Skip to content

Skip to table of contents

ਦੁੱਖ ਸਹਿਣ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ

ਦੁੱਖ ਸਹਿਣ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ

ਦੁੱਖ ਸਹਿਣ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ

“ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਸਬਰ ਕੀਤਾ।”—ਯਾਕੂਬ 5:11.

1, 2. ਕਿੱਦਾਂ ਪਤਾ ਲੱਗਦਾ ਹੈ ਕਿ ਯਹੋਵਾਹ ਨਹੀਂ ਚਾਹੁੰਦਾ ਸੀ ਕਿ ਇਨਸਾਨਾਂ ਉੱਤੇ ਦੁੱਖ ਆਉਣ?

ਕੋਈ ਵੀ ਇਨਸਾਨ ਨਹੀਂ ਚਾਹੁੰਦਾ ਕਿ ਉਸ ਉੱਤੇ ਦੁੱਖ ਆਉਣ। ਨਾ ਹੀ ਸਾਡਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਇਨਸਾਨਾਂ ਉੱਤੇ ਦੁੱਖ ਆਉਣ। ਇਸ ਦਾ ਸਬੂਤ ਉਸ ਦੇ ਬਚਨ ਵਿਚ ਦਿੱਤਾ ਗਿਆ ਹੈ। ਧਿਆਨ ਦਿਓ ਕਿ ਪਹਿਲੇ ਆਦਮੀ ਅਤੇ ਤੀਵੀਂ ਦੀ ਸਿਰਜਣਾ ਤੋਂ ਬਾਅਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹੋ ਜਿਹੀ ਜ਼ਿੰਦਗੀ ਦਿੱਤੀ ਸੀ। ਪਹਿਲਾਂ ਪਰਮੇਸ਼ੁਰ ਨੇ ਆਦਮੀ ਨੂੰ ਬਣਾਇਆ। “ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਫੂਕਿਆ ਸੋ ਆਦਮੀ ਜੀਉਂਦੀ ਜਾਨ ਹੋ ਗਿਆ।” (ਉਤਪਤ 2:7) ਆਦਮ ਦੇ ਸਰੀਰ ਅਤੇ ਮਨ ਵਿਚ ਕੋਈ ਨੁਕਸ ਨਹੀਂ ਸੀ, ਇਸ ਕਰਕੇ ਉਸ ਨੇ ਨਾ ਤਾਂ ਬੀਮਾਰ ਹੋਣਾ ਸੀ ਤੇ ਨਾ ਹੀ ਮਰਨਾ ਸੀ।

2 ਆਦਮ ਦਾ ਘਰ ਕਿਹੋ ਜਿਹਾ ਸੀ? ‘ਯਹੋਵਾਹ ਪਰਮੇਸ਼ੁਰ ਨੇ ਇੱਕ ਬਾਗ਼ ਅਦਨ ਵਿੱਚ ਪੂਰਬ ਵੱਲ ਲਾਇਆ ਅਤੇ ਉੱਥੇ ਉਸ ਨੇ ਉਸ ਆਦਮੀ ਨੂੰ ਜਿਹ ਨੂੰ ਉਸ ਨੇ ਰਚਿਆ ਸੀ ਰੱਖਿਆ। ਅਤੇ ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਤੋਂ ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਰ ਖਾਣ ਵਿੱਚ ਚੰਗਾ ਸੀ ਉਗਾਇਆ।’ (ਉਤਪਤ 2:8, 9) ਜੀ ਹਾਂ, ਆਦਮ ਦਾ ਘਰ ਬਹੁਤ ਹੀ ਸੋਹਣਾ ਸੀ। ਉੱਥੇ ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਤੇ ਨਾ ਹੀ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਸੀ।

3. ਪਰਮੇਸ਼ੁਰ ਨੇ ਆਦਮ ਤੇ ਹੱਵਾਹ ਅੱਗੇ ਕਿਹੋ ਜਿਹਾ ਭਵਿੱਖ ਰੱਖਿਆ ਸੀ?

3ਉਤਪਤ 2:18 ਵਿਚ ਦੱਸਿਆ ਹੈ: “ਯਹੋਵਾਹ ਪਰਮੇਸ਼ੁਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।” ਯਹੋਵਾਹ ਨੇ ਆਦਮ ਲਈ ਪਤਨੀ ਬਣਾਈ। ਆਦਮ ਤੇ ਹੱਵਾਹ ਨੇ ਰਲ ਕੇ ਪਰਿਵਾਰਕ ਜ਼ਿੰਦਗੀ ਦਾ ਸੁੱਖ ਮਾਣਨਾ ਸੀ। (ਉਤਪਤ 2:21-23) ਬਾਈਬਲ ਵਿਚ ਅੱਗੇ ਦੱਸਿਆ ਹੈ: “ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” (ਉਤਪਤ 1:28) ਉਨ੍ਹਾਂ ਦੋਵਾਂ ਨੇ ਰਲ ਕੇ ਪੂਰੀ ਧਰਤੀ ਨੂੰ ਅਦਨ ਦੇ ਬਾਗ਼ ਵਾਂਗ ਸੋਹਣਾ ਬਣਾਉਣਾ ਸੀ। ਇਹ ਕੰਮ ਬਹੁਤ ਵਧੀਆ ਸੀ। ਉਨ੍ਹਾਂ ਦੋਵਾਂ ਨੇ ਬੱਚੇ ਵੀ ਪੈਦਾ ਕਰਨੇ ਸਨ ਜਿਨ੍ਹਾਂ ਉੱਤੇ ਕੋਈ ਦੁੱਖ ਨਹੀਂ ਆਉਣਾ ਸੀ। ਆਦਮ ਤੇ ਹੱਵਾਹ ਦੀ ਜ਼ਿੰਦਗੀ  ਦੀ ਸ਼ੁਰੂਆਤ ਕਿੰਨੀ ਵਧੀਆ ਸੀ!—ਉਤਪਤ  1:31.

ਦੁੱਖਾਂ ਦੀ ਸ਼ੁਰੂਆਤ

4. ਸਦੀਆਂ ਤੋਂ ਇਨਸਾਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਰਹੇ ਹਨ?

4 ਪਰ ਜੇ ਅਸੀਂ ਇਨਸਾਨ ਦੇ ਇਤਿਹਾਸ ਉੱਤੇ ਨਜ਼ਰ ਮਾਰੀਏ, ਤਾਂ ਅਸੀਂ ਦੇਖਾਂਗੇ ਕਿ ਸ਼ੁਰੂਆਤ ਤਾਂ ਚੰਗੀ ਹੋਈ ਸੀ, ਪਰ ਗੱਲ ਕਿਤੇ ਵਿਗੜ ਗਈ। ਬਹੁਤ ਮਾੜੀਆਂ ਗੱਲਾਂ ਹੋਈਆਂ ਹਨ ਜਿਸ ਕਰਕੇ ਇਨਸਾਨਾਂ ਨੇ ਬੜੇ ਦੁੱਖ ਦੇਖੇ। ਸਦੀਆਂ ਤੋਂ ਆਦਮ ਤੇ ਹੱਵਾਹ ਦੇ ਬੱਚੇ ਬੀਮਾਰ ਹੋ ਰਹੇ ਹਨ, ਬੁੱਢੇ ਹੋ ਰਹੇ ਹਨ, ਮਰ ਰਹੇ ਹਨ। ਅੱਜ ਨਾ ਧਰਤੀ ਸੋਹਣੀ ਹੈ ਤੇ ਨਾ ਹੀ ਇਹ ਖ਼ੁਸ਼ ਲੋਕਾਂ ਨਾਲ ਭਰੀ ਹੋਈ ਹੈ। ਰੋਮੀਆਂ 8:22 ਵਿਚ ਇਨਸਾਨਾਂ ਦੀ ਹਾਲਤ ਬਿਲਕੁਲ ਸਹੀ ਬਿਆਨ ਕੀਤੀ ਗਈ ਹੈ: “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।”

5. ਇਨਸਾਨਾਂ ਉੱਤੇ ਆਏ ਦੁੱਖਾਂ ਲਈ ਸਾਡੇ ਪਹਿਲੇ ਮਾਤਾ-ਪਿਤਾ ਕਿਵੇਂ ਜ਼ਿੰਮੇਵਾਰ ਹਨ?

5 ਪਰ ਅੱਜ ਤਕ ਇਨਸਾਨਾਂ ਨੇ ਜੋ ਵੀ ਦੁੱਖ ਭੋਗੇ ਹਨ, ਉਨ੍ਹਾਂ ਲਈ ਯਹੋਵਾਹ ਜ਼ਿੰਮੇਵਾਰ ਨਹੀਂ ਹੈ। (2 ਸਮੂਏਲ 22:31) ਆਪਣੇ ਦੁੱਖਾਂ ਲਈ ਕਾਫ਼ੀ ਹੱਦ ਤਕ ਇਨਸਾਨ ਖ਼ੁਦ ਜ਼ਿੰਮੇਵਾਰ ਹੈ। “ਓਹ ਵਿਗੜ ਗਏ ਹਨ, ਉਨ੍ਹਾਂ ਨੇ ਘਿਣਾਉਣੇ ਕੰਮ ਕੀਤੇ ਹਨ।” (ਜ਼ਬੂਰਾਂ ਦੀ ਪੋਥੀ 14:1) ਸਾਡੇ ਪਹਿਲੇ ਮਾਤਾ-ਪਿਤਾ ਨੂੰ ਸਭ ਕੁਝ ਵਧੀਆ ਦਿੱਤਾ ਗਿਆ ਸੀ। ਉਨ੍ਹਾਂ ਤੋਂ ਬਸ ਇਕ ਮੰਗ ਕੀਤੀ ਗਈ ਸੀ ਕਿ ਉਹ ਪਰਮੇਸ਼ੁਰ ਦੇ ਆਗਿਆਕਾਰ ਰਹਿਣ, ਪਰ ਉਨ੍ਹਾਂ ਨੇ ਪਰਮੇਸ਼ੁਰ ਤੋਂ ਆਜ਼ਾਦ ਹੋਣ ਦਾ ਫ਼ੈਸਲਾ ਕੀਤਾ। ਯਹੋਵਾਹ ਤੋਂ ਦੂਰ ਹੋਣ ਕਰਕੇ ਉਹ ਮੁਕੰਮਲ ਨਹੀਂ ਰਹੇ। ਉਨ੍ਹਾਂ ਦੇ ਸਰੀਰ ਵਿਚ ਹੌਲੀ-ਹੌਲੀ ਵਿਗਾੜ ਆਉਣਾ ਸ਼ੁਰੂ ਹੋ ਗਿਆ ਤੇ ਅਖ਼ੀਰ ਵਿਚ ਉਹ ਮਰ ਗਏ। ਪਾਪ ਤੇ ਮੌਤ ਤੋਂ ਸਿਵਾਇ ਉਹ ਸਾਨੂੰ ਹੋਰ ਕੁਝ ਨਹੀਂ ਦੇ ਸਕੇ।—ਉਤਪਤ 3:17-19; ਰੋਮੀਆਂ 5:12.

6. ਸ਼ਤਾਨ ਕਿਵੇਂ ਦੁੱਖਾਂ ਲਈ ਜ਼ਿੰਮੇਵਾਰ ਹੈ?

6 ਆਦਮ ਤੇ ਹੱਵਾਹ ਤੋਂ ਇਲਾਵਾ ਦੁੱਖਾਂ ਦੀ ਸ਼ੁਰੂਆਤ ਪਿੱਛੇ ਇਕ ਸਵਰਗੀ ਦੂਤ ਦਾ ਵੀ ਹੱਥ ਹੈ। ਇਸ ਦੂਤ ਨੂੰ ਸ਼ਤਾਨ ਨਾਂ ਦਿੱਤਾ ਗਿਆ ਹੈ। ਉਸ ਨੂੰ ਖ਼ੁਦ ਫ਼ੈਸਲਾ ਕਰਨ ਦੀ ਆਜ਼ਾਦੀ ਦਿੱਤੀ ਗਈ ਸੀ। ਪਰ ਉਸ ਨੇ ਆਪਣੀ ਭਗਤੀ ਕਰਾਉਣ ਦੇ ਲਾਲਚ ਵਿਚ ਆ ਕੇ ਇਸ ਆਜ਼ਾਦੀ ਦਾ ਗ਼ਲਤ ਇਸਤੇਮਾਲ ਕੀਤਾ। ਭਗਤੀ ਸਿਰਫ਼ ਯਹੋਵਾਹ ਦੀ ਹੀ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਉਸ ਦੀ ਕਿਸੇ ਸ੍ਰਿਸ਼ਟੀ ਦੀ। ਸ਼ਤਾਨ ਨੇ ਹੀ ਆਦਮ ਤੇ ਹੱਵਾਹ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਜਾਣ ਲਈ ਉਕਸਾਇਆ। ਉਸ ਨੇ ਉਨ੍ਹਾਂ ਦੇ ਮਨ ਵਿਚ ਇਹ ਗੱਲ ਪਾ ਦਿੱਤੀ ਕਿ ‘ਉਹ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਣਗੇ।’—ਉਤਪਤ 3:5.

ਸਿਰਫ਼ ਯਹੋਵਾਹ ਕੋਲ ਹੀ ਰਾਜ ਕਰਨ ਦਾ ਹੱਕ ਹੈ

7. ਯਹੋਵਾਹ ਦੇ ਖ਼ਿਲਾਫ਼ ਹੋਈ ਬਗਾਵਤ ਦੇ ਨਤੀਜਿਆਂ ਨੇ ਕੀ ਸਾਬਤ ਕੀਤਾ ਹੈ?

7 ਸ਼ਤਾਨ, ਆਦਮ ਤੇ ਹੱਵਾਹ ਦੀ ਬਗਾਵਤ ਦੇ ਬੁਰੇ ਨਤੀਜੇ ਸਾਫ਼-ਸਾਫ਼ ਦਿਖਾਉਂਦੇ ਹਨ ਕਿ ਸਿਰਫ਼ ਸਰਬਸ਼ਕਤੀਮਾਨ ਯਹੋਵਾਹ ਕੋਲ ਹੀ ਰਾਜ ਕਰਨ ਦਾ ਹੱਕ ਹੈ ਅਤੇ ਉਸ ਦਾ ਰਾਜ ਕਰਨ ਦਾ ਤਰੀਕਾ ਸਹੀ ਹੈ। ਬੀਤੇ ਹਜ਼ਾਰਾਂ ਸਾਲ ਦਿਖਾਉਂਦੇ ਹਨ ਕਿ ‘ਇਸ ਜਗਤ ਦੇ ਸਰਦਾਰ’ ਯਾਨੀ ਸ਼ਤਾਨ ਦੇ ਰਾਜ ਵਿਚ ਬੁਰਾਈ, ਪਾਪ ਅਤੇ ਹਿੰਸਾ ਦਾ ਬੋਲਬਾਲਾ ਰਿਹਾ ਹੈ ਅਤੇ ਇਨਸਾਨ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ ਹਨ। (ਯੂਹੰਨਾ 12:31) ਸ਼ਤਾਨ ਦੇ ਇਸ਼ਾਰਿਆਂ ਤੇ ਨੱਚਣ ਵਾਲੇ ਮਨੁੱਖੀ ਸ਼ਾਸਕਾਂ ਦੀ ਲੰਬੀ ਤੇ ਦੁਖਦਾਈ ਹਕੂਮਤ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਇਨਸਾਨ ਵਿਚ ਸਹੀ ਢੰਗ ਨਾਲ ਰਾਜ ਕਰਨ ਦੀ ਕਾਬਲੀਅਤ ਨਹੀਂ ਹੈ। (ਯਿਰਮਿਯਾਹ 10:23) ਇਸ ਲਈ ਪਰਮੇਸ਼ੁਰ ਦੇ ਰਾਜ ਨੂੰ ਛੱਡ ਹੋਰ ਕੋਈ ਵੀ ਹਕੂਮਤ ਕਾਮਯਾਬ ਨਹੀਂ ਹੋਵੇਗੀ। ਇਤਿਹਾਸ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ।

8. ਯਹੋਵਾਹ ਸਾਰੀਆਂ ਇਨਸਾਨੀ ਹਕੂਮਤਾਂ ਨਾਲ ਕੀ ਕਰੇਗਾ ਅਤੇ ਉਹ ਇਹ ਕਿਵੇਂ ਕਰੇਗਾ?

8 ਪਰਮੇਸ਼ੁਰ ਨੇ ਇਨਸਾਨਾਂ ਨੂੰ ਹਜ਼ਾਰਾਂ ਸਾਲ ਆਪੋ-ਆਪਣੇ ਤਰੀਕਿਆਂ ਨਾਲ ਹਕੂਮਤ ਕਰਨ ਦਿੱਤੀ ਹੈ, ਇਸ ਲਈ ਉਸ ਕੋਲ ਇਨ੍ਹਾਂ ਸਾਰੀਆਂ ਨਾਕਾਮ ਹਕੂਮਤਾਂ ਨੂੰ ਖ਼ਤਮ ਕਰਨ ਅਤੇ ਆਪਣੀ ਸਰਕਾਰ ਕਾਇਮ ਕਰਨ ਦਾ ਪੂਰਾ-ਪੂਰਾ ਹੱਕ ਹੈ। ਇਸ ਬਾਰੇ ਇਕ ਭਵਿੱਖਬਾਣੀ ਇਸ ਤਰ੍ਹਾਂ ਕਹਿੰਦੀ ਹੈ: “ਉਨ੍ਹਾਂ ਰਾਜਿਆਂ [ਇਨਸਾਨੀ ਹਕੂਮਤਾਂ] ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ [ਮਸੀਹ ਦੇ ਅਧੀਨ ਉਸ ਦੀ ਸਵਰਗੀ ਸਰਕਾਰ] ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ . . . ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਸ਼ਤਾਨ ਤੇ ਇਨਸਾਨ ਦੀ ਹਕੂਮਤ ਨਹੀਂ ਰਹੇਗੀ, ਸਿਰਫ਼ ਪਰਮੇਸ਼ੁਰ ਦੀ ਸਵਰਗੀ ਸਰਕਾਰ ਧਰਤੀ ਉੱਤੇ ਹਕੂਮਤ ਕਰੇਗੀ। ਮਸੀਹ ਰਾਜਾ ਹੋਵੇਗਾ ਅਤੇ ਉਸ ਦੇ 1,44,000 ਵਫ਼ਾਦਾਰ ਚੇਲੇ ਉਸ ਨਾਲ ਸਵਰਗ ਵਿਚ ਰਾਜ ਕਰਨਗੇ।—ਪਰਕਾਸ਼ ਦੀ ਪੋਥੀ 14:1.

ਦੁੱਖ ਸਹਿਣ ਦੇ ਫ਼ਾਇਦੇ

9, 10. ਯਿਸੂ ਨੇ ਜੋ ਦੁੱਖ ਝੱਲੇ, ਉਨ੍ਹਾਂ ਤੋਂ ਉਸ ਨੂੰ ਕੀ ਫ਼ਾਇਦਾ ਹੋਇਆ?

9 ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਦੇ ਰਾਜ ਦੇ ਰਾਜਿਆਂ ਵਿਚ ਕਿਹੜੀਆਂ ਯੋਗਤਾਵਾਂ ਹਨ। ਯਿਸੂ ਮਸੀਹ ਨੇ ਦਿਖਾਇਆ ਕਿ ਉਹ ਰਾਜਾ ਬਣਨ ਦੇ ਕਾਬਲ ਕਿਉਂ ਸੀ। ਉਸ ਨੇ ਯੁੱਗਾਂ-ਯੁੱਗਾਂ ਤੋਂ “ਰਾਜ ਮਿਸਤਰੀ” ਦੇ ਤੌਰ ਤੇ ਕੰਮ ਕਰ ਕੇ ਆਪਣੇ ਪਿਤਾ ਯਹੋਵਾਹ ਦੀ ਇੱਛਾ ਪੂਰੀ ਕੀਤੀ। (ਕਹਾਉਤਾਂ 8:22-31) ਜਦੋਂ ਯਹੋਵਾਹ ਨੇ ਉਸ ਨੂੰ ਧਰਤੀ ਉੱਤੇ ਆਉਣ ਲਈ ਕਿਹਾ, ਤਾਂ ਉਸ ਨੇ ਖ਼ੁਸ਼ੀ-ਖ਼ੁਸ਼ੀ ਉਸ ਦੀ ਗੱਲ ਮੰਨੀ। ਧਰਤੀ ਉੱਤੇ ਉਸ ਨੇ ਯਹੋਵਾਹ ਦੇ ਰਾਜ ਬਾਰੇ ਲੋਕਾਂ ਨੂੰ ਦੱਸਿਆ। ਯਹੋਵਾਹ ਦੇ ਅਧੀਨ ਰਹਿ ਕੇ ਯਿਸੂ ਨੇ ਸਾਡੇ ਲਈ ਬਿਹਤਰੀਨ ਮਿਸਾਲ ਕਾਇਮ ਕੀਤੀ।—ਮੱਤੀ 4:17; 6:9.

10 ਯਿਸੂ ਨੇ ਕਈ ਅਤਿਆਚਾਰ ਸਹੇ ਤੇ ਅਖ਼ੀਰ ਵਿਚ ਆਪਣੀ ਜਾਨ ਕੁਰਬਾਨ ਕਰ ਦਿੱਤੀ। ਆਪਣੀ ਸੇਵਕਾਈ ਦੌਰਾਨ ਉਸ ਨੇ ਲੋਕਾਂ ਦੀ ਮਾੜੀ ਹਾਲਤ ਵੀ ਦੇਖੀ। ਕੀ ਉਸ ਨੂੰ ਇਹ ਸਭ ਕੁਝ ਦੇਖਣ ਅਤੇ ਆਪਣੇ ਪਿੰਡੇ ਤੇ ਦੁੱਖ ਹੰਢਾਉਣ ਦਾ ਕੋਈ ਫ਼ਾਇਦਾ ਹੋਇਆ? ਹਾਂ। ਇਬਰਾਨੀਆਂ 5:8 ਵਿਚ ਲਿਖਿਆ ਹੈ: “ਉਹ ਭਾਵੇਂ [ਪਰਮੇਸ਼ੁਰ ਦਾ] ਪੁੱਤ੍ਰ ਸੀ ਪਰ ਜਿਹੜੇ ਉਹ ਨੇ ਦੁਖ ਭੋਗੇ ਉਨ੍ਹਾਂ ਤੋਂ ਆਗਿਆਕਾਰੀ ਸਿੱਖੀ।” ਧਰਤੀ ਉੱਤੇ ਉਸ ਦੇ ਤਜਰਬੇ ਨੇ ਉਸ ਨੂੰ ਜ਼ਿਆਦਾ ਹਮਦਰਦ ਅਤੇ ਦਇਆਵਾਨ ਬਣਾਇਆ। ਉਸ ਨੇ ਆਪ ਦੁੱਖ ਸਹੇ ਸਨ। ਇਸ ਲਈ ਉਹ ਦੁਖੀਆਂ ਨਾਲ ਹਮਦਰਦੀ ਰੱਖ ਸਕਦਾ ਸੀ। ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਮਨੁੱਖਜਾਤੀ ਨੂੰ ਦੁੱਖਾਂ ਤੋਂ ਛੁਟਕਾਰਾ ਦੇਣ ਦੇ ਪਰਮੇਸ਼ੁਰ ਦੇ ਮਕਸਦ ਵਿਚ ਉਸ ਦੀ ਭੂਮਿਕਾ ਕਿੰਨੀ ਅਹਿਮ ਸੀ। ਧਿਆਨ ਦਿਓ ਕਿ ਪੌਲੁਸ ਰਸੂਲ ਨੇ ਇਬਰਾਨੀਆਂ ਦੀ ਕਿਤਾਬ ਵਿਚ ਇਸ ਬਾਰੇ ਕੀ ਕਿਹਾ: “ਇਸ ਕਾਰਨ ਚਾਹੀਦਾ ਸੀ ਭਈ ਉਹ ਸਭਨੀਂ ਗੱਲੀਂ ਆਪਣੇ ਭਾਈਆਂ ਵਰਗਾ ਬਣੇ ਤਾਂ ਜੋ ਉਹ ਉਨ੍ਹਾਂ ਗੱਲਾਂ ਦੇ ਵਿਖੇ ਜਿਹੜੀਆਂ ਪਰਮੇਸ਼ੁਰ ਨਾਲ ਸਰਬੰਧ ਰੱਖਦੀਆਂ ਹਨ ਲੋਕਾਂ ਦੇ ਪਾਪਾਂ ਦਾ ਪਰਾਸਚਿਤ ਕਰਨ ਨੂੰ ਦਿਆਲੂ ਅਤੇ ਮਾਤਬਰ ਪਰਧਾਨ ਜਾਜਕ ਹੋਵੇ ਕਿਉਂਕਿ ਜਦੋਂ ਉਸ ਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁਖ ਝੱਲਿਆ ਤਾਂ ਉਹ ਓਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸੱਕਦਾ ਹੈ।” “ਸਾਡਾ ਪਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸੱਕੇ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਙੁ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ। ਇਸ ਲਈ ਆਓ, ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਿਲੇਰੀ ਨਾਲ ਚੱਲੀਏ ਭਈ ਅਸੀਂ ਦਯਾ ਪਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ।”—ਇਬਰਾਨੀਆਂ 2:17, 18; 4:14-16; ਮੱਤੀ 9:36; 11:28-30.

11. ਧਰਤੀ ਉੱਤੇ ਦੁੱਖ ਝੱਲਣ ਕਰਕੇ ਯਿਸੂ ਨਾਲ ਰਾਜ ਕਰਨ ਵਾਲੇ ਰਾਜਿਆਂ ਨੂੰ ਕੀ ਫ਼ਾਇਦਾ ਹੁੰਦਾ ਹੈ?

11 ਸਵਰਗ ਵਿਚ ਯਿਸੂ ਮਸੀਹ ਨਾਲ ਰਾਜ ਕਰਨ ਲਈ ਧਰਤੀ ਉੱਤੋਂ “ਮੁੱਲ ਲਏ ਗਏ” 1,44,000 ਲੋਕਾਂ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ। (ਪਰਕਾਸ਼ ਦੀ ਪੋਥੀ 14:4) ਉਹ ਇਸ ਦੁਨੀਆਂ ਵਿਚ ਪੈਦਾ ਹੋਏ, ਪਲੇ-ਵਧੇ ਤੇ ਦੁੱਖ ਝੱਲੇ। ਕਈਆਂ ਉੱਤੇ ਅਤਿਆਚਾਰ ਕੀਤੇ ਗਏ, ਕੁਝ ਨੂੰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਅਤੇ ਯਿਸੂ ਦੀ ਪੈੜ ਉੱਤੇ ਚੱਲਣ ਕਰਕੇ ਜਾਨੋਂ ਮਾਰ ਦਿੱਤਾ ਗਿਆ। ਪਰ ਉਹ ‘ਆਪਣੇ ਪ੍ਰਭੁ ਦੀ ਸਾਖੀ ਤੋਂ ਨਾ ਸ਼ਰਮਾਏ, ਸਗੋਂ ਖੁਸ਼ ਖਬਰੀ ਲਈ ਦੁਖਾਂ ਵਿੱਚ ਸਾਂਝੀ ਹੋਏ।’ (2 ਤਿਮੋਥਿਉਸ 1:8) ਇਨ੍ਹਾਂ ਸਭ ਗੱਲਾਂ ਕਰਕੇ ਉਹ ਸਵਰਗੋਂ ਧਰਤੀ ਉੱਤੇ ਰਾਜ ਕਰਨ ਦੇ ਯੋਗ ਬਣਦੇ ਹਨ। ਉਨ੍ਹਾਂ ਵਿਚ ਹਮਦਰਦੀ ਅਤੇ ਦਿਆਲਤਾ ਵਰਗੇ ਗੁਣ ਅਤੇ ਲੋਕਾਂ ਦੀ ਮਦਦ ਕਰਨ ਦੀ ਗਹਿਰੀ ਇੱਛਾ ਹੈ।—ਪਰਕਾਸ਼ ਦੀ ਪੋਥੀ 5:10; 14:2-5; 20:6.

ਧਰਤੀ ਉੱਤੇ ਜੀਉਣ ਵਾਲਿਆਂ ਦੀ ਖ਼ੁਸ਼ੀ

12, 13. ਧਰਤੀ ਉੱਤੇ ਜੀਉਣ ਦੀ ਆਸ ਰੱਖਣ ਵਾਲਿਆਂ ਨੂੰ ਦੁੱਖ ਝੱਲਣ ਦੇ ਕੀ ਫ਼ਾਇਦੇ ਹੋ ਸਕਦੇ ਹਨ?

12 ਕੀ ਅੱਜ ਉਨ੍ਹਾਂ ਲੋਕਾਂ ਨੂੰ ਦੁੱਖ ਸਹਿਣ ਦੇ ਫ਼ਾਇਦੇ ਹੁੰਦੇ ਹਨ ਜੋ ਇਸੇ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਆਸ ਰੱਖਦੇ ਹਨ? ਕੋਈ ਨਹੀਂ ਚਾਹੁੰਦਾ ਕਿ ਉਸ ਉੱਤੇ ਦੁੱਖ ਆਉਣ। ਪਰ ਦੁੱਖ ਸਹਿੰਦਿਆਂ ਸਾਡੇ ਵਿਚ ਕਈ ਚੰਗੇ ਗੁਣ ਪੈਦਾ ਹੋ ਸਕਦੇ ਹਨ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ।

13 ਧਿਆਨ ਦਿਓ ਕਿ ਇਸ ਬਾਰੇ ਪਰਮੇਸ਼ੁਰ ਦਾ ਬਚਨ ਕੀ ਕਹਿੰਦਾ ਹੈ: “ਜੇ ਤੁਹਾਨੂੰ ਧਰਮ ਦੇ ਕਾਰਨ ਦੁਖ ਮਿਲੇ ਵੀ ਤਾਂ ਧੰਨ ਹੋ!” “ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ।” (1 ਪਤਰਸ 3:14; 4:14) “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਅਨੰਦ ਹੋਵੋ ਅਤੇ ਖ਼ੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ।” (ਮੱਤੀ 5:11, 12) ‘ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ ਕਿਉਂਕਿ ਜਾਂ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਮੁਕਟ ਪਰਾਪਤ ਹੋਵੇਗਾ।’—ਯਾਕੂਬ 1:12.

14. ਯਹੋਵਾਹ ਦੇ ਭਗਤ ਦੁੱਖ ਸਹਿੰਦੇ ਹੋਏ ਕਿਸ ਗੱਲੋਂ ਖ਼ੁਸ਼ ਹੁੰਦੇ ਹਨ?

14 ਸਾਨੂੰ ਇਸ ਗੱਲੋਂ ਖ਼ੁਸ਼ੀ ਨਹੀਂ ਹੁੰਦੀ ਕਿ ਅਸੀਂ ਦੁੱਖ ਝੱਲਦੇ ਹਾਂ। ਸਾਨੂੰ ਇਹ ਜਾਣ ਕੇ ਖ਼ੁਸ਼ੀ ਤੇ ਤਸੱਲੀ ਮਿਲਦੀ ਹੈ ਕਿ ਅਸੀਂ ਯਹੋਵਾਹ ਦੀ ਇੱਛਾ ਪੂਰੀ ਕਰਨ ਕਰਕੇ ਅਤੇ ਯਿਸੂ ਦੀ ਮਿਸਾਲ ਉੱਤੇ ਚੱਲਣ ਕਰਕੇ ਦੁੱਖ ਝੱਲਦੇ ਹਾਂ। ਉਦਾਹਰਣ ਲਈ, ਪਹਿਲੀ ਸਦੀ ਵਿਚ ਯਿਸੂ ਮਸੀਹ ਬਾਰੇ ਪ੍ਰਚਾਰ ਕਰਨ ਕਰਕੇ ਕੁਝ ਰਸੂਲਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ, ਯਹੂਦੀ ਮਹਾਸਭਾ ਸਾਮ੍ਹਣੇ ਲਿਆਂਦਾ ਗਿਆ ਤੇ ਉਨ੍ਹਾਂ ਨਾਲ ਮੁਜਰਮਾਂ ਵਰਗਾ ਸਲੂਕ ਕੀਤਾ ਗਿਆ। ਫਿਰ ਉਨ੍ਹਾਂ ਨੂੰ ਮਾਰ-ਕੁੱਟ ਕੇ ਛੱਡ ਦਿੱਤਾ ਗਿਆ। ਉਨ੍ਹਾਂ ਦਾ ਰਵੱਈਆ ਕੀ ਸੀ? ਬਾਈਬਲ ਵਿਚ ਦੱਸਿਆ ਹੈ ਕਿ “ਓਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ਜੋਗ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚੱਲੇ ਗਏ।” (ਰਸੂਲਾਂ ਦੇ ਕਰਤੱਬ 5:17-41) ਉਨ੍ਹਾਂ ਨੂੰ ਇਸ ਗੱਲੋਂ ਖ਼ੁਸ਼ੀ ਨਹੀਂ ਹੋਈ ਕਿ ਉਨ੍ਹਾਂ ਨੂੰ ਮਾਰਿਆ-ਕੁੱਟਿਆ ਗਿਆ, ਸਗੋਂ ਉਹ ਇਸ ਗੱਲੋਂ ਖ਼ੁਸ਼ ਹੋਏ ਕਿ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਕਰਕੇ ਅਤੇ ਯਿਸੂ ਦੀ ਪੈੜ ਉੱਤੇ ਚੱਲਣ ਕਰਕੇ ਇਹ ਸਭ ਕੁਝ ਹੋਇਆ।—ਰਸੂਲਾਂ ਦੇ ਕਰਤੱਬ 16:25; 2 ਕੁਰਿੰਥੀਆਂ 12:10; 1 ਪਤਰਸ 4:13.

15. ਹੁਣ ਦੁੱਖ ਸਹਿਣ ਨਾਲ ਸਾਨੂੰ ਭਵਿੱਖ ਵਿਚ ਕੀ ਫ਼ਾਇਦੇ ਹੋਣਗੇ?

15 ਜੇ ਅਸੀਂ ਵੀ ਰਸੂਲਾਂ ਵਾਂਗ ਸਹੀ ਰਵੱਈਏ ਨਾਲ ਵਿਰੋਧ ਅਤੇ ਅਤਿਆਚਾਰ ਸਹਿੰਦੇ ਹਾਂ, ਤਾਂ ਇਸ ਨਾਲ ਸਾਡੇ ਅੰਦਰ ਸਹਿਣਸ਼ੀਲਤਾ ਪੈਦਾ ਹੋਵੇਗੀ ਤੇ ਅਸੀਂ ਭਵਿੱਖ ਵਿਚ ਹੋਰ ਵੀ ਵੱਡੇ ਦੁੱਖਾਂ ਨੂੰ ਸਹਿ ਸਕਾਂਗੇ। ਬਾਈਬਲ ਕਹਿੰਦੀ ਹੈ: “ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਡੀ ਨਿਹਚਾ ਦੀ ਪਰੀਖਿਆ ਧੀਰਜ ਬਣਾਉਂਦੀ ਹੈ।” (ਯਾਕੂਬ 1:2, 3) ਇਸੇ ਤਰ੍ਹਾਂ, ਰੋਮੀਆਂ 5:3-5 ਵਿਚ ਦੱਸਿਆ ਹੈ: ‘ਅਸੀਂ ਬਿਪਤਾਂ ਵਿੱਚ ਵੀ ਅਭਮਾਨ ਕਰੀਏ ਕਿਉਂ ਜੋ ਇਹ ਜਾਣਦੇ ਹਾਂ ਭਈ ਬਿਪਤਾ ਧੀਰਜ ਪੈਦਾ ਕਰਦੀ ਹੈ। ਅਤੇ ਧੀਰਜ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ। ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ।’ ਇਸ ਲਈ ਅਸੀਂ ਮਸੀਹੀ ਹੋਣ ਕਰਕੇ ਜਿੰਨੇ ਜ਼ਿਆਦਾ ਦੁੱਖ ਸਹਿੰਦੇ ਹਾਂ, ਇਸ ਦੁਸ਼ਟ ਦੁਨੀਆਂ ਵਿਚ ਦੁੱਖ ਸਹਿਣ ਦੀ ਸਾਡੇ ਵਿਚ ਹੋਰ ਜ਼ਿਆਦਾ ਤਾਕਤ ਆਉਂਦੀ ਹੈ।

ਯਹੋਵਾਹ ਸਾਰੇ ਘਾਟੇ ਪੂਰੇ ਕਰੇਗਾ

16. ਸਵਰਗੀ ਜੀਵਨ ਦੀ ਆਸ ਰੱਖਣ ਵਾਲੇ ਮਸੀਹੀਆਂ ਲਈ ਯਹੋਵਾਹ ਕੀ ਕਰੇਗਾ ਜੋ ਅੱਜ ਦੁੱਖ ਸਹਿ ਰਹੇ ਹਨ?

16 ਅੱਜ ਭਾਵੇਂ ਮਸੀਹੀ ਹੋਣ ਦੇ ਨਾਤੇ ਸਾਨੂੰ ਵਿਰੋਧ ਜਾਂ ਅਤਿਆਚਾਰ ਕਰਕੇ ਆਪਣੀਆਂ ਚੀਜ਼ਾਂ ਦਾ ਨੁਕਸਾਨ ਸਹਿਣਾ ਪਵੇ, ਪਰ ਸਾਨੂੰ ਇਸ ਗੱਲੋਂ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਸਾਨੂੰ ਪੂਰਾ-ਪੂਰਾ ਇਨਾਮ ਦੇਵੇਗਾ। ਉਦਾਹਰਣ ਲਈ, ਸਵਰਗੀ ਜੀਵਨ ਦੀ ਆਸ ਰੱਖਣ ਵਾਲੇ ਕੁਝ ਮਸੀਹੀਆਂ ਨੂੰ ਪੌਲੁਸ ਰਸੂਲ ਨੇ ਲਿਖਿਆ: “ਤੁਸੀਂ . . . ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਨਾਲ ਮੰਨ ਲਿਆ ਇਹ ਜਾਣ ਕੇ ਭਈ ਸਾਡਾ ਇੱਕ ਧਨ [ਪਰਮੇਸ਼ੁਰ ਦੇ ਰਾਜ ਵਿਚ ਹਕੂਮਤ ਕਰਨ ਦਾ ਸਨਮਾਨ] ਇਸ ਨਾਲੋਂ ਉੱਤਮ ਅਤੇ ਅਟੱਲ ਹੈ।” (ਇਬਰਾਨੀਆਂ 10:34) ਜ਼ਰਾ ਕਲਪਨਾ ਕਰੋ ਕਿ ਉਸ ਵੇਲੇ ਉਹ ਕਿੰਨੇ ਖ਼ੁਸ਼ ਹੋਣਗੇ ਜਦੋਂ ਉਹ ਪਰਮੇਸ਼ੁਰ ਤੇ ਯਿਸੂ ਦੀ ਅਗਵਾਈ ਵਿਚ ਨਵੀਂ ਦੁਨੀਆਂ ਵਿਚ ਮਨੁੱਖਜਾਤੀ ਉੱਤੇ ਬਰਕਤਾਂ ਵਰ੍ਹਾਉਣਗੇ। ਵਫ਼ਾਦਾਰ ਮਸੀਹੀਆਂ ਨੂੰ ਕਹੇ ਪੌਲੁਸ ਰਸੂਲ ਦੇ ਇਹ ਸ਼ਬਦ ਪੂਰੇ ਹੋਣਗੇ: “ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁਖ ਉਸ ਪਰਤਾਪ ਨਾਲ ਜੋ ਸਾਡੀ ਵੱਲ ਪਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਜੋਗ ਨਹੀਂ।”—ਰੋਮੀਆਂ 8:18.

17. ਧਰਤੀ ਉੱਤੇ ਜੀਣ ਦੀ ਆਸ ਰੱਖਣ ਵਾਲੇ ਵਫ਼ਾਦਾਰ ਲੋਕਾਂ ਲਈ ਯਹੋਵਾਹ ਕੀ ਕਰੇਗਾ?

17 ਇਸੇ ਤਰ੍ਹਾਂ, ਧਰਤੀ ਉੱਤੇ ਜੀਣ ਦੀ ਆਸ ਰੱਖਣ ਵਾਲੇ ਲੋਕਾਂ ਨੂੰ ਯਹੋਵਾਹ ਦੀ ਸੇਵਾ ਕਰਦਿਆਂ ਭਾਵੇਂ ਜੋ ਮਰਜ਼ੀ ਨੁਕਸਾਨ ਉਠਾਉਣਾ ਪਵੇ, ਪਰਮੇਸ਼ੁਰ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਇਨਾਮ ਦੇਵੇਗਾ। ਉਹ ਉਨ੍ਹਾਂ ਨੂੰ ਸੋਹਣੀ ਧਰਤੀ ਉੱਤੇ ਮੁਕੰਮਲ ਤੇ ਅਨੰਤ ਜ਼ਿੰਦਗੀ ਦੇਵੇਗਾ। ਨਵੀਂ ਦੁਨੀਆਂ ਵਿਚ ਯਹੋਵਾਹ ‘ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।’ (ਪਰਕਾਸ਼ ਦੀ ਪੋਥੀ 21:4) ਕਿੰਨਾ ਸ਼ਾਨਦਾਰ ਵਾਅਦਾ! ਨਵੀਂ ਦੁਨੀਆਂ ਵਿਚ ਸਾਨੂੰ ਜੋ ਵੀ ਮਿਲੇਗਾ, ਉਸ ਦੇ ਮੁਕਾਬਲੇ ਅੱਜ ਅਸੀਂ ਜੋ ਵੀ ਨੁਕਸਾਨ ਸਹਿੰਦੇ ਹਾਂ, ਕੁਝ ਵੀ ਨਹੀਂ ਹੈ।

18. ਯਹੋਵਾਹ ਨੇ ਆਪਣੇ ਬਚਨ ਵਿਚ ਸਾਡੇ ਨਾਲ ਕਿਹੜਾ ਸ਼ਾਨਦਾਰ ਵਾਅਦਾ ਕੀਤਾ ਹੈ?

18 ਅੱਜ ਅਸੀਂ ਜੋ ਵੀ ਦੁੱਖ ਸਹਿੰਦੇ ਹਾਂ, ਉਸ ਕਰਕੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਜੀਣ ਦਾ ਆਨੰਦ ਨਹੀਂ ਘਟੇਗਾ। ਨਵੀਂ ਦੁਨੀਆਂ ਵਿਚ ਸਾਰੇ ਦੁੱਖ ਦੂਰ ਹੋ ਜਾਣਗੇ। ਯਸਾਯਾਹ 65:17, 18 ਵਿਚ ਕਿਹਾ ਗਿਆ ਹੈ: “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ। ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ।” ਇਸੇ ਕਰਕੇ ਯਿਸੂ ਦੇ ਭਰਾ ਯਾਕੂਬ ਨੇ ਕਿਹਾ: “ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਸਬਰ ਕੀਤਾ।” (ਯਾਕੂਬ 5:11) ਜੀ ਹਾਂ, ਜੇ ਅਸੀਂ ਵਫ਼ਾਦਾਰੀ ਨਾਲ ਅੱਜ ਦੁੱਖ ਸਹਿ ਲੈਂਦੇ ਹਾਂ, ਤਾਂ ਸਾਨੂੰ ਇਸ ਤੋਂ ਹੁਣ ਅਤੇ ਭਵਿੱਖ ਵਿਚ ਫ਼ਾਇਦਾ ਹੋਵੇਗਾ।

ਤੁਸੀਂ ਕੀ ਜਵਾਬ ਦਿਓਗੇ?

• ਇਨਸਾਨ ਉੱਤੇ ਦੁੱਖ ਕਿਵੇਂ ਆਏ?

• ਨਵੀਂ ਦੁਨੀਆਂ ਦੇ ਰਾਜਿਆਂ ਅਤੇ ਵਸਨੀਕਾਂ ਨੂੰ ਦੁੱਖਾਂ ਤੋਂ ਕੀ ਫ਼ਾਇਦੇ ਹੋ ਸਕਦੇ ਹਨ?

• ਅੱਜ ਅਸੀਂ ਦੁੱਖਾਂ ਦੇ ਬਾਵਜੂਦ ਖ਼ੁਸ਼ ਕਿਉਂ ਹੋ ਸਕਦੇ ਹਾਂ?

[ਸਵਾਲ]

[ਸਫ਼ਾ 27 ਉੱਤੇ ਤਸਵੀਰ]

ਸਾਡੇ ਪਹਿਲੇ ਮਾਤਾ-ਪਿਤਾ ਦਾ ਭਵਿੱਖ ਖ਼ੁਸ਼ੀਆਂ ਭਰਿਆ ਹੋ ਸਕਦਾ ਸੀ

[ਸਫ਼ਾ 29 ਉੱਤੇ ਤਸਵੀਰ]

ਦੂਸਰਿਆਂ ਦੇ ਦੁੱਖ ਦੇਖ ਕੇ ਯਿਸੂ ਇਕ ਹਮਦਰਦ ਰਾਜਾ ਤੇ ਜਾਜਕ ਬਣਿਆ

[ਸਫ਼ਾ 31 ਉੱਤੇ ਤਸਵੀਰ]

ਰਸੂਲਾਂ ਨੇ ‘ਇਸ ਗੱਲ ਤੋਂ ਅਨੰਦ ਕੀਤਾ’ ਕਿ ਉਹ ਆਪਣੀ ਨਿਹਚਾ ‘ਦੇ ਕਾਰਨ ਬੇਪਤ ਹੋਣ ਦੇ ਜੋਗ ਗਿਣੇ ਗਏ’