Skip to content

Skip to table of contents

ਮੌਤ ਤੋਂ ਛੁਟਕਾਰਾ ਪਾਉਣ ਦਾ ਇੱਕੋ-ਇਕ ਰਾਹ!

ਮੌਤ ਤੋਂ ਛੁਟਕਾਰਾ ਪਾਉਣ ਦਾ ਇੱਕੋ-ਇਕ ਰਾਹ!

ਮੌਤ ਤੋਂ ਛੁਟਕਾਰਾ ਪਾਉਣ ਦਾ ਇੱਕੋ-ਇਕ ਰਾਹ!

ਲਾਜ਼ਰ ਯਿਸੂ ਦਾ ਜਿਗਰੀ ਦੋਸਤ ਸੀ ਜੋ ਆਪਣੀਆਂ ਦੋ ਭੈਣਾਂ, ਮਾਰਥਾ ਅਤੇ ਮਰਿਯਮ, ਨਾਲ ਯਰੂਸ਼ਲਮ ਸ਼ਹਿਰ ਦੇ ਲਾਗੇ ਬੈਤਅਨੀਆ ਨਗਰ ਵਿਚ ਰਹਿੰਦਾ ਸੀ। ਇਕ ਦਿਨ ਲਾਜ਼ਰ ਬਹੁਤ ਬੀਮਾਰ ਹੋ ਗਿਆ ਤੇ ਉਸ ਦੀਆਂ ਭੈਣਾਂ ਨੂੰ ਬਹੁਤ ਚਿੰਤਾ ਲੱਗ ਗਈ। ਉਨ੍ਹਾਂ ਨੇ ਲਾਜ਼ਰ ਬਾਰੇ ਯਿਸੂ ਨੂੰ ਸੁਨੇਹਾ ਘੱਲਿਆ। ਸੁਨੇਹਾ ਮਿਲਣ ਤੋਂ ਦੋ ਦਿਨ ਬਾਅਦ ਯਿਸੂ ਲਾਜ਼ਰ ਨੂੰ ਮਿਲਣ ਗਿਆ। ਰਾਹ ਜਾਂਦਿਆਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਲਾਜ਼ਰ ਸੌਂ ਰਿਹਾ ਹੈ ਅਤੇ ਮੈਂ ਉਸ ਨੂੰ ਨੀਂਦ ਤੋਂ ਜਗਾਉਣ ਜਾ ਰਿਹਾ।’ ਪਹਿਲਾਂ ਤਾਂ ਉਸ ਦੇ ਚੇਲਿਆਂ ਨੇ ਉਸ ਦੀ ਗੱਲ ਸਮਝੀ ਨਹੀਂ, ਫਿਰ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਆਖਿਆ: “ਲਾਜ਼ਰ ਮਰ ਗਿਆ ਹੈ।”—ਯੂਹੰਨਾ 11:1-14.

ਜਦ ਯਿਸੂ ਬੈਤਅਨੀਆ ਪਹੁੰਚਿਆ, ਤਾਂ ਲਾਜ਼ਰ ਨੂੰ ਮਰੇ ਹੋਏ ਨੂੰ ਚਾਰ ਦਿਨ ਹੋ ਚੁੱਕੇ ਸਨ। ਉਸ ਦੀ ਲਾਸ਼ ਇਕ ਗੁਫ਼ਾ ਵਿਚ ਰੱਖੀ ਹੋਈ ਸੀ। ਉੱਥੇ ਪਹੁੰਚ ਕੇ ਯਿਸੂ ਨੇ ਪਹਿਲਾਂ ਗੁਫ਼ਾ ਦੇ ਮੋਹਰਿਓਂ ਪੱਥਰ ਹਟਾਉਣ ਲਈ ਕਿਹਾ। ਫਿਰ ਉੱਚੀ ਆਵਾਜ਼ ਨਾਲ ਪ੍ਰਾਰਥਨਾ ਕਰ ਕੇ ਯਿਸੂ ਨੇ ਹਾਕ ਮਾਰੀ: “ਲਾਜ਼ਰ, ਬਾਹਰ ਆ!” ਅਤੇ ਲਾਜ਼ਰ ਜੀਉਂਦਾ-ਜਾਗਦਾ ਯਿਸੂ ਦੇ ਸਾਮ੍ਹਣੇ ਆ ਖੜ੍ਹਾ ਹੋਇਆ।—ਯੂਹੰਨਾ 11:38-44.

ਲਾਜ਼ਰ ਦੀ ਉਦਾਹਰਣ ਤੋਂ ਸਾਨੂੰ ਪੱਕਾ ਸਬੂਤ ਮਿਲਦਾ ਹੈ ਕਿ ਮੁਰਦਿਆਂ ਨੂੰ ਜੀਉਂਦਾ ਕੀਤਾ ਜਾ ਸਕਦਾ ਹੈ। ਪਰ ਕੀ ਇਹ ਕਹਾਣੀ ਸੱਚ ਹੈ? ਹਾਂ, ਬਾਈਬਲ ਮੁਤਾਬਕ ਇਹ ਬਿਲਕੁਲ ਸੱਚ ਹੈ। ਯੂਹੰਨਾ 11:1-44 ਵਿਚ ਇਸ ਘਟਨਾ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਇਸ ਬਿਰਤਾਂਤ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਆਪ ਦੇਖ ਸਕੋਗੇ ਕਿ ਇਹ ਕੋਈ ਮਨ-ਘੜਤ ਕਹਾਣੀ ਨਹੀਂ, ਬਲਕਿ ਹਕੀਕਤ ਸੀ। ਜੇਕਰ ਅਸੀਂ ਇਸ ਗੱਲ ਤੋਂ ਇਨਕਾਰ ਕਰਦੇ ਹਾਂ ਕਿ ਲਾਜ਼ਰ ਨੂੰ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ, ਤਾਂ ਅਸੀਂ ਬਾਈਬਲ ਵਿਚ ਦਰਜ ਬਾਕੀ ਚਮਤਕਾਰਾਂ ਉੱਤੇ ਵੀ ਸ਼ੱਕ ਕਰ ਰਹੇ ਹੋਵਾਂਗੇ। ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਇਹ ਵੀ ਨਹੀਂ ਮੰਨਦੇ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉਠਾਇਆ ਗਿਆ ਸੀ। ਅਤੇ ਬਾਈਬਲ ਕਹਿੰਦੀ ਹੈ ਕਿ “ਜੇ ਮਸੀਹ ਨਹੀਂ ਜੀ ਉੱਠਿਆ ਹੈ ਤਾਂ ਤੁਹਾਡੀ ਨਿਹਚਾ ਅਕਾਰਥ ਹੈ।” (1 ਕੁਰਿੰਥੀਆਂ 15:17) ਮੁਰਦਿਆਂ ਦਾ ਜੀ ਉਠਾਇਆ ਜਾਣਾ ਬਾਈਬਲ ਦੀ ਇਕ ਬੁਨਿਆਦੀ ਸਿੱਖਿਆ ਹੈ। (ਇਬਰਾਨੀਆਂ 6:1, 2) ਪਰ ਜੀ ਉਠਾਏ ਜਾਣ ਦਾ ਅਸਲ ਵਿਚ ਕੀ ਮਤਲਬ ਹੈ?

“ਜੀ ਉੱਠਣ” ਦਾ ਕੀ ਮਤਲਬ ਹੈ?

ਬਾਈਬਲ ਦੇ ਯੂਨਾਨੀ ਹਿੱਸੇ ਵਿਚ 40 ਤੋਂ ਜ਼ਿਆਦਾ ਵਾਰ ਜੀ ਉੱਠਣ ਦੀ ਗੱਲ ਕੀਤੀ ਗਈ ਹੈ। (ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਜੀ ਉੱਠਣਾ” ਕੀਤਾ ਗਿਆ ਹੈ, ਉਸ ਦਾ ਸ਼ਾਬਦਿਕ ਅਰਥ ਹੈ “ਦੁਬਾਰਾ ਖੜ੍ਹੇ ਹੋਣਾ।” ਇਸੇ ਤਰ੍ਹਾਂ ਇਬਰਾਨੀ ਸ਼ਬਦ ਦਾ ਸ਼ਾਬਦਿਕ ਅਰਥ ਹੈ “ਮੁਰਦਿਆਂ ਦਾ ਜੀ ਉੱਠਣਾ।”) ਪਰ ਜਦੋਂ ਵਿਅਕਤੀ ਮਰ ਜਾਂਦਾ ਹੈ, ਤਾਂ ਉਸ ਦਾ ਸਰੀਰ ਤਾਂ ਗਲ ਕੇ ਮਿੱਟੀ ਵਿਚ ਮਿਲ ਜਾਂਦਾ ਹੈ। ਇਸ ਲਈ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਦਾ ਕਿਹੜਾ ਹਿੱਸਾ ਮੁੜ ਜੀਉਂਦਾ ਕੀਤਾ ਜਾਂਦਾ ਹੈ? ਮੁੜ ਜ਼ਿੰਦਾ ਕੀਤੇ ਗਏ ਇਨਸਾਨਾਂ ਨੂੰ ਨਵਾਂ ਸਰੀਰ ਦਿੱਤਾ ਜਾਵੇਗਾ, ਪਰ ਉਹ ਉਹੀ ਇਨਸਾਨ ਹੋਣਗੇ ਜੋ ਮਰ ਚੁੱਕੇ ਸਨ। ਉਨ੍ਹਾਂ ਦੀ ਸ਼ਖ਼ਸੀਅਤ, ਉਨ੍ਹਾਂ ਦੀ ਪਛਾਣ ਤੇ ਉਨ੍ਹਾਂ ਦੇ ਸਭ ਗੁਣ ਪਹਿਲਾਂ ਵਾਂਗ ਹੀ ਹੋਣਗੇ।

ਯਹੋਵਾਹ ਪਰਮੇਸ਼ੁਰ ਦੀ ਯਾਦਾਸ਼ਤ ਮੁਕੰਮਲ ਹੈ, ਇਸ ਲਈ ਉਹ ਮਰ ਚੁੱਕੇ ਵਿਅਕਤੀ ਦੇ ਜੀਵਨ ਬਾਰੇ ਹਰ ਗੱਲ ਯਾਦ ਰੱਖ ਸਕਦਾ ਹੈ। (ਯਸਾਯਾਹ 40:26) ਨਾਲੇ ਯਹੋਵਾਹ ਸਾਡਾ ਜੀਵਨਦਾਤਾ ਹੈ, ਇਸ ਲਈ ਕਿਸੇ ਮਰ ਚੁੱਕੇ ਇਨਸਾਨ ਨੂੰ ਨਵਾਂ ਸਰੀਰ ਦੇ ਕੇ ਉਸ ਨੂੰ ਦੁਬਾਰਾ ਜ਼ਿੰਦਾ ਕਰਨਾ ਉਸ ਲਈ ਕੋਈ ਵੱਡੀ ਗੱਲ ਨਹੀਂ ਹੈ। (ਜ਼ਬੂਰਾਂ ਦੀ ਪੋਥੀ 36:9) ਇਸ ਤੋਂ ਇਲਾਵਾ, ਬਾਈਬਲ ਕਹਿੰਦੀ ਹੈ ਕਿ ਯਹੋਵਾਹ ਪਰਮੇਸ਼ੁਰ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰਨਾ ‘ਚਾਹੁੰਦਾ’ ਹੈ। ਹਾਂ, ਉਹ ਉਤਸੁਕਤਾ ਨਾਲ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ। (ਅੱਯੂਬ 14:14, 15) ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਮਰ ਚੁੱਕੇ ਇਨਸਾਨਾਂ ਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ!

ਮੁਰਦਿਆਂ ਨੂੰ ਜ਼ਿੰਦਾ ਕਰਨ ਵਿਚ ਯਿਸੂ ਮਸੀਹ ਵੀ ਖ਼ਾਸ ਭੂਮਿਕਾ ਨਿਭਾਉਂਦਾ ਹੈ। ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਇਕ ਸਾਲ ਬਾਅਦ ਯਿਸੂ ਨੇ ਕਿਹਾ: “ਜਿਸ ਪਰਕਾਰ ਪਿਤਾ ਮੁਰਦਿਆਂ ਨੂੰ ਉਠਾਲਦਾ ਅਤੇ ਜਿਵਾਲਦਾ ਹੈ ਉਸੇ ਪਰਕਾਰ ਪੁੱਤ੍ਰ ਵੀ ਜਿਨ੍ਹਾਂ ਨੂੰ ਚਾਹੁੰਦਾ ਹੈ ਜਿਵਾਲਦਾ ਹੈ।” (ਯੂਹੰਨਾ 5:21) ਲਾਜ਼ਰ ਦੀ ਉਦਾਹਰਣ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਯਿਸੂ ਨੂੰ ਵੀ ਮਰੇ ਹੋਏ ਲੋਕਾਂ ਨੂੰ ਮੁੜ ਜ਼ਿੰਦਾ ਕਰਨ ਦੀ ਸ਼ਕਤੀ ਦਿੱਤੀ ਹੈ।

ਪਰ ਲੋਕਾਂ ਦਾ ਮੰਨਣਾ ਹੈ ਕਿ ਇਨਸਾਨ ਦੇ ਅੰਦਰ ਆਤਮਾ ਹੁੰਦੀ ਹੈ ਜੋ ਉਸ ਦੇ ਮਰਨ ਤੋਂ ਬਾਅਦ ਜੀਉਂਦੀ ਰਹਿੰਦੀ ਹੈ। ਆਤਮਾ ਦੀ ਅਮਰਤਾ ਅਤੇ ਮੁਰਦਿਆਂ ਨੂੰ ਮੁੜ ਜ਼ਿੰਦਾ ਕਰਨ ਦੀਆਂ ਸਿੱਖਿਆਵਾਂ ਇਕ-ਦੂਜੇ ਦਾ ਖੰਡਨ ਕਰਦੀਆਂ ਹਨ। ਜ਼ਰਾ ਸੋਚੋ, ਜੇ ਇਨਸਾਨ ਦੀ ਆਤਮਾ ਅਮਰ ਹੈ, ਤਾਂ ਫਿਰ ਮਰਨ ਤੋਂ ਬਾਅਦ ਇਨਸਾਨ ਨੂੰ ਮੁੜ ਜ਼ਿੰਦਾ ਕਰਨ ਦੀ ਕੀ ਲੋੜ ਹੈ? ਕੀ ਲਾਜ਼ਰ ਦੀ ਭੈਣ ਮਾਰਥਾ ਇਹ ਮੰਨਦੀ ਸੀ ਕਿ ਉਸ ਦਾ ਭਰਾ ਮਰਨ ਤੋਂ ਬਾਅਦ ਸਵਰਗ ਵਿਚ ਜਾਂ ਕਿਤੇ ਹੋਰ ਚਲਾ ਗਿਆ ਸੀ? ਬਿਲਕੁਲ ਨਹੀਂ! ਮਾਰਥਾ ਨੂੰ ਪੂਰਾ ਯਕੀਨ ਸੀ ਕਿ ਭਵਿੱਖ ਵਿਚ ਉਸ ਦੇ ਭਰਾ ਨੂੰ ਮੌਤ ਦੇ ਸ਼ਿਕੰਜੇ ਵਿੱਚੋਂ ਛੁਡਾਇਆ ਜਾਣਾ ਸੀ। ਜਦ ਯਿਸੂ ਨੇ ਮਾਰਥਾ ਨੂੰ ਯਕੀਨ ਦਿਲਾਉਂਦੇ ਹੋਏ ਕਿਹਾ ਕਿ “ਤੇਰਾ ਭਰਾ ਜੀ ਉੱਠੇਗਾ,” ਤਾਂ ਮਾਰਥਾ ਨੇ ਜਵਾਬ ਦਿੱਤਾ: “ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ।” (ਯੂਹੰਨਾ 11:23, 24) ਨਾਲੇ ਜਦ ਲਾਜ਼ਰ ਨੂੰ ਜ਼ਿੰਦਾ ਕੀਤਾ ਗਿਆ ਸੀ, ਤਾਂ ਉਸ ਨੇ ਇਹ ਨਹੀਂ ਕਿਹਾ ਕਿ ਉਹ ਸਵਰਗ ਵਿਚ ਜਾਂ ਨਰਕ ਵਿਚ ਸੀ ਜਾਂ ਫਿਰ ਉਸ ਦੀ ਆਤਮਾ ਥਾਂ-ਥਾਂ ਭਟਕ ਰਹੀ ਸੀ। ਲਾਜ਼ਰ ਮੌਤ ਦੀ ਗੂੜ੍ਹੀ ਨੀਂਦ ਸੁੱਤਾ ਪਿਆ ਸੀ। ਬਾਈਬਲ ਦੱਸਦੀ ਹੈ ਕਿ “ਮੋਏ ਕੁਝ ਵੀ ਨਹੀਂ ਜਾਣਦੇ,” ਉਹ ਨਾ ਦੇਖ, ਨਾ ਸੁਣ, ਨਾ ਸੋਚ ਅਤੇ ਨਾ ਹੀ ਕੋਈ ਕੰਮ ਕਰ ਸਕਦੇ ਹਨ।—ਉਪਦੇਸ਼ਕ ਦੀ ਪੋਥੀ 9:5, 10.

ਮਰ ਚੁੱਕੇ ਲੋਕਾਂ ਲਈ ਕਿੰਨੀ ਵਧੀਆ ਉਮੀਦ! ਪਰ ਸਦੀਆਂ ਦੌਰਾਨ ਮੌਤ ਨੇ ਅਰਬਾਂ ਲੋਕਾਂ ਨੂੰ ਆਪਣੀ ਬੁੱਕਲ ਵਿਚ ਲੈ ਲਿਆ ਹੈ, ਇਨ੍ਹਾਂ ਵਿੱਚੋਂ ਕਿਨ੍ਹਾਂ ਨੂੰ ਜ਼ਿੰਦਾ ਕੀਤਾ ਜਾਣਾ ਹੈ ਅਤੇ ਕਿੱਥੇ?

ਕਿਨ੍ਹਾਂ ਨੂੰ ਜੀ ਉਠਾਇਆ ਜਾਵੇਗਾ?

ਯਿਸੂ ਨੇ ਕਿਹਾ ਸੀ ਕਿ “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ਇਸ ਵਾਅਦੇ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਭੁੱਲਿਆ ਨਹੀਂ ਜੋ ਮਰ ਚੁੱਕੇ ਹਨ। ਉਹ ਉਨ੍ਹਾਂ ਨੂੰ ਜੋ ਉਸ ਦੀ ਯਾਦਾਸ਼ਤ ਵਿਚ ਹਨ ਜ਼ਰੂਰ ਜ਼ਿੰਦਾ ਕਰੇਗਾ। ਤਾਂ ਫਿਰ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਕੌਣ ਹਨ?

ਇਹ ਗੱਲ ਤਾਂ ਪੱਕੀ ਹੈ ਕਿ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ, ਜੋ ਸਦੀਆਂ ਪਹਿਲਾਂ ਅਤੇ ਜੋ ਹਾਲ ਹੀ ਦੇ ਸਮੇਂ ਵਿਚ ਮਰੇ ਹਨ, ਉਸ ਦੀ ਯਾਦਾਸ਼ਤ ਵਿਚ ਹਨ। ਉਨ੍ਹਾਂ ਨੂੰ ਉਹ ਮੌਤ ਦੇ ਚੁੰਗਲ ਤੋਂ ਜ਼ਰੂਰ ਆਜ਼ਾਦ ਕਰੇਗਾ। (ਇਬਰਾਨੀਆਂ ਦੀ ਪੋਥੀ ਦਾ 11ਵਾਂ ਅਧਿਆਇ।) ਪਰ ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਨੂੰ ਜੀਉਂਦੇ-ਜੀ ਪਰਮੇਸ਼ੁਰ ਬਾਰੇ ਸਿੱਖਣ ਦਾ ਮੌਕਾ ਨਹੀਂ ਮਿਲਿਆ? ਕੀ ਉਹ ਵੀ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ? ਹਾਂ, ਅਜਿਹੇ ਬਹੁਤ ਲੋਕ ਹਨ ਕਿਉਂਕਿ ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ ਕਿ “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।”—ਰਸੂਲਾਂ ਦੇ ਕਰਤੱਬ 24:15.

ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਰੇ ਦੇ ਸਾਰੇ ਮਰ ਚੁੱਕੇ ਲੋਕਾਂ ਨੂੰ ਮੁੜ ਜ਼ਿੰਦਾ ਕੀਤਾ ਜਾਵੇਗਾ। ਬਾਈਬਲ ਕਹਿੰਦੀ ਹੈ: “ਜੇ ਅਸੀਂ ਸਤ ਦਾ ਗਿਆਨ ਪਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ। ਪਰ ਨਿਆਉਂ ਦੀ ਭਿਆਣਕ ਉਡੀਕ . . . ਬਾਕੀ ਹੈ।” (ਇਬਰਾਨੀਆਂ 10:26, 27) ਜਿਨ੍ਹਾਂ ਲੋਕਾਂ ਨੇ ਜਾਣ-ਬੁੱਝ ਕੇ ਉਹ ਪਾਪ ਕੀਤੇ ਸਨ ਜਿਨ੍ਹਾਂ ਲਈ ਪਰਮੇਸ਼ੁਰ ਉਨ੍ਹਾਂ ਨੂੰ ਮਾਫ਼ ਕਰਨ ਦੇ ਲਾਇਕ ਨਹੀਂ ਸਮਝਦਾ, ਉਨ੍ਹਾਂ ਲੋਕਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਹੋ ਚੁੱਕਾ ਹੈ। (ਮੱਤੀ 23:33, NW) ਪਰ ਸਾਨੂੰ ਅਨੁਮਾਨ ਲਗਾਉਣ ਦੀ ਲੋੜ ਨਹੀਂ ਕਿ ਕਿਸ ਵਿਅਕਤੀ ਨੂੰ ਜ਼ਿੰਦਾ ਕੀਤਾ ਜਾਵੇਗਾ ਅਤੇ ਕਿਸ ਨੂੰ ਨਹੀਂ। ਇਸ ਗੱਲ ਦਾ ਫ਼ੈਸਲਾ ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਕਰੇਗਾ। ਸਾਨੂੰ ਬਸ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲਦੇ ਰਹੀਏ।

ਸਵਰਗੀ ਜ਼ਿੰਦਗੀ ਲਈ ਕੌਣ ਜੀ ਉਠਾਏ ਜਾਣਗੇ?

ਯਿਸੂ ਪਹਿਲਾਂ ਮਨੁੱਖ ਸੀ ਜੋ ਜੀ ਉਠਾਏ ਜਾਣ ਤੋਂ ਬਾਅਦ ਸਵਰਗ ਨੂੰ ਗਿਆ। (ਰਸੂਲਾਂ ਦੇ ਕਰਤੱਬ 26:23) ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਯਿਸੂ “ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਿਵਾਲਿਆ ਗਿਆ।” (1 ਪਤਰਸ 3:18) ਯਿਸੂ ਨੇ ਖ਼ੁਦ ਕਿਹਾ ਸੀ: “ਸੁਰਗ ਨੂੰ ਕੋਈ ਨਹੀਂ ਚੜ੍ਹਿਆ ਪਰ ਉਹ ਜਿਹੜਾ ਸੁਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤ੍ਰ।” (ਯੂਹੰਨਾ 3:13) ਪਰ ਯਿਸੂ ਤੋਂ ਬਾਅਦ ਹੋਰਨਾਂ ਨੂੰ ਵੀ ਸਵਰਗੀ ਜੀਵਨ ਲਈ ਜੀ ਉਠਾਇਆ ਜਾਣਾ ਸੀ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਪਰ ਹਰੇਕ ਆਪੋ ਆਪਣੀ ਵਾਰੀ ਸਿਰ। ਪਹਿਲਾ ਫਲ ਮਸੀਹ, ਫੇਰ ਜਿਹੜੇ ਮਸੀਹ ਦੇ ਹਨ ਉਹ ਦੇ ਆਉਣ ਦੇ ਵੇਲੇ।”—1 ਕੁਰਿੰਥੀਆਂ 15:23.

ਇਹ ਲੋਕ “ਜਿਹੜੇ ਮਸੀਹ ਦੇ ਹਨ” ਇਨ੍ਹਾਂ ਦੀ ਗਿਣਤੀ ਥੋੜ੍ਹੀ ਜਿਹੀ ਹੈ। ਆਪਣੀ ਮੌਤ ਤੋਂ ਬਾਅਦ ਇਨ੍ਹਾਂ ਨੇ ਖ਼ਾਸ ਕੰਮ ਲਈ ਸਵਰਗ ਨੂੰ ਜਾਣਾ ਹੈ। (ਰੋਮੀਆਂ 6:5) ਇਹ ਸਭ ਯਿਸੂ ਮਸੀਹ ਨਾਲ ਸਵਰਗੋਂ “ਧਰਤੀ ਉੱਤੇ ਰਾਜ ਕਰਨਗੇ।” (ਪਰਕਾਸ਼ ਦੀ ਪੋਥੀ 5:9, 10) ਇਸ ਦੇ ਨਾਲ-ਨਾਲ ਇਹ ਜਾਜਕਾਂ ਵਜੋਂ ਵੀ ਸੇਵਾ ਕਰਨਗੇ। ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਉਹ ਇਨਸਾਨਾਂ ਨੂੰ ਪਰਮੇਸ਼ੁਰ ਦੇ ਰਾਹਾਂ ਤੇ ਚੱਲਣਾ ਸਿਖਾਉਣਗੇ ਅਤੇ ਆਦਮ ਦੇ ਪਾਪ ਦੇ ਮਨੁੱਖਜਾਤੀ ਉੱਤੇ ਪਏ ਅਸਰਾਂ ਨੂੰ ਪੂਰੀ ਤਰ੍ਹਾਂ ਮਿਟਾਉਣ ਵਿਚ ਮਦਦ ਕਰਨਗੇ। (ਰੋਮੀਆਂ 5:12) ਯਿਸੂ ਨਾਲ ਰਾਜ ਕਰਨ ਅਤੇ ਜਾਜਕਾਂ ਵਜੋਂ ਸੇਵਾ ਕਰਨ ਵਾਲਿਆਂ ਦੀ ਗਿਣਤੀ 1,44,000 ਹੈ। (ਪਰਕਾਸ਼ ਦੀ ਪੋਥੀ 14:1, 3) ਜਦੋਂ ਇਨ੍ਹਾਂ ਨੂੰ ਜੀ ਉਠਾਇਆ ਜਾਵੇਗਾ, ਤਾਂ ਇਨ੍ਹਾਂ ਦਾ ਸਰੀਰ ਮਾਸ ਅਤੇ ਲਹੂ ਦਾ ਨਹੀਂ ਹੋਵੇਗਾ। ਬਾਈਬਲ ਦੱਸਦੀ ਹੈ ਕਿ ਉਨ੍ਹਾਂ ਦੇ “ਆਤਮਕ ਸਰੀਰ” ਹੋਣਗੇ ਤਾਂਕਿ ਉਹ ਸਵਰਗ ਵਿਚ ਰਹਿ ਸਕਣ।—1 ਕੁਰਿੰਥੀਆਂ 15:35, 38, 42-45.

ਤਾਂ ਫਿਰ, 1,44,000 ਵਿਅਕਤੀਆਂ ਨੂੰ ਸਵਰਗੀ ਜੀਵਨ ਲਈ ਕਦੋਂ ਜੀ ਉਠਾਇਆ ਜਾਣਾ ਸੀ? ਰਾਜੇ ਵਜੋਂ ਯਿਸੂ ਦੇ “ਆਉਣ” ਤੋਂ ਬਾਅਦ। (1 ਕੁਰਿੰਥੀਆਂ 15:23) ਸੰਨ 1914 ਤੋਂ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ 1914 ਵਿਚ ਰਾਜੇ ਵਜੋਂ ‘ਆਇਆ’ ਸੀ ਅਤੇ ਇਸੇ ਸਾਲ “ਜੁਗ ਦੇ ਅੰਤ” ਦਾ ਸਮਾਂ ਵੀ ਸ਼ੁਰੂ ਹੋਇਆ ਸੀ। (ਮੱਤੀ 24:3-7) ਇਸ ਲਈ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਵਫ਼ਾਦਾਰ ਮਸੀਹੀਆਂ ਦਾ ਜੀ ਉੱਠਣਾ ਸ਼ੁਰੂ ਹੋ ਚੁੱਕਾ ਹੈ। ਇਸ ਦਾ ਮਤਲਬ ਹੈ ਕਿ ਯਿਸੂ ਦੇ ਰਸੂਲ ਅਤੇ ਪਹਿਲੀ ਸਦੀ ਦੇ ਮਸੀਹੀ ਹੁਣ ਸਵਰਗ ਵਿਚ ਉਸ ਨਾਲ ਵੱਸ ਰਹੇ ਹਨ। ਪਰ ਇਸ ਵੇਲੇ ਧਰਤੀ ਉੱਤੇ ਰਹਿਣ ਵਾਲੇ ਉਨ੍ਹਾਂ ਮਸੀਹੀਆਂ ਬਾਰੇ ਕੀ ਜਿਨ੍ਹਾਂ ਦੀ ਸਵਰਗ ਨੂੰ ਜਾਣ ਦੀ ਪੱਕੀ ਉਮੀਦ ਹੈ? ਮਰਨ ਤੋਂ ਬਾਅਦ ਉਨ੍ਹਾਂ ਨੂੰ “ਅੱਖ ਦੀ ਝਮਕ ਵਿੱਚ” ਯਾਨੀ ਤੁਰੰਤ ਜੀ ਉਠਾਇਆ ਜਾਵੇਗਾ। (1 ਕੁਰਿੰਥੀਆਂ 15:52) ਇਨ੍ਹਾਂ 1,44,000 ਵਿਅਕਤੀਆਂ ਦਾ ਜੀ ਉੱਠਣਾ ਉਨ੍ਹਾਂ ਅਣਗਿਣਤ ਲੋਕਾਂ ਦੇ ਜੀ ਉੱਠਣ ਤੋਂ ਪਹਿਲਾਂ ਹੋਵੇਗਾ ਜਿਨ੍ਹਾਂ ਨੇ ਧਰਤੀ ਉੱਤੇ ਹਮੇਸ਼ਾ ਲਈ ਵੱਸਣਾ ਹੈ। ਇਸ ਲਈ 1,44,000 ਲੋਕਾਂ ਦੇ ਜੀ ਉੱਠਣ ਨੂੰ ‘ਪਹਿਲਾ ਪੁਨਰ ਉੱਥਾਨ’ ਕਿਹਾ ਜਾਂਦਾ ਹੈ।—ਪਰਕਾਸ਼ ਦੀ ਪੋਥੀ 20:6, ਈਜ਼ੀ ਟੂ ਰੀਡ ਵਰਯਨ।

ਧਰਤੀ ਤੇ ਵੱਸਣ ਲਈ ਕਿਨ੍ਹਾਂ ਨੂੰ ਜੀ ਉਠਾਇਆ ਜਾਵੇਗਾ?

ਬਾਈਬਲ ਅਨੁਸਾਰ ਮਰ ਚੁੱਕੇ ਲੋਕਾਂ ਵਿੱਚੋਂ ਜ਼ਿਆਦਾਤਰ ਧਰਤੀ ਉੱਤੇ ਮੁੜ ਜ਼ਿੰਦਾ ਕੀਤੇ ਜਾਣਗੇ। (ਜ਼ਬੂਰਾਂ ਦੀ ਪੋਥੀ 37:29; ਮੱਤੀ 6:10) ਇਸ ਸਮੇਂ ਦਾ ਸ਼ਾਨਦਾਰ ਦਰਸ਼ਣ ਯੂਹੰਨਾ ਰਸੂਲ ਨੇ ਦੇਖਿਆ ਸੀ ਅਤੇ ਇਸ ਬਾਰੇ ਉਸ ਨੇ ਲਿਖਿਆ: “ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਉਂ ਉਹ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ। ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਈ ਮੌਤ ਹੈ ਅਰਥਾਤ ਅੱਗ ਦੀ ਝੀਲ।” (ਪਰਕਾਸ਼ ਦੀ ਪੋਥੀ 20:11-14) ਪਰਮੇਸ਼ੁਰ ਦੀ ਯਾਦਾਸ਼ਤ ਵਿਚ ਇਨ੍ਹਾਂ ਲੋਕਾਂ ਨੂੰ ਮੌਤ ਦੇ ਸ਼ਿਕੰਜੇ ਵਿੱਚੋਂ ਛੁਡਾਇਆ ਜਾਵੇਗਾ। (ਜ਼ਬੂਰਾਂ ਦੀ ਪੋਥੀ 16:10; ਰਸੂਲਾਂ ਦੇ ਕਰਤੱਬ 2:31) ਇਨ੍ਹਾਂ ਲੋਕਾਂ ਦਾ ਫ਼ੈਸਲਾ ਉਨ੍ਹਾਂ ਕੰਮਾਂ ਦੇ ਆਧਾਰ ਤੇ ਕੀਤਾ ਜਾਵੇਗਾ ਜੋ ਉਹ ਜੀ ਉੱਠਣ ਤੋਂ ਬਾਅਦ ਕਰਨਗੇ। ਉਨ੍ਹਾਂ ਨੂੰ ਜਾਂ ਤਾਂ ਸਦਾ ਦੀ ਜ਼ਿੰਦਗੀ ਮਿਲੇਗੀ ਜਾਂ ਸਦਾ ਦੀ ਮੌਤ। ਇਸ ਤੋਂ ਬਾਅਦ “ਕਾਲ” ਯਾਨੀ ਮੌਤ ਦਾ ਕੀ ਹੋਵੇਗਾ? ਮੌਤ ਨੂੰ “ਅੱਗ ਦੀ ਝੀਲ” ਵਿਚ ਸੁੱਟਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਮੌਤ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। ਜੀ ਹਾਂ, ਸਾਨੂੰ ਆਦਮ ਦੇ ਪਾਪ ਕਾਰਨ ਮਿਲੇ ਮੌਤ ਦੇ ਸਰਾਪ ਤੋਂ ਹਮੇਸ਼ਾ ਲਈ ਛੁਟਕਾਰਾ ਦਿਲਾਇਆ ਜਾਵੇਗਾ।

ਕਲਪਨਾ ਕਰੋ ਕਿ ਇਸ ਉਮੀਦ ਬਾਰੇ ਜਾਣ ਕੇ ਉਨ੍ਹਾਂ ਸਾਰਿਆਂ ਨੂੰ ਕਿੰਨੀ ਖ਼ੁਸ਼ੀ ਹੋਵੇਗੀ ਜੋ ਆਪਣੇ ਕਿਸੇ ਅਜ਼ੀਜ਼ ਦਾ ਵਿਛੋੜਾ ਝੱਲ ਰਹੇ ਹਨ! ਜਦੋਂ ਯਿਸੂ ਨੇ ਨਾਇਨ ਨਾਂ ਦੇ ਨਗਰ ਦੀ ਵਿਧਵਾ ਦਾ ਇਕਲੌਤਾ ਪੁੱਤਰ ਜ਼ਿੰਦਾ ਕੀਤਾ ਸੀ, ਤਾਂ ਉਸ ਦੀ ਮਾਂ ਕੋਲੋਂ ਆਪਣੀ ਖ਼ੁਸ਼ੀ ਸੰਭਾਲੀ ਨਾ ਗਈ। (ਲੂਕਾ 7:11-17) ਜਦੋਂ ਯਿਸੂ ਨੇ 12 ਸਾਲਾਂ ਦੀ ਇਕ ਕੁੜੀ ਨੂੰ ਜੀ ਉਠਾਇਆ ਸੀ, ਤਾਂ ਉਸ ਦੇ ਮਾਪੇ ਖ਼ੁਸ਼ੀ ਦੇ ਮਾਰੇ “ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋ ਗਏ।” (ਮਰਕੁਸ 5:21-24, 35-42; ਲੂਕਾ 8:40-42, 49-56) ਵਾਕਈ, ਉਹ ਕਿੰਨਾ ਖ਼ੁਸ਼ੀਆਂ ਭਰਿਆ ਸਮਾਂ ਹੋਵੇਗਾ ਜਦ ਅਸੀਂ ਆਪਣੇ ਅਜ਼ੀਜ਼ਾਂ ਨੂੰ ਦੁਬਾਰਾ ਮਿਲ ਸਕਾਂਗੇ!

ਦ ਵਰਲਡ ਬੁੱਕ ਐਨਸਾਈਕਲੋਪੀਡੀਆ ਅਨੁਸਾਰ “ਜ਼ਿਆਦਾਤਰ ਲੋਕ ਮੌਤ ਤੋਂ ਇੰਨਾ ਡਰਦੇ ਹਨ ਕਿ ਉਸ ਬਾਰੇ ਸੋਚਣਾ ਵੀ ਨਹੀਂ ਚਾਹੁੰਦੇ।” ਇੰਨਾ ਡਰ ਕਿਉਂ? ਕਿਉਂਕਿ ਲੋਕ ਇਹ ਨਹੀਂ ਜਾਣਦੇ ਕਿ ਮਰੇ ਹੋਏ ਕਿਸ ਹਾਲਤ ਵਿਚ ਹਨ। ਪਰ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੈ ਅਤੇ ਇਹ ਉਮੀਦ ਰੱਖਦੇ ਹਨ ਕਿ ਮੁਰਦਿਆਂ ਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੀ ਜਾਣੀ ਹੈ, ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ? ਉਹ ਮੌਤ ਦੇ ਸਾਯੇ ਤੋਂ ਡਰੇ ਬਗੈਰ ਜ਼ਿੰਦਗੀ ਦਾ ਆਨੰਦ ਮਾਣਦੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਇਸ ਦੁਸ਼ਮਣ ਦਾ ਸਾਮ੍ਹਣਾ ਕਰਨ ਦੀ ਹਿੰਮਤ ਮਿਲਦੀ ਹੈ। (1 ਕੁਰਿੰਥੀਆਂ 15:26) ਮੌਤ ਬਾਰੇ ਸੱਚਾਈ ਜਾਣ ਕੇ ਸਾਨੂੰ ਆਪਣੇ ਕਿਸੇ ਅਜ਼ੀਜ਼ ਦਾ ਦੁਖਦਾਈ ਵਿਛੋੜਾ ਝੱਲਣ ਦੀ ਵੀ ਤਾਕਤ ਮਿਲਦੀ ਹੈ।

ਤਾਂ ਫਿਰ, ਮੁਰਦਿਆਂ ਨੂੰ ਧਰਤੀ ਉੱਤੇ ਕਦੋਂ ਜੀ ਉਠਾਇਆ ਜਾਵੇਗਾ? ਅੱਜ-ਕੱਲ੍ਹ ਤਾਂ ਦੁਨੀਆਂ ਲੜਾਈ-ਝਗੜੇ, ਖ਼ੂਨ-ਖ਼ਰਾਬੇ ਅਤੇ ਹਿੰਸਾ ਨਾਲ ਭਰੀ ਹੋਈ ਹੈ। ਜੇਕਰ ਇਸ ਮਾਹੌਲ ਵਿਚ ਕਿਸੇ ਨੂੰ ਜੀ ਉਠਾਇਆ ਜਾਵੇ, ਤਾਂ ਉਨ੍ਹਾਂ ਦੀ ਖ਼ੁਸ਼ੀ ਥੋੜ੍ਹੇ ਚਿਰ ਲਈ ਹੀ ਰਹੇਗੀ। ਪਰ ਸਾਡਾ ਸਿਰਜਣਹਾਰ ਵਾਅਦਾ ਕਰਦਾ ਹੈ ਕਿ ਬਹੁਤ ਜਲਦ ਉਹ ਸ਼ਤਾਨ ਦੀ ਇਸ ਦੁਸ਼ਟ ਦੁਨੀਆਂ ਨੂੰ ਖ਼ਤਮ ਕਰ ਦੇਵੇਗਾ। (ਕਹਾਉਤਾਂ 2:21, 22; ਦਾਨੀਏਲ 2:44; 1 ਯੂਹੰਨਾ 5:19) ਫਿਰ ਪਰਮੇਸ਼ੁਰ ਇਸ ਧਰਤੀ ਨੂੰ ਫਿਰਦੌਸ ਬਣਾਵੇਗਾ ਤੇ ਉਨ੍ਹਾਂ ਅਰਬਾਂ ਲੋਕਾਂ ਨੂੰ ਮੁੜ ਜ਼ਿੰਦਾ ਕਰੇਗਾ ਜੋ ਹੁਣ ਮੌਤ ਦੀ ਬੁੱਕਲ ਵਿਚ ਹਨ।

[ਸਫ਼ਾ 7 ਉੱਤੇ ਤਸਵੀਰ]

ਮਰ ਚੁੱਕੇ ਲੋਕਾਂ ਵਿੱਚੋਂ ਜ਼ਿਆਦਾਤਰ ਧਰਤੀ ਉੱਤੇ ਮੁੜ ਜ਼ਿੰਦਾ ਕੀਤੇ ਜਾਣਗੇ