Skip to content

Skip to table of contents

ਆਪਣੇ ਜੀਵਨ ਸਾਥੀ ਨਾਲ ਪਿਆਰ ਤੇ ਇੱਜ਼ਤ ਨਾਲ ਗੱਲ ਕਰੋ

ਆਪਣੇ ਜੀਵਨ ਸਾਥੀ ਨਾਲ ਪਿਆਰ ਤੇ ਇੱਜ਼ਤ ਨਾਲ ਗੱਲ ਕਰੋ

ਆਪਣੇ ਜੀਵਨ ਸਾਥੀ ਨਾਲ ਪਿਆਰ ਤੇ ਇੱਜ਼ਤ ਨਾਲ ਗੱਲ ਕਰੋ

“ਤੁਸਾਂ ਵਿੱਚੋਂ ਭੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ ਅਰ ਪਤਨੀ ਆਪਣੇ ਪਤੀ ਦਾ ਮਾਨ ਕਰੇ।”—ਅਫ਼ਸੀਆਂ 5:33.

1, 2. ਪਤੀ-ਪਤਨੀਆਂ ਨੂੰ ਆਪਣੇ ਆਪ ਤੋਂ ਕਿਹੜਾ ਜ਼ਰੂਰੀ ਸਵਾਲ ਪੁੱਛਣਾ ਚਾਹੀਦਾ ਹੈ ਤੇ ਕਿਉਂ?

ਫ਼ਰਜ਼ ਕਰੋ ਕਿ ਕੋਈ ਤੁਹਾਨੂੰ ਤੋਹਫ਼ੇ ਵਿਚ ਕੱਚ ਦੀ ਬਣੀ ਬਹੁਤ ਹੀ ਸੋਹਣੀ ਤੇ ਨਾਜ਼ੁਕ ਚੀਜ਼ ਦਿੰਦਾ ਹੈ। ਤੁਸੀਂ ਉਸ ਤੋਹਫ਼ੇ ਨੂੰ ਕਿਸ ਤਰ੍ਹਾਂ ਚੁੱਕੋਗੇ? ਯਕੀਨਨ ਤੁਸੀਂ ਧਿਆਨ ਰੱਖੋਗੇ ਕਿ ਉਹ ਪਿਆਰਾ ਜਿਹਾ ਤੋਹਫ਼ਾ ਤੁਹਾਡੇ ਹੱਥੋਂ ਡਿੱਗ ਨਾ ਪਵੇ।

2 ਜੀਵਨ ਸਾਥੀ ਵੀ ਯਹੋਵਾਹ ਵੱਲੋਂ ਇਕ ਕੀਮਤੀ ਤੋਹਫ਼ਾ ਹੈ। ਇਕ ਚੰਗੀ ਵਹੁਟੀ ਬਾਰੇ ਬਾਈਬਲ ਕਹਿੰਦੀ ਹੈ: “ਘਰ ਅਤੇ ਧਨ ਪਿਉ ਤੋਂ ਮਿਰਾਸ ਮਿਲਦੇ ਹਨ, ਪਰ ਸੁਘੜ ਵਹੁਟੀ ਯਹੋਵਾਹ ਵੱਲੋਂ ਮਿਲਦੀ ਹੈ।” (ਕਹਾਉਤਾਂ 19:14) ਇਹੀ ਗੱਲ ਇਕ ਚੰਗੇ ਪਤੀ ਬਾਰੇ ਵੀ ਕਹੀ ਜਾ ਸਕਦੀ ਹੈ। ਜੇ ਤੁਸੀਂ ਵਿਆਹੇ ਹੋ, ਤਾਂ ਤੁਹਾਨੂੰ ਆਪਣੇ ਸਾਥੀ ਨੂੰ ਯਹੋਵਾਹ ਵੱਲੋਂ ਇਕ ਤੋਹਫ਼ੇ ਵਜੋਂ ਵਿਚਾਰਨਾ ਚਾਹੀਦਾ ਹੈ। ਕੀ ਤੁਸੀਂ ਇਸ ਤੋਹਫ਼ੇ ਦਾ ਧਿਆਨ ਰੱਖਦੇ ਹੋ?

3. ਪਤੀ-ਪਤਨੀਆਂ ਨੂੰ ਪੌਲੁਸ ਦੀ ਕਿਹੜੀ ਸਲਾਹ ਲਾਗੂ ਕਰਨੀ ਚਾਹੀਦੀ ਹੈ?

3 ਪਹਿਲੀ ਸਦੀ ਦੇ ਮਸੀਹੀਆਂ ਨੂੰ ਲਿਖਦੇ ਸਮੇਂ ਪੌਲੁਸ ਰਸੂਲ ਨੇ ਕਿਹਾ: “ਤੁਸਾਂ ਵਿੱਚੋਂ ਭੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ ਅਰ ਪਤਨੀ ਆਪਣੇ ਪਤੀ ਦਾ ਮਾਨ ਕਰੇ।” (ਅਫ਼ਸੀਆਂ 5:33) ਆਓ ਆਪਾਂ ਦੇਖੀਏ ਕਿ ਪਤੀ-ਪਤਨੀ ਆਪਣੀ ਬੋਲੀ ਦੇ ਸੰਬੰਧ ਵਿਚ ਇਹ ਸਲਾਹ ਕਿਵੇਂ ਲਾਗੂ ਕਰ ਸਕਦੇ ਹਨ।

“ਚੰਚਲ ਬਲਾ” ਤੇ ਕਾਬੂ ਰੱਖੋ

4. ਸਾਡੇ ਸ਼ਬਦਾਂ ਦਾ ਦੂਸਰਿਆਂ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ?

4 ਬਾਈਬਲ ਦੇ ਲਿਖਾਰੀ ਯਾਕੂਬ ਨੇ ਕਿਹਾ ਕਿ ਜੀਭ “ਇੱਕ ਚੰਚਲ ਬਲਾ ਹੈ, ਉਹ ਨਾਸ ਕਰਨ ਵਾਲੀ ਵਿੱਸ ਨਾਲ ਭਰੀ ਹੋਈ ਹੈ।” (ਯਾਕੂਬ 3:8) ਯਾਕੂਬ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਬੇਲਗਾਮ ਜੀਭ ਵਿਚ ਨਾਸ਼ ਕਰਨ ਦੀ ਸ਼ਕਤੀ ਹੈ। ਉਹ ਸ਼ਾਇਦ ਬਾਈਬਲ ਦੀ ਇਸ ਕਹਾਵਤ ਤੋਂ ਵਾਕਫ਼ ਸੀ ਕਿ “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।” ਇਹੋ ਕਹਾਵਤ ਅੱਗੇ ਕਹਿੰਦੀ ਹੈ ਕਿ “ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾਉਤਾਂ 12:18) ਜੀ ਹਾਂ, ਸਾਡੇ ਸ਼ਬਦਾਂ ਦਾ ਦੂਸਰਿਆਂ ਉੱਤੇ ਡੂੰਘਾ ਅਸਰ ਪੈ ਸਕਦਾ ਹੈ। ਉਹ ਦੂਸਰਿਆਂ ਦੇ ਦਿਲਾਂ ਨੂੰ ਘਾਇਲ ਕਰ ਸਕਦੇ ਹਨ ਜਾਂ ਦਿਲਾਸਾ ਦੇ ਸਕਦੇ ਹਨ। ਤੁਹਾਡੇ ਜੀਵਨ ਸਾਥੀ ਉੱਤੇ ਤੁਹਾਡੇ ਸ਼ਬਦਾਂ ਦਾ ਕੀ ਅਸਰ ਪੈਂਦਾ ਹੈ? ਜੇ ਤੁਸੀਂ ਉਸ ਨੂੰ ਇਹ ਸਵਾਲ ਪੁੱਛੋ, ਤਾਂ ਉਹ ਕੀ ਜਵਾਬ ਦੇਵੇਗਾ?

5, 6. ਕਈਆਂ ਲਈ ਆਪਣੀ ਜ਼ਬਾਨ ਨੂੰ ਲਗਾਮ ਦੇਣੀ ਔਖੀ ਕਿਉਂ ਹੁੰਦੀ ਹੈ?

5 ਜੇ ਤੁਸੀਂ ਇਕ-ਦੂਜੇ ਨੂੰ ਅਕਸਰ ਆਪਣੀਆਂ ਗੱਲਾਂ ਨਾਲ ਦੁੱਖ ਪਹੁੰਚਾਉਂਦੇ ਹੋ, ਤਾਂ ਤੁਹਾਨੂੰ ਇਸ ਬਾਰੇ ਜ਼ਰੂਰ ਕੁਝ ਕਰਨਾ ਚਾਹੀਦਾ ਹੈ। ਪਰ ਆਪਣੀਆਂ ਆਦਤਾਂ ਨੂੰ ਬਦਲਣ ਲਈ ਤੁਹਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਕਿਉਂ? ਇਕ ਕਾਰਨ ਇਹ ਹੈ ਕਿ ਅਸੀਂ ਸਾਰੇ ਭੁੱਲਣਹਾਰ ਹਾਂ। ਪਾਪੀ ਹੋਣ ਕਰਕੇ ਅਸੀਂ ਇਕ-ਦੂਜੇ ਬਾਰੇ ਗ਼ਲਤ ਸੋਚਦੇ ਤੇ ਇਕ-ਦੂਜੇ ਨੂੰ ਬੁਰਾ-ਭਲਾ ਕਹਿ ਦਿੰਦੇ ਹਾਂ। ਯਾਕੂਬ ਨੇ ਲਿਖਿਆ: “ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਭੀ ਲਗਾਮ ਦੇ ਸੱਕਦਾ ਹੈ।”—ਯਾਕੂਬ 3:2.

6 ਪਾਪੀ ਹੋਣ ਤੋਂ ਇਲਾਵਾ ਘਰ ਦਾ ਮਾਹੌਲ ਵੀ ਸਾਡੀ ਬੋਲੀ ਉੱਤੇ ਅਸਰ ਪਾਉਂਦਾ ਹੈ। ਕਈਆਂ ਘਰਾਂ ਵਿਚ ਹਮੇਸ਼ਾ ਕਲੇਸ਼ ਰਹਿੰਦਾ ਹੈ ਤੇ ਘਰ ਦੇ ਜੀਅ ਇਕ-ਦੂਜੇ ਨਾਲ ਬੋਲ-ਕੁਬੋਲ ਕਰਦੇ ਰਹਿੰਦੇ ਹਨ। ਕਈਆਂ ਦੇ ਮਾਪੇ ਹੀ ‘ਕੁਫ਼ਰ ਬਕਣ ਵਾਲੇ, ਅਸੰਜਮੀ ਤੇ ਕਰੜੇ’ ਹੁੰਦੇ ਹਨ। (2 ਤਿਮੋਥਿਉਸ 3:1-3) ਅਜਿਹੇ ਮਾੜੇ ਮਾਹੌਲ ਵਿਚ ਪਲੇ ਬੱਚਿਆਂ ਦੀ ਜ਼ਬਾਨ ਵੀ ਕੌੜੀ ਹੋ ਜਾਂਦੀ ਹੈ। ਸੋ ਅਸੀਂ ਸਮਝ ਸਕਦੇ ਹਾਂ ਕਿ ਵੱਡੇ ਹੋ ਕੇ ਇਹੋ ਜਿਹੇ ਲੋਕਾਂ ਲਈ ਆਪਣੀ ਜ਼ਬਾਨ ਨੂੰ ਲਗਾਮ ਦੇਣੀ ਇੰਨੀ ਔਖੀ ਕਿਉਂ ਹੁੰਦੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਲੋਕ ਆਪਣੇ ਬੋਲਣ ਦੇ ਢੰਗ ਨੂੰ ਬਦਲ ਨਹੀਂ ਸਕਦੇ।

“ਮੰਦੀਆਂ ਗੱਲਾਂ ਨਾ ਬੋਲੋ”

7. ਪਤਰਸ ਦੀ ਇਸ ਗੱਲ ਦਾ ਕੀ ਮਤਲਬ ਸੀ ਕਿ “ਦੂਸਰਿਆਂ ਬਾਰੇ ਮੰਦੀਆਂ ਗੱਲਾਂ ਨਾ ਬੋਲੋ”?

7 ਆਪਣੇ ਜੀਵਨ ਸਾਥੀ ਨੂੰ ਚੁਭਵੀਆਂ ਗੱਲਾਂ ਕਹਿਣ ਦਾ ਮਤਲਬ ਹੈ ਕਿ ਸਾਡੇ ਦਿਲ ਵਿਚ ਉਸ ਲਈ ਪਿਆਰ ਤੇ ਇੱਜ਼ਤ ਦੀ ਕਮੀ ਹੈ। ਪਤਰਸ ਨੇ ਮਸੀਹੀਆਂ ਨੂੰ ‘ਦੂਸਰਿਆਂ ਬਾਰੇ ਮੰਦੀਆਂ ਗੱਲਾਂ ਨਾ ਬੋਲਣ’ ਦੀ ਤਾਕੀਦ ਕੀਤੀ ਸੀ। (1 ਪਤਰਸ 2:1, ਈਜ਼ੀ ਟੂ ਰੀਡ ਵਰਯਨ) ਇੱਥੇ “ਮੰਦੀਆਂ ਗੱਲਾਂ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਬੇਇੱਜ਼ਤ ਕਰਨ ਵਾਲੀ ਬੋਲੀ।” ਮੰਦੀ ਬੋਲੀ ਦੂਸਰਿਆਂ ਦੇ ਦਿਲਾਂ ਨੂੰ ਤੀਰ ਵਾਂਗ ਵਿੰਨ੍ਹ ਸਕਦੀ ਹੈ ਤੇ ਇੱਜ਼ਤ ਨੂੰ ਲੀਰੋ-ਲੀਰ ਕਰ ਦਿੰਦੀ ਹੈ।

8, 9. ਅਪਮਾਨ ਕਰਨ ਵਾਲੀ ਬੋਲੀ ਦਾ ਕੀ ਨਤੀਜਾ ਨਿਕਲ ਸਕਦਾ ਹੈ ਅਤੇ ਪਤੀ-ਪਤਨੀਆਂ ਨੂੰ ਇਸ ਤਰ੍ਹਾਂ ਦੀ ਬੋਲੀ ਕਿਉਂ ਨਹੀਂ ਵਰਤਣੀ ਚਾਹੀਦੀ?

8 ਜੇ ਪਤੀ-ਪਤਨੀ ਆਪਣੇ ਸ਼ਬਦਾਂ ਨਾਲ ਇਕ-ਦੂਜੇ ਨੂੰ ਬੇਇੱਜ਼ਤ ਕਰਦੇ ਹਨ, ਤਾਂ ਧਿਆਨ ਦਿਓ ਕਿ ਇਸ ਦਾ ਕੀ ਅਸਰ ਪੈਂਦਾ ਹੈ। ਕਈ ਆਪਣੇ ਸਾਥੀ ਨੂੰ ਮੂਰਖ, ਆਲਸੀ ਜਾਂ ਖ਼ੁਦਗਰਜ਼ ਕਹਿ ਕੇ ਉਸ ਦਾ ਅਪਮਾਨ ਕਰਦੇ ਹਨ। ਉਨ੍ਹਾਂ ਨੂੰ ਆਪਣੇ ਸਾਥੀ ਵਿਚ ਚੰਗੇ ਗੁਣ ਨਜ਼ਰ ਹੀ ਨਹੀਂ ਆਉਂਦੇ। ਇਹ ਗੱਲ ਸਾਥੀ ਨੂੰ ਗਹਿਰੀ ਠੇਸ ਪਹੁੰਚਾਉਂਦੀ ਹੈ। ਕੀ ਸਾਥੀ ਦੇ ਔਗੁਣਾਂ ਨੂੰ ਵਧਾ-ਚੜ੍ਹਾ ਕੇ ਦੱਸਣਾ ਸਹੀ ਹੋਵੇਗਾ, ਜਿਵੇਂ “ਕਦੀ ਤਾਂ ਕੋਈ ਕੰਮ ਵੇਲੇ ਸਿਰ ਕਰ ਲਿਆ ਕਰ” ਜਾਂ “ਤੁਸੀਂ ਕਦੀ ਮੇਰੀ ਗੱਲ ਨਹੀਂ ਸੁਣਦੇ”? ਇਹੋ ਜਿਹੀਆਂ ਗੱਲਾਂ ਸੁਣ ਕੇ ਦੂਸਰਾ ਜਣਾ ਖਿੱਝ ਕੇ ਕੁਝ ਅਜਿਹੀ ਚੁਭਵੀਂ ਗੱਲ ਕਹਿ ਦਿੰਦਾ ਹੈ ਜਿਸ ਨਾਲ ਦੋਨਾਂ ਵਿਚ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਜਾਂਦੀ ਹੈ।—ਯਾਕੂਬ 3:5.

9 ਆਪਣੀ ਬੋਲੀ ਰਾਹੀਂ ਆਪਣੇ ਜੀਵਨ ਸਾਥੀ ਦਾ ਅਪਮਾਨ ਕਰਨ ਨਾਲ ਵਿਆਹੁਤਾ ਜੀਵਨ ਨਰਕ ਬਣ ਸਕਦਾ ਹੈ। ਕਹਾਉਤਾਂ 25:24 ਵਿਚ ਲਿਖਿਆ ਹੈ: “ਝਗੜਾਲੂ ਤੀਵੀਂ ਨਾਲ ਖੁੱਲ੍ਹੇ ਡੁੱਲ੍ਹੇ ਘਰ ਵਿੱਚ ਵੱਸਣ ਨਾਲੋਂ ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੀ ਹੈ।” ਇਹੀ ਗੱਲ ਝਗੜਾਲੂ ਪਤੀ ਬਾਰੇ ਵੀ ਕਹੀ ਜਾ ਸਕਦੀ ਹੈ। ਸਮੇਂ ਦੇ ਬੀਤਣ ਨਾਲ ਤਿੱਖੀ ਜ਼ਬਾਨ ਪਤੀ-ਪਤਨੀ ਦੇ ਰਿਸ਼ਤੇ ਨੂੰ ਖੇਰੂੰ-ਖੇਰੂੰ ਕਰ ਦੇਵੇਗੀ। ਉਨ੍ਹਾਂ ਦੇ ਮਨਾਂ ਵਿਚ ਇਹ ਗੱਲ ਘਰ ਕਰ ਜਾਵੇਗੀ ਕਿ ਉਹ ਪਿਆਰ ਦੇ ਲਾਇਕ ਨਹੀਂ ਹਨ, ਜਿਸ ਕਰਕੇ ਉਨ੍ਹਾਂ ਦਾ ਜੀਵਨ ਸਾਥੀ ਉਨ੍ਹਾਂ ਨੂੰ ਪਿਆਰ ਨਹੀਂ ਕਰਦਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਜ਼ਬਾਨ ਉੱਤੇ ਕਾਬੂ ਰੱਖੀਏ। ਪਰ ਜ਼ਬਾਨ ਉੱਤੇ ਕਾਬੂ ਕਿਵੇਂ ਰੱਖਿਆ ਜਾ ਸਕਦਾ ਹੈ?

‘ਜੀਭ ਨੂੰ ਲਗਾਮ ਦਿਓ’

10. ਜੀਭ ਨੂੰ ਲਗਾਮ ਦੇਣੀ ਜ਼ਰੂਰੀ ਕਿਉਂ ਹੈ?

10ਯਾਕੂਬ 3:8 ਵਿਚ ਲਿਖਿਆ ਹੈ: “ਜੀਭ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸੱਕਦਾ।” ਫਿਰ ਵੀ, ਜਿਸ ਤਰ੍ਹਾਂ ਘੋੜਸਵਾਰ ਲਗਾਮ ਨਾਲ ਘੋੜੇ ਨੂੰ ਆਪਣੇ ਵੱਸ ਵਿਚ ਰੱਖਦਾ ਹੈ, ਉਸ ਤਰ੍ਹਾਂ ਸਾਨੂੰ ਵੀ ਆਪਣੀ ਜੀਭ ਨੂੰ ਲਗਾਮ ਦੇਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। “ਜੇ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਸਮਝੇ ਅਤੇ ਆਪਣੀ ਜੀਭ ਨੂੰ ਲਗਾਮ ਨਾ ਚਾੜ੍ਹੇ ਸਗੋਂ ਆਪਣੇ ਹੀ ਦਿਲ ਨੂੰ ਧੋਖਾ ਦੇਵੇ ਤਾਂ ਓਸ ਮਨੁੱਖ ਦੀ ਭਗਤੀ ਅਵਿਰਥੀ ਹੈ।” (ਯਾਕੂਬ 1:26; 3:2, 3) ਇਨ੍ਹਾਂ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ? ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਗੰਭੀਰ ਮਾਮਲਾ ਹੈ ਕਿ ਅਸੀਂ ਆਪਣੀ ਜ਼ਬਾਨ ਕਿਸ ਤਰ੍ਹਾਂ ਵਰਤਦੇ ਹਾਂ। ਸਾਡੀ ਜ਼ਬਾਨ ਸਿਰਫ਼ ਆਪਣੇ ਸਾਥੀ ਨਾਲ ਰਿਸ਼ਤੇ ਉੱਤੇ ਅਸਰ ਨਹੀਂ ਕਰਦੀ, ਬਲਕਿ ਯਹੋਵਾਹ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਉੱਤੇ ਵੀ ਅਸਰ ਕਰਦੀ ਹੈ।—1 ਪਤਰਸ 3:7.

11. ਭਾਵੇਂ ਪਤੀ-ਪਤਨੀ ਕਿਸੇ ਗੱਲ ਉੱਤੇ ਸਹਿਮਤ ਨਹੀਂ ਹਨ, ਪਰ ਉਹ ਬਹਿਸ ਕਰਨ ਤੋਂ ਕਿਵੇਂ ਬਚ ਸਕਦੇ ਹਨ?

11 ਆਪਣੇ ਸਾਥੀ ਨਾਲ ਗੱਲ ਕਰਦੇ ਵੇਲੇ ਸਾਨੂੰ ਆਪਣੇ ਸ਼ਬਦਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇ ਘਰ ਵਿਚ ਕੋਈ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ, ਤਾਂ ਸਾਨੂੰ ਆਰਾਮ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਧਿਆਨ ਦਿਓ ਕਿ ਉਤਪਤ 27:46–28:4 ਵਿਚ ਇਸਹਾਕ ਤੇ ਉਸ ਦੀ ਪਤਨੀ ਰਿਬਕਾਹ ਦੇ ਪਰਿਵਾਰ ਵਿਚ ਕਿਹੜਾ ਇਕ ਮਸਲਾ ਖੜ੍ਹਾ ਹੋਇਆ ਸੀ ਤੇ ਉਨ੍ਹਾਂ ਨੇ ਇਸ ਮਸਲੇ ਨੂੰ ਕਿਵੇਂ ਨਜਿੱਠਿਆ। “ਰਿਬਕਾਹ ਨੇ ਇਸਹਾਕ ਨੂੰ ਆਖਿਆ, ਮੈਂ ਹੇਥ ਦੀਆਂ ਧੀਆਂ ਵੱਲੋਂ ਜੀ ਵਿੱਚ ਅੱਕ ਗਈ ਹਾਂ। ਜੇ ਯਾਕੂਬ ਹੇਥ ਦੀਆਂ ਧੀਆਂ ਵਿੱਚੋਂ ਅਜਿਹੀ ਤੀਵੀਂ ਕਰੇ ਜਿਵੇਂ ਏਸ ਦੇਸ ਦੀਆਂ ਧੀਆਂ ਹਨ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ?” ਉਦੋਂ ਇਸਹਾਕ ਨੇ ਖਿੱਝ ਕੇ ਚੁਭਵਾਂ ਜਵਾਬ ਨਹੀਂ ਦਿੱਤਾ ਸੀ। ਇਸ ਦੀ ਬਜਾਇ ਉਸ ਨੇ ਆਪਣੇ ਮੁੰਡੇ ਯਾਕੂਬ ਨੂੰ ਕਿਹਾ ਕਿ ਉਹ ਜਾ ਕੇ ਯਹੋਵਾਹ ਦੀ ਸੇਵਾ ਕਰਨ ਵਾਲੀ ਪਤਨੀ ਵਿਆਹ ਲਿਆਵੇ ਤਾਂਕਿ ਰਿਬਕਾਹ ਦੀ ਜ਼ਿੰਦਗੀ ਵਿਚ ਹੋਰ ਦੁੱਖ ਨਾ ਆਵੇ। ਫ਼ਰਜ਼ ਕਰੋ ਕਿ ਪਤੀ-ਪਤਨੀ ਕਿਸੇ ਗੱਲ ਉੱਤੇ ਸਹਿਮਤ ਨਹੀਂ ਹਨ। “ਤੂੰ” ਜਾਂ “ਤੁਸੀਂ” ਦੀ ਬਜਾਇ “ਮੈਂ” ਜਾਂ “ਮੇਰਾ” ਵਰਗੇ ਸ਼ਬਦ ਵਰਤਣ ਨਾਲ ਅਸੀਂ ਗੱਲ ਨੂੰ ਵਿਗੜਨ ਤੋਂ ਰੋਕ ਸਕਦੇ ਹਾਂ। ਮਿਸਾਲ ਲਈ, ਇਹ ਕਹਿਣ ਦੀ ਬਜਾਇ ਕਿ “ਤੁਸੀਂ ਕਦੇ ਮੇਰੇ ਨਾਲ ਬਹਿ ਕੇ ਦੋ ਘੜੀਆਂ ਗੱਲਾਂ ਨਹੀਂ ਕਰਦੇ!” ਕਿਉਂ ਨਾ ਕਹੋ, “ਕਿੰਨੀ ਵਾਰੀ ਮੇਰਾ ਦਿਲ ਕਰਦਾ ਤੁਹਾਡੇ ਨਾਲ ਬਹਿ ਕੇ ਗੱਲਾਂ ਕਰਨ ਨੂੰ!” ਸਮੱਸਿਆ ਬਾਰੇ ਗੱਲ ਕਰੋ, ਨਾ ਕਿ ਆਪਣੇ ਸਾਥੀ ਉੱਤੇ ਵਰ੍ਹੋ। ਇਸ ਬਹਿਸਬਾਜ਼ੀ ਦੇ ਚੱਕਰ ਵਿਚ ਨਾ ਪਵੋ ਕਿ ਕੌਣ ਸਹੀ ਹੈ ਤੇ ਕੌਣ ਗ਼ਲਤ। ਰੋਮੀਆਂ 14:19 ਕਹਿੰਦਾ ਹੈ: “ਚੱਲੋ ਅਸੀਂ ਓਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਏ ਦੀ ਤਰੱਕੀ ਹੋਵੇ।”

‘ਕੁੜੱਤਣ, ਕ੍ਰੋਧ ਤੇ ਕੋਪ’ ਤੋਂ ਬਚੋ

12. ਜ਼ਬਾਨ ਕਾਬੂ ਵਿਚ ਰੱਖਣ ਲਈ ਸਾਨੂੰ ਕਿਸ ਚੀਜ਼ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੇ ਕਿਉਂ?

12 ਜੀਭ ਉੱਤੇ ਕਾਬੂ ਰੱਖਣ ਲਈ ਸਾਨੂੰ ਆਪਣੇ ਸ਼ਬਦਾਂ ਦਾ ਧਿਆਨ ਰੱਖਣ ਦੇ ਨਾਲ-ਨਾਲ ਆਪਣੇ ਦਿਲ ਦੀ ਵੀ ਚੌਕਸੀ ਕਰਨ ਦੀ ਲੋੜ ਹੈ। ਅਸਲ ਵਿਚ ਸਾਡੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਯਿਸੂ ਨੇ ਕਿਹਾ: “ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀ ਗੱਲ ਕੱਢਦਾ ਹੈ ਅਤੇ ਬੁਰਾ ਆਦਮੀ ਬੁਰੇ ਖ਼ਜ਼ਾਨੇ ਵਿੱਚੋਂ ਬੁਰੀ ਗੱਲ ਕੱਢਦਾ ਹੈ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਦੇ ਮੂੰਹ ਉੱਤੇ ਉਹੋ ਆਉਂਦਾ ਹੈ।” (ਲੂਕਾ 6:45) ਇਸ ਲਈ ਆਪਣੀ ਜ਼ਬਾਨ ਕਾਬੂ ਵਿਚ ਰੱਖਣ ਲਈ ਸਾਨੂੰ ਸ਼ਾਇਦ ਦਾਊਦ ਦੀ ਤਰ੍ਹਾਂ ਪ੍ਰਾਰਥਨਾ ਕਰਨੀ ਪਵੇ: “ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।”—ਜ਼ਬੂਰਾਂ ਦੀ ਪੋਥੀ 51:10.

13. ਕੁੜੱਤਣ, ਕ੍ਰੋਧ ਅਤੇ ਕੋਪ ਕਾਰਨ ਸਾਡੀ ਜ਼ਬਾਨ ਕਿਵੇਂ ਬੇਲਗਾਮ ਹੋ ਸਕਦੀ ਹੈ?

13 ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ਨਾ ਸਿਰਫ਼ ਆਪਣੀਆਂ ਗੱਲਾਂ ਵੱਲ ਧਿਆਨ ਦੇਣ, ਸਗੋਂ ਉਨ੍ਹਾਂ ਪਿੱਛੇ ਲੁਕੇ ਜਜ਼ਬਾਤਾਂ ਉੱਤੇ ਵੀ ਕਾਬੂ ਪਾਉਣ। ਉਸ ਨੇ ਲਿਖਿਆ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।” (ਅਫ਼ਸੀਆਂ 4:31) ਧਿਆਨ ਦਿਓ ਕਿ “ਰੌਲਾ, ਅਤੇ ਦੁਰਬਚਨ” ਤੋਂ ਪਹਿਲਾਂ ਪੌਲੁਸ ਨੇ ‘ਕੁੜੱਤਣ, ਕ੍ਰੋਧ ਅਤੇ ਕੋਪ’ ਦਾ ਜ਼ਿਕਰ ਕੀਤਾ ਸੀ। ਕੀ ਇਹ ਸੱਚ ਨਹੀਂ ਕਿ ਪਹਿਲਾਂ ਗੁੱਸਾ ਅੰਦਰੋਂ-ਅੰਦਰੀਂ ਉਬਲਦਾ ਰਹਿੰਦਾ ਹੈ ਤੇ ਫਿਰ ਲਾਵੇ ਵਾਂਗ ਮੰਦੀ ਬੋਲੀ ਫੁੱਟ ਨਿਕਲਦੀ ਹੈ? ਇਸ ਲਈ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਅੰਦਰੋਂ-ਅੰਦਰੀਂ ਸੜਦਾ-ਭੁੱਜਦਾ ਰਹਿੰਦਾ ਹਾਂ?’ ਕੀ ਮੈਂ “ਗੁੱਸੇ ਵਾਲਾ” ਹਾਂ? (ਕਹਾਉਤਾਂ 29:22) ਜੇ ਇਨ੍ਹਾਂ ਸਵਾਲਾਂ ਦਾ ਜਵਾਬ “ਹਾਂ” ਹੈ, ਤਾਂ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਲਈ ਤੇ ਸ਼ਾਂਤ ਰਹਿਣ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ। ਜ਼ਬੂਰ 4:4 ਵਿਚ ਲਿਖਿਆ ਹੈ: “ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਪਾਪ ਨਾ ਕਰੋ। ਜਦੋਂ ਤੁਸੀਂ ਆਪਣੇ ਬਿਸਤਰੇ ਤੇ ਲੇਟਦੇ ਹੋ ਇਨ੍ਹਾਂ ਗੱਲਾਂ ਬਾਰੇ ਸੋਚ ਵਿਚਾਰ ਕਰੋ ਤੇ ਫ਼ੇਰ ਨਿਸ਼ਚਿੰਤ ਹੋ ਜਾਓ।” (ਈਜ਼ੀ ਟੂ ਰੀਡ) ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪਾਰਾ ਚੜ੍ਹ ਰਿਹਾ ਹੈ, ਤਾਂ ਕਹਾਉਤਾਂ 17:14 ਦੀ ਸਲਾਹ ਉੱਤੇ ਚੱਲੋ: “ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।” ਤੂੰ-ਤੂੰ ਮੈਂ-ਮੈਂ ਕਰਨ ਦੀ ਬਜਾਇ ਗੁੱਸਾ ਠੰਢਾ ਹੋ ਲੈਣ ਦਿਓ, ਫਿਰ ਇਕੱਠੇ ਬੈਠ ਕੇ ਗੱਲਬਾਤ ਕਰੋ।

14. ਅੰਦਰੋਂ-ਅੰਦਰੀਂ ਕੁੜ੍ਹਦੇ ਰਹਿਣ ਦਾ ਵਿਆਹੁਤਾ ਜੀਵਨ ਉੱਤੇ ਕੀ ਅਸਰ ਪੈ ਸਕਦਾ ਹੈ?

14 ਕ੍ਰੋਧ ਉੱਤੇ ਕਾਬੂ ਪਾਉਣਾ ਸੌਖਾ ਨਹੀਂ ਹੁੰਦਾ, ਖ਼ਾਸ ਕਰਕੇ ਜਦ ਇਹ “ਕੁੜੱਤਣ” ਤੋਂ ਪੈਦਾ ਹੁੰਦਾ ਹੈ। ਇੱਥੇ ਪੌਲੁਸ ਨੇ ਜਿਸ ਯੂਨਾਨੀ ਸ਼ਬਦ ਦਾ ਇਸਤੇਮਾਲ ਕੀਤਾ, ਉਸ ਦਾ ਮਤਲਬ ਹੈ “ਗੁੱਸੇ ਨੂੰ ਫੜੀ ਰੱਖਣਾ ਤੇ ਸੁਲ੍ਹਾ-ਸਫ਼ਾਈ ਕਰਨ ਤੋਂ ਇਨਕਾਰ ਕਰਨਾ” ਅਤੇ “ਖਾਰ ਖਾਣ ਕਾਰਨ ਹਰ ਗ਼ਲਤੀ ਦਾ ਹਿਸਾਬ ਰੱਖਣਾ।” ਕਦੀ-ਕਦੀ ਪਤੀ-ਪਤਨੀ ਅੰਦਰੋਂ-ਅੰਦਰੀਂ ਕੁੜ੍ਹਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਇਹ ਵਤੀਰਾ ਉਨ੍ਹਾਂ ਦੇ ਸੁਖੀ ਜੀਵਨ ਵਿਚ ਨਫ਼ਰਤ ਦਾ ਜ਼ਹਿਰ ਘੋਲ ਦਿੰਦਾ ਹੈ। ਪਰ ਗਿਲੇ-ਸ਼ਿਕਵੇ ਕਰਨ ਨਾਲ ਮਸਲਾ ਹੱਲ ਨਹੀਂ ਹੁੰਦਾ। ਜੋ ਹੋ ਗਿਆ ਸੋ ਹੋ ਗਿਆ। ਦੂਜੇ ਦੀ ਗ਼ਲਤੀ ਨੂੰ ਮਾਫ਼ ਕਰਨ ਤੋਂ ਬਾਅਦ ਉਸ ਬਾਰੇ ਸੋਚਦੇ ਨਹੀਂ ਰਹਿਣਾ ਚਾਹੀਦਾ। ਕਿਉਂ? ਕਿਉਂਕਿ ਪ੍ਰੇਮ “ਬੁਰਾ ਨਹੀਂ ਮੰਨਦਾ।”—1 ਕੁਰਿੰਥੀਆਂ 13:4, 5.

15. ਰੁੱਖਾ ਬੋਲਣ ਦੀ ਆਦਤ ਨੂੰ ਬਦਲਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

15 ਜੇ ਤੁਸੀਂ ਅਜਿਹੇ ਪਰਿਵਾਰ ਵਿਚ ਪਲੇ ਹੋ ਜਿੱਥੇ ਖਰ੍ਹਵੇ ਸ਼ਬਦ ਵਰਤੇ ਜਾਂਦੇ ਸਨ ਤੇ ਹੁਣ ਰੁੱਖੀ ਬੋਲੀ ਤੁਹਾਡੀ ਆਦਤ ਬਣ ਗਈ ਹੈ, ਫਿਰ ਕੀ? ਤੁਸੀਂ ਆਪਣਾ ਬੋਲਣ ਦਾ ਢੰਗ ਬਦਲ ਸਕਦੇ ਹੋ। ਇਹ ਮੁਮਕਿਨ ਹੈ ਕਿਉਂਕਿ ਤੁਸੀਂ ਪਹਿਲਾਂ ਹੀ ਯਹੋਵਾਹ ਨੂੰ ਖ਼ੁਸ਼ ਕਰਨ ਲਈ ਜ਼ਿੰਦਗੀ ਵਿਚ ਕਈ ਤਬਦੀਲੀਆਂ ਕੀਤੀਆਂ ਹਨ। ਪਰ ਬੋਲਚਾਲ ਦੇ ਮਾਮਲੇ ਵਿਚ ਸਾਨੂੰ ਕਿਸ ਹੱਦ ਤਕ ਸੁਧਾਰ ਕਰਨਾ ਚਾਹੀਦਾ ਹੈ? ਅਫ਼ਸੀਆਂ 4:29 ਵਿਚ ਦਿੱਤੀ ਸਲਾਹ ਨੂੰ ਮੰਨਣਾ ਫ਼ਾਇਦੇਮੰਦ ਹੋਵੇਗਾ। ਇਸ ਵਿਚ ਲਿਖਿਆ ਹੈ: “ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ।” ਆਓ ਆਪਾਂ ‘ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟੀਏ ਅਤੇ ਨਵੀਂ ਨੂੰ ਪਹਿਨ ਲਈਏ ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ।’—ਕੁਲੁੱਸੀਆਂ 3:9, 10.

ਆਪਸ ਵਿਚ ਸਲਾਹ ਕਰਨੀ ਜ਼ਰੂਰੀ ਹੈ

16. ਚੁੱਪ ਧਾਰ ਲੈਣ ਨਾਲ ਕੀ ਨੁਕਸਾਨ ਹੁੰਦਾ ਹੈ?

16 ਜਦ ਪਤੀ-ਪਤਨੀ ਇਕ-ਦੂਜੇ ਨਾਲ ਗੱਲ ਕਰਨੀ ਛੱਡ ਦਿੰਦੇ ਹਨ, ਤਾਂ ਇਸ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਚੁੱਪ ਧਾਰ ਲੈਣ ਨਾਲ ਨੁਕਸਾਨ ਹੀ ਹੁੰਦਾ ਹੈ। ਕਈ ਵਾਰ ਪਤੀ-ਪਤਨੀ ਇਕ ਦੂਸਰੇ ਨੂੰ ਦੁੱਖ ਪਹੁੰਚਾਉਣ ਲਈ ਚੁੱਪ ਨਹੀਂ ਧਾਰਦੇ, ਸਗੋਂ ਇਸ ਲਈ ਗੱਲ ਕਰਨੀ ਛੱਡ ਦਿੰਦੇ ਹਨ ਕਿਉਂਕਿ ਉਹ ਬਹੁਤ ਖਿਝੇ ਹੋਏ ਜਾਂ ਨਿਰਾਸ਼ ਹੁੰਦੇ ਹਨ। ਪਰ ਗੱਲ ਨਾ ਕਰਨ ਨਾਲ ਮੁਸ਼ਕਲ ਹੱਲ ਨਹੀਂ ਹੁੰਦੀ, ਸਗੋਂ ਗੱਲ ਹੋਰ ਵੀ ਵਿਗੜ ਜਾਂਦੀ ਹੈ। ਇਕ ਪਤਨੀ ਨੇ ਕਿਹਾ: “ਕੁਝ ਸਮੇਂ ਬਾਅਦ ਅਸੀਂ ਫਿਰ ਤੋਂ ਗੱਲ ਕਰਨ ਲੱਗ ਪੈਂਦੇ ਹਾਂ, ਪਰ ਅਸੀਂ ਅਸਲੀ ਸਮੱਸਿਆ ਬਾਰੇ ਗੱਲ ਨਹੀਂ ਕਰਦੇ ਤੇ ਉਹ ਉੱਥੇ ਦੀ ਉੱਥੇ ਹੀ ਰਹਿੰਦੀ ਹੈ।”

17. ਜਦੋਂ ਪਤੀ-ਪਤਨੀ ਵਿਚ ਅਣਬਣ ਹੋ ਜਾਂਦੀ ਹੈ, ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ?

17 ਜੇ ਪਤੀ-ਪਤਨੀ ਵਿਚ ਅਣਬਣ ਹੋਵੇ, ਤਾਂ ਇਸ ਦਾ ਹੱਲ ਲੱਭਣ ਲਈ ਆਪਸ ਵਿਚ ਗੱਲ ਕਰਨੀ ਜ਼ਰੂਰੀ ਹੈ। ਕਹਾਉਤਾਂ 15:22 ਵਿਚ ਲਿਖਿਆ ਹੈ: “ਬਿਨਾਂ ਸਲਾਹ ਲਿਆ ਯੋਜਨਾਵਾਂ ਅਸਫਲ ਹੋ ਜਾਂਦੀਆਂ ਹਨ, ਸੋ ਜਿੰਨੇ ਸਲਾਹਕਾਰ ਅਧਿਕ ਹੋਣਗੇ ਉੱਨੀ ਅਧਿਕ ਸਫਲਤਾ ਮਿਲੇਗੀ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਕੱਠੇ ਬੈਠ ਕੇ ਮਸਲੇ ਬਾਰੇ ਗੱਲ ਕਰੋ ਤੇ ਆਪਣੇ ਸਾਥੀ ਦੀ ਗੱਲ ਧਿਆਨ ਨਾਲ ਸੁਣੋ। ਜੇ ਇਸ ਤਰ੍ਹਾਂ ਕਰਨਾ ਮੁਸ਼ਕਲ ਹੈ, ਤਾਂ ਕਿਉਂ ਨਾ ਕਲੀਸਿਯਾ ਦੇ ਬਜ਼ੁਰਗਾਂ ਤੋਂ ਮਦਦ ਮੰਗੋ? ਉਨ੍ਹਾਂ ਕੋਲ ਬਾਈਬਲ ਦਾ ਗਿਆਨ ਹੋਣ ਦੇ ਨਾਲ-ਨਾਲ ਬਾਈਬਲ ਦੇ ਅਸੂਲਾਂ ਉੱਤੇ ਚੱਲਣ ਦਾ ਤਜਰਬਾ ਵੀ ਹੈ। ਬਜ਼ੁਰਗ ‘ਪੌਣ ਤੋਂ ਲੁੱਕਣ ਦੇ ਥਾਂ ਜਿਹੇ ਹਨ ਅਤੇ ਵਾਛੜ ਤੋਂ ਓਟ।’—ਯਸਾਯਾਹ 32:2.

ਤੁਸੀਂ ਕਾਮਯਾਬ ਹੋ ਸਕਦੇ ਹੋ

18. ਰੋਮੀਆਂ 7:18-23 ਵਿਚ ਕਿਹੜੇ ਸੰਘਰਸ਼ ਬਾਰੇ ਦੱਸਿਆ ਗਿਆ ਹੈ?

18 ਆਪਣੀ ਕਹਿਣੀ ਤੇ ਕਰਨੀ ਨੂੰ ਕਾਬੂ ਵਿਚ ਰੱਖਣਾ ਬਹੁਤ ਮੁਸ਼ਕਲ ਹੈ। ਪੌਲੁਸ ਰਸੂਲ ਨੇ ਇਸ ਸੰਘਰਸ਼ ਬਾਰੇ ਲਿਖਿਆ: “ਮੈਂ ਜਾਣਦਾ ਤਾਂ ਹਾਂ ਭਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ। ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ ਪਰ ਭਲਾ ਕਰਨਾ ਹੈ ਨਹੀਂ। ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ। ਪਰ ਜੇ ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ ਤਾਂ ਕਰਨ ਵਾਲਾ ਮੈਂ ਨਹੀਂ ਸਗੋਂ ਪਾਪ ਹੈ ਜੋ ਮੇਰੇ ਵਿੱਚ ਵੱਸਦਾ ਹੈ।” ‘ਸਾਡੇ ਅੰਗਾਂ ਵਿੱਚ ਪਾਪ ਦਾ ਕਾਨੂਨ’ ਹੋਣ ਕਰਕੇ ਅਸੀਂ ਅਕਸਰ ਕੁਝ-ਨ-ਕੁਝ ਗ਼ਲਤ ਕਹਿ ਜਾਂਦੇ ਹਾਂ। (ਰੋਮੀਆਂ 7:18-23) ਲੇਕਿਨ ਪਰਮੇਸ਼ੁਰ ਦੀ ਮਦਦ ਨਾਲ ਅਸੀਂ ਇਸ ਸੰਘਰਸ਼ ਵਿਚ ਕਾਮਯਾਬ ਹੋ ਸਕਦੇ ਹਾਂ।

19, 20. ਯਿਸੂ ਦੀ ਮਿਸਾਲ ਪਤੀ-ਪਤਨੀਆਂ ਦੀ ਕਿਵੇਂ ਮਦਦ ਕਰ ਸਕਦੀ ਹੈ?

19 ਜਿਸ ਰਿਸ਼ਤੇ ਵਿਚ ਪਿਆਰ ਅਤੇ ਇੱਜ਼ਤ ਹੈ, ਉੱਥੇ ਬੇਸੋਚੇ ਤੇ ਖਰ੍ਹਵੇ ਸ਼ਬਦਾਂ ਲਈ ਕੋਈ ਜਗ੍ਹਾ ਨਹੀਂ ਹੈ। ਯਿਸੂ ਮਸੀਹ ਦੀ ਮਿਸਾਲ ਉੱਤੇ ਗੌਰ ਕਰੋ। ਯਿਸੂ ਨੇ ਕਦੀ ਵੀ ਆਪਣੇ ਚੇਲਿਆਂ ਦਾ ਅਪਮਾਨ ਨਹੀਂ ਕੀਤਾ ਸੀ। ਧਰਤੀ ਉੱਤੇ ਆਪਣੀ ਆਖ਼ਰੀ ਰਾਤ ਵੇਲੇ ਯਿਸੂ ਨੇ ਆਪਣੇ ਰਸੂਲਾਂ ਨੂੰ ਝਿੜਕਿਆ ਨਹੀਂ ਸੀ ਜਦ ਉਹ ਬਹਿਸ ਕਰ ਰਹੇ ਸਨ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਸੀ। (ਲੂਕਾ 22:24-27) ਸੋ ਬਾਈਬਲ ਸਲਾਹ ਦਿੰਦੀ ਹੈ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।”—ਅਫ਼ਸੀਆਂ 5:25.

20 ਪਤਨੀਆਂ ਬਾਰੇ ਕੀ? “ਪਤਨੀ ਆਪਣੇ ਪਤੀ ਦਾ ਮਾਨ ਕਰੇ।” (ਅਫ਼ਸੀਆਂ 5:33) ਕੀ ਆਪਣੇ ਪਤੀ ਦਾ ਮਾਣ ਕਰਨ ਵਾਲੀ ਪਤਨੀ ਉਸ ਨਾਲ ਚਿਲਾ ਕੇ ਗੱਲ ਕਰੇਗੀ ਜਾਂ ਉਸ ਨੂੰ ਗਾਲ੍ਹਾਂ ਕੱਢੇਗੀ? ਨਹੀਂ। ਪੌਲੁਸ ਨੇ ਲਿਖਿਆ: “ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਭਈ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰਥੀਆਂ 11:3) ਪਤਨੀਆਂ ਨੂੰ ਆਪਣੇ ਪਤੀਆਂ ਦੇ ਅਧੀਨ ਰਹਿਣਾ ਚਾਹੀਦਾ ਹੈ ਜਿਵੇਂ ਮਸੀਹ ਪਰਮੇਸ਼ੁਰ ਦੇ ਅਧੀਨ ਹੈ। (ਕੁਲੁੱਸੀਆਂ 3:18) ਇਹ ਸੱਚ ਹੈ ਕਿ ਕੋਈ ਵੀ ਭੁੱਲਣਹਾਰ ਇਨਸਾਨ ਯਿਸੂ ਦੀ ਪੂਰੀ ਤਰ੍ਹਾਂ ਰੀਸ ਨਹੀਂ ਕਰ ਸਕਦਾ। ਫਿਰ ਵੀ ‘ਉਹ ਦੀ ਪੈੜ ਉੱਤੇ ਤੁਰ’ ਕੇ ਪਤੀ-ਪਤਨੀਆਂ ਨੂੰ ਇਕ-ਦੂਜੇ ਨਾਲ ਪਿਆਰ ਅਤੇ ਇੱਜ਼ਤ ਨਾਲ ਗੱਲ ਕਰਨ ਵਿਚ ਮਦਦ ਮਿਲੇਗੀ।—1 ਪਤਰਸ 2:21.

ਤੁਸੀਂ ਕੀ ਸਿੱਖਿਆ?

• ਬੇਕਾਬੂ ਜੀਭ ਵਿਆਹੁਤਾ ਜੀਵਨ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦੀ ਹੈ?

• ਜ਼ਬਾਨ ਨੂੰ ਲਗਾਮ ਦੇਣੀ ਮੁਸ਼ਕਲ ਕਿਉਂ ਹੈ?

• ਆਪਣੀ ਬੋਲੀ ਉੱਤੇ ਕਾਬੂ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

• ਜਦੋਂ ਪਤੀ-ਪਤਨੀ ਵਿਚ ਅਣਬਣ ਹੋ ਜਾਂਦੀ ਹੈ, ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ?

[ਸਵਾਲ]

[ਸਫ਼ਾ 24 ਉੱਤੇ ਤਸਵੀਰ]

ਕਲੀਸਿਯਾ ਦੇ ਬਜ਼ੁਰਗ ਬਾਈਬਲ ਵਿੱਚੋਂ ਸਲਾਹ ਦਿੰਦੇ ਹਨ