Skip to content

Skip to table of contents

‘ਧੀਰਜ ਅਤੇ ਦਿਲਾਸੇ ਦੇ ਪਰਮੇਸ਼ੁਰ’ ਤੋਂ ਮਦਦ

‘ਧੀਰਜ ਅਤੇ ਦਿਲਾਸੇ ਦੇ ਪਰਮੇਸ਼ੁਰ’ ਤੋਂ ਮਦਦ

‘ਧੀਰਜ ਅਤੇ ਦਿਲਾਸੇ ਦੇ ਪਰਮੇਸ਼ੁਰ’ ਤੋਂ ਮਦਦ

ਲਗਭਗ 2,000 ਸਾਲ ਪਹਿਲਾਂ ਬਾਈਬਲ ਦੇ ਇਕ ਲਿਖਾਰੀ ਪੌਲੁਸ ਨੇ ਯਹੋਵਾਹ ਨੂੰ “ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ” ਕਿਹਾ ਸੀ। (ਰੋਮੀਆਂ 15:5) ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ “ਕਦੀ ਬਦਲਦਾ ਨਹੀਂ,” ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਅੱਜ ਵੀ ਆਪਣੇ ਸੇਵਕਾਂ ਨੂੰ ਦਿਲਾਸਾ ਦਿੰਦਾ ਹੈ। (ਯਾਕੂਬ 1:17, ਪਵਿੱਤਰ ਬਾਈਬਲ ਨਵਾਂ ਅਨੁਵਾਦ) ਦਰਅਸਲ ਬਾਈਬਲ ਦਿਖਾਉਂਦੀ ਹੈ ਕਿ ਯਹੋਵਾਹ ਵੱਖ-ਵੱਖ ਤਰੀਕਿਆਂ ਨਾਲ ਦਿਲਾਸਾ ਦਿੰਦਾ ਹੈ। ਇਨ੍ਹਾਂ ਵਿੱਚੋਂ ਕੁਝ ਤਰੀਕੇ ਕੀ ਹਨ? ਪਰਮੇਸ਼ੁਰ ਉਨ੍ਹਾਂ ਨੂੰ ਦੁੱਖ ਸਹਿਣ ਦੀ ਤਾਕਤ ਦਿੰਦਾ ਹੈ ਜੋ ਪ੍ਰਾਰਥਨਾ ਵਿਚ ਉਸ ਦੀ ਮਦਦ ਮੰਗਦੇ ਹਨ। ਇਸ ਤੋਂ ਇਲਾਵਾ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਪ੍ਰੇਰਦਾ ਹੈ ਤਾਂਕਿ ਉਹ ਇਕ-ਦੂਜੇ ਨੂੰ ਦਿਲਾਸਾ ਦੇਣ। ਯਹੋਵਾਹ ਨੇ ਬਾਈਬਲ ਵਿਚ ਅਜਿਹੀਆਂ ਗੱਲਾਂ ਵੀ ਲਿਖਵਾਈਆਂ ਹਨ ਜੋ ਸੋਗ ਕਰ ਰਹੇ ਮਾਪਿਆਂ ਨੂੰ ਹੌਸਲਾ ਦੇ ਸਕਦੀਆਂ ਹਨ। ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਤਿੰਨ ਤਰੀਕਿਆਂ ਉੱਤੇ ਗੌਰ ਕਰੀਏ।

“ਯਹੋਵਾਹ ਨੇ ਸੁਣਿਆ”

ਰਾਜਾ ਦਾਊਦ ਨੇ ਆਪਣੇ ਸਿਰਜਣਹਾਰ ਯਹੋਵਾਹ ਬਾਰੇ ਲੋਕਾਂ ਨੂੰ ਕਿਹਾ: “ਹੇ ਪਰਜਾ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ, ਪਰਮੇਸ਼ੁਰ ਸਾਡੀ ਪਨਾਹ ਹੈ।” (ਜ਼ਬੂਰਾਂ ਦੀ ਪੋਥੀ 62:8) ਦਾਊਦ ਇੰਨੇ ਯਕੀਨ ਨਾਲ ਇਹ ਗੱਲ ਕਿਉਂ ਕਹਿ ਸਕਿਆ? ਕਿਉਂਕਿ ਉਹ ਆਪਣੇ ਤਜਰਬੇ ਤੋਂ ਜਾਣਦਾ ਸੀ ਕਿ ਪਰਮੇਸ਼ੁਰ ਉਸ ਨੂੰ ਸਹਾਰਾ ਦੇਣ ਦੇ ਨਾਲ-ਨਾਲ ਦੁੱਖ ਸਹਿਣ ਦੀ ਤਾਕਤ ਵੀ ਦੇਵੇਗਾ। ਆਪਣੇ ਬਾਰੇ ਗੱਲ ਕਰਦੇ ਹੋਏ ਦਾਊਦ ਨੇ ਲਿਖਿਆ: “ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਸੁਣਿਆ, ਅਤੇ ਉਹ ਦਿਆਂ ਸਾਰਿਆਂ ਦੁਖਾਂ ਤੋਂ ਉਹ ਨੂੰ ਬਚਾਇਆ।” (ਜ਼ਬੂਰਾਂ ਦੀ ਪੋਥੀ 34:6) ਜਦ ਵੀ ਦਾਊਦ ਉੱਤੇ ਕੋਈ ਦੁੱਖ ਆਉਂਦਾ ਸੀ, ਤਾਂ ਉਹ ਯਹੋਵਾਹ ਅੱਗੇ ਦੁਆ ਕਰਦਾ ਸੀ ਅਤੇ ਯਹੋਵਾਹ ਹਮੇਸ਼ਾ ਉਸ ਦੀ ਮਦਦ ਕਰਦਾ ਸੀ।

ਸੋਗ ਕਰ ਰਹੇ ਮਾਪਿਆਂ ਨੂੰ ਜਾਣਨ ਦੀ ਲੋੜ ਹੈ ਕਿ ਜਿਵੇਂ ਯਹੋਵਾਹ ਨੇ ਦਾਊਦ ਦੀ ਮਦਦ ਕੀਤੀ ਸੀ, ਉਵੇਂ ਹੀ ਉਹ ਉਨ੍ਹਾਂ ਦਾ ਸਹਾਰਾ ਬਣ ਕੇ ਉਨ੍ਹਾਂ ਨੂੰ ਗਮ ਸਹਿਣ ਦੀ ਤਾਕਤ ਦੇਵੇਗਾ। ਉਹ “ਪ੍ਰਾਰਥਨਾ ਦੇ ਸੁਣਨ ਵਾਲੇ” ਬਾਰੇ ਭਰੋਸਾ ਰੱਖ ਸਕਦੇ ਹਨ ਕਿ ਉਹ ਉਨ੍ਹਾਂ ਦੀ ਜ਼ਰੂਰ ਮਦਦ ਕਰੇਗਾ। (ਜ਼ਬੂਰਾਂ ਦੀ ਪੋਥੀ 65:2) ਪਿਛਲੇ ਲੇਖ ਵਿਚ ਜ਼ਿਕਰ ਕੀਤੇ ਗਏ ਵਿਲੀਅਮ ਨੇ ਕਿਹਾ: “ਕਈ ਵਾਰ ਮੈਨੂੰ ਲੱਗਾ ਕਿ ਮੈਂ ਆਪਣੇ ਪੁੱਤਰ ਤੋਂ ਬਿਨਾਂ ਇਕ ਪਲ ਵੀ ਨਹੀਂ ਜੀ ਸਕਾਂਗਾ ਤੇ ਮੈਂ ਯਹੋਵਾਹ ਅੱਗੇ ਮਦਦ ਲਈ ਮਿੰਨਤਾਂ ਕੀਤੀਆਂ। ਉਸ ਨੇ ਹਮੇਸ਼ਾ ਮੈਨੂੰ ਸੰਭਾਲਿਆ ਅਤੇ ਜੀਣ ਦੀ ਹਿੰਮਤ ਦਿੱਤੀ।” ਜੇ ਤੁਸੀਂ ਵੀ ਨਿਹਚਾ ਨਾਲ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੂੰ ਪ੍ਰਾਰਥਨਾ ਕਰੋਗੇ, ਤਾਂ ਉਹ ਤੁਹਾਨੂੰ ਵੀ ਸੰਭਾਲੇਗਾ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਕਿਉਂਕਿ ਯਹੋਵਾਹ ਪਰਮੇਸ਼ੁਰ ਖ਼ੁਦ ਆਪਣੇ ਹਰ ਸੇਵਕ ਨਾਲ ਵਾਅਦਾ ਕਰਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।”—ਯਸਾਯਾਹ 41:13.

ਸੱਚੇ ਦੋਸਤਾਂ-ਮਿੱਤਰਾਂ ਦਾ ਸਹਾਰਾ

ਬੱਚੇ ਦੀ ਮੌਤ ਹੋਣ ਤੇ ਕਈ ਮਾਪੇ ਇਕਾਂਤ ਵਿਚ ਹੰਝੂ ਵਹਾ ਕੇ ਦਿਲ ਹੌਲਾ ਕਰਨਾ ਚਾਹੁੰਦੇ ਹਨ। ਪਰ ਆਪਣੇ ਆਪ ਨੂੰ ਦੂਸਰਿਆਂ ਤੋਂ ਲੰਬੇ ਸਮੇਂ ਤਕ ਵੱਖ ਰੱਖਣਾ ਸਹੀ ਨਹੀਂ ਹੋਵੇਗਾ। ਕਹਾਉਤਾਂ 18:1 ਅਨੁਸਾਰ “ਜੋ ਆਪ ਨੂੰ ਵੱਖਰਾ ਕਰੇ,” ਉਹ ਆਪਣਾ ਨੁਕਸਾਨ ਕਰਦਾ ਹੈ। ਇਸ ਲਈ ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਦੂਸਰਿਆਂ ਤੋਂ ਬਹੁਤੀ ਦੇਰ ਵੱਖਰੇ ਨਾ ਰਹਿਣ।

ਪਰਮੇਸ਼ੁਰ ਨੂੰ ਮੰਨਣ ਵਾਲੇ ਦੋਸਤ-ਮਿੱਤਰ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਕਹਾਉਤਾਂ 17:17 ਵਿਚ ਲਿਖਿਆ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” ਜਦੋਂ ਪਿਛਲੇ ਲੇਖ ਵਿਚ ਜ਼ਿਕਰ ਕੀਤੀ ਗਈ ਲੂਸੀ ਦੇ ਪੁੱਤਰ ਦੀ ਮੌਤ ਹੋਈ ਸੀ, ਤਾਂ ਲੂਸੀ ਦੇ ਦੋਸਤਾਂ-ਮਿੱਤਰਾਂ ਨੇ ਉਸ ਦੀ ਬਹੁਤ ਮਦਦ ਕੀਤੀ। ਕਲੀਸਿਯਾ ਵਿਚ ਆਪਣੇ ਦੋਸਤਾਂ ਬਾਰੇ ਉਸ ਨੇ ਕਿਹਾ: “ਉਨ੍ਹਾਂ ਨੂੰ ਦੇਖ ਕੇ ਮੈਨੂੰ ਬਹੁਤ ਹੌਸਲਾ ਮਿਲਿਆ। ਕਈ ਵਾਰ ਤਾਂ ਉਨ੍ਹਾਂ ਨੂੰ ਬਹੁਤਾ ਕਹਿਣ ਦੀ ਵੀ ਲੋੜ ਨਹੀਂ ਸੀ ਪੈਂਦੀ। ਮੇਰੀ ਇਕ ਸਹੇਲੀ ਮੈਨੂੰ ਉਦੋਂ ਮਿਲਣ ਆਉਂਦੀ ਸੀ ਜਦੋਂ ਮੈਂ ਘਰ ਵਿਚ ਇਕੱਲੀ ਹੁੰਦੀ ਸੀ। ਉਸ ਨੂੰ ਪਤਾ ਸੀ ਕਿ ਮੈਂ ਬੈਠ ਕੇ ਰੋਂਦੀ ਹੋਵਾਂਗੀ ਤੇ ਉਹ ਵੀ ਮੇਰੇ ਨਾਲ ਬੈਠ ਕੇ ਰੋਂਦੀ ਸੀ। ਇਕ ਹੋਰ ਸਹੇਲੀ ਰੋਜ਼ ਮੈਨੂੰ ਫ਼ੋਨ ਕਰ ਕੇ ਹੌਸਲਾ ਦਿੰਦੀ ਸੀ। ਦੂਸਰਿਆਂ ਦੋਸਤਾਂ ਨੇ ਸਾਨੂੰ ਰੋਟੀ ਲਈ ਬੁਲਾਇਆ ਤੇ ਉਹ ਹਾਲੇ ਵੀ ਇਸ ਤਰ੍ਹਾਂ ਕਰਦੇ ਹਨ।”

ਭਾਵੇਂ ਬੱਚੇ ਦੀ ਮੌਤ ਦਾ ਗਮ ਭੁਲਾਇਆਂ ਨਹੀਂ ਭੁੱਲਦਾ, ਫਿਰ ਵੀ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ ਅਤੇ ਸੱਚੇ ਦੋਸਤਾਂ ਦਾ ਸਾਥ ਹੋਣ ਕਰਕੇ ਮਾਪਿਆਂ ਨੂੰ ਦਿਲਾਸਾ ਜ਼ਰੂਰ ਮਿਲੇਗਾ। ਯਹੋਵਾਹ ਦੀ ਸੇਵਾ ਕਰਨ ਵਾਲੇ ਕਈ ਮਾਪਿਆਂ ਨੇ ਆਪਣੇ ਬੱਚੇ ਦੀ ਮੌਤ ਤੋਂ ਬਾਅਦ ਦੇਖਿਆ ਹੈ ਕਿ ਯਹੋਵਾਹ ਨੇ ਕਦੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਜੀ ਹਾਂ, ਯਹੋਵਾਹ “ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।”—ਜ਼ਬੂਰਾਂ ਦੀ ਪੋਥੀ 147:3.

ਬਾਈਬਲ ਤੋਂ ਦਿਲਾਸਾ

ਪ੍ਰਾਰਥਨਾ ਅਤੇ ਦੋਸਤਾਂ ਦੀ ਮਦਦ ਤੋਂ ਇਲਾਵਾ ਪਰਮੇਸ਼ੁਰ ਦਾ ਬਚਨ ਵੀ ਗਮ ਵਿਚ ਡੁੱਬੇ ਮਾਪਿਆਂ ਨੂੰ ਦਿਲਾਸਾ ਦਿੰਦਾ ਹੈ। ਬਾਈਬਲ ਸਾਨੂੰ ਦਿਖਾਉਂਦੀ ਹੈ ਕਿ ਯਿਸੂ ਸੋਗ ਕਰ ਰਹੇ ਮਾਪਿਆਂ ਦਾ ਨਾ ਸਿਰਫ਼ ਦਰਦ ਸਮਝਦਾ ਹੈ, ਸਗੋਂ ਉਹ ਜਲਦੀ ਹੀ ਉਨ੍ਹਾਂ ਦੇ ਬੱਚਿਆਂ ਨੂੰ ਦੁਬਾਰਾ ਜੀਉਂਦਾ ਕਰ ਕੇ ਉਨ੍ਹਾਂ ਦੇ ਦਰਦ ਨੂੰ ਖ਼ੁਸ਼ੀ ਵਿਚ ਬਦਲ ਦੇਵੇਗਾ। ਇਹ ਗੱਲਾਂ ਗਮ ਵਿਚ ਡੁੱਬੇ ਲੋਕਾਂ ਨੂੰ ਬਹੁਤ ਦਿਲਾਸਾ ਦਿੰਦੀਆਂ ਹਨ। ਆਓ ਆਪਾਂ ਹੁਣ ਬਾਈਬਲ ਦੇ ਦੋ ਬਿਰਤਾਂਤਾਂ ਵੱਲ ਧਿਆਨ ਦੇਈਏ ਜਿਨ੍ਹਾਂ ਵਿਚ ਯਿਸੂ ਨੇ ਮਰ ਚੁੱਕੇ ਬੱਚਿਆਂ ਨੂੰ ਜੀਉਂਦਾ ਕੀਤਾ ਸੀ।

ਲੂਕਾ ਦੇ 7ਵੇਂ ਅਧਿਆਇ ਵਿਚ ਦੱਸਿਆ ਗਿਆ ਹੈ ਕਿ ਇਕ ਵਾਰ ਯਿਸੂ ਨੇ ਨਾਇਨ ਨਾਂ ਦੇ ਇਕ ਨਗਰ ਵਿਚ ਇਕ ਨੌਜਵਾਨ ਦੀ ਅਰਥੀ ਜਾਂਦੀ ਦੇਖੀ। ਇਹ ਨੌਜਵਾਨ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਸੀ। 13ਵੀਂ ਆਇਤ ਵਿਚ ਲਿਖਿਆ ਹੈ: “ਪ੍ਰਭੁ ਨੇ ਉਸ [ਵਿਧਵਾ] ਨੂੰ ਵੇਖ ਕੇ ਉਸ ਦੇ ਉੱਤੇ ਤਰਸ ਖਾਧਾ ਅਤੇ ਉਸ ਨੂੰ ਆਖਿਆ, ਨਾ ਰੋ।”

ਬਹੁਤ ਘੱਟ ਲੋਕ ਕਿਸੇ ਮਾਂ ਨੂੰ ਕਹਿਣਗੇ ਕਿ ਉਹ ਆਪਣੇ ਪੁੱਤਰ ਦੀ ਮੌਤ ਤੇ ਨਾ ਰੋਵੇ। ਤਾਂ ਫਿਰ ਯਿਸੂ ਨੇ ਉਸ ਵਿਧਵਾ ਨੂੰ ਨਾ ਰੋਣ ਲਈ ਕਿਉਂ ਕਿਹਾ ਸੀ? ਕਿਉਂਕਿ ਉਹ ਉਸ ਮਾਂ ਦਾ ਦੁੱਖ ਦੂਰ ਕਰਨ ਵਾਲਾ ਸੀ। ਬਾਈਬਲ ਕਹਿੰਦੀ ਹੈ ਕਿ ਯਿਸੂ ਨੇ “ਨੇੜੇ ਆਣ ਕੇ ਸਿੜ੍ਹੀ ਨੂੰ ਛੋਹਿਆ ਅਰ ਚੁੱਕਣ ਵਾਲੇ ਖਲੋ ਗਏ। ਤਦ ਉਹ ਨੇ ਕਿਹਾ, ਹੇ ਜੁਆਨ ਮੈਂ ਤੈਨੂੰ ਆਖਦਾ ਹਾਂ, ਉੱਠ! ਤਾਂ ਉਹ ਮੁਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ ਅਤੇ ਉਸ ਨੇ ਉਹ ਨੂੰ ਉਹ ਦੀ ਮਾਂ ਨੂੰ ਸੌਂਪ ਦਿੱਤਾ।” (ਲੂਕਾ 7:14, 15) ਉਸ ਵੇਲੇ ਉਸ ਦੀ ਮਾਂ ਨੇ ਸੋਗ ਦੇ ਨਹੀਂ, ਬਲਕਿ ਖ਼ੁਸ਼ੀ ਦੇ ਹੰਝੂ ਵਹਾਏ ਹੋਣਗੇ।

ਇਕ ਹੋਰ ਮੌਕੇ ਤੇ ਜੈਰੁਸ ਨਾਂ ਦਾ ਆਦਮੀ ਯਿਸੂ ਕੋਲੋਂ ਮਦਦ ਮੰਗਣ ਆਇਆ ਕਿਉਂਕਿ ਉਸ ਦੀ 12 ਸਾਲਾਂ ਦੀ ਧੀ ਬਹੁਤ ਬੀਮਾਰ ਸੀ ਤੇ ਉਹ ਚਾਹੁੰਦਾ ਸੀ ਕਿ ਯਿਸੂ ਉਸ ਨੂੰ ਠੀਕ ਕਰੇ। ਪਰ ਜਦੋਂ ਉਹ ਯਿਸੂ ਨਾਲ ਅਜੇ ਗੱਲਾਂ ਕਰ ਹੀ ਰਿਹਾ ਸੀ, ਤਾਂ ਉਸ ਨੂੰ ਖ਼ਬਰ ਮਿਲੀ ਕਿ ਉਸ ਦੀ ਕੁੜੀ ਮਰ ਗਈ ਸੀ। ਜੈਰੁਸ ਨੂੰ ਗਹਿਰਾ ਸਦਮਾ ਲੱਗਾ, ਪਰ ਯਿਸੂ ਨੇ ਉਸ ਨੂੰ ਕਿਹਾ: “ਨਾ ਡਰ ਕੇਵਲ ਨਿਹਚਾ ਕਰ।” ਫਿਰ ਉਹ ਜੈਰੁਸ ਦੇ ਘਰ ਵੱਲ ਤੁਰ ਪਏ। ਉੱਥੇ ਪਹੁੰਚ ਕੇ ਯਿਸੂ ਨੇ ਉਸ ਬੇਜਾਨ ਕੁੜੀ ਦਾ ਹੱਥ ਫੜ ਕੇ ਕਿਹਾ: “ਹੇ ਕੰਨਿਆ ਮੈਂ ਤੈਨੂੰ ਆਖਦਾ ਹਾਂ, ਉੱਠ!” ਫਿਰ ਕੀ ਹੋਇਆ? “ਉਹ ਕੁੜੀ ਝੱਟ ਉੱਠ ਖੜੀ ਹੋਈ ਅਰ ਤੁਰਨ ਫਿਰਨ ਲੱਗੀ।” ਜੈਰੁਸ ਤੇ ਉਸ ਦੀ ਪਤਨੀ ਨੇ ਆਪਣੀ ਧੀ ਨੂੰ ਘੁੱਟ ਕੇ ਗਲੇ ਲਾਇਆ। ਉਹ ਖ਼ੁਸ਼ੀ ਦੇ ਮਾਰੇ ਫੁੱਲੇ ਨਾ ਸਮਾਏ! ਉਨ੍ਹਾਂ ਨੂੰ ਲੱਗਾ ਜਿਵੇਂ ਉਹ ਇਕ ਸੁਪਨਾ ਦੇਖ ਰਹੇ ਸਨ। ਉਨ੍ਹਾਂ ਦੀ ਉੱਜੜੀ ਦੁਨੀਆਂ ਫਿਰ ਤੋਂ ਆਬਾਦ ਹੋ ਗਈ ਸੀ।—ਮਰਕੁਸ 5:22-24, 35-43.

ਸੋਗ ਕਰ ਰਹੇ ਮਾਪੇ ਬਾਈਬਲ ਵਿਚ ਬੱਚਿਆਂ ਦੇ ਜੀ ਉਠਾਏ ਜਾਣ ਬਾਰੇ ਅਜਿਹੇ ਬਿਰਤਾਂਤ ਪੜ੍ਹ ਕੇ ਭਰੋਸਾ ਰੱਖ ਸਕਦੇ ਹਨ ਕਿ ਭਵਿੱਖ ਵਿਚ ਉਹ ਵੀ ਆਪਣੇ ਬੱਚਿਆਂ ਨੂੰ ਦੁਬਾਰਾ ਮਿਲ ਸਕਣਗੇ। ਯਿਸੂ ਨੇ ਕਿਹਾ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ਯਹੋਵਾਹ ਦਾ ਮਕਸਦ ਹੈ ਕਿ ਉਸ ਦਾ ਪੁੱਤਰ ਉਨ੍ਹਾਂ ਨੂੰ ਦੁਬਾਰਾ ਜੀਵਨ ਬਖ਼ਸ਼ੇ ਜੋ ਮਰ ਚੁੱਕੇ ਹਨ। ਜਦ ਯਿਸੂ ਕਹੇਗਾ ਕਿ ‘ਮੈਂ ਤੁਹਾਨੂੰ ਆਖਦਾ ਹਾਂ, ਉੱਠੋ,’ ਤਾਂ ਲੱਖਾਂ ਮਰੇ ਹੋਏ ਬੱਚੇ ‘ਯਿਸੂ ਦੀ ਅਵਾਜ਼ ਸੁਣ ਕੇ’ ਉੱਠ ਖਲੋਣਗੇ। ਇਹ ਬੱਚੇ ਇਕ ਵਾਰ ਫਿਰ ਤੁਰਨ-ਫਿਰਨ ਲੱਗ ਪੈਣਗੇ। ਜੈਰੁਸ ਤੇ ਉਸ ਦੀ ਪਤਨੀ ਵਾਂਗ ਅਜਿਹੇ ਬੱਚਿਆਂ ਦੇ ਮਾਪੇ ਖ਼ੁਸ਼ੀ ਦੇ ਮਾਰੇ ਫੁੱਲੇ ਨਹੀਂ ਸਮਾਉਣਗੇ।

ਜੇ ਤੁਹਾਡਾ ਬੱਚਾ ਮੌਤ ਦੀ ਗੋਦ ਵਿਚ ਚਲਾ ਗਿਆ ਹੈ, ਤਾਂ ਯਾਦ ਰੱਖੋ ਕਿ ਯਹੋਵਾਹ ਭਵਿੱਖ ਵਿਚ ਉਸ ਨੂੰ ਜੀਉਂਦਾ ਕਰ ਕੇ ਤੁਹਾਡੇ ਗਮ ਨੂੰ ਖ਼ੁਸ਼ੀ ਵਿਚ ਬਦਲ ਸਕਦਾ ਹੈ। ਜੇ ਤੁਸੀਂ ਉਸ ਨੂੰ ਦੁਬਾਰਾ ਮਿਲਣਾ ਚਾਹੁੰਦੇ ਹੋ, ਤਾਂ ਜ਼ਬੂਰਾਂ ਦੇ ਲਿਖਾਰੀ ਦੀ ਗੱਲ ਮੰਨੋ: ‘ਯਹੋਵਾਹ ਤੇ ਉਹ ਦੇ ਸਮਰਥ ਦੀ ਭਾਲ ਕਰੋ, ਉਹ ਦੇ ਦਰਸ਼ਣ ਨੂੰ ਲਗਾਤਾਰ ਲੋਚੋ। ਉਹ ਦੇ ਅਚਰਜ ਕੰਮਾਂ ਨੂੰ ਅਤੇ ਉਹ ਦੇ ਅਚੰਭਿਆਂ ਨੂੰ ਚੇਤੇ ਰੱਖੋ।’ (ਜ਼ਬੂਰਾਂ ਦੀ ਪੋਥੀ 105:4,  5) ਜੀ ਹਾਂ, ਯਹੋਵਾਹ ਪਰਮੇਸ਼ੁਰ ਨੂੰ ਜਾਣੋ ਅਤੇ ਉਸ ਦੀ ਭਗਤੀ ਕਰੋ।

ਜੇ ਤੁਸੀਂ ‘ਯਹੋਵਾਹ ਨੂੰ ਭਾਲੋਗੇ,’ ਤਾਂ ਕੀ ਹੋਵੇਗਾ? ਤੁਹਾਨੂੰ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਤੋਂ ਤਾਕਤ ਮਿਲੇਗੀ, ਤੁਹਾਨੂੰ ਸੱਚੇ ਦੋਸਤਾਂ-ਮਿੱਤਰਾਂ ਤੋਂ ਦਿਲਾਸਾ ਮਿਲੇਗਾ ਅਤੇ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਤੁਹਾਨੂੰ ਹੌਸਲਾ ਮਿਲੇਗਾ। ਇਸ ਤੋਂ ਇਲਾਵਾ ਭਵਿੱਖ ਵਿਚ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਸਕੋਗੇ ਕਿ ਯਹੋਵਾਹ ਤੁਹਾਡੇ ਲਈ ਅਤੇ ਤੁਹਾਡੇ ਬੱਚੇ ਲਈ ਕਿਹੋ ਜਿਹੇ ‘ਅਚਰਜ ਕੰਮ ਅਤੇ ਅਚੰਭੇ’ ਕਰਦਾ ਹੈ।

[ਸਫ਼ਾ 5 ਉੱਤੇ ਡੱਬੀ]

“ਮੈਂ ਉਸ ਤੀਵੀਂ ਨੂੰ ਮਿਲਣਾ ਚਾਹੁੰਦੀ ਹਾਂ ਜਿਸ ਦੇ ਦੋ ਬੱਚੇ ਹਾਦਸੇ ਵਿਚ ਮਾਰੇ ਗਏ ਸਨ”

ਨਾਈਜੀਰੀਆ ਵਿਚ ਰਹਿਣ ਵਾਲੇ ਕਹਿੰਡੇ ਅਤੇ ਉਸ ਦੀ ਪਤਨੀ ਬਿੰਟੂ ਯਹੋਵਾਹ ਦੇ ਗਵਾਹ ਹਨ। ਉਨ੍ਹਾਂ ਦੇ ਦੋ ਬੱਚੇ ਇਕ ਕਾਰ ਹਾਦਸੇ ਵਿਚ ਮਾਰੇ ਗਏ ਸਨ। ਉਸ ਸਮੇਂ ਤੋਂ ਉਨ੍ਹਾਂ ਨੇ ਬਹੁਤ ਗਮ ਸਹਿਆ ਹੈ। ਫਿਰ ਵੀ ਉਨ੍ਹਾਂ ਨੇ ਯਹੋਵਾਹ ਉੱਤੇ ਭਰੋਸਾ ਰੱਖਦਿਆਂ ਹੌਸਲਾ ਨਹੀਂ ਹਾਰਿਆ ਤੇ ਉਹ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਂਦੇ ਰਹੇ।

ਕਹਿੰਡੇ ਤੇ ਬਿੰਟੂ ਦੀ ਪੱਕੀ ਨਿਹਚਾ ਅਤੇ ਉਨ੍ਹਾਂ ਦਾ ਸਬਰ ਦੂਸਰਿਆਂ ਤੋਂ ਛਿਪਿਆ ਨਾ ਰਿਹਾ। ਇਕ ਦਿਨ ਸ਼੍ਰੀਮਤੀ ਉਕੋਲੀ ਨੇ ਬਿੰਟੂ ਦੀ ਇਕ ਸਹੇਲੀ ਨੂੰ ਕਿਹਾ: “ਮੈਂ ਉਸ ਤੀਵੀਂ ਨੂੰ ਮਿਲਣਾ ਚਾਹੁੰਦੀ ਹਾਂ ਜਿਸ ਦੇ ਦੋ ਬੱਚੇ ਹਾਦਸੇ ਵਿਚ ਮਾਰੇ ਗਏ ਸਨ। ਬੱਚਿਆਂ ਦੀ ਮੌਤ ਦਾ ਗਮ ਹੋਣ ਦੇ ਬਾਵਜੂਦ ਉਸ ਨੇ ਬਾਈਬਲ ਦਾ ਪ੍ਰਚਾਰ ਕਰਨਾ ਨਹੀਂ ਛੱਡਿਆ। ਮੈਂ ਜਾਣਨਾ ਚਾਹੁੰਦੀ ਹਾਂ ਕਿ ਉਸ ਨੂੰ ਇੰਨਾ ਵੱਡਾ ਗਮ ਸਹਿਣ ਦੀ ਤਾਕਤ ਕਿੱਥੋਂ ਮਿਲੀ।” ਜਦ ਬਿੰਟੂ ਉਸ ਦੇ ਘਰ ਆਈ, ਤਾਂ ਸ਼੍ਰੀਮਤੀ ਉਕੋਲੀ ਨੇ ਕਿਹਾ: “ਮੈਨੂੰ ਦੱਸ, ਤੂੰ ਉਸ ਰੱਬ ਬਾਰੇ ਅਜੇ ਵੀ ਕਿਉਂ ਪ੍ਰਚਾਰ ਕਰਦੀ ਹੈਂ ਜਿਸ ਨੇ ਤੇਰੇ ਬੱਚਿਆਂ ਨੂੰ ਚੁੱਕ ਲਿਆ। ਰੱਬ ਨੇ ਮੇਰੀ ਧੀ ਨੂੰ ਵੀ ਮੈਥੋਂ ਖੋਹ ਲਿਆ ਸੀ ਅਤੇ ਉਸ ਸਮੇਂ ਤੋਂ ਮੈਂ ਰੱਬ ਨੂੰ ਨਹੀਂ ਮੰਨਦੀ।” ਬਿੰਟੂ ਨੇ ਬਾਈਬਲ ਵਿੱਚੋਂ ਦਿਖਾਇਆ ਕਿ ਲੋਕ ਕਿਉਂ ਮਰਦੇ ਹਨ ਅਤੇ ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਮੁਰਦੇ ਦੁਬਾਰਾ ਜੀ ਉੱਠਣਗੇ।—ਰਸੂਲਾਂ ਦੇ ਕਰਤੱਬ 24:15; ਰੋਮੀਆਂ 5:12.

ਬਾਅਦ ਵਿਚ ਸ਼੍ਰੀਮਤੀ ਉਕੋਲੀ ਨੇ ਕਿਹਾ: “ਮੈਨੂੰ ਲੱਗਦਾ ਸੀ ਕਿ ਪਰਮੇਸ਼ੁਰ ਲੋਕਾਂ ਨੂੰ ਮਾਰਦਾ ਹੈ। ਪਰ ਹੁਣ ਮੈਨੂੰ ਸੱਚਾਈ ਦਾ ਪਤਾ ਲੱਗ ਗਿਆ।” ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨ ਲੱਗ ਪਈ ਤਾਂਕਿ ਉਹ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਹੋਰ ਸਿੱਖ ਸਕੇ।

[ਸਫ਼ਾ 6 ਉੱਤੇ ਡੱਬੀ]

ਉਨ੍ਹਾਂ ਦੀ ਮਦਦ ਮੈਂ ਕਿੱਦਾਂ ਕਰਾਂ?

ਬੱਚੇ ਦੀ ਮੌਤ ਹੋਣ ਤੇ ਮਾਪਿਆਂ ਅਤੇ ਭੈਣਾਂ-ਭਰਾਵਾਂ ਨੂੰ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਦੇ ਦੋਸਤ-ਮਿੱਤਰ ਭਾਵੇਂ ਉਨ੍ਹਾਂ ਦਾ ਦੁੱਖ ਵੰਡਣਾ ਚਾਹੁੰਦੇ ਹਨ, ਪਰ ਕਈ ਸ਼ਾਇਦ ਡਰਨ ਕਿ ਉਹ ਕਿਤੇ ਕੁਝ ਗ਼ਲਤ ਨਾ ਕਹਿ ਦੇਣ ਜਿਸ ਕਰਕੇ ਪਰਿਵਾਰ ਨੂੰ ਹੋਰ ਦੁੱਖ ਹੋਵੇ। ਹੇਠਾਂ ਉਨ੍ਹਾਂ ਲੋਕਾਂ ਲਈ ਕੁਝ ਸੁਝਾਅ ਦਿੱਤੇ ਗਏ ਹਨ ਜੋ ਜਾਣਨਾ ਚਾਹੁੰਦੇ ਹਨ ਕਿ ਉਹ ਸੋਗ ਕਰ ਰਹੇ ਪਰਿਵਾਰ ਦੀ ਮਦਦ ਕਿੱਦਾਂ ਕਰਨ।

❖ ਇਸ ਡਰੋਂ ਸੋਗ ਕਰਨ ਵਾਲਿਆਂ ਤੋਂ ਦੂਰ ਨਾ ਰਹੋ ਕਿ ਤੁਹਾਡੇ ਕੋਲੋਂ ਕੁਝ ਗ਼ਲਤ ਨਾ ਕਹਿ ਹੋ ਜਾਵੇ। ਤੁਹਾਨੂੰ ਦੇਖ ਕੇ ਹੀ ਉਨ੍ਹਾਂ ਨੂੰ ਹੌਸਲਾ ਮਿਲੇਗਾ। ਜੇ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕੀ ਕਹਿਣਾ ਹੈ, ਤਾਂ ਉਨ੍ਹਾਂ ਨੂੰ ਗਲੇ ਲਾ ਕੇ ਕਹੋ, “ਤੁਹਾਡੇ ਬੱਚੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ।” ਕੀ ਤੁਹਾਨੂੰ ਡਰ ਹੈ ਕਿ ਜੇ ਤੁਸੀਂ ਰੋਣ ਲੱਗ ਪਏ, ਤਾਂ ਉਨ੍ਹਾਂ ਦਾ ਦੁੱਖ ਹੋਰ ਵੀ ਵਧ ਜਾਵੇਗਾ? ਬਾਈਬਲ ਕਹਿੰਦੀ ਹੈ: “ਰੋਣ ਵਾਲਿਆਂ ਨਾਲ ਰੋਵੋ।” (ਰੋਮੀਆਂ 12:15) ਤੁਹਾਡੇ ਹੰਝੂ ਦਿਖਾਉਂਦੇ ਹਨ ਕਿ ਤੁਸੀਂ ਉਨ੍ਹਾਂ ਦੇ ਦਰਦ ਨੂੰ ਸਮਝਦੇ ਹੋ।

❖ ਮਦਦ ਕਰਨ ਵਿਚ ਪਹਿਲ ਕਰੋ। ਕੀ ਤੁਸੀਂ ਪਰਿਵਾਰ ਲਈ ਇਕ ਵਕਤ ਦੀ ਰੋਟੀ ਬਣਾ ਕੇ ਲਿਆ ਸਕਦੇ ਹੋ, ਭਾਂਡੇ ਮਾਂਜ ਸਕਦੇ ਹੋ ਜਾਂ ਜ਼ਰੂਰੀ ਚੀਜ਼ਾਂ ਦੀ ਖ਼ਰੀਦਾਰੀ ਕਰ ਸਕਦੇ ਹੋ? ਇਹ ਨਾ ਕਹੋ ਕਿ “ਜੇ ਕਿਸੇ ਚੀਜ਼ ਦੀ ਲੋੜ ਪਈ, ਤਾਂ ਜ਼ਰੂਰ ਦੱਸਣਾ।” ਭਾਵੇਂ ਅਸੀਂ ਇਹ ਗੱਲ ਦਿਲੋਂ ਕਹਿੰਦੇ ਹਾਂ, ਪਰ ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਤੁਹਾਡੇ ਕੋਲ ਉਨ੍ਹਾਂ ਦੀ ਮਦਦ ਕਰਨ ਦਾ ਸਮਾਂ ਨਹੀਂ ਹੈ। ਇਸ ਦੀ ਬਜਾਇ ਇਹ ਕਹੋ: “ਮੈਨੂੰ ਕੋਈ ਕੰਮ ਦੱਸੋ” ਤੇ ਫਿਰ ਜੋ ਵੀ ਕੰਮ ਹੋਵੇ, ਉਹ ਕਰੋ। ਪਰ ਧਿਆਨ ਰੱਖੋ ਕਿ ਤੁਸੀਂ ਐਵੇਂ ਹੀ ਉਨ੍ਹਾਂ ਦੇ ਪਿੱਛੇ-ਪਿੱਛੇ ਨਾ ਘੁੰਮੀ ਜਾਓ ਤੇ ਨਾ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਕਰੋ।

❖ ਇਸ ਤਰ੍ਹਾਂ ਨਾ ਕਹੋ: “ਮੈਨੂੰ ਪਤਾ ਹੈ ਕਿ ਤੁਹਾਡੇ ਤੇ ਕੀ ਬੀਤ ਰਹੀ ਹੈ।” ਕਿਸੇ ਦੀ ਮੌਤ ਹੋਣ ਤੇ ਹਰ ਇਨਸਾਨ ਦੇ ਜਜ਼ਬਾਤ ਇੱਕੋ ਜਿਹੇ ਨਹੀਂ ਹੁੰਦੇ। ਹੋ ਸਕਦਾ ਕਿ ਤੁਸੀਂ ਵੀ ਬੱਚੇ ਦੀ ਮੌਤ ਦਾ ਗਮ ਸਹਿਆ ਹੈ, ਪਰ ਤਾਂ ਵੀ ਤੁਸੀਂ ਨਹੀਂ ਜਾਣ ਸਕਦੇ ਕਿ ਦੂਸਰਿਆਂ ਉੱਤੇ ਕੀ ਬੀਤ ਰਹੀ ਹੈ।

❖ ਉਨ੍ਹਾਂ ਲਈ ਆਪਣੀ ਜ਼ਿੰਦਗੀ ਨੂੰ ਪਹਿਲੀ ਤੋਰੇ ਤੋਰਨ ਵਿਚ ਸਮਾਂ ਲੱਗੇਗਾ। ਉਨ੍ਹਾਂ ਦੀ ਮਦਦ ਕਰਦੇ ਰਹੋ। ਆਮ ਤੌਰ ਤੇ ਦੇਖਿਆ ਗਿਆ ਹੈ ਕਿ ਪਹਿਲਾਂ-ਪਹਿਲਾਂ ਤਾਂ ਬਹੁਤ ਸਾਰੇ ਲੋਕ ਸੋਗ ਕਰ ਰਹੇ ਪਰਿਵਾਰ ਨੂੰ ਮਿਲਣ ਆਉਂਦੇ ਹਨ, ਪਰ ਹੌਲੀ-ਹੌਲੀ ਉਹ ਆਉਣਾ ਛੱਡ ਦਿੰਦੇ ਹਨ। ਪਰ ਪਰਿਵਾਰ ਨੂੰ ਸਿਰਫ਼ ਸ਼ੁਰੂ ਵਿਚ ਹੀ ਮਦਦ ਨਹੀਂ ਚਾਹੀਦੀ। ਬਾਅਦ ਦੇ ਹਫ਼ਤਿਆਂ ਅਤੇ ਮਹੀਨਿਆਂ ਦੌਰਾਨ ਵੀ ਉਨ੍ਹਾਂ ਦੀਆਂ ਲੋੜਾਂ ਵੱਲ ਧਿਆਨ ਦੇ ਕੇ ਉਨ੍ਹਾਂ ਦੀ ਮਦਦ ਕਰਦੇ ਰਹੋ। *

[ਫੁਟਨੋਟ]

^ ਪੈਰਾ 29 ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਬਰੋਸ਼ਰ ਮੌਤ ਦਾ ਗਮ ਕਿੱਦਾਂ ਸਹੀਏ? ਦੇਖੋ। ਇਸ ਬਰੋਸ਼ਰ ਦੇ ਸਫ਼ੇ 20-24 ਉੱਤੇ “ਦੂਸਰੇ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਹਨ?” ਨਾਂ ਦੇ ਅਧਿਆਇ ਵਿਚ ਦੱਸਿਆ ਹੈ ਕਿ ਬੱਚੇ ਦੀ ਮੌਤ ਦਾ ਸੋਗ ਕਰ ਰਹੇ ਮਾਪਿਆਂ ਦੀ ਮਦਦ ਕਿੱਦਾਂ ਕੀਤੀ ਜਾ ਸਕਦੀ ਹੈ।

[ਸਫ਼ਾ 7 ਉੱਤੇ ਤਸਵੀਰ]

ਬਾਈਬਲ ਦਿਖਾਉਂਦੀ ਹੈ ਕਿ ਯਿਸੂ ਕੋਲ ਬੱਚਿਆਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਅਤੇ ਇੱਛਾ ਹੈ