Skip to content

Skip to table of contents

‘ਇਹ ਸਾਥੋਂ ਹੋ ਨਹੀਂ ਸੱਕਦਾ ਕਿ ਅਸਾਂ ਯਿਸੂ ਬਾਰੇ ਨਾ ਆਖੀਏ’

‘ਇਹ ਸਾਥੋਂ ਹੋ ਨਹੀਂ ਸੱਕਦਾ ਕਿ ਅਸਾਂ ਯਿਸੂ ਬਾਰੇ ਨਾ ਆਖੀਏ’

“ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ”

‘ਇਹ ਸਾਥੋਂ ਹੋ ਨਹੀਂ ਸੱਕਦਾ ਕਿ ਅਸਾਂ ਯਿਸੂ ਬਾਰੇ ਨਾ ਆਖੀਏ’

ਸਾਲ 33 ਈ. ਵਿਚ ਯਹੂਦੀਆਂ ਦੀ ਅਦਾਲਤ ਵਿਚ ਯਿਸੂ ਮਸੀਹ ਦੇ 12 ਚੇਲਿਆਂ ਉੱਤੇ ਮੁਕੱਦਮਾ ਚਲਾਇਆ ਗਿਆ ਸੀ। ਕਿਉਂ? ਕਿਉਂਕਿ ਉਹ ਯਿਸੂ ਬਾਰੇ ਪ੍ਰਚਾਰ ਕਰ ਰਹੇ ਸਨ। ਪਤਰਸ ਅਤੇ ਯੂਹੰਨਾ ਰਸੂਲ ਦੂਸਰੀ ਵਾਰ ਮਹਾਸਭਾ ਸਾਮ੍ਹਣੇ ਆਏ ਸਨ। ਪਰ ਦੂਸਰੇ ਚੇਲਿਆਂ ਉੱਤੇ ਪਹਿਲੀ ਵਾਰ ਅਜਿਹੀ ਕਾਰਵਾਈ ਕੀਤੀ ਜਾ ਰਹੀ ਸੀ।

ਪ੍ਰਧਾਨ ਜਾਜਕ ਨੇ 12 ਰਸੂਲਾਂ ਨੂੰ ਯਾਦ ਦਿਲਾਇਆ ਕਿ ਇਸ ਮਾਮਲੇ ਬਾਰੇ ਅਦਾਲਤ ਨੇ ਪਹਿਲਾਂ ਕੀ ਫ਼ੈਸਲਾ ਸੁਣਾਇਆ ਸੀ। ਪਹਿਲੀ ਵਾਰ ਜਦ ਉਨ੍ਹਾਂ ਨੂੰ ਯਿਸੂ ਬਾਰੇ ਸਿਖਾਉਣ ਤੋਂ ਮਨ੍ਹਾ ਕੀਤਾ ਸੀ, ਤਾਂ ਪਤਰਸ ਤੇ ਯੂਹੰਨਾ ਰਸੂਲ ਨੇ ਜਵਾਬ ਦਿੱਤਾ: “ਕੀ ਪਰਮੇਸ਼ੁਰ ਦੇ ਅੱਗੇ ਇਹ ਜੋਗ ਹੈ ਜੋ ਅਸੀਂ ਪਰਮੇਸ਼ੁਰ ਨਾਲੋਂ ਤੁਹਾਡੀ ਬਹੁਤੀ ਸੁਣੀਏ? ਤੁਸੀਂ ਆਪੇ ਫ਼ੈਸਲਾ ਕਰੋ। ਕਿਉਂਕਿ ਇਹ ਸਾਥੋਂ ਹੋ ਨਹੀਂ ਸੱਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਓਹ ਨਾ ਆਖੀਏ।” ਅੱਗੋਂ ਰਸੂਲਾਂ ਨੇ ਦਲੇਰ ਬਣਨ ਲਈ ਪ੍ਰਾਰਥਨਾ ਕੀਤੀ ਅਤੇ ਉਹ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੇ।—ਰਸੂਲਾਂ ਦੇ ਕਰਤੱਬ 4:18-31.

ਪ੍ਰਧਾਨ ਜਾਜਕ ਜਾਣਦਾ ਸੀ ਕਿ ਉਨ੍ਹਾਂ ਦੀਆਂ ਧਮਕੀਆਂ ਦਾ ਰਸੂਲਾਂ ਉੱਤੇ ਕੋਈ ਅਸਰ ਨਹੀਂ ਪਿਆ। ਇਸ ਲਈ, ਉਸ ਨੇ ਕਿਹਾ: “ਅਸਾਂ ਤਾਂ ਤੁਹਾਨੂੰ ਤਗੀਦ ਨਾਲ ਹੁਕਮ ਕੀਤਾ ਸੀ ਜੋ ਇਸ ਨਾਮ ਦਾ ਉਪਦੇਸ਼ ਨਾ ਕਰਨਾ ਅਤੇ ਵੇਖੋ ਤੁਸਾਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਨਾਲੇ ਚਾਹੁੰਦੇ ਹੋ ਜੋ ਇਸ ਮਨੁੱਖ ਦਾ ਖੂਨ ਸਾਡੇ ਜੁੰਮੇ ਲਾਓ।”—ਰਸੂਲਾਂ ਦੇ ਕਰਤੱਬ 5:28.

ਪੱਕਾ ਇਰਾਦਾ

ਦਲੇਰੀ ਨਾਲ ਪਤਰਸ ਅਤੇ ਬਾਕੀ ਰਸੂਲਾਂ ਨੇ ਕਿਹਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਹਾਂ, ਜਦ ਇਨਸਾਨ ਸਾਨੂੰ ਯਹੋਵਾਹ ਦੇ ਹੁਕਮਾਂ ਦੇ ਖ਼ਿਲਾਫ਼ ਕੁਝ ਕਰਨ ਦਾ ਹੁਕਮ ਦੇਣ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀ ਮੰਨੀਏ। *

ਚੇਲਿਆਂ ਦੀ ਸ਼ਰਧਾ ਦੇਖ ਕੇ ਮਹਾਸਭਾ ਉੱਤੇ ਡੂੰਘਾ ਅਸਰ ਪੈਣਾ ਚਾਹੀਦਾ ਸੀ। ਯਹੂਦੀ ਸਮਾਜ ਦੇ ਆਗੂਆਂ ਵਜੋਂ ਉਨ੍ਹਾਂ ਨੂੰ ਤਾਂ ਪੱਕਾ ਵਿਸ਼ਵਾਸ ਕਰਨਾ ਚਾਹੀਦਾ ਸੀ ਕਿ ਯਹੋਵਾਹ ਪਰਮੇਸ਼ੁਰ ਵਿਸ਼ਵ ਦਾ ਸਰਬਸ਼ਕਤੀਮਾਨ ਹੈ। ਇਸ ਲਈ ਉਨ੍ਹਾਂ ਨੂੰ ਵੀ ਪਰਮੇਸ਼ੁਰ ਦੇ ਅਧੀਨ ਹੋ ਕੇ ਉਸ ਦੇ ਹੁਕਮ ਮੰਨਣੇ ਚਾਹੀਦੇ ਸਨ।

ਪਤਰਸ ਨੇ ਕਿਹਾ ਕਿ ਆਪਣੀ ਸੇਵਕਾਈ ਦੇ ਮਾਮਲੇ ਵਿਚ ਉਹ ਮਨੁੱਖਾਂ ਦੀ ਬਜਾਇ ਪਰਮੇਸ਼ੁਰ ਨੂੰ ਵਫ਼ਾਦਾਰ ਰਹਿਣਾ ਜ਼ਿਆਦਾ ਜ਼ਰੂਰੀ ਸਮਝਦੇ ਸਨ। ਇਹ ਕਹਿ ਕੇ ਉਸ ਨੇ ਆਗੂਆਂ ਦੇ ਦੋਸ਼ ਨੂੰ ਨਾਜਾਇਜ਼ ਕਰਾਰ ਦਿੱਤਾ। ਆਪਣੇ ਦੇਸ਼ ਦੇ ਇਤਿਹਾਸ ਤੋਂ ਮਹਾਸਭਾ ਦੇ ਮੈਂਬਰਾਂ ਨੂੰ ਪਤਾ ਸੀ ਕਿ ਕੁਝ ਸਮਿਆਂ ਤੇ ਮਨੁੱਖਾਂ ਦੀ ਨਹੀਂ ਸਗੋਂ ਪਰਮੇਸ਼ੁਰ ਦੀ ਮੰਨਣੀ ਜ਼ਿਆਦਾ ਜ਼ਰੂਰੀ ਸੀ। ਮਿਸਾਲ ਲਈ, ਮਿਸਰ ਵਿਚ ਦੋ ਇਸਰਾਏਲੀ ਦਾਈਆਂ ਨੇ ਫਿਰਊਨ ਦਾ ਨਹੀਂ ਸਗੋਂ ਪਰਮੇਸ਼ੁਰ ਦਾ ਕਹਿਣਾ ਮੰਨਿਆ ਅਤੇ ਨਵ-ਜੰਮੇ ਇਬਰਾਨੀ ਮੁੰਡਿਆਂ ਨੂੰ ਬਚਾ ਰੱਖਿਆ। (ਕੂਚ 1:15-17) ਇਸੇ ਤਰ੍ਹਾਂ, ਰਾਜਾ ਹਿਜ਼ਕੀਯਾਹ ਰਾਜਾ ਸਨਹੇਰੀਬ ਦੇ ਦਬਾਅ ਹੇਠ ਨਹੀਂ ਆਇਆ ਬਲਕਿ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। (2 ਰਾਜਿਆਂ 19:14-37) ਮਹਾਸਭਾ ਦੇ ਮੈਂਬਰ ਇਬਰਾਨੀ ਸ਼ਾਸਤਰਾਂ ਤੋਂ ਵਾਕਫ਼ ਸਨ। ਉਹ ਜਾਣਦੇ ਸਨ ਕਿ ਸ਼ਾਸਤਰਾਂ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਤੋਂ ਵਫ਼ਾਦਾਰੀ ਚਾਹੁੰਦਾ ਹੈ।—1 ਸਮੂਏਲ 15:22, 23.

ਆਗਿਆਕਾਰੀ ਦੇ ਚੰਗੇ ਫਲ

“ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” ਰਸੂਲਾਂ ਦੀ ਇਸ ਗੱਲ ਨੇ ਮਹਾਸਭਾ ਦੇ ਇਕ ਮੈਂਬਰ ਗਮਲੀਏਲ ਦੇ ਦਿਲ ਨੂੰ ਛੋਹ ਲਿਆ। ਗਮਲੀਏਲ ਮਹਾਸਭਾ ਦਾ ਇਕ ਬਹੁਤ ਇੱਜ਼ਤਦਾਰ ਮੈਂਬਰ ਸੀ ਅਤੇ ਉਸ ਨੇ ਦੂਸਰੇ ਆਗੂਆਂ ਨੂੰ ਆਪਣੀ ਗੱਲ ਮੰਨਣ ਲਈ ਰਾਜ਼ੀ ਕਰ ਲਿਆ। ਇਤਿਹਾਸ ਦੀਆਂ ਉਦਾਹਰਣਾਂ ਦੇ ਕੇ ਗਮਲੀਏਲ ਨੇ ਬਾਕੀ ਮੈਂਬਰਾਂ ਨੂੰ ਸਮਝਾਇਆ ਕਿ ਰਸੂਲਾਂ ਦੇ ਕੰਮਾਂ ਵਿਚ ਦਖ਼ਲ ਦੇਣਾ ਚੰਗਾ ਨਹੀਂ ਹੋਵੇਗਾ। ਉਸ ਨੇ ਕਿਹਾ: “ਇਨ੍ਹਾਂ ਮਨੁੱਖਾਂ ਤੋਂ ਲਾਂਭੇ ਹੋਵੋ ਅਤੇ ਇਨ੍ਹਾਂ ਨੂੰ ਜਾਣ ਦਿਓ . . . ਭਈ ਕਿਤੇ ਐਉਂ ਨਾ ਹੋਵੇ ਜੋ ਤੁਸੀਂ ਪਰਮੇਸ਼ੁਰ ਨਾਲ ਵੀ ਲੜਨ ਵਾਲੇ ਠਹਿਰੋ।”—ਰਸੂਲਾਂ ਦੇ ਕਰਤੱਬ 5:34-39.

ਗਮਲੀਏਲ ਦੇ ਕਹੇ ਤੇ ਮਹਾਸਭਾ ਨੇ ਰਸੂਲਾਂ ਨੂੰ ਛੱਡ ਦਿੱਤਾ। ਭਾਵੇਂ ਕਿ ਰਸੂਲਾਂ ਨੂੰ ਮਾਰਿਆ-ਕੁੱਟਿਆ ਗਿਆ, ਪਰ ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਬਾਈਬਲ ਕਹਿੰਦੀ ਹੈ ਕਿ “ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!”—ਰਸੂਲਾਂ ਦੇ ਕਰਤੱਬ 5:42.

ਅੱਤ ਮਹਾਨ ਪਰਮੇਸ਼ੁਰ ਦਾ ਡਟ ਕੇ ਕਹਿਣਾ ਮੰਨਣ ਨਾਲ ਰਸੂਲਾਂ ਨੂੰ ਬਹੁਤ ਬਰਕਤਾਂ ਮਿਲੀਆਂ! ਅੱਜ ਵੀ ਰੱਬ ਦੇ ਸੱਚੇ ਭਗਤ ਅਜਿਹਾ ਰਵੱਈਆ ਰੱਖਦੇ ਹਨ। ਯਹੋਵਾਹ ਦੇ ਗਵਾਹ, ਯਹੋਵਾਹ ਨੂੰ ਹੀ ਅੱਤ ਮਹਾਨ ਸਮਝਦੇ ਹਨ। ਜੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਹੁਕਮਾਂ ਦੇ ਖ਼ਿਲਾਫ਼ ਕੁਝ ਕਰਨ ਲਈ ਕਿਹਾ ਜਾਂਦਾ ਹੈ, ਤਾਂ ਉਹ ਉਸੇ ਤਰ੍ਹਾਂ ਜਵਾਬ ਦਿੰਦੇ ਹਨ ਜਿਵੇਂ ਰਸੂਲਾਂ ਨੇ ਦਿੱਤਾ ਸੀ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”

[ਫੁਟਨੋਟ]

^ ਪੈਰਾ 7 ਸਾਲ 2006 ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਕਲੰਡਰ ਉੱਤੇ ਸਤੰਬਰ ਤੇ ਅਕਤੂਬਰ ਦੇ ਮਹੀਨਿਆਂ ਦੀਆਂ ਤਸਵੀਰਾਂ ਦੇਖੋ।

[ਸਫ਼ਾ 9 ਉੱਤੇ ਡੱਬੀ/ਤਸਵੀਰਾਂ]

ਕੀ ਤੁਸੀਂ ਕਦੇ ਸੋਚਿਆ ਹੈ?

ਇੰਜੀਲ ਦੇ ਲਿਖਾਰੀ ਲੂਕਾ ਨੂੰ ਕਿੱਦਾਂ ਪਤਾ ਲੱਗਾ ਕਿ ਗਮਲੀਏਲ ਨੇ ਮਹਾਸਭਾ ਦੇ ਮੈਂਬਰਾਂ ਨੂੰ ਕੀ ਕਿਹਾ ਸੀ? ਹੋ ਸਕਦਾ ਹੈ ਕਿ ਪਰਮੇਸ਼ੁਰ ਨੇ ਲੂਕਾ ਨੂੰ ਗਮਲੀਏਲ ਦੀਆਂ ਗੱਲਾਂ ਪ੍ਰਗਟ ਕੀਤੀਆਂ ਹੋਣ। ਜਾਂ ਹੋ ਸਕਦਾ ਹੈ ਕਿ ਪੌਲੁਸ (ਜੋ ਕਿ ਗਮਲੀਏਲ ਦਾ ਵਿਦਿਆਰਥੀ ਹੁੰਦਾ ਸੀ) ਨੇ ਲੂਕਾ ਨੂੰ ਦੱਸਿਆ ਹੋਵੇ ਕਿ ਗਮਲੀਏਲ ਨੇ ਕੀ ਕਿਹਾ ਸੀ। ਸ਼ਾਇਦ ਲੂਕਾ ਨੇ ਮਹਾਸਭਾ ਦੇ ਅਜਿਹੇ ਮੈਂਬਰ ਤੋਂ ਇਹ ਗੱਲਾਂ ਪੁੱਛੀਆਂ ਜੋ ਰਸੂਲਾਂ ਦਾ ਹਮਦਰਦ ਸੀ।