Skip to content

Skip to table of contents

ਪਰਮੇਸ਼ੁਰ ਦਾ ਰਾਜ ਹਰ ਪੱਖੋਂ ਉੱਤਮ ਹੈ

ਪਰਮੇਸ਼ੁਰ ਦਾ ਰਾਜ ਹਰ ਪੱਖੋਂ ਉੱਤਮ ਹੈ

ਪਰਮੇਸ਼ੁਰ ਦਾ ਰਾਜ ਹਰ ਪੱਖੋਂ ਉੱਤਮ ਹੈ

ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ: “ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ,—ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਬਾਈਬਲ ਵਿਚ ਦਰਜ ਇਸ ਆਦਰਸ਼ ਪ੍ਰਾਰਥਨਾ ਤੋਂ ਪਰਮੇਸ਼ੁਰ ਦੇ ਰਾਜ ਦਾ ਮਕਸਦ ਪਤਾ ਲੱਗਦਾ ਹੈ।

ਇਸ ਰਾਜ ਦੇ ਜ਼ਰੀਏ ਪਰਮੇਸ਼ੁਰ ਦਾ ਨਾਂ ਰੌਸ਼ਨ ਕੀਤਾ ਜਾਵੇਗਾ। ਸ਼ਤਾਨ ਅਤੇ ਪਹਿਲੇ ਇਨਸਾਨਾਂ ਦੀ ਬਗਾਵਤ ਕਾਰਨ ਉਸ ਦੇ ਨਾਂ ਉੱਤੇ ਲੱਗੇ ਕਲੰਕ ਨੂੰ ਹਮੇਸ਼ਾ ਲਈ ਮਿਟਾਇਆ ਜਾਵੇਗਾ। ਇਹ ਜ਼ਰੂਰੀ ਹੈ ਕਿਉਂਕਿ ਸਾਰੇ ਪ੍ਰਾਣੀਆਂ ਦੀ ਖ਼ੁਸ਼ੀ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਹ ਪਰਮੇਸ਼ੁਰ ਦਾ ਨਾਂ ਰੌਸ਼ਨ ਕਰਨ ਅਤੇ ਮੰਨਣ ਕਿ ਉਹੀ ਸਾਰੀ ਦੁਨੀਆਂ ਉੱਤੇ ਰਾਜ ਕਰਨ ਦਾ ਹੱਕ ਰੱਖਦਾ ਹੈ।—ਪਰਕਾਸ਼ ਦੀ ਪੋਥੀ 4:11.

ਇਸ ਤੋਂ ਇਲਾਵਾ, ਪਰਮੇਸ਼ੁਰ ਆਪਣੇ ਰਾਜ ਦੇ ਜ਼ਰੀਏ ਇਹ ਵੀ ਪੱਕਾ ਕਰੇਗਾ ਕਿ ‘ਪਰਮੇਸ਼ੁਰ ਦੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।’ ਉਹ ਮਰਜ਼ੀ ਕੀ ਹੈ? ਆਦਮ ਦੀ ਗ਼ਲਤੀ ਕਾਰਨ ਪਰਮੇਸ਼ੁਰ ਅਤੇ ਮਨੁੱਖਾਂ ਵਿਚਕਾਰ ਵਿਗੜੇ ਰਿਸ਼ਤੇ ਨੂੰ ਫਿਰ ਤੋਂ ਖ਼ੁਸ਼ਗਵਾਰ ਬਣਾਉਣਾ। ਇਹ ਰਾਜ ਸਾਰੀ ਦੁਨੀਆਂ ਦੇ ਮਾਲਕ ਯਹੋਵਾਹ ਦੇ ਮਕਸਦ ਅਨੁਸਾਰ ਸਾਰੀ ਧਰਤੀ ਨੂੰ ਬਾਗ਼ ਦੀ ਤਰ੍ਹਾਂ ਸੁੰਦਰ ਵੀ ਬਣਾਵੇਗਾ ਜਿੱਥੇ ਚੰਗੇ ਲੋਕ ਹਮੇਸ਼ਾ ਦੀ ਜ਼ਿੰਦਗੀ ਦਾ ਲੁਤਫ਼ ਉਠਾਉਣਗੇ। ਧਰਤੀ ਦੇ ਵਿਗੜੇ ਹਾਲਾਤਾਂ ਨੂੰ ਠੀਕ ਕਰ ਕੇ ਇਹ ਰਾਜ ਇਸ ਦੀ ਕਾਇਆ ਹੀ ਪਲਟ ਦੇਵੇਗਾ। (1 ਯੂਹੰਨਾ 3:8) ਦਰਅਸਲ, ਪੂਰੀ ਬਾਈਬਲ ਦਾ ਮੁੱਖ ਵਿਸ਼ਾ ਹੀ ਇਹ ਰਾਜ ਅਤੇ ਇਸ ਦੀ ਕਾਰਵਾਈ ਹੈ।

ਇਹ ਰਾਜ ਕਿਨ੍ਹਾਂ ਤਰੀਕਿਆਂ ਨਾਲ ਉੱਤਮ ਹੈ?

ਪਰਮੇਸ਼ੁਰ ਦਾ ਰਾਜ ਅਸਲੀ ਸਰਕਾਰ ਹੈ ਜੋ ਬਹੁਤ ਤਾਕਤਵਰ ਹੈ। ਪਰਮੇਸ਼ੁਰ ਦੇ ਨਬੀ ਦਾਨੀਏਲ ਨੇ ਬਹੁਤ ਚਿਰ ਪਹਿਲਾਂ ਇਸ ਦੀ ਤਾਕਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ: “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ . . . ਸਾਰੀਆਂ [ਮਨੁੱਖੀ] ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ।” ਇਸ ਤੋਂ ਇਲਾਵਾ, ਇਤਿਹਾਸ ਦੌਰਾਨ ਜਿੰਨੀਆਂ ਵੀ ਮਨੁੱਖੀ ਸਰਕਾਰਾਂ ਆਈਆਂ ਤੇ ਗਈਆਂ, ਉਨ੍ਹਾਂ ਵਾਂਗ ਪਰਮੇਸ਼ੁਰ ਦਾ ਰਾਜ ਕਦੇ “ਨੇਸਤ” ਯਾਨੀ ਨਾਸ਼ ਨਹੀਂ ਹੋਵੇਗਾ। (ਦਾਨੀਏਲ 2:44) ਇਸ ਰਾਜ ਦੇ ਉੱਤਮ ਹੋਣ ਦਾ ਸਿਰਫ਼ ਇਹੀ ਕਾਰਨ ਨਹੀਂ ਹੈ। ਇਹ ਰਾਜ ਹਰ ਪੱਖੋਂ ਕਿਸੇ ਵੀ ਮਨੁੱਖੀ ਸਰਕਾਰ ਨਾਲੋਂ ਕਿਤੇ ਬਿਹਤਰ ਹੈ।

ਪਰਮੇਸ਼ੁਰ ਨੇ ਆਪਣੇ ਰਾਜ ਲਈ ਬਹੁਤ ਵਧੀਆ ਰਾਜਾ ਚੁਣਿਆ ਹੈ। ਸੋਚੋ ਕਿ ਉਹ ਰਾਜਾ ਕੌਣ ਹੈ। ਦਾਨੀਏਲ ਨੇ ‘ਸੁਫ਼ਨੇ’ ਵਿਚ ਦੇਖਿਆ ਕਿ ਪਰਮੇਸ਼ੁਰ ਦੇ ਰਾਜ ਦਾ ਰਾਜਾ “ਮਨੁੱਖ ਦੇ ਪੁੱਤ੍ਰ ਵਰਗਾ” ਸੀ ਜਿਸ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਅੱਗੇ ਲਿਆਂਦਾ ਗਿਆ ਅਤੇ ਉਸ ਨੂੰ “ਪਾਤਸ਼ਾਹੀ ਅਰ ਪਰਤਾਪ ਅਰ ਰਾਜ” ਦਿੱਤਾ ਗਿਆ। (ਦਾਨੀਏਲ 7:1, 13, 14) ਇਹ ਮਨੁੱਖ ਦਾ ਪੁੱਤਰ ਯਿਸੂ ਮਸੀਹ ਹੈ। (ਮੱਤੀ 16:13-17) ਯਹੋਵਾਹ ਪਰਮੇਸ਼ੁਰ ਨੇ ਆਪਣੇ ਪੁੱਤਰ ਯਿਸੂ ਨੂੰ ਆਪਣੇ ਰਾਜ ਦਾ ਰਾਜਾ ਬਣਾਇਆ ਹੈ। ਧਰਤੀ ਉੱਤੇ ਹੁੰਦਿਆਂ ਯਿਸੂ ਨੇ ਭੈੜੇ ਧਾਰਮਿਕ ਆਗੂਆਂ ਨੂੰ ਕਿਹਾ ਸੀ: “ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚੇ ਹੈ।” ਉਸ ਦੇ ਕਹਿਣ ਦਾ ਮਤਲਬ ਸੀ ਕਿ ਪਰਮੇਸ਼ੁਰ ਦੇ ਰਾਜ ਦਾ ਹੋਣ ਵਾਲਾ ਰਾਜਾ ਉਸ ਵੇਲੇ ਉਨ੍ਹਾਂ ਦੇ ਵਿਚਕਾਰ ਖੜ੍ਹਾ ਸੀ।—ਲੂਕਾ 17:21.

ਕੀ ਕਿਸੇ ਹੋਰ ਮਨੁੱਖੀ ਹਾਕਮ ਵਿਚ ਯਿਸੂ ਵਰਗੇ ਗੁਣ ਹਨ? ਯਿਸੂ ਇਹ ਸਾਬਤ ਕਰ ਚੁੱਕਾ ਹੈ ਕਿ ਉਹ ਪਰਮੇਸ਼ੁਰ ਦੇ ਮਿਆਰਾਂ ਤੇ ਪੂਰੀ ਤਰ੍ਹਾਂ ਖਰਾ ਉਤਰਦਾ ਹੈ ਅਤੇ ਉਹ ਭਰੋਸੇਯੋਗ ਤੇ ਹਮਦਰਦ ਆਗੂ ਹੈ। ਇੰਜੀਲਾਂ ਵਿਚ ਦੱਸਿਆ ਹੈ ਕਿ ਯਿਸੂ ਬਹੁਤ ਹੀ ਮਿਹਨਤੀ ਅਤੇ ਜੋਸ਼ੀਲਾ ਇਨਸਾਨ ਸੀ ਤੇ ਉਸ ਦੇ ਦਿਲ ਵਿਚ ਦੂਜਿਆਂ ਲਈ ਪਿਆਰ ਅਤੇ ਦਇਆ ਸੀ। (ਮੱਤੀ 4:23; ਮਰਕੁਸ 1:40, 41; 6:31-34; ਲੂਕਾ 7:11-17) ਇਸ ਤੋਂ ਇਲਾਵਾ, ਯਿਸੂ ਜੀਉਂਦਾ ਹੋ ਕੇ ਸਵਰਗ ਜਾ ਚੁੱਕਾ ਹੈ ਤੇ ਉਹ ਹੁਣ ਕਦੇ ਨਹੀਂ ਮਰੇਗਾ ਅਤੇ ਨਾ ਹੀ ਉਹ ਇਨਸਾਨਾਂ ਦੀ ਤਰ੍ਹਾਂ ਲਾਚਾਰ ਹੈ।—ਯਸਾਯਾਹ 9:6, 7.

ਯਿਸੂ ਅਤੇ ਉਸ ਦੇ ਸਾਥੀ ਸਵਰਗ ਤੋਂ ਰਾਜ ਕਰਨਗੇ। ਦਾਨੀਏਲ ਨੇ ਸੁਫ਼ਨੇ ਵਿਚ ਇਹ ਵੀ ਦੇਖਿਆ ਸੀ ਕਿ ‘ਰਾਜਗੱਦੀ ਅਤੇ ਅਧਿਕਾਰ ਪਵਿੱਤਰ ਪੁਰਖਾਂ ਨੂੰ ਦਿੱਤੇ ਗਏ।’ (ਦਾਨੀਏਲ 7:27, ਈਜ਼ੀ ਟੂ ਰੀਡ ਵਰਯਨ) ਯਿਸੂ ਇਕੱਲਾ ਰਾਜ ਨਹੀਂ ਕਰੇਗਾ। ਉਸ ਦੇ ਨਾਲ ਹੋਰ ਵੀ ਲੋਕ ਹਨ ਜੋ ਰਾਜਿਆਂ ਅਤੇ ਜਾਜਕਾਂ ਵਜੋਂ ਰਾਜ ਕਰਨਗੇ। (ਪਰਕਾਸ਼ ਦੀ ਪੋਥੀ 5:9, 10; 20:6) ਇਨ੍ਹਾਂ ਬਾਰੇ ਯੂਹੰਨਾ ਰਸੂਲ ਨੇ ਲਿਖਿਆ: “ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਲੇਲਾ ਸੀਯੋਨ ਦੇ ਪਹਾੜ ਉੱਤੇ ਖਲੋਤਾ ਹੈ ਅਤੇ ਉਹ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਹਨ . . . ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ।”—ਪਰਕਾਸ਼ ਦੀ ਪੋਥੀ 14:1-3.

ਯਿਸੂ ਦੇ ਰਾਜਾ ਬਣਨ ਤੋਂ ਬਾਅਦ ਉਸ ਨੂੰ “ਲੇਲਾ” ਕਿਹਾ ਗਿਆ ਹੈ। (ਯੂਹੰਨਾ 1:29; ਪਰਕਾਸ਼ ਦੀ ਪੋਥੀ 22:3) ਸੀਯੋਨ ਦਾ ਪਹਾੜ ਸਵਰਗ ਨੂੰ ਸੰਕੇਤ ਕਰਦਾ ਹੈ। * (ਇਬਰਾਨੀਆਂ 12:22) ਯਿਸੂ ਅਤੇ ਉਸ ਦੇ 1,44,000 ਸਾਥੀ ਸਵਰਗ ਤੋਂ ਰਾਜ ਕਰਨਗੇ। ਉਹ ਸਭ ਤੋਂ ਉੱਚੀ ਥਾਂ ਰਾਜ ਕਰਨ ਕਰਕੇ ਸਾਰੀ ਧਰਤੀ ਉੱਤੇ ਨਿਗਾਹ ਰੱਖ ਸਕਣਗੇ। “ਪਰਮੇਸ਼ੁਰ ਦੇ ਰਾਜ” ਦਾ ਸਿੰਘਾਸਣ ਸਵਰਗ ਵਿਚ ਹੋਣ ਕਰਕੇ ਇਸ ਨੂੰ ‘ਸੁਰਗ ਦਾ ਰਾਜ’ ਵੀ ਕਿਹਾ ਗਿਆ ਹੈ। (ਲੂਕਾ 8:10; ਮੱਤੀ 13:11) ਇਸ ਸਵਰਗੀ ਸਰਕਾਰ ਨੂੰ ਕੋਈ ਵੀ ਹਥਿਆਰ ਜਾਂ ਨਿਊਕਲੀ ਹਮਲਾ ਡਰਾ-ਧਮਕਾ ਨਹੀਂ ਸਕਦਾ ਤੇ ਨਾ ਹੀ ਇਸ ਦਾ ਨਾਸ਼ ਕਰ ਸਕਦਾ ਹੈ। ਇਸ ਸਰਕਾਰ ਨੂੰ ਕੋਈ ਨਹੀਂ ਪਲਟ ਸਕਦਾ, ਇਹ ਯਹੋਵਾਹ ਦਾ ਮਕਸਦ ਪੂਰਾ ਕਰ ਕੇ ਹੀ ਰਹੇਗੀ।—ਇਬਰਾਨੀਆਂ 12:28.

ਧਰਤੀ ਉੱਤੇ ਪਰਮੇਸ਼ੁਰ ਵੱਲੋਂ ਆਪਣੇ ਰਾਜ ਲਈ ਨਿਯੁਕਤ ਕੀਤੇ ਨਿਗਾਹਬਾਨ ਭਰੋਸੇਯੋਗ ਹਨ। ਇਹ ਅਸੀਂ ਕਿਵੇਂ ਜਾਣਦੇ ਹਾਂ? ਜ਼ਬੂਰਾਂ ਦੀ ਪੋਥੀ 45:16 ਦੱਸਦਾ ਹੈ: “ਤੂੰ ਸਾਰੀ ਧਰਤੀ ਉੱਤੇ ਸਰਦਾਰ ਬਣਾਵੇਂਗਾ।” ਇਸ ਭਵਿੱਖਬਾਣੀ ਵਿਚ “ਤੂੰ” ਪਰਮੇਸ਼ੁਰ ਦੇ ਪੁੱਤਰ ਯਿਸੂ ਨੂੰ ਕਿਹਾ ਗਿਆ ਹੈ। (ਜ਼ਬੂਰਾਂ ਦੀ ਪੋਥੀ 45:6, 7; ਇਬਰਾਨੀਆਂ 1:7, 8) ਯਿਸੂ ਮਸੀਹ ਖ਼ੁਦ ਇਨ੍ਹਾਂ ਮਨੁੱਖਾਂ ਨੂੰ ਸਰਦਾਰ ਨਿਯੁਕਤ ਕਰੇਗਾ। ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ਵਫ਼ਾਦਾਰੀ ਨਾਲ ਉਸ ਦੀ ਸੇਧ ਵਿਚ ਚੱਲਣਗੇ। ਅੱਜ ਵੀ ਮਸੀਹੀ ਕਲੀਸਿਯਾ ਵਿਚ ਸੇਵਾ ਕਰ ਰਹੇ ਕਾਬਲ ਨਿਗਾਹਬਾਨਾਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਉਹ ਆਪਣੇ ਸੰਗੀ ਵਿਸ਼ਵਾਸੀਆਂ ਉੱਤੇ “ਹੁਕਮ” ਨਾ ਚਲਾਉਣ, ਸਗੋਂ ਉਨ੍ਹਾਂ ਦੀ ਰਾਖੀ ਕਰਨ, ਉਨ੍ਹਾਂ ਨੂੰ ਆਰਾਮ ਪਹੁੰਚਾਉਣ ਅਤੇ ਦਿਲਾਸਾ ਦੇਣ।—ਮੱਤੀ 20:25-28; ਯਸਾਯਾਹ 32:2.

ਰਾਜ ਦੀ ਪਰਜਾ ਪਰਮੇਸ਼ੁਰ ਦੇ ਧਰਮੀ ਰਾਹਾਂ ਤੇ ਚੱਲਦੀ ਹੈ। ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਨਿਰਦੋਸ਼ ਅਤੇ ਖਰੀ ਹੈ। (ਕਹਾਉਤਾਂ 2:21, 22) ਬਾਈਬਲ ਕਹਿੰਦੀ ਹੈ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰਾਂ ਦੀ ਪੋਥੀ 37:11) ਪਰਮੇਸ਼ੁਰ ਦੇ ਰਾਜ ਦੀ ਪਰਜਾ ਨਿਮਰ ਹੈ। ਉਹ ਪਰਮੇਸ਼ੁਰ ਦੀ ਸੇਧ ਵਿਚ ਚੱਲ ਕੇ ਸਹੀ ਕੰਮ ਕਰਦੀ ਹੈ ਅਤੇ ਆਤਮਿਕ ਗੱਲਾਂ ਨੂੰ ਪਹਿਲ ਦਿੰਦੀ ਹੈ।—ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਪਰਮੇਸ਼ੁਰ ਦੇ ਰਾਜ ਦੇ ਕਾਇਦੇ-ਕਾਨੂੰਨ ਬਹੁਤ ਵਧੀਆ ਹਨ। ਇਸ ਰਾਜ ਦੇ ਕਾਨੂੰਨ ਅਤੇ ਸਿਧਾਂਤ ਯਹੋਵਾਹ ਪਰਮੇਸ਼ੁਰ ਨੇ ਬਣਾਏ ਹਨ। ਇਹ ਕਾਨੂੰਨ ਸਾਡੇ ਉੱਤੇ ਨਾਜਾਇਜ਼ ਪਾਬੰਦੀਆਂ ਲਾਉਣ ਲਈ ਨਹੀਂ, ਸਗੋਂ ਸਾਡੇ ਫ਼ਾਇਦੇ ਲਈ ਬਣਾਏ ਗਏ ਹਨ। (ਜ਼ਬੂਰਾਂ ਦੀ ਪੋਥੀ 19:7-11) ਬਹੁਤ ਸਾਰੇ ਲੋਕ ਪਹਿਲਾਂ ਹੀ ਯਹੋਵਾਹ ਦੇ ਧਰਮੀ ਮਿਆਰਾਂ ਉੱਤੇ ਚੱਲ ਕੇ ਲਾਭ ਹਾਸਲ ਕਰ ਰਹੇ ਹਨ। ਮਿਸਾਲ ਲਈ, ਬਾਈਬਲ ਵਿਚ ਪਤੀਆਂ, ਪਤਨੀਆਂ ਅਤੇ ਬੱਚਿਆਂ ਨੂੰ ਦਿੱਤੀ ਗਈ ਸਲਾਹ ਉੱਤੇ ਚੱਲ ਕੇ ਪਰਿਵਾਰਕ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। (ਅਫ਼ਸੀਆਂ 5:33–6:3) “ਪ੍ਰੇਮ” ਕਰਨ ਦੇ ਹੁਕਮ ਨੂੰ ਮੰਨ ਕੇ ਦੂਜਿਆਂ ਨਾਲ ਰਿਸ਼ਤਾ ਸੁਧਰਦਾ ਹੈ। (ਕੁਲੁੱਸੀਆਂ 3:13, 14) ਬਾਈਬਲ ਦੇ ਸਿਧਾਂਤਾਂ ਅਨੁਸਾਰ ਜੀਉਣ ਨਾਲ ਸਾਡੇ ਵਿਚ ਕੰਮ ਕਰਨ ਦੀਆਂ ਚੰਗੀਆਂ ਆਦਤਾਂ ਅਤੇ ਪੈਸੇ ਬਾਰੇ ਸਹੀ ਨਜ਼ਰੀਆ ਪੈਦਾ ਹੁੰਦਾ ਹੈ। (ਕਹਾਉਤਾਂ 13:4; 1 ਤਿਮੋਥਿਉਸ 6:9, 10) ਜ਼ਿਆਦਾ ਸ਼ਰਾਬ ਪੀਣ, ਅਨੈਤਿਕ ਕੰਮ ਕਰਨ, ਤਮਾਖੂ ਅਤੇ ਨਸ਼ਿਆਂ ਤੋਂ ਪਰਹੇਜ਼ ਕਰਨ ਦੀ ਨਸੀਹਤ ਮੰਨ ਕੇ ਅਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ।—ਕਹਾਉਤਾਂ 7:21-23; 23:29, 30; 2 ਕੁਰਿੰਥੀਆਂ 7:1.

ਪਰਮੇਸ਼ੁਰ ਦਾ ਰਾਜ ਉਸ ਵੱਲੋਂ ਠਹਿਰਾਈ ਸਰਕਾਰ ਹੈ। ਇਸ ਦਾ ਰਾਜਾ ਯਿਸੂ ਮਸੀਹ ਅਤੇ ਉਸ ਦੇ ਸਾਥੀ ਪਰਮੇਸ਼ੁਰ ਦੇ ਖਰੇ ਨਿਯਮਾਂ ਅਤੇ ਸਿਧਾਂਤਾਂ ਨੂੰ ਲਾਗੂ ਕਰਨ ਲਈ ਪਰਮੇਸ਼ੁਰ ਅੱਗੇ ਜਵਾਬਦੇਹ ਹਨ। ਰਾਜ ਦੀ ਪਰਜਾ ਅਤੇ ਧਰਤੀ ਉੱਤੇ ਇਸ ਰਾਜ ਦੇ ਪ੍ਰਤਿਨਿਧ ਪਰਮੇਸ਼ੁਰ ਦੇ ਨਿਯਮਾਂ ਅਨੁਸਾਰ ਖ਼ੁਸ਼ੀ ਨਾਲ ਜੀਉਂਦੇ ਹਨ। ਇਸ ਰਾਜ ਦੇ ਹਾਕਮ ਅਤੇ ਪਰਜਾ ਜ਼ਿੰਦਗੀ ਵਿਚ ਪਰਮੇਸ਼ੁਰ ਨੂੰ ਪਹਿਲੇ ਦਰਜੇ ਤੇ ਰੱਖਦੇ ਹਨ। ਇਸ ਤਰ੍ਹਾਂ ਰਾਜ ਦਾ ਅਸਲੀ ਰਾਜਾ ਪਰਮੇਸ਼ੁਰ ਹੈ। ਇਹ ਰਾਜ ਜਿਸ ਮਕਸਦ ਲਈ ਸਥਾਪਿਤ ਕੀਤਾ ਗਿਆ ਹੈ, ਉਸ ਮਕਸਦ ਨੂੰ ਜ਼ਰੂਰ ਪੂਰਾ ਕਰੇਗਾ। ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਇਸ ਰਾਜ ਨੇ ਸ਼ਾਸਨ ਕਰਨਾ ਕਦੋਂ ਸ਼ੁਰੂ ਕੀਤਾ?

ਰਾਜ ਦੇ ਸ਼ਾਸਨ ਦੀ ਸ਼ੁਰੂਆਤ

ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇਸ ਰਾਜ ਨੇ ਕਦੋਂ ਸ਼ਾਸਨ ਕਰਨਾ ਸ਼ੁਰੂ ਕਰਨਾ ਸੀ। ਉਸ ਨੇ ਕਿਹਾ ਸੀ ਕਿ “ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੀਕੁਰ ਪਰਾਈਆਂ ਕੌਮਾਂ ਦੇ ਸਮੇ ਪੂਰੇ ਨਾ ਹੋਣ।” (ਲੂਕਾ 21:24) ਸਾਰੀ ਧਰਤੀ ਉੱਤੇ ਯਰੂਸ਼ਲਮ ਹੀ ਇੱਕੋ-ਇਕ ਅਜਿਹਾ ਸ਼ਹਿਰ ਸੀ ਜਿੱਥੇ ਯਹੋਵਾਹ ਦੀ ਭਗਤੀ ਦਾ ਮੁੱਖ ਕੇਂਦਰ ਸੀ। (1 ਰਾਜਿਆਂ 11:36; ਮੱਤੀ 5:35) ਇਹ ਧਰਤੀ ਉੱਤੇ ਪਰਮੇਸ਼ੁਰ ਵੱਲੋਂ ਮਨਜ਼ੂਰਸ਼ੁਦਾ ਰਾਜ ਦੀ ਰਾਜਧਾਨੀ ਸੀ। ਇਸ ਸ਼ਹਿਰ ਨੂੰ ਕੌਮਾਂ ਨੇ ਇਸ ਅਰਥ ਵਿਚ “ਲਤਾੜਨਾ” ਸੀ ਕਿ ਪਰਮੇਸ਼ੁਰ ਜਿਨ੍ਹਾਂ ਲੋਕਾਂ ਉੱਤੇ ਰਾਜ ਕਰਦਾ ਸੀ, ਹੁਣ ਉਨ੍ਹਾਂ ਉੱਤੇ ਦੁਨਿਆਵੀ ਸਰਕਾਰਾਂ ਨੇ ਰਾਜ ਕਰਨਾ ਸੀ। ਇਸ ਤਰ੍ਹਾਂ ਕਦੋਂ ਹੋਣਾ ਸੀ?

ਯਰੂਸ਼ਲਮ ਵਿਚ ਯਹੋਵਾਹ ਵੱਲੋਂ ਠਹਿਰਾਏ ਆਖ਼ਰੀ ਰਾਜੇ ਨੂੰ ਕਿਹਾ ਗਿਆ ਸੀ: “ਅਮਾਮਾ ਉਤਾਰ ਅਤੇ ਤਾਜ ਲਾਹ ਦੇਹ। . . . ਏਹ ਨਹੀਂ ਰਹੇਗਾ ਜਦ ਤੀਕ ਉਹ ਆਵੇਗਾ ਜਿਸ ਦਾ ਹੱਕ ਹੈ, ਤਾਂ ਮੈਂ ਉਹ ਨੂੰ ਦਿਆਂਗਾ।” (ਹਿਜ਼ਕੀਏਲ 21:25-27) ਰਾਜੇ ਦਾ ਤਾਜ ਲਾਹਿਆ ਜਾਣਾ ਸੀ ਅਤੇ ਯਰੂਸ਼ਲਮ ਵਿਚ ਲੋਕਾਂ ਉੱਤੇ ਪਰਮੇਸ਼ੁਰ ਵੱਲੋਂ ਠਹਿਰਾਏ ਰਾਜਿਆਂ ਦਾ ਰਾਜ ਖ਼ਤਮ ਹੋ ਜਾਣਾ ਸੀ। ਇਹ 607 ਈ. ਪੂ. ਵਿਚ ਹੋਇਆ ਜਦ ਬਾਬਲੀਆਂ ਨੇ ਯਰੂਸ਼ਲਮ ਨੂੰ ਤਬਾਹ ਕਰ ਦਿੱਤਾ। ‘ਪਰਾਈਆਂ ਕੌਮਾਂ ਦੇ ਸਮਿਆਂ’ ਦੌਰਾਨ ਧਰਤੀ ਉੱਤੇ ਅਜਿਹੀ ਕੋਈ ਸਰਕਾਰ ਨਹੀਂ ਰਹਿਣੀ ਸੀ ਜੋ ਪਰਮੇਸ਼ੁਰ ਦੀ ਹਕੂਮਤ ਨੂੰ ਦਰਸਾਉਂਦੀ। ਇਹ ਸਮੇਂ ਖ਼ਤਮ ਹੋਣ ਤੋਂ ਬਾਅਦ ਹੀ ਯਹੋਵਾਹ ਨੇ ਆਪਣੀ ਸੱਤਾ ਉਸ ਸ਼ਖ਼ਸ ਦੇ ਹੱਥਾਂ ਵਿਚ ਦੇਣੀ ਸੀ “ਜਿਸ ਦਾ ਹੱਕ ਹੈ।” ਉਹ ਸ਼ਖ਼ਸ ਯਿਸੂ ਮਸੀਹ ਹੈ। ਪਰਾਈਆਂ ਕੌਮਾਂ ਦਾ ਸਮਾਂ ਕਿੰਨਾ ਕੁ ਲੰਬਾ ਹੋਣਾ ਸੀ?

ਬਾਈਬਲ ਵਿਚ ਦਾਨੀਏਲ ਨਬੀ ਦੀ ਭਵਿੱਖਬਾਣੀ ਇਸ ਗੱਲ ਤੇ ਰੌਸ਼ਨੀ ਪਾਉਂਦੀ ਹੈ: ‘ਰੁੱਖ ਨੂੰ ਕੱਟ ਕੇ ਢਾਹ ਦਿਓ ਅਤੇ ਉਹ ਦਾ ਸਤਿਆ ਨਾਸ ਕਰ ਸੁੱਟੋ ਤਾਂ ਵੀ ਜ਼ਮੀਨ ਵਿੱਚ ਉਹ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ ਸਗੋਂ ਉਹ ਨੂੰ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨ੍ਹੋ ਜਦ ਤੀਕ ਸੱਤ ਸਮੇ ਉਹ ਦੇ ਉੱਤੇ ਨਾ ਬੀਤਣ।’ (ਦਾਨੀਏਲ 4:23) ਅੱਗੇ ਚੱਲ ਕੇ ਅਸੀਂ ਦੇਖਾਂਗੇ ਕਿ ਇਹ ਸੱਤ ਸਮੇਂ ‘ਪਰਾਈਆਂ ਕੌਮਾਂ ਦੇ ਸਮਿਆਂ’ ਜਿੰਨੇ ਲੰਬੇ ਹਨ।

ਬਾਈਬਲ ਵਿਚ ਰੁੱਖਾਂ ਦੀ ਤੁਲਨਾ ਲੋਕਾਂ, ਹਾਕਮਾਂ ਅਤੇ ਰਾਜਾਂ ਨਾਲ ਕੀਤੀ ਗਈ ਹੈ। (ਜ਼ਬੂਰਾਂ ਦੀ ਪੋਥੀ 1:3; ਯਿਰਮਿਯਾਹ 17:7, 8; ਹਿਜ਼ਕੀਏਲ ਦਾ 31ਵਾਂ ਅਧਿਆਇ) ਭਵਿੱਖਬਾਣੀ ਵਿਚ ਜ਼ਿਕਰ ਕੀਤੇ ਗਏ ਰੁੱਖ ਬਾਰੇ ਕਿਹਾ ਗਿਆ ਹੈ ਕਿ ਉਹ “ਧਰਤੀ ਦੇ ਕੰਢਿਆਂ ਤੀਕ ਵਿਖਾਈ” ਦਿੰਦਾ ਸੀ। (ਦਾਨੀਏਲ 4:11) ਇਸ ਤਰ੍ਹਾਂ ਜਿਸ ਰੁੱਖ ਨੂੰ ਕੱਟਿਆ ਜਾਣਾ ਸੀ ਅਤੇ ਬੰਨ੍ਹਿਆ ਜਾਣਾ ਸੀ, ਉਹ ਉਸ ਹਕੂਮਤ ਨੂੰ ਦਰਸਾਉਂਦਾ ਸੀ ਜੋ “ਧਰਤੀ ਦੇ ਕੰਢਿਆਂ ਤੀਕ” ਫੈਲੀ ਸੀ ਯਾਨੀ ਉਸ ਦਾ ਸਾਰੀ ਦੁਨੀਆਂ ਉੱਤੇ ਰਾਜ ਸੀ। (ਦਾਨੀਏਲ 4:17, 20, 22) ਤਾਂ ਫਿਰ “ਧਰਤੀ ਦੇ ਕੰਢਿਆਂ ਤੀਕ ਵਿਖਾਈ” ਦੇਣ ਵਾਲਾ ਰੁੱਖ ਖ਼ਾਸਕਰ ਧਰਤੀ ਉੱਤੇ ਪਰਮੇਸ਼ੁਰ ਦੀ ਉੱਤਮ ਸਰਕਾਰ ਨੂੰ ਦਰਸਾਉਂਦਾ ਹੈ। ਪਰਮੇਸ਼ੁਰ ਨੇ ਕੁਝ ਸਮੇਂ ਲਈ ਇਸਰਾਏਲ ਕੌਮ ਉੱਤੇ ਇਸ ਸਰਕਾਰ ਦੇ ਜ਼ਰੀਏ ਰਾਜ ਕੀਤਾ ਸੀ। ਇਹੀ ਉਹ ਸਰਕਾਰ ਯਾਨੀ ਰੁੱਖ ਸੀ ਜਿਸ ਨੂੰ ਕੱਟਿਆ ਗਿਆ ਸੀ ਅਤੇ ਇਸ ਨੂੰ ਵਧਣ ਤੋਂ ਰੋਕਣ ਲਈ ਇਸ ਦੇ ਮੁੱਢ ਨੂੰ ਲੋਹੇ ਅਤੇ ਪਿੱਤਲ ਦੇ ਸੰਮਾਂ ਨਾਲ ਬੰਨ੍ਹਿਆ ਗਿਆ ਸੀ। ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਜਿਸ ਰਾਜ ਦੇ ਜ਼ਰੀਏ ਧਰਤੀ ਉੱਤੇ ਹਕੂਮਤ ਕਰਦਾ ਸੀ, ਉਹ 607 ਈ. ਪੂ. ਵਿਚ ਖ਼ਤਮ ਹੋ ਗਿਆ, ਪਰ ਹਮੇਸ਼ਾ ਲਈ ਨਹੀਂ। ਰੁੱਖ ਨੇ ‘ਸੱਤ ਸਮਿਆਂ’ ਤਕ ਬੱਝਿਆ ਰਹਿਣਾ ਸੀ। ਇਹ ਸਮਾਂ ਬੀਤਣ ਤੇ ਯਹੋਵਾਹ ਨੇ ਆਪਣੀ ਹਕੂਮਤ ਆਪਣੇ ਜਾਇਜ਼ ਵਾਰਸ ਯਿਸੂ ਮਸੀਹ ਨੂੰ ਦੇਣੀ ਸੀ। ਇਸ ਤੋਂ ਸਪੱਸ਼ਟ ਹੈ ਕਿ “ਸੱਤ ਸਮੇ” ਅਤੇ “ਪਰਾਈਆਂ ਕੌਮਾਂ ਦੇ ਸਮੇ” ਇੱਕੋ ਸਮੇਂ ਨੂੰ ਸੰਕੇਤ ਕਰਦੇ ਹਨ।

ਬਾਈਬਲ ਇਹ ਜਾਣਨ ਵਿਚ ਸਾਡੀ ਮਦਦ ਕਰਦੀ ਹੈ ਕਿ “ਸੱਤ ਸਮੇ” ਕਿੰਨੇ ਲੰਬੇ ਹਨ। ਬਾਈਬਲ 1,260 ਦਿਨਾਂ ਦੀ ਤੁਲਨਾ “ਸਮੇਂ [ਇਕ ਸਮਾਂ] ਅਤੇ ਦੋਂਹ ਸਮਿਆਂ ਅਤੇ ਅੱਧ ਸਮੇਂ” ਯਾਨੀ ਸਾਢੇ ਤਿੰਨ “ਸਮਿਆਂ” ਨਾਲ ਕਰਦੀ ਹੈ। (ਪਰਕਾਸ਼ ਦੀ ਪੋਥੀ 12:6, 14) ਇਸ ਦਾ ਮਤਲਬ ਹੈ ਕਿ ਇਸ ਦਾ ਦੁਗੁਣਾ ਸਮਾਂ ਜਾਂ ਸੱਤ ਸਮੇਂ 2,520 ਦਿਨ ਹੋਏ।

ਜਦ ਅਸੀਂ 607 ਈ. ਪੂ. ਤੋਂ 2,520 ਦਿਨ ਗਿਣਦੇ ਹਾਂ, ਤਾਂ ਅਸੀਂ 600 ਈ. ਪੂ. ਵਿਚ ਪਹੁੰਚਦੇ ਹਾਂ। ਪਰ ਸੱਤ ਸਮੇਂ ਤਾਂ ਇਸ ਤੋਂ ਕਿਤੇ ਜ਼ਿਆਦਾ ਲੰਬੇ ਸਨ। ਇਹ ਸਮੇਂ ਉਦੋਂ ਵੀ ਚੱਲ ਰਹੇ ਸਨ ਜਦ ਯਿਸੂ ਨੇ ‘ਪਰਾਈਆਂ ਕੌਮਾਂ ਦੇ ਸਮਿਆਂ’ ਦੀ ਗੱਲ ਕੀਤੀ ਸੀ। ਇਸ ਲਈ ਸੱਤ ਸਮੇਂ ਭਵਿੱਖ ਵਿਚ ਪੂਰੇ ਹੋਣੇ ਸਨ। ਇਨ੍ਹਾਂ ਸਮਿਆਂ ਦੀ ਲੰਬਾਈ ਪਤਾ ਕਰਨ ਲਈ ਬਾਈਬਲ ਦਾ ਇਹ ਸਿਧਾਂਤ ਸਾਡੀ ਮਦਦ ਕਰਦਾ ਹੈ: ‘ਇੱਕ ਦਿਨ ਬਦਲੇ ਇੱਕ ਵਰ੍ਹਾ ਹੁੰਦਾ ਹੈ।’ (ਗਿਣਤੀ 14:34; ਹਿਜ਼ਕੀਏਲ 4:6) ਤਾਂ ਫਿਰ ਇਸ ਸਿਧਾਂਤ ਅਨੁਸਾਰ ਸੱਤ ਸਮੇਂ 2,520 ਸਾਲ ਬਣਦੇ ਹਨ ਜਿਨ੍ਹਾਂ ਵਿਚ ਦੁਨਿਆਵੀ ਸਰਕਾਰਾਂ ਨੇ ਧਰਤੀ ਉੱਤੇ ਹਕੂਮਤ ਕਰਨੀ ਸੀ। ਸੰਨ 607 ਈ. ਪੂ. ਤੋਂ 2,520 ਸਾਲ ਗਿਣਨ ਤੇ ਅਸੀਂ 1914 ਈਸਵੀ ਵਿਚ ਪਹੁੰਚਦੇ ਹਾਂ। ਇਸੇ ਸਾਲ “ਪਰਾਈਆਂ ਕੌਮਾਂ ਦੇ ਸਮੇ” ਜਾਂ ਸੱਤ ਸਮੇਂ ਪੂਰੇ ਹੋਏ ਸਨ। ਇਸ ਦਾ ਮਤਲਬ ਹੈ ਕਿ 1914 ਵਿਚ ਯਿਸੂ ਮਸੀਹ ਨੇ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕੀਤਾ ਸੀ।

“ਤੇਰਾ ਰਾਜ ਆਵੇ”

ਜੇ ਪਰਮੇਸ਼ੁਰ ਦਾ ਰਾਜ ਪਹਿਲਾਂ ਹੀ ਸਵਰਗ ਵਿਚ ਸ਼ੁਰੂ ਹੋ ਚੁੱਕਾ ਹੈ, ਤਾਂ ਫਿਰ ਕੀ ਸਾਨੂੰ ਉਸ ਦੇ ਰਾਜ ਦੇ ਆਉਣ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ਯਿਸੂ ਨੇ ਸਿਖਾਈ ਸੀ? (ਮੱਤੀ 6:9, 10) ਹਾਂ। ਇਹ ਪ੍ਰਾਰਥਨਾ ਕਰਨੀ ਸਹੀ ਹੈ ਕਿਉਂਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਇਸ ਧਰਤੀ ਦੇ ਹਾਲਾਤ ਸੁਧਾਰਨ ਵਾਲਾ ਹੈ।

ਉਸ ਵੇਲੇ ਵਫ਼ਾਦਾਰ ਲੋਕ ਬਹੁਤ ਸਾਰੀਆਂ ਬਰਕਤਾਂ ਪਾਉਣਗੇ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ . . . ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:3, 4) ਇਹ ਸਮਾਂ ਆਉਣ ਤੇ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਲੋਕ ਸਦਾ ਦੀ ਜ਼ਿੰਦਗੀ ਦਾ ਲੁਤਫ਼ ਉਠਾਉਣਗੇ। (ਯੂਹੰਨਾ 17:3) ਇਨ੍ਹਾਂ ਗੱਲਾਂ ਦੀ ਪੂਰਤੀ ਦੇ ਨਾਲ-ਨਾਲ ਬਾਈਬਲ ਦੀਆਂ ਹੋਰ ਭਵਿੱਖਬਾਣੀਆਂ ਦੇ ਪੂਰਾ ਹੋਣ ਦੀ ਉਡੀਕ ਕਰਦਿਆਂ ਆਓ ਆਪਾਂ ‘ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੀਏ।’—ਮੱਤੀ 6:33.

[ਫੁਟਨੋਟ]

^ ਪੈਰਾ 10 ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਯਬੂਸੀਆਂ ਤੋਂ ਸੀਯੋਨ ਪਹਾੜ ਦੇ ਕਿਲੇ ਨੂੰ ਜਿੱਤ ਲਿਆ ਸੀ ਅਤੇ ਇਸ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਇਆ। (2 ਸਮੂਏਲ 5:6, 7, 9) ਉਹ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਵੀ ਇਸ ਥਾਂ ਲੈ ਆਇਆ। (2 ਸਮੂਏਲ 6:17) ਇਹ ਸੰਦੂਕ ਯਹੋਵਾਹ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ ਜਿਸ ਕਰਕੇ ਸੀਯੋਨ ਦੇ ਪਹਾੜ ਨੂੰ ਪਰਮੇਸ਼ੁਰ ਦਾ ਨਿਵਾਸ ਕਿਹਾ ਜਾਂਦਾ ਸੀ। ਇਸ ਲਈ ਸੀਯੋਨ ਸਵਰਗ ਨੂੰ ਦਰਸਾਉਣ ਦਾ ਢੁਕਵਾਂ ਪ੍ਰਤੀਕ ਸੀ।—ਕੂਚ 25:22; ਲੇਵੀਆਂ 16:2; ਜ਼ਬੂਰਾਂ ਦੀ ਪੋਥੀ 9:11; ਪਰਕਾਸ਼ ਦੀ ਪੋਥੀ 11:19.

[ਸਫ਼ਾ 4 ਉੱਤੇ ਸੁਰਖੀ]

ਯਹੋਵਾਹ ਨੇ ਆਪਣੇ ਰਾਜ ਦਾ ਰਾਜਾ ਯਿਸੂ ਨੂੰ ਬਣਾਇਆ ਹੈ

[ਸਫ਼ਾ 6 ਉੱਤੇ ਡਾਇਆਗ੍ਰਾਮ/ਤਸਵੀਰਾਂ]

2,520 ਸਾਲ

ਅਕਤੂਬਰ 607 ◀ ਈ. ਪੂ. ਈਸਵੀ ▸ ਅਕਤੂਬਰ 1914

606 1/4 ਸਾਲ 1,913 3/4 ਸਾਲ

“ਪਰਾਈਆਂ ਕੌਮਾਂ ਦੇ ਸਮੇ” 607 ਈ. ਪੂ. ਵਿਚ ਸ਼ੁਰੂ ਹੋਏ ਅਤੇ 1914 ਈਸਵੀ ਵਿਚ ਖ਼ਤਮ ਹੋਏ

[ਸਫ਼ਾ 7 ਉੱਤੇ ਤਸਵੀਰ]

ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਦੀ ਪਰਜਾ ਬਹੁਤ ਸਾਰੀਆਂ ਬਰਕਤਾਂ ਦਾ ਆਨੰਦ ਮਾਣੇਗੀ