Skip to content

Skip to table of contents

ਕੀ ਬਾਈਬਲ ਦੇ ਪੁਰਾਣੇ ਨੇਮ ਦਾ ਕੋਈ ਲਾਭ ਹੈ?

ਕੀ ਬਾਈਬਲ ਦੇ ਪੁਰਾਣੇ ਨੇਮ ਦਾ ਕੋਈ ਲਾਭ ਹੈ?

ਕੀ ਬਾਈਬਲ ਦੇ ਪੁਰਾਣੇ ਨੇਮ ਦਾ ਕੋਈ ਲਾਭ ਹੈ?

ਸਾਲ 1786 ਵਿਚ ਇਕ ਫਰਾਂਸੀਸੀ ਡਾਕਟਰ ਨੇ ਸਰੀਰ-ਵਿਗਿਆਨ ਤੇ ਕਿਤਾਬ ਲਿਖੀ। ਉਨ੍ਹੀਂ ਦਿਨੀਂ ਇਹ ਕਿਤਾਬ ਸਰੀਰ-ਵਿਗਿਆਨ ਦੇ ਖੇਤਰ ਵਿਚ ਸਭ ਤੋਂ ਅੱਗੇ ਸੀ। ਪਰ ਅੱਜ ਇਸ ਦੀਆਂ ਕਾਪੀਆਂ ਘੱਟ ਹੀ ਲੱਭਣ ਨੂੰ ਮਿਲਦੀਆਂ ਹਨ। ਇਸੇ ਲਈ ਹਾਲ ਹੀ ਵਿਚ ਇਸ ਕਿਤਾਬ ਦੀ ਇਕ ਕਾਪੀ 27 ਹਜ਼ਾਰ ਅਮਰੀਕੀ ਡਾਲਰਾਂ ਲਈ ਵਿਕੀ। ਇਹ ਕਿਤਾਬ ਇਤਿਹਾਸਕਾਰਾਂ ਤੇ ਸਾਹਿੱਤਕਾਰਾਂ ਲਈ ਬਹੁਤ ਕੀਮਤੀ ਹੈ। ਪਰ ਕੀ ਕੋਈ ਮਰੀਜ਼ ਆਪਣਾ ਓਪਰੇਸ਼ਨ ਅਜਿਹੇ ਡਾਕਟਰ ਤੋਂ ਕਰਵਾਉਣਾ ਚਾਹੇਗਾ ਜਿਸ ਨੇ ਡਾਕਟਰੀ ਇੰਨੀ ਪੁਰਾਣੀ ਕਿਤਾਬ ਤੋਂ ਸਿੱਖੀ ਹੋਵੇ? ਬਿਲਕੁਲ ਨਹੀਂ! ਤਾਂ ਫਿਰ ਇਹ ਕਿਤਾਬ ਭਾਵੇਂ ਕਈਆਂ ਲਈ ਜਿੰਨੀ ਮਰਜ਼ੀ ਕੀਮਤੀ ਕਿਉਂ ਨਾ ਹੋਵੇ, ਪਰ ਇਹ ਅੱਜ ਦੇ ਮਰੀਜ਼ ਲਈ ਕੋਈ ਮਾਇਨਾ ਨਹੀਂ ਰੱਖਦੀ।

ਕਈ ਲੋਕ ਬਾਈਬਲ ਦੇ ਇਬਰਾਨੀ ਹਿੱਸੇ ਬਾਰੇ ਵੀ ਕੁਝ ਇਸੇ ਤਰ੍ਹਾਂ ਹੀ ਸੋਚਦੇ ਹਨ ਜਿਸ ਨੂੰ ਪੁਰਾਣਾ ਨੇਮ ਵੀ ਕਿਹਾ ਜਾਂਦਾ ਹੈ। ਉਹ ਇਸ ਹਿੱਸੇ ਵਿਚ ਪਾਏ ਜਾਂਦੇ ਇਸਰਾਏਲ ਦੇ ਇਤਿਹਾਸ ਅਤੇ ਕਵਿਤਾਵਾਂ ਦੀ ਦਾਦ ਦਿੰਦੇ ਹਨ। ਪਰ ਉਹ ਇਸ ਗੱਲ ਤੇ ਸ਼ੱਕ ਕਰਦੇ ਹਨ ਕਿ 2,400 ਸਾਲ ਪਹਿਲਾਂ ਲਿਖਿਆ ਗਿਆ ਬਾਈਬਲ ਦਾ ਇਹ ਹਿੱਸਾ ਅੱਜ ਉਨ੍ਹਾਂ ਦੇ ਕਿਸੇ ਕੰਮ ਆ ਸਕਦਾ ਹੈ। ਸਾਇੰਸ ਕੀ, ਵਪਾਰ ਕੀ, ਇੱਥੋਂ ਤਕ ਪਰਿਵਾਰਕ ਜੀਵਨ ਵੀ ਬਾਈਬਲ ਦੇ ਸਮਿਆਂ ਨਾਲੋਂ ਅੱਜ ਵੱਖਰਾ ਹੈ। ਫਿਲਿਪ ਯਾਨਸੀ, ਜੋ ਕ੍ਰਿਸਚਿਏਨੀਟੀ ਟੂਡੇ ਦਾ ਇਕ ਐਡੀਟਰ ਰਹਿ ਚੁੱਕਾ ਹੈ, ਨੇ ਆਪਣੀ ਕਿਤਾਬ ਵਿਚ ਲਿਖਿਆ: “ਇਕ ਤਾਂ ਪੁਰਾਣੇ ਨੇਮ ਵਿਚ ਲਿਖੀਆਂ ਗੱਲਾਂ ਸਮਝਣੀਆਂ ਔਖੀਆਂ ਹਨ ਅਤੇ ਜੇ ਇਹ ਸਮਝ ਆ ਵੀ ਜਾਣ, ਤਾਂ ਅੱਜ ਦੇ ਲੋਕਾਂ ਨੂੰ ਇਹ ਰਤਾ ਵੀ ਨਹੀਂ ਭਾਉਂਦੀਆਂ। ਇਹ ਅਤੇ ਇੱਦਾਂ ਦੇ ਕਈ ਹੋਰ ਖ਼ਿਆਲਾਂ ਕਰਕੇ ਪੁਰਾਣੇ ਨੇਮ, ਜੋ ਕਿ ਬਾਈਬਲ ਦਾ ਇਕ ਵੱਡਾ ਹਿੱਸਾ ਹੈ, ਨੂੰ ਆਮ ਤੌਰ ਤੇ ਕੋਈ ਪੜ੍ਹਨ ਨੂੰ ਰਾਜ਼ੀ ਨਹੀਂ।” ਲੋਕਾਂ ਦਾ ਇੱਦਾਂ ਸੋਚਣਾ ਕੋਈ ਨਵੀਂ ਗੱਲ ਨਹੀਂ ਹੈ।

ਯਿਸੂ ਦੇ ਚੇਲਿਆਂ ਦੀ ਮੌਤ ਤੋਂ ਕੁਝ 50 ਸਾਲ ਬਾਅਦ 100 ਈ. ਵਿਚ ਮਾਰਸੀਔਨ ਨਾਮ ਦੇ ਇਕ ਅਮੀਰ ਆਦਮੀ ਨੇ ਖੁੱਲ੍ਹੇ-ਆਮ ਕਿਹਾ ਸੀ ਕਿ ਮਸੀਹੀਆਂ ਨੂੰ ਪੁਰਾਣਾ ਨੇਮ ਬਿਲਕੁਲ ਸਵੀਕਾਰ ਨਹੀਂ ਕਰਨਾ ਚਾਹੀਦਾ। ਇਕ ਅੰਗ੍ਰੇਜ਼ੀ ਇਤਿਹਾਸਕਾਰ ਦੇ ਮੁਤਾਬਕ ਮਾਰਸੀਔਨ ਨੇ ਇਹ ਗੱਲ ਇਸ ਲਈ ਕਹੀ ਸੀ ਕਿਉਂਕਿ ਉਸ ਦਾ ਮੰਨਣਾ ਸੀ ਕਿ “ਪੁਰਾਣੇ ਨੇਮ ਵਿਚ ਜਿਹੜੇ ਰੱਬ ਦੀ ਗੱਲ ਕੀਤੀ ਗਈ ਹੈ ਉਹ ਲੜਾਈਆਂ ਨੂੰ ਹੱਲਾਸ਼ੇਰੀ ਅਤੇ ਇਸਰਾਏਲ ਦੇ ਰਾਜਾ ਦਾਊਦ ਵਰਗੇ ਅੱਤਵਾਦੀਆਂ ਨੂੰ ਪਨਾਹ ਦਿੰਦਾ ਸੀ। ਪਰ ਮਸੀਹ ਦੀ ਸਿੱਖਿਆ ਇਸ ਤੋਂ ਬਿਲਕੁਲ ਵੱਖਰੀ ਸੀ ਅਤੇ ਜਿਸ ਰੱਬ ਦੀ ਉਹ ਗੱਲ ਕਰ ਰਿਹਾ ਸੀ ਉਹ ਪੁਰਾਣੇ ਨੇਮ ਦੇ ਰੱਬ ਤੋਂ ਕਿਤੇ ਉੱਚਾ ਹੈ।” ਅੱਗੇ ਇਸ ਇਤਿਹਾਸਕਾਰ ਨੇ ਕਿਹਾ ਕਿ ਮਾਰਸੀਔਨ ਦੀ ਸਿੱਖਿਆ ਕਰਕੇ ਕਈ ਲੋਕ ਉਸ ਦੇ ਪਿੱਛੇ ਲੱਗ ਗਏ ਤੇ ਤਕਰੀਬਨ ਚੌਥੀ ਸਦੀ ਤਕ ਪੱਛਮ ਵਿਚ ਸੀਰੀਆਈ ਬੋਲੀ ਬੋਲਣ ਵਾਲੇ ਲੋਕ ਅਤੇ ਕਈ ਹੋਰ ਉਸ ਦੇ ਖ਼ਿਆਲਾਂ ਵੱਲ ਖਿੱਚੇ ਚਲੇ ਆਏ। ਹਾਲੇ ਤਕ ਕਈ ਲੋਕ ਇਨ੍ਹਾਂ ਖ਼ਿਆਲਾਂ ਨੂੰ ਫੜੀ ਬੈਠੇ ਹਨ। ਤਾਹੀਓਂ ਤਾਂ ਮਾਰਸੀਔਨ ਦੇ ਇਹ ਗੱਲ ਕਹਿਣ ਤੋਂ 1,600 ਸਾਲਾਂ ਬਾਅਦ ਫਿਲਿਪ ਯਾਨਸੀ ਨੇ ਲਿਖਿਆ: “ਜਿੱਥੇ ਮਸੀਹੀਆਂ ਵਿਚ ਪੁਰਾਣੇ ਨੇਮ ਦਾ ਗਿਆਨ ਘੱਟਦਾ ਜਾ ਰਿਹਾ ਹੈ ਉੱਥੇ ਹੋਰਾਂ ਨੂੰ ਤਾਂ ਇਸ ਦਾ ਕੋਈ ਇਲਮ ਹੀ ਨਹੀਂ ਹੈ।”

ਤਾਂ ਫਿਰ ਕੀ ਪੁਰਾਣੇ ਨੇਮ ਦੀ ਜਗ੍ਹਾ ਨਵੇਂ ਨੇਮ ਨੇ ਲੈ ਲਈ ਹੈ? ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਪੁਰਾਣੇ ਨੇਮ ਵਿਚ “ਸੈਨਾਂ ਦੇ ਯਹੋਵਾਹ” ਅਤੇ ਨਵੇਂ ਨੇਮ ਵਿਚ “ਪ੍ਰੇਮ ਅਤੇ ਸ਼ਾਂਤੀ” ਦਾ ਪਰਮੇਸ਼ੁਰ ਇੱਕੋ ਹੀ ਹੈ? (ਯਸਾਯਾਹ 13:13; 2 ਕੁਰਿੰਥੀਆਂ 13:11) ਕੀ ਸਾਨੂੰ ਪੁਰਾਣੇ ਨੇਮ ਤੋਂ ਕੋਈ ਫ਼ਾਇਦਾ ਹੋ ਸਕਦਾ ਹੈ?