Skip to content

Skip to table of contents

ਬੇਇਨਸਾਫ਼ੀਆਂ ਦੇ ਬਾਵਜੂਦ ਤੁਸੀਂ ਆਪਣੀ ਨਿਹਚਾ ਮਜ਼ਬੂਤ ਰੱਖ ਸਕਦੇ ਹੋ!

ਬੇਇਨਸਾਫ਼ੀਆਂ ਦੇ ਬਾਵਜੂਦ ਤੁਸੀਂ ਆਪਣੀ ਨਿਹਚਾ ਮਜ਼ਬੂਤ ਰੱਖ ਸਕਦੇ ਹੋ!

ਬੇਇਨਸਾਫ਼ੀਆਂ ਦੇ ਬਾਵਜੂਦ ਤੁਸੀਂ ਆਪਣੀ ਨਿਹਚਾ ਮਜ਼ਬੂਤ ਰੱਖ ਸਕਦੇ ਹੋ!

ਅਜਿਹਾ ਕੋਈ ਇਨਸਾਨ ਨਹੀਂ ਹੈ ਜਿਸ ਨਾਲ ਜ਼ਿੰਦਗੀ ਵਿਚ ਕਦੇ ਅਨਿਆਂ ਨਾ ਹੋਇਆ ਹੋਵੇ। ਕੁਝ ਲੋਕਾਂ ਨੂੰ ਸ਼ਾਇਦ ਵਹਿਮ ਹੋਵੇ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ, ਪਰ ਕਈਆਂ ਨਾਲ ਸੱਚ-ਮੁੱਚ ਅਨਿਆਂ ਜਾਂ ਬੇਇਨਸਾਫ਼ੀ ਹੁੰਦੀ ਹੈ।

ਜਦ ਵੀ ਸਾਡੇ ਨਾਲ ਬੇਇਨਸਾਫ਼ੀ ਹੁੰਦੀ ਹੈ, ਤਾਂ ਸਾਡੇ ਦਿਲ ਨੂੰ ਥੋੜ੍ਹੀ-ਬਹੁਤੀ ਠੇਸ ਤਾਂ ਲੱਗਦੀ ਹੀ ਹੈ ਜਿਸ ਕਾਰਨ ਸਾਡੀ ਨਿਹਚਾ ਕਮਜ਼ੋਰ ਪੈ ਸਕਦੀ ਹੈ। ਅਸੀਂ ਸ਼ਾਇਦ ਉਸ ਬੇਇਨਸਾਫ਼ੀ ਬਾਰੇ ਕੁਝ ਕਰਨਾ ਚਾਹੀਏ। ਕਿਉਂ? ਇਕ ਕਾਰਨ ਇਹ ਹੈ ਕਿ ਅਸੀਂ ਆਪਣੇ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ ਤੇ ਉਹ ਬੇਇਨਸਾਫ਼ੀ ਨੂੰ ਬਿਲਕੁਲ ਪਸੰਦ ਨਹੀਂ ਕਰਦਾ। (ਬਿਵਸਥਾ ਸਾਰ 32:4; ਉਤਪਤ 1:26) ਕੁਝ ਹਾਲਾਤਾਂ ਵਿਚ ਸਾਨੂੰ ਲੱਗ ਸਕਦਾ ਹੈ ਕਿ ਸਾਡੇ ਨਾਲ ਇਨਸਾਫ਼ ਨਹੀਂ ਹੋਇਆ। ਇਕ ਵਾਰ ਇਕ ਬੁੱਧੀਮਾਨ ਆਦਮੀ ਨੇ ਲਿਖਿਆ: “ਤਦ ਮੈਂ ਫੇਰ ਮੁੜ ਕੇ ਸਾਰੀਆਂ ਸਖ਼ਤੀਆਂ ਵੱਲ ਜੋ ਸੂਰਜ ਦੇ ਹੇਠ ਹੁੰਦੀਆਂ ਹਨ ਡਿੱਠਾ ਅਤੇ ਵੇਖੋ ਸਤਾਇਆਂ ਹੋਇਆਂ ਦੇ ਅੰਝੂ ਸਨ ਅਤੇ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਓਹਨਾਂ ਦੇ ਸਖਤੀ ਕਰਨ ਵਾਲੇ ਬਲਵੰਤ ਸਨ ਪਰ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਰਿਹਾ।” (ਉਪਦੇਸ਼ਕ ਦੀ ਪੋਥੀ 4:1) ਤਾਂ ਫਿਰ ਅਸੀਂ ਬੇਇਨਸਾਫ਼ੀਆਂ ਦੇ ਬਾਵਜੂਦ ਆਪਣੀ ਨਿਹਚਾ ਮਜ਼ਬੂਤ ਕਿਵੇਂ ਰੱਖ ਸਕਦੇ ਹਾਂ?

ਬੇਇਨਸਾਫ਼ੀ ਕੀ ਹੈ?

ਬੇਇਨਸਾਫ਼ੀ ਦਾ ਮਤਲਬ ਹੈ ਨਿਆਂ ਦੇ ਅਸੂਲਾਂ ਦੇ ਵਿਰੁੱਧ ਜਾਣਾ। ਤਾਂ ਫਿਰ ਇਨਸਾਫ਼ ਦਾ ਸਹੀ ਮਿਆਰ ਕੀ ਹੈ? ਸਾਡਾ ਧਰਮੀ ਸ੍ਰਿਸ਼ਟੀਕਰਤਾ ਕਦੇ ਨਹੀਂ ਬਦਲਦਾ ਜਿਸ ਕਰਕੇ ਸਿਰਫ਼ ਉਸੇ ਨੂੰ ਨਿਆਂ ਅਤੇ ਅਨਿਆਂ ਸੰਬੰਧੀ ਮਿਆਰ ਕਾਇਮ ਕਰਨ ਦਾ ਹੱਕ ਹੈ। ਉਸ ਦੇ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ “ਜੀਵਨ ਦੀਆਂ ਬਿਧੀਆਂ” ਵਿਚ ਤੁਰਨ ਦਾ ਮਤਲਬ ਹੈ ਕਿ ਅਸੀਂ ਅਨਿਆਂ ਜਾਂ ‘ਬਦੀ ਨਾ ਕਰੀਏ।’ (ਹਿਜ਼ਕੀਏਲ 33:15) ਇਸ ਕਰਕੇ ਜਦ ਯਹੋਵਾਹ ਨੇ ਪਹਿਲੇ ਇਨਸਾਨ ਨੂੰ ਸਿਰਜਿਆ ਸੀ, ਤਾਂ ਉਸ ਨੇ ਉਸ ਅੰਦਰ ਅੰਤਹਕਰਣ ਜਾਂ ਜ਼ਮੀਰ ਪਾਈ ਜਿਸ ਦੀ ਆਵਾਜ਼ ਸੁਣ ਕੇ ਉਹ ਪਛਾਣ ਸਕਦਾ ਸੀ ਕਿ ਕੀ ਸਹੀ ਹੈ ਤੇ ਕੀ ਗ਼ਲਤ। (ਰੋਮੀਆਂ 2:14, 15) ਇਸ ਤੋਂ ਇਲਾਵਾ ਯਹੋਵਾਹ ਨੇ ਬਾਈਬਲ ਵਿਚ ਨਿਆਂ ਤੇ ਅਨਿਆਂ ਸੰਬੰਧੀ ਅੰਤਰ ਸਪੱਸ਼ਟ ਦੱਸਿਆ ਹੈ।

ਜੇ ਸਾਨੂੰ ਲੱਗੇ ਕਿ ਸਾਡੇ ਨਾਲ ਬੇਇਨਸਾਫ਼ੀ ਕੀਤੀ ਗਈ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਭ ਤੋਂ ਪਹਿਲਾਂ ਸਾਨੂੰ ਈਮਾਨਦਾਰੀ ਨਾਲ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਦੇਖ ਸਕੀਏ ਕਿ ਸਾਡੇ ਨਾਲ ਬੇਇਨਸਾਫ਼ੀ ਹੋਈ ਵੀ ਹੈ ਜਾਂ ਨਹੀਂ। ਮਿਸਾਲ ਲਈ ਯੂਨਾਹ ਨਾਂ ਦੇ ਇਬਰਾਨੀ ਨਬੀ ਦੀ ਸਥਿਤੀ ਉੱਤੇ ਗੌਰ ਕਰੋ। ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਨੀਨਵਾਹ ਸ਼ਹਿਰ ਉੱਤੇ ਆਉਣ ਵਾਲੀ ਤਬਾਹੀ ਬਾਰੇ ਲੋਕਾਂ ਨੂੰ ਦੱਸਣ ਲਈ ਭੇਜਿਆ ਸੀ। ਪਹਿਲਾਂ ਤਾਂ ਯੂਨਾਹ ਪਰਮੇਸ਼ੁਰ ਦਾ ਕਹਿਣਾ ਮੰਨਣ ਦੀ ਬਜਾਇ ਨੀਨਵਾਹ ਤੋਂ ਦੂਜੇ ਪਾਸੇ ਨੂੰ ਭੱਜ ਗਿਆ। ਫਿਰ ਉਸ ਨੇ ਜਾ ਕੇ ਨੀਨਵਾਹ ਦੇ ਵਾਸੀਆਂ ਨੂੰ ਦੱਸਿਆ ਕਿ ਯਹੋਵਾਹ ਉਨ੍ਹਾਂ ਦਾ ਨਾਸ਼ ਕਰਨ ਵਾਲਾ ਸੀ। ਇਹ ਸੁਣ ਕੇ ਨੀਨਵਾਹ ਦੇ ਵਾਸੀਆਂ ਨੇ ਤੋਬਾ ਕੀਤੀ ਤੇ ਯਹੋਵਾਹ ਨੇ ਉਸ ਸ਼ਹਿਰ ਅਤੇ ਉਸ ਦੇ ਵਾਸੀਆਂ ਨੂੰ ਨਾਸ਼ ਨਹੀਂ ਕੀਤਾ। ਇਸ ਬਾਰੇ ਯੂਨਾਹ ਨੇ ਕਿਵੇਂ ਮਹਿਸੂਸ ਕੀਤਾ ਸੀ? “ਏਹ ਯੂਨਾਹ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਬਕ ਉੱਠਿਆ।” (ਯੂਨਾਹ 4:1) ਯੂਨਾਹ ਨੂੰ ਲੱਗਾ ਕਿ ਯਹੋਵਾਹ ਨੇ ਉਸ ਨਾਲ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਸੀ।

ਪਰ ਯਹੋਵਾਹ ਨੇ ਉਸ ਨਾਲ ਕੋਈ ਬੇਇਨਸਾਫ਼ੀ ਜਾਂ ਅਨਿਆਂ ਨਹੀਂ ਕੀਤਾ ਸੀ। ਅਸੀਂ ਜਾਣਦੇ ਹਾਂ ਕਿ ਯਹੋਵਾਹ ਹਰੇਕ ਦੇ ਦਿਲ ਦੀ ਗੱਲ ਜਾਣਦਾ ਹੈ ਅਤੇ “ਉਹ ਧਰਮ ਅਤੇ ਨਿਆਉਂ ਨਾਲ ਪ੍ਰੀਤ ਰੱਖਦਾ ਹੈ।” (ਜ਼ਬੂਰਾਂ ਦੀ ਪੋਥੀ 33:5) ਯੂਨਾਹ ਨੂੰ ਇਹ ਗੱਲ ਸਮਝਣ ਦੀ ਲੋੜ ਸੀ ਕਿ ਯਹੋਵਾਹ ਨੇ ਜੋ ਕੀਤਾ ਸੀ, ਉਹ ਉਸ ਦੇ ਇਨਸਾਫ਼ ਅਨੁਸਾਰ ਸਹੀ ਸੀ। ਜਦੋਂ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਬੇਇਨਸਾਫ਼ੀ ਕੀਤੀ ਗਈ ਹੈ, ਤਾਂ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ‘ਕੀ ਯਹੋਵਾਹ ਦੀ ਨਜ਼ਰ ਵਿਚ ਇਹ ਅਨਿਆਂ ਹੈ?’

ਬੇਇਨਸਾਫ਼ੀ ਦੇ ਸ਼ਿਕਾਰ

ਬਾਈਬਲ ਵਿਚ ਕਈ ਬੰਦਿਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਅਨਿਆਂ ਦੇ ਸ਼ਿਕਾਰ ਹੋਣਾ ਪਿਆ ਸੀ। ਉਨ੍ਹਾਂ ਔਖੀਆਂ ਘੜੀਆਂ ਵਿਚ ਉਨ੍ਹਾਂ ਨੇ ਜੋ ਕੁਝ ਕੀਤਾ ਸੀ, ਉਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਪਹਿਲਾਂ ਆਓ ਆਪਾਂ ਯੂਸੁਫ਼ ਦੀ ਜ਼ਿੰਦਗੀ ਤੇ ਗੌਰ ਕਰੀਏ ਜਿਸ ਦੇ ਈਰਖਾਲੂ ਭਰਾਵਾਂ ਨੇ ਉਸ ਨੂੰ ਮਿਸਰ ਵਿਚ ਇਕ ਗ਼ੁਲਾਮ ਵਜੋਂ ਵੇਚ ਦਿੱਤਾ ਸੀ। ਉੱਥੇ ਉਸ ਦੇ ਮਾਲਕ ਦੀ ਤੀਵੀਂ ਨੇ ਯੂਸੁਫ਼ ਨੂੰ ਆਪਣੇ ਮੋਹ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨਿਆ ਜਿਸ ਕਰਕੇ ਉਸ ਤੀਵੀਂ ਨੇ ਯੂਸੁਫ਼ ਤੇ ਝੂਠਾ ਦੋਸ਼ ਲਾਇਆ ਕਿ ਉਹ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਨਤੀਜੇ ਵਜੋਂ ਯੂਸੁਫ਼ ਨੂੰ ਜੇਲ੍ਹ ਵਿਚ ਸੁੱਟਿਆ ਗਿਆ ਸੀ। ਇਸ ਦੇ ਬਾਵਜੂਦ ਉਸ ਦੀ ਨਿਹਚਾ ਉਨ੍ਹਾਂ ਲੋਹੇ ਦੀਆਂ ਬੇੜੀਆਂ ਨਾਲੋਂ ਮਜ਼ਬੂਤ ਸੀ ਜਿਨ੍ਹਾਂ ਨਾਲ ਉਸ ਨੂੰ ਬੰਨ੍ਹਿਆ ਗਿਆ ਸੀ। ਬੇਇਨਸਾਫ਼ੀ ਦੇ ਕਾਰਨ ਉਸ ਨੇ ਆਪਣੀ ਨਿਹਚਾ ਕਮਜ਼ੋਰ ਨਹੀਂ ਪੈਣ ਦਿੱਤੀ ਤੇ ਨਾ ਹੀ ਉਸ ਨੇ ਯਹੋਵਾਹ ਤੇ ਭਰੋਸਾ ਕਰਨਾ ਛੱਡਿਆ।—ਉਤਪਤ 37:18-28; 39:4-20; ਜ਼ਬੂਰਾਂ ਦੀ ਪੋਥੀ 105:17-19.

ਨਾਬੋਥ ਇਕ ਹੋਰ ਬੰਦਾ ਸੀ ਜਿਸ ਨਾਲ ਬੇਇਨਸਾਫ਼ੀ ਹੋਈ ਸੀ। ਇਸਰਾਏਲ ਦੇ ਬਾਦਸ਼ਾਹ ਅਹਾਬ ਦੀ ਰਾਣੀ ਈਜ਼ਬਲ ਨੇ ਉਸ ਨਾਲ ਵੱਡੀ ਬੇਈਮਾਨੀ ਕੀਤੀ। ਬਾਦਸ਼ਾਹ ਅਹਾਬ ਨਾਬੋਥ ਤੋਂ ਉਸ ਦੀ ਜੱਦੀ ਜ਼ਮੀਨ ਖ਼ਰੀਦਣੀ ਚਾਹੁੰਦਾ ਸੀ। ਪਰ ਇਸਰਾਏਲੀਆਂ ਨੂੰ ਆਪਣੇ ਪਿਉ ਦਾਦਿਆਂ ਦੀ ਮਿਰਾਸ ਹਮੇਸ਼ਾ ਲਈ ਵੇਚਣੀ ਮਨ੍ਹਾ ਸੀ। (ਲੇਵੀਆਂ 25:23) ਇਸ ਕਰਕੇ ਨਾਬੋਥ ਨੇ ਬਾਦਸ਼ਾਹ ਨੂੰ ਨਾਂਹ ਕਰ ਦਿੱਤੀ। ਬਦਲੇ ਵਿਚ ਭੈੜੀ ਈਜ਼ਬਲ ਨੇ ਕੁਝ ਬੰਦਿਆਂ ਤੋਂ ਝੂਠੀ ਗਵਾਹੀ ਦੁਆਈ ਕਿ ਨਾਬੋਥ ਪਰਮੇਸ਼ੁਰ ਅਤੇ ਬਾਦਸ਼ਾਹ ਦੇ ਖ਼ਿਲਾਫ਼ ਕੁਫ਼ਰ ਬੋਲਿਆ ਸੀ। ਨਤੀਜੇ ਵਜੋਂ ਨਾਬੋਥ ਅਤੇ ਉਸ ਦੇ ਦੋ ਪੁੱਤਰ ਮੌਤ ਦੇ ਘਾਟ ਉਤਾਰ ਦਿੱਤੇ ਗਏ। ਜ਼ਰਾ ਸੋਚੋ ਕਿ ਨਾਬੋਥ ਤੇ ਕੀ ਬੀਤੀ ਹੋਣੀ ਜਦ ਲੋਕ ਉਸ ਨੂੰ ਜਾਨੋਂ ਮਾਰਨ ਲਈ ਪੱਥਰ ਚੁੱਕ ਰਹੇ ਸਨ।—1 ਰਾਜਿਆਂ 21:1-14; 2 ਰਾਜਿਆਂ 9:26.

ਲੇਕਿਨ ਬੇਇਨਸਾਫ਼ੀ ਨਾਲ ਜੋ ਜ਼ੁਲਮ ਯਿਸੂ ਉੱਤੇ ਢਾਹੇ ਗਏ ਸਨ, ਉਨ੍ਹਾਂ ਦੀ ਤੁਲਨਾ ਵਿਚ ਯੂਸੁਫ਼ ਤੇ ਨਾਬੋਥ ਦਾ ਦੁੱਖ ਕੁਝ ਵੀ ਨਹੀਂ ਸੀ। ਗ਼ੈਰ-ਕਾਨੂੰਨੀ ਮੁਕੱਦਮੇ ਅਤੇ ਝੂਠੀ ਗਵਾਹੀ ਤੋਂ ਬਾਅਦ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਇਕ ਜੱਜ ਹੋਣ ਦੇ ਨਾਤੇ ਰੋਮੀ ਹਾਕਮ ਇੰਨੀ ਹਿੰਮਤ ਨਹੀਂ ਕਰ ਸਕਿਆ ਕਿ ਉਹ ਸੱਚ ਦਾ ਪੱਖ ਪੂਰ ਸਕੇ। (ਯੂਹੰਨਾ 18:38-40) ਜੀ ਹਾਂ, ਸ਼ਤਾਨ ਨੇ ਯਿਸੂ ਮਸੀਹ ਨਾਲ ਇੰਨਾ ਘੋਰ ਅਨਿਆਂ ਕੀਤਾ ਕਿ ਪਹਿਲਾਂ ਕਦੇ ਕਿਸੇ ਨਾਲ ਇਸ ਤਰ੍ਹਾਂ ਨਹੀਂ ਕੀਤਾ ਗਿਆ।

ਇਨ੍ਹਾਂ ਉਦਾਹਰਣਾਂ ਤੇ ਗੌਰ ਕਰ ਕੇ ਕੀ ਸਾਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ ਕਿ ਯਹੋਵਾਹ ਨੂੰ ਬੇਇਨਸਾਫ਼ੀ ਦੀ ਕੋਈ ਪਰਵਾਹ ਨਹੀਂ ਹੈ? ਨਹੀਂ! ਯਹੋਵਾਹ ਇਨ੍ਹਾਂ ਮਾਮਲਿਆਂ ਨੂੰ ਇਨਸਾਨਾਂ ਵਾਂਗ ਨਹੀਂ ਵਿਚਾਰਦਾ। (ਯਸਾਯਾਹ 55:8, 9) ਜ਼ਰਾ ਸੋਚੋ, ਇਕ ਗ਼ੁਲਾਮ ਵਜੋਂ ਵੇਚੇ ਜਾਣ ਕਾਰਨ ਯੂਸੁਫ਼ ਆਪਣੇ ਸਾਰੇ ਪਰਿਵਾਰ ਦਾ ਬਚਾਅ ਕਰ ਸਕਿਆ ਸੀ। ਉਸ ਇਲਾਕੇ ਵਿਚ ਅੰਨ ਦਾ ਕਾਲ ਪੈਣ ਤੋਂ ਪਹਿਲਾਂ ਯੂਸੁਫ਼ ਮਿਸਰ ਵਿਚ ਅਨਾਜ ਮੰਤਰੀ ਬਣ ਚੁੱਕਾ ਸੀ। ਜੇ ਯਹੋਵਾਹ ਨੇ ਯੂਸੁਫ਼ ਤੇ ਅਨਿਆਂ ਨਾ ਹੋਣ ਦਿੱਤਾ ਹੁੰਦਾ, ਤਾਂ ਯੂਸੁਫ਼ ਨੇ ਕੈਦ ਵਿਚ ਨਹੀਂ ਹੋਣਾ ਸੀ। ਕੈਦ ਵਿਚ ਉਸ ਨੇ ਆਪਣੇ ਨਾਲ ਦੇ ਦੋ ਕੈਦੀਆਂ ਦੇ ਸੁਪਨਿਆਂ ਦੇ ਅਰਥ ਦੱਸੇ ਅਤੇ ਉਨ੍ਹਾਂ ਵਿੱਚੋਂ ਇਕ ਨੇ ਫ਼ਿਰਊਨ ਨੂੰ ਯੂਸੁਫ਼ ਬਾਰੇ ਦੱਸਿਆ। ਇਸ ਦੇ ਨਤੀਜੇ ਵਜੋਂ ਯੂਸੁਫ਼ ਨੂੰ ਰਿਹਾ ਕੀਤਾ ਗਿਆ ਅਤੇ ਅਨਾਜ ਮੰਤਰੀ ਬਣਾਇਆ ਗਿਆ।—ਉਤਪਤ 40:1; 41:9-14; 45:4-8.

ਨਾਬੋਥ ਤੇ ਜੋ ਬੀਤਿਆ, ਉਸ ਬਾਰੇ ਅਸੀਂ ਕੀ ਕਹਿ ਸਕਦੇ ਹਾਂ? ਇਕ ਵਾਰ ਫਿਰ ਇਸ ਗੱਲ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖਣ ਦੀ ਕੋਸ਼ਿਸ਼ ਕਰੋ। ਯਹੋਵਾਹ ਮੁਰਦਿਆਂ ਨੂੰ ਜੀਉਂਦਾ ਕਰ ਸਕਦਾ ਹੈ। ਇਸ ਲਈ ਭਾਵੇਂ ਨਾਬੋਥ ਦੀ ਲਾਸ਼ ਜ਼ਮੀਨ ਤੇ ਪਈ ਸੀ, ਪਰ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਜੇ ਵੀ ਜ਼ਿੰਦਾ ਸੀ। (1 ਰਾਜਿਆਂ 21:19; ਲੂਕਾ 20:37, 38) ਨਾਬੋਥ ਨੂੰ ਉਸ ਸਮੇਂ ਤਕ ਇੰਤਜ਼ਾਰ ਕਰਨਾ ਪਵੇਗਾ ਜਦ ਯਹੋਵਾਹ ਉਸ ਨੂੰ ਦੁਬਾਰਾ ਜ਼ਿੰਦਾ ਕਰ ਦੇਵੇਗਾ। ਉਸ ਨੂੰ ਤਾਂ ਪਤਾ ਵੀ ਨਹੀਂ ਹੋਵੇਗਾ ਕਿ ਉਸ ਦੀ ਮੌਤ ਹੋਈ ਨੂੰ ਕਿੰਨਾ ਸਮਾਂ ਗੁਜ਼ਰ ਗਿਆ ਹੈ ਕਿਉਂਕਿ ਮੋਏ ਕੁਝ ਵੀ ਨਹੀਂ ਜਾਣਦੇ। (ਉਪਦੇਸ਼ਕ ਦੀ ਪੋਥੀ 9:5) ਇਸ ਤੋਂ ਇਲਾਵਾ, ਯਹੋਵਾਹ ਨੇ ਨਾਬੋਥ ਦਾ ਬਦਲਾ ਅਹਾਬ ਤੇ ਉਸ ਦੇ ਘਰਾਣੇ ਨੂੰ ਸਜ਼ਾ ਦੇ ਕੇ ਲਿਆ ਸੀ।—2 ਰਾਜਿਆਂ 9:21, 24, 26, 35, 36; 10:1-11; ਯੂਹੰਨਾ 5:28, 29.

ਯਿਸੂ ਵੀ ਮਾਰਿਆ ਗਿਆ ਸੀ, ਪਰ ਪਰਮੇਸ਼ੁਰ ਨੇ ਉਸ ਨੂੰ ਦੁਬਾਰਾ ਜ਼ਿੰਦਾ ਕਰ ਕੇ ਉਸ ਨੂੰ “ਹਰੇਕ ਹਕੂਮਤ, ਇਖ਼ਤਿਆਰ, ਕੁਦਰਤ, ਰਿਆਸਤ, ਅਤੇ ਹਰੇਕ ਨਾਉਂ ਦੇ ਉਤਾਹਾਂ” ਕੀਤਾ। (ਅਫ਼ਸੀਆਂ 1:20, 21) ਸ਼ਤਾਨ ਦੀ ਬੇਇਨਸਾਫ਼ੀ ਯਹੋਵਾਹ ਨੂੰ ਆਪਣੇ ਪੁੱਤਰ ਨੂੰ ਬਰਕਤਾਂ ਦੇਣ ਤੋਂ ਰੋਕ ਨਾ ਸਕੀ। ਯਿਸੂ ਵੀ ਜਾਣਦਾ ਸੀ ਕਿ ਜੇ ਯਹੋਵਾਹ ਚਾਹੁੰਦਾ, ਤਾਂ ਉਹ ਉਸ ਦੇ ਗ਼ੈਰ-ਕਾਨੂੰਨੀ ਮੁਕੱਦਮੇ ਨੂੰ ਝੱਟ ਰੱਦ ਕਰ ਸਕਦਾ ਸੀ। ਪਰ ਯਿਸੂ ਇਹ ਵੀ ਜਾਣਦਾ ਸੀ ਕਿ ਯਹੋਵਾਹ ਪਰਮੇਸ਼ੁਰ ਆਪਣੇ ਢੁਕਵੇਂ ਸਮੇਂ ਤੇ ਹਰ ਦੁੱਖ-ਦਰਦ ਨੂੰ ਮਿਟਾ ਦੇਵੇਗਾ।

ਹਾਂ, ਇਹ ਸੱਚ ਹੈ ਕਿ ਸ਼ਤਾਨ ਤੇ ਉਸ ਦੇ ਕਾਰਿੰਦੇ ਪਰਮੇਸ਼ੁਰ ਦੇ ਸੇਵਕਾਂ ਨੂੰ ਅਨਿਆਂ ਦਾ ਸ਼ਿਕਾਰ ਬਣਾਉਂਦੇ ਹਨ, ਪਰ ਅਖ਼ੀਰ ਵਿਚ ਯਹੋਵਾਹ ਸਭ ਕੁਝ ਠੀਕ-ਠਾਕ ਕਰ ਦਿੰਦਾ ਹੈ ਜਾਂ ਕਰ ਦੇਵੇਗਾ। ਜੇ ਅਸੀਂ ਬੁਰਾਈ ਨੂੰ ਮਿਟਦੀ ਦੇਖਣਾ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਦੀ ਉਡੀਕ ਕਰਨੀ ਪਵੇਗੀ।—ਬਿਵਸਥਾ ਸਾਰ 25:16; ਰੋਮੀਆਂ 12:17-19.

ਯਹੋਵਾਹ ਅਨਿਆਂ ਕਿਉਂ ਹੋਣ ਦਿੰਦਾ ਹੈ?

ਯਹੋਵਾਹ ਦੇ ਆਪਣੇ ਕੁਝ ਕਾਰਨ ਹੋ ਸਕਦੇ ਹਨ ਜਿਸ ਕਰਕੇ ਉਹ ਕਿਸੇ ਮਾਮਲੇ ਬਾਰੇ ਕੁਝ ਕਰਦਾ ਨਹੀਂ। ਉਹ ਸ਼ਾਇਦ ਸਾਨੂੰ ਦੁੱਖ ਸਹਿ ਲੈਣ ਦੇਵੇ, ਤਾਂਕਿ ਅਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕੀਏ। ਪਰ ਪਰਮੇਸ਼ੁਰ ਆਪ ਬੁਰਾਈ ਕਰ ਕੇ “ਕਿਸੇ ਨੂੰ ਪਰਤਾਉਂਦਾ” ਨਹੀਂ ਹੈ। (ਯਾਕੂਬ 1:13) ਫਿਰ ਵੀ ਹੋ ਸਕਦਾ ਹੈ ਕਿ ਉਹ ਦਖ਼ਲ ਦਿੱਤੇ ਬਗੈਰ ਸਾਡੇ ਨਾਲ ਮਾੜਾ ਸਲੂਕ ਹੋਣ ਦੇਵੇ, ਪਰ ਇਸ ਦੇ ਨਾਲ-ਨਾਲ ਉਹ ਨਿਹਚਾ ਮਜ਼ਬੂਤ ਰੱਖਣ ਵਾਲਿਆਂ ਨੂੰ ਸਹਾਰਾ ਵੀ ਦਿੰਦਾ ਹੈ। ਬਾਈਬਲ ਸਾਨੂੰ ਇਹ ਯਕੀਨ ਦਿਵਾਉਂਦੀ ਹੈ ਕਿ “ਜਦ ਤੁਸਾਂ ਥੋੜਾ ਚਿਰ ਦੁਖ ਭੋਗ ਲਿਆ,” ਤਾਂ “ਪਰਮ ਕਿਰਪਾਲੂ ਪਰਮੇਸ਼ੁਰ . . . ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਤਕੜਿਆਂ ਕਰੇਗਾ।”—1 ਪਤਰਸ 5:10.

ਇਕ ਹੋਰ ਗੱਲ ਵੀ ਹੈ। ਕਿਸੇ ਨਾਲ ਬੇਇਨਸਾਫ਼ੀ ਹੋਣ ਦੇਣ ਨਾਲ ਯਹੋਵਾਹ ਬੇਇਨਸਾਫ਼ੀ ਕਰਨ ਵਾਲੇ ਇਨਸਾਨ ਨੂੰ ਤੋਬਾ ਕਰਨ ਦਾ ਮੌਕਾ ਦਿੰਦਾ ਹੈ। ਯਿਸੂ ਦੀ ਮੌਤ ਤੋਂ ਕੁਝ ਹੀ ਹਫ਼ਤਿਆਂ ਬਾਅਦ ਪਤਰਸ ਰਸੂਲ ਦਾ ਭਾਸ਼ਣ ਸੁਣ ਕੇ ਕੁਝ ਯਹੂਦੀਆਂ ਨੇ ਪਸ਼ਚਾਤਾਪ ਕੀਤਾ ਤੇ “ਉਨ੍ਹਾਂ ਦੇ ਦਿਲ ਛਿਦ ਗਏ।” ਪਰਮੇਸ਼ੁਰ ਦੇ ਬਚਨ ਦੀ ਦਿਲੋਂ ਕਦਰ ਕਰਨ ਵਾਲਿਆਂ ਨੇ ਬਪਤਿਸਮਾ ਲੈ ਲਿਆ।—ਰਸੂਲਾਂ ਦੇ ਕਰਤੱਬ 2:36-42.

ਇਹ ਸੱਚ ਹੈ ਕਿ ਬੇਇਨਸਾਫ਼ੀ ਕਰਨ ਵਾਲੇ ਸਾਰੇ ਲੋਕ ਤੋਬਾ ਨਹੀਂ ਕਰਨਗੇ। ਕੁਝ ਸ਼ਾਇਦ ਢੀਠਪੁਣੇ ਨਾਲ ਹੋਰ ਤੋਂ ਹੋਰ ਬੁਰਾਈ ਕਰੀ ਜਾਣ। ਪਰ ਕਹਾਉਤਾਂ 29:1 ਵਿਚ ਲਿਖਿਆ ਹੈ ਕਿ “ਇੱਕ ਜ਼ਿੱਦੀ ਵਿਅਕਤੀ ਜਿਹੜਾ ਝਿੜਕ ਤੋਂ ਨਹੀਂ ਸਿੱਖਦਾ ਅਚਾਨਕ ਹੀ ਤਬਾਹ ਕਰ ਦਿੱਤਾ ਜਾਵੇਗਾ। ਉਸ ਨੂੰ ਕੋਈ ਵੀ ਨਹੀਂ ਬਚਾ ਸਕਦਾ।” (ਈਜ਼ੀ ਟੂ ਰੀਡ ਵਰਯਨ) ਜੀ ਹਾਂ, ਬਾਈਬਲ ਕਹਿੰਦੀ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਦਾ ਹਮੇਸ਼ਾ ਲਈ ਨਾਸ਼ ਕਰ ਦੇਵੇਗਾ ਜੋ ਬੁਰਾਈ ਕਰਨ ਤੇ ਤੁਲੇ ਹੋਏ ਹਨ।—ਉਪਦੇਸ਼ਕ ਦੀ ਪੋਥੀ 8:11-13.

ਅਸੀਂ ਇਹ ਨਹੀਂ ਜਾਣਦੇ ਕਿ ਅਨਿਆਂ ਦੇ ਮਾੜੇ ਅਸਰਾਂ ਤੋਂ ਠੀਕ ਹੋਣ ਲਈ ਸਾਨੂੰ ਕਿੰਨਾ ਸਮਾਂ ਲੱਗੇਗਾ, ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰਦਾ ਰਹੇਗਾ। ਉਹ ਜਾਣਦਾ ਹੈ ਕਿ ਇਸ ਦੁਨੀਆਂ ਵਿਚ ਅਸੀਂ ਕਿੰਨੇ ਦੁੱਖ ਸਹੇ ਹਨ ਤੇ ਇਨ੍ਹਾਂ ਸਾਰਿਆਂ ਨੂੰ ਉਹ ਖ਼ਤਮ ਕਰ ਦੇਵੇਗਾ। ਇਸ ਤੋਂ ਇਲਾਵਾ, ਉਸ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਅਜਿਹੀ ਨਵੀਂ ਦੁਨੀਆਂ ਵਿਚ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਜਿਸ “ਵਿੱਚ ਧਰਮ ਵੱਸਦਾ ਹੈ।”—2 ਪਤਰਸ 3:13.

[ਸਫ਼ੇ 16, 17 ਉੱਤੇ ਤਸਵੀਰ]

ਅਨਿਆਂ ਹੋਣ ਤੇ ਨਾਬੋਥ ਨੇ ਕਿਵੇਂ ਮਹਿਸੂਸ ਕੀਤਾ ਹੋਣਾ?