Skip to content

Skip to table of contents

ਤਾਜ਼ਗੀ ਦੇਣ ਵਾਲਾ ਮਨੋਰੰਜਨ

ਤਾਜ਼ਗੀ ਦੇਣ ਵਾਲਾ ਮਨੋਰੰਜਨ

ਤਾਜ਼ਗੀ ਦੇਣ ਵਾਲਾ ਮਨੋਰੰਜਨ

“ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।”—1 ਕੁਰਿੰਥੀਆਂ 10:31.

1, 2. ਉਨ੍ਹਾਂ ਕੰਮਾਂ ਨੂੰ “ਪਰਮੇਸ਼ੁਰ ਦੀ ਦਾਤ” ਕਿਉਂ ਕਿਹਾ ਜਾ ਸਕਦਾ ਹੈ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ, ਪਰ ਬਾਈਬਲ ਕਿਹੜੀ ਚੇਤਾਵਨੀ ਦਿੰਦੀ ਹੈ?

ਸਾਨੂੰ ਉਹ ਕੰਮ ਕਰਨੇ ਚੰਗੇ ਲੱਗਦੇ ਹਨ ਜਿਨ੍ਹਾਂ ਨੂੰ ਕਰ ਕੇ ਸਾਨੂੰ ਮਜ਼ਾ ਆਉਂਦਾ ਹੈ। ਯਹੋਵਾਹ “ਪਰਮਧੰਨ” ਯਾਨੀ ਖ਼ੁਸ਼ਦਿਲ ਪਰਮੇਸ਼ੁਰ ਹੈ ਤੇ ਉਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਆਨੰਦ ਮਾਣੀਏ। ਇਸ ਲਈ ਉਹ ਸਾਡੀ ਖ਼ੁਸ਼ੀ ਲਈ ਸਾਨੂੰ ਬਹੁਤ ਕੁਝ ਦਿੰਦਾ ਹੈ। (1 ਤਿਮੋਥਿਉਸ 1:11; 6:17) ਬੁੱਧੀਮਾਨ ਪਾਤਸ਼ਾਹ ਸੁਲੇਮਾਨ ਨੇ ਲਿਖਿਆ: “ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ [ਉਹ] ਅਨੰਦ ਹੋਣ . . . ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।”—ਉਪਦੇਸ਼ਕ ਦੀ ਪੋਥੀ 3:12, 13.

2 ਆਪਣੇ ਕੰਮਾਂ-ਕਾਰਾਂ ਤੋਂ ਆਰਾਮ ਕਰ ਕੇ ਸਾਨੂੰ ਤਾਜ਼ਗੀ ਤੇ ਖ਼ੁਸ਼ੀ ਜ਼ਰੂਰ ਮਿਲਦੀ ਹੈ, ਖ਼ਾਸ ਕਰਕੇ ਜਦ ਅਸੀਂ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਸਮਾਂ ਗੁਜ਼ਾਰਦੇ ਹਾਂ। ਇਹ ਸੱਚ-ਮੁੱਚ “ਪਰਮੇਸ਼ੁਰ ਦੀ ਦਾਤ ਹੈ।” ਪਰ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਸਾਨੂੰ ਮੌਜ-ਮਸਤੀ ਕਰਨ ਦੀ ਖੁੱਲ੍ਹੀ ਛੁੱਟੀ ਦਿੰਦਾ ਹੈ। ਬਾਈਬਲ ਸ਼ਰਾਬੀ ਹੋਣ, ਹੱਦੋਂ ਵੱਧ ਖਾਣ-ਪੀਣ ਅਤੇ ਬਦਚਲਣੀ ਤੋਂ ਮਨ੍ਹਾ ਕਰਦੀ ਹੈ। ਬਾਈਬਲ ਚੇਤਾਵਨੀ ਦਿੰਦੀ ਹੈ ਕਿ ਜਿਹੜੇ ਲੋਕ ਇਹ ਕੰਮ ਕਰਨਗੇ, ਉਹ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ” ਨਹੀਂ ਹੋਣਗੇ।—1 ਕੁਰਿੰਥੀਆਂ 6:9, 10; ਕਹਾਉਤਾਂ 23:20, 21; 1 ਪਤਰਸ 4:1-4.

3. ਅਸੀਂ ਪਰਮੇਸ਼ੁਰ ਦੇ ਆਉਣ ਵਾਲੇ ਮਹਾਨ ਦਿਨ ਨੂੰ ਕਿਵੇਂ ਮਨ ਵਿਚ ਰੱਖ ਸਕਦੇ ਅਤੇ ਜਾਗਦੇ ਰਹਿ ਸਕਦੇ ਹਾਂ?

3 ਅੱਜ ਅਸੀਂ ਭੈੜੇ ਸਮਿਆਂ ਵਿਚ ਜੀ ਰਹੇ ਹਾਂ। ਮਸੀਹੀ ਹੋਣ ਦੇ ਨਾਤੇ ਸਾਡੇ ਲਈ ਇਸ ਬੁਰੀ ਦੁਨੀਆਂ ਵਿਚ ਰਹਿੰਦੇ ਹੋਏ ਇਸ ਦੇ ਬੁਰੇ ਕੰਮਾਂ ਤੋਂ ਬਚੇ ਰਹਿਣਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੋ ਗਿਆ ਹੈ। (ਯੂਹੰਨਾ 17:15, 16) ਜਿਸ ਤਰ੍ਹਾਂ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ, ਅੱਜ ਦੇ ਜ਼ਮਾਨੇ ਵਿਚ ਲੋਕ “ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ” ਹਨ ਅਤੇ ਉਹ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ “ਵੱਡਾ ਕਸ਼ਟ” ਬਹੁਤ ਨਜ਼ਦੀਕ ਹੈ। (2 ਤਿਮੋਥਿਉਸ 3:4, 5; ਮੱਤੀ 24:21, 37-39) ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ!” (ਲੂਕਾ 21:34, 35) ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ ਅਸੀਂ ਯਿਸੂ ਦੀ ਚੇਤਾਵਨੀ ਵੱਲ ਜ਼ਰੂਰ ਧਿਆਨ ਦੇਵਾਂਗੇ। ਇਸ ਦੁਸ਼ਟ ਦੁਨੀਆਂ ਤੋਂ ਉਲਟ ਅਸੀਂ ਜਾਗਦੇ ਰਹਿਣ ਅਤੇ ਪਰਮੇਸ਼ੁਰ ਦੇ ਆਉਣ ਵਾਲੇ ਮਹਾਨ ਦਿਨ ਨੂੰ ਹਮੇਸ਼ਾ ਮਨ ਵਿਚ ਰੱਖਣ ਦੀ ਕੋਸ਼ਿਸ਼ ਕਰਦੇ ਹਾਂ।—ਸਫ਼ਨਯਾਹ 3:8; ਲੂਕਾ 21:36.

4. (ੳ) ਮਸੀਹੀਆਂ ਲਈ ਢੁਕਵਾਂ ਮਨੋਰੰਜਨ ਚੁਣਨਾ ਇੰਨਾ ਮੁਸ਼ਕਲ ਕਿਉਂ ਹੈ? (ਅ) ਅਫ਼ਸੀਆਂ 5:15, 16 ਵਿਚ ਦਿੱਤੀ ਕਿਹੜੀ ਸਲਾਹ ਉੱਤੇ ਅਸੀਂ ਚੱਲਣਾ ਚਾਹਾਂਗੇ?

4 ਦੁਨੀਆਂ ਦੇ ਬੁਰੇ ਕੰਮਾਂ ਤੋਂ ਦੂਰ ਰਹਿਣਾ ਸੌਖਾ ਨਹੀਂ ਹੈ ਕਿਉਂਕਿ ਸਾਡੇ ਚਾਰੇ ਪਾਸੇ ਲੋਕ ਇਹੋ ਕੰਮ ਕਰਦੇ ਹਨ ਜੋ ਦੇਖਣ ਨੂੰ ਬਹੁਤ ਮਜ਼ੇਦਾਰ ਲੱਗਦੇ ਹਨ। ਇਹ ਗੱਲ ਮਨੋਰੰਜਨ ਉੱਤੇ ਵੀ ਲਾਗੂ ਹੁੰਦੀ ਹੈ। ਸ਼ਤਾਨ ਦੀ ਦੁਨੀਆਂ ਦਾ ਜ਼ਿਆਦਾਤਰ ਮਨੋਰੰਜਨ ਸਾਡੀਆਂ “ਸਰੀਰਕ ਕਾਮਨਾਂ” ਨੂੰ ਜਗਾਉਂਦਾ ਹੈ। (1 ਪਤਰਸ 2:11) ਹਾਨੀਕਾਰਕ ਮਨੋਰੰਜਨ ਘਰ ਦੇ ਬਾਹਰ ਹੀ ਨਹੀਂ, ਬਲਕਿ ਘਰ ਦੇ ਅੰਦਰ ਵੀ ਮਿਲ ਸਕਦਾ ਹੈ। ਮਿਸਾਲ ਲਈ, ਕਿਤਾਬਾਂ-ਰਸਾਲਿਆਂ, ਟੀ. ਵੀ., ਇੰਟਰਨੈੱਟ ਅਤੇ ਵਿਡਿਓ ਫ਼ਿਲਮਾਂ ਰਾਹੀਂ। ਇਸ ਲਈ ਬਾਈਬਲ ਮਸੀਹੀਆਂ ਨੂੰ ਸਲਾਹ ਦਿੰਦੀ ਹੈ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ।” (ਅਫ਼ਸੀਆਂ 5:15, 16) ਇਸ ਸਲਾਹ ਉੱਤੇ ਚੱਲ ਕੇ ਹੀ ਅਸੀਂ ਹਾਨੀਕਾਰਕ ਮਨੋਰੰਜਨ ਦੇ ਖ਼ਤਰਿਆਂ ਤੋਂ ਬਚ ਸਕਾਂਗੇ, ਆਪਣਾ ਸਮਾਂ ਬਰਬਾਦ ਨਹੀਂ ਕਰਾਂਗੇ ਅਤੇ ਯਹੋਵਾਹ ਨਾਲ ਆਪਣੀ ਦੋਸਤੀ ਪੱਕੀ ਰੱਖਾਂਗੇ। ਵਰਨਾ ਗ਼ਲਤ ਮਨੋਰੰਜਨ ਸਾਡੇ ਨਾਸ਼ ਦਾ ਕਾਰਨ ਬਣ ਸਕਦਾ ਹੈ!—ਯਾਕੂਬ 1:14, 15.

5. ਸਭ ਤੋਂ ਜ਼ਿਆਦਾ ਖ਼ੁਸ਼ੀ ਸਾਨੂੰ ਕਿਵੇਂ ਮਿਲ ਸਕਦੀ ਹੈ?

5 ਮਸੀਹੀਆਂ ਵਜੋਂ ਸਾਡੇ ਕੋਲ ਬਹੁਤ ਕੰਮ ਹੁੰਦਾ ਹੈ ਜਿਸ ਕਰਕੇ ਕਦੇ-ਕਦੇ ਅਸੀਂ ਸ਼ਾਇਦ ਕੰਮ ਤੋਂ ਸਮਾਂ ਕੱਢ ਕੇ ਦਿਲਪਰਚਾਵਾ ਕਰਨ ਬਾਰੇ ਸੋਚੀਏ। ਉਪਦੇਸ਼ਕ ਦੀ ਪੋਥੀ 3:4 ਵਿਚ ਲਿਖਿਆ ਹੈ ਕਿ “ਇੱਕ ਹੱਸਣ ਦਾ ਵੇਲਾ” ਅਤੇ “ਇੱਕ ਨੱਚਣ ਦਾ ਵੇਲਾ ਹੈ।” ਸੋ ਬਾਈਬਲ ਮਨੋਰੰਜਨ ਕਰਨ ਨੂੰ ਗ਼ਲਤ ਨਹੀਂ ਕਹਿੰਦੀ। ਪਰ ਮਨੋਰੰਜਨ ਤੋਂ ਸਾਨੂੰ ਤਾਜ਼ਗੀ ਮਿਲਣੀ ਚਾਹੀਦੀ ਹੈ ਅਤੇ ਇਸ ਨੂੰ ਯਹੋਵਾਹ ਦੀ ਭਗਤੀ ਕਰਨ ਵਿਚ ਰੁਕਾਵਟ ਨਹੀਂ ਬਣਨਾ ਚਾਹੀਦਾ। ਸਮਝਦਾਰ ਮਸੀਹੀ ਜਾਣਦੇ ਹਨ ਕਿ ਸਭ ਤੋਂ ਵੱਡੀ ਖ਼ੁਸ਼ੀ ਸਾਨੂੰ ਦੂਸਰਿਆਂ ਦਾ ਭਲਾ ਕਰ ਕੇ ਮਿਲਦੀ ਹੈ। ਇਸ ਲਈ ਉਹ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਨੂੰ ਪਹਿਲ ਦਿੰਦੇ ਹਨ ਤੇ ਯਿਸੂ ਦੇ ਜੂਲੇ ਹੇਠਾਂ ਆ ਕੇ ਸੱਚ-ਮੁੱਚ ਆਰਾਮ ਪਾਉਂਦੇ ਹਨ।—ਮੱਤੀ 11:29, 30; ਰਸੂਲਾਂ ਦੇ ਕਰਤੱਬ 20:35.

ਮਨੋਰੰਜਨ ਬਾਰੇ ਸਹੀ ਫ਼ੈਸਲੇ ਕਰੋ

6, 7. ਅਸੀਂ ਕਿਵੇਂ ਫ਼ੈਸਲਾ ਕਰ ਸਕਦੇ ਹਾਂ ਕਿ ਕੋਈ ਦਿਲਪਰਚਾਵਾ ਮਸੀਹੀਆਂ ਲਈ ਠੀਕ ਹੈ ਕਿ ਨਹੀਂ?

6 ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਕੋਈ ਦਿਲਪਰਚਾਵਾ ਮਸੀਹੀਆਂ ਲਈ ਠੀਕ ਹੈ ਕਿ ਨਹੀਂ? ਇਸ ਮਾਮਲੇ ਵਿਚ ਮਾਪੇ ਆਪਣੇ ਬੱਚਿਆਂ ਨੂੰ ਸੇਧ ਦੇ ਸਕਦੇ ਹਨ ਅਤੇ ਬਜ਼ੁਰਗ ਵੀ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਨ। ਪਰ ਦੂਸਰਿਆਂ ਤੇ ਨਿਰਭਰ ਕਰਨ ਦੀ ਬਜਾਇ ਸਾਨੂੰ ਆਪ ਫ਼ੈਸਲੇ ਕਰਨੇ ਸਿੱਖਣੇ ਚਾਹੀਦੇ ਹਨ। ਪੌਲੁਸ ਨੇ ਕਿਹਾ ਸੀ ਕਿ “ਸਿਆਣਿਆਂ . . . ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।” (ਇਬਰਾਨੀਆਂ 5:14; 1 ਕੁਰਿੰਥੀਆਂ 14:20) ਬਾਈਬਲ ਵਿਚ ਕਈ ਸਿਧਾਂਤ ਹਨ ਜੋ ਕਿਤਾਬਾਂ, ਫ਼ਿਲਮਾਂ, ਖੇਡਾਂ, ਨਾਚ ਜਾਂ ਗਾਣਿਆਂ ਬਾਰੇ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ। ਸਾਨੂੰ ਇਨ੍ਹਾਂ ਸਿਧਾਂਤਾਂ ਨੂੰ ਆਪਣੇ ਦਿਲਾਂ ਵਿਚ ਬਿਠਾਉਣਾ ਚਾਹੀਦਾ ਹੈ ਤਾਂਕਿ ਸਾਡੀ ਜ਼ਮੀਰ ਸਾਨੂੰ ਮਨੋਰੰਜਨ ਦੇ ਮਾਮਲੇ ਵਿਚ ਸਹੀ ਸੇਧ ਦੇ ਸਕੇ।—1 ਤਿਮੋਥਿਉਸ 1:19.

7 ਯਿਸੂ ਨੇ ਕਿਹਾ ਸੀ ਕਿ “ਬਿਰਛ ਆਪਣੇ ਫਲੋਂ ਹੀ ਪਛਾਣਿਆ ਜਾਂਦਾ ਹੈ।” (ਮੱਤੀ 12:33) ਮਸੀਹੀਆਂ ਨੂੰ ਅਜਿਹੇ ਮਨੋਰੰਜਨ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਸ ਵਿਚ ਹਿੰਸਾ, ਅਨੈਤਿਕਤਾ ਤੇ ਜਾਦੂਗਰੀ ਸ਼ਾਮਲ ਹੁੰਦੀ ਹੈ। ਅਜਿਹਾ ਮਨੋਰੰਜਨ ਕਰਨਾ ਵੀ ਗ਼ਲਤ ਹੋਵੇਗਾ ਜਿਸ ਤੋਂ ਸਾਡੀ ਜਾਨ ਜਾਂ ਸਿਹਤ ਨੂੰ ਖ਼ਤਰਾ ਹੋਵੇ, ਬਹੁਤ ਪੈਸਾ ਬਰਬਾਦ ਹੋਵੇ, ਤਾਜ਼ਗੀ ਪਾਉਣ ਦੀ ਬਜਾਇ ਅਸੀਂ ਨਿਰਾਸ਼ ਹੋ ਜਾਈਏ ਜਾਂ ਜਿਸ ਤੋਂ ਦੂਸਰੇ ਨੂੰ ਠੋਕਰ ਲੱਗੇ। ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਸਾਡੇ ਕਾਰਨ ਕਿਸੇ ਨੂੰ ਠੋਕਰ ਲੱਗੇ, ਤਾਂ ਅਸੀਂ ਪਾਪ ਕਰ ਰਹੇ ਹੋਵਾਂਗੇ। ਉਸ ਨੇ ਲਿਖਿਆ: “ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਭਰਾਵਾਂ ਦੇ ਵਿਰੁੱਧ ਪਾਪ ਕਰਦੇ ਅਰਥਾਤ ਉਹਨਾਂ ਦੇ ਕਮਜ਼ੋਰ ਅੰਤਹਕਰਨ ਨੂੰ ਸੱਟ ਮਾਰਦੇ ਹੋ, ਤਾਂ ਅਸਲ ਵਿਚ ਤੁਸੀਂ ਮਸੀਹ ਦੇ ਵਿਰੁੱਧ ਪਾਪ ਕਰਦੇ ਹੋ। ਇਸ ਲਈ ਜੇਕਰ ਮੇਰੇ ਭਰਾ ਨੂੰ ਮੇਰੇ ਭੋਜਨ ਖਾਣ ਤੋਂ ਸੱਟ ਲੱਗਦੀ ਹੈ, ਤਾਂ ਮੈਂ ਫਿਰ ਕਦੀ ਮਾਸ ਨਹੀਂ ਖਾਵਾਂਗਾ ਕਿ ਮੇਰਾ ਭਰਾ ਪਾਪ ਵਿਚ ਨਾ ਜਾ ਡਿੱਗੇ।”—1 ਕੁਰਿੰਥੁਸ 8:12, 13, ਪਵਿੱਤਰ ਬਾਈਬਲ ਨਵਾਂ ਅਨੁਵਾਦ।

8. ਇਲੈਕਟ੍ਰਾਨਿਕ ਗੇਮਾਂ ਖੇਡਣ ਅਤੇ ਫ਼ਿਲਮਾਂ ਦੇਖਣ ਦੇ ਕੀ-ਕੀ ਖ਼ਤਰੇ ਹਨ?

8 ਦੁਕਾਨਾਂ ਵਿਚ ਬੇਸ਼ੁਮਾਰ ਇਲੈਕਟ੍ਰਾਨਿਕ ਗੇਮਾਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਫ਼ਿਲਮਾਂ ਹਨ। ਕਈ ਮਜ਼ੇਦਾਰ ਗੇਮਾਂ ਖੇਡ ਕੇ ਜਾਂ ਫ਼ਿਲਮਾਂ ਦੇਖ ਕੇ ਸਾਨੂੰ ਤਾਜ਼ਗੀ ਮਿਲਦੀ ਹੈ। ਪਰ ਅੱਜ-ਕੱਲ੍ਹ ਜ਼ਿਆਦਾਤਰ ਵਿਡਿਓ ਗੇਮਾਂ ਤੇ ਫ਼ਿਲਮਾਂ ਵਿਚ ਉਹ ਕੁਝ ਦਿਖਾਇਆ ਜਾਂਦਾ ਹੈ ਜੋ ਬਾਈਬਲ ਮਨ੍ਹਾ ਕਰਦੀ ਹੈ। ਵਿਡਿਓ ਗੇਮਾਂ ਵਿਚ ਇਕ ਦੂਸਰੇ ਤੇ ਵਾਰ ਕਰਨਾ, ਉਨ੍ਹਾਂ ਨੂੰ ਜਾਨੋਂ ਮਾਰਨਾ ਜਾਂ ਅਸ਼ਲੀਲ ਹਰਕਤਾਂ ਕਰਨੀਆਂ ਮਸੀਹੀਆਂ ਲਈ ਸਹੀ ਨਹੀਂ ਹੋਣਗੀਆਂ! ਯਹੋਵਾਹ ਹਿੰਸਾ ਦੇ ਪ੍ਰੇਮੀਆਂ ਤੋਂ ਘਿਣ ਕਰਦਾ ਹੈ। (ਜ਼ਬੂਰਾਂ ਦੀ ਪੋਥੀ 11:5; ਕਹਾਉਤਾਂ 3:31; ਕੁਲੁੱਸੀਆਂ 3:5, 6) ਜੇ ਕੋਈ ਗੇਮ ਤੁਹਾਡੇ ਵਿਚ ਲੋਭ ਪੈਦਾ ਕਰੇ ਜਾਂ ਤੁਹਾਨੂੰ ਚਿੜਚਿੜਾ ਬਣਾਵੇ ਜਾਂ ਤੁਹਾਡੇ ਸਮੇਂ ਨੂੰ ਬਰਬਾਦ ਕਰੇ, ਤਾਂ ਖ਼ਤਰਿਆਂ ਨੂੰ ਪਛਾਣਦੇ ਹੋਏ ਜਲਦੀ ਨਾਲ ਇਹ ਗੇਮਾਂ ਖੇਡਣੀਆਂ ਛੱਡ ਦਿਓ।—ਮੱਤੀ 18:8, 9.

ਵਧੀਆ ਮਨੋਰੰਜਨ

9, 10. ਸਮਝਦਾਰ ਮਸੀਹੀ ਮਨੋਰੰਜਨ ਲਈ ਕੀ ਕਰ ਸਕਦੇ ਹਨ?

9 ਕਈ ਵਾਰ ਮਸੀਹੀ ਪੁੱਛਦੇ ਹਨ: “ਅਸੀਂ ਕੀ ਮਨੋਰੰਜਨ ਕਰੀਏ? ਅੱਜ ਤਾਂ ਦੁਨੀਆਂ ਵਿਚ ਜ਼ਿਆਦਾਤਰ ਮਨੋਰੰਜਨ ਬਾਈਬਲ ਦੇ ਅਸੂਲਾਂ ਦੇ ਉਲਟ ਹੀ ਹਨ।” ਭਾਵੇਂ ਇਹ ਗੱਲ ਸੱਚ ਹੈ, ਫਿਰ ਵੀ ਅਜਿਹੀਆਂ ਕਈ ਚੀਜ਼ਾਂ ਹਨ ਜਿਨ੍ਹਾਂ ਨੂੰ ਕਰ ਕੇ ਅਸੀਂ ਆਪਣਾ ਦਿਲਪਰਚਾਵਾ ਕਰ ਸਕਦੇ ਹਾਂ। ਪਰ ਵਧੀਆ ਦਿਲਪਰਚਾਵਾ ਕਰਨ ਲਈ ਤਿਆਰੀ ਕਰਨ ਦੀ ਲੋੜ ਹੈ, ਖ਼ਾਸ ਕਰਕੇ ਮਾਪਿਆਂ ਨੂੰ। ਪਰਿਵਾਰ ਅਤੇ ਕਲੀਸਿਯਾ ਵਿਚ ਮਨੋਰੰਜਨ ਕਰਨ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ। ਮਿਸਾਲ ਲਈ, ਜਦੋਂ ਸਾਰਾ ਪਰਿਵਾਰ ਮਿਲ ਕੇ ਰੋਟੀ ਖਾਂਦਾ ਹੈ, ਤਾਂ ਸਾਰੇ ਆਪਣੇ ਦਿਨ ਬਾਰੇ ਜਾਂ ਬਾਈਬਲ ਦੇ ਕਿਸੇ ਵਿਸ਼ੇ ਉੱਤੇ ਗੱਲਾਂ-ਬਾਤਾਂ ਕਰ ਸਕਦੇ ਹਨ। ਇਸ ਨਾਲ ਸਾਰਿਆਂ ਨੂੰ ਉਤਸ਼ਾਹ ਤੇ ਖ਼ੁਸ਼ੀ ਮਿਲਦੀ ਹੈ। ਪਿਕਨਿਕਾਂ, ਖੇਡਾਂ ਅਤੇ ਸੈਰ ਕਰਨ ਦੇ ਪ੍ਰੋਗ੍ਰਾਮ ਵੀ ਬਣਾਏ ਜਾ ਸਕਦੇ ਹਨ। ਅਜਿਹੇ ਮਨੋਰੰਜਨ ਬਹੁਤ ਹੀ ਮਜ਼ੇਦਾਰ ਹੁੰਦੇ ਹਨ।

10 ਕਲੀਸਿਯਾ ਦਾ ਇਕ ਬਜ਼ੁਰਗ ਤੇ ਉਸ ਦੀ ਪਤਨੀ ਉਸ ਸਮੇਂ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਜਦੋਂ ਉਨ੍ਹਾਂ ਦੇ ਬੱਚੇ ਛੋਟੇ ਸਨ। ਉਹ ਕਹਿੰਦੇ ਹਨ: “ਅਸੀਂ ਹਮੇਸ਼ਾ ਬੱਚਿਆਂ ਦੀ ਰਾਇ ਪੁੱਛਦੇ ਸਾਂ ਕਿ ਉਹ ਛੁੱਟੀਆਂ ਲਈ ਕਿੱਥੇ ਜਾਣਾ ਚਾਹੁੰਦੇ ਸਨ। ਸਮੇਂ-ਸਮੇਂ ਤੇ ਹਰ ਬੱਚਾ ਆਪਣੇ ਕਿਸੇ ਦੋਸਤ ਨੂੰ ਵੀ ਨਾਲ ਲੈ ਆਉਂਦਾ ਸੀ ਜਿਸ ਨਾਲ ਛੁੱਟੀਆਂ ਹੋਰ ਵੀ ਮਜ਼ੇਦਾਰ ਬਣ ਜਾਂਦੀਆਂ ਸਨ। ਬੱਚਿਆਂ ਦੀਆਂ ਵੱਖ-ਵੱਖ ਪ੍ਰਾਪਤੀਆਂ ਦੀ ਯਾਦ ਵਿਚ ਅਸੀਂ ਕਈ ਵਾਰ ਕਲੀਸਿਯਾ ਦੇ ਦੋਸਤ-ਮਿੱਤਰਾਂ ਨੂੰ ਘਰ ਬੁਲਾਇਆ। ਅਸੀਂ ਇਕੱਠੇ ਖਾਣਾ ਬਣਾਉਂਦੇ ਤੇ ਖਾਂਦੇ ਅਤੇ ਖੇਡਾਂ ਖੇਡਦੇ ਸਾਂ। ਕਈ ਵਾਰ ਅਸੀਂ ਲੰਬੇ ਸਫ਼ਰ ਤੇ ਜਾਂਦੇ ਸਾਂ ਜਾਂ ਪਹਾੜੀ ਇਲਾਕੇ ਵਿਚ ਸੈਰ ਕਰਨ ਲਈ ਜਾਂਦੇ ਸਾਂ। ਇਨ੍ਹਾਂ ਮੌਕਿਆਂ ਤੇ ਅਸੀਂ ਯਹੋਵਾਹ ਦੀ ਰਚਨਾ ਬਾਰੇ ਬਹੁਤ ਕੁਝ ਸਿੱਖਿਆ।”

11, 12. (ੳ) ਤੁਸੀਂ ਆਪਣੇ ਮਨੋਰੰਜਨ ਦੇ ਪ੍ਰੋਗ੍ਰਾਮਾਂ ਵਿਚ ਦੂਸਰਿਆਂ ਨੂੰ ਸ਼ਾਮਲ ਕਿਵੇਂ ਕਰ ਸਕਦੇ ਹੋ? (ਅ) ਮਨੋਰੰਜਨ ਦੇ ਕਿਹੋ ਜਿਹੇ ਪ੍ਰੋਗ੍ਰਾਮਾਂ ਦੀਆਂ ਮਿੱਠੀਆਂ ਯਾਦਾਂ ਹਮੇਸ਼ਾ ਦਿਲਾਂ ਵਿਚ ਰਹਿੰਦੀਆਂ ਹਨ?

11 ਕੀ ਤੁਸੀਂ ਜਾਂ ਤੁਹਾਡਾ ਪਰਿਵਾਰ ਆਪਣੇ ਮਨੋਰੰਜਨ ਦੇ ਪ੍ਰੋਗ੍ਰਾਮਾਂ ਵਿਚ ਦੂਸਰਿਆਂ ਨੂੰ ਸ਼ਾਮਲ ਕਰ ਸਕਦਾ ਹੈ? ਖ਼ਾਸ ਕਰਕੇ ਉਨ੍ਹਾਂ ਨੂੰ ਜਿਨ੍ਹਾਂ ਨੂੰ ਦਿਲਾਸੇ ਦੀ ਲੋੜ ਹੈ ਜਿਵੇਂ ਕਿ ਕੋਈ ਵਿਧਵਾ ਜਾਂ ਉਹ ਪਰਿਵਾਰ ਜਿਨ੍ਹਾਂ ਵਿਚ ਇਕੱਲੀ ਮਾਂ ਜਾਂ ਇਕੱਲਾ ਪਿਤਾ ਬੱਚਿਆਂ ਦੀ ਪਰਵਰਿਸ਼ ਕਰ ਰਿਹਾ ਹੈ? (ਲੂਕਾ 14:12-14) ਅਸੀਂ ਕਲੀਸਿਯਾ ਵਿਚ ਆਏ ਨਵੇਂ ਲੋਕਾਂ ਨੂੰ ਵੀ ਬੁਲਾ ਸਕਦੇ ਹਾਂ। ਪਰ ਧਿਆਨ ਰੱਖੋ ਕਿ ਅਜਿਹੇ ਲੋਕ ਦੂਸਰਿਆਂ ਉੱਤੇ ਬੁਰਾ ਪ੍ਰਭਾਵ ਨਾ ਪਾਉਣ। (2 ਤਿਮੋਥਿਉਸ 2:20, 21) ਜੇਕਰ ਬੁੱਢੇ ਜਾਂ ਬੀਮਾਰ ਭੈਣਾਂ-ਭਰਾਵਾਂ ਲਈ ਘਰੋਂ ਬਾਹਰ ਨਿਕਲਣਾ ਔਖਾ ਹੈ, ਤਾਂ ਕਿਉਂ ਨਾ ਖਾਣਾ ਤਿਆਰ ਕਰ ਕੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦੇ ਨਾਲ ਖਾਣ ਦਾ ਪ੍ਰੋਗ੍ਰਾਮ ਬਣਾਓ?—ਇਬਰਾਨੀਆਂ 13:1, 2.

12 ਜਦੋਂ ਸਾਰੇ ਮਿਲ ਕੇ ਰੋਟੀ ਖਾਂਦੇ ਹਨ, ਸੱਚਾਈ ਵਿਚ ਆਉਣ ਬਾਰੇ ਇਕ-ਦੂਜੇ ਦੇ ਅਨੁਭਵ ਸੁਣਦੇ ਹਨ ਅਤੇ ਸਿੱਖਦੇ ਹਨ ਕਿ ਕਿਹੜੀ ਗੱਲ ਨੇ ਉਨ੍ਹਾਂ ਦੀ ਵਫ਼ਾਦਾਰ ਰਹਿਣ ਵਿਚ ਮਦਦ ਕੀਤੀ, ਇਨ੍ਹਾਂ ਪਲਾਂ ਦੀਆਂ ਮਿੱਠੀਆਂ ਯਾਦਾਂ ਹਮੇਸ਼ਾ ਦਿਲਾਂ ਵਿਚ ਰਹਿੰਦੀਆਂ ਹਨ। ਬਾਈਬਲ ਦੇ ਕਈ ਵਿਸ਼ਿਆਂ ਉੱਤੇ ਚਰਚਾ ਕੀਤੀ ਜਾ ਸਕਦੀ ਹੈ ਜਿਸ ਵਿਚ ਨਿਆਣੇ-ਸਿਆਣੇ ਸਾਰੇ ਹਿੱਸਾ ਲੈ ਸਕਦੇ ਹਨ। ਇਸ ਨਾਲ ਸਾਰਿਆਂ ਨੂੰ ਤਾਜ਼ਗੀ ਅਤੇ ਹੌਸਲਾ ਮਿਲਦਾ ਹੈ।

13. ਯਿਸੂ ਤੇ ਪੌਲੁਸ ਨੇ ਮੀਜ਼ਬਾਨਾਂ ਤੇ ਮਹਿਮਾਨਾਂ ਲਈ ਚੰਗੀ ਮਿਸਾਲ ਕਿਵੇਂ ਕਾਇਮ ਕੀਤੀ ਸੀ?

13 ਯਿਸੂ ਨੇ ਮੀਜ਼ਬਾਨਾਂ ਤੇ ਮਹਿਮਾਨਾਂ ਲਈ ਚੰਗੀ ਮਿਸਾਲ ਕਾਇਮ ਕੀਤੀ ਸੀ। ਉਹ ਅਜਿਹੇ ਮੌਕਿਆਂ ਤੇ ਦੂਸਰਿਆਂ ਨਾਲ ਪਰਮੇਸ਼ੁਰ ਦੀਆਂ ਅਨਮੋਲ ਗੱਲਾਂ ਹਮੇਸ਼ਾ ਸਾਂਝੀਆਂ ਕਰਦਾ ਸੀ। (ਲੂਕਾ 5:27-39; 10:42; 19:1-10; 24:28-32) ਪਹਿਲੀ ਸਦੀ ਦੇ ਮਸੀਹੀਆਂ ਨੇ ਉਸ ਦੀ ਰੀਸ ਕੀਤੀ। (ਰਸੂਲਾਂ ਦੇ ਕਰਤੱਬ 2:46, 47) ਪੌਲੁਸ ਰਸੂਲ ਨੇ ਲਿਖਿਆ: “ਮੇਰੀ ਤੁਹਾਨੂੰ ਦੇਖਣ ਦੀ ਬਹੁਤ ਤਾਂਘ ਹੈ। ਮੈਂ ਤੁਹਾਨੂੰ ਤੁਹਾਡੇ ਉਤਸਾਹ ਦੇ ਲਈ ਆਤਮਿਕ ਵਰਦਾਨ ਦੇਣਾ ਚਾਹੁੰਦਾ ਹਾਂ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਦੋਵੇਂ ਧਿਰਾਂ ਉਤਸਾਹ ਪ੍ਰਾਪਤ ਕਰੀਏ, ਮੈਂ ਤੁਹਾਡੇ ਵਿਸ਼ਵਾਸ ਦੁਆਰਾ ਅਤੇ ਤੁਸੀਂ ਮੇਰੇ ਵਿਸ਼ਵਾਸ ਦੁਆਰਾ।” (ਰੋਮ 1:11, 12, ਨਵਾਂ ਅਨੁਵਾਦ) ਸੋ ਜਦ ਅਸੀਂ ਇਕੱਠੇ ਹੁੰਦੇ ਹਾਂ, ਤਾਂ ਸਾਨੂੰ ਇਕ-ਦੂਜੇ ਦੀ ਨਿਹਚਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਰੋਮੀਆਂ 12:13; 15:1, 2.

ਕੁਝ ਜ਼ਰੂਰੀ ਹਿਦਾਇਤਾਂ ਤੇ ਚੇਤਾਵਨੀਆਂ

14. ਵੱਡੀਆਂ-ਵੱਡੀਆਂ ਪਾਰਟੀਆਂ ਕਰਨੀਆਂ ਚੰਗੀ ਗੱਲ ਕਿਉਂ ਨਹੀਂ ਹੋਵੇਗੀ?

14 ਵੱਡੀਆਂ-ਵੱਡੀਆਂ ਪਾਰਟੀਆਂ ਕਰਨੀਆਂ ਚੰਗੀ ਗੱਲ ਨਹੀਂ ਹੋਵੇਗੀ ਕਿਉਂਕਿ ਨਿਗਰਾਨੀ ਰੱਖਣੀ ਮੁਸ਼ਕਲ ਹੁੰਦੀ ਹੈ। ਕਦੇ-ਕਦੇ ਕਈ ਪਰਿਵਾਰ ਮਿਲ ਕੇ ਪਿਕਨਿਕ ਕਰਨ ਜਾ ਸਕਦੇ ਹਨ ਜਾਂ ਅਜਿਹੀ ਕੋਈ ਖੇਡ ਖੇਡ ਸਕਦੇ ਹਨ ਜਿਹੜੀ ਮੁਕਾਬਲੇ ਦੀ ਭਾਵਨਾ ਪੈਦਾ ਨਾ ਕਰੇ। ਪਰ ਧਿਆਨ ਰੱਖੋ ਕਿ ਪਰਮੇਸ਼ੁਰ ਦੀ ਸੇਵਾ ਵਿਚ ਕੋਈ ਰੁਕਾਵਟ ਨਾ ਪਵੇ। ਜਦੋਂ ਬਜ਼ੁਰਗ, ਸਹਾਇਕ ਸੇਵਕ ਜਾਂ ਦੂਸਰੇ ਸਿਆਣੇ ਭੈਣ-ਭਰਾ ਮੌਜੂਦ ਹੁੰਦੇ ਹਨ, ਤਾਂ ਪਾਰਟੀ ਦੀ ਰੌਣਕ ਹੋਰ ਵੀ ਵਧ ਜਾਂਦੀ ਹੈ ਅਤੇ ਭੈਣ-ਭਰਾਵਾਂ ਨੂੰ ਜ਼ਿਆਦਾ ਤਾਜ਼ਗੀ ਮਿਲਦੀ ਹੈ।

15. ਪਾਰਟੀ ਵਿਚ ਕਿਸੇ ਸਮਝਦਾਰ ਵਿਅਕਤੀ ਨੂੰ ਨਿਗਰਾਨੀ ਕਿਉਂ ਰੱਖਣੀ ਚਾਹੀਦੀ ਹੈ?

15 ਪਾਰਟੀ ਵਿਚ ਕਿਸੇ ਸਮਝਦਾਰ ਵਿਅਕਤੀ ਨੂੰ ਨਿਗਰਾਨੀ ਰੱਖਣੀ ਚਾਹੀਦੀ ਹੈ। ਜੇ ਤੁਸੀਂ ਭੈਣਾਂ-ਭਰਾਵਾਂ ਨੂੰ ਆਪਣੇ ਘਰ ਬੁਲਾਇਆ ਹੋਵੇ, ਤਾਂ ਕੀ ਤੁਹਾਨੂੰ ਇਹ ਜਾਣ ਕੇ ਬੁਰਾ ਨਹੀਂ ਲੱਗੇਗਾ ਕਿ ਤੁਹਾਡੇ ਘਰ ਵਿਚ ਵਾਪਰੀ ਕਿਸੇ ਗੱਲ ਕਾਰਨ ਕਿਸੇ ਨੂੰ ਠੋਕਰ ਲੱਗੀ ਹੈ? ਬਿਵਸਥਾ ਸਾਰ 22:8 ਵਿਚ ਦਿੱਤੇ ਸਿਧਾਂਤ ਵੱਲ ਧਿਆਨ ਦਿਓ। ਜਦ ਕੋਈ ਇਸਰਾਏਲੀ ਨਵਾਂ ਘਰ ਬਣਾਉਂਦਾ ਸੀ, ਤਾਂ ਉਸ ਨੂੰ ਛੱਤ ਉੱਤੇ ਬਨੇਰਾ ਬੰਨ੍ਹਣਾ ਪੈਂਦਾ ਸੀ। ਕਿਉਂ? “ਤਾਂ ਜੋ ਤੂੰ ਆਪਣੇ ਘਰ ਉੱਤੇ ਜੇ ਕੋਈ ਉੱਥੋਂ ਡਿੱਗ ਪਵੇ ਖ਼ੂਨ ਨਾ ਲਿਆਵੇਂ।” ਪ੍ਰਾਚੀਨ ਇਸਰਾਏਲ ਵਿਚ ਮਹਿਮਾਨਾਂ ਨੂੰ ਅਕਸਰ ਛੱਤ ਉੱਤੇ ਬਿਠਾਇਆ ਜਾਂਦਾ ਸੀ ਤੇ ਉਨ੍ਹਾਂ ਦੀ ਰੱਖਿਆ ਘਰ ਦੇ ਮਾਲਕ ਦੀ ਜ਼ਿੰਮੇਵਾਰੀ ਹੁੰਦੀ ਸੀ। ਇਸੇ ਤਰ੍ਹਾਂ ਇਹ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਆਪਣੇ ਮਹਿਮਾਨਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰੋ ਤਾਂਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵੀ ਠੇਸ ਨਾ ਪਹੁੰਚੇ।

16. ਜੇ ਪਾਰਟੀ ਵਿਚ ਸ਼ਰਾਬ ਹੋਵੇਗੀ, ਤਾਂ ਮੀਜ਼ਬਾਨ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

16 ਜੇ ਪਾਰਟੀ ਵਿਚ ਸ਼ਰਾਬ ਵਰਤਾਈ ਜਾਵੇਗੀ, ਤਾਂ ਸਾਵਧਾਨੀ ਵਰਤਣੀ ਜ਼ਰੂਰੀ ਹੈ। ਕਈ ਮਸੀਹੀ ਆਪਣੇ ਮਹਿਮਾਨਾਂ ਲਈ ਸ਼ਰਾਬ ਦਾ ਇੰਤਜ਼ਾਮ ਤਦ ਹੀ ਕਰਦੇ ਹਨ ਜੇਕਰ ਉਹ ਆਪ ਨਿਗਰਾਨੀ ਰੱਖ ਸਕਣ ਕਿ ਉਹ ਕਿੰਨੀ ਕੁ ਪੀਂਦੇ ਹਨ। ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਜਿਸ ਕਰਕੇ ਕਿਸੇ ਦੀ ਜ਼ਮੀਰ ਨੂੰ ਦੁੱਖ ਪਹੁੰਚੇ ਜਾਂ ਕਿਸੇ ਨੂੰ ਹੱਦੋਂ ਵੱਧ ਪੀਣ ਦਾ ਬਹਾਨਾ ਮਿਲ ਜਾਵੇ। (ਅਫ਼ਸੀਆਂ 5:18, 19) ਕਈ ਕਾਰਨਾਂ ਕਰਕੇ ਕੁਝ ਮਹਿਮਾਨ ਸ਼ਾਇਦ ਸ਼ਰਾਬ ਨਹੀਂ ਪੀਣੀ ਚਾਹੁਣਗੇ। ਉਨ੍ਹਾਂ ਦੇ ਫ਼ੈਸਲੇ ਦੀ ਕਦਰ ਕਰੋ। ਕਈ ਦੇਸ਼ਾਂ ਵਿਚ ਬੱਚਿਆਂ ਲਈ ਸ਼ਰਾਬ ਪੀਣੀ ਗ਼ੈਰ-ਕਾਨੂੰਨੀ ਗੱਲ ਮੰਨੀ ਜਾਂਦੀ ਹੈ। ਮਸੀਹੀਆਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ, ਚਾਹੇ ਇਹ ਕਾਨੂੰਨ ਉਨ੍ਹਾਂ ਨੂੰ ਬੇਤੁਕਾ ਹੀ ਕਿਉਂ ਨਾ ਲੱਗੇ।—ਰੋਮੀਆਂ 13:5.

17. (ੳ) ਜੇ ਪਾਰਟੀ ਵਿਚ ਗੀਤ-ਸੰਗੀਤ ਹੋਵੇਗਾ, ਤਾਂ ਮੀਜ਼ਬਾਨ ਲਈ ਸੋਚ-ਸਮਝ ਕੇ ਗੀਤ ਚੁਣਨੇ ਕਿਉਂ ਜ਼ਰੂਰੀ ਹੈ? (ਅ) ਜੇ ਪਾਰਟੀ ਵਿਚ ਨੱਚਣਾ ਹੋਵੇਗਾ, ਤਾਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

17 ਗੀਤ-ਸੰਗੀਤ ਜਾਂ ਨਾਚ ਬਾਰੇ ਫ਼ੈਸਲਾ ਕਰਨ ਵਿਚ ਵੀ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਸੰਗੀਤ ਤਰ੍ਹਾਂ-ਤਰ੍ਹਾਂ ਦਾ ਹੁੰਦਾ ਹੈ ਅਤੇ ਇਸ ਸੰਬੰਧ ਵਿਚ ਸਾਰਿਆਂ ਦੀ ਪਸੰਦ ਵੱਖੋ-ਵੱਖਰੀ ਹੁੰਦੀ ਹੈ। ਪਰ ਅੱਜ-ਕੱਲ੍ਹ ਜ਼ਿਆਦਾਤਰ ਗਾਣਿਆਂ ਵਿਚ ਲੋਕਾਂ ਨੂੰ ਬਗਾਵਤ ਕਰਨ, ਬਦਚਲਣ ਜ਼ਿੰਦਗੀ ਜੀਣ ਅਤੇ ਹਿੰਸਾ ਭਰੇ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਇਸ ਲਈ ਸਾਨੂੰ ਸੋਚ-ਸਮਝ ਕੇ ਗੀਤ ਚੁਣਨ ਦੀ ਲੋੜ ਹੈ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸਿਰਫ਼ ਪੁਰਾਣੇ ਕਿਸਮ ਦਾ ਸੰਗੀਤ ਸੁਣ ਸਕਦੇ ਹਾਂ, ਪਰ ਨਾ ਹੀ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਅਸ਼ਲੀਲ ਗਾਣੇ ਸੁਣਨੇ ਚਾਹੀਦੇ ਹਨ। ਉਸ ਵਿਅਕਤੀ ਨੂੰ ਗਾਣੇ ਚੁਣਨ ਲਈ ਨਾ ਕਹੋ ਜੋ ਗਾਣਿਆਂ ਦੀ ਆਵਾਜ਼ ਹੌਲੀ ਕਰਨ ਦੀ ਜ਼ਰੂਰਤ ਨਹੀਂ ਸਮਝਦਾ। ਅਜਿਹਾ ਨਾਚ ਮਸੀਹੀਆਂ ਲਈ ਠੀਕ ਨਹੀਂ ਹੋਵੇਗਾ ਜਿਸ ਵਿਚ ਲੱਕ ਅਤੇ ਛਾਤੀ ਹਿਲਾ ਕੇ ਕਾਮ ਭਾਵਨਾਵਾਂ ਪੈਦਾ ਕੀਤੀਆਂ ਜਾਂਦੀਆਂ ਹਨ।—1 ਤਿਮੋਥਿਉਸ 2:8-10.

18. ਪਾਰਟੀਆਂ ਦੇ ਸੰਬੰਧ ਵਿਚ ਮਾਪੇ ਆਪਣੇ ਬੱਚਿਆਂ ਦੀ ਰੱਖਿਆ ਕਿਵੇਂ ਕਰ ਸਕਦੇ ਹਨ?

18 ਜੇ ਬੱਚਿਆਂ ਨੂੰ ਕਿਸੇ ਪਾਰਟੀ ਲਈ ਸੱਦਿਆ ਜਾਂਦਾ ਹੈ, ਤਾਂ ਮਾਪਿਆਂ ਨੂੰ ਪਤਾ ਕਰਨਾ ਚਾਹੀਦਾ ਹੈ ਕਿ ਉੱਥੇ ਕੀ-ਕੀ ਕੀਤਾ ਜਾਵੇਗਾ। ਚੰਗਾ ਹੋਵੇਗਾ ਜੇਕਰ ਇਨ੍ਹਾਂ ਪਾਰਟੀਆਂ ਵਿਚ ਮਾਪੇ ਬੱਚਿਆਂ ਦੇ ਨਾਲ ਜਾਣ। ਦੁੱਖ ਦੀ ਗੱਲ ਹੈ ਕਿ ਕਈ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਅਜਿਹੀਆਂ ਪਾਰਟੀਆਂ ਵਿਚ ਜਾਣ ਦਿੱਤਾ ਹੈ ਜਿੱਥੇ ਵੱਡਿਆਂ ਦੀ ਗ਼ੈਰ-ਹਾਜ਼ਰੀ ਵਿਚ ਉਹ ਵਿਭਚਾਰ ਜਾਂ ਕੋਈ ਹੋਰ ਗ਼ਲਤ ਕੰਮ ਕਰ ਬੈਠੇ। (ਅਫ਼ਸੀਆਂ 6:1-4) ਭਾਵੇਂ ਤੁਹਾਡੇ ਬੱਚੇ ਅਠਾਰਾਂ-ਉੱਨੀ ਸਾਲਾਂ ਦੇ ਹਨ ਤੇ ਕਾਫ਼ੀ ਸਮਝਦਾਰ ਵੀ ਹਨ, ਫਿਰ ਵੀ ਉਨ੍ਹਾਂ ਨੂੰ ‘ਜੁਆਨੀ ਦੀਆਂ ਕਾਮਨਾਂ ਤੋਂ ਭੱਜਣ’ ਵਿਚ ਤੁਹਾਡੀ ਮਦਦ ਦੀ ਲੋੜ ਹੈ।—2 ਤਿਮੋਥਿਉਸ 2:22.

19. ਸਾਨੂੰ ਪਹਿਲਾਂ ਕੀ ‘ਭਾਲਣਾ’ ਚਾਹੀਦਾ ਹੈ ਤੇ ਕਿਉਂ?

19 ਸਮੇਂ-ਸਮੇਂ ਤੇ ਮਨੋਰੰਜਨ ਕਰਨ ਨਾਲ ਖ਼ੁਸ਼ੀ ਤੇ ਤਾਜ਼ਗੀ ਮਿਲਦੀ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਆਨੰਦ ਲਈਏ। ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਹੈ ਕਿ ਦਿਲਪਰਚਾਵੇ ਕਰ ਕੇ ਅਸੀਂ ਸਵਰਗ ਵਿਚ ਧਨ ਨਹੀਂ ਜੋੜਦੇ। (ਮੱਤੀ 6:19-21) ਯਿਸੂ ਨੇ ਆਪਣੇ ਚੇਲਿਆਂ ਨੂੰ ਸਮਝਾਇਆ ਸੀ ਕਿ ‘ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਣਾ’ ਹੀ ਸਭ ਤੋਂ ਜ਼ਰੂਰੀ ਕੰਮ ਹੈ। ਦੁਨੀਆਂ ਦੇ ਲੋਕ ਖਾਣ-ਪੀਣ ਅਤੇ ਫ਼ੈਸ਼ਨ ਕਰਨ ਵਿਚ ਰੁੱਝੇ ਹੋਏ ਹਨ, ਪਰ ਇਹ ਚੀਜ਼ਾਂ ਸਭ ਤੋਂ ਜ਼ਰੂਰੀ ਨਹੀਂ ਹਨ।—ਮੱਤੀ 6:31-34.

20. ਯਹੋਵਾਹ ਦੇ ਵਫ਼ਾਦਾਰ ਸੇਵਕ ਉਸ ਤੋਂ ਕਿਹੜੀਆਂ ਚੰਗੀਆਂ ਦਾਤਾਂ ਦੀ ਉਮੀਦ ਰੱਖ ਸਕਦੇ ਹਨ?

20 ਜੀ ਹਾਂ, ਭਾਵੇਂ ਅਸੀਂ “ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ” ਹਾਂ, ਅਸੀਂ “ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ” ਕਰ ਸਕਦੇ ਹਾਂ, ਜਿਸ ਨੇ ਸਾਡੀ ਖ਼ੁਸ਼ੀ ਲਈ ਸਾਨੂੰ ਹਰ ਚੰਗੀ ਦਾਤ ਦਿੱਤੀ ਹੈ। (1 ਕੁਰਿੰਥੀਆਂ 10:31) ਯਹੋਵਾਹ ਦੇ ਨਵੇਂ ਸੰਸਾਰ ਵਿਚ ਸਾਡੇ ਕੋਲ ਉਸ ਦੀ ਦਰਿਆ-ਦਿਲੀ ਦਾ ਪੂਰਾ ਆਨੰਦ ਲੈਣ ਦੇ ਬੇਅੰਤ ਮੌਕੇ ਹੋਣਗੇ। ਉਸ ਸਮੇਂ ਅਸੀਂ ਉਨ੍ਹਾਂ ਸਭਨਾਂ ਦੀ ਸੰਗਤ ਦਾ ਆਨੰਦ ਮਾਣਾਂਗੇ ਜੋ ਉਸ ਦੇ ਧਰਮੀ ਮਿਆਰਾਂ ਉੱਤੇ ਚੱਲਦੇ ਹਨ।—ਜ਼ਬੂਰਾਂ ਦੀ ਪੋਥੀ 145:16; ਯਸਾਯਾਹ 25:6; 2 ਕੁਰਿੰਥੀਆਂ 7:1.

ਕੀ ਤੁਹਾਨੂੰ ਯਾਦ ਹੈ?

• ਮਸੀਹੀਆਂ ਲਈ ਢੁਕਵਾਂ ਮਨੋਰੰਜਨ ਚੁਣਨਾ ਇੰਨਾ ਮੁਸ਼ਕਲ ਕਿਉਂ ਹੈ?

• ਕੁਝ ਮਸੀਹੀ ਪਰਿਵਾਰਾਂ ਨੂੰ ਕਿਹੋ ਜਿਹੇ ਦਿਲਪਰਚਾਵਿਆਂ ਤੋਂ ਤਾਜ਼ਗੀ ਮਿਲੀ ਹੈ?

• ਮਨੋਰੰਜਨ ਦੇ ਸੰਬੰਧ ਵਿਚ ਸਾਨੂੰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ?

[ਸਵਾਲ]

[ਸਫ਼ਾ 18 ਉੱਤੇ ਤਸਵੀਰ]

ਉਹ ਮਨੋਰੰਜਨ ਚੁਣੋ ਜਿਸ ਦਾ ਸਾਡੇ ਉੱਤੇ ਚੰਗਾ ਅਸਰ ਪਵੇ

[ਸਫ਼ਾ 19 ਉੱਤੇ ਤਸਵੀਰਾਂ]

ਮਸੀਹੀ ਕਿਹੋ ਜਿਹੇ ਦਿਲਪਰਚਾਵਿਆਂ ਤੋਂ ਦੂਰ ਰਹਿੰਦੇ ਹਨ?