Skip to content

Skip to table of contents

ਅੱਯੂਬ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਅੱਯੂਬ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਅੱਯੂਬ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਅੱਯੂਬ ਊਸ ਦੇਸ਼ ਵਿਚ ਰਹਿੰਦਾ ਸੀ ਜਿਸ ਨੂੰ ਹੁਣ ਅਰਬ ਦੇਸ਼ ਕਿਹਾ ਜਾਂਦਾ ਹੈ। ਉਸ ਸਮੇਂ ਵੱਡੀ ਗਿਣਤੀ ਵਿਚ ਇਸਰਾਏਲੀ ਮਿਸਰ ਵਿਚ ਰਹਿੰਦੇ ਸਨ। ਭਾਵੇਂ ਅੱਯੂਬ ਇਸਰਾਏਲੀ ਨਹੀਂ ਸੀ, ਪਰ ਉਹ ਯਹੋਵਾਹ ਪਰਮੇਸ਼ੁਰ ਦਾ ਭਗਤ ਸੀ। ਉਸ ਬਾਰੇ ਬਾਈਬਲ ਕਹਿੰਦੀ ਹੈ: ‘ਪਿਰਥਵੀ ਵਿੱਚ ਉਹ ਦੇ ਜਿਹਾ ਕੋਈ ਨਹੀਂ। ਉਹ ਖਰਾ ਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।’ (ਅੱਯੂਬ 1:8) ਅੱਯੂਬ ਸ਼ਾਇਦ ਯਾਕੂਬ ਦੇ ਪੁੱਤਰ ਯੂਸੁਫ਼ ਦੀ ਮੌਤ ਤੋਂ ਬਾਅਦ ਅਤੇ ਮੂਸਾ ਦੇ ਨਬੀ ਦੇ ਨਾਤੇ ਸੇਵਾ ਕਰਨ ਤੋਂ ਪਹਿਲਾਂ ਜੀਉਂਦਾ ਸੀ।

ਕਿਹਾ ਜਾਂਦਾ ਹੈ ਕਿ ਮੂਸਾ ਨੇ ਅੱਯੂਬ ਦੀ ਪੋਥੀ ਲਿਖੀ ਸੀ। ਮੂਸਾ ਨੇ ਅੱਯੂਬ ਦੀ ਕਹਾਣੀ ਸ਼ਾਇਦ ਉਦੋਂ ਸੁਣੀ ਹੋਣੀ ਜਦ ਉਹ ਊਸ ਦੇਸ਼ ਦੇ ਲਾਗੇ ਮਿਦਯਾਨ ਵਿਚ 40 ਸਾਲ ਰਿਹਾ ਸੀ। ਹੋ ਸਕਦਾ ਹੈ ਕਿ ਮੂਸਾ ਨੇ ਅੱਯੂਬ ਦੇ ਆਖ਼ਰੀ ਸਾਲਾਂ ਬਾਰੇ ਉਸ ਵੇਲੇ ਸੁਣਿਆ ਹੋਣਾ ਜਦੋਂ ਇਸਰਾਏਲੀ 40 ਸਾਲ ਉਜਾੜ ਵਿਚ ਰਹਿਣ ਤੋਂ ਬਾਅਦ ਊਸ ਦੇਸ਼ ਲਾਗੇ ਆਏ ਸਨ। * ਮੂਸਾ ਨੇ ਅੱਯੂਬ ਦੀ ਕਹਾਣੀ ਨੂੰ ਇੰਨੇ ਸੋਹਣੇ ਤਰੀਕੇ ਨਾਲ ਲਿਖਿਆ ਕਿ ਇਕ ਅੰਗ੍ਰੇਜ਼ ਕਵੀ ਨੇ ਇਸ ਪੋਥੀ ਨੂੰ ਸਾਹਿੱਤ ਕਲਾ ਦਾ ਬਿਹਤਰੀਨ ਨਮੂਨਾ ਕਿਹਾ। ਪਰ ਇਹ ਪੋਥੀ ਸਿਰਫ਼ ਸਾਹਿੱਤ ਕਲਾ ਦਾ ਬਿਹਤਰੀਨ ਨਮੂਨਾ ਹੀ ਨਹੀਂ ਹੈ। ਇਸ ਵਿਚ ਅਜਿਹੇ ਕੁਝ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ: ਚੰਗੇ ਲੋਕਾਂ ਉੱਤੇ ਦੁੱਖ ਕਿਉਂ ਆਉਂਦੇ ਹਨ? ਯਹੋਵਾਹ ਨੇ ਅਜੇ ਤਕ ਬੁਰਾਈ ਨੂੰ ਖ਼ਤਮ ਕਿਉਂ ਨਹੀਂ ਕੀਤਾ ਹੈ? ਕੀ ਪਾਪੀ ਇਨਸਾਨ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿ ਸਕਦੇ ਹਨ? ਪਰਮੇਸ਼ੁਰ ਦੇ ਬਚਨ ਦਾ ਹਿੱਸਾ ਹੋਣ ਕਰਕੇ ਅੱਯੂਬ ਦੀ ਪੋਥੀ ਸਾਡੇ ਸਮੇਂ ਲਈ ਗੁਣਕਾਰ ਹੈ।—ਇਬਰਾਨੀਆਂ 4:12.

‘ਮੇਰੇ ਜੰਮਣ ਦਾ ਦਿਨ ਨਾਸ ਹੋਵੇ’

(ਅੱਯੂਬ 1:1–3:26)

ਇਕ ਦਿਨ ਸ਼ਤਾਨ ਨੇ ਯਹੋਵਾਹ ਸਾਮ੍ਹਣੇ ਅੱਯੂਬ ਦੀ ਵਫ਼ਾਦਾਰੀ ਤੇ ਸਵਾਲ ਖੜ੍ਹਾ ਕੀਤਾ। ਯਹੋਵਾਹ ਨੇ ਉਸ ਦੀ ਚੁਣੌਤੀ ਨੂੰ ਸਵੀਕਾਰਿਆ ਤੇ ਸ਼ਤਾਨ ਨੂੰ ਅੱਯੂਬ ਉੱਤੇ ਜ਼ੁਲਮ ਢਾਹੁਣ ਦੀ ਇਜਾਜ਼ਤ ਦਿੱਤੀ। ਪਰ ਜ਼ੁਲਮ ਸਹਿੰਦਿਆਂ ਵੀ ਅੱਯੂਬ ਨੇ ਯਹੋਵਾਹ ਨੂੰ ‘ਫਿਟਕਾਰਿਆ’ ਨਹੀਂ।—ਅੱਯੂਬ 2:9.

ਅੱਯੂਬ ਦੇ ਤਿੰਨ ਦੋਸਤ “ਉਹ ਦਾ ਦੁੱਖ ਵੰਡਾਉਣ” ਆਏ। (ਅੱਯੂਬ 2:11) ਉਹ ਕਈ ਦਿਨਾਂ ਤਕ ਅੱਯੂਬ ਨਾਲ ਚੁੱਪ-ਚਾਪ ਬੈਠੇ ਰਹੇ। ਅਖ਼ੀਰ ਅੱਯੂਬ ਨੇ ਚੁੱਪ ਤੋੜਦਿਆਂ ਕਿਹਾ: “ਨਾਸ ਹੋਵੇ ਉਹ ਦਿਨ ਜਿਹ ਦੇ ਵਿੱਚ ਮੈਂ ਜੰਮਿਆ।” (ਅੱਯੂਬ 3:3) ਉਸ ਨੇ ਚਾਹਿਆ ਕਿ ਉਹ ਮਰੇ ਪੈਦਾ ਹੋਣ ਵਾਲੇ ਉਨ੍ਹਾਂ “ਮਸੂਮਾਂ ਵਾਂਙੁ” ਹੁੰਦਾ “ਜਿਨ੍ਹਾਂ ਨੇ ਚਾਨਣਾ ਵੇਖਿਆ ਹੀ ਨਹੀਂ।”—ਅੱਯੂਬ 3:11, 16.

ਕੁਝ ਸਵਾਲਾਂ ਦੇ ਜਵਾਬ:

1:4—ਕੀ ਅੱਯੂਬ ਦੇ ਬੱਚੇ ਜਨਮ-ਦਿਨ ਮਨਾਉਂਦੇ ਸਨ? ਨਹੀਂ, ਉਹ ਜਨਮ-ਦਿਨ ਨਹੀਂ ਮਨਾਉਂਦੇ ਸਨ। ਇਬਰਾਨੀ ਭਾਸ਼ਾ ਵਿਚ ‘ਦਿਨ’ ਅਤੇ “ਜਨਮ ਦਿਨ” ਲਈ ਵਰਤੇ ਗਏ ਸ਼ਬਦਾਂ ਦੇ ਮਤਲਬ ਅਲੱਗ-ਅਲੱਗ ਹਨ। (ਉਤਪਤ 40:20) ਅੱਯੂਬ 1:4 ਵਿਚ ‘ਦਿਨ’ ਸ਼ਬਦ ਦਾ ਮਤਲਬ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤਕ ਹੈ। ਅੱਯੂਬ ਦੇ ਸੱਤ ਪੁੱਤਰ ਸਾਲ ਵਿਚ ਸੱਤ ਦਿਨ ਪੂਰੇ ਪਰਿਵਾਰ ਨੂੰ ਦਾਅਵਤਾਂ ਦਿੰਦੇ ਸਨ। ਆਪਣੀ ਵਾਰੀ ਅਨੁਸਾਰ ਸਾਰੇ ਪੁੱਤਰ “ਆਪਣੇ ਆਪਣੇ ਦਿਨਾਂ ਤੇ” ਆਪਣੇ ਘਰ ਬਾਕੀਆਂ ਨੂੰ ਦਾਅਵਤ ਤੇ ਬੁਲਾਉਂਦੇ ਸਨ।

1:6; 2:1—ਯਹੋਵਾਹ ਅੱਗੇ ਆਉਣ ਦੀ ਇਜਾਜ਼ਤ ਕਿਨ੍ਹਾਂ ਨੂੰ ਸੀ? ਯਹੋਵਾਹ ਦੀ ਹਜ਼ੂਰੀ ਵਿਚ ਖੜ੍ਹੇ ਹੋਣ ਦੀ ਇਜਾਜ਼ਤ ਉਸ ਦੇ ਇਕਲੌਤੇ ਪੁੱਤਰ ਯਿਸੂ ਮਸੀਹ, ਸਾਰੇ ਵਫ਼ਾਦਾਰ ਦੂਤਾਂ ਅਤੇ “ਪਰਮੇਸ਼ੁਰ ਦੇ” ਅਣਆਗਿਆਕਾਰ ‘ਪੁੱਤ੍ਰਾਂ’ ਯਾਨੀ ਸ਼ਤਾਨ ਤੇ ਹੋਰ ਬਾਗ਼ੀ ਦੂਤਾਂ ਨੂੰ ਸੀ। (ਯੂਹੰਨਾ 1:1, 18) ਸਾਲ 1914 ਵਿਚ ਪਰਮੇਸ਼ੁਰ ਦਾ ਰਾਜ ਸਥਾਪਿਤ ਹੋਣ ਤੋਂ ਕੁਝ ਸਮੇਂ ਬਾਅਦ ਤਕ ਸ਼ਤਾਨ ਤੇ ਉਸ ਦੇ ਬਾਗ਼ੀ ਦੂਤਾਂ ਨੂੰ ਸਵਰਗੋਂ ਨਹੀਂ ਕੱਢਿਆ ਗਿਆ ਸੀ। (ਪਰਕਾਸ਼ ਦੀ ਪੋਥੀ 12:1-12) ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਹਜ਼ੂਰੀ ਵਿਚ ਆਉਣ ਦੀ ਇਜਾਜ਼ਤ ਦੇ ਕੇ ਸ਼ਤਾਨ ਦੀ ਲਲਕਾਰ ਅਤੇ ਇਸ ਨਾਲ ਪੈਦਾ ਹੋਏ ਮਸਲਿਆਂ ਨੂੰ ਸਾਰੇ ਦੂਤਾਂ ਸਾਮ੍ਹਣੇ ਲਿਆਂਦਾ।

1:7; 2:2—ਕੀ ਯਹੋਵਾਹ ਸ਼ਤਾਨ ਨਾਲ ਸਿੱਧਾ ਗੱਲ ਕਰਦਾ ਸੀ? ਬਾਈਬਲ ਵਿਚ ਇਸ ਬਾਰੇ ਜ਼ਿਆਦਾ ਨਹੀਂ ਦੱਸਿਆ ਹੈ ਕਿ ਯਹੋਵਾਹ ਦੂਤਾਂ ਨਾਲ ਕਿਵੇਂ ਗੱਲ ਕਰਦਾ ਹੈ। ਪਰ ਮੀਕਾਯਾਹ ਨਬੀ ਨੇ ਇਕ ਦਰਸ਼ਣ ਵਿਚ ਇਕ ਦੂਤ ਨੂੰ ਯਹੋਵਾਹ ਨਾਲ ਸਿੱਧਾ ਗੱਲ ਕਰਦੇ ਦੇਖਿਆ ਸੀ। (1 ਰਾਜਿਆਂ 22:14, 19-23) ਇਸ ਤੋਂ ਲੱਗਦਾ ਹੈ ਕਿ ਯਹੋਵਾਹ ਸ਼ਾਇਦ ਕਿਸੇ ਵਿਚੋਲੇ ਤੋਂ ਬਿਨਾਂ ਹੀ ਸ਼ਤਾਨ ਨਾਲ ਗੱਲ ਕਰਦਾ ਸੀ।

1:21—ਅੱਯੂਬ ਆਪਣੀ “ਮਾਤਾ ਦੇ ਪੇਟ” ਵਿਚ ਵਾਪਸ ਕਿਵੇਂ ਜਾ ਸਕਦਾ ਸੀ? ਯਹੋਵਾਹ ਨੇ ਇਨਸਾਨ ਨੂੰ “ਜ਼ਮੀਨ ਦੀ ਮਿੱਟੀ ਤੋਂ” ਰਚਿਆ ਸੀ, ਇਸ ਲਈ ਸ਼ਬਦ “ਮਾਤਾ” ਇੱਥੇ ਧਰਤੀ ਨੂੰ ਦਰਸਾਉਣ ਲਈ ਇਸਤੇਮਾਲ ਕੀਤਾ ਗਿਆ ਹੈ।—ਉਤਪਤ 2:7.

2:9—ਅੱਯੂਬ ਦੀ ਪਤਨੀ ਦੇ ਮਨ ਦੀ ਹਾਲਤ ਕੀ ਸੀ ਜਦੋਂ ਉਸ ਨੇ ਆਪਣੇ ਪਤੀ ਨੂੰ ਪਰਮੇਸ਼ੁਰ ਨੂੰ ਫਿਟਕਾਰਨ ਤੇ ਮਰ ਜਾਣ ਲਈ ਕਿਹਾ ਸੀ? ਅੱਯੂਬ ਵਾਂਗ ਉਸ ਨੇ ਵੀ ਆਪਣਾ ਘਰ-ਬਾਰ ਗੁਆਇਆ ਸੀ। ਆਪਣੇ ਪਤੀ ਨੂੰ ਘਿਣਾਉਣੀ ਬੀਮਾਰੀ ਨਾਲ ਤੜਫਦਾ ਦੇਖ ਕੇ ਉਸ ਦਾ ਦਿਲ ਕਿੰਨਾ ਦੁਖਦਾ ਹੋਣਾ। ਉਸ ਦੀ ਕੁੱਖ ਉੱਜੜ ਗਈ ਸੀ। ਇਸ ਸਭ ਕਰਕੇ ਉਹ ਵੀ ਇੰਨੀ ਦੁਖੀ ਹੋਣੀ ਕਿ ਉਸ ਨੂੰ ਇਹ ਗੱਲ ਭੁੱਲ ਗਈ ਕਿ ਇਨਸਾਨ ਦਾ ਪਰਮੇਸ਼ੁਰ ਨਾਲ ਰਿਸ਼ਤਾ ਸਭ ਤੋਂ ਜ਼ਰੂਰੀ ਚੀਜ਼ ਹੈ।

ਸਾਡੇ ਲਈ ਸਬਕ:

1:8-11; 2:3-5. ਅੱਯੂਬ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਖਰਿਆਈ ਰੱਖਣ ਲਈ ਸਹੀ ਕੰਮ ਕਰਨ ਤੇ ਸਹੀ ਗੱਲਾਂ ਕਰਨ ਦੇ ਨਾਲ-ਨਾਲ ਸਹੀ ਮਨੋਰਥ ਨਾਲ ਯਹੋਵਾਹ ਦੀ ਸੇਵਾ ਕਰਨੀ ਵੀ ਜ਼ਰੂਰੀ ਹੈ।

1:21, 22. ਚੰਗੇ-ਮਾੜੇ ਹਾਲਾਤਾਂ ਵਿਚ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਅਸੀਂ ਸ਼ਤਾਨ ਨੂੰ ਝੂਠਾ ਸਾਬਤ ਕਰ ਸਕਦੇ ਹਾਂ।—ਕਹਾਉਤਾਂ 27:11.

2:9, 10. ਅੱਯੂਬ ਵਾਂਗ ਸਾਨੂੰ ਆਪਣੀ ਨਿਹਚਾ ਮਜ਼ਬੂਤ ਰੱਖਣੀ ਚਾਹੀਦੀ ਹੈ, ਉਦੋਂ ਵੀ ਜਦੋਂ ਸਾਡੇ ਘਰ ਦੇ ਸਾਡੀ ਭਗਤੀ ਨੂੰ ਪਸੰਦ ਨਹੀਂ ਕਰਦੇ ਜਾਂ ਸਾਡੇ ਤੇ ਦਬਾਅ ਪਾਉਣ ਕਿ ਅਸੀਂ ਆਪਣੇ ਵਿਸ਼ਵਾਸਾਂ ਦਾ ਸਮਝੌਤਾ ਕਰੀਏ ਜਾਂ ਯਹੋਵਾਹ ਦੀ ਭਗਤੀ ਕਰਨੀ ਛੱਡ ਦੇਈਏ।

2:13. ਅੱਯੂਬ ਦੇ ਦੋਸਤਾਂ ਨੇ ਪਰਮੇਸ਼ੁਰ ਅਤੇ ਉਸ ਦੇ ਵਾਅਦਿਆਂ ਬਾਰੇ ਕੁਝ ਨਹੀਂ ਕਿਹਾ ਕਿਉਂਕਿ ਉਨ੍ਹਾਂ ਨੇ ਪੂਰੇ ਮਾਮਲੇ ਨੂੰ ਪਰਮੇਸ਼ੁਰ ਦੀ ਨਜ਼ਰ ਤੋਂ ਨਹੀਂ ਦੇਖਿਆ ਸੀ।

‘ਮੈਂ ਆਪਣੀ ਖਰਿਆਈ ਨਾ ਛੱਡਾਂਗਾ’

(ਅੱਯੂਬ 4:1–31:40)

ਅੱਯੂਬ ਦੇ ਤਿੰਨ ਦੋਸਤਾਂ ਨੇ ਮੁੱਖ ਤੌਰ ਤੇ ਕਿਹਾ ਕਿ ਅੱਯੂਬ ਨੇ ਕੋਈ ਬਹੁਤ ਹੀ ਬੁਰਾ ਕੰਮ ਕੀਤਾ ਹੋਣਾ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ। ਪਹਿਲਾਂ ਅਲੀਫ਼ਜ਼ ਨੇ ਗੱਲ ਕੀਤੀ। ਉਸ ਤੋਂ ਬਾਅਦ ਬਿਲਦਦ ਨੇ। ਉਸ ਦੀਆਂ ਗੱਲਾਂ ਅਲੀਫ਼ਜ਼ ਦੀਆਂ ਗੱਲਾਂ ਨਾਲੋਂ ਜ਼ਿਆਦਾ ਦਿਲ ਨੂੰ ਸੱਟ ਲਾਉਣ ਵਾਲੀਆਂ ਸਨ। ਸੋਫ਼ਰ ਨੇ ਤਾਂ ਹੱਦ ਹੀ ਕਰ ਦਿੱਤੀ।

ਅੱਯੂਬ ਨੇ ਉਨ੍ਹਾਂ ਦੇ ਝੂਠੇ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਸੀ। ਉਸ ਨੂੰ ਇਹ ਸਮਝ ਨਹੀਂ ਆਇਆ ਸੀ ਕਿ ਪਰਮੇਸ਼ੁਰ ਨੇ ਉਸ ਉੱਤੇ ਇੰਨੇ ਦੁੱਖ ਕਿਉਂ ਆਉਣ ਦਿੱਤੇ ਸਨ, ਇਸ ਲਈ ਉਹ ਆਪਣੀ ਸਫ਼ਾਈ ਪੇਸ਼ ਕਰਨ ਵਿਚ ਹੀ ਲੱਗਾ ਰਿਹਾ। ਪਰ ਅੱਯੂਬ ਦਾ ਯਹੋਵਾਹ ਲਈ ਪਿਆਰ ਘਟਿਆ ਨਹੀਂ ਤੇ ਉਸ ਨੇ ਕਿਹਾ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।”—ਅੱਯੂਬ 27:5.

ਕੁਝ ਸਵਾਲਾਂ ਦੇ ਜਵਾਬ:

7:9, 10; 10:21; 16:22—ਕੀ ਇਨ੍ਹਾਂ ਆਇਤਾਂ ਤੋਂ ਇੱਦਾਂ ਲੱਗਦਾ ਹੈ ਕਿ ਅੱਯੂਬ ਨੂੰ ਦੁਬਾਰਾ ਜੀ ਉੱਠਣ ਵਿਚ ਵਿਸ਼ਵਾਸ ਨਹੀਂ ਸੀ? ਇਹ ਗੱਲਾਂ ਅੱਯੂਬ ਨੇ ਆਪਣੇ ਨੇੜਲੇ ਭਵਿੱਖ ਬਾਰੇ ਕਹੀਆਂ ਸਨ। ਉਹ ਇੱਥੇ ਕੀ ਕਹਿ ਰਿਹਾ ਸੀ? ਉਹ ਸ਼ਾਇਦ ਕਹਿ ਰਿਹਾ ਸੀ ਕਿ ਜੇ ਉਹ ਮਰ ਜਾਂਦਾ, ਤਾਂ ਉਸ ਨੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਦੀਆਂ ਅੱਖਾਂ ਤੋਂ ਓਹਲੇ ਹੋ ਜਾਣਾ ਸੀ। ਉਨ੍ਹਾਂ ਅਨੁਸਾਰ ਉਹ ਨਾ ਤਾਂ ਆਪਣੇ ਘਰ ਵਾਪਸ ਮੁੜੇਗਾ ਅਤੇ ਨਾ ਹੀ ਪਰਮੇਸ਼ੁਰ ਦੇ ਠਹਿਰਾਏ ਹੋਏ ਸਮੇਂ ਤਕ ਕੋਈ ਉਸ ਨੂੰ ਦੇਖ ਸਕੇਗਾ। ਅੱਯੂਬ ਸ਼ਾਇਦ ਇਹ ਵੀ ਕਹਿ ਰਿਹਾ ਸੀ ਕਿ ਕੋਈ ਵੀ ਇਨਸਾਨ ਆਪਣੇ ਆਪ ਮੌਤ ਤੋਂ ਬਾਅਦ ਵਾਪਸ ਨਹੀਂ ਆ ਸਕਦਾ। ਅੱਯੂਬ 14:13-15 ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੱਯੂਬ ਨੂੰ ਭਵਿੱਖ ਵਿਚ ਹੋਣ ਵਾਲੇ ਪੁਨਰ-ਉਥਾਨ ਵਿਚ ਵਿਸ਼ਵਾਸ ਸੀ।

10:10—ਯਹੋਵਾਹ ਨੇ ਅੱਯੂਬ ਨੂੰ ਕਿਵੇਂ ‘ਦੁੱਧ ਵਾਂਙੁ ਡੋਹਲਿਆ, ਅਤੇ ਦਹੀਂ ਵਾਂਙੁ ਜਮਾਇਆ’? ਅੱਯੂਬ ਆਪਣੀ ਮਾਂ ਦੀ ਕੁੱਖ ਵਿਚ ਕਿੱਦਾਂ ਰਚਿਆ ਗਿਆ ਸੀ, ਇਸ ਬਾਰੇ ਦੱਸਣ ਦਾ ਇਹ ਇਕ ਕਾਵਿਕ ਤਰੀਕਾ ਸੀ।

19:20—ਅੱਯੂਬ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਮੈਂ ਆਪਣੇ ਦੰਦਾਂ ਦੀ ਖੱਲ ਨਾਲ ਬਚ ਗਿਆ”? ਦੇਖਣ ਵਿਚ ਜਿਸ ਚੀਜ਼ ਦੀ ਖੱਲ ਹੈ ਹੀ ਨਹੀਂ, ਉਸ ਚੀਜ਼ ਦੀ ਖੱਲ ਨਾਲ ਬਚਣ ਤੋਂ ਅੱਯੂਬ ਦਾ ਸ਼ਾਇਦ ਮਤਲਬ ਸੀ ਕਿ ਉਹ ਮਸਾਂ ਹੀ ਮਰਨੋਂ ਬਚਿਆ।

ਸਾਡੇ ਲਈ ਸਬਕ:

4:7, 8; 8:5, 6; 11:13-15. ਸਾਨੂੰ ਝੱਟ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਦੁੱਖਾਂ ਵਿਚ ਘਿਰਿਆ ਵਿਅਕਤੀ ਉਹੀ ਵੱਢ ਰਿਹਾ ਹੈ ਜੋ ਉਸ ਨੇ ਬੀਜਿਆ ਹੈ ਅਤੇ ਪਰਮੇਸ਼ੁਰ ਉਸ ਨਾਲ ਨਾਰਾਜ਼ ਹੈ।

4:18, 19; 22:2, 3. ਸਾਡੀ ਸਲਾਹ ਪਰਮੇਸ਼ੁਰ ਦੇ ਬਚਨ ਤੇ ਆਧਾਰਿਤ ਹੋਣੀ ਚਾਹੀਦੀ ਹੈ, ਨਾ ਕਿ ਆਪਣੇ ਨਿੱਜੀ ਵਿਚਾਰਾਂ ਤੇ।—2 ਤਿਮੋਥਿਉਸ 3:16.

10:1. ਦੁੱਖਾਂ ਕਰਕੇ ਸ਼ਾਇਦ ਅੱਯੂਬ ਦੇ ਮਨ ਵਿਚ ਕੁੜੱਤਣ ਭਰ ਗਈ ਸੀ ਜਿਸ ਕਰਕੇ ਉਸ ਨੇ ਆਪਣੇ ਦੁੱਖਾਂ ਦਾ ਸਹੀ ਕਾਰਨ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਦੁੱਖਾਂ ਵਿਚ ਘਿਰੇ ਹੋਣ ਕਰਕੇ ਸਾਨੂੰ ਆਪਣੇ ਦਿਲ ਵਿਚ ਕੁੜੱਤਣ ਪੈਦਾ ਨਹੀਂ ਕਰਨੀ ਚਾਹੀਦੀ, ਖ਼ਾਸ ਕਰਕੇ ਕਿਉਂਕਿ ਸਾਨੂੰ ਦੁੱਖਾਂ ਦਾ ਅਸਲੀ ਕਾਰਨ ਪਤਾ ਹੈ।

14:7, 13-15; 19:25; 33:24. ਸ਼ਤਾਨ ਸਾਡੇ ਤੇ ਭਾਵੇਂ ਜੋ ਮਰਜ਼ੀ ਦੁੱਖ ਲਿਆਵੇ, ਪਰ ਮੁੜ ਜੀ ਉੱਠਣ ਦੀ ਉਮੀਦ ਸਾਨੂੰ ਮੌਤ ਦਾ ਵੀ ਸਾਮ੍ਹਣਾ ਕਰਨ ਦੀ ਤਾਕਤ ਦੇ ਸਕਦੀ ਹੈ।

16:5; 19:2. ਸਾਨੂੰ ਆਪਣੀਆਂ ਗੱਲਾਂ ਨਾਲ ਦੂਸਰਿਆਂ ਨੂੰ ਹੌਸਲਾ ਦੇਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦਾ ਹੌਸਲਾ ਢਾਹੁਣਾ ਚਾਹੀਦਾ ਹੈ।—ਕਹਾਉਤਾਂ 18:21.

22:5-7. ਬਿਨਾਂ ਕਿਸੇ ਸਬੂਤ ਤੋਂ ਕਿਸੇ ਉੱਤੇ ਦੋਸ਼ ਲਾਉਣਾ ਤੇ ਉਸ ਨੂੰ ਸਲਾਹ ਦੇਣੀ ਬੇਕਾਰ ਹੁੰਦੀ ਹੈ ਤੇ ਇਸ ਦਾ ਦੂਸਰੇ ਬੰਦੇ ਤੇ ਮਾੜਾ ਅਸਰ ਪੈ ਸਕਦਾ ਹੈ।

27:2; 30:20, 21. ਅੱਯੂਬ ਨੇ ਬਿਨਾਂ ਵਜ੍ਹਾ ਪਰਮੇਸ਼ੁਰ ਦੀ ਨਿਖੇਧੀ ਕੀਤੀ। ਪਰਮੇਸ਼ੁਰ ਖ਼ੁਸ਼ ਹੁੰਦਾ ਹੈ ਜਦੋਂ ਨਾਮੁਕੰਮਲ ਇਨਸਾਨ ਖਰਿਆਈ ਬਣਾਈ ਰੱਖਦੇ ਹਨ।

27:5. ਖਰਿਆਈ ਰੱਖਣੀ ਜਾਂ ਨਾ ਰੱਖਣੀ ਅੱਯੂਬ ਦੇ ਹੱਥ ਵਿਚ ਸੀ ਕਿਉਂਕਿ ਇਕ ਵਿਅਕਤੀ ਦੀ ਖਰਿਆਈ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਪਰਮੇਸ਼ੁਰ ਨੂੰ ਕਿੰਨਾ ਕੁ ਪਿਆਰ ਕਰਦਾ ਹੈ। ਇਸ ਲਈ ਸਾਨੂੰ ਆਪਣੀ ਖਰਿਆਈ ਕਾਇਮ ਰੱਖਣ ਵਾਸਤੇ ਯਹੋਵਾਹ ਨਾਲ ਗੂੜ੍ਹਾ ਪਿਆਰ ਕਰਨਾ ਚਾਹੀਦਾ ਹੈ।

28:1-28. ਇਨਸਾਨ ਜਾਣਦਾ ਹੈ ਕਿ ਧਰਤੀ ਵਿਚ ਕਿੱਥੇ ਖ਼ਜ਼ਾਨੇ ਹਨ। ਇਨ੍ਹਾਂ ਖ਼ਜ਼ਾਨਿਆਂ ਦੀ ਭਾਲ ਵਿਚ ਉਹ ਆਪਣੀ ਸਿਆਣਪ ਨਾਲ ਧਰਤੀ ਦੇ ਅੰਦਰ ਵੀ ਚਲਾ ਜਾਂਦਾ ਹੈ ਜਿੱਥੇ ਸ਼ਿਕਾਰੀ ਪੰਛੀ ਦੀ ਤੇਜ਼ ਨਜ਼ਰ ਵੀ ਦੇਖ ਨਹੀਂ ਸਕਦੀ। ਪਰ ਪਰਮੇਸ਼ੁਰੀ ਬੁੱਧ ਯਹੋਵਾਹ ਤੋਂ ਡਰਨ ਨਾਲ ਹੀ ਮਿਲਦੀ ਹੈ।

29:12-15. ਸਾਨੂੰ ਖ਼ੁਸ਼ੀ-ਖ਼ੁਸ਼ੀ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।

31:1, 9-28. ਅੱਯੂਬ ਨੇ ਕਦੇ ਵੀ ਪਰਾਈਆਂ ਔਰਤਾਂ ਨਾਲ ਚੁਹਲਬਾਜ਼ੀ ਨਹੀਂ ਕੀਤੀ, ਨਾ ਹੀ ਵਿਭਚਾਰ ਕੀਤਾ ਜਾਂ ਦੂਸਰਿਆਂ ਨਾਲ ਅਨਿਆਂ ਜਾਂ ਬਦਸਲੂਕੀ ਕੀਤੀ। ਉਹ ਪੈਸੇ ਦੇ ਪ੍ਰੇਮ ਤੇ ਮੂਰਤੀ-ਪੂਜਾ ਤੋਂ ਵੀ ਬਚਿਆ ਰਿਹਾ। ਇਨ੍ਹਾਂ ਗੱਲਾਂ ਵਿਚ ਉਸ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ।

“ਮੈਂ ਖ਼ਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ”

(ਅੱਯੂਬ 32:1–42:17)

ਅਲੀਹੂ ਨਾਂ ਦਾ ਇਕ ਨੌਜਵਾਨ ਇਕ ਪਾਸੇ ਬੈਠਾ ਧੀਰਜ ਨਾਲ ਅੱਯੂਬ ਤੇ ਉਸ ਦੇ ਦੋਸਤਾਂ ਦੀਆਂ ਗੱਲਾਂ ਸੁਣਦਾ ਰਿਹਾ। ਉਨ੍ਹਾਂ ਦੇ ਚੁੱਪ ਕਰ ਜਾਣ ਤੇ ਉਸ ਨੇ ਗੱਲ ਕੀਤੀ। ਉਸ ਨੇ ਅੱਯੂਬ ਤੇ ਉਸ ਦੇ ਦੋਸਤਾਂ ਨੂੰ ਝਾੜਿਆ।

ਅਲੀਹੂ ਦੇ ਗੱਲ ਖ਼ਤਮ ਕਰਨ ਤੇ ਯਹੋਵਾਹ ਨੇ ਇਕ ਵਾਵਰੋਲੇ ਵਿੱਚੋਂ ਜਵਾਬ ਦਿੱਤਾ। ਉਸ ਨੇ ਅੱਯੂਬ ਦੇ ਦੁੱਖਾਂ ਦਾ ਕੋਈ ਕਾਰਨ ਨਹੀਂ ਦੱਸਿਆ। ਪਰ ਕਈ ਸਵਾਲ ਪੁੱਛ ਕੇ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਅੱਯੂਬ ਨੂੰ ਆਪਣੀ ਅਸੀਮ ਸ਼ਕਤੀ ਤੇ ਬੁੱਧ ਤੋਂ ਜਾਣੂ ਕਰਾਇਆ। ਅੱਯੂਬ ਨੇ ਮੰਨਿਆ ਕਿ ਉਹ ਬਿਨਾਂ ਸੋਚੇ-ਸਮਝੇ ਬੋਲਿਆ ਤੇ ਕਿਹਾ: “ਮੈਂ ਖ਼ਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ!” (ਅੱਯੂਬ 42:6) ਅੱਯੂਬ ਦੀ ਪਰੀਖਿਆ ਖ਼ਤਮ ਹੋਣ ਤੇ ਯਹੋਵਾਹ ਨੇ ਉਸ ਨੂੰ ਉਸ ਦੀ ਵਫ਼ਾਦਾਰੀ ਦਾ ਇਨਾਮ ਦਿੱਤਾ।

ਕੁਝ ਸਵਾਲਾਂ ਦੇ ਜਵਾਬ:

32:1-3—ਅਲੀਹੂ ਕਦੋਂ ਆਇਆ ਸੀ? ਅਲੀਹੂ ਨੇ ਅੱਯੂਬ ਤੇ ਉਸ ਦੇ ਦੋਸਤਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਸਨ। ਇਸ ਦਾ ਮਤਲਬ ਹੈ ਕਿ ਉਹ ਅੱਯੂਬ ਦੁਆਰਾ ਆਪਣੇ ਤਿੰਨ ਦੋਸਤਾਂ ਦੀ ਸੱਤ ਦਿਨਾਂ ਦੀ ਚੁੱਪ ਤੋੜਨ ਤੋਂ ਕੁਝ ਸਮਾਂ ਪਹਿਲਾਂ ਉੱਥੇ ਆਇਆ ਸੀ।—ਅੱਯੂਬ 3:1, 2.

34:7—ਅੱਯੂਬ ਉਸ ਇਨਸਾਨ ਵਰਗਾ ਕਿਵੇਂ ਸੀ ਜਿਸ ਨੇ ‘ਠੱਠਿਆਂ ਨੂੰ ਪਾਣੀ ਵਾਂਙੁ ਪੀਤਾ’? ਅੱਯੂਬ ਦੇ ਦੋਸਤਾਂ ਨੇ ਯਹੋਵਾਹ ਦੇ ਖ਼ਿਲਾਫ਼ ਗੱਲ ਕੀਤੀ ਸੀ, ਪਰ ਦੁੱਖਾਂ ਨਾਲ ਘਿਰੇ ਅੱਯੂਬ ਨੇ ਸੋਚਿਆ ਕਿ ਉਸ ਦੇ ਦੋਸਤ ਉਸ ਨੂੰ ਠੱਠਾ ਕਰ ਰਹੇ ਸਨ। (ਅੱਯੂਬ 42:7) ਉਨ੍ਹਾਂ ਦੀਆਂ ਚੁਭਵੀਆਂ ਗੱਲਾਂ ਉਸ ਦੇ ਦਿਲ ਵਿਚ ਇਸ ਤਰ੍ਹਾਂ ਉੱਤਰ ਗਈਆਂ ਜਿਵੇਂ ਪਾਣੀ ਗਲੇ ਵਿੱਚੋਂ ਝੱਟ ਉੱਤਰ ਜਾਂਦਾ ਹੈ।

ਸਾਡੇ ਲਈ ਸਬਕ:

32:8, 9. ਉਮਰ ਦੇ ਵਧਣ ਨਾਲ ਹੀ ਇਨਸਾਨ ਬੁੱਧੀਮਾਨ ਨਹੀਂ ਬਣ ਜਾਂਦਾ। ਬੁੱਧੀਮਾਨ ਬਣਨ ਲਈ ਪਰਮੇਸ਼ੁਰ ਦੇ ਬਚਨ ਦੀ ਸਮਝ ਹੋਣੀ ਤੇ ਉਸ ਦੀ ਪਵਿੱਤਰ ਆਤਮਾ ਦੀ ਅਗਵਾਈ ਵਿਚ ਚੱਲਣਾ ਜ਼ਰੂਰੀ ਹੈ।

34:36. ‘ਅੰਤ ਤੀਕ ਪਰਤਾਏ ਜਾਣ’ ਤੇ ਸਾਡੀ ਨਿਹਚਾ ਦੀ ਪਰਖ ਹੁੰਦੀ ਹੈ।

35:2. ਅਲੀਹੂ ਨੇ ਸੋਚ-ਸਮਝ ਕੇ ਗੱਲ ਕੀਤੀ ਤੇ ਗੱਲ ਕਰਨ ਤੋਂ ਪਹਿਲਾਂ ਉਸ ਨੇ ਦੇਖਿਆ ਕਿ ਅਸਲ ਮਸਲਾ ਕੀ ਸੀ। (ਅੱਯੂਬ 10:7; 16:7; 34:5) ਸਲਾਹ ਦੇਣ ਤੋਂ ਪਹਿਲਾਂ, ਮਸੀਹੀ ਬਜ਼ੁਰਗਾਂ ਨੂੰ ਧਿਆਨ ਨਾਲ ਗੱਲ ਸੁਣਨੀ ਚਾਹੀਦੀ ਹੈ, ਸਾਰੇ ਤੱਥ ਇਕੱਠੇ ਕਰਨੇ ਚਾਹੀਦੇ ਹਨ ਤੇ ਅਸਲੀ ਮਸਲਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ।—ਕਹਾਉਤਾਂ 18:13.

37:14; 38:1–39:30. ਯਹੋਵਾਹ ਦੀ ਅਸੀਮ ਤਾਕਤ ਤੇ ਬੁੱਧ ਦੀ ਝਲਕ ਦੇਣ ਵਾਲੀ ਉਸ ਦੀ ਸ੍ਰਿਸ਼ਟੀ ਉੱਤੇ ਮਨਨ ਕਰਨ ਨਾਲ ਅਸੀਂ ਹਲੀਮ ਬਣਦੇ ਹਾਂ। ਸਾਨੂੰ ਇਹ ਵੀ ਅਹਿਸਾਸ ਹੁੰਦਾ ਹੈ ਕਿ ਸਾਡੇ ਨਿੱਜੀ ਹਿੱਤ ਨਾਲੋਂ ਯਹੋਵਾਹ ਦੀ ਹਕੂਮਤ ਜ਼ਿਆਦਾ ਮਹੱਤਵਪੂਰਣ ਹੈ।—ਮੱਤੀ 6:9, 10.

40:1-4. ਜਦੋਂ ਸਾਡਾ ਮਨ ਯਹੋਵਾਹ ਦੇ ਖ਼ਿਲਾਫ਼ ਬੋਲਣ ਨੂੰ ਕਰਦਾ ਹੈ, ਤਾਂ ਸਾਨੂੰ ‘ਆਪਣਾ ਹੱਥ ਮੂੰਹ ਤੇ ਰੱਖ’ ਲੈਣਾ ਚਾਹੀਦਾ ਹੈ।

40:15–41:34. ਦਰਿਆਈ ਘੋੜੇ ਤੇ ਮਗਰਮੱਛ ਵਿਚ ਕਿੰਨੀ ਤਾਕਤ ਹੈ! ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਲਈ ਸਾਨੂੰ ਇਨ੍ਹਾਂ ਤਾਕਤਵਰ ਜੀਵਾਂ ਦੇ ਸਿਰਜਣਹਾਰ ਤੋਂ ਤਾਕਤ ਮੰਗਣ ਦੀ ਲੋੜ ਹੈ। ਯਹੋਵਾਹ ਸਾਨੂੰ ਬਲ ਦਿੰਦਾ ਵੀ ਹੈ।—ਫ਼ਿਲਿੱਪੀਆਂ 4:13.

42:1-6. ਯਹੋਵਾਹ ਦਾ ਬਚਨ ਸੁਣ ਕੇ ਅਤੇ ਉਸ ਦੀ ਸ਼ਕਤੀ ਬਾਰੇ ਯਾਦ ਕਰਾਏ ਜਾਣ ਤੇ ਅੱਯੂਬ ਨੇ ‘ਪਰਮੇਸ਼ੁਰ ਨੂੰ ਵੇਖਿਆ,’ ਯਾਨੀ ਉਸ ਬਾਰੇ ਸੱਚਾਈ ਜਾਣੀ। (ਅੱਯੂਬ 19:26) ਨਤੀਜੇ ਵਜੋਂ ਉਸ ਨੇ ਆਪਣੀ ਸੋਚਣੀ ਨੂੰ ਬਦਲਿਆ। ਜਦੋਂ ਸਾਨੂੰ ਬਾਈਬਲ ਵਿੱਚੋਂ ਸਲਾਹ ਦੇ ਕੇ ਤਾੜਿਆ ਜਾਂਦਾ ਹੈ, ਤਾਂ ਸਾਨੂੰ ਝੱਟ ਆਪਣੀ ਗ਼ਲਤੀ ਮੰਨ ਕੇ ਆਪਣੇ ਵਿਚ ਸੁਧਾਰ ਕਰਨਾ ਚਾਹੀਦਾ ਹੈ।

ਅੱਯੂਬ ਵਰਗਾ ਸਬਰ ਪੈਦਾ ਕਰੋ

ਅੱਯੂਬ ਦੀ ਪੋਥੀ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਯਹੋਵਾਹ ਇਨਸਾਨਾਂ ਨੂੰ ਨਹੀਂ ਸਤਾਉਂਦਾ, ਸਗੋਂ ਸ਼ਤਾਨ ਸਤਾਉਂਦਾ ਹੈ। ਪਰਮੇਸ਼ੁਰ ਨੇ ਅਜੇ ਤਕ ਬੁਰਾਈ ਨੂੰ ਖ਼ਤਮ ਨਹੀਂ ਕੀਤਾ ਹੈ, ਇਸ ਲਈ ਸਾਨੂੰ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਯਹੋਵਾਹ ਦੀ ਹਕੂਮਤ ਦੇ ਹੱਕ ਵਿਚ ਹਾਂ ਜਾਂ ਨਹੀਂ ਅਤੇ ਉਸ ਪ੍ਰਤੀ ਸਾਡੀ ਖਰਿਆਈ ਕਿੰਨੀ ਕੁ ਪੱਕੀ ਹੈ।

ਅੱਯੂਬ ਵਾਂਗ, ਯਹੋਵਾਹ ਨਾਲ ਪਿਆਰ ਕਰਨ ਵਾਲੇ ਸਾਰੇ ਲੋਕਾਂ ਦਾ ਇਮਤਿਹਾਨ ਲਿਆ ਜਾਵੇਗਾ। ਅੱਯੂਬ ਦੀ ਪੋਥੀ ਪੜ੍ਹ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ ਅਸੀਂ ਮੁਸ਼ਕਲਾਂ ਵਿਚ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕਦੇ ਹਾਂ। ਇਸ ਪੋਥੀ ਤੋਂ ਇਹ ਪਤਾ ਲੱਗਦਾ ਹੈ ਕਿ ਮੁਸੀਬਤਾਂ ਹਮੇਸ਼ਾ ਨਹੀਂ ਰਹਿਣਗੀਆਂ। ਯਾਕੂਬ ਨੇ ਲਿਖਿਆ: “ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੁ ਦਾ ਪਰੋਜਨ ਜਾਣਦੇ ਹੋ।” (ਯਾਕੂਬ 5:11) ਅੱਯੂਬ ਦੀ ਵਫ਼ਾਦਾਰੀ ਕਰਕੇ ਯਹੋਵਾਹ ਨੇ ਅੱਯੂਬ ਨੂੰ ਇਨਾਮ ਦਿੱਤਾ। (ਅੱਯੂਬ 42:10-17) ਸਾਡੇ ਸਾਮ੍ਹਣੇ ਕਿੰਨਾ ਸੋਹਣਾ ਭਵਿੱਖ ਹੈ—ਸੋਹਣੀ ਧਰਤੀ ਉੱਤੇ ਅਨੰਤ ਜ਼ਿੰਦਗੀ! ਇਸ ਲਈ ਅੱਯੂਬ ਵਾਂਗ ਆਓ ਆਪਾਂ ਵੀ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕਰੀਏ।—ਇਬਰਾਨੀਆਂ 11:6.

[ਫੁਟਨੋਟ]

^ ਪੈਰਾ 4 ਅੱਯੂਬ ਦੀ ਪੋਥੀ ਵਿਚ 1657 ਈ. ਪੂ. ਤੋਂ 1473 ਈ. ਪੂ. ਤਕ 140 ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ।

[ਸਫ਼ਾ 16 ਉੱਤੇ ਤਸਵੀਰਾਂ]

ਅਸੀਂ ‘ਅੱਯੂਬ ਦੇ ਸਬਰ’ ਤੋਂ ਕੀ ਸਿੱਖ ਸਕਦੇ ਹਾਂ?