Skip to content

Skip to table of contents

ਦੂਤ ਸਾਡੀ ਜ਼ਿੰਦਗੀ ਉੱਤੇ ਕੀ ਅਸਰ ਪਾਉਂਦੇ ਹਨ?

ਦੂਤ ਸਾਡੀ ਜ਼ਿੰਦਗੀ ਉੱਤੇ ਕੀ ਅਸਰ ਪਾਉਂਦੇ ਹਨ?

ਦੂਤ ਸਾਡੀ ਜ਼ਿੰਦਗੀ ਉੱਤੇ ਕੀ ਅਸਰ ਪਾਉਂਦੇ ਹਨ?

ਪਰਮੇਸ਼ੁਰ ਦੇ ਨਬੀ ਦਾਨੀਏਲ ਨੇ ਇਕ ਦਰਸ਼ਣ ਵਿਚ ਦੂਤਾਂ ਨੂੰ ਸਵਰਗ ਵਿਚ ਪਰਮੇਸ਼ੁਰ ਦੇ ਅੱਗੇ ਖੜ੍ਹਾ ਦੇਖਿਆ। ਉਸ ਨੇ ਲਿਖਿਆ: ‘ਹਜ਼ਾਰਾਂ ਹੀ ਹਜ਼ਾਰ ਦੂਤ ਪਰਮੇਸ਼ੁਰ ਦੀ ਟਹਿਲ ਕਰਦੇ ਸਨ, ਅਤੇ ਲੱਖਾਂ ਦਰ ਲੱਖ ਉਹ ਦੇ ਅੱਗੇ ਖਲੋਤੇ ਸਨ!’ (ਦਾਨੀਏਲ 7:10) ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਦੂਤਾਂ ਨੂੰ ਆਪਣੀ ਸੇਵਾ ਕਰਨ ਲਈ ਬਣਾਇਆ ਹੈ। ਉਹ ਹਰ ਵੇਲੇ ਉਸ ਦੀ ਆਗਿਆ ਦੀ ਪਾਲਣਾ ਕਰਨ ਲਈ ਤਿਆਰ ਖੜ੍ਹੇ ਰਹਿੰਦੇ ਹਨ।

ਕਦੇ-ਕਦਾਈਂ ਪਰਮੇਸ਼ੁਰ ਇਨਸਾਨਾਂ ਦੀ ਮਦਦ ਕਰਨ ਵਿਚ ਦੂਤਾਂ ਨੂੰ ਵਰਤਦਾ ਹੈ। ਮਿਸਾਲ ਲਈ, ਉਹ ਦੂਤਾਂ ਰਾਹੀਂ ਇਨਸਾਨਾਂ ਨੂੰ ਹੌਸਲਾ ਦਿੰਦਾ ਹੈ, ਉਨ੍ਹਾਂ ਦੀ ਰਾਖੀ ਕਰਦਾ ਹੈ, ਉਨ੍ਹਾਂ ਨੂੰ ਸੰਦੇਸ਼ ਪਹੁੰਚਾਉਂਦਾ ਹੈ ਅਤੇ ਦੂਤਾਂ ਰਾਹੀਂ ਦੁਸ਼ਟ ਲੋਕਾਂ ਨੂੰ ਸਜ਼ਾ ਵੀ ਦਿੰਦਾ ਹੈ।

ਦੂਤ ਹੌਸਲਾ ਦਿੰਦੇ ਤੇ ਰੱਖਿਆ ਕਰਦੇ ਹਨ

ਦੂਤਾਂ ਨੇ ਧਰਤੀ ਅਤੇ ਪਹਿਲੇ ਇਨਸਾਨ ਆਦਮ ਤੇ ਹੱਵਾਹ ਦੀ ਸ੍ਰਿਸ਼ਟੀ ਹੁੰਦੀ ਦੇਖੀ ਸੀ। ਉਦੋਂ ਤੋਂ ਹੀ ਦੂਤ ਇਨਸਾਨਾਂ ਵਿਚ ਗਹਿਰੀ ਦਿਲਚਸਪੀ ਲੈਂਦੇ ਆਏ ਹਨ। ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਮਸੀਹ ਵੀ ਇਕ ਦੂਤ ਸੀ। ਬਾਈਬਲ ਦੱਸਦੀ ਹੈ ਕਿ ਉਹ “ਆਦਮ ਵੰਸੀਆਂ ਨਾਲ ਪਰਸੰਨ” ਸੀ। (ਕਹਾਉਤਾਂ 8:31) ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ “ਦੂਤ ਵੱਡੀ ਚਾਹ ਨਾਲ” ਯਿਸੂ ਮਸੀਹ ਅਤੇ ਭਵਿੱਖ ਬਾਰੇ ਉਹ ਗੱਲਾਂ ਮਲੂਮ ਕਰਨੀਆਂ ਚਾਹੁੰਦੇ ਹਨ ਜੋ ਪਰਮੇਸ਼ੁਰ ਨੇ ਆਪਣੇ ਨਬੀਆਂ ਨੂੰ ਦੱਸੀਆਂ ਹਨ।​—1 ਪਤਰਸ 1:11, 12.

ਸਮੇਂ ਦੇ ਬੀਤਣ ਨਾਲ ਦੂਤਾਂ ਨੇ ਦੇਖਿਆ ਕਿ ਜ਼ਿਆਦਾਤਰ ਲੋਕਾਂ ਨੇ ਪਰਮੇਸ਼ੁਰ ਦਾ ਲੜ ਛੱਡ ਦਿੱਤਾ। ਇਹ ਦੇਖ ਕੇ ਉਨ੍ਹਾਂ ਦਾ ਦਿਲ ਕਿੰਨਾ ਦੁਖੀ ਹੋਇਆ ਹੋਣਾ! ਪਰ ਜਦੋਂ ਇਕ ਵੀ ਪਾਪੀ ਆਪਣੇ ਬੁਰੇ ਕੰਮ ਛੱਡ ਕੇ ਯਹੋਵਾਹ ਵੱਲ ਮੁੜਦਾ ਹੈ, ਤਾਂ ਸਾਰੇ ਦੂਤ ਖ਼ੁਸ਼ੀ ਮਨਾਉਂਦੇ ਹਨ। (ਲੂਕਾ 15:10) ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਦੂਤਾਂ ਨੂੰ ਪਰਮੇਸ਼ੁਰ ਦੇ ਸੇਵਕਾਂ ਨਾਲ ਕਿੰਨਾ ਲਗਾਅ ਹੈ! ਇਸੇ ਲਈ ਯਹੋਵਾਹ ਨੇ ਧਰਤੀ ਉੱਤੇ ਆਪਣੇ ਸੇਵਕਾਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਦੀ ਰਾਖੀ ਕਰਨ ਲਈ ਦੂਤਾਂ ਨੂੰ ਬਾਰ-ਬਾਰ ਘੱਲਿਆ। (ਇਬਰਾਨੀਆਂ 1:14) ਆਓ ਆਪਾਂ ਕੁਝ ਉਦਾਹਰਣਾਂ ਵੱਲ ਧਿਆਨ ਦੇਈਏ।

ਜਦ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਸ਼ਹਿਰਾਂ ਦਾ ਨਾਸ਼ ਕੀਤਾ ਸੀ, ਤਦ ਦੋ ਦੂਤਾਂ ਨੇ ਲੂਤ ਅਤੇ ਉਸ ਦੀਆਂ ਧੀਆਂ ਦੇ ਹੱਥ ਫੜ ਕੇ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਲਿਆਂਦਾ ਸੀ। * (ਉਤਪਤ 19:1, 15-26) ਕਈ ਸਦੀਆਂ ਬਾਅਦ, ਦਾਨੀਏਲ ਨਬੀ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟਿਆ ਗਿਆ ਸੀ, ਪਰ ਉਹ ਬਚ ਗਿਆ। ਕਿਵੇਂ? ਦਾਨੀਏਲ ਦੱਸਦਾ ਹੈ: ‘ਮੇਰੇ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜ ਕੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ।’ (ਦਾਨੀਏਲ 6:22) ਜਦ ਯਿਸੂ ਨੇ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ ਸੀ, ਤਦ ਦੂਤਾਂ ਨੇ ਉਸ ਦੀ ਵੀ ਬਹੁਤ ਮਦਦ ਕੀਤੀ ਸੀ। (ਮਰਕੁਸ 1:13) ਯਿਸੂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਇਕ ਦੂਤ ਨੇ ਆ ਕੇ “ਉਹ ਨੂੰ ਸਹਾਰਾ” ਦਿੱਤਾ ਸੀ। (ਲੂਕਾ 22:43) ਇਨ੍ਹਾਂ ਮੌਕਿਆਂ ਤੇ ਯਿਸੂ ਨੂੰ ਦੂਤਾਂ ਤੋਂ ਕਿੰਨਾ ਹੌਸਲਾ ਮਿਲਿਆ ਹੋਣਾ! ਇਕ ਦੂਤ ਨੇ ਪਤਰਸ ਰਸੂਲ ਨੂੰ ਜੇਲ੍ਹ ਦੀਆਂ ਸਲਾਖ਼ਾਂ ਵਿੱਚੋਂ ਵੀ ਆਜ਼ਾਦ ਕੀਤਾ ਸੀ।​—ਰਸੂਲਾਂ ਦੇ ਕਰਤੱਬ 12:6-11.

ਕੀ ਦੂਤ ਅੱਜ ਸਾਡੀ ਰੱਖਿਆ ਕਰਦੇ ਹਨ? ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਯਹੋਵਾਹ ਦੇ ਬਚਨ ਮੁਤਾਬਕ ਉਸ ਦੀ ਭਗਤੀ ਕਰਦੇ ਹਾਂ, ਤਾਂ ਉਸ ਦੇ ਬਲਵਾਨ ਦੂਤ ਸਾਡੀ ਰਾਖੀ ਜ਼ਰੂਰ ਕਰਨਗੇ। ਬਾਈਬਲ ਸਾਨੂੰ ਗਾਰੰਟੀ ਦਿੰਦੀ ਹੈ ਕਿ “ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ।”​—ਜ਼ਬੂਰਾਂ ਦੀ ਪੋਥੀ 34:7.

ਲੇਕਿਨ ਇਕ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਪਰਮੇਸ਼ੁਰ ਦੇ ਦੂਤ ਉਸ ਦੀ ਆਗਿਆ ਦੀ ਪਾਲਣਾ ਕਰਦੇ ਹਨ, ਨਾ ਕਿ ਇਨਸਾਨਾਂ ਦੀ। (ਜ਼ਬੂਰਾਂ ਦੀ ਪੋਥੀ 103:20, 21) ਇਸ ਦਾ ਮਤਲਬ ਹੈ ਕਿ ਉਹ ਸਿਰਫ਼ ਉਹ ਕੰਮ ਕਰਦੇ ਹਨ ਜੋ ਪਰਮੇਸ਼ੁਰ ਉਨ੍ਹਾਂ ਨੂੰ ਕਰਨ ਲਈ ਕਹਿੰਦਾ ਹੈ। ਇਸ ਲਈ ਜੇ ਸਾਨੂੰ ਮਦਦ ਦੀ ਲੋੜ ਪਵੇ, ਤਾਂ ਸਾਨੂੰ ਦੂਤਾਂ ਨੂੰ ਨਹੀਂ ਸਗੋਂ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਮੱਤੀ 26:53) ਅਸੀਂ ਦੂਤਾਂ ਨੂੰ ਦੇਖ ਨਹੀਂ ਸਕਦੇ, ਇਸ ਲਈ ਸਾਨੂੰ ਪੱਕਾ ਪਤਾ ਨਹੀਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਸਾਡੀ ਮਦਦ ਕਰਨ ਵਾਸਤੇ ਕਿਸ ਹੱਦ ਤਕ ਵਰਤਦਾ ਹੈ। ਪਰ ਸਾਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਹੈ ਕਿ ਯਹੋਵਾਹ “ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ” ਦਿਖਾਉਂਦਾ ਹੈ। (2 ਇਤਹਾਸ 16:9; ਜ਼ਬੂਰਾਂ ਦੀ ਪੋਥੀ 91:11) ਇਸ ਦੇ ਨਾਲ-ਨਾਲ ਅਸੀਂ ਇਹ ਵੀ ਭਰੋਸਾ ਰੱਖ ਸਕਦੇ ਹਾਂ ਕਿ “ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ [ਪਰਮੇਸ਼ੁਰ] ਸਾਡੀ ਸੁਣਦਾ ਹੈ।”​—1 ਯੂਹੰਨਾ 5:14.

ਬਾਈਬਲ ਵਿਚ ਸਾਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਸਾਡੀ ਭਗਤੀ ਦਾ ਹੱਕਦਾਰ ਹੈ ਅਤੇ ਸਾਨੂੰ ਸਿਰਫ਼ ਉਸ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਕੂਚ 20:3-5; ਜ਼ਬੂਰਾਂ ਦੀ ਪੋਥੀ 5:1, 2; ਮੱਤੀ 6:9) ਪਰਮੇਸ਼ੁਰ ਦੇ ਵਫ਼ਾਦਾਰ ਦੂਤ ਵੀ ਸਾਨੂੰ ਇਹੀ ਕਰਨ ਦੀ ਤਾਕੀਦ ਕਰਦੇ ਹਨ। ਮਿਸਾਲ ਲਈ, ਜਦ ਯੂਹੰਨਾ ਰਸੂਲ ਨੇ ਇਕ ਵਾਰ ਦੂਤ ਦੇ ਪੈਰੀਂ ਪੈ ਕੇ ਮੱਥਾ ਟੇਕਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਦੂਤ ਨੇ ਉਸ ਨੂੰ ਝਿੜਕਦਿਆਂ ਕਿਹਾ: “ਇਉਂ ਨਾ ਕਰ! . . . ਪਰਮੇਸ਼ੁਰ ਨੂੰ ਮੱਥਾ ਟੇਕ!”​—ਪਰਕਾਸ਼ ਦੀ ਪੋਥੀ 19:10.

ਦੂਤ​—ਪਰਮੇਸ਼ੁਰ ਦੇ ਸੰਦੇਸ਼ਵਾਹਕ

“ਦੂਤ” ਸ਼ਬਦ ਦਾ ਮਤਲਬ “ਸੰਦੇਸ਼ਵਾਹਕ” ਹੈ। ਜੀ ਹਾਂ, ਪਰਮੇਸ਼ੁਰ ਦੇ ਦੂਤ ਇਨਸਾਨਾਂ ਨੂੰ ਸੰਦੇਸ਼ ਪਹੁੰਚਾਉਣ ਦਾ ਕੰਮ ਵੀ ਕਰਦੇ ਹਨ। ਮਿਸਾਲ ਲਈ, ‘ਜਿਬਰਾਏਲ ਦੂਤ ਪਰਮੇਸ਼ੁਰ ਦੀ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ ਭੇਜਿਆ ਗਿਆ’ ਸੀ। ਕਿਸ ਕੰਮ ਲਈ? ਉਹ ਮਰਿਯਮ ਨਾਂ ਦੀ ਇਕ ਕੁਆਰੀ ਨੂੰ ਇਹ ਪੈਗਾਮ ਦੇਣ ਆਇਆ ਸੀ ਕਿ ਉਹ ਇਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਸ ਦਾ ਨਾਂ ਯਿਸੂ ਰੱਖਿਆ ਜਾਵੇਗਾ। (ਲੂਕਾ 1:26-31) ਫਿਰ ਪਰਮੇਸ਼ੁਰ ਦੇ ਇਕ ਹੋਰ ਦੂਤ ਨੇ ਕੁਝ ਅਯਾਲੀਆਂ ਨੂੰ, ਜੋ ਆਪਣੇ ਇੱਜੜ ਦੀ ਰਾਖੀ ਕਰ ਰਹੇ ਸਨ, ਦਰਸ਼ਨ ਦਿੱਤਾ ਅਤੇ ਉਨ੍ਹਾਂ ਨੂੰ “ਮਸੀਹ” ਦੇ ਜਨਮ ਦੀ ਖ਼ੁਸ਼ ਖ਼ਬਰੀ ਸੁਣਾਈ। (ਲੂਕਾ 2:8-11) ਇਸੇ ਤਰ੍ਹਾਂ ਦੂਤਾਂ ਨੇ ਅਬਰਾਹਾਮ, ਮੂਸਾ, ਯਿਸੂ ਅਤੇ ਪਰਮੇਸ਼ੁਰ ਦੇ ਹੋਰਨਾਂ ਸੇਵਕਾਂ ਨੂੰ ਵੀ ਪਰਮੇਸ਼ੁਰ ਦੇ ਸੁਨੇਹੇ ਪਹੁੰਚਾਏ।​—ਉਤਪਤ 18:1-5, 10; ਕੂਚ 3:1, 2; ਲੂਕਾ 22:39-43.

ਅੱਜ ਦੂਤ ਕਿਸ ਤਰ੍ਹਾਂ ਸੰਦੇਸ਼ ਪਹੁੰਚਾਉਂਦੇ ਹਨ? ਯਿਸੂ ਨੇ ਕਿਹਾ ਸੀ ਉਸ ਦੇ ਚੇਲੇ ਦੁਨੀਆਂ ਦਾ ਨਾਸ਼ ਹੋਣ ਤੋਂ ਪਹਿਲਾਂ ਇਕ ਜ਼ਰੂਰੀ ਕੰਮ ਕਰਨਗੇ। ਕਿਹੜਾ ਕੰਮ? ਯਿਸੂ ਨੇ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:3, 14) ਯਹੋਵਾਹ ਦੇ ਗਵਾਹ ਪ੍ਰਚਾਰ ਦੇ ਕੰਮ ਵਿਚ ਹਰ ਸਾਲ ਇਕ ਅਰਬ ਤੋਂ ਜ਼ਿਆਦਾ ਘੰਟੇ ਲਾਉਂਦੇ ਹਨ। ਪਰ ਇਸ ਮਹੱਤਵਪੂਰਣ ਕੰਮ ਵਿਚ ਪਰਮੇਸ਼ੁਰ ਦੇ ਦੂਤ ਵੀ ਹਿੱਸਾ ਲੈਂਦੇ ਹਨ। ਯੂਹੰਨਾ ਰਸੂਲ ਦੱਸਦਾ ਹੈ ਕਿ ਉਸ ਨੇ ਦਰਸ਼ਨ ਵਿਚ ਇਕ “ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ . . . ਡਿੱਠਾ ਭਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ।” (ਪਰਕਾਸ਼ ਦੀ ਪੋਥੀ 14:6, 7) ਜੀ ਹਾਂ, ਇਹ ਸਭ ਤੋਂ ਜ਼ਰੂਰੀ ਕੰਮ ਹੈ ਜਿਸ ਵਿਚ ਦੂਤ ਅੱਜ ਸਾਡੀ ਮਦਦ ਕਰਦੇ ਹਨ।

ਯਹੋਵਾਹ ਦੇ ਗਵਾਹਾਂ ਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਉਹ ਪ੍ਰਚਾਰ ਦਾ ਕੰਮ ਦੂਤਾਂ ਦੇ ਨਿਰਦੇਸ਼ਨ ਦੇ ਅਧੀਨ ਕਰ ਰਹੇ ਹਨ। ਯਹੋਵਾਹ ਦੇ ਗਵਾਹ ਅਕਸਰ ਉਨ੍ਹਾਂ ਲੋਕਾਂ ਨੂੰ ਮਿਲਦੇ ਹਨ ਜੋ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਰੱਬ ਅੱਗੇ ਅਰਦਾਸ ਕਰ ਰਹੇ ਸਨ ਕਿ ਪਰਮੇਸ਼ੁਰ ਆਪਣੇ ਮਕਸਦਾਂ ਨੂੰ ਸਮਝਣ ਵਿਚ ਮਦਦ ਕਰਨ ਲਈ ਉਨ੍ਹਾਂ ਕੋਲ ਕਿਸੇ ਨੂੰ ਭੇਜੇ। ਦੂਤਾਂ ਦੇ ਨਿਰਦੇਸ਼ਨ ਅਤੇ ਗਵਾਹਾਂ ਦੀ ਮਿਹਨਤ ਦੇ ਨਤੀਜੇ ਵਜੋਂ ਹਰ ਸਾਲ ਲੱਖਾਂ ਹੀ ਲੋਕ ਯਹੋਵਾਹ ਪਰਮੇਸ਼ੁਰ ਬਾਰੇ ਗਿਆਨ ਲੈਂਦੇ ਹਨ। ਉਮੀਦ ਹੈ ਕਿ ਤੁਸੀਂ ਵੀ ਜ਼ਿੰਦਗੀਆਂ ਬਚਾਉਣ ਦੇ ਇਸ ਸੰਦੇਸ਼ ਨੂੰ ਕਬੂਲ ਕਰੋਗੇ।

ਦੂਤ ਪਰਮੇਸ਼ੁਰ ਵੱਲੋਂ ਸਜ਼ਾ ਦਿੰਦੇ ਹਨ

ਇਹ ਸੱਚ ਹੈ ਕਿ ਪਰਮੇਸ਼ੁਰ ਨੇ ਇਨਸਾਨਾਂ ਦਾ ਨਿਆਂ ਕਰਨ ਦਾ ਕੰਮ ਦੂਤਾਂ ਨੂੰ ਨਹੀਂ ਸੌਂਪਿਆ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਕੁਝ ਨਹੀਂ ਕਰਦੇ। (ਯੂਹੰਨਾ 5:22; ਇਬਰਾਨੀਆਂ 12:22, 23) ਪੁਰਾਣੇ ਜ਼ਮਾਨੇ ਵਿਚ ਦੂਤ ਪਰਮੇਸ਼ੁਰ ਵੱਲੋਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦੇ ਸਨ। ਮਿਸਾਲ ਲਈ, ਜਦ ਪਰਮੇਸ਼ੁਰ ਦੇ ਲੋਕ ਮਿਸਰ ਵਿਚ ਗ਼ੁਲਾਮ ਸਨ, ਤਦ ਪਰਮੇਸ਼ੁਰ ਆਪਣੇ ਦੂਤਾਂ ਰਾਹੀਂ ਮਿਸਰੀ ਲੋਕਾਂ ਨਾਲ ਲੜਿਆ ਸੀ। (ਜ਼ਬੂਰਾਂ ਦੀ ਪੋਥੀ 78:49) ਇਕ ਦਫ਼ਾ “ਯਹੋਵਾਹ ਦੇ ਦੂਤ” ਨੇ ਇੱਕੋ ਰਾਤ ਵਿਚ ਦੁਸ਼ਮਣ ਫ਼ੌਜ ਦੇ 1,85,000 ਆਦਮੀਆਂ ਨੂੰ ਮਾਰ ਸੁੱਟਿਆ ਸੀ।​—2 ਰਾਜਿਆਂ 19:35.

ਇਸੇ ਤਰ੍ਹਾਂ ਭਵਿੱਖ ਵਿਚ ਵੀ ਦੂਤ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣਗੇ ਜੋ ਪਰਮੇਸ਼ੁਰ ਦੇ ਮਿਆਰਾਂ ਦੇ ਖ਼ਿਲਾਫ਼ ਚੱਲਦੇ ਹਨ। ਯਿਸੂ “ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਅਕਾਸ਼ੋਂ ਪਰਗਟ ਹੋਵੇਗਾ। ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ।” (2 ਥੱਸਲੁਨੀਕੀਆਂ 1:7, 8) ਅੱਜ ਦੁਨੀਆਂ ਭਰ ਵਿਚ ਦੂਤਾਂ ਦੀ ਮਦਦ ਨਾਲ ਲੋਕਾਂ ਨੂੰ ਪਰਮੇਸ਼ੁਰ ਦੇ ਮਕਸਦਾਂ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਵਿਚ ਸੁਧਾਰ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਜੋ ਲੋਕ ਇਸ ਸੰਦੇਸ਼ ਨੂੰ ਸੁਣਨਾ ਨਹੀਂ ਚਾਹੁੰਦੇ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਪਰ ਜੋ ਪਰਮੇਸ਼ੁਰ ਦਾ ਗਿਆਨ ਲੈ ਕੇ ਆਪਣੀਆਂ ਜ਼ਿੰਦਗੀਆਂ ਬਦਲ ਰਹੇ ਹਨ, ਉਨ੍ਹਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾਣਗੀਆਂ।​—ਸਫ਼ਨਯਾਹ 2:3.

ਅਸੀਂ ਪਰਮੇਸ਼ੁਰ ਦੇ ਇਨ੍ਹਾਂ ਵਫ਼ਾਦਾਰ ਦੂਤਾਂ ਦੇ ਕਿੰਨੇ ਧੰਨਵਾਦੀ ਹਾਂ ਜੋ ਹਰ ਵੇਲੇ ਉਸ ਦੀ ਆਗਿਆ ਦੀ ਪਾਲਣਾ ਕਰਨ ਲਈ ਤਿਆਰ ਰਹਿੰਦੇ ਹਨ! ਜੀ ਹਾਂ, ਯਹੋਵਾਹ ਉਨ੍ਹਾਂ ਰਾਹੀਂ ਧਰਤੀ ਉੱਤੇ ਆਪਣੇ ਵਫ਼ਾਦਾਰ ਸੇਵਕਾਂ ਦੀ ਮਦਦ ਅਤੇ ਰੱਖਿਆ ਕਰਦਾ ਹੈ। ਇਸ ਗੱਲ ਤੋਂ ਸਾਨੂੰ ਇਸ ਲਈ ਦਿਲਾਸਾ ਮਿਲਦਾ ਹੈ ਕਿਉਂਕਿ ਇਨ੍ਹਾਂ ਦੂਤਾਂ ਤੋਂ ਇਲਾਵਾ ਅਜਿਹੇ ਬੁਰੇ ਦੂਤ ਵੀ ਹਨ ਜੋ ਸਾਨੂੰ ਬਰਬਾਦ ਕਰਨਾ ਚਾਹੁੰਦੇ ਹਨ ਅਤੇ ਬਹੁਤ ਹੀ ਖ਼ਤਰਨਾਕ ਹਨ।

ਬੁਰੇ ਦੂਤ ਕੌਣ ਹਨ?

ਅਦਨ ਦੇ ਬਾਗ਼ ਵਿਚ ਇਕ ਦੂਤ ਨੇ, ਜਿਸ ਨੂੰ ਬਾਈਬਲ ਵਿਚ ਸ਼ਤਾਨ ਕਿਹਾ ਜਾਂਦਾ ਹੈ, ਹੱਵਾਹ ਨੂੰ ਆਪਣੀਆਂ ਝੂਠੀਆਂ ਗੱਲਾਂ ਦੇ ਜਾਲ ਵਿਚ ਫਸਾ ਕੇ ਭਰਮਾ ਲਿਆ। ਉਸ ਸਮੇਂ ਤੋਂ ਲੈ ਕੇ ਅਗਲੇ 1,500 ਸਾਲਾਂ ਦੌਰਾਨ ਤਕਰੀਬਨ ਸਾਰੇ ਇਨਸਾਨ ਸ਼ਤਾਨ ਦੇ ਜਾਲ ਵਿਚ ਫੱਸ ਕੇ ਯਹੋਵਾਹ ਦੇ ਵਿਰੁੱਧ ਹੋ ਗਏ ਸਨ। ਧਰਤੀ ਉੱਤੇ ਕੁਝ ਹੀ ਵਫ਼ਾਦਾਰ ਲੋਕ ਯਹੋਵਾਹ ਦੀ ਭਗਤੀ ਕਰਦੇ ਰਹੇ, ਜਿਵੇਂ ਕਿ ਹਾਬਲ, ਹਨੋਕ ਅਤੇ ਨੂਹ। (ਉਤਪਤ 3:1-7; ਇਬਰਾਨੀਆਂ 11:4, 5, 7) ਸਵਰਗ ਵਿਚ ਪਰਮੇਸ਼ੁਰ ਦੇ ਦੂਤ ਇਹ ਸਭ ਕੁਝ ਦੇਖ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਸ਼ਤਾਨ ਦਾ ਸਾਥ ਦੇ ਕੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ। ਬਾਈਬਲ ਵਿਚ ਦੱਸਿਆ ਹੈ ਕਿ ਇਹ ਉਹੀ ਦੂਤ ਸਨ ਜਿਨ੍ਹਾਂ ਨੇ “ਨੂਹ ਦੇ ਦਿਨੀਂ” ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਸੀ। (1 ਪਤਰਸ 3:19, 20) ਉਸ ਸਮੇਂ ਇਨ੍ਹਾਂ ਦੂਤਾਂ ਨੇ ਕਿਸ ਤਰ੍ਹਾਂ ਅਣਆਗਿਆਕਾਰੀ ਕੀਤੀ ਸੀ?

ਨੂਹ ਦੇ ਜ਼ਮਾਨੇ ਵਿਚ ਕਈ ਦੂਤ ਸਵਰਗੋਂ ਇਨਸਾਨਾਂ ਦਾ ਰੂਪ ਧਾਰ ਕੇ ਧਰਤੀ ਉੱਤੇ ਆਏ ਸਨ। ਲੇਕਿਨ ਉਹ ਧਰਤੀ ਉੱਤੇ ਕਿਉਂ ਆਏ ਸਨ? ਉਨ੍ਹਾਂ ਨੇ ਦੇਖਿਆ ਕਿ ਧਰਤੀ ਉੱਤੇ ਔਰਤਾਂ ਬਹੁਤ ਸੋਹਣੀਆਂ ਸਨ ਅਤੇ ਉਹ ਇਨ੍ਹਾਂ ਔਰਤਾਂ ਨਾਲ ਸਰੀਰਕ ਸੰਬੰਧ ਕਾਇਮ ਕਰਨਾ ਚਾਹੁੰਦੇ ਸਨ। ਨਤੀਜੇ ਵਜੋਂ, ਇਨ੍ਹਾਂ ਤੋਂ ਧਰਤੀ ਉੱਤੇ ਦੈਂਤ ਪੈਦਾ ਹੋਣ ਲੱਗੇ ਜੋ ਬਹੁਤ ਹੀ ਹਿੰਸਕ ਸਨ। ਇਸ ਤੋਂ ਇਲਾਵਾ, ਬਾਈਬਲ ਦੱਸਦੀ ਹੈ ਕਿ “ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ” ਸੀ। ਲੇਕਿਨ ਉਸ ਸਮੇਂ ਯਹੋਵਾਹ ਪਰਮੇਸ਼ੁਰ ਨੇ ਦਖ਼ਲ ਦੇ ਕੇ ਬੁਰਾਈ ਦਾ ਅੰਤ ਕੀਤਾ। ਉਸ ਨੇ ਜਲ-ਪਰਲੋ ਲਿਆ ਕੇ ਦੁਸ਼ਟ ਲੋਕਾਂ ਦੇ ਨਾਲ-ਨਾਲ ਦੈਂਤਾਂ ਦਾ ਵੀ ਨਾਸ਼ ਕਰ ਦਿੱਤਾ। ਇਸ ਨਾਸ਼ ਵਿੱਚੋਂ ਸਿਰਫ਼ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਹੀ ਬਚੇ ਸਨ।​—ਉਤਪਤ 6:1-7, 17; 7:23.

ਜਲ-ਪਰਲੋ ਦੇ ਸਮੇਂ ਦੁਸ਼ਟ ਦੂਤ ਬਚ ਗਏ ਸਨ। ਉਹ ਮਨੁੱਖੀ ਦੇਹਾਂ ਤਿਆਗ ਕੇ ਸਵਰਗ ਵਾਪਸ ਚਲੇ ਗਏ। ਪਰਮੇਸ਼ੁਰ ਨੂੰ ਛੱਡ ਕੇ ਇਨ੍ਹਾਂ ਦੁਸ਼ਟ ਦੂਤਾਂ ਨੇ ਸ਼ਤਾਨ ਦਾ ਸਾਥ ਦਿੱਤਾ ਅਤੇ ਉਹ ਇਨ੍ਹਾਂ ਦਾ “ਸਰਦਾਰ” ਬਣ ਗਿਆ। (ਮੱਤੀ 12:24-27) ਆਪਣੇ ਸਰਦਾਰ ਵਾਂਗ ਇਹ ਬੁਰੇ ਦੂਤ ਵੀ ਇਹੀ ਚਾਹੁੰਦੇ ਹਨ ਕਿ ਇਨਸਾਨ ਉਨ੍ਹਾਂ ਦੀ ਭਗਤੀ ਕਰਨ।

ਦੁਸ਼ਟ ਦੂਤ ਖ਼ਤਰਨਾਕ ਜ਼ਰੂਰ ਹਨ, ਪਰ ਸਾਨੂੰ ਉਨ੍ਹਾਂ ਤੋਂ ਡਰਨ ਦੀ ਲੋੜ ਨਹੀਂ। ਉਨ੍ਹਾਂ ਕੋਲ ਪਰਮੇਸ਼ੁਰ ਜਿੰਨੀ ਤਾਕਤ ਨਹੀਂ ਹੈ। ਜਦ ਦੁਸ਼ਟ ਦੂਤ ਸਵਰਗ ਵਾਪਸ ਗਏ ਸਨ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਪਰਿਵਾਰ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਪਰਮੇਸ਼ੁਰ ਨੇ ਉਨ੍ਹਾਂ ਨਾਲੋਂ ਆਪਣਾ ਨਾਤਾ ਤੋੜ ਦਿੱਤਾ ਸੀ। ਹੁਣ ਉਨ੍ਹਾਂ ਦਾ ਭਵਿੱਖ ਹਨੇਰੇ ਵਿਚ ਹੈ। ਉਹ ਉਸ ਸਮੇਂ ਦੀ ਉਡੀਕ ਕਰ ਰਹੇ ਹਨ ਜਦ ਯਹੋਵਾਹ ਉਨ੍ਹਾਂ ਨੂੰ “ਸਦੀਪਕ ਬੰਧਨਾਂ” ਵਿਚ ਕੈਦ ਕਰ ਦੇਵੇਗਾ ਤੇ ਉਹ ਕੁਝ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ, ਉਹ ਹੁਣ ਇਨਸਾਨਾਂ ਦਾ ਰੂਪ ਕਦੇ ਨਹੀਂ ਧਾਰ ਸਕਦੇ।​—ਯਹੂਦਾਹ 6.

ਤੁਹਾਨੂੰ ਕੀ ਕਰਨ ਦੀ ਲੋੜ ਹੈ?

ਕੀ ਦੁਸ਼ਟ ਦੂਤ ਹਾਲੇ ਵੀ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪਾਉਂਦੇ ਹਨ? ਹਾਂ ਬਿਲਕੁਲ ਪਾਉਂਦੇ ਹਨ। ਉਹ ਆਪਣੇ ਸਰਦਾਰ ਸ਼ਤਾਨ ਵਾਂਗ ਆਪਣੇ “ਛਲ ਛਿੱਦ੍ਰਾਂ” ਜਾਂ ਖ਼ਤਰਨਾਕ ਚਾਲਾਂ ਰਾਹੀਂ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ। (ਅਫ਼ਸੀਆਂ 6:11, 12) ਅਸੀਂ ਪਰਮੇਸ਼ੁਰ ਦੇ ਬਚਨ ਦੀ ਸਲਾਹ ਉੱਤੇ ਚੱਲ ਕੇ ਦੁਸ਼ਟ ਦੂਤਾਂ ਤੋਂ ਆਪਣਾ ਬਚਾਅ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਜੋ ਪਰਮੇਸ਼ੁਰ ਦੀ ਦਿਲੋਂ ਭਗਤੀ ਕਰਦੇ ਹਨ, ਉਨ੍ਹਾਂ ਦੀ ਪਰਮੇਸ਼ੁਰ ਦੇ ਬਲਵਾਨ ਦੂਤ ਰੱਖਿਆ ਕਰਦੇ ਹਨ।

ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਬਾਈਬਲ ਪੜ੍ਹ ਕੇ ਇਹ ਸਿੱਖੋ ਕਿ ਪਰਮੇਸ਼ੁਰ ਤੁਹਾਡੇ ਤੋਂ ਕੀ ਚਾਹੁੰਦਾ ਹੈ। ਫਿਰ ਤੁਹਾਨੂੰ ਸਿੱਖੀਆਂ ਗੱਲਾਂ ਉੱਤੇ ਚੱਲਣ ਦੀ ਲੋੜ ਹੈ। ਜੇਕਰ ਤੁਸੀਂ ਇਹ ਸਿੱਖਿਆ ਹਾਸਲ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਦੂਜੇ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਯਹੋਵਾਹ ਦੇ ਗਵਾਹਾਂ ਨੂੰ ਲਿਖ ਸਕਦੇ ਹੋ। ਉਹ ਤੁਹਾਡੇ ਘਰ ਆ ਕੇ ਤੁਹਾਡੇ ਸਮੇਂ ਮੁਤਾਬਕ ਅਤੇ ਮੁਫ਼ਤ ਵਿਚ ਖ਼ੁਸ਼ੀ ਨਾਲ ਤੁਹਾਡੀ ਮਦਦ ਕਰਨਗੇ।

[ਫੁਟਨੋਟ]

^ ਪੈਰਾ 7 ਬਾਈਬਲ ਵਿਚ ਦੂਤਾਂ ਨੂੰ ਪੁਰਸ਼ਾਂ ਵਜੋਂ ਦਰਸਾਇਆ ਗਿਆ ਹੈ। ਜਦ ਉਹ ਧਰਤੀ ਉੱਤੇ ਇਨਸਾਨਾਂ ਨੂੰ ਦਰਸ਼ਨ ਦਿੰਦੇ ਸਨ, ਤਾਂ ਉਹ ਪੁਰਸ਼ਾਂ ਦਾ ਰੂਪ ਧਾਰ ਕੇ ਆਉਂਦੇ ਸਨ।

[ਸਫ਼ਾ 6 ਉੱਤੇ ਡੱਬੀ]

ਦੂਤਾਂ ਦੀਆਂ ਪਦਵੀਆਂ

ਯਹੋਵਾਹ ਦੇ ਸਵਰਗੀ ਦੂਤਾਂ ਦੀਆਂ ਪਦਵੀਆਂ:

ਮਹਾਂ ਦੂਤ ਮੀਕਾਏਲ ਯਾਨੀ ਯਿਸੂ ਮਸੀਹ ਸਭ ਤੋਂ ਸ਼ਕਤੀਸ਼ਾਲੀ ਹੈ। ਉਸ ਨੂੰ ਬਾਕੀ ਦੇ ਦੂਤਾਂ ਉੱਤੇ ਅਧਿਕਾਰ ਦਿੱਤਾ ਗਿਆ ਹੈ। (1 ਥੱਸਲੁਨੀਕੀਆਂ 4:16; ਯਹੂਦਾਹ 9) ਸਰਾਫ਼ੀਮ, ਕਰੂਬੀ ਅਤੇ ਦੂਸਰੇ ਦੂਤ ਸਭ ਉਸ ਦੇ ਅਧੀਨ ਹਨ।

ਸਰਾਫ਼ੀਮਾਂ ਦੀ ਵੀ ਉੱਚੀ ਪਦਵੀ ਹੈ, ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਕੋਲ ਮੌਜੂਦ ਰਹਿੰਦੇ ਹਨ। ਉਹ ਪਰਮੇਸ਼ੁਰ ਦੀ ਪਵਿੱਤਰਤਾ ਦਾ ਐਲਾਨ ਕਰਨ ਦੇ ਨਾਲ-ਨਾਲ ਉਸ ਦੇ ਲੋਕਾਂ ਨੂੰ ਪਵਿੱਤਰ ਰੱਖਦੇ ਹਨ ਤੇ ਪਰਮੇਸ਼ੁਰ ਦੀ ਭਗਤੀ ਕਰਨ ਵਿਚ ਉਨ੍ਹਾਂ ਨੂੰ ਮਦਦ ਦਿੰਦੇ ਹਨ।​—ਯਸਾਯਾਹ 6:1-3, 6, 7.

ਕਰੂਬੀ ਯਹੋਵਾਹ ਦੇ ਸਿੰਘਾਸਣ ਦੇ ਅੱਗੇ ਖੜ੍ਹ ਕੇ ਉਸ ਦੀ ਸ਼ਾਨ ਦੀ ਵਡਿਆਈ ਕਰਦੇ ਹਨ।​—ਜ਼ਬੂਰਾਂ ਦੀ ਪੋਥੀ 80:1; 99:1; ਹਿਜ਼ਕੀਏਲ 10:1, 2.

ਬਾਕੀ ਦੇ ਦੂਤ ਹੋਰਨਾਂ ਕੰਮਾਂ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਨ।

[ਸਫ਼ਾ 4 ਉੱਤੇ ਤਸਵੀਰ]

ਦੂਤਾਂ ਨੇ ਲੂਤ ਅਤੇ ਉਸ ਦੀਆਂ ਧੀਆਂ ਨੂੰ ਹੱਥੋਂ ਫੜ ਕੇ ਸ਼ਹਿਰੋਂ ਬਾਹਰ ਲਿਆਂਦਾ ਸੀ

[ਸਫ਼ਾ 5 ਉੱਤੇ ਤਸਵੀਰ]

ਜਦ ਯੂਹੰਨਾ ਰਸੂਲ ਨੇ ਦੂਤ ਨੂੰ ਮੱਥਾ ਟੇਕਣ ਦੀ ਕੋਸ਼ਿਸ਼ ਕੀਤੀ, ਤਾਂ ਦੂਤ ਨੇ ਉਸ ਨੂੰ ਕਿਹਾ: “ਇਉਂ ਨਾ ਕਰ!”

[ਸਫ਼ਾ 6 ਉੱਤੇ ਤਸਵੀਰ]

ਦੂਤ ਪਰਮੇਸ਼ੁਰ ਵੱਲੋਂ ਸਜ਼ਾ ਦਿੰਦੇ ਹਨ

[ਸਫ਼ਾ 7 ਉੱਤੇ ਤਸਵੀਰ]

ਕੀ ਤੁਸੀਂ ਦੂਤਾਂ ਦੇ ਨਿਰਦੇਸ਼ਨ ਅਧੀਨ ਕੀਤੇ ਗਏ ਪ੍ਰਚਾਰ ਦੇ ਕੰਮ ਤੋਂ ਲਾਭ ਉਠਾ ਰਹੇ ਹੋ?