Skip to content

Skip to table of contents

ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਇਰਾਦਾ

ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਇਰਾਦਾ

ਜੀਵਨੀ

ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਇਰਾਦਾ

ਰਾਇਮੋ ਕਵੋਕਾਨਨ ਦੀ ਜ਼ਬਾਨੀ

ਸਾਲ 1939 ਵਿਚ ਯੂਰਪ ਵਿਚ ਦੂਜਾ ਵਿਸ਼ਵ ਯੁੱਧ ਛਿੜ ਪਿਆ ਅਤੇ ਸੋਵੀਅਤ ਸੰਘ ਨੇ ਸਾਡੇ ਦੇਸ਼ ਫਿਨਲੈਂਡ ਤੇ ਵੀ ਹਮਲਾ ਕਰ ਦਿੱਤਾ। ਮੇਰੇ ਪਿਤਾ ਜੀ ਘਰ-ਬਾਰ ਛੱਡ ਕੇ ਫਿਨਲੈਂਡ ਦੀ ਫ਼ੌਜ ਵਿਚ ਭਰਤੀ ਹੋ ਗਏ। ਇਸ ਤੋਂ ਜਲਦ ਹੀ ਬਾਅਦ ਰੂਸੀ ਜਹਾਜ਼ਾਂ ਨੇ ਸਾਡੇ ਸ਼ਹਿਰ ਉੱਤੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ। ਮੇਰੀ ਮਾਤਾ ਜੀ ਨੂੰ ਮੇਰੀ ਚਿੰਤਾ ਸੀ ਜਿਸ ਕਰਕੇ ਉਨ੍ਹਾਂ ਨੇ ਮੈਨੂੰ ਇਸ ਇਲਾਕੇ ਤੋਂ ਦੂਰ ਮੇਰੀ ਨਾਨੀ ਕੋਲ ਭੇਜ ਦਿੱਤਾ।

ਸਾਲ 1971 ਵਿਚ ਮੈਂ ਪੂਰਬੀ ਅਫ਼ਰੀਕਾ ਦੇ ਯੂਗਾਂਡਾ ਦੇਸ਼ ਵਿਚ ਮਿਸ਼ਨਰੀ ਸੇਵਾ ਕਰ ਰਿਹਾ ਸੀ। ਇਕ ਦਿਨ ਜਦ ਮੈਂ ਘਰ-ਘਰ ਪ੍ਰਚਾਰ ਕਰ ਰਿਹਾ ਸੀ, ਤਾਂ ਮੈਂ ਕਈ ਡਰੇ ਤੇ ਸਹਿਮੇ ਹੋਏ ਲੋਕਾਂ ਨੂੰ ਭੱਜਦੇ ਦੇਖਿਆ। ਮੈਂ ਗੋਲੀਆਂ ਦੀ ਆਵਾਜ਼ ਸੁਣੀ ਤੇ ਮੈਂ ਵੀ ਆਪਣੇ ਘਰ ਨੂੰ ਭੱਜ ਤੁਰਿਆ। ਜਦੋਂ ਮੈਨੂੰ ਗੋਲੀਆਂ ਦੀ ਆਵਾਜ਼ ਨਜ਼ਦੀਕ ਆਉਂਦੀ ਸੁਣਾਈ ਦਿੱਤੀ, ਤਾਂ ਮੈਂ ਸੜਕ ਦੇ ਨਾਲ ਲੱਗਦੇ ਇਕ ਸੁੱਕੇ ਨਾਲੇ ਵਿਚ ਛਾਲ ਮਾਰ ਦਿੱਤੀ। ਗੋਲੀਆਂ ਦੀ ਹੋ ਰਹੀ ਬੁਛਾੜ ਵਿੱਚੋਂ ਦੀ ਬਚਦਾ-ਬਚਾਉਂਦਾ ਮੈਂ ਨਾਲੇ ਵਿੱਚੋਂ ਦੀ ਗੋਡਿਆਂ ਭਾਰ ਚੱਲਦੇ ਹੋਏ ਘਰ ਪਹੁੰਚ ਗਿਆ।

ਦੂਜੇ ਵਿਸ਼ਵ ਯੁੱਧ ਦੇ ਅਸਰਾਂ ਤੋਂ ਬਚਣ ਲਈ ਮੈਂ ਕੁਝ ਨਹੀਂ ਕਰ ਸਕਦਾ ਸੀ। ਪਰ ਮੈਂ ਤੇ ਮੇਰੀ ਪਤਨੀ ਪੂਰਬੀ ਅਫ਼ਰੀਕਾ ਵਿਚ ਪੈਦਾ ਹੋਈ ਖ਼ਤਰਨਾਕ ਸਥਿਤੀ ਵਿਚ ਕਿਵੇਂ ਫਸ ਗਏ? ਇਸ ਸਵਾਲ ਦਾ ਜਵਾਬ ਯਹੋਵਾਹ ਦੀ ਭਗਤੀ ਕਰਦੇ ਰਹਿਣ ਦੇ ਸਾਡੇ ਪੱਕੇ ਇਰਾਦੇ ਨਾਲ ਜੁੜਿਆ ਹੈ।

ਸੱਚਾਈ ਦਾ ਬੀ ਬੀਜਿਆ ਗਿਆ

ਮੇਰਾ ਜਨਮ 1934 ਵਿਚ ਹੇਲਸਿੰਕੀ, ਫਿਨਲੈਂਡ ਵਿਚ ਹੋਇਆ। ਮੇਰੇ ਪਿਤਾ ਜੀ ਪੇਂਟਰ ਸਨ। ਇਕ ਦਿਨ ਉਹ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਕੰਮ ਕਰਨ ਗਏ। ਉੱਥੇ ਗਵਾਹਾਂ ਨੇ ਉਨ੍ਹਾਂ ਨੂੰ ਆਪਣੀਆਂ ਮੀਟਿੰਗਾਂ ਬਾਰੇ ਦੱਸਿਆ। ਘਰ ਆ ਕੇ ਉਨ੍ਹਾਂ ਨੇ ਮਾਤਾ ਜੀ ਨੂੰ ਵੀ ਇਨ੍ਹਾਂ ਮੀਟਿੰਗਾਂ ਬਾਰੇ ਦੱਸਿਆ। ਉਸ ਸਮੇਂ ਤਾਂ ਮਾਤਾ ਜੀ ਨੇ ਮੀਟਿੰਗਾਂ ਵਿਚ ਜਾਣਾ ਸ਼ੁਰੂ ਨਹੀਂ ਕੀਤਾ, ਪਰ ਕੁਝ ਸਮੇਂ ਬਾਅਦ ਉਹ ਕੰਮ ਤੇ ਇਕ ਗਵਾਹ ਨਾਲ ਬਾਈਬਲ ਬਾਰੇ ਗੱਲਬਾਤ ਕਰਨ ਲੱਗ ਪਏ। ਸਹਿਜੇ-ਸਹਿਜੇ ਮਾਤਾ ਜੀ ਨੇ ਜੋ ਗੱਲਾਂ ਸਿੱਖੀਆਂ, ਉਨ੍ਹਾਂ ਨੂੰ ਉਹ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਲੱਗ ਪਏ। ਸਾਲ 1940 ਵਿਚ ਮਾਤਾ ਜੀ ਨੇ ਬਪਤਿਸਮਾ ਲੈ ਲਿਆ।

ਇਸ ਤੋਂ ਥੋੜ੍ਹਾ ਚਿਰ ਪਹਿਲਾਂ, ਲੜਾਈ ਦੌਰਾਨ ਮੇਰੀ ਨਾਨੀ ਮੈਨੂੰ ਆਪਣੇ ਪਿੰਡ ਲੈ ਗਈ ਸੀ। ਹੇਲਸਿੰਕੀ ਤੋਂ ਮਾਤਾ ਜੀ ਨਾਨੀ ਤੇ ਮਾਸੀ ਨੂੰ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਖਤ ਲਿਖਿਆ ਕਰਦੇ ਸਨ। ਦੋਵਾਂ ਨੇ ਬੜੀ ਦਿਲਚਸਪੀ ਨਾਲ ਇਨ੍ਹਾਂ ਖਤਾਂ ਨੂੰ ਪੜ੍ਹਿਆ ਤੇ ਸਿੱਖੀਆਂ ਗੱਲਾਂ ਉਹ ਮੇਰੇ ਨਾਲ ਵੀ ਸਾਂਝੀਆਂ ਕਰਦੀਆਂ ਸਨ। ਸਫ਼ਰੀ ਨਿਗਾਹਬਾਨ ਮੇਰੀ ਨਾਨੀ ਦੇ ਘਰ ਆਉਂਦੇ ਸਨ ਤੇ ਸਾਨੂੰ ਯਹੋਵਾਹ ਬਾਰੇ ਸਿੱਖਦੇ ਰਹਿਣ ਦੀ ਹੱਲਾਸ਼ੇਰੀ ਦਿੰਦੇ ਸਨ। ਪਰ ਮੇਰਾ ਯਹੋਵਾਹ ਦੀ ਭਗਤੀ ਕਰਨ ਦਾ ਅਜੇ ਕੋਈ ਇਰਾਦਾ ਨਹੀਂ ਸੀ।

ਯਹੋਵਾਹ ਦੀ ਭਗਤੀ ਕਰਨ ਵਿਚ ਮਦਦ

ਸਾਲ 1945 ਵਿਚ ਲੜਾਈ ਖ਼ਤਮ ਹੋਣ ਤੇ ਮੈਂ ਵਾਪਸ ਹੇਲਸਿੰਕੀ ਆ ਗਿਆ। ਮਾਤਾ ਜੀ ਨੇ ਮੈਨੂੰ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਲੈ ਜਾਣਾ ਸ਼ੁਰੂ ਕਰ ਦਿੱਤਾ। ਪਰ ਕਈ ਵਾਰ ਮੈਂ ਮੀਟਿੰਗਾਂ ਵਿਚ ਜਾਣ ਦੀ ਬਜਾਇ ਫ਼ਿਲਮ ਦੇਖਣ ਚਲੇ ਜਾਇਆ ਕਰਦਾ ਸੀ। ਜਦ ਕਦੇ ਮੈਂ ਮੀਟਿੰਗਾਂ ਵਿਚ ਨਹੀਂ ਜਾਂਦਾ ਸੀ, ਤਾਂ ਮਾਤਾ ਜੀ ਮੇਰੇ ਨਾਲ ਮੀਟਿੰਗਾਂ ਵਿਚ ਹੋਏ ਭਾਸ਼ਣ ਬਾਰੇ ਗੱਲ ਕਰਿਆ ਕਰਦੇ ਸਨ। ਉਹ ਵਾਰ-ਵਾਰ ਮੈਨੂੰ ਇਹੀ ਗੱਲ ਕਿਹਾ ਕਰਦੇ ਸਨ ਕਿ ਅੰਤ ਬਹੁਤ ਨਜ਼ਦੀਕ ਹੈ। ਮੈਨੂੰ ਵੀ ਇਸ ਗੱਲ ਦਾ ਪੂਰਾ ਵਿਸ਼ਵਾਸ ਹੋ ਗਿਆ ਤੇ ਮੈਂ ਸਾਰੀਆਂ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਜਿਉਂ-ਜਿਉਂ ਮੈਨੂੰ ਬਾਈਬਲ ਦੀ ਜ਼ਿਆਦਾ ਸਮਝ ਆਉਂਦੀ ਗਈ, ਤਿਉਂ-ਤਿਉਂ ਕਲੀਸਿਯਾ ਨਾਲ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰਨ ਦੀ ਮੇਰੀ ਇੱਛਾ ਵਧਦੀ ਗਈ।

ਮੈਨੂੰ ਖ਼ਾਸ ਕਰਕੇ ਸੰਮੇਲਨ ਬਹੁਤ ਪਸੰਦ ਸਨ। ਜਦ ਮੈਂ 1948 ਵਿਚ ਗਰਮੀਆਂ ਦੀਆਂ ਛੁੱਟੀਆਂ ਕੱਟਣ ਆਪਣੀ ਨਾਨੀ ਕੋਲ ਗਿਆ ਹੋਇਆ ਸੀ, ਤਾਂ ਮੈਂ ਉੱਥੇ ਇਕ ਸੰਮੇਲਨ ਵਿਚ ਵੀ ਗਿਆ। ਇਸ ਸੰਮੇਲਨ ਵਿਚ ਮੇਰੇ ਇਕ ਦੋਸਤ ਨੇ ਬਪਤਿਸਮਾ ਲੈਣਾ ਸੀ ਤੇ ਉਸ ਨੇ ਮੈਨੂੰ ਵੀ ਬਪਤਿਸਮਾ ਲੈਣ ਲਈ ਕਿਹਾ। ਮੈਂ ਉਸ ਨੂੰ ਦੱਸਿਆ ਕਿ ਮੈਂ ਤਾਂ ਬਦਲਣ ਲਈ ਕੋਈ ਦੂਸਰੇ ਕੱਪੜੇ ਵੀ ਨਾਲ ਨਹੀਂ ਲਿਆਇਆ। ਉਸ ਨੇ ਕਿਹਾ ਕੋਈ ਗੱਲ ਨਹੀਂ, ਪਹਿਲਾਂ ਮੈਂ ਬਪਤਿਸਮਾ ਲੈ ਲੈਂਦਾ ਹਾਂ ਤੇ ਬਾਅਦ ਵਿਚ ਤੂੰ ਮੇਰੇ ਕੱਪੜੇ ਪਾ ਕੇ ਬਪਤਿਸਮਾ ਲੈ ਲਈ। ਇਸ ਤਰ੍ਹਾਂ ਮੈਂ 13 ਸਾਲਾਂ ਦੀ ਉਮਰ ਵਿਚ 27 ਜੂਨ 1948 ਨੂੰ ਬਪਤਿਸਮਾ ਲੈ ਲਿਆ।

ਸੰਮੇਲਨ ਤੋਂ ਬਾਅਦ ਮੇਰੇ ਮਾਤਾ ਜੀ ਦੇ ਕੁਝ ਦੋਸਤਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਬਪਤਿਸਮਾ ਲੈ ਲਿਆ ਹੈ। ਅਗਲੀ ਦਫ਼ਾ ਜਦੋਂ ਮਾਤਾ ਜੀ ਮੈਨੂੰ ਮਿਲੇ, ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੈਂ ਇੰਨਾ ਵੱਡਾ ਕਦਮ ਉਨ੍ਹਾਂ ਤੋਂ ਪੁੱਛੇ ਬਿਨਾਂ ਕਿਉਂ ਚੁੱਕਿਆ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮੈਂ ਬਾਈਬਲ ਦੀਆਂ ਮੂਲ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਤੇ ਜਾਣਦਾ ਹਾਂ ਕਿ ਮੈਂ ਹੁਣ ਆਪਣੀ ਜ਼ਿੰਦਗੀ ਲਈ ਯਹੋਵਾਹ ਨੂੰ ਜਵਾਬਦੇਹ ਹਾਂ।

ਯਹੋਵਾਹ ਦੀ ਸੇਵਾ ਕਰਨ ਦਾ ਇਰਾਦਾ ਹੋਇਆ ਪੱਕਾ

ਕਲੀਸਿਯਾ ਦੇ ਭਰਾਵਾਂ ਨੇ ਯਹੋਵਾਹ ਦੀ ਭਗਤੀ ਕਰਨ ਦੇ ਮੇਰੇ ਇਰਾਦੇ ਨੂੰ ਹੋਰ ਪੱਕਾ ਕੀਤਾ। ਉਨ੍ਹਾਂ ਨੇ ਘਰ-ਘਰ ਪ੍ਰਚਾਰ ਕਰਨ ਵਿਚ ਮੇਰਾ ਸਾਥ ਦਿੱਤਾ ਤੇ ਮੈਨੂੰ ਤਕਰੀਬਨ ਹਰ ਮੀਟਿੰਗ ਵਿਚ ਕੋਈ-ਨ-ਕੋਈ ਭਾਗ ਪੇਸ਼ ਕਰਨ ਨੂੰ ਦਿੱਤਾ। (ਰਸੂਲਾਂ ਦੇ ਕਰਤੱਬ 20:20) ਮੈਂ 16 ਸਾਲਾਂ ਦਾ ਸੀ ਜਦੋਂ ਮੈਂ ਆਪਣਾ ਪਹਿਲਾ ਪਬਲਿਕ ਭਾਸ਼ਣ ਦਿੱਤਾ। ਇਸ ਤੋਂ ਜਲਦ ਬਾਅਦ ਮੈਨੂੰ ਕਲੀਸਿਯਾ ਵਿਚ ਬਾਈਬਲ ਸਟੱਡੀ ਸੇਵਕ ਵਜੋਂ ਨਿਯੁਕਤ ਕੀਤਾ ਗਿਆ ਜਿਸ ਦੀ ਜ਼ਿੰਮੇਵਾਰੀ ਬਾਈਬਲ ਸਟੱਡੀਆਂ ਕਰਾਉਣ ਵਿਚ ਭਰਾਵਾਂ ਦੀ ਮਦਦ ਕਰਨੀ ਸੀ। ਯਹੋਵਾਹ ਦੀ ਸੇਵਾ ਵਿਚ ਇਨ੍ਹਾਂ ਕੰਮਾਂ ਨੇ ਮੇਰੀ ਤਰੱਕੀ ਕਰਨ ਵਿਚ ਮਦਦ ਕੀਤੀ। ਪਰ ਅਜੇ ਮੇਰੇ ਲਈ ਲੋਕਾਂ ਦਾ ਡਰ ਆਪਣੇ ਦਿਲ ਵਿੱਚੋਂ ਕੱਢਣਾ ਬਾਕੀ ਸੀ।

ਉਨ੍ਹੀਂ ਦਿਨੀਂ ਅਸੀਂ ਸੰਮੇਲਨ ਵਿਚ ਹੋਣ ਵਾਲੇ ਪਬਲਿਕ ਭਾਸ਼ਣ ਬਾਰੇ ਲੋਕਾਂ ਨੂੰ ਦੱਸਣ ਲਈ ਵੱਡੇ-ਵੱਡੇ ਇਸ਼ਤਿਹਾਰ ਬਣਾਉਂਦੇ ਸੀ। ਇਹ ਇਸ਼ਤਿਹਾਰ ਦੋ ਗੱਤਿਆਂ ਦੇ ਬਣਾਏ ਜਾਂਦੇ ਸਨ ਤੇ ਫਿਰ ਇਨ੍ਹਾਂ ਨੂੰ ਰੱਸੀ ਨਾਲ ਬੰਨ੍ਹ ਕੇ ਅਸੀਂ ਗਲੇ ਵਿਚ ਲਮਕਾਉਂਦੇ ਸੀ, ਇਕ ਅਗਲੇ ਪਾਸੇ ਤੇ ਇਕ ਪਿਛਲੇ ਪਾਸੇ।

ਇਕ ਦਿਨ ਮੈਂ ਇਹ ਇਸ਼ਤਿਹਾਰ ਲਈ ਇਕ ਗਲੀ ਦੇ ਮੋੜ ਤੇ ਖੜ੍ਹਾ ਸੀ ਜਦ ਮੈਂ ਆਪਣੇ ਸਕੂਲ ਦੇ ਕੁਝ ਮੁੰਡਿਆਂ ਨੂੰ ਆਪਣੇ ਵੱਲ ਆਉਂਦੇ ਦੇਖਿਆ। ਜਦੋਂ ਉਹ ਕੋਲੋਂ ਦੀ ਲੰਘੇ, ਤਾਂ ਉਨ੍ਹਾਂ ਨੇ ਇੰਨੇ ਅਜੀਬ ਤਰੀਕੇ ਨਾਲ ਮੇਰੇ ਵੱਲ ਦੇਖਿਆ ਕਿ ਮੇਰਾ ਜੀਅ ਕੀਤਾ ਕਿ ਹੁਣੇ ਜ਼ਮੀਨ ਪਾਟ ਜਾਵੇ ਤੇ ਮੈਂ ਉਸ ਵਿਚ ਸਮਾ ਜਾਵਾਂ। ਮੈਂ ਯਹੋਵਾਹ ਅੱਗੇ ਹਿੰਮਤ ਲਈ ਪ੍ਰਾਰਥਨਾ ਕੀਤੀ ਅਤੇ ਉੱਥੇ ਹੀ ਇਸ਼ਤਿਹਾਰ ਲੈ ਕੇ ਖੜ੍ਹਾ ਰਿਹਾ। ਲੋਕਾਂ ਦੇ ਡਰ ਕਾਰਨ ਪਿੱਛੇ ਹਟਣ ਦੀ ਬਜਾਇ ਯਹੋਵਾਹ ਦੀ ਸੇਵਾ ਕਰਨ ਦਾ ਮੇਰਾ ਇਰਾਦਾ ਹੋਰ ਵੀ ਪੱਕਾ ਹੋਇਆ। ਮੈਂ ਜ਼ਿੰਦਗੀ ਵਿਚ ਆਉਣ ਵਾਲੀਆਂ ਵੱਡੀਆਂ ਪਰੀਖਿਆਵਾਂ ਲਈ ਤਿਆਰ ਹੋ ਸਕਿਆ।

ਕੁਝ ਸਮਾਂ ਪਾ ਕੇ ਮੈਨੂੰ ਤੇ ਕਈ ਹੋਰ ਨੌਜਵਾਨ ਗਵਾਹਾਂ ਨੂੰ ਸਰਕਾਰ ਵੱਲੋਂ ਮਿਲਟਰੀ ਦੇ ਭਰਤੀ ਦਫ਼ਤਰ ਵਿਚ ਪੇਸ਼ ਹੋਣ ਦਾ ਹੁਕਮ ਮਿਲਿਆ। ਅਸੀਂ ਹੁਕਮ ਮੁਤਾਬਕ ਉੱਥੇ ਹਾਜ਼ਰ ਤਾਂ ਹੋਏ, ਪਰ ਅਸੀਂ ਵਰਦੀ ਪਾਉਣ ਤੋਂ ਸਤਿਕਾਰ ਨਾਲ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਾਨੂੰ ਹਿਰਾਸਤ ਵਿਚ ਲੈ ਲਿਆ। ਫਿਰ ਇਸ ਤੋਂ ਜਲਦ ਹੀ ਬਾਅਦ ਅਦਾਲਤ ਨੇ ਸਾਨੂੰ ਛੇ ਮਹੀਨਿਆਂ ਦੀ ਸਜ਼ਾ ਸੁਣਾ ਦਿੱਤੀ। ਇਸ ਦੇ ਨਾਲ-ਨਾਲ ਅੱਠ ਮਹੀਨੇ ਜਿਹੜਾ ਅਸੀਂ ਫ਼ੌਜ ਵਿਚ ਕੰਮ ਕਰਨਾ ਸੀ, ਹੁਣ ਸਾਨੂੰ ਉੱਨਾ ਹੀ ਸਮਾਂ ਜੇਲ੍ਹ ਵਿਚ ਕੱਟਣਾ ਪੈਣਾ ਸੀ। ਕੁੱਲ ਮਿਲਾ ਕੇ ਅਸੀਂ 14 ਮਹੀਨੇ ਜੇਲ੍ਹ ਵਿਚ ਕੱਟੇ ਕਿਉਂਕਿ ਅਸੀਂ ਲੜਾਈ ਵਿਚ ਕੋਈ ਹਿੱਸਾ ਨਹੀਂ ਲੈਣਾ ਚਾਹੁੰਦੇ ਸੀ।

ਸਲਾਖਾਂ ਪਿੱਛੇ ਅਸੀਂ ਰੋਜ਼ਾਨਾ ਬਾਈਬਲ ਤੇ ਗੱਲਬਾਤ ਕਰਨ ਲਈ ਇਕੱਠੇ ਹੋਇਆ ਕਰਦੇ ਸੀ। ਉਨ੍ਹਾਂ ਮਹੀਨਿਆਂ ਦੌਰਾਨ ਸਾਡੇ ਵਿੱਚੋਂ ਕਈਆਂ ਨੇ ਪੂਰੀ ਦੀ ਪੂਰੀ ਬਾਈਬਲ ਦੋ ਵਾਰ ਪੜ੍ਹੀ ਸੀ। ਸਜ਼ਾ ਕੱਟ ਕੇ ਜਦ ਅਸੀਂ ਬਾਹਰ ਆਏ, ਤਾਂ ਯਹੋਵਾਹ ਦੀ ਸੇਵਾ ਕਰਨ ਦਾ ਸਾਡਾ ਇਰਾਦਾ ਅੱਗੇ ਨਾਲੋਂ ਵੀ ਜ਼ਿਆਦਾ ਪੱਕਾ ਸੀ। ਉਨ੍ਹਾਂ ਨੌਜਵਾਨਾਂ ਵਿੱਚੋਂ ਕਈ ਅੱਜ ਵੀ ਯਹੋਵਾਹ ਦੀ ਵਫ਼ਾਦਾਰੀ ਨਾਲ ਭਗਤੀ ਕਰ ਰਹੇ ਹਨ।

ਜੇਲ੍ਹ ਵਿੱਚੋਂ ਛੁੱਟਣ ਤੋਂ ਬਾਅਦ ਮੈਂ ਆਪਣੇ ਮਾਤਾ-ਪਿਤਾ ਨਾਲ ਰਹਿਣ ਲੱਗ ਪਿਆ। ਇਸ ਤੋਂ ਥੋੜ੍ਹੇ ਕੁ ਸਮੇਂ ਬਾਅਦ ਮੈਂ ਵੀਰਾ ਨੂੰ ਮਿਲਿਆ ਜਿਸ ਨੇ ਹੁਣੇ-ਹੁਣੇ ਬਪਤਿਸਮਾ ਲਿਆ ਸੀ। ਉਸ ਵਿਚ ਯਹੋਵਾਹ ਦੀ ਸੇਵਾ ਕਰਨ ਦਾ ਬਹੁਤ ਜੋਸ਼ ਸੀ। ਅਸੀਂ 1957 ਵਿਚ ਵਿਆਹ ਕਰਵਾ ਲਿਆ।

ਜ਼ਿੰਦਗੀ ਵਿਚ ਇਕ ਨਵਾਂ ਮੋੜ

ਇਕ ਵਾਰ ਜਦ ਬ੍ਰਾਂਚ ਆਫ਼ਿਸ ਦੇ ਕੁਝ ਜ਼ਿੰਮੇਵਾਰ ਭਰਾ ਆਏ ਹੋਏ ਸਨ, ਤਾਂ ਉਨ੍ਹਾਂ ਵਿੱਚੋਂ ਇਕ ਨੇ ਸਾਨੂੰ ਸਰਕਟ ਕੰਮ ਕਰਨ ਬਾਰੇ ਪੁੱਛਿਆ। ਸਾਰੀ ਰਾਤ ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਸਵੇਰ ਨੂੰ ਬ੍ਰਾਂਚ ਆਫ਼ਿਸ ਨੂੰ ਫ਼ੋਨ ਕੀਤਾ ਅਤੇ ਇਸ ਕੰਮ ਲਈ ਹਾਂ ਕਰ ਦਿੱਤੀ। ਇਹ ਕੰਮ ਕਰਨ ਦਾ ਮਤਲਬ ਸੀ ਕਿ ਮੈਨੂੰ ਆਪਣੀ ਚੰਗੀ ਨੌਕਰੀ ਛੱਡਣੀ ਪੈਣੀ ਸੀ, ਪਰ ਅਸੀਂ ਦੋਵਾਂ ਨੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲ ਦੇਣ ਦੀ ਪਹਿਲਾਂ ਹੀ ਠਾਣ ਲਈ ਸੀ। ਜਦੋਂ ਅਸੀਂ ਦਸੰਬਰ 1957 ਵਿਚ ਸਰਕਟ ਕੰਮ ਸ਼ੁਰੂ ਕੀਤਾ, ਉਦੋਂ ਮੇਰੀ ਉਮਰ 23 ਸਾਲਾਂ ਦੀ ਸੀ ਤੇ ਵੀਰਾ 19 ਸਾਲਾਂ ਦੀ ਸੀ। ਤਿੰਨ ਸਾਲ ਅਸੀਂ ਫਿਨਲੈਂਡ ਵਿਚ ਕਈ ਕਲੀਸਿਯਾਵਾਂ ਦੇ ਭੈਣ-ਭਰਾਵਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ। ਇਹ ਤਿੰਨ ਸਾਲ ਸਾਡੇ ਲਈ ਬੜੇ ਖ਼ੁਸ਼ੀਆਂ ਭਰੇ ਸਨ।

ਸਾਲ 1960 ਦੇ ਅਖ਼ੀਰ ਵਿਚ ਮੈਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਜਾਣ ਦਾ ਸੱਦਾ ਮਿਲਿਆ ਜੋ ਉਦੋਂ ਬਰੁਕਲਿਨ ਨਿਊਯਾਰਕ ਵਿਚ ਸੀ। ਫਿਨਲੈਂਡ ਤੋਂ ਅਸੀਂ ਤਿੰਨ ਜਣੇ ਇਸ ਖ਼ਾਸ ਕੋਰਸ ਲਈ ਬਰੁਕਲਿਨ ਗਏ ਤੇ ਸਾਡੀਆਂ ਪਤਨੀਆਂ ਪਿੱਛੇ ਫਿਨਲੈਂਡ ਦੀ ਬ੍ਰਾਂਚ ਵਿਚ ਹੀ ਰਹੀਆਂ। ਇਸ ਦਸ ਮਹੀਨਿਆਂ ਦੇ ਕੋਰਸ ਵਿਚ ਸਾਨੂੰ ਬ੍ਰਾਂਚ ਦੇ ਕੰਮਾਂ-ਕਾਰਾਂ ਸੰਬੰਧੀ ਟ੍ਰੇਨਿੰਗ ਮਿਲੀ।

ਇਸ ਕੋਰਸ ਦੇ ਖ਼ਤਮ ਹੋਣ ਤੋਂ ਥੋੜ੍ਹਾ ਚਿਰ ਪਹਿਲਾਂ ਮੈਨੂੰ ਭਰਾ ਨੇਥਨ ਨੌਰ ਦੇ ਆਫ਼ਿਸ ਵਿਚ ਬੁਲਾਇਆ ਗਿਆ ਜੋ ਕਿ ਉਸ ਸਮੇਂ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਕੰਮ ਦੀ ਨਿਗਰਾਨੀ ਕਰ ਰਹੇ ਸਨ। ਭਰਾ ਨੌਰ ਨੇ ਮੈਨੂੰ ਅਤੇ ਮੇਰੀ ਪਤਨੀ ਨੂੰ ਮੈਲਾਗਾਸੀ ਗਣਰਾਜ, ਜੋ ਕਿ ਅੱਜ ਮੈਡਾਗਾਸਕਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਵਿਚ ਮਿਸ਼ਨਰੀ ਸੇਵਾ ਕਰਨ ਬਾਰੇ ਪੁੱਛਿਆ। ਮੈਂ ਵੀਰਾ ਨੂੰ ਖਤ ਲਿਖ ਕੇ ਉਸ ਦੇ ਵਿਚਾਰ ਪੁੱਛੇ। ਜਲਦ ਹੀ ਉਸ ਨੇ ਮੈਨੂੰ ਖਤ ਲਿਖਿਆ ਤੇ ਉਸ ਦਾ ਜਵਾਬ “ਹਾਂ” ਸੀ। ਜਦ ਮੈਂ ਵਾਪਸ ਫਿਨਲੈਂਡ ਪਹੁੰਚਿਆ, ਤਾਂ ਅਸੀਂ ਮੈਡਾਗਾਸਕਰ ਨੂੰ ਜਾਣ ਦੀਆਂ ਤਿਆਰੀਆਂ ਵਿਚ ਜੁੱਟ ਗਏ।

ਖ਼ੁਸ਼ੀਆਂ ਦੇ ਨਾਲ-ਨਾਲ ਮਾਯੂਸੀ ਵੀ

ਜਨਵਰੀ 1962 ਵਿਚ ਅਸੀਂ ਫਿਨਲੈਂਡ ਦੀ ਕੜਾਕੇਦਾਰ ਠੰਢ ਵਿਚ ਗਰਮ ਟੋਪੀਆਂ ਤੇ ਮੋਟੇ ਕੋਟ ਪਾਈ ਮੈਡਾਗਾਸਕਰ ਦੀ ਰਾਜਧਾਨੀ ਅੰਤਾਨਾਨਾਰੀਵੋ ਲਈ ਰਵਾਨਾ ਹੋਏ। ਜਦ ਅਸੀਂ ਅੰਤਾਨਾਨਾਰੀਵੋ ਪਹੁੰਚੇ, ਤਾਂ ਉੱਥੇ ਇੰਨੀ ਗਰਮੀ ਸੀ ਕਿ ਜਲਦ ਹੀ ਅਸੀਂ ਆਪਣਾ ਪਹਿਰਾਵਾ ਬਦਲ ਲਿਆ। ਸਾਡਾ ਪਹਿਲਾ ਮਿਸ਼ਨਰੀ ਘਰ ਛੋਟਾ ਜਿਹਾ ਸੀ ਅਤੇ ਇਸ ਵਿਚ ਸਿਰਫ਼ ਇੱਕੋ ਹੀ ਕਮਰਾ ਸੀ। ਇੱਥੇ ਪਹਿਲਾਂ ਹੀ ਇਕ ਮਿਸ਼ਨਰੀ ਜੋੜਾ ਰਹਿ ਰਿਹਾ ਸੀ ਜਿਸ ਕਰਕੇ ਮੈਨੂੰ ਤੇ ਵੀਰਾ ਨੂੰ ਵਰਾਂਡੇ ਵਿਚ ਸੌਣਾ ਪਿਆ।

ਅਸੀਂ ਜਲਦ ਹੀ ਮੈਡਾਗਾਸਕਰ ਦੀ ਮੁੱਖ ਭਾਸ਼ਾ ਫਰਾਂਸੀਸੀ ਸਿੱਖਣੀ ਸ਼ੁਰੂ ਕਰ ਦਿੱਤੀ। ਇਹ ਭਾਸ਼ਾ ਸਿੱਖਣ ਵਿਚ ਸਾਨੂੰ ਕਾਫ਼ੀ ਮੁਸ਼ਕਲ ਪੇਸ਼ ਆਈ। ਸਾਡੀ ਅਧਿਆਪਕਾ ਭੈਣ ਕਾਰਬੋਨੋ ਸਾਨੂੰ ਅੰਗ੍ਰੇਜ਼ੀ ਵਿਚ ਫ਼ਰਾਂਸੀਸੀ ਸਿਖਾਉਂਦੀ ਸੀ, ਪਰ ਵੀਰਾ ਨੂੰ ਅੰਗ੍ਰੇਜ਼ੀ ਸਮਝ ਨਹੀਂ ਆਉਂਦੀ ਸੀ। ਇਸ ਲਈ ਭੈਣ ਕਾਰਬੋਨੋ ਜੋ ਕੁਝ ਅੰਗ੍ਰੇਜ਼ੀ ਵਿਚ ਪੜ੍ਹਾਉਂਦੀ ਸੀ, ਉਹ ਮੈਂ ਫਿਨੀ ਭਾਸ਼ਾ ਵਿਚ ਵੀਰਾ ਨੂੰ ਸਮਝਾਉਂਦਾ। ਫਿਰ ਸਾਨੂੰ ਪਤਾ ਲੱਗਾ ਕਿ ਵੀਰਾ ਸਵੀਡਿਸ਼ ਭਾਸ਼ਾ ਵਿਚ ਵਿਆਕਰਣ ਬਿਹਤਰ ਸਮਝਦੀ ਸੀ, ਇਸ ਲਈ ਮੈਂ ਵੀਰਾ ਨੂੰ ਫ਼ਰਾਂਸੀਸੀ ਭਾਸ਼ਾ ਦੀ ਵਿਆਕਰਣ ਸਵੀਡਿਸ਼ ਵਿਚ ਸਮਝਾਉਣ ਲੱਗ ਪਿਆ। ਅਸੀਂ ਫ਼ਰਾਂਸੀਸੀ ਸਿੱਖਣ ਵਿਚ ਚੰਗੀ ਤਰੱਕੀ ਕੀਤੀ ਤੇ ਫਿਰ ਅਸੀਂ ਲੋਕਾਂ ਦੀ ਆਮ ਬੋਲੀ ਮੈਲਾਗਾਸੀ ਵੀ ਸਿੱਖਣੀ ਸ਼ੁਰੂ ਕਰ ਦਿੱਤੀ।

ਮੈਡਾਗਾਸਕਰ ਵਿਚ ਮੈਂ ਜਿਸ ਪਹਿਲੇ ਆਦਮੀ ਨੂੰ ਬਾਈਬਲ ਸਟੱਡੀ ਕਰਾਉਣੀ ਸ਼ੁਰੂ ਕੀਤੀ, ਉਹ ਸਿਰਫ਼ ਮੈਲਾਗਾਸੀ ਹੀ ਜਾਣਦਾ ਸੀ। ਮੈਂ ਪਹਿਲਾਂ ਬਾਈਬਲ ਦੀਆਂ ਆਇਤਾਂ ਫਿਨੀ ਬਾਈਬਲ ਵਿਚ ਦੇਖਦਾ ਹੁੰਦਾ ਸੀ ਤੇ ਫਿਰ ਅਸੀਂ ਇਨ੍ਹਾਂ ਆਇਤਾਂ ਨੂੰ ਮੈਲਾਗਾਸੀ ਬਾਈਬਲ ਵਿਚ ਲੱਭਦੇ ਸੀ। ਉਸ ਵੇਲੇ ਮੈਨੂੰ ਬਾਈਬਲ ਦੀਆਂ ਆਇਤਾਂ ਨੂੰ ਮੈਲਾਗਾਸੀ ਵਿਚ ਸਮਝਾਉਣਾ ਵੀ ਨਹੀਂ ਸੀ ਆਉਂਦਾ, ਪਰ ਇਸ ਦੇ ਬਾਵਜੂਦ ਵੀ ਬਾਈਬਲ ਦੀਆਂ ਸੱਚਾਈਆਂ ਨੇ ਇਸ ਆਦਮੀ ਦੇ ਦਿਲ ਨੂੰ ਛੂਹ ਲਿਆ। ਉਸ ਨੇ ਚੰਗੀ ਤਰੱਕੀ ਕੀਤੀ ਅਤੇ ਬਪਤਿਸਮਾ ਲੈ ਲਿਆ।

ਸਾਲ 1963 ਵਿਚ ਭਰਾ ਮਿਲਟਨ ਹੈੱਨਸ਼ਲ ਜੋ ਬਰੁਕਲਿਨ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਕੰਮ ਕਰਦੇ ਸਨ, ਮੈਡਾਗਾਸਕਰ ਆਏ। ਇਸ ਤੋਂ ਥੋੜ੍ਹੇ ਚਿਰ ਬਾਅਦ ਮੈਡਾਗਾਸਕਰ ਵਿਚ ਨਵਾਂ ਬ੍ਰਾਂਚ ਆਫ਼ਿਸ ਸਥਾਪਿਤ ਕੀਤਾ ਗਿਆ। ਮੈਨੂੰ ਬ੍ਰਾਂਚ ਨਿਗਾਹਬਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਤੇ ਉਸ ਵੇਲੇ ਮੈਂ ਸਰਕਟ ਤੇ ਜ਼ਿਲ੍ਹਾ ਨਿਗਾਹਬਾਨ ਦਾ ਕੰਮ ਵੀ ਕਰ ਰਿਹਾ ਸੀ। ਇਸ ਸਮੇਂ ਦੌਰਾਨ ਯਹੋਵਾਹ ਨੇ ਸਾਨੂੰ ਕਈ ਬਰਕਤਾਂ ਦਿੱਤੀਆਂ। ਇਨ੍ਹਾਂ ਵਿੱਚੋਂ ਇਕ ਬਰਕਤ ਇਹ ਸੀ ਕਿ ਸਾਲ 1962 ਤੋਂ 1970 ਤਕ ਮੈਡਾਗਾਸਕਰ ਵਿਚ ਭੈਣ-ਭਰਾਵਾਂ ਦੀ ਗਿਣਤੀ 85 ਤੋਂ ਵਧ ਕੇ 469 ਹੋ ਗਈ ਸੀ।

ਜਦ ਇਕ ਦਿਨ ਅਸੀਂ ਪ੍ਰਚਾਰ ਕਰ ਕੇ ਵਾਪਸ ਘਰ ਆਏ, ਤਾਂ ਸਾਡੇ ਦਰਵਾਜ਼ੇ ਤੇ ਇਕ ਸਰਕਾਰੀ ਨੋਟਿਸ ਲੱਗਾ ਹੋਇਆ ਸੀ। ਇਸ ਵਿਚ ਯਹੋਵਾਹ ਦੇ ਗਵਾਹਾਂ ਦੇ ਸਾਰੇ ਮਿਸ਼ਨਰੀਆਂ ਨੂੰ ਗ੍ਰਹਿ ਮੰਤਰੀ ਦੇ ਦਫ਼ਤਰ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਸੀ। ਜਦ ਅਸੀਂ ਉੱਥੇ ਪਹੁੰਚੇ, ਤਾਂ ਇਕ ਸਰਕਾਰੀ ਅਫ਼ਸਰ ਨੇ ਸਾਨੂੰ ਦੱਸਿਆ ਕਿ ਸਰਕਾਰ ਨੇ ਸਾਨੂੰ ਦੇਸ਼ ਛੱਡ ਕੇ ਜਾਣ ਦਾ ਹੁਕਮ ਦਿੱਤਾ ਹੈ। ਜਦ ਮੈਂ ਉਸ ਨੂੰ ਪੁੱਛਿਆ ਕਿ ਅਸੀਂ ਕੀ ਗੁਨਾਹ ਕੀਤਾ ਹੈ ਜਿਸ ਕਰਕੇ ਸਾਨੂੰ ਦੇਸ਼ ਵਿੱਚੋਂ ਕੱਢਿਆ ਜਾ ਰਿਹਾ ਹੈ, ਤਾਂ ਉਸ ਨੇ ਕਿਹਾ: “ਸ਼੍ਰੀਮਾਨ ਕਵੋਕਾਨਨ, ਤੁਸੀਂ ਕੋਈ ਗੁਨਾਹ ਨਹੀਂ ਕੀਤਾ।”

ਮੈਂ ਉਸ ਨੂੰ ਕਿਹਾ ਕਿ “ਅਸੀਂ ਇੱਥੇ ਅੱਠ ਸਾਲਾਂ ਤੋਂ ਰਹਿ ਰਹੇ ਹਾਂ। ਹੁਣ ਇਹੋ ਸਾਡਾ ਘਰ ਹੈ। ਅਸੀਂ ਇੱਦਾਂ ਕਿੱਦਾਂ ਸਭ ਕੁਝ ਛੱਡ ਕੇ ਚਲੇ ਜਾਈਏ?” ਪਰ ਸਾਡੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਾਨੂੰ ਹਫ਼ਤੇ ਦੇ ਅੰਦਰ-ਅੰਦਰ ਦੇਸ਼ ਛੱਡਣਾ ਪਿਆ। ਬ੍ਰਾਂਚ ਆਫ਼ਿਸ ਨੂੰ ਵੀ ਸਰਕਾਰ ਨੇ ਤਾਲਾ ਲਾ ਦਿੱਤਾ ਜਿਸ ਕਰਕੇ ਮੈਡਾਗਾਸਕਰ ਦੇ ਇਕ ਭਰਾ ਨੂੰ ਹੀ ਪੂਰੇ ਦੇਸ਼ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਨ ਦਾ ਬੀੜਾ ਚੁੱਕਣਾ ਪਿਆ। ਮੈਡਾਗਾਸਕਰ ਤੋਂ ਬਾਅਦ ਸਾਨੂੰ ਯੂਗਾਂਡਾ ਵਿਚ ਮਿਸ਼ਨਰੀ ਸੇਵਾ ਕਰਨ ਦਾ ਸਨਮਾਨ ਮਿਲਿਆ।

ਨਵੇਂ ਸਿਰਿਓਂ ਸ਼ੁਰੂਆਤ

ਮੈਡਾਗਾਸਕਰ ਨੂੰ ਅਸੀਂ ਛੱਡ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਆ ਗਏ। ਅਸੀਂ ਆਉਂਦਿਆਂ ਹੀ ਇੱਥੇ ਲੂਗਾਂਡਾ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ ਜੋ ਕਿ ਸੁਰੀਲੇ ਢੰਗ ਨਾਲ ਬੋਲੀ ਜਾਂਦੀ ਹੈ, ਪਰ ਇਹ ਭਾਸ਼ਾ ਸਿੱਖਣੀ ਬੜੀ ਔਖੀ ਸੀ। ਦੂਸਰੇ ਮਿਸ਼ਨਰੀਆਂ ਨੇ ਪਹਿਲਾਂ ਵੀਰਾ ਨੂੰ ਅੰਗ੍ਰੇਜ਼ੀ ਬੋਲਣੀ ਸਿਖਾਈ ਜਿਸ ਕਰਕੇ ਅਸੀਂ ਅੰਗ੍ਰੇਜ਼ੀ ਵਿਚ ਲੋਕਾਂ ਨੂੰ ਪ੍ਰਚਾਰ ਕਰ ਸਕੇ।

ਵੀਰਾ ਕੰਪਾਲਾ ਦੇ ਗਰਮ ਤੇ ਸਿੱਲ੍ਹੇ ਮੌਸਮ ਨੂੰ ਸਹਾਰ ਨਾ ਸਕੀ ਜਿਸ ਕਰਕੇ ਉਸ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ। ਇਸ ਲਈ ਸਾਨੂੰ ਅੰਬਾਰਾਰਾ ਵਿਚ ਮਿਸ਼ਨਰੀ ਸੇਵਾ ਕਰਨ ਲਈ ਭੇਜ ਦਿੱਤਾ ਗਿਆ, ਜਿੱਥੇ ਦਾ ਮੌਸਮ ਕੰਪਾਲਾ ਨਾਲੋਂ ਕਾਫ਼ੀ ਬਿਹਤਰ ਸੀ। ਸਾਡੇ ਤੋਂ ਇਲਾਵਾ ਇਸ ਇਲਾਕੇ ਵਿਚ ਕੋਈ ਹੋਰ ਗਵਾਹ ਨਹੀਂ ਸੀ ਤੇ ਪਹਿਲੇ ਦਿਨ ਹੀ ਪ੍ਰਚਾਰ ਵਿਚ ਸਾਨੂੰ ਬਹੁਤ ਚੰਗਾ ਤਜਰਬਾ ਹੋਇਆ। ਮੈਂ ਇਕ ਆਦਮੀ ਨਾਲ ਉਸ ਦੇ ਘਰ ਗੱਲ ਕਰ ਰਿਹਾ ਸੀ ਕਿ ਉਸ ਦੀ ਪਤਨੀ ਰਸੋਈ ਵਿਚ ਕੰਮ ਛੱਡ ਕੇ ਸਾਡੇ ਕੋਲ ਆ ਖੜ੍ਹੀ ਹੋਈ। ਉਸ ਦਾ ਨਾਂ ਮਾਰਗਰਟ ਸੀ ਤੇ ਉਸ ਨੇ ਸਾਡੀ ਸਾਰੀ ਗੱਲਬਾਤ ਸੁਣੀ ਸੀ। ਵੀਰਾ ਨੇ ਮਾਰਗਰਟ ਨੂੰ ਬਾਈਬਲ ਸਟੱਡੀ ਕਰਾਉਣੀ ਸ਼ੁਰੂ ਕਰ ਦਿੱਤੀ ਤੇ ਮਾਰਗਰਟ ਨੇ ਚੰਗੀ ਤਰੱਕੀ ਕੀਤੀ। ਉਸ ਨੇ ਬਪਤਿਸਮਾ ਲੈ ਲਿਆ ਅਤੇ ਉਹ ਇਕ ਬਹੁਤ ਹੀ ਜੋਸ਼ੀਲੀ ਪ੍ਰਚਾਰਕ ਬਣੀ।

ਸੜਕਾਂ ਤੇ ਦੰਗੇ-ਫ਼ਸਾਦ

ਸਾਲ 1971 ਵਿਚ ਘਰੇਲੂ ਯੁੱਧ ਨੇ ਯੂਗਾਂਡਾ ਦੀ ਸ਼ਾਂਤੀ ਭੰਗ ਕਰ ਦਿੱਤੀ। ਇਕ ਦਿਨ ਅੰਬਾਰਾਰਾ ਵਿਚ ਸਾਡੇ ਮਿਸ਼ਨਰੀ ਘਰ ਦੇ ਕੋਲ ਦੋ ਗੁੱਟਾਂ ਵਿਚਕਾਰ ਲੜਾਈ ਸ਼ੁਰੂ ਹੋ ਗਈ। ਇਹ ਘਟਨਾ ਉਸ ਦਿਨ ਵਾਪਰੀ ਜਿਸ ਦਾ ਮੈਂ ਸ਼ੁਰੂ ਵਿਚ ਜ਼ਿਕਰ ਕੀਤਾ ਸੀ।

ਵੀਰਾ ਪਹਿਲਾਂ ਹੀ ਮਿਸ਼ਨਰੀ ਘਰ ਪਹੁੰਚ ਚੁੱਕੀ ਸੀ ਜਦੋਂ ਮੈਂ ਮਸਾਂ ਫ਼ੌਜੀਆਂ ਤੋਂ ਬਚਦਾ-ਬਚਾਉਂਦਾ ਨਾਲੇ ਵਿੱਚੋਂ ਦੀ ਗੋਡਿਆਂ ਭਾਰ ਚੱਲ ਕੇ ਘਰ ਪਹੁੰਚਿਆ। ਅਸੀਂ ਘਰ ਦੇ ਇਕ ਕੋਨੇ ਵਿਚ ਮੇਜ਼-ਕੁਰਸੀਆਂ ਤੇ ਗੱਦਿਆਂ ਦਾ ਢੇਰ ਲਾ ਕੇ ਉਸ ਪਿੱਛੇ ਲੁੱਕ ਗਏ। ਇਕ ਹਫ਼ਤਾ ਅਸੀਂ ਘਰ ਵਿਚ ਲੁਕੇ ਰਹੇ ਅਤੇ ਹਾਲਾਤ ਬਾਰੇ ਜਾਣਨ ਲਈ ਰੇਡੀਓ ਤੇ ਖ਼ਬਰਾਂ ਸੁਣਦੇ ਸਾਂ। ਕਈ ਵਾਰ ਤਾਂ ਗੋਲੀਆਂ ਦੀ ਕੰਧਾਂ ਵਿਚ ਵੱਜਣ ਦੀ ਆਵਾਜ਼ ਆਉਂਦੀ ਸੀ ਤੇ ਅਸੀਂ ਗੱਦਿਆਂ ਥੱਲੇ ਹੋਰ ਘੁਸੜ ਜਾਂਦੇ ਸੀ। ਅਸੀਂ ਰਾਤ ਨੂੰ ਵੀ ਬੱਤੀਆਂ ਨਹੀਂ ਜਗਾਉਂਦੇ ਸੀ ਤਾਂਕਿ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਘਰ ਵਿਚ ਕੋਈ ਰਹਿ ਰਿਹਾ ਹੈ। ਇਕ ਦਫ਼ਾ ਫ਼ੌਜੀਆਂ ਨੇ ਸਾਡੇ ਦਰਵਾਜ਼ੇ ਤੇ ਆ ਕੇ ਉੱਚੀ-ਉੱਚੀ ਆਵਾਜ਼ਾਂ ਮਾਰੀਆਂ। ਅਸੀਂ ਚੁੱਪ-ਚਾਪ ਅੰਦਰ ਬੈਠੇ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੇ। ਲੜਾਈ ਖ਼ਤਮ ਹੋਣ ਤੋਂ ਬਾਅਦ ਗੁਆਂਢੀਆਂ ਨੇ ਆ ਕੇ ਸਾਡਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਯਹੋਵਾਹ ਨੇ ਹੀ ਸਾਨੂੰ ਸਾਰਿਆਂ ਨੂੰ ਬਚਾਇਆ ਸੀ ਤੇ ਇਸ ਗੱਲ ਨਾਲ ਅਸੀਂ ਵੀ ਪੂਰੀ ਤਰ੍ਹਾਂ ਸਹਿਮਤ ਸਾਂ।

ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਕਿ ਅਚਾਨਕ ਇਕ ਦਿਨ ਅਸੀਂ ਰੇਡੀਓ ਤੇ ਸੁਣਿਆ ਕਿ ਯੂਗਾਂਡਾ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ। ਅਨਾਉਂਸਰ ਨੇ ਕਿਹਾ ਕਿ ਸਾਰੇ ਯਹੋਵਾਹ ਦੇ ਗਵਾਹਾਂ ਨੂੰ ਆਪਣੇ ਪੁਰਾਣੇ ਧਰਮਾਂ ਨੂੰ ਮੁੜ ਅਪਣਾ ਲੈਣਾ ਚਾਹੀਦਾ ਸੀ। ਮੈਂ ਸਰਕਾਰੀ ਅਫ਼ਸਰਾਂ ਨੂੰ ਸਮਝਾਉਣ ਲਈ ਕਈ ਤਰਲੇ-ਮਿੰਨਤਾਂ ਕੀਤੀਆਂ, ਪਰ ਇਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੋਇਆ। ਮੈਂ ਪ੍ਰਧਾਨ ਮੰਤਰੀ ਈਡੀ ਅਮੀਨ ਨੂੰ ਮਿਲਣ ਵਾਸਤੇ ਉਸ ਦੇ ਦਫ਼ਤਰ ਵੀ ਗਿਆ, ਪਰ ਰਿਸੈਪਸ਼ਨਿਸਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਵੇਲੇ ਕਿਸੇ ਕੰਮ ਵਿਚ ਮਸ਼ਰੂਫ਼ ਹਨ, ਇਸ ਲਈ ਉਹ ਮੈਨੂੰ ਮਿਲ ਨਹੀਂ ਸਕਦੇ। ਮੈਂ ਪ੍ਰਧਾਨ ਮੰਤਰੀ ਨੂੰ ਮਿਲਣ ਉਨ੍ਹਾਂ ਦੇ ਦਫ਼ਤਰ ਕਈ ਵਾਰ ਗਿਆ, ਪਰ ਉਹ ਮੈਨੂੰ ਕਦੀ ਨਹੀਂ ਮਿਲੇ। ਆਖ਼ਰ ਜੁਲਾਈ 1973 ਵਿਚ ਸਾਨੂੰ ਯੂਗਾਂਡਾ ਛੱਡ ਕੇ ਜਾਣਾ ਪਿਆ।

ਦੇਖਦੇ ਹੀ ਦੇਖਦੇ ਦਸ ਸਾਲ ਲੰਘ ਗਏ

ਮੈਡਾਗਾਸਕਰ ਦੀ ਤਰ੍ਹਾਂ ਇਕ ਵਾਰ ਫਿਰ ਸਾਨੂੰ ਮਾਯੂਸੀ ਦਾ ਮੂੰਹ ਦੇਖਣਾ ਪਿਆ ਜਦ ਸਾਨੂੰ ਯੂਗਾਂਡਾ ਦੇ ਪਿਆਰੇ ਭੈਣ-ਭਰਾਵਾਂ ਨੂੰ ਅਲਵਿਦਾ ਕਹਿਣੀ ਪਈ। ਸਾਡੀ ਅਗਲੀ ਮੰਜ਼ਲ ਸੈਨੇਗਾਲ ਸੀ, ਪਰ ਉੱਥੇ ਜਾਣ ਤੋਂ ਪਹਿਲਾਂ ਅਸੀਂ ਕੁਝ ਦਿਨਾਂ ਲਈ ਫਿਨਲੈਂਡ ਵਾਪਸ ਆਏ। ਉੱਥੇ ਸਾਨੂੰ ਦੱਸਿਆ ਗਿਆ ਕਿ ਵਾਪਸ ਅਫ਼ਰੀਕਾ ਜਾਣ ਦੀ ਬਜਾਇ ਅਸੀਂ ਫਿਨਲੈਂਡ ਵਿਚ ਹੀ ਰਹਿਣਾ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਮਿਸ਼ਨਰੀ ਸੇਵਾ ਹੁਣ ਖ਼ਤਮ ਹੋ ਚੁੱਕੀ ਸੀ। ਫਿਨਲੈਂਡ ਵਿਚ ਅਸੀਂ ਸਪੈਸ਼ਲ ਪਾਇਨੀਅਰਾਂ ਦੇ ਤੌਰ ਤੇ ਸੇਵਾ ਕੀਤੀ ਤੇ ਇਕ ਵਾਰ ਫਿਰ ਸਾਨੂੰ ਸਰਕਟ ਕੰਮ ਕਰਨ ਦਾ ਮੌਕਾ ਮਿਲਿਆ।

ਸਾਲ 1990 ਵਿਚ ਮੈਡਾਗਾਸਕਰ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਪ੍ਰਤੀ ਵਿਰੋਧ ਕਾਫ਼ੀ ਹੱਦ ਤਕ ਘੱਟ ਗਿਆ ਸੀ। ਅਚਾਨਕ ਇਕ ਦਿਨ ਬਰੁਕਲਿਨ ਨੇ ਸਾਨੂੰ ਇਕ ਸਾਲ ਲਈ ਵਾਪਸ ਮੈਡਾਗਾਸਕਰ ਜਾਣ ਬਾਰੇ ਪੁੱਛਿਆ। ਅਸੀਂ ਜਾਣਾ ਤਾਂ ਚਾਹੁੰਦੇ ਸੀ, ਪਰ ਸਾਡੇ ਮੁਹਰੇ ਦੋ ਵੱਡੀਆਂ ਚੁਣੌਤੀਆਂ ਸਨ। ਇਕ ਤਾਂ ਮੇਰੇ ਬਜ਼ੁਰਗ ਪਿਤਾ ਨੂੰ ਸਾਡੀ ਮਦਦ ਦੀ ਜ਼ਰੂਰਤ ਸੀ ਤੇ ਦੂਜੀ ਵੀਰਾ ਦੀ ਸਿਹਤ ਵੀ ਠੀਕ ਨਹੀਂ ਸੀ। ਪਰ ਨਵੰਬਰ 1990 ਵਿਚ ਪਿਤਾ ਜੀ ਦੀ ਮੌਤ ਹੋ ਗਈ। ਵੀਰਾ ਦੀ ਸਿਹਤ ਵੀ ਅੱਗੇ ਨਾਲੋਂ ਕਾਫ਼ੀ ਠੀਕ ਹੋ ਚੁੱਕੀ ਸੀ ਜਿਸ ਕਰਕੇ ਸਤੰਬਰ 1991 ਵਿਚ ਅਸੀਂ ਮੈਡਾਗਾਸਕਰ ਲਈ ਰਵਾਨਾ ਹੋ ਗਏ।

ਮੈਡਾਗਾਸਕਰ ਵਿਚ ਇਕ ਸਾਲ ਦੀ ਸੇਵਾ ਦੇਖਦੇ ਹੀ ਦੇਖਦੇ ਦਸਾਂ ਸਾਲਾਂ ਵਿਚ ਬਦਲ ਗਈ। ਇਸ ਸਮੇਂ ਦੌਰਾਨ ਪ੍ਰਚਾਰਕਾਂ ਦੀ ਗਿਣਤੀ 4,000 ਤੋਂ ਵਧ ਕੇ 11,600 ਹੋ ਗਈ। ਮੈਂ ਮਿਸ਼ਨਰੀ ਸੇਵਾ ਦਾ ਖੂਬ ਆਨੰਦ ਮਾਣਿਆ। ਪਰ ਕਈ ਵਾਰ ਮੇਰਾ ਦਿਲ ਉਦਾਸ ਵੀ ਹੁੰਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਆਪਣੀ ਪਤਨੀ ਦੀਆਂ ਲੋੜਾਂ ਚੰਗੀ ਤਰ੍ਹਾਂ ਪੂਰੀਆਂ ਨਹੀਂ ਕਰ ਪਾ ਰਿਹਾ ਸੀ। ਪਰ ਯਹੋਵਾਹ ਨੇ ਸਾਨੂੰ ਦੋਵਾਂ ਨੂੰ ਆਪਣੀ ਮਿਸ਼ਨਰੀ ਸੇਵਾ ਵਿਚ ਲੱਗੇ ਰਹਿਣ ਦੀ ਤਾਕਤ ਬਖ਼ਸ਼ੀ। ਆਖ਼ਰਕਾਰ ਸਾਲ 2001 ਵਿਚ ਅਸੀਂ ਵਾਪਸ ਫਿਨਲੈਂਡ ਆ ਗਏ ਤੇ ਉਦੋਂ ਤੋਂ ਹੀ ਅਸੀਂ ਇੱਥੇ ਦੇ ਬ੍ਰਾਂਚ ਆਫ਼ਿਸ ਵਿਚ ਕੰਮ ਕਰ ਰਹੇ ਹਾਂ। ਅੱਜ ਵੀ ਅਸੀਂ ਪ੍ਰਚਾਰ ਦੇ ਕੰਮ ਵਿਚ ਪੂਰਾ ਹਿੱਸਾ ਲੈਂਦੇ ਹਾਂ ਅਤੇ ਅਫ਼ਰੀਕਾ ਦੀਆਂ ਯਾਦਾਂ ਅੱਜ ਵੀ ਸਾਡੇ ਦਿਲਾਂ ਵਿਚ ਤਾਜ਼ੀਆਂ ਹਨ। ਯਹੋਵਾਹ ਦੀ ਸੇਵਾ ਵਿਚ ਸਾਨੂੰ ਜਿੱਥੇ ਮਰਜ਼ੀ ਜਾਣ ਲਈ ਕਿਹਾ ਜਾਵੇ, ਅਸੀਂ ਤਿਆਰ ਹਾਂ।—ਯਸਾਯਾਹ 6:8.

[ਸਫ਼ਾ 12 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਫਿਨਲੈਂਡ

ਯੂਰਪ

[ਸਫ਼ਾ 14 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਅਫ਼ਰੀਕਾ

ਮੈਡਾਗਾਸਕਰ

[ਸਫ਼ਾ 15 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਅਫ਼ਰੀਕਾ

ਯੂਗਾਂਡਾ

[ਸਫ਼ਾ 14 ਉੱਤੇ ਤਸਵੀਰ]

ਸਾਡੇ ਵਿਆਹ ਦੇ ਦਿਨ ਤੇ

[ਸਫ਼ੇ 14, 15 ਉੱਤੇ ਤਸਵੀਰਾਂ]

1960 ਵਿਚ ਫਿਨਲੈਂਡ ਵਿਚ ਸਰਕਟ ਕੰਮ ਕਰਦੇ ਸਮੇਂ

1962 ਵਿਚ ਮੈਡਾਗਾਸਕਰ ਵਿਚ ਮਿਸ਼ਨਰੀ ਸੇਵਾ ਕਰਦੇ ਸਮੇਂ

[ਸਫ਼ਾ 16 ਉੱਤੇ ਤਸਵੀਰ]

ਅੱਜ ਵੀਰਾ ਨਾਲ