Skip to content

Skip to table of contents

ਸ਼ਤਾਨ ਦਾ ਸਾਮ੍ਹਣਾ ਕਰੋ, ਤਾਂ ਉਹ ਭੱਜ ਜਾਵੇਗਾ!

ਸ਼ਤਾਨ ਦਾ ਸਾਮ੍ਹਣਾ ਕਰੋ, ਤਾਂ ਉਹ ਭੱਜ ਜਾਵੇਗਾ!

ਸ਼ਤਾਨ ਦਾ ਸਾਮ੍ਹਣਾ ਕਰੋ, ਤਾਂ ਉਹ ਭੱਜ ਜਾਵੇਗਾ!

“ਪਰਮੇਸ਼ੁਰ ਦੇ ਅਧੀਨ ਹੋਵੋ। ਪਰ ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।”—ਯਾਕੂਬ 4:7.

1, 2. (ੳ) ਯਸਾਯਾਹ ਦੇ 14ਵੇਂ ਅਧਿਆਇ ਵਿਚ ਸ਼ਤਾਨ ਦੇ ਕਿਹੜੇ ਔਗੁਣ ਬਾਰੇ ਦੱਸਿਆ ਗਿਆ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ਉੱਤੇ ਚਰਚਾ ਕਰਾਂਗੇ?

ਸ਼ਤਾਨ ਘਮੰਡੀ ਹੈ। ਯਸਾਯਾਹ ਨਬੀ ਨੇ ਉਸ ਦੇ ਘਮੰਡ ਬਾਰੇ ਦੱਸਿਆ ਸੀ। ਬਾਬਲ ਦੇ ਇਕ ਵਿਸ਼ਵ ਸ਼ਕਤੀ ਬਣਨ ਤੋਂ 100 ਸਾਲ ਪਹਿਲਾਂ ਦੱਸਿਆ ਗਿਆ ਸੀ ਕਿ ਯਹੋਵਾਹ ਦੇ ਲੋਕ “ਬਾਬਲ ਦੇ ਪਾਤਸ਼ਾਹ” ਬਾਰੇ ਇਹ ਗੱਲ ਕਹਿਣਗੇ: “ਤੈਂ ਆਪਣੇ ਦਿਲ ਵਿੱਚ ਆਖਿਆ ਭਈ ਮੈਂ ਅਕਾਸ਼ ਉੱਤੇ ਚੱੜ੍ਹ ਜਾਵਾਂਗਾ, ਪਰਮੇਸ਼ੁਰ ਦੇ ਤਾਰਿਆਂ [ਯਾਨੀ ਦਾਊਦ ਦੇ ਸ਼ਾਹੀ ਵੰਸ਼ ਦੇ ਰਾਜਿਆਂ] ਤੋਂ ਉਤਾਹਾਂ, ਮੈਂ ਆਪਣਾ ਸਿੰਘਾਸਣ ਉੱਚਾ ਧਰਾਂਗਾ, . . . ਮੈਂ ਆਪ ਨੂੰ ਅੱਤ ਮਹਾਨ ਜਿਹਾ ਬਣਾਵਾਂਗਾ!” (ਯਸਾਯਾਹ 14:3, 4, 12-15; ਗਿਣਤੀ 24:17) “ਬਾਬਲ ਦੇ ਪਾਤਸ਼ਾਹ” ਦਾ ਘਮੰਡ “ਇਸ ਜੁੱਗ ਦੇ ਈਸ਼ੁਰ” ਸ਼ਤਾਨ ਦੇ ਘਮੰਡ ਵਰਗਾ ਸੀ। (2 ਕੁਰਿੰਥੀਆਂ 4:4) ਪਰ ਜਿਸ ਤਰ੍ਹਾਂ ਬਾਬਲ ਦੇ ਰਾਜ ਦਾ ਬੁਰਾ ਅੰਤ ਹੋਇਆ ਸੀ, ਉਸੇ ਤਰ੍ਹਾਂ ਸ਼ਤਾਨ ਦੇ ਘਮੰਡ ਦਾ ਨਤੀਜਾ ਬੁਰਾ ਹੀ ਨਿਕਲੇਗਾ।

2 ਪਰ ਜਿੰਨਾ ਚਿਰ ਸ਼ਤਾਨ ਹੈ, ਸਾਡੇ ਮਨ ਵਿਚ ਸ਼ਾਇਦ ਇਹ ਸਵਾਲ ਪੈਦਾ ਹੋਣ: ਕੀ ਸਾਨੂੰ ਸ਼ਤਾਨ ਤੋਂ ਡਰਨਾ ਚਾਹੀਦਾ ਹੈ? ਉਹ ਲੋਕਾਂ ਨੂੰ ਮਸੀਹੀਆਂ ਉੱਤੇ ਜ਼ੁਲਮ ਕਰਨ ਲਈ ਕਿਉਂ ਉਕਸਾਉਂਦਾ ਹੈ? ਅਸੀਂ ਸ਼ਤਾਨ ਦੇ ਫੰਧਿਆਂ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ?

ਕੀ ਸਾਨੂੰ ਸ਼ਤਾਨ ਤੋਂ ਡਰਨਾ ਚਾਹੀਦਾ ਹੈ?

3, 4. ਮਸਹ ਕੀਤੇ ਹੋਏ ਮਸੀਹੀ ਤੇ ਉਨ੍ਹਾਂ ਦੇ ਸਾਥੀ ਸ਼ਤਾਨ ਤੋਂ ਕਿਉਂ ਨਹੀਂ ਡਰਦੇ?

3 ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਨੂੰ ਯਿਸੂ ਮਸੀਹ ਦੇ ਇਨ੍ਹਾਂ ਸ਼ਬਦਾਂ ਤੋਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ: “ਜਿਹੜੇ ਦੁਖ ਤੈਂ ਭੋਗਣੇ ਹਨ ਤੂੰ ਓਹਨਾਂ ਤੋਂ ਨਾ ਡਰੀਂ। ਵੇਖੋ, ਸ਼ਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਭਈ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੀਕ ਬਿਪਤਾ ਹੋਵੇਗੀ। ਤੂੰ ਮਰਨ ਤੋੜੀ ਵਫ਼ਾਦਾਰ ਰਹੁ ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ।” (ਪਰਕਾਸ਼ ਦੀ ਪੋਥੀ 2:10) ਮਸਹ ਕੀਤੇ ਹੋਏ ਮਸੀਹੀ ਅਤੇ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲੇ ਉਨ੍ਹਾਂ ਦੇ ਸਾਥੀ ਸ਼ਤਾਨ ਤੋਂ ਨਹੀਂ ਡਰਦੇ। ਇਹ ਨਹੀਂ ਕਿ ਉਹ ਆਪਣੇ ਆਪ ਨੂੰ ਬਹੁਤ ਬਲਵਾਨ ਸਮਝਦੇ ਹਨ, ਸਗੋਂ ਉਹ ਯਹੋਵਾਹ ਦਾ ਭੈ ਰੱਖਦੇ ਹਨ ਅਤੇ ਉਸ ਦੇ “ਖੰਭਾਂ ਦੀ ਛਾਇਆ ਵਿੱਚ ਪਨਾਹ ਲੈਂਦੇ ਹਨ।”—ਜ਼ਬੂਰਾਂ ਦੀ ਪੋਥੀ 34:9; 36:7.

4 ਭਾਵੇਂ ਯਿਸੂ ਮਸੀਹ ਦੇ ਮੁਢਲੇ ਚੇਲਿਆਂ ਨੂੰ ਦੁੱਖ ਭੁਗਤਣੇ ਪਏ ਸਨ, ਪਰ ਉਹ ਨਿਡਰਤਾ ਨਾਲ ਮਰਦੇ ਦਮ ਤਕ ਵਫ਼ਾਦਾਰ ਰਹੇ। ਉਹ ਇਸ ਗੱਲ ਤੋਂ ਨਹੀਂ ਡਰੇ ਕਿ ਸ਼ਤਾਨ ਉਨ੍ਹਾਂ ਨੂੰ ਕੀ ਕਰ ਸਕਦਾ ਹੈ ਕਿਉਂਕਿ ਉਹ ਜਾਣਦੇ ਸਨ ਕਿ ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਦਾ ਸਾਥ ਕਦੇ ਨਹੀਂ ਛੱਡੇਗਾ। ਇਸੇ ਤਰ੍ਹਾਂ ਅੱਜ ਵਿਰੋਧਤਾ ਦੇ ਬਾਵਜੂਦ ਮਸਹ ਕੀਤੇ ਹੋਏ ਮਸੀਹੀਆਂ ਤੇ ਉਨ੍ਹਾਂ ਦੇ ਸਾਥੀਆਂ ਨੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ। ਪਰ ਪੌਲੁਸ ਰਸੂਲ ਨੇ ਸੰਕੇਤ ਕੀਤਾ ਸੀ ਕਿ ਸ਼ਤਾਨ ਮਸੀਹੀਆਂ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਕੀ ਇਸ ਕਰਕੇ ਸਾਨੂੰ ਡਰਨਾ ਚਾਹੀਦਾ ਹੈ?

5. ਅਸੀਂ ਇਬਰਾਨੀਆਂ 2:14, 15 ਤੋਂ ਕੀ ਸਿੱਖਦੇ ਹਾਂ?

5 ਪੌਲੁਸ ਨੇ ਕਿਹਾ ਕਿ ਯਿਸੂ “ਲਹੂ ਅਤੇ ਮਾਸ” ਬਣਿਆ “ਤਾਂ ਜੋ ਮੌਤ ਦੇ ਰਾਹੀਂ ਉਹ ਉਸ ਨੂੰ ਜਿਹ ਦੇ ਵੱਸ ਵਿੱਚ ਮੌਤ ਹੈ ਅਰਥਾਤ ਸ਼ਤਾਨ ਨੂੰ ਨਾਸ ਕਰੇ। ਅਤੇ ਉਨ੍ਹਾਂ ਨੂੰ ਜਿਹੜੇ ਮੌਤ ਦੇ ਡਰ ਤੋਂ ਸਾਰੀ ਉਮਰ ਗੁਲਾਮੀ ਵਿੱਚ ਫਸੇ ਹੋਏ ਸਨ ਛੁਡਾਵੇ।” (ਇਬਰਾਨੀਆਂ 2:14, 15) ਸ਼ਤਾਨ ਦੇ “ਵੱਸ ਵਿੱਚ ਮੌਤ” ਹੋਣ ਕਰਕੇ ਉਸ ਨੇ ਯਿਸੂ ਨੂੰ ਮਰਵਾਉਣ ਲਈ ਯਹੂਦਾ ਇਸਕਰਿਯੋਤੀ, ਯਹੂਦੀ ਆਗੂਆਂ ਤੇ ਰੋਮੀਆਂ ਨੂੰ ਆਪਣਾ ਮੋਹਰਾ ਬਣਾਇਆ। (ਲੂਕਾ 22:3; ਯੂਹੰਨਾ 13:26, 27) ਪਰ ਯਿਸੂ ਆਪਣੀ ਜਾਨ ਬਲੀਦਾਨ ਕਰ ਕੇ ਪਾਪੀ ਇਨਸਾਨਾਂ ਨੂੰ ਸ਼ਤਾਨ ਦੇ ਪੰਜੇ ਤੋਂ ਛੁਡਾ ਸਕਿਆ ਤੇ ਨਤੀਜੇ ਵਜੋਂ ਅਸੀਂ ਸਦਾ ਲਈ ਜੀਣ ਦੀ ਉਮੀਦ ਰੱਖ ਸਕਦੇ ਹਾਂ।—ਯੂਹੰਨਾ 3:16.

6, 7. ਮੌਤ ਕਿਸ ਹੱਦ ਤਕ ਸ਼ਤਾਨ ਦੇ ਵੱਸ ਵਿਚ ਹੈ?

6 ਮੌਤ ਕਿਸ ਹੱਦ ਤਕ ਸ਼ਤਾਨ ਦੇ ਵੱਸ ਵਿਚ ਹੈ? ਜਿਸ ਸਮੇਂ ਤੋਂ ਸ਼ਤਾਨ ਦੁਸ਼ਟਤਾ ਦੇ ਰਾਹ ਉੱਤੇ ਚੱਲਣ ਲੱਗਾ, ਉਸੇ ਸਮੇਂ ਤੋਂ ਉਹ ਆਪਣੀਆਂ ਝੂਠੀਆਂ ਗੱਲਾਂ ਤੇ ਗ਼ਲਤ ਅਗਵਾਈ ਦੁਆਰਾ ਇਨਸਾਨਾਂ ਨੂੰ ਮੌਤ ਦੇ ਮੂੰਹ ਵਿਚ ਧੱਕਦਾ ਰਿਹਾ ਹੈ। ਕਿਵੇਂ? ਜਦ ਆਦਮ ਨੇ ਪਾਪ ਕੀਤਾ, ਤਾਂ ਉਸ ਨੇ ਵਿਰਸੇ ਵਿਚ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਦਿੱਤੀ। (ਰੋਮੀਆਂ 5:12) ਇਸ ਤੋਂ ਇਲਾਵਾ ਧਰਤੀ ਉੱਤੇ ਸ਼ਤਾਨ ਦੇ ਚੇਲਿਆਂ ਨੇ ਯਹੋਵਾਹ ਦੇ ਸੇਵਕਾਂ ਉੱਤੇ ਬਹੁਤ ਜ਼ੁਲਮ ਕੀਤੇ ਹਨ ਜਾਂ ਉਨ੍ਹਾਂ ਨੂੰ ਯਿਸੂ ਮਸੀਹ ਵਾਂਗ ਜਾਨੋਂ ਵੀ ਮਾਰਿਆ ਹੈ।

7 ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸ਼ਤਾਨ ਜਦ ਚਾਹੇ ਕਿਸੇ ਨੂੰ ਮਰਵਾ ਸਕਦਾ ਹੈ। ਪਰਮੇਸ਼ੁਰ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ ਅਤੇ ਸ਼ਤਾਨ ਉਸ ਦੇ ਸਾਰੇ ਸੇਵਕਾਂ ਨੂੰ ਕਦੇ ਨਹੀਂ ਖ਼ਤਮ ਕਰ ਸਕੇਗਾ। (ਰੋਮੀਆਂ 14:8) ਹਾਂ, ਯਹੋਵਾਹ ਆਪਣੇ ਲੋਕਾਂ ਉੱਤੇ ਜ਼ੁਲਮ ਹੋਣ ਦਿੰਦਾ ਹੈ ਅਤੇ ਸ਼ਤਾਨ ਦੇ ਹਮਲਿਆਂ ਕਰਕੇ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਪਰ ਬਾਈਬਲ ਸਾਨੂੰ ਉਮੀਦ ਦਿੰਦੀ ਹੈ ਕਿ ਜਿਨ੍ਹਾਂ ਦੇ ਨਾਂ ਪਰਮੇਸ਼ੁਰ ਦੀ “ਯਾਦਗੀਰੀ ਦੀ ਪੁਸਤਕ” ਵਿਚ ਲਿਖੇ ਗਏ ਹਨ, ਉਨ੍ਹਾਂ ਨੂੰ ਜੀ ਉਠਾਇਆ ਜਾਵੇਗਾ। ਸ਼ਤਾਨ ਇਸ ਨੂੰ ਰੋਕਣ ਲਈ ਕੁਝ ਨਹੀਂ ਕਰ ਸਕੇਗਾ!—ਮਲਾਕੀ 3:16; ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15.

ਸ਼ਤਾਨ ਸਾਡੇ ਉੱਤੇ ਜ਼ੁਲਮ ਕਿਉਂ ਢਾਹੁੰਦਾ ਹੈ?

8. ਸ਼ਤਾਨ ਯਹੋਵਾਹ ਦੇ ਸੇਵਕਾਂ ਉੱਤੇ ਜ਼ੁਲਮ ਕਿਉਂ ਕਰਦਾ ਹੈ?

8 ਜੇ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਤਾਂ ਸ਼ਤਾਨ ਸਾਡੇ ਉੱਤੇ ਜ਼ੁਲਮ ਢਾਹੇਗਾ। ਕਿਉਂ? ਕਿਉਂਕਿ ਉਹ ਚਾਹੁੰਦਾ ਹੈ ਕਿ ਸਾਡੀ ਨਿਹਚਾ ਕਮਜ਼ੋਰ ਹੋ ਜਾਵੇ। ਉਹ ਚਾਹੁੰਦਾ ਹੈ ਕਿ ਯਹੋਵਾਹ ਪਰਮੇਸ਼ੁਰ ਨਾਲ ਸਾਡੀ ਦੋਸਤੀ ਟੁੱਟ ਜਾਵੇ। ਸਾਨੂੰ ਇਸ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ। ਅਦਨ ਵਿਚ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ “ਤੀਵੀਂ” ਤੇ “ਸੱਪ” ਅਤੇ ਉਨ੍ਹਾਂ ਦੀ “ਸੰਤਾਨ” ਵਿਚ ਵੈਰ ਹੋਵੇਗਾ। (ਉਤਪਤ 3:14, 15) ਬਾਈਬਲ ਵਿਚ ਸ਼ਤਾਨ ਨੂੰ “ਪੁਰਾਣਾ ਸੱਪ” ਕਿਹਾ ਗਿਆ ਹੈ ਅਤੇ ਇਸ ਵਿਚ ਲਿਖਿਆ ਹੈ ਕਿ ਸ਼ਤਾਨ ਦਾ ਸਮਾਂ ਥੋੜ੍ਹਾ ਰਹਿਣ ਕਰਕੇ ਉਹ ਬਹੁਤ ਗੁੱਸੇ ਵਿਚ ਹੈ। (ਪਰਕਾਸ਼ ਦੀ ਪੋਥੀ 12:9, 12) ਇਨ੍ਹਾਂ ਦੋ ‘ਸੰਤਾਨਾਂ’ ਵਿਚ ਅੱਜ ਵੀ ਦੁਸ਼ਮਣੀ ਹੈ, ਇਸ ਲਈ ਯਹੋਵਾਹ ਦੀ ਸੇਵਾ ਕਰਨ ਵਾਲੇ ਲੋਕ ਜ਼ਰੂਰ ਸਤਾਏ ਜਾਣਗੇ। (2 ਤਿਮੋਥਿਉਸ 3:12) ਕੀ ਤੁਹਾਨੂੰ ਪਤਾ ਹੈ ਕਿ ਸ਼ਤਾਨ ਦਾ ਸਾਡੇ ਉੱਤੇ ਜ਼ੁਲਮ ਢਾਹੁਣ ਦਾ ਅਸਲੀ ਕਾਰਨ ਕੀ ਹੈ?

9, 10. ਸ਼ਤਾਨ ਨੇ ਕਿਹੜਾ ਸਵਾਲ ਖੜ੍ਹਾ ਕੀਤਾ ਸੀ ਤੇ ਇਸ ਦਾ ਇਨਸਾਨਾਂ ਨਾਲ ਕੀ ਸੰਬੰਧ ਹੈ?

9 ਸ਼ਤਾਨ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਉੱਤੇ ਸਵਾਲ ਖੜ੍ਹਾ ਕੀਤਾ ਹੈ। ਇਸ ਦੇ ਨਾਲ-ਨਾਲ, ਉਸ ਨੇ ਪਰਮੇਸ਼ੁਰ ਪ੍ਰਤੀ ਇਨਸਾਨਾਂ ਦੀ ਵਫ਼ਾਦਾਰੀ ਉੱਤੇ ਵੀ ਸਵਾਲ ਕੀਤਾ ਹੈ। ਸ਼ਤਾਨ ਨੇ ਧਰਮੀ ਆਦਮੀ ਅੱਯੂਬ ਉੱਤੇ ਜ਼ੁਲਮ ਢਾਹੇ ਸਨ। ਕਿਉਂ? ਕਿਉਂਕਿ ਉਹ ਯਹੋਵਾਹ ਪ੍ਰਤੀ ਉਸ ਦੀ ਵਫ਼ਾਦਾਰੀ ਤੋੜਨੀ ਚਾਹੁੰਦਾ ਸੀ। ਉਸ ਸਮੇਂ ਸ਼ਤਾਨ ਨੇ ਆਪਣਾ ਮਕਸਦ ਪੂਰਾ ਕਰਨ ਲਈ ਅੱਯੂਬ ਦੀ ਪਤਨੀ ਅਤੇ “ਦੁਖ ਦਾਇਕ ਤਸੱਲੀ ਦੇਣ ਵਾਲੇ” ਉਸ ਦੇ ਤਿੰਨ ਦੋਸਤਾਂ ਨੂੰ ਵਰਤਿਆ। ਜਿਸ ਤਰ੍ਹਾਂ ਅੱਯੂਬ ਦੀ ਪੋਥੀ ਵਿਚ ਦਿਖਾਇਆ ਗਿਆ ਹੈ, ਸ਼ਤਾਨ ਨੇ ਪਰਮੇਸ਼ੁਰ ਨੂੰ ਲਲਕਾਰਿਆ ਕਿ ਕੋਈ ਵੀ ਇਨਸਾਨ ਸ਼ਤਾਨ ਦੁਆਰਾ ਪਰਤਾਏ ਜਾਣ ਤੇ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਹੇਗਾ। ਪਰ ਅੱਯੂਬ ਨੇ ਯਹੋਵਾਹ ਤੋਂ ਆਪਣਾ ਮੂੰਹ ਨਹੀਂ ਮੋੜਿਆ ਅਤੇ ਸ਼ਤਾਨ ਨੂੰ ਝੂਠਾ ਸਾਬਤ ਕੀਤਾ। (ਅੱਯੂਬ 1:8–2:9; 16:2; 27:5; 31:6) ਅੱਜ ਸ਼ਤਾਨ ਯਹੋਵਾਹ ਦੇ ਗਵਾਹਾਂ ਦੀ ਵਫ਼ਾਦਾਰੀ ਤੋੜਨ ਤੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਉਨ੍ਹਾਂ ਨੂੰ ਸਤਾਉਂਦਾ ਹੈ।

10 ਇਹ ਗੱਲ ਜਾਣਦੇ ਹੋਏ ਕਿ ਸ਼ਤਾਨ ਸਾਨੂੰ ਯਹੋਵਾਹ ਤੋਂ ਦੂਰ ਕਰਨ ਲਈ ਸਤਾਉਂਦਾ ਹੈ, ਸਾਨੂੰ ਦਲੇਰ ਤੇ ਮਜ਼ਬੂਤ ਬਣੇ ਰਹਿਣ ਵਿਚ ਮਦਦ ਮਿਲਦੀ ਹੈ। (ਬਿਵਸਥਾ ਸਾਰ 31:6) ਸਾਡਾ ਪਰਮੇਸ਼ੁਰ ਯਹੋਵਾਹ ਪੂਰੇ ਜਹਾਨ ਦਾ ਮਾਲਕ ਹੈ ਅਤੇ ਉਹ ਸਾਨੂੰ ਵਫ਼ਾਦਾਰ ਰਹਿਣ ਵਿਚ ਮਦਦ ਦੇਵੇਗਾ। ਆਓ ਆਪਾਂ ਵਫ਼ਾਦਾਰ ਰਹਿ ਕੇ ਹਮੇਸ਼ਾ ਯਹੋਵਾਹ ਦੇ ਜੀ ਨੂੰ ਖ਼ੁਸ਼ ਕਰੀਏ ਤਾਂਕਿ ਉਹ ਸ਼ਤਾਨ ਨੂੰ ਜਵਾਬ ਦੇ ਸਕੇ ਜੋ ਮੇਹਣੇ ਮਾਰਦਾ ਰਹਿੰਦਾ ਹੈ।—ਕਹਾਉਤਾਂ 27:11.

ਸਾਨੂੰ ਸ਼ਤਾਨ ਤੋਂ ਬਚਾ

11. ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ ਕਿ “ਸਾਨੂੰ ਪਰਤਾਵੇ ਵਿੱਚ ਨਾ ਲਿਆ”?

11 ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਕੋਈ ਸੌਖੀ ਗੱਲ ਨਹੀਂ, ਇਸ ਲਈ ਸਾਨੂੰ ਦਿਲੋਂ ਪ੍ਰਾਰਥਨਾ ਕਰਨ ਦੀ ਲੋੜ ਹੈ। ਯਿਸੂ ਦੇ ਆਦਰਸ਼ ਪ੍ਰਾਰਥਨਾ ਦੇ ਸ਼ਬਦ ਸਾਡੀ ਮਦਦ ਕਰ ਸਕਦੇ ਹਨ। ਯਿਸੂ ਨੇ ਕਿਹਾ ਸੀ: “ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ।” (ਮੱਤੀ 6:13) ਯਹੋਵਾਹ ਸਾਨੂੰ ਪਾਪ ਕਰਨ ਲਈ ਨਹੀਂ ਪਰਤਾਉਂਦਾ ਹੈ। (ਯਾਕੂਬ 1:13) ਬਾਈਬਲ ਕਦੀ-ਕਦੀ ਕਹਿੰਦੀ ਹੈ ਕਿ ਯਹੋਵਾਹ ਨੇ ਇਹ ਕੀਤਾ ਜਾਂ ਉਹ ਕੀਤਾ, ਜਦ ਕਿ ਅਸਲ ਵਿਚ ਉਹ ਸਿਰਫ਼ ਉਨ੍ਹਾਂ ਗੱਲਾਂ ਨੂੰ ਹੋਣ ਦਿੰਦਾ ਹੈ। (ਰੂਥ 1:20, 21) ਇਸ ਲਈ, ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਸਾਨੂੰ ਪਰਤਾਵੇ ਵਿਚ ਨਾ ਲਿਆਵੇ, ਤਾਂ ਅਸੀਂ ਕਹਿ ਰਹੇ ਹਾਂ ਕਿ ਯਹੋਵਾਹ ਸਾਨੂੰ ਪਰਤਾਵਿਆਂ ਤੋਂ ਦੂਰ ਰਹਿਣ ਦੀ ਤਾਕਤ ਦੇਵੇ। ਉਹ ਸਾਡੀ ਬੇਨਤੀ ਜ਼ਰੂਰ ਸੁਣੇਗਾ ਕਿਉਂਕਿ ਬਾਈਬਲ ਸਾਨੂੰ ਭਰੋਸਾ ਦਿਲਾਉਂਦੀ ਹੈ: “ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।”—1 ਕੁਰਿੰਥੀਆਂ 10:13.

12. ਸਾਨੂੰ ਕਿਉਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਸਾਨੂੰ “ਬੁਰੇ ਤੋਂ ਬਚਾ”?

12 ਪੰਜਾਬੀ ਦੀ ਪਵਿੱਤਰ ਬਾਈਬਲ ਮੁਤਾਬਕ ਇਸ ਪ੍ਰਾਰਥਨਾ ਵਿਚ ਪਰਤਾਵੇ ਬਾਰੇ ਗੱਲ ਕਰਨ ਤੋਂ ਬਾਅਦ ਯਿਸੂ ਨੇ ਕਿਹਾ ਕਿ ਸਾਨੂੰ “ਬੁਰਿਆਈ ਤੋਂ ਬਚਾ।” ਪਰ ਯਿਸੂ ਇੱਥੇ ਬੁਰਾਈ ਤੋਂ ਬਚਣ ਦੀ ਨਹੀਂ, ਸਗੋਂ ਸ਼ਤਾਨ ਤੋਂ ਬਚਣ ਦੀ ਗੱਲ ਕਰ ਰਿਹਾ ਸੀ। ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਯਿਸੂ ਦੇ ਸ਼ਬਦਾਂ ਦਾ ਸਹੀ ਅਨੁਵਾਦ ਕੀਤਾ ਗਿਆ ਹੈ ਕਿ ‘ਸਾਨੂੰ ਬੁਰੇ ਤੋਂ ਬਚਾ।’ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਮੱਤੀ ਦੀ ਇੰਜੀਲ ਵਿਚ ਸ਼ਤਾਨ ਨੂੰ ‘ਪਰਤਾਉਣ ਵਾਲਾ’ ਕਿਹਾ ਗਿਆ ਹੈ। (ਮੱਤੀ 4:3, 11) ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਸ਼ਤਾਨ ਤੋਂ ਬਚਣ ਲਈ ਪ੍ਰਾਰਥਨਾ ਕਰੀਏ। ਉਹ ਸਾਨੂੰ ਪਰਤਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂਕਿ ਅਸੀਂ ਕੋਈ ਪਾਪ ਕਰ ਬੈਠੀਏ। (1 ਥੱਸਲੁਨੀਕੀਆਂ 3:5) ਜਦ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਨੂੰ “ਬੁਰੇ ਤੋਂ ਬਚਾ,” ਤਾਂ ਅਸੀਂ ਯਹੋਵਾਹ ਪਰਮੇਸ਼ੁਰ ਦੀ ਅਗਵਾਈ ਮੰਗ ਰਹੇ ਹਾਂ ਕਿ ਅਸੀਂ ਸ਼ਤਾਨ ਦੇ ਹੱਥ ਨਾ ਪੈ ਜਾਈਏ।

ਸ਼ਤਾਨ ਦੀਆਂ ਚਾਲਾਂ ਵਿਚ ਨਾ ਫਸੋ

13, 14. ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਉਸ ਆਦਮੀ ਨਾਲ ਆਪਣਾ ਵਰਤਾਅ ਕਿਉਂ ਬਦਲਣ ਦੀ ਲੋੜ ਸੀ ਜਿਸ ਨੇ ਪਾਪ ਕੀਤਾ ਸੀ?

13 ਜਦ ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਇਕ-ਦੂਜੇ ਨੂੰ ਮਾਫ਼ ਕਰਨ ਦੀ ਸਲਾਹ ਦਿੱਤੀ ਸੀ, ਤਾਂ ਉਸ ਨੇ ਲਿਖਿਆ ਸੀ: “ਜਿਹ ਨੂੰ ਤੁਸੀਂ ਕੁਝ ਮਾਫ਼ ਕਰਦੇ ਹੋ ਮੈਂ ਵੀ ਕਰਦਾ ਹਾਂ ਕਿਉਂ ਜੋ ਮੈਂ ਵੀ ਜੋ ਕੁਝ ਮਾਫ਼ ਕੀਤਾ ਹੈ, ਜੇ ਮੈਂ ਕੁਝ ਮਾਫ਼ ਕੀਤਾ ਹੈ, ਤਾਂ ਮੈਂ ਤੁਹਾਡੇ ਨਮਿੱਤ ਮਸੀਹ ਦੀ ਹਜ਼ੂਰੀ ਵਿੱਚ ਮਾਫ਼ ਕੀਤਾ ਹੈ। ਭਈ ਸ਼ਤਾਨ ਸਾਡੇ ਨਾਲ ਹੱਥ ਨਾ ਕਰ ਜਾਏ ਕਿਉਂ ਜੋ ਅਸੀਂ ਉਸ ਦਿਆਂ ਚਾਲਿਆਂ ਤੋਂ ਅਣਜਾਣ ਨਹੀਂ।” (2 ਕੁਰਿੰਥੀਆਂ 2:10, 11) ਸ਼ਤਾਨ ਕਈ ਤਰੀਕਿਆਂ ਨਾਲ ਸਾਨੂੰ ਆਪਣੇ ਫੰਧਿਆਂ ਵਿਚ ਫਸਾ ਸਕਦਾ ਹੈ, ਪਰ ਪੌਲੁਸ ਨੇ ਇਹ ਸ਼ਬਦ ਕਿਉਂ ਕਹੇ ਸਨ?

14 ਪੌਲੁਸ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਤਾੜਿਆ ਸੀ ਕਿਉਂਕਿ ਉਨ੍ਹਾਂ ਨੇ ਇਕ ਬਦਚਲਣ ਆਦਮੀ ਨੂੰ ਕਲੀਸਿਯਾ ਵਿਚ ਰਹਿਣ ਦਿੱਤਾ ਸੀ। ਸ਼ਤਾਨ ਇਸ ਤੋਂ ਬਹੁਤ ਖ਼ੁਸ਼ ਹੋਇਆ ਹੋਣਾ ਕਿਉਂਕਿ ਕਲੀਸਿਯਾ ਦੀ ਬਦਨਾਮੀ ਹੋਈ ਕਿ ਉਨ੍ਹਾਂ ਨੇ “ਅਜਿਹੀ ਹਰਾਮਕਾਰੀ ਜੋ ਪਰਾਈਆਂ ਕੌਮਾਂ ਵਿੱਚ ਭੀ ਨਹੀਂ ਹੁੰਦੀ” ਬਰਦਾਸ਼ਤ ਕੀਤੀ। ਪਰ ਅੰਤ ਵਿਚ ਇਸ ਆਦਮੀ ਨੂੰ ਕਲੀਸਿਯਾ ਵਿੱਚੋਂ ਕੱਢ ਦਿੱਤਾ ਗਿਆ। (1 ਕੁਰਿੰਥੀਆਂ 5:1-5, 11-13) ਬਾਅਦ ਵਿਚ ਉਸ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ। ਜੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੇ ਉਸ ਪਸ਼ਚਾਤਾਪੀ ਆਦਮੀ ਨੂੰ ਮਾਫ਼ ਨਾ ਕੀਤਾ ਅਤੇ ਕਲੀਸਿਯਾ ਵਿਚ ਦੁਬਾਰਾ ਆਉਣ ਨਾ ਦਿੱਤਾ, ਤਾਂ ਸ਼ਤਾਨ ਉਨ੍ਹਾਂ ਨੂੰ ਇਕ ਹੋਰ ਤਰੀਕੇ ਨਾਲ ਫੰਧੇ ਵਿਚ ਫਸਾ ਲੈਣਾ ਸੀ। ਉਹ ਕਿਵੇਂ? ਉਨ੍ਹਾਂ ਨੇ ਸ਼ਤਾਨ ਵਾਂਗ ਕਠੋਰ ਤੇ ਨਿਰਦਈ ਬਣ ਜਾਣਾ ਸੀ। ਨਤੀਜੇ ਵਜੋਂ ਜੇ ਤੋਬਾ ਕਰਨ ਵਾਲੇ ਆਦਮੀ ਨੂੰ ‘ਬਹੁਤਾ ਗ਼ਮ ਖਾ ਜਾਂਦਾ’ ਅਤੇ ਉਹ ਨਿਰਾਸ਼ ਹੋ ਕੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੰਦਾ, ਤਾਂ ਦਿਆਲੂ ਪਰਮੇਸ਼ੁਰ ਯਹੋਵਾਹ ਨੇ ਬਜ਼ੁਰਗਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਣਾ ਸੀ। (2 ਕੁਰਿੰਥੀਆਂ 2:7; ਯਾਕੂਬ 2:13; 3:1) ਸਾਨੂੰ ਕਦੇ ਵੀ ਸ਼ਤਾਨ ਦੀ ਨਕਲ ਕਰ ਕੇ ਕਠੋਰ ਤੇ ਨਿਰਦਈ ਨਹੀਂ ਬਣਨਾ ਚਾਹੀਦਾ।

ਪਰਮੇਸ਼ੁਰ ਤੋਂ ਮਿਲਿਆ ਸ਼ਸਤ੍ਰ ਬਸਤ੍ਰ ਪਹਿਨ ਲਓ

15. ਅਸੀਂ ਕਿਹੜੀ ਲੜਾਈ ਲੜਦੇ ਹਾਂ ਤੇ ਅਸੀਂ ਜਿੱਤ ਕਿਵੇਂ ਸਕਦੇ ਹਾਂ?

15 ਜੇ ਅਸੀਂ ਸ਼ਤਾਨ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਦੁਸ਼ਟ ਆਤਮਿਕ ਪ੍ਰਾਣੀਆਂ ਨਾਲ ਲੜਨਾ ਪਵੇਗਾ। ਇਸ ਲੜਾਈ ਵਿਚ ਜਿੱਤਣ ਲਈ ਇਹ ਲਾਜ਼ਮੀ ਹੈ ਕਿ ਅਸੀਂ ‘ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰ’ ਲਈਏ। (ਅਫ਼ਸੀਆਂ 6:11-18) ਇਸ ਵਿਚ “ਧਰਮ ਦੀ ਸੰਜੋ” ਵੀ ਸ਼ਾਮਲ ਹੈ। (ਅਫ਼ਸੀਆਂ 6:14) ਪ੍ਰਾਚੀਨ ਇਸਰਾਏਲ ਦੇ ਰਾਜਾ ਸ਼ਾਊਲ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਪਰਮੇਸ਼ੁਰ ਨੇ ਆਪਣੀ ਪਵਿੱਤਰ ਆਤਮਾ ਉਸ ਤੋਂ ਲੈ ਲਈ। (1 ਸਮੂਏਲ 15:22, 23) ਪਰ ਜੇ ਅਸੀਂ ਧਰਮ ਦੇ ਰਾਹ ਚੱਲੀਏ ਅਤੇ ਸ਼ਸਤ੍ਰ-ਬਸਤ੍ਰ ਪਹਿਨ ਕੇ ਰੱਖੀਏ, ਤਾਂ ਸਾਡੇ ਉੱਤੇ ਉਸ ਦੀ ਪਵਿੱਤਰ ਆਤਮਾ ਰਹੇਗੀ। ਇਸ ਨਾਲ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਤੋਂ ਸਾਨੂੰ ਰੱਖਿਆ ਮਿਲੇਗੀ।—ਕਹਾਉਤਾਂ 18:10.

16. ਬੁਰੇ ਦੂਤਾਂ ਤੋਂ ਬਚੇ ਰਹਿਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

16 ਬੁਰੇ ਦੂਤਾਂ ਤੋਂ ਬਚੇ ਰਹਿਣ ਲਈ ਸਾਨੂੰ ਬਾਕਾਇਦਾ ਬਾਈਬਲ ਪੜ੍ਹਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਸਾਨੂੰ “ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ” ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਦੀ ਮਦਦ ਨਾਲ ਬਾਈਬਲ ਦਾ ਅਧਿਐਨ ਵੀ ਕਰਨਾ ਚਾਹੀਦਾ ਹੈ। (ਲੂਕਾ 12:42) ਇਸ ਤਰ੍ਹਾਂ ਅਸੀਂ ਆਪਣੇ ਮਨਾਂ ਨੂੰ ਪਰਮੇਸ਼ੁਰ ਦੀਆਂ ਗੱਲਾਂ ਨਾਲ ਭਰਦੇ ਹੋਵਾਂਗੇ। ਪੌਲੁਸ ਨੇ ਇਹੋ ਸਲਾਹ ਦਿੱਤੀ ਸੀ ਜਦੋਂ ਉਸ ਨੇ ਕਿਹਾ: “ਹੇ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।”—ਫ਼ਿਲਿੱਪੀਆਂ 4:8.

17. ਚੰਗੀ ਤਰ੍ਹਾਂ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

17 ਯਹੋਵਾਹ “ਮਿਲਾਪ ਦੀ ਖੁਸ਼ ਖਬਰੀ ਦੀ ਤਿਆਰੀ ਦੀ ਜੁੱਤੀ” ਪਾਈ ਰੱਖਣ ਵਿਚ ਸਾਡੀ ਮਦਦ ਕਰਦਾ ਹੈ। (ਅਫ਼ਸੀਆਂ 6:15) ਲਗਾਤਾਰ ਸਭਾਵਾਂ ਵਿਚ ਜਾਣ ਨਾਲ ਸਾਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਮਦਦ ਮਿਲਦੀ ਹੈ। ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦ ਲੋਕ ਪਰਮੇਸ਼ੁਰ ਬਾਰੇ ਸੱਚਾਈ ਸਿੱਖਦੇ ਹਨ ਤੇ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਹੁੰਦੇ ਹਨ! (ਯੂਹੰਨਾ 8:32) “ਆਤਮਾ ਦੀ ਤਲਵਾਰ” ਯਾਨੀ “ਪਰਮੇਸ਼ੁਰ ਦੀ ਬਾਣੀ” ਨਾਲ ਅਸੀਂ ਝੂਠੀਆਂ ਸਿੱਖਿਆਵਾਂ ਦਾ ਪਰਦਾ ਫਾਸ਼ ਕਰ ਕੇ ਮਾਨੋ ‘ਕਿਲ੍ਹਿਆਂ ਨੂੰ ਢਾਹ’ ਦਿੰਦੇ ਹਾਂ। (ਅਫ਼ਸੀਆਂ 6:17; 2 ਕੁਰਿੰਥੀਆਂ 10:4, 5) ਜੇ ਅਸੀਂ ਚੰਗੀ ਤਰ੍ਹਾਂ ਬਾਈਬਲ ਨੂੰ ਵਰਤਣਾ ਸਿੱਖਦੇ ਹਾਂ, ਤਾਂ ਇਹ ਗੱਲ ਦੂਸਰਿਆਂ ਨੂੰ ਸੱਚਾਈ ਸਿਖਾਉਣ ਵਿਚ ਸਾਡੀ ਮਦਦ ਕਰੇਗੀ ਅਤੇ ਸ਼ਤਾਨ ਦੀਆਂ ਚਲਾਕੀਆਂ ਤੋਂ ਸਾਡੀ ਰੱਖਿਆ ਕਰੇਗੀ।

18. ਅਸੀਂ “ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ” ਕਿਵੇਂ ਖਲੋ ਸਕਦੇ ਹਾਂ?

18 ਪੌਲੁਸ ਨੇ ਪਰਮੇਸ਼ੁਰ ਤੋਂ ਮਿਲੇ ਸ਼ਸਤ੍ਰ-ਬਸਤ੍ਰ ਬਾਰੇ ਗੱਲ ਸ਼ੁਰੂ ਕਰਦੇ ਹੋਏ ਕਿਹਾ: “ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ! ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ।” (ਅਫ਼ਸੀਆਂ 6:10, 11) ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਖਲੋ” ਕੀਤਾ ਗਿਆ ਹੈ, ਇਹ ਉਸ ਫ਼ੌਜੀ ਦੇ ਸੰਬੰਧ ਵਿਚ ਵਰਤਿਆ ਜਾਂਦਾ ਹੈ ਜੋ ਆਪਣੀ ਤਾਇਨਾਤ ਜਗ੍ਹਾ ਤੇ ਟਿਕਿਆ ਰਹਿੰਦਾ ਹੈ। ਭਾਵੇਂ ਸ਼ਤਾਨ ਸਾਡੇ ਵਿਚ ਫੁੱਟ ਪਾਉਣ, ਸਾਡੀਆਂ ਸਿੱਖਿਆਵਾਂ ਨੂੰ ਭ੍ਰਿਸ਼ਟ ਕਰਨ ਅਤੇ ਸਾਨੂੰ ਪਰਮੇਸ਼ੁਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਫਿਰ ਵੀ ਅਸੀਂ ਸੱਚਾਈ ਵਿਚ ਟਿਕੇ ਰਹਿੰਦੇ ਹਾਂ। ਸ਼ਤਾਨ ਦੇ ਹਮਲੇ ਨਾ ਅੱਜ ਤੇ ਨਾ ਹੀ ਆਉਣ ਵਾਲੇ ਦਿਨਾਂ ਵਿਚ ਸਫ਼ਲ ਹੋਣਗੇ। *

ਸ਼ਤਾਨ ਦਾ ਸਾਮ੍ਹਣਾ ਕਰੋ, ਤਾਂ ਉਹ ਭੱਜ ਜਾਵੇਗਾ

19. ਸ਼ਤਾਨ ਦਾ ਸਾਮ੍ਹਣਾ ਕਰਨ ਦਾ ਇਕ ਤਰੀਕਾ ਕੀ ਹੈ?

19 ਅਸੀਂ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਤੋਂ ਜਿੱਤ ਸਕਦੇ ਹਾਂ। ਸਾਨੂੰ ਸ਼ਤਾਨ ਤੋਂ ਡਰਨ ਦੀ ਲੋੜ ਨਹੀਂ ਹੈ। ਯਾਕੂਬ ਨੇ ਲਿਖਿਆ: “ਤੁਸੀਂ ਪਰਮੇਸ਼ੁਰ ਦੇ ਅਧੀਨ ਹੋਵੋ। ਪਰ ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।” (ਯਾਕੂਬ 4:7) ਸ਼ਤਾਨ ਤੇ ਉਸ ਦੇ ਦੂਤਾਂ ਦਾ ਸਾਮ੍ਹਣਾ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ ਹਰ ਕਿਸਮ ਦੇ ਜਾਦੂ-ਟੂਣੇ ਅਤੇ ਅਜਿਹੇ ਕੰਮ ਕਰਨ ਵਾਲਿਆਂ ਤੋਂ ਦੂਰ ਰਹੀਏ। ਬਾਈਬਲ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਯਹੋਵਾਹ ਦੇ ਸੇਵਕਾਂ ਨੂੰ ਮਹੂਰਤ ਨਹੀਂ ਦੇਖਣਾ ਚਾਹੀਦਾ, ਜਾਦੂ-ਟੂਣਾ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਫਾਲ ਪਾਉਣੇ ਚਾਹੀਦੇ ਹਨ। ਜੇ ਅਸੀਂ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹੀਏ ਅਤੇ ਆਪਣੀ ਨਿਹਚਾ ਨੂੰ ਮਜ਼ਬੂਤ ਰੱਖੀਏ, ਤਾਂ ਸਾਨੂੰ ਡਰਨ ਦੀ ਲੋੜ ਨਹੀਂ ਹੋਵੇਗੀ ਕਿ ਕੋਈ ਸਾਡੇ ਉੱਤੇ ਜਾਦੂ ਕਰ ਦੇਵੇਗਾ।—ਗਿਣਤੀ 23:23; ਬਿਵਸਥਾ ਸਾਰ 18:10-12; ਯਸਾਯਾਹ 47:12-15; ਰਸੂਲਾਂ ਦੇ ਕਰਤੱਬ 19:18-20.

20. ਅਸੀਂ ਸ਼ਤਾਨ ਦਾ ਸਾਮ੍ਹਣਾ ਕਿਸ ਤਰ੍ਹਾਂ ਕਰ ਸਕਦੇ ਹਾਂ?

20 ਬਾਈਬਲ ਦੇ ਮਿਆਰਾਂ ਉੱਤੇ ਚੱਲ ਕੇ ਅਤੇ ਸੱਚਾਈ ਉੱਤੇ ਟਿਕੇ ਰਹਿ ਕੇ ਅਸੀਂ “ਸ਼ਤਾਨ ਦਾ ਸਾਹਮਣਾ” ਕਰ ਸਕਦੇ ਹਾਂ। ਦੁਨੀਆਂ ਸ਼ਤਾਨ ਦੇ ਰਾਹਾਂ ਤੇ ਚੱਲਦੀ ਹੈ ਕਿਉਂਕਿ ਉਹ ਉਸ ਦਾ ਈਸ਼ਵਰ ਹੈ। (2 ਕੁਰਿੰਥੀਆਂ 4:4) ਇਸ ਲਈ ਅਸੀਂ ਦੁਨੀਆਂ ਦੇ ਲੋਕਾਂ ਵਾਂਗ ਘਮੰਡੀ, ਖ਼ੁਦਗਰਜ਼, ਬਦਚਲਣ, ਹਿੰਸਕ ਅਤੇ ਧਨ-ਦੌਲਤ ਦੇ ਪ੍ਰੇਮੀ ਨਹੀਂ ਬਣਾਂਗੇ। ਅਸੀਂ ਜਾਣਦੇ ਹਾਂ ਕਿ ਜਦ ਸ਼ਤਾਨ ਨੇ ਯਿਸੂ ਨੂੰ ਉਜਾੜ ਵਿਚ ਪਰਤਾਇਆ ਸੀ, ਤਾਂ ਯਿਸੂ ਨੇ ਸ਼ਾਸਤਰ ਵਰਤ ਕੇ ਸ਼ਤਾਨ ਦਾ ਵਿਰੋਧ ਕੀਤਾ ਸੀ ਤੇ ਉਹ ਉਸ ਤੋਂ ਭੱਜ ਗਿਆ ਸੀ। (ਮੱਤੀ 4:4, 7, 10, 11) ਇਸੇ ਤਰ੍ਹਾਂ ਜੇ ਅਸੀਂ ਯਹੋਵਾਹ ਦੇ ਅਧੀਨ ਰਹਾਂਗੇ ਅਤੇ ਉਸ ਤੋਂ ਪ੍ਰਾਰਥਨਾ ਵਿਚ ਮਦਦ ਮੰਗਾਂਗੇ, ਤਾਂ ਸ਼ਤਾਨ ਹਾਰ ਮੰਨ ਕੇ ਸਾਡੇ ਤੋਂ ਭੱਜ ਜਾਵੇਗਾ। (ਅਫ਼ਸੀਆਂ 6:18) ਜਦ ਤਕ ਯਹੋਵਾਹ ਪਰਮੇਸ਼ੁਰ ਅਤੇ ਉਸ ਦਾ ਪਿਆਰਾ ਪੁੱਤਰ ਸਾਡੇ ਨਾਲ ਹੈ, ਕੋਈ ਵੀ ਸਾਡਾ ਨੁਕਸਾਨ ਨਹੀਂ ਕਰ ਸਕਦਾ, ਸ਼ਤਾਨ ਵੀ ਨਹੀਂ!—ਜ਼ਬੂਰਾਂ ਦੀ ਪੋਥੀ 91:9-11.

[ਫੁਟਨੋਟ]

^ ਪੈਰਾ 18 ਪਰਮੇਸ਼ੁਰ ਵੱਲੋਂ ਮਿਲੇ ਸ਼ਸਤ੍ਰ-ਬਸਤ੍ਰ ਬਾਰੇ ਹੋਰ ਜਾਣਕਾਰੀ ਲਈ ਪਹਿਰਾਬੁਰਜ, 15 ਸਤੰਬਰ 2004 ਦੇ ਸਫ਼ੇ 15-20 ਦੇਖੋ।

ਤੁਹਾਡਾ ਕੀ ਜਵਾਬ ਹੈ?

• ਕੀ ਸਾਨੂੰ ਸ਼ਤਾਨ ਤੋਂ ਡਰਨਾ ਚਾਹੀਦਾ ਹੈ?

• ਸ਼ਤਾਨ ਮਸੀਹੀਆਂ ਉੱਤੇ ਜ਼ੁਲਮ ਕਿਉਂ ਢਾਹੁੰਦਾ ਹੈ?

• ਸਾਨੂੰ “ਬੁਰੇ ਤੋਂ” ਬਚਾਅ ਲਈ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

• ਅਸੀਂ ਸ਼ਤਾਨ ਉੱਤੇ ਕਿਵੇਂ ਜਿੱਤ ਪਾ ਸਕਦੇ ਹਾਂ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਯਿਸੂ ਦੇ ਨਿਡਰ ਚੇਲੇ ਮਰਦੇ ਦਮ ਤਕ ਵਫ਼ਾਦਾਰ ਰਹੇ

[ਸਫ਼ਾ 27 ਉੱਤੇ ਤਸਵੀਰ]

ਸ਼ਤਾਨ ਉਨ੍ਹਾਂ ਲੋਕਾਂ ਦਾ ਜੀ ਉਠਾਏ ਜਾਣਾ ਨਹੀਂ ਰੋਕ ਸਕਦਾ ਜੋ ਯਹੋਵਾਹ ਦੀ ਯਾਦ ਵਿਚ ਹਨ

[ਸਫ਼ਾ 28 ਉੱਤੇ ਤਸਵੀਰ]

ਕੀ ਤੁਸੀਂ “ਬੁਰੇ ਤੋਂ” ਬਚਾਅ ਲਈ ਪ੍ਰਾਰਥਨਾ ਕਰਦੇ ਹੋ?

[ਸਫ਼ਾ 29 ਉੱਤੇ ਤਸਵੀਰ]

ਕੀ ਤੁਸੀਂ ਪਰਮੇਸ਼ੁਰ ਤੋਂ ਸਾਰਾ ਸ਼ਸਤ੍ਰ-ਬਸਤ੍ਰ ਪਹਿਨਿਆ ਹੋਇਆ ਹੈ?