Skip to content

Skip to table of contents

ਰੱਬ ਨਾਲ ਰਿਸ਼ਤੇ ਦੀ ਖੋਜ

ਰੱਬ ਨਾਲ ਰਿਸ਼ਤੇ ਦੀ ਖੋਜ

ਰੱਬ ਨਾਲ ਰਿਸ਼ਤੇ ਦੀ ਖੋਜ

ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ: “ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।” (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਤੁਸੀਂ ਸ਼ਾਇਦ ਇਸ ਗੱਲ ਨਾਲ ਸਹਿਮਤ ਹੋਵੋ। ਆਮ ਕਰ ਕੇ ਲੋਕ ਮੰਨਦੇ ਹਨ ਕਿ ਜ਼ਿੰਦਗੀ ਵਿਚ ਸੁਖ ਪਾਉਣ ਲਈ ਰੱਬ ਨਾਲ ਚੰਗਾ ਰਿਸ਼ਤਾ ਹੋਣਾ ਜ਼ਰੂਰੀ ਹੈ। ਪਰ ਅਸੀਂ ਰੱਬ ਨੂੰ ਕਿਵੇਂ ਜਾਣ ਸਕਦੇ ਹਾਂ? ਕੀ ਉਸ ਨਾਲ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ?

ਰੱਬ ਨੂੰ ਜਾਣਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਖ਼ਿਆਲਾਂ ਅਤੇ ਕੰਮ ਕਰਨ ਦੇ ਤਰੀਕਿਆਂ ਨੂੰ ਸਮਝੀਏ। ਉਸ ਨਾਲ ਰਿਸ਼ਤਾ ਹੋਣ ਦਾ ਮਤਲਬ ਹੈ ਕਿ ਅਸੀਂ ਉਸ ਨੂੰ ਦਿਲੋਂ ਪਿਆਰ ਕਰੀਏ ਤੇ ਪੂਰੀ ਸ਼ਰਧਾ ਨਾਲ ਉਸ ਦੀ ਭਗਤੀ ਕਰੀਏ।

ਅਸੀਂ ਰੱਬ ਨੂੰ ਕਿਵੇਂ ਜਾਣ ਸਕਦੇ ਹਾਂ? ਤਕਰੀਬਨ ਹਰ ਮਜ਼ਹਬ ਦਾ ਦਾਅਵਾ ਹੈ ਕਿ ਉਨ੍ਹਾਂ ਉੱਤੇ ਰੱਬ ਦੀ ਮਿਹਰ ਹੈ। ਕਈ ਲੋਕ ਮੰਨਦੇ ਹਨ ਕਿ ਉਹ ਸਹੀ ਰਾਹ ਤੇ ਚੱਲ ਰਹੇ ਹਨ ਤੇ ਆਪਣੇ ਮਜ਼ਹਬ ਰਾਹੀਂ ਉਹ ਰੱਬ ਨੂੰ ਜਾਣ ਸਕਦੇ ਹਨ। ਮਿਸਾਲ ਲਈ, ਕੋਈ ਜੋਸ਼ ਨਾਲ ਕਹਿੰਦਾ ਹੈ ਕਿ ਉਸ ਨੂੰ ਮੁਕਤੀ ਮਿਲ ਗਈ ਹੈ ਤੇ ਕੋਈ ਰੱਬ ਦਾ ਨਾਮ ਜਪ ਕੇ ਉਸ ਨਾਲ ਸ਼ਾਂਤੀ ਭਾਲਦਾ ਹੈ। ਕੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਪਰਮੇਸ਼ੁਰ ਨਾਲ ਰਿਸ਼ਤਾ ਹੈ? ਕੀ ਇਨ੍ਹਾਂ ਵਿੱਚੋਂ ਕੋਈ ਵੀ ਸਹੀ ਰਾਹ ਤੇ ਚੱਲ ਰਿਹਾ ਹੈ?

ਕਈ ਕਹਿਣਗੇ ਕਿ ਇਹ ਸਾਰੇ ਰਾਹ ਗ਼ਲਤ ਹਨ। ਉਹ ਮੰਨਦੇ ਹਨ ਕਿ ਰੱਬ ਨੂੰ ਜਾਣਨ ਲਈ ਕਿਸੇ ਚਰਚ ਜਾਂ ਗੁਰਦੁਆਰੇ ਜਾਣ ਦੀ ਲੋੜ ਨਹੀਂ। ਦੂਸਰੇ ਲੋਕ ਕਹਿੰਦੇ ਹਨ ਕਿ ਮਨ ਦੀ ਸ਼ਾਂਤੀ ਤੇ ਜ਼ਿੰਦਗੀ ਵਿਚ ਸੁਖ ਪਾਉਣ ਲਈ ਤੁਹਾਨੂੰ ਨਾ ਤਾਂ ਕਿਸੇ ਧਰਮ ਦੀ ਲੋੜ ਹੈ ਤੇ ਨਾ ਹੀ ਪਰਮੇਸ਼ੁਰ ਨੂੰ ਜਾਣਨ ਦੀ। ਉਹ ਮੰਨਦੇ ਹਨ ਕਿ ਉਨ੍ਹਾਂ ਨੂੰ ਸਿਰਫ਼ ਆਪਣੇ ਅੰਦਰ ਝਾਕਣ ਦੀ ਲੋੜ ਹੈ। ਇਕ ਲੇਖਕ ਨੇ ਕਿਹਾ ਕਿ ਜ਼ਿੰਦਗੀ ਵਿਚ ਮਕਸਦ ਲੱਭਣ ਲਈ “ਤੁਹਾਨੂੰ ਸਿਰਫ਼ ਆਪਣੇ ਦਿਲ ਅਰ ਮਨ ਵਿਚ ਝਾਕਣ ਦੀ ਲੋੜ ਹੈ। ਇਹ ਦੇਖੋ ਕਿ ਤੁਸੀਂ ਲੋਕਾਂ ਨੂੰ ਕਿਵੇਂ ਪਿਆਰ ਕਰਦੇ ਹੋ, ਉਨ੍ਹਾਂ ਬਾਰੇ ਕੀ ਸੋਚਦੇ ਹੋ ਤੇ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦੇ ਹੋ। ਇਸ ਤਰ੍ਹਾਂ ਕਰਨ ਲਈ ਤੁਹਾਨੂੰ ਕਿਸੇ ਚਰਚ ਜਾਣ ਜਾਂ ਕਿਸੇ ਮਜ਼ਹਬ ਦੀ ਸਿੱਖਿਆ ਤੇ ਚੱਲਣ ਦੀ ਲੋੜ ਨਹੀਂ।”

ਸੋ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਇਸ ਵਿਸ਼ੇ ਉੱਤੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਹਜ਼ਾਰਾਂ ਕਿਤਾਬਾਂ ਤੁਹਾਨੂੰ ਸਹੀ ਰਾਹ ਦਿਖਾਉਣ ਦਾ ਦਾਅਵਾ ਕਰਦੀਆਂ ਹਨ। ਫਿਰ ਵੀ, ਕਈਆਂ ਦੀ ਆਤਮਿਕ ਲੋੜ ਪੂਰੀ ਨਹੀਂ ਹੁੰਦੀ। ਪਰ ਅਜਿਹੀ ਇਕ ਕਿਤਾਬ ਹੈ ਜਿਸ ਵਿਚ ਰੱਬ ਨਾਲ ਰਿਸ਼ਤਾ ਕਾਇਮ ਕਰਨ ਬਾਰੇ ਵਧੀਆ ਸਲਾਹ ਦਿੱਤੀ ਜਾਂਦੀ ਹੈ। ਇਸ ਵਿਚ ਇਹ ਵੀ ਸਬੂਤ ਮਿਲਦਾ ਹੈ ਕਿ ਉਹ ਵਾਕਈ ਪਰਮੇਸ਼ੁਰ ਦਾ ਬਚਨ ਹੈ। (2 ਤਿਮੋਥਿਉਸ 3:16) ਇਹ ਕਿਤਾਬ ਬਾਈਬਲ ਹੈ। ਆਓ ਆਪਾਂ ਦੇਖੀਏ ਕਿ ਬਾਈਬਲ ਵਿਚ ਰੱਬ ਨਾਲ ਰਿਸ਼ਤਾ ਕਾਇਮ ਕਰਨ ਬਾਰੇ ਕੀ ਲਿਖਿਆ ਹੈ ਤੇ ਇਸ ਦੇ ਕੀ ਫ਼ਾਇਦੇ ਹਨ।

[ਸਫ਼ਾ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

COVER: Background: © Mark Hamblin/age fotostock