਚਾਈ ਦੇ ਬੀ ਖਿਲਾਰੇ ਜਾਣ ਲੱਗੇ।

ਜੇ ਤੁਸੀਂ ਨਕਸ਼ੇ ਤੇ ਨਜ਼ਰ ਮਾਰੋ, ਤਾਂ ਤੁਹਾਨੂੰ ਟੋਂਗਾ ਦੱਖਣੀ ਸ਼ਾਂਤ ਮਹਾਂਸਾਗਰ ਵਿਚ ਦਿਖਾਈ ਦੇਵੇਗਾ। ਇਸ ਦਾ ਸਭ ਤੋਂ ਵੱਡਾ ਦੀਪ ਟੋਂਗਾਟਾਪੂ ਨਿਊਜ਼ੀਲੈਂਡ ਦੇ ਆੱਕਲੈਂਡ ਸ਼ਹਿਰ ਦੇ ਉੱਤਰ-ਪੂਰਬ ਵਿਚ ਲਗਭਗ 2,000 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਟੋਂਗਾ ਵਿਚ 171 ਟਾਪੂ ਹਨ ਜਿਨ੍ਹਾਂ ਵਿੱਚੋਂ 45 ਟਾਪੂਆਂ ਤੇ ਲੋਕਾਂ ਦਾ ਵਸੇਬਾ ਹੈ। ਅਠਾਰਵੀਂ ਸਦੀ ਦੇ ਪ੍ਰਸਿੱਧ ਬ੍ਰਿਟਿਸ਼ ਖੋਜੀ ਜੇਮਜ਼ ਕੁੱਕ ਨੇ ਇਨ੍ਹਾਂ ਟਾਪੂਆਂ ਨੂੰ “ਦੋਸਤਾਨਾ ਟਾਪੂ” ਨਾਂ ਦਿੱਤਾ।

ਤਕਰੀਬਨ 1,06,000 ਵਸੋਂ ਵਾਲਾ ਟੋਂਗਾ ਤਿੰਨ ਦੀਪ ਸਮੂਹਾਂ ਨਾਲ ਮਿਲ ਕੇ ਬਣਿਆ ਹੈ ਜਿਨ੍ਹਾਂ ਵਿੱਚੋਂ ਮੁੱਖ ਹਨ ਟੋਂਗਾਟਾਪੂ, ਹਾਆਪਾਈ ਤੇ ਵਾਵਾਊ ਦੀਪ ਸਮੂਹ। ਟੋਂਗਾ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਪੰਜ ਕਲੀਸਿਯਾਵਾਂ ਵਿੱਚੋਂ ਤਿੰਨ ਸਭ ਤੋਂ ਵੱਧ ਵਸੋਂ ਵਾਲੇ ਟੋਂਗਾਟਾਪੂ ਵਿਚ ਹਨ, ਇਕ ਹਾਆਪਾਈ ਵਿਚ ਤੇ ਇਕ ਵਾਵਾਊ ਵਿਚ ਹੈ। ਪਰਮੇਸ਼ੁਰ ਦੇ ਦੋਸਤ ਬਣਨ ਵਿਚ ਲੋਕਾਂ ਦੀ ਮਦਦ ਕਰਨ ਲਈ ਟੋਂਗਾ ਦੀ ਰਾਜਧਾਨੀ ਨੂਕੂਆਲੋਫਾ ਨੇੜੇ ਯਹੋਵਾਹ ਦੇ ਗਵਾਹਾਂ ਦਾ ਇਕ ਮਿਸ਼ਨਰੀ ਘਰ ਅਤੇ ਅਨੁਵਾਦ ਕੇਂਦਰ ਹੈ।—ਯਸਾਯਾਹ 41:8.

ਚਾਰਲਜ਼ ਵੇਟੇ 1930 ਦੇ ਦਹਾਕੇ ਤੋਂ ਯਹੋਵਾਹ ਦੇ ਗਵਾਹ ਵਜੋਂ ਮਸ਼ਹੂਰ ਹੋ ਗਿਆ ਸੀ, ਹਾਲਾਂਕਿ ਉਸ ਨੇ ਬਪਤਿਸਮਾ 1964 ਵਿਚ ਲਿਆ। ਦੂਸਰੇ ਲੋਕ ਵੀ ਉਸ ਨਾਲ ਗਵਾਹੀ ਦੇਣ ਵਿਚ ਜੁੱਟ ਗਏ ਅਤੇ 1966 ਵਿਚ ਇਕ ਕਿੰਗਡਮ ਹਾਲ ਬਣਾਇਆ ਗਿਆ ਜਿਸ ਵਿਚ 30 ਲੋਕ ਆਰਾਮ ਨਾਲ ਬੈਠ ਸਕਦੇ ਸਨ। ਨੂਕੂਆਲੋਫਾ ਵਿਚ 1970 ਵਿਚ 20 ਰਾਜ ਪ੍ਰਕਾਸ਼ਕਾਂ ਦੀ ਕਲੀਸਿਯਾ ਸਥਾਪਿਤ ਹੋ ਗਈ।

ਟੋਂਗਾ ਦੇ ਟਾਪੂਆਂ ਵਿਚ ਨਬੀ ਯਸਾਯਾਹ ਦੇ ਸ਼ਬਦਾਂ ਦੀ ਪੂਰਤੀ ਹੁੰਦੀ ਦੇਖੀ ਜਾ ਸਕਦੀ ਹੈ: “ਓਹ ਯਹੋਵਾਹ ਦੀ ਮਹਿਮਾ ਕਰਨ, ਅਤੇ ਟਾਪੂਆਂ ਵਿੱਚ ਉਹ ਦੀ ਉਸਤਤ ਦਾ ਪਰਚਾਰ ਕਰਨ।” (ਯਸਾਯਾਹ 42:12) ਇਨ੍ਹਾਂ ਟਾਪੂਆਂ ਤੇ ਰਾਜ ਦਾ ਪ੍ਰਚਾਰ ਕੰਮ ਲਗਾਤਾਰ ਵਧ-ਫੁੱਲ ਰਿਹਾ ਹੈ ਤੇ ਬਹੁਤ ਸਾਰੇ ਲੋਕਾਂ ਦੀ ਯਹੋਵਾਹ ਨਾਲ ਦੋਸਤੀ ਕਰਨ ਵਿਚ ਮਦਦ ਕੀਤੀ ਜਾ ਰਹੀ ਹੈ। ਸਾਲ 2003 ਵਿਚ ਨੂਕੂਆਲੋਫਾ ਵਿਚ ਹੋਏ ਜ਼ਿਲ੍ਹਾ ਸੰਮੇਲਨ ਵਿਚ 407 ਲੋਕ ਹਾਜ਼ਰ ਹੋਏ ਅਤੇ 5 ਜਣਿਆਂ ਨੇ ਬਪਤਿਸਮਾ ਲਿਆ। ਸਾਲ 2004 ਵਿਚ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ 621 ਲੋਕ ਹਾਜ਼ਰ ਹੋਏ ਜਿਸ ਤੋਂ ਭਵਿੱਖ ਵਿਚ ਹੋਰ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ।

ਸਾਦੀ ਜ਼ਿੰਦਗੀ

ਰਾਜਧਾਨੀ ਤੋਂ ਦੂਰ ਦੇ ਇਲਾਕਿਆਂ ਵਿਚ ਰਾਜ ਦੇ ਪ੍ਰਚਾਰਕਾਂ ਦੀ ਅਜੇ ਵੀ ਬਹੁਤ ਲੋੜ ਹੈ। ਮਿਸਾਲ ਲਈ, ਹਾਆਪਾਈ ਦੀਪ ਸਮੂਹ ਦੇ 16 ਟਾਪੂਆਂ ਉੱਤੇ 8,500 ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਬਾਈਬਲ ਦੀ ਸੱਚਾਈ ਬਾਰੇ ਹੋਰ ਸਿੱਖਣ ਦੀ ਲੋੜ ਹੈ। ਹਾਆਪਾਈ ਦੇ ਜ਼ਿਆਦਾਤਰ ਸਪਾਟ ਟਾਪੂ ਪਾਮ ਦਰਖ਼ਤਾਂ ਤੇ ਸਫ਼ੈਦ ਰੇਤ ਵਾਲੀਆਂ ਬੀਚਾਂ ਨਾਲ ਭਰੇ ਪਏ ਹਨ। ਇੱਥੇ ਸਾਗਰ ਦਾ ਪਾਣੀ ਇੰਨਾ ਸਾਫ਼ ਹੈ ਕਿ ਪਾਣੀ ਦੇ ਅੰਦਰ 100 ਫੁੱਟ ਦੀ ਡੂੰਘਾਈ ਤਕ ਦੇਖਿਆ ਜਾ ਸਕਦਾ ਹੈ। ਇਨ੍ਹਾਂ ਪਾਣੀਆਂ ਵਿਚ ਮੂੰਗੇ ਦੀਆਂ ਚਟਾਨਾਂ ਅਤੇ ਸੌ ਤੋਂ ਵੱਧ ਕਿਸਮ ਦੀਆਂ ਰੰਗ-ਬਰੰਗੀਆਂ ਮੱਛੀਆਂ ਦੇ ਵਿਚਕਾਰ ਤੈਰਨਾ ਬਹੁਤ ਹੀ ਵਧੀਆ ਲੱਗਦਾ ਹੈ। ਇੱਥੇ ਦੇ ਪਿੰਡ ਛੋਟੇ-ਛੋਟੇ ਹਨ। ਘਰ ਹਾਲਾਂਕਿ ਸਾਦੇ ਹਨ, ਪਰ ਇਹ ਤੇਜ਼ ਚੱਕਰਵਾਤੀ ਹਵਾਵਾਂ ਦਾ ਟਾਕਰਾ ਕਰਨ ਲਈ ਬਣਾਏ ਗਏ ਹਨ।

ਬ੍ਰੈੱਡਫਰੂਟ ਅਤੇ ਅੰਬ ਦੇ ਦਰਖ਼ਤ ਛਾਂ ਅਤੇ ਭੋਜਨ ਮੁਹੱਈਆ ਕਰਦੇ ਹਨ। ਲੋਕਾਂ ਦਾ ਜ਼ਿਆਦਾਤਰ ਸਮਾਂ ਖਾਣ-ਪੀਣ ਦੀਆਂ ਚੀਜ਼ਾਂ ਇਕੱਠੀਆਂ ਕਰਨ ਅਤੇ ਖਾਣਾ ਬਣਾਉਣ ਵਿਚ ਲੰਘ ਜਾਂਦਾ ਹੈ। ਸੂਰ ਦਾ ਮੀਟ ਖਾਣ ਤੋਂ ਇਲਾਵਾ, ਟਾਪੂਵਾਸੀ ਸਮੁੰਦਰੀ ਭੋਜਨ ਦਾ ਵੀ ਆਨੰਦ ਮਾਣਦੇ ਹਨ। ਘਰਾਂ ਦੀਆਂ ਬਗ਼ੀਚੀਆਂ ਵਿਚ ਜੜ੍ਹੀ-ਬੂਟੀਆਂ ਅਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ। ਥਾਂ-ਥਾਂ ਤੇ ਸੰਗਤਰੇ ਆਦਿ ਦੇ ਦਰਖ਼ਤ ਨਜ਼ਰ ਆਉਂਦੇ ਹਨ। ਨਾਰੀਅਲ ਦੇ ਦਰਖ਼ਤ ਅਤੇ ਕੇਲਿਆਂ ਦੇ ਪੌਦੇ ਵੀ ਉੱਥੇ ਭਰਪੂਰ ਉੱਗਦੇ ਹਨ। ਔਸ਼ਧੀਆਂ, ਪੱਤਿਆਂ, ਸੱਕ ਅਤੇ ਜੜ੍ਹਾਂ ਦੀ ਜਾਣਕਾਰੀ ਇਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਨੂੰ ਦਿੱਤੀ ਜਾਂਦੀ ਹੈ।

ਹਾਆਪਾਈ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਇਸ ਦੇ ਦੋਸਤਾਨਾ ਲੋਕ ਜੋ ਸ਼ਾਂਤ ਮਾਹੌਲ ਨੂੰ ਚਾਰ-ਚੰਨ ਲਾਉਂਦੇ ਹਨ। ਇੱਥੋਂ ਦੇ ਲੋਕ ਸਾਦੀ ਜ਼ਿੰਦਗੀ ਜੀਉਂਦੇ ਹਨ। ਔਰਤਾਂ ਜ਼ਿਆਦਾਤਰ ਦਸਤਕਾਰੀ ਦਾ ਕੰਮ ਕਰਦੀਆਂ ਹਨ। ਉਹ ਟੋਕਰੀਆਂ, ਟਾਪਾ ਕੱਪੜਾ ਅਤੇ ਚਟਾਈਆਂ ਬਣਾਉਂਦੀਆਂ ਹਨ। ਟੋਂਗਾ ਦੀਆਂ ਔਰਤਾਂ ਕਿਸੇ ਛਾਂਦਾਰ ਦਰਖ਼ਤ ਹੇਠ ਇਕੱਠੀਆਂ ਬੈਠ ਕੇ ਕੰਮ ਕਰਨ ਦੇ ਨਾਲ-ਨਾਲ ਗੱਲਾਂ-ਬਾਤਾਂ ਕਰਦੀਆਂ, ਗਾਉਂਦੀਆਂ ਅਤੇ ਹਾਸਾ-ਮਖੌਲ ਕਰਦੀਆਂ ਹਨ ਅਤੇ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਨੇੜੇ ਜਾਂ ਤਾਂ ਖੇਡਦੇ ਰਹਿੰਦੇ ਹਨ ਜਾਂ ਸੁੱਤੇ ਹੁੰਦੇ ਹਨ। ਔਰਤਾਂ ਹੀ ਲਹਿਰਾਂ ਥੰਮ੍ਹ ਜਾਣ ਤੇ ਮੂੰਗੇ ਦੀਆਂ ਚਟਾਨਾਂ ਉੱਤੇ ਫਸੇ ਕੇਕੜੇ, ਝੀਂਗੇ ਅਤੇ ਹੋਰ ਖਾਣਯੋਗ ਸਾਗਰੀ ਜੀਵਾਂ ਨੂੰ ਫੜਨ ਤੇ ਜਲ ਪੌਦੇ ਲੈਣ ਜਾਂਦੀਆਂ ਹਨ। ਇਨ੍ਹਾਂ ਪੌਦਿਆਂ ਦਾ ਸਲਾਦ ਬਹੁਤ ਸੁਆਦ ਹੁੰਦਾ ਹੈ।

ਆਦਮੀ ਆਪਣਾ ਸਾਰਾ ਦਿਨ ਬਾਗ਼ਬਾਨੀ ਕਰਨ, ਬੇੜੀਆਂ ਬਣਾਉਣ, ਮੱਛੀਆਂ ਫੜਨ ਜਾਂ ਜਾਲਾਂ ਦੀ ਮੁਰੰਮਤ ਕਰਨ ਅਤੇ ਕੁਝ ਨਾ ਕੁਝ ਘੜਨ ਵਿਚ ਬਿਤਾਉਂਦੇ ਹਨ। ਆਦਮੀ, ਔਰਤਾਂ ਅਤੇ ਬੱਚੇ ਦੂਜੇ ਟਾਪੂਆਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ, ਡਾਕਟਰ ਕੋਲ ਜਾਣ ਅਤੇ ਚੀਜ਼ਾਂ ਖ਼ਰੀਦਣ ਜਾਂ ਵੇਚਣ ਲਈ ਛੱਤਾਂ ਵਾਲੀਆਂ ਛੋਟੀਆਂ-ਛੋਟੀਆਂ ਬੇੜੀਆਂ ਵਿਚ ਸਫ਼ਰ ਕਰਦੇ ਹਨ।

ਦੂਰ-ਦੁਰੇਡੇ ਟਾਪੂਆਂ ਨੇ ਖ਼ੁਸ਼ ਖ਼ਬਰੀ ਸੁਣੀ

ਸਾਲ 2002 ਵਿਚ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਤੋਂ ਕੁਝ ਸਮਾਂ ਪਹਿਲਾਂ ਦੋ ਮਿਸ਼ਨਰੀ ਅਤੇ ਦੋ ਪਾਇਨੀਅਰ ਹਾਆਪਾਈ ਦੇ ਸੋਹਣੇ ਟਾਪੂਆਂ ਤੇ ਆਏ। ਉੱਥੇ ਦੇ ਲੋਕਾਂ ਨੂੰ ਪਹਿਲਾਂ ਵੀ ਯਹੋਵਾਹ ਦੇ ਗਵਾਹ ਮਿਲੇ ਸਨ ਤੇ ਉਨ੍ਹਾਂ ਵਿੱਚੋਂ ਕਈਆਂ ਨੇ ਗਵਾਹਾਂ ਤੋਂ ਸਾਹਿੱਤ ਲੈ ਕੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਵੀ ਕੀਤੀ ਸੀ।

ਬਾਈਬਲ ਦੇ ਇਨ੍ਹਾਂ ਚਾਰਾਂ ਸਿੱਖਿਅਕਾਂ ਦੇ ਆਉਣ ਦੇ ਤਿੰਨ ਮਕਸਦ ਸਨ: ਬਾਈਬਲ-ਆਧਾਰਿਤ ਸਾਹਿੱਤ ਵੰਡਣਾ, ਬਾਈਬਲ ਸਟੱਡੀਆਂ ਸ਼ੁਰੂ ਕਰਨੀਆਂ ਅਤੇ ਸੱਚਾਈ ਵਿਚ ਦਿਲਚਸਪੀ ਲੈਣ ਵਾਲਿਆਂ ਨੂੰ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਲਈ ਬੁਲਾਉਣਾ। ਉਨ੍ਹਾਂ ਨੇ ਇਹ ਤਿੰਨੋਂ ਮਕਸਦ ਪੂਰੇ ਕੀਤੇ। ਕੁਲ 97 ਲੋਕ ਯਾਦਗਾਰੀ ਸਮਾਰੋਹ ਵਿਚ ਹਾਜ਼ਰ ਹੋਏ। ਇਨ੍ਹਾਂ ਵਿੱਚੋਂ ਕੁਝ ਲੋਕ ਭਾਰੀ ਵਰਖਾ ਅਤੇ ਤੇਜ਼ ਹਵਾਵਾਂ ਦੇ ਬਾਵਜੂਦ ਬਿਨਾਂ ਛੱਤਾਂ ਵਾਲੀਆਂ ਬੇੜੀਆਂ ਵਿਚ ਆਏ ਸਨ। ਖ਼ਰਾਬ ਮੌਸਮ ਦੇ ਕਾਰਨ ਬਹੁਤ ਸਾਰੇ ਲੋਕਾਂ ਨੇ ਸਮਾਰੋਹ ਵਾਲੀ ਥਾਂ ਤੇ ਰਾਤ ਗੁਜ਼ਾਰੀ ਅਤੇ ਅਗਲੇ ਦਿਨ ਆਪਣੇ ਘਰਾਂ ਨੂੰ ਗਏ।

ਯਾਦਗਾਰੀ ਸਮਾਰੋਹ ਵਿਚ ਭਾਸ਼ਣ ਦੇਣ ਵਾਲੇ ਭਰਾ ਦਾ ਕੰਮ ਵੀ ਆਸਾਨ ਨਹੀਂ ਸੀ। ਇਹ ਮਿਸ਼ਨਰੀ ਭਰਾ ਕਹਿੰਦਾ ਹੈ: “ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਇੱਕੋ ਸ਼ਾਮ ਕਿਸੇ ਓਪਰੀ ਭਾਸ਼ਾ ਵਿਚ ਦੋ ਵਾਰ ਭਾਸ਼ਣ ਦੇਣਾ ਮੇਰੇ ਲਈ ਕਿੰਨਾ ਔਖਾ ਸੀ। ਮੈਂ ਬਹੁਤ ਹੀ ਘਬਰਾਇਆ ਹੋਇਆ ਸੀ! ਪਰ ਪ੍ਰਾਰਥਨਾ ਨੇ ਮੇਰੀ ਬਹੁਤ ਮਦਦ ਕੀਤੀ! ਮੈਨੂੰ ਆਪੇ ਹੀ ਉਹ ਲਫ਼ਜ਼ ਅਤੇ ਵਾਕ ਚੇਤੇ ਆ ਗਏ ਜੋ ਮੈਂ ਲਗਭਗ ਭੁੱਲ ਚੁੱਕਾਂ ਸਾਂ।”

ਹਾਆਪਾਈ ਟਾਪੂਆਂ ਤੇ ਇਨ੍ਹਾਂ ਭਰਾਵਾਂ ਦੀ ਮਿਹਨਤ ਸਦਕਾ ਉੱਥੋਂ ਦੇ ਦੋ ਵਿਆਹੇ ਜੋੜਿਆਂ ਨੇ ਬਪਤਿਸਮਾ ਲਿਆ। ਇਨ੍ਹਾਂ ਵਿੱਚੋਂ ਇਕ ਪਤੀ ਪਾਦਰੀ ਬਣਨ ਦੀ ਸਿੱਖਿਆ ਲੈ ਰਿਹਾ ਸੀ ਜਦੋਂ ਉਸ ਨੇ ਗਵਾਹਾਂ ਦਾ ਸਾਹਿੱਤ ਪੜ੍ਹਿਆ ਅਤੇ ਸੱਚਾਈ ਵਿਚ ਉਸ ਦੀ ਦਿਲਚਸਪੀ ਜਾਗ ਉੱਠੀ।

ਇਹ ਆਦਮੀ ਕਾਫ਼ੀ ਗ਼ਰੀਬ ਸੀ, ਫਿਰ ਵੀ ਜਦੋਂ ਚਰਚ ਵਿਚ ਸਾਲਾਨਾ ਉਗਰਾਹੀ ਕਰਨ ਵੇਲੇ ਉਸ ਦਾ ਤੇ ਉਸ ਦੀ ਪਤਨੀ ਦਾ ਨਾਂ ਐਲਾਨਿਆ ਜਾਂਦਾ ਸੀ, ਤਾਂ ਉਹ ਵੱਡੀ ਰਕਮ ਦਾਨ ਕਰਦੇ ਸਨ। ਟਾਪੂਆਂ ਤੇ ਪ੍ਰਚਾਰ ਕਰਨ ਆਏ ਇਕ ਗਵਾਹ ਨੇ ਪਤੀ ਨੂੰ ਬਾਈਬਲ ਵਿੱਚੋਂ 1 ਤਿਮੋਥਿਉਸ 5:8 ਪੜ੍ਹਨ ਨੂੰ ਕਿਹਾ। ਇਸ ਵਿਚ ਪੌਲੁਸ ਰਸੂਲ ਨੇ ਲਿਖਿਆ: “ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।” ਇਹ ਆਇਤ ਪਤੀ ਦੇ ਦਿਲ ਨੂੰ ਛੂਹ ਗਈ। ਉਹ ਸਮਝ ਗਿਆ ਕਿ ਚਰਚ ਦੀਆਂ ਵੱਡੀਆਂ-ਵੱਡੀਆਂ ਮੰਗਾਂ ਪੂਰੀਆਂ ਕਰਨ ਕਰਕੇ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਰਿਹਾ ਸੀ। ਅਗਲੇ ਸਾਲ ਦੀ ਉਗਰਾਹੀ ਵੇਲੇ ਉਸ ਕੋਲ ਪੈਸੇ ਤਾਂ ਸਨ, ਪਰ ਉਹ 1 ਤਿਮੋਥਿਉਸ 5:8 ਨੂੰ ਨਹੀਂ ਭੁਲਾ ਸਕਿਆ। ਚਰਚ ਵਿਚ ਜਦੋਂ ਉਸ ਦਾ ਨਾਂ ਐਲਾਨਿਆ ਗਿਆ, ਤਾਂ ਉਸ ਨੇ ਦਲੇਰੀ ਨਾਲ ਪਾਦਰੀ ਨੂੰ ਕਿਹਾ ਕਿ ਉਸ ਲਈ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਜ਼ਿਆਦਾ ਜ਼ਰੂਰੀ ਸਨ। ਇਸ ਕਰਕੇ ਚਰਚ ਦੇ ਪਾਦਰੀਆਂ ਨੇ ਲੋਕਾਂ ਸਾਮ੍ਹਣੇ ਇਸ ਪਤੀ-ਪਤਨੀ ਦੀ ਬਹੁਤ ਬੇਇੱਜ਼ਤੀ ਕੀਤੀ ਅਤੇ ਬੁਰਾ-ਭਲਾ ਕਿਹਾ।

ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਤੋਂ ਬਾਅਦ ਇਹ ਪਤੀ-ਪਤਨੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣ ਗਏ। ਪਤੀ ਕਹਿੰਦਾ ਹੈ: “ਬਾਈਬਲ ਦੀ ਸੱਚਾਈ ਨੇ ਮੈਨੂੰ ਬਹੁਤ ਬਦਲਿਆ ਹੈ। ਹੁਣ ਮੈਂ ਆਪਣੇ ਪਰਿਵਾਰ ਨਾਲ ਬੇਰਹਿਮੀ ਤੇ ਕਠੋਰਤਾ ਨਾਲ ਪੇਸ਼ ਨਹੀਂ ਆਉਂਦਾ। ਮੈਂ ਜ਼ਿਆਦਾ ਸ਼ਰਾਬ ਪੀਣੀ ਛੱਡ ਦਿੱਤੀ ਹੈ। ਪਿੰਡ ਦੇ ਲੋਕ ਦੇਖ ਸਕਦੇ ਹਨ ਕਿ ਸੱਚਾਈ ਨੇ ਮੇਰੀ ਜ਼ਿੰਦਗੀ ਨੂੰ ਕਿੰਨਾ ਸੁਧਾਰਿਆ ਹੈ। ਉਮੀਦ ਹੈ ਕਿ ਉਹ ਵੀ ਮੇਰੇ ਵਾਂਗ ਸੱਚਾਈ ਨੂੰ ਪਿਆਰ ਕਰਨ ਲੱਗਣਗੇ।”

ਕੁਐਸਟ ਰਾਹੀਂ ਲੋਕਾਂ ਦੀ ਖੋਜ

ਸਾਲ 2002 ਦੇ ਯਾਦਗਾਰੀ ਸਮਾਰੋਹ ਤੋਂ ਕੁਝ ਮਹੀਨੇ ਬਾਅਦ ਇਕ ਹੋਰ ਬੇੜਾ ਇਕਲਵਾਂਝੇ ਦੀਪ-ਸਮੂਹ ਹਾਆਪਾਈ ਵਿਚ ਕੁਝ ਅਨਮੋਲ ਸਾਮਾਨ ਲਿਆਇਆ। ਨਿਊਜ਼ੀਲੈਂਡ ਤੋਂ ਟੋਂਗਾ ਦੇ ਟਾਪੂਆਂ ਵਿੱਚੋਂ ਦੀ ਹੁੰਦੇ ਹੋਏ ਗੈਰੀ, ਹੈੱਟੀ ਤੇ ਉਨ੍ਹਾਂ ਦੀ ਕੁੜੀ ਕੇਟੀ ਨੇ ਕੁਐਸਟ (ਤਲਾਸ਼) ਨਾਂ ਦੇ ਇਕ 60 ਫੁੱਟ ਲੰਬੇ ਬੇੜੇ ਵਿਚ ਇਨ੍ਹਾਂ ਟਾਪੂਆਂ ਦਾ ਦੋ ਵਾਰੀ ਦੌਰਾ ਕੀਤਾ। ਟੋਂਗਾ ਦੇ ਨੌਂ ਭੈਣ-ਭਰਾ ਅਤੇ ਦੋ ਮਿਸ਼ਨਰੀ ਉਨ੍ਹਾਂ ਦੇ ਨਾਲ ਸਨ। ਇਨ੍ਹਾਂ ਭਰਾਵਾਂ ਨੇ ਹੁਨਰਮੰਦੀ ਨਾਲ ਬੇੜੇ ਨੂੰ ਮੂੰਗੇ ਦੀਆਂ ਚਟਾਨਾਂ ਵਿੱਚੋਂ ਦੀ ਲੰਘਾਉਣ ਵਿਚ ਮਦਦ ਕੀਤੀ। ਇਹ ਸਾਰੇ ਭੈਣ-ਭਰਾ ਸੈਰ-ਸਪਾਟਾ ਕਰਨ ਲਈ ਟਾਪੂਆਂ ਤੇ ਨਹੀਂ ਆਏ ਸਨ। ਉਹ ਬਾਈਬਲ ਦੀ ਸੱਚਾਈ ਸਿਖਾਉਣ ਆਏ ਸਨ। ਉਨ੍ਹਾਂ ਨੇ 14 ਟਾਪੂਆਂ ਦਾ ਦੌਰਾ ਕੀਤਾ। ਇਨ੍ਹਾਂ ਵਿੱਚੋਂ ਕੁਝ ਟਾਪੂਆਂ ਤੇ ਕਦੀ ਵੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਨਹੀਂ ਹੋਇਆ ਸੀ।

ਲੋਕਾਂ ਨੇ ਕਿਸ ਤਰ੍ਹਾਂ ਦਾ ਰਵੱਈਆ ਦਿਖਾਇਆ? ਲੋਕ ਇਨ੍ਹਾਂ ਮੁਸਾਫ਼ਰਾਂ ਬਾਰੇ ਜਾਣਨ ਲਈ ਬਹੁਤ ਉਤਸੁਕ ਸਨ ਅਤੇ ਉਨ੍ਹਾਂ ਨੇ ਆਪਣੀ ਪਰੰਪਰਾ ਅਨੁਸਾਰ ਉਨ੍ਹਾਂ ਦੀ ਬਹੁਤ ਮਹਿਮਾਨਨਿਵਾਜ਼ੀ ਕੀਤੀ। ਜਦੋਂ ਟਾਪੂਵਾਸੀਆਂ ਨੂੰ ਪਤਾ ਲੱਗਾ ਕਿ ਇਹ ਪ੍ਰਚਾਰਕ ਉੱਥੇ ਕਿਉਂ ਆਏ ਸਨ, ਤਾਂ ਉਨ੍ਹਾਂ ਨੇ ਪ੍ਰਚਾਰਕਾਂ ਦੀ ਦਿਲੋਂ ਸ਼ਲਾਘਾ ਕੀਤੀ। ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਇਹ ਟਾਪੂਵਾਸੀ ਪਰਮੇਸ਼ੁਰ ਦੇ ਬਚਨ ਦਾ ਆਦਰ ਕਰਦੇ ਸਨ ਅਤੇ ਆਪਣੀਆਂ ਅਧਿਆਤਮਿਕ ਲੋੜਾਂ ਜਾਣਦੇ ਸਨ।—ਮੱਤੀ 5:3.

ਕਈ ਵਾਰੀ ਗਵਾਹ ਦਰਖ਼ਤਾਂ ਹੇਠ ਬੈਠ ਜਾਂਦੇ ਤੇ ਲੋਕ ਉਨ੍ਹਾਂ ਦੇ ਇਰਦ-ਗਿਰਦ ਇਕੱਠੇ ਹੋ ਕੇ ਬਾਈਬਲ ਬਾਰੇ ਕਈ ਸਵਾਲ ਪੁੱਛਦੇ ਸਨ। ਰਾਤ ਪੈਣ ਤੇ ਲੋਕਾਂ ਦੇ ਘਰਾਂ ਵਿਚ ਬਾਈਬਲ ਬਾਰੇ ਚਰਚਾ ਜਾਰੀ ਰਹਿੰਦੀ ਸੀ। ਇਕ ਟਾਪੂ ਤੋਂ ਜਦੋਂ ਗਵਾਹ ਜਾਣ ਲੱਗੇ, ਤਾਂ ਟਾਪੂ ਦੇ ਲੋਕਾਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ: “ਨਾ ਜਾਓ! ਤੁਹਾਡੇ ਜਾਣ ਤੋਂ ਬਾਅਦ ਸਾਡੇ ਸਵਾਲਾਂ ਦੇ ਜਵਾਬ ਕੌਣ ਦੇਊ?” ਇਕ ਗਵਾਹ ਨੇ ਬਾਅਦ ਵਿਚ ਦੱਸਿਆ: “ਸੱਚਾਈ ਲਈ ਭੁੱਖੇ ਇੰਨੇ ਸਾਰੇ ਭੇਡਾਂ ਵਰਗੇ ਲੋਕਾਂ ਨੂੰ ਛੱਡ ਕੇ ਆਉਣਾ ਹਮੇਸ਼ਾ ਔਖਾ ਲੱਗਦਾ ਸੀ। ਉੱਥੇ ਸੱਚਾਈ ਦੇ ਬਹੁਤ ਸਾਰੇ ਬੀ ਬੀਜੇ ਗਏ ਹਨ।” ਇਕ ਟਾਪੂ ਤੇ ਪਹੁੰਚਣ ਤੇ ਗਵਾਹਾਂ ਨੇ ਦੇਖਿਆ ਕਿ ਸਾਰੇ ਲੋਕਾਂ ਨੇ ਸੋਗ ਦੇ ਕੱਪੜੇ ਪਹਿਨੇ ਹੋਏ ਸਨ। ਉੱਥੇ ਦੇ ਇਕ ਅਫ਼ਸਰ ਦੀ ਪਤਨੀ ਦੀ ਮੌਤ ਹੋ ਗਈ ਸੀ। ਉਸ ਅਫ਼ਸਰ ਨੇ ਭਰਾਵਾਂ ਦਾ ਧੰਨਵਾਦ ਕੀਤਾ ਕਿ ਉਹ ਉਨ੍ਹਾਂ ਲਈ ਬਾਈਬਲ ਵਿੱਚੋਂ ਦਿਲਾਸੇ ਭਰਿਆ ਸੰਦੇਸ਼ ਲਿਆਏ ਸਨ।

ਕੁਝ ਟਾਪੂਆਂ ਤੇ ਜਾਣਾ ਬਹੁਤ ਮੁਸ਼ਕਲ ਸੀ। ਹੈੱਟੀ ਦੱਸਦੀ ਹੈ: “ਇਕ ਟਾਪੂ ਤੇ ਉਤਰਨ ਲਈ ਕੋਈ ਥਾਂ ਨਹੀਂ ਸੀ। ਉੱਥੇ ਸਿਰਫ਼ ਸਿੱਧੀਆਂ ਚਟਾਨਾਂ ਸਨ ਜੋ ਸਮੁੰਦਰ ਦੀ ਸਤਹ ਤੋਂ ਕਈ ਫੁੱਟ ਉੱਚੀਆਂ ਸਨ। ਅਸੀਂ ਆਪਣੀ ਛੋਟੀ ਜਿਹੀ ਰਬੜ ਦੀ ਕਿਸ਼ਤੀ ਰਾਹੀਂ ਹੀ ਉਸ ਟਾਪੂ ਤੇ ਜਾ ਸਕੇ। ਸਭ ਤੋਂ ਪਹਿਲਾਂ ਸਾਨੂੰ ਕਿਨਾਰੇ ਤੇ ਖੜ੍ਹੇ ਲੋਕਾਂ ਵੱਲ ਆਪਣੇ ਬੈਗ ਸੁੱਟਣੇ ਪਏ। ਫਿਰ, ਜਿਉਂ ਹੀ ਪਾਣੀ ਦੇ ਜ਼ੋਰ ਨਾਲ ਸਾਡੀ ਰਬੜ ਦੀ ਕਿਸ਼ਤੀ ਚਟਾਨ ਦੇ ਵਾਧਰੇ ਤੇ ਚੜ੍ਹਦੀ ਸੀ, ਤਾਂ ਅਸੀਂ ਕਿਸ਼ਤੀ ਦੇ ਮੁੜ ਪਾਣੀ ਵਿਚ ਉਤਰਨ ਤੋਂ ਪਹਿਲਾਂ-ਪਹਿਲਾਂ ਇਸ ਵਿੱਚੋਂ ਕੁੱਦ ਜਾਂਦੇ ਸੀ।”

ਬੇੜੇ ਵਿਚਲੇ ਸਾਰੇ ਲੋਕ ਸਮੁੰਦਰੀ ਸਫ਼ਰ ਕਰਨ ਦੇ ਆਦੀ ਨਹੀਂ ਸਨ। ਦੋ ਹਫ਼ਤਿਆਂ ਦੇ ਸਮੁੰਦਰੀ ਸਫ਼ਰ ਤੋਂ ਬਾਅਦ ਕਪਤਾਨ ਨੇ ਮੁੱਖ ਟਾਪੂ ਟੋਂਗਾਟਾਪੂ ਨੂੰ ਵਾਪਸ ਆਉਣ ਬਾਰੇ ਲਿਖਿਆ: “ਅਸੀਂ 18 ਘੰਟੇ ਬੇੜੇ ਵਿਚ ਸਫ਼ਰ ਕਰਨਾ ਹੈ। ਅਸੀਂ ਇੱਕੋ ਵਾਰੀ ਵਿਚ ਇਹ ਸਫ਼ਰ ਤੈ ਨਹੀਂ ਕਰ ਸਕਦੇ ਕਿਉਂਕਿ ਲੰਬੇ ਸਫ਼ਰ ਕਾਰਨ ਕੁਝ ਜਣਿਆਂ ਦਾ ਜੀ ਕੱਚਾ ਹੋਣ ਲੱਗਦਾ ਹੈ। ਅਸੀਂ ਖ਼ੁਸ਼ ਹਾਂ ਕਿ ਅਸੀਂ ਘਰ ਚੱਲੇ ਹਾਂ, ਪਰ ਸਾਨੂੰ ਇਸ ਗੱਲ ਦਾ ਵੀ ਬਹੁਤ ਦੁੱਖ ਹੈ ਕਿ ਅਸੀਂ ਇੰਨੇ ਸਾਰੇ ਲੋਕਾਂ ਨੂੰ ਛੱਡ ਕੇ ਜਾ ਰਹੇ ਹਾਂ ਜਿਨ੍ਹਾਂ ਨੇ ਹੁਣੇ ਹੀ ਰਾਜ ਦਾ ਸੰਦੇਸ਼ ਸੁਣਿਆ ਹੈ। ਅਸੀਂ ਉਨ੍ਹਾਂ ਨੂੰ ਯਹੋਵਾਹ ਦੇ ਸਹਾਰੇ ਛੱਡ ਕੇ ਚੱਲੇ ਹਾਂ ਜੋ ਆਪਣੀ ਪਵਿੱਤਰ ਆਤਮਾ ਅਤੇ ਦੂਤਾਂ ਦੇ ਜ਼ਰੀਏ ਇਨ੍ਹਾਂ ਦੀ ਅਧਿਆਤਮਿਕ ਤੌਰ ਤੇ ਵਧਣ-ਫੁੱਲਣ ਵਿਚ ਮਦਦ ਕਰੇਗਾ।”

ਟਾਪੂਆਂ ਤੇ ਵਾਧੇ ਦੀ ਸੰਭਾਵਨਾ

ਕੁਐਸਟ ਦੇ ਰੁਖ਼ਸਤ ਹੋਣ ਤੋਂ ਲਗਭਗ ਛੇ ਮਹੀਨਿਆਂ ਬਾਅਦ ਦੋ ਵਿਸ਼ੇਸ਼ ਪਾਇਨੀਅਰਾਂ ਸਟੀਵਨ ਅਤੇ ਮਾਲਾਕੀ ਨੂੰ ਹਾਆਪਾਈ ਦੀਪ ਸਮੂਹ ਉੱਤੇ ਭੇਜਿਆ ਗਿਆ। ਉੱਥੇ ਉਹ ਹਾਲ ਹੀ ਵਿਚ ਬਪਤਿਸਮਾ ਲੈ ਚੁੱਕੇ ਦੋ ਵਿਆਹੁਤਾ ਜੋੜਿਆਂ ਨਾਲ ਮਿਲ ਕੇ ਲੋਕਾਂ ਨੂੰ ਬਾਈਬਲ ਸਿਖਾਉਣ ਵਿਚ ਜੁੱਟ ਗਏ। ਲੋਕ ਉਨ੍ਹਾਂ ਨੂੰ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਬਹੁਤ ਸਾਰੇ ਸਵਾਲ ਕਰਦੇ ਹਨ ਅਤੇ ਪ੍ਰਚਾਰਕ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਬਾਈਬਲ ਦੀ ਚੰਗੀ ਵਰਤੋਂ ਕਰ ਰਹੇ ਹਨ।

ਹਾਆਪਾਈ ਵਿਚ 1 ਦਸੰਬਰ 2003 ਨੂੰ ਇਕ ਕਲੀਸਿਯਾ ਸਥਾਪਿਤ ਕੀਤੀ ਗਈ ਜੋ ਟੋਂਗਾ ਵਿਚ ਹੁਣ ਪੰਜਵੀਂ ਕਲੀਸਿਯਾ ਹੈ। ਕਲੀਸਿਯਾ ਵਿਚ ਬਹੁਤ ਸਾਰੇ ਬੱਚੇ ਵੀ ਹਨ। ਉਹ ਸਭਾਵਾਂ ਵਿਚ ਬਹੁਤ ਧਿਆਨ ਨਾਲ ਸੁਣਦੇ ਹਨ। ਉਹ ਚੁੱਪ ਕਰ ਕੇ ਬੈਠਦੇ ਹਨ ਅਤੇ ਸਭਾਵਾਂ ਵਿਚ ਟਿੱਪਣੀਆਂ ਦੇਣ ਲਈ ਉਤਸੁਕ ਰਹਿੰਦੇ ਹਨ। ਸਰਕਟ ਨਿਗਾਹਬਾਨ ਨੇ ਕਿਹਾ ਕਿ “ਉਹ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਵਿਚ ਦਿੱਤੀਆਂ ਕਹਾਣੀਆਂ ਨੂੰ ਮੂੰਹ-ਜ਼ਬਾਨੀ ਦੱਸ ਸਕਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਮਾਪੇ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਾਈਬਲ ਦੀ ਸੱਚਾਈ ਬਿਠਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾ ਰਹੇ ਹਨ।” ਇਸ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਟਾਪੂਆਂ ਵਿਚ ਵਾਧੇ ਦੀ ਕਾਫ਼ੀ ਸੰਭਾਵਨਾ ਹੈ ਕਿਉਂਕਿ ਹੋ ਸਕਦਾ ਹੈ ਕਿ ਅੱਗੇ ਚੱਲ ਕੇ ਇਹੋ ਬੱਚੇ ਸ਼ਾਇਦ ਯਹੋਵਾਹ ਦੇ ਦੋਸਤ ਬਣ ਜਾਣ।

ਸੱਤਰ ਤੋਂ ਵੀ ਜ਼ਿਆਦਾ ਸਾਲ ਪਹਿਲਾਂ ਜਦੋਂ ਚਾਰਲਜ਼ ਵੇਟੇ ਨੇ ਆਪਣੀ ਤੋਂਗਾ ਭਾਸ਼ਾ ਵਿਚ ਪੁਸਤਿਕਾ ਮਰੇ ਹੋਏ ਲੋਕ ਕਿੱਥੇ ਹਨ? ਅਨੁਵਾਦ ਕੀਤੀ ਸੀ, ਤਾਂ ਉਸ ਨੇ ਸ਼ਾਇਦ ਸੋਚਿਆ ਵੀ ਨਹੀਂ ਹੋਣਾ ਕਿ ਉਸ ਦੇ ਦੇਸ਼ ਦੇ ਲੋਕਾਂ ਦੇ ਦਿਲਾਂ ਵਿਚ ਰਾਜ ਦਾ ਬੀ ਇਸ ਹੱਦ ਤਕ ਜੜ੍ਹ ਫੜ ਲਵੇਗਾ। ਉਸ ਛੋਟੀ ਜਿਹੀ ਸ਼ੁਰੂਆਤ ਤੋਂ ਹੀ ਯਹੋਵਾਹ ਦੀ ਬਰਕਤ ਨਾਲ ਦੁਨੀਆਂ ਦੇ ਇਸ ਕੋਨੇ ਵਿਚ ਖ਼ੁਸ਼ ਖ਼ਬਰੀ ਫੈਲਦੀ ਜਾ ਰਹੀ ਹੈ। ਅੱਜ ਕਿਹਾ ਜਾ ਸਕਦਾ ਹੈ ਕਿ ਟੋਂਗਾ ਸਮੁੰਦਰ ਦੇ ਉਨ੍ਹਾਂ ਇਕਲਵਾਂਝੇ ਟਾਪੂਆਂ ਵਿੱਚੋਂ ਇਕ ਹੈ ਜਿੱਥੋਂ ਦੇ ਲੋਕ ਯਹੋਵਾਹ ਵੱਲ ਆ ਰਹੇ ਹਨ। (ਜ਼ਬੂਰਾਂ ਦੀ ਪੋਥੀ 97:1; ਯਸਾਯਾਹ 51:5) ਹੁਣ “ਦੋਸਤਾਨਾ ਟਾਪੂਆਂ” ਉੱਤੇ ਯਹੋਵਾਹ ਦੇ ਬਹੁਤ ਸਾਰੇ ਦੋਸਤ ਰਹਿੰਦੇ ਹਨ।

[ਸਫ਼ੇ 8 ਉੱਤੇ ਤਸਵੀਰ]

1983 ਵਿਚ ਚਾਰਲਜ਼ ਵੇਟੇ

[ਸਫ਼ੇ 9 ਉੱਤੇ ਤਸਵੀਰ]

ਟਾਪਾ ਕੱਪੜਾ ਬਣਾਉਂਦੀ ਇਕ ਤੀਵੀਂ

[ਸਫ਼ੇ 10 ਉੱਤੇ ਤਸਵੀਰ]

ਟੋਂਗਾ ਵਿਚ ਖ਼ੁਸ਼ ਖ਼ਬਰੀ ਫੈਲਾਉਣ ਲਈ “ਕੁਐਸਟ” ਨਾਂ ਦਾ ਬੇੜਾ ਵਰਤਿਆ ਗਿਆ

[ਸਫ਼ੇ 11 ਉੱਤੇ ਤਸਵੀਰ]

ਟ੍ਰਾਂਸਲੇਸ਼ਨ ਟੀਮ, ਨੂਕੂਆਲੋਫਾ

[ਸਫ਼ੇ 9 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਟਾਪਾ ਕੱਪੜਾ ਬਣਾਉਂਦੀ ਹੋਈ: © Jack Fields/CORBIS; ਸਫ਼ੇ 8 ਤੇ 9 ਦੀ ਪਿੱਠ-ਭੂਮੀ ਅਤੇ ਮੱਛੀਆਂ ਦਾ ਸ਼ਿਕਾਰ: © Fred J. Eckert