Skip to content

Skip to table of contents

ਸਾਨੂੰ “ਮਸੀਹ ਦੇ ਅਮੋਲਕ ਲਹੂ” ਦੁਆਰਾ ਰਿਹਾਈ ਮਿਲੀ

ਸਾਨੂੰ “ਮਸੀਹ ਦੇ ਅਮੋਲਕ ਲਹੂ” ਦੁਆਰਾ ਰਿਹਾਈ ਮਿਲੀ

“ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ”

ਸਾਨੂੰ “ਮਸੀਹ ਦੇ ਅਮੋਲਕ ਲਹੂ” ਦੁਆਰਾ ਰਿਹਾਈ ਮਿਲੀ

ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਮੁਕੰਮਲ ਇਨਸਾਨ ਬਣਾ ਕੇ ਧਰਤੀ ਤੇ ਘੱਲਿਆ ਅਤੇ ਇਨਸਾਨਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਉਸ ਦੀ ਕੁਰਬਾਨੀ ਦਿੱਤੀ। ਇਹ ਇਨਸਾਨਾਂ ਲਈ ਯਹੋਵਾਹ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ। ਪਾਪੀ ਇਨਸਾਨ ਹੋਣ ਕਰਕੇ ਸਾਨੂੰ ਇਸ ਰਿਹਾਈ-ਕੀਮਤ ਦੀ ਬਹੁਤ ਲੋੜ ਹੈ ਕਿਉਂਕਿ ਕੋਈ ਵੀ ਪਾਪੀ ਇਨਸਾਨ “ਆਪਣੇ ਭਰਾ ਦਾ ਨਿਸਤਾਰਾ ਕਰ ਨਹੀਂ ਸੱਕਦਾ, ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪਰਾਸਚਿਤ ਦੇ ਸੱਕਦਾ ਹੈ, . . . ਭਈ ਉਹ ਅਨੰਤ ਕਾਲ ਤੀਕ ਜੀਉਂਦਾ ਰਹੇ।” (ਜ਼ਬੂਰਾਂ ਦੀ ਪੋਥੀ 49:6-9) ਅਸੀਂ ਤਹਿ ਦਿਲੋਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ “ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:16.

ਯਿਸੂ ਦੇ ਲਹੂ ਦੁਆਰਾ ਕਿਹੜੀਆਂ ਚੀਜ਼ਾਂ ਤੋਂ ਰਿਹਾਈ ਮਿਲਦੀ ਹੈ? ਆਓ ਆਪਾਂ ਗੌਰ ਕਰੀਏ ਕਿ ਕਿਨ੍ਹਾਂ ਚਾਰ ਤਰੀਕਿਆਂ ਨਾਲ ਸਾਨੂੰ ਯਹੋਵਾਹ ਪਰਮੇਸ਼ੁਰ ਦੇ ਪਿਆਰੇ ਬੇਟੇ ਦੇ ਲਹੂ ਦੁਆਰਾ ਰਿਹਾਈ ਮਿਲਦੀ ਹੈ।

ਲਹੂ ਦੁਆਰਾ ਰਿਹਾਈ

ਪਹਿਲਾ, ਯਿਸੂ ਦੀ ਕੁਰਬਾਨੀ ਕਰਕੇ ਸਾਨੂੰ ਪਾਪ ਤੋਂ ਰਿਹਾਈ ਮਿਲਦੀ ਹੈ। ਅਸੀਂ ਸਾਰੇ ਪਾਪੀ ਪੈਦਾ ਹੁੰਦੇ ਹਾਂ। ਭਾਵੇਂ ਅਸੀਂ ਯਹੋਵਾਹ ਦੇ ਹੁਕਮਾਂ ਨੂੰ ਨਾ ਵੀ ਤੋੜੀਏ, ਫਿਰ ਵੀ ਅਸੀਂ ਪਾਪੀ ਹਾਂ। ਕਿਵੇਂ? ਰੋਮੀਆਂ 5:12 ਵਿਚ ਦੱਸਿਆ ਹੈ: “ਇੱਕ ਮਨੁੱਖ [ਆਦਮ] ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ।” ਪਾਪੀ ਆਦਮ ਦੀ ਔਲਾਦ ਹੋਣ ਕਰਕੇ ਸਾਨੂੰ ਉਸ ਤੋਂ ਪਾਪ ਹੀ ਮਿਲਿਆ ਹੈ। ਪਰ ਰਿਹਾਈ ਦੀ ਕੀਮਤ ਅਦਾ ਕੀਤੇ ਜਾਣ ਕਰਕੇ ਸਾਡੇ ਲਈ ਪਾਪ ਦੀ ਗ਼ੁਲਾਮੀ ਤੋਂ ਰਿਹਾ ਹੋਣਾ ਮੁਮਕਿਨ ਹੋ ਗਿਆ ਹੈ। (ਰੋਮੀਆਂ 5:16) ਯਿਸੂ ਨੇ ‘ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖਿਆ’ ਤੇ ਆਦਮ ਦੀ ਔਲਾਦ ਦੇ ਬਦਲੇ ਆਪ ਪਾਪਾਂ ਦੀ ਸਜ਼ਾ ਭੁਗਤੀ।—ਇਬਰਾਨੀਆਂ 2:9; 2 ਕੁਰਿੰਥੀਆਂ 5:21; 1 ਪਤਰਸ 2:24.

ਦੂਜਾ, ਯਿਸੂ ਦਾ ਲਹੂ ਸਾਨੂੰ ਮੌਤ ਦੇ ਪੰਜੇ ਤੋਂ ਮੁਕਤ ਕਰਾ ਸਕਦਾ ਹੈ। “ਪਾਪ ਦੀ ਮਜੂਰੀ ਤਾਂ ਮੌਤ ਹੈ।” (ਰੋਮੀਆਂ 6:23) ਹਾਂ, ਪਾਪ ਦੀ ਸਜ਼ਾ ਮੌਤ ਹੈ। ਪਰਮੇਸ਼ੁਰ ਦੇ ਪੁੱਤਰ ਨੇ ਆਪਣੀ ਕੁਰਬਾਨੀ ਦੇ ਕੇ ਆਗਿਆਕਾਰ ਇਨਸਾਨਾਂ ਲਈ ਅਨੰਤ ਜ਼ਿੰਦਗੀ ਪਾਉਣ ਦਾ ਰਾਹ ਖੋਲ੍ਹਿਆ। ਅਸਲ ਵਿਚ, “ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੋ ਪੁੱਤ੍ਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ।”—ਯੂਹੰਨਾ 3:36.

ਧਿਆਨ ਦਿਓ ਕਿ ਅਸੀਂ ਤਦ ਹੀ ਮੌਤ ਤੋਂ ਛੁਟਕਾਰਾ ਪਾ ਸਕਦੇ ਹਾਂ ਜੇ ਅਸੀਂ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰਦੇ ਹਾਂ। ਉਸ ਉੱਤੇ ਨਿਹਚਾ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰ ਕੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਜੀਵੀਏ। ਜੇ ਅਸੀਂ ਕਿਸੇ ਗ਼ਲਤ ਰਾਹ ਤੇ ਚੱਲ ਰਹੇ ਹਾਂ, ਤਾਂ ਸਾਨੂੰ ਉਸ ਰਾਹ ਤੋਂ ਮੁੜ ਆਉਣਾ ਚਾਹੀਦਾ ਹੈ ਤੇ ਉਹੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਜੋ ਪਰਮੇਸ਼ੁਰ ਦੀ ਨਜ਼ਰ ਵਿਚ ਸਹੀ ਹੈ। ਪਤਰਸ ਰਸੂਲ ਨੇ ਕਿਹਾ ਸੀ ਕਿ “ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ।”—ਰਸੂਲਾਂ ਦੇ ਕਰਤੱਬ 3:19.

ਤੀਸਰਾ, ਯਿਸੂ ਦੇ ਲਹੂ ਕਰਕੇ ਸਾਨੂੰ ਦੋਸ਼ੀ ਅੰਤਹਕਰਣ ਤੋਂ ਵੀ ਰਿਹਾਈ ਮਿਲਦੀ ਹੈ। ਯਹੋਵਾਹ ਨੂੰ ਆਪਣਾ ਸਮਰਪਣ ਕਰ ਕੇ ਯਿਸੂ ਦੇ ਬਪਤਿਸਮਾ-ਪ੍ਰਾਪਤ ਚੇਲੇ ਬਣਨ ਵਾਲੇ ਲੋਕਾਂ ਨੂੰ ਆਰਾਮ ਮਿਲਦਾ ਹੈ। (ਮੱਤੀ 11:28-30) ਅਸੀਂ ਆਪਣੀਆਂ ਕਮਜ਼ੋਰੀਆਂ ਦੇ ਬਾਵਜੂਦ ਸ਼ੁੱਧ ਅੰਤਹਕਰਣ ਨਾਲ ਪਰਮੇਸ਼ੁਰ ਦੀ ਸੇਵਾ ਕਰ ਕੇ ਬੇਅੰਤ ਖ਼ੁਸ਼ੀ ਪਾਉਂਦੇ ਹਾਂ। (1 ਤਿਮੋਥਿਉਸ 3:9; 1 ਪਤਰਸ 3:21) ਜੇ ਅਸੀਂ ਆਪਣੇ ਪਾਪਾਂ ਦਾ ਇਕਬਾਲ ਕਰਦੇ ਹਾਂ ਅਤੇ ਉਨ੍ਹਾਂ ਤੋਂ ਤੋਬਾ ਕਰਦੇ ਹਾਂ, ਤਾਂ ਪਰਮੇਸ਼ੁਰ ਸਾਡੇ ਤੇ ਦਇਆ ਕਰਦਾ ਹੈ ਅਤੇ ਸਾਡਾ ਅੰਤਹਕਰਣ ਵੀ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ।—ਕਹਾਉਤਾਂ 28:13.

ਲਹੂ ਦੁਆਰਾ ਮਦਦ ਅਤੇ ਉਮੀਦ

ਚੌਥਾ, ਯਿਸੂ ਦੀ ਕੁਰਬਾਨੀ ਤੇ ਨਿਹਚਾ ਕਰਨ ਨਾਲ ਸਾਨੂੰ ਇਸ ਡਰ ਤੋਂ ਮੁਕਤੀ ਮਿਲਦੀ ਹੈ ਕਿ ਪਰਮੇਸ਼ੁਰ ਸਾਨੂੰ ਸ਼ੁੱਧ ਸਮਝਦਾ ਕਿ ਨਹੀਂ। ਯੂਹੰਨਾ ਰਸੂਲ ਨੇ ਲਿਖਿਆ: “ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ।” (1 ਯੂਹੰਨਾ 2:1) ਸਹਾਇਕ ਵਜੋਂ ਯਿਸੂ ਦੀ ਭੂਮਿਕਾ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਉਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ ਪੂਰਾ ਨਿਸਤਾਰਾ ਕਰ ਸੱਕਦਾ ਹੈ ਕਿਉਂ ਜੋ ਉਹ ਉਨ੍ਹਾਂ ਦੀ ਸਫ਼ਾਰਸ਼ ਕਰਨ ਨੂੰ ਸਦਾ ਜੀਉਂਦਾ ਹੈ।” (ਇਬਰਾਨੀਆਂ 7:25) ਜਦੋਂ ਤਕ ਸਾਡੇ ਸੁਭਾਅ ਵਿਚ ਪਾਪ ਕਰਨ ਦਾ ਥੋੜ੍ਹਾ ਜਿਹਾ ਵੀ ਝੁਕਾਅ ਹੈ, ਉਦੋਂ ਤਕ ਸਾਨੂੰ ਪ੍ਰਧਾਨ ਜਾਜਕ ਯਿਸੂ ਮਸੀਹ ਦੀ ਮਦਦ ਦੀ ਲੋੜ ਪਵੇਗੀ ਜੋ ਪਰਮੇਸ਼ੁਰ ਅੱਗੇ ਸ਼ੁੱਧ ਰਹਿਣ ਵਿਚ ਸਾਡੀ ਮਦਦ ਕਰੇਗਾ। ਯਿਸੂ ਨੇ ਪ੍ਰਧਾਨ ਜਾਜਕ ਦੇ ਤੌਰ ਤੇ ਸੇਵਾ ਕਿਵੇਂ ਕੀਤੀ?

ਯਿਸੂ ਨੇ ਇਨਸਾਨਾਂ ਦੀ ਰਿਹਾਈ ਦੀ ਕੀਮਤ ਭਰਨ ਲਈ ਧਰਤੀ ਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਸੰਨ 33 ਈ. ਵਿਚ ਦੁਬਾਰਾ ਜੀਉਂਦਾ ਹੋਣ ਤੋਂ 40 ਦਿਨਾਂ ਬਾਅਦ ਉਹ ਵਾਪਸ ਸਵਰਗ ਚਲਾ ਗਿਆ ਜਿੱਥੇ ਉਸ ਨੇ ਪਰਮੇਸ਼ੁਰ ਨੂੰ ਆਪਣੇ “ਅਮੋਲਕ ਲਹੂ” ਦੀ ਕੀਮਤ ਪੇਸ਼ ਕੀਤੀ। ਨਤੀਜੇ ਵਜੋਂ ਉਹ ਭਵਿੱਖ ਵਿਚ ਹੁਣ ਜਲਦੀ ਹੀ ਸਾਰੇ ਆਗਿਆਕਾਰ ਇਨਸਾਨਾਂ ਨੂੰ ਪਾਪ ਤੇ ਮੌਤ ਤੋਂ ਛੁਡਾ ਸਕੇਗਾ। * (1 ਪਤਰਸ 1:18, 19) ਇਸ ਲਈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਯਿਸੂ ਸਾਡੇ ਪਿਆਰ ਅਤੇ ਸਾਡੀ ਆਗਿਆਕਾਰਤਾ ਦਾ ਹੱਕਦਾਰ ਹੈ?

ਇਸ ਤੋਂ ਇਲਾਵਾ, ਯਹੋਵਾਹ ਪਰਮੇਸ਼ੁਰ ਵੀ ਸਾਡੇ ਪਿਆਰ ਅਤੇ ਸਾਡੀ ਆਗਿਆਕਾਰਤਾ ਦਾ ਹੱਕਦਾਰ ਹੈ। ਉਸ ਨੇ ਹੀ ਤਾਂ ‘ਨਿਸਤਾਰੇ’ ਦਾ ਇੰਤਜ਼ਾਮ ਕੀਤਾ ਸੀ। (1 ਕੁਰਿੰਥੀਆਂ 1:30) ਅਸੀਂ ਆਪਣੀ ਹੁਣ ਦੀ ਜ਼ਿੰਦਗੀ ਲਈ ਹੀ ਉਸ ਦੇ ਸ਼ੁਕਰਗੁਜ਼ਾਰ ਨਹੀਂ ਹਾਂ, ਸਗੋਂ ਅਨੰਤ ਜ਼ਿੰਦਗੀ ਲਈ ਵੀ ਉਸ ਦੇ ਅਹਿਸਾਨਮੰਦ ਹਾਂ। ਇਸ ਲਈ, ਸਾਡੇ ਕੋਲ ‘ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣ’ ਦਾ ਹਰ ਕਾਰਨ ਹੈ।—ਰਸੂਲਾਂ ਦੇ ਕਰਤੱਬ 5:29.

[ਫੁਟਨੋਟ]

^ ਪੈਰਾ 12 ਸਾਲ 2006 ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਕਲੰਡਰ ਉੱਤੇ ਮਾਰਚ/ਅਪ੍ਰੈਲ ਦੇ ਮਹੀਨਿਆਂ ਦੀ ਤਸਵੀਰ ਦੇਖੋ।

[ਸਫ਼ਾ 9 ਉੱਤੇ ਡੱਬੀ/ਤਸਵੀਰਾਂ]

ਕੀ ਤੁਹਾਨੂੰ ਪਤਾ?

• ਯਿਸੂ ਜ਼ੈਤੂਨ ਦੇ ਪਹਾੜ ਉੱਤੋਂ ਸਵਰਗ ਵਾਪਸ ਗਿਆ ਸੀ।—ਰਸੂਲਾਂ ਦੇ ਕਰਤੱਬ 1:9, 12.

• ਸਿਰਫ਼ ਯਿਸੂ ਦੇ ਵਫ਼ਾਦਾਰ ਰਸੂਲਾਂ ਨੇ ਹੀ ਉਸ ਨੂੰ ਸਵਰਗ ਵਾਪਸ ਜਾਂਦੇ ਦੇਖਿਆ ਸੀ।—ਰਸੂਲਾਂ ਦੇ ਕਰਤੱਬ 1:2, 11-13.