Skip to content

Skip to table of contents

ਯਹੋਵਾਹ ਦੀ ਮਦਦ ਨਾਲ ਨਾਜ਼ੀ ਤੇ ਕਮਿਊਨਿਸਟ ਹਕੂਮਤਾਂ ਤੋਂ ਸਾਡੀ ਜਾਨ ਬਚੀ

ਯਹੋਵਾਹ ਦੀ ਮਦਦ ਨਾਲ ਨਾਜ਼ੀ ਤੇ ਕਮਿਊਨਿਸਟ ਹਕੂਮਤਾਂ ਤੋਂ ਸਾਡੀ ਜਾਨ ਬਚੀ

ਜੀਵਨੀ

ਯਹੋਵਾਹ ਦੀ ਮਦਦ ਨਾਲ ਨਾਜ਼ੀ ਤੇ ਕਮਿਊਨਿਸਟ ਹਕੂਮਤਾਂ ਤੋਂ ਸਾਡੀ ਜਾਨ ਬਚੀ

ਹੈਨਰੀਕ ਡੌਰਨੀਕ ਦੀ ਜ਼ਬਾਨੀ

ਮੇਰਾ ਜਨਮ 1926 ਵਿਚ ਹੋਇਆ ਸੀ। ਮੇਰੇ ਮਾਤਾ-ਪਿਤਾ ਕੈਥੋਲਿਕ ਸਨ। ਉਹ ਦੱਖਣੀ ਪੋਲੈਂਡ ਦੇ ਕਾਟੁਵੀਟਸ ਸ਼ਹਿਰ ਦੇ ਲੱਗੇ ਰੂਡਾ ਸ਼ੌਲਸਕਾ ਸ਼ਹਿਰ ਵਿਚ ਰਹਿੰਦੇ ਸਨ। ਇਹ ਸ਼ਹਿਰ ਖਾਣਾਂ ਲਈ ਜਾਣਿਆ ਜਾਂਦਾ ਸੀ। ਅਸੀਂ ਚਾਰ ਭੈਣ-ਭਰਾ ਸੀ। ਮੇਰੇ ਵੱਡੇ ਭਰਾ ਦਾ ਨਾਮ ਸੀ ਬਰਨਾਰਡ ਅਤੇ ਮੇਰੀਆਂ ਦੋ ਛੋਟੀਆਂ ਭੈਣਾਂ ਦੇ ਨਾਮ ਸਨ ਰੋਜ਼ਾ ਤੇ ਏਡੀਟਾ। ਮੇਰੇ ਮਾਤਾ-ਪਿਤਾ ਨੇ ਸਾਨੂੰ ਸਾਰਿਆਂ ਨੂੰ ਪ੍ਰਾਰਥਨਾ ਕਰਨੀ, ਚਰਚ ਨੂੰ ਜਾਣਾ ਅਤੇ ਆਪਣੇ ਗੁਨਾਹਾਂ ਲਈ ਮਾਫ਼ੀ ਮੰਗਣੀ ਸਿਖਾਈ।

ਸਾਨੂੰ ਸੱਚਾਈ ਮਿਲੀ

ਜਨਵਰੀ 1937 ਦੀ ਗੱਲ ਹੈ, ਉਦੋਂ ਮੈਂ ਦਸ ਸਾਲਾਂ ਦਾ ਸੀ। ਜਦ ਪਿਤਾ ਜੀ ਘਰ ਆਏ, ਤਾਂ ਉਹ ਬਹੁਤ ਖ਼ੁਸ਼ ਸਨ। ਉਨ੍ਹਾਂ ਦੇ ਹੱਥ ਵਿਚ ਇਕ ਮੋਟੀ ਕਿਤਾਬ ਸੀ ਜੋ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਤੋਂ ਲਈ ਸੀ। ਉਨ੍ਹਾਂ ਨੇ ਸਾਨੂੰ ਕਿਹਾ: “ਨਿਆਣਿਓ, ਆ ਦੇਖੋ ਮੇਰੇ ਕੋਲ ਕੀ ਹੈ, ਪਵਿੱਤਰ ਬਾਈਬਲ!” ਮੈਂ ਪਹਿਲਾਂ ਕਦੇ ਵੀ ਬਾਈਬਲ ਨਹੀਂ ਦੇਖੀ ਸੀ।

ਰੂਡਾ ਸ਼ੌਲਸਕਾ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਕੈਥੋਲਿਕ ਚਰਚ ਦੇ ਹੱਥ ਵਿਚ ਸਨ। ਪਾਦਰੀਆਂ ਦੀ ਖਾਣਾਂ ਦੇ ਮਾਲਕਾਂ ਨਾਲ ਚੰਗੀ ਜਾਣ-ਪਛਾਣ ਸੀ ਜਿਸ ਕਰਕੇ ਉਨ੍ਹਾਂ ਦਾ ਖਾਣਾਂ ਦੇ ਮਜ਼ਦੂਰਾਂ ਤੇ ਬਹੁਤ ਰੋਹਬ ਸੀ। ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚਰਚ ਦੀ ਹਰ ਗੱਲ ਮੰਨਣੀ ਪੈਂਦੀ ਸੀ। ਜੇ ਕੋਈ ਚਰਚ ਨਾ ਜਾਂਦਾ ਜਾਂ ਮਾਫ਼ੀ ਮੰਗਣ ਦੀ ਰਸਮ ਨਾ ਨਿਭਾਉਂਦਾ, ਤਾਂ ਉਸ ਨੂੰ ਕਾਫ਼ਰ ਸਮਝਿਆ ਜਾਂਦਾ ਸੀ। ਇਸ ਤਰ੍ਹਾਂ ਦੀ ਗੁਸਤਾਖ਼ੀ ਦਾ ਮਤਲਬ ਸੀ ਨੌਕਰੀਓਂ ਹੱਥ ਧੋਣੇ। ਇਹੀ ਖ਼ਤਰਾ ਪਿਤਾ ਜੀ ਦੇ ਸਿਰ ਤੇ ਮੰਡਰਾ ਰਿਹਾ ਸੀ ਕਿਉਂਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਮਿਲਦੇ-ਗਿਲਦੇ ਸਨ। ਪਰ ਜਦ ਪਾਦਰੀ ਪਿਤਾ ਜੀ ਨੂੰ ਘਰ ਮਿਲਣ ਆਇਆ, ਤਾਂ ਪਿਤਾ ਜੀ ਨੇ ਸਭ ਦੇ ਸਾਮ੍ਹਣੇ ਕੈਥੋਲਿਕ ਚਰਚ ਦੀਆਂ ਝੂਠੀਆਂ ਸਿੱਖਿਆਵਾਂ ਦਾ ਪਰਦਾ ਫ਼ਾਸ਼ ਕੀਤਾ। ਸ਼ਰਮ ਦੇ ਮਾਰੇ ਪਾਦਰੀ ਨੇ ਗੱਲ ਉੱਥੇ ਹੀ ਛੱਡ ਦਿੱਤੀ ਅਤੇ ਪਿਤਾ ਜੀ ਦੀ ਨੌਕਰੀ ਹੱਥੋਂ ਜਾਂਦੀ-ਜਾਂਦੀ ਬਚ ਗਈ।

ਪਿਤਾ ਜੀ ਨੇ ਜਿਵੇਂ ਪਾਦਰੀ ਨਾਲ ਸਵਾਲ-ਜਵਾਬ ਕੀਤੇ ਸਨ, ਉਸ ਤੋਂ ਮੇਰਾ ਹੌਸਲਾ ਬਾਈਬਲ ਸਿੱਖਣ ਲਈ ਬੁਲੰਦ ਹੋ ਗਿਆ। ਸਹਿਜੇ-ਸਹਿਜੇ ਯਹੋਵਾਹ ਲਈ ਮੇਰਾ ਪਿਆਰ ਵਧਦਾ ਗਿਆ ਅਤੇ ਮੈਂ ਵੀ ਯਹੋਵਾਹ ਨਾਲ ਇਕ ਰਿਸ਼ਤਾ ਕਾਇਮ ਕਰ ਸਕਿਆ। ਕੁਝ ਮਹੀਨੇ ਬਾਅਦ ਅਸੀਂ ਯਹੋਵਾਹ ਦੇ ਗਵਾਹਾਂ ਨਾਲ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਹਾਜ਼ਰ ਹੋਏ। ਉੱਥੇ ਹਾਜ਼ਰ 30 ਜਣਿਆਂ ਨਾਲ ਪਿਤਾ ਜੀ ਦਾ ਪਰਿਚੈ ਇਸ ਤਰ੍ਹਾਂ ਕਰਾਇਆ ਗਿਆ: “ਇਹ ਹੈ ਯਹੋਨਾਦਾਬ ਦੇ ਮੈਂਬਰਾਂ ਵਿੱਚੋਂ ਇਕ।” ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਯਹੋਨਾਦਾਬ ਉਨ੍ਹਾਂ ਨੂੰ ਕਿਹਾ ਜਾਂਦਾ ਸੀ ਜਿਨ੍ਹਾਂ ਦੀ ਉਮੀਦ ਧਰਤੀ ਤੇ ਰਹਿਣ ਦੀ ਸੀ। *2 ਰਾਜਿਆਂ 10:15-17.

“ਜਵਾਨਾ, ਕੀ ਤੈਨੂੰ ਬਪਤਿਸਮੇ ਦਾ ਮਤਲਬ ਪਤਾ ਹੈ?”

ਸੱਚਾਈ ਕਬੂਲ ਕਰਨ ਤੋਂ ਬਾਅਦ ਪਿਤਾ ਜੀ ਨੇ ਪੀਣੀ ਛੱਡ ਦਿੱਤੀ ਤੇ ਉਹ ਹੁਣ ਚੰਗੇ ਇਨਸਾਨ ਬਣ ਗਏ ਸਨ। ਪਰ ਇਹ ਗੱਲ ਮੇਰੀ ਮਾਤਾ ਜੀ ਨੂੰ ਰਾਸ ਨਾ ਆਈ ਕਿਉਂਕਿ ਉਹ ਹਾਲੇ ਵੀ ਕੈਥੋਲਿਕ ਧਰਮ ਨੂੰ ਹੀ ਮੰਨਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬੁਰਾ ਪਤੀ ਮਨਜ਼ੂਰ ਸੀ, ਪਰ ਯਹੋਵਾਹ ਦਾ ਗਵਾਹ ਨਹੀਂ। ਪਰ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦੇ ਵਿਚਾਰ ਬਦਲ ਗਏ ਕਿਉਂਕਿ ਉਨ੍ਹਾਂ ਨੇ ਪਾਦਰੀਆਂ ਦਾ ਪਖੰਡ ਦੇਖਿਆ ਸੀ। ਜਿਹੜੇ ਪਾਦਰੀ ਪਹਿਲਾਂ ਜਰਮਨੀ ਹੱਥੋਂ ਪੋਲੈਂਡ ਦੀ ਆਜ਼ਾਦੀ ਲਈ ਪ੍ਰਾਰਥਨਾ ਕਰਦੇ ਹੁੰਦੇ ਸਨ, ਉਹੀ ਹੁਣ ਹਿਟਲਰ ਦੀ ਕਾਮਯਾਬੀ ਲਈ ਪਰਮੇਸ਼ੁਰ ਦਾ ਸ਼ੁਕਰੀਆ ਕਰ ਰਹੇ ਸਨ। ਫਿਰ 1941 ਵਿਚ ਮਾਤਾ ਜੀ ਵੀ ਸਾਡੇ ਸਾਰਿਆਂ ਨਾਲ ਰਲ ਕੇ ਯਹੋਵਾਹ ਦੀ ਭਗਤੀ ਕਰਨ ਲੱਗ ਪਏ।

ਮਾਤਾ ਜੀ ਵਿਚ ਇਹ ਬਦਲਾਅ ਆਉਣ ਤੋਂ ਕੁਝ ਚਿਰ ਪਹਿਲਾਂ ਦੀ ਗੱਲ ਹੈ ਕਿ ਮੈਂ ਕਲੀਸਿਯਾ ਦੇ ਬਜ਼ੁਰਗਾਂ ਨਾਲ ਬਪਤਿਸਮਾ ਲੈਣ ਦੀ ਗੱਲ ਕੀਤੀ ਸੀ। ਪਰ ਉਨ੍ਹਾਂ ਸੋਚਿਆ ਕਿ ਮੈਂ ਹਾਲੇ ਨਿਆਣਾ ਹਾਂ ਤੇ ਮੈਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਚਾਹੀਦਾ ਹੈ। ਫਿਰ ਜਦ 1940 ਵਿਚ ਮੈਂ ਦੁਬਾਰਾ ਬਪਤਿਸਮੇ ਦੀ ਗੱਲ ਤੋਰੀ, ਤਾਂ ਭਰਾ ਕੌਨਰੈਡ ਗ੍ਰਾਬੋਵੀ ਨੇ ਆਣ ਕੇ ਮੇਰੇ ਨਾਲ ਗੱਲਬਾਤ ਕੀਤੀ। (ਇਹ ਭਰਾ ਤਸ਼ੱਦਦ ਕੈਂਪ ਵਿਚ ਆਪਣੀ ਮੌਤ ਤਕ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ।) ਉਹ ਜਾਣਨਾ ਚਾਹੁੰਦਾ ਸੀ ਕਿ ਮੈਂ ਬਪਤਿਸਮੇ ਲਈ ਤਿਆਰ ਸੀ ਕਿ ਨਹੀਂ। ਉਸ ਨੇ ਮੈਨੂੰ ਪੰਜ ਸਵਾਲ ਪੁੱਛੇ। ਪੰਜਾਂ ਸਵਾਲਾਂ ਵਿੱਚੋਂ ਇਕ ਸੀ: “ਜਵਾਨਾ, ਕੀ ਤੈਨੂੰ ਬਪਤਿਸਮੇ ਦਾ ਮਤਲਬ ਪਤਾ ਹੈ?” ਫਿਰ ਉਸ ਨੇ ਕਿਹਾ: “ਹੁਣ ਤੈਨੂੰ ਪਤਾ ਹੀ ਹੈ ਕਿ ਲੜਾਈ ਸ਼ੁਰੂ ਹੋਣ ਕਰਕੇ ਤੈਨੂੰ ਫ਼ੈਸਲਾ ਕਰਨਾ ਪਵੇਗਾ ਕਿ ਕੀ ਤੂੰ ਯਹੋਵਾਹ ਦੇ ਪੱਖ ਵਿਚ ਖੜ੍ਹਾ ਹੋਵੇਂਗਾ ਜਾਂ ਹਿਟਲਰ ਦੇ। ਇਸ ਫ਼ੈਸਲੇ ਕਰਕੇ ਤੇਰੀ ਜਾਨ ਵੀ ਜਾ ਸਕਦੀ ਹੈ। ਕੀ ਤੂੰ ਇਹ ਫ਼ੈਸਲਾ ਕਰਨ ਲਈ ਤਿਆਰ ਹੈ?” ਮੈਂ ਬਿਨਾਂ ਕਿਸੇ ਘਬਰਾਹਟ ਕਿਹਾ: “ਮੈਂ ਤਿਆਰ ਹਾਂ।” ਜਦ ਉਸ ਨੂੰ ਤਸੱਲੀ ਹੋ ਗਈ, ਤਾਂ ਉਸ ਨੇ ਮੈਨੂੰ ਬਪਤਿਸਮਾ ਦੇ ਦਿੱਤਾ।

ਜ਼ੁਲਮ ਦੀ ਸ਼ੁਰੂਆਤ

ਇਸ ਭਰਾ ਨੇ ਮੈਨੂੰ ਇੰਨੇ ਸਿੱਧੇ ਸਵਾਲ ਕਿਉਂ ਪੁੱਛੇ ਸਨ? ਕਿਉਂਕਿ ਜਰਮਨ ਫ਼ੌਜ ਨੇ 1939 ਵਿਚ ਪੋਲੈਂਡ ਤੇ ਹਮਲਾ ਕਰ ਦਿੱਤਾ ਸੀ। ਉਦੋਂ ਤੋਂ ਸਾਰੇ ਭੈਣਾਂ-ਭਰਾਵਾਂ ਦੀ ਨਿਹਚਾ ਪਰਖੀ ਜਾ ਰਹੀ ਸੀ ਤੇ ਉਨ੍ਹਾਂ ਨੂੰ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਸੀ। ਹਰ ਬੀਤਦੇ ਦਿਨ ਨਾਲ ਮੁਸ਼ਕਲਾਂ ਪਹਾੜ ਵਾਂਗ ਵਧਦੀਆਂ ਜਾ ਰਹੀਆਂ ਸਨ। ਭੈਣਾਂ-ਭਰਾਵਾਂ ਨੂੰ ਜੇਲ੍ਹਾਂ ਤੇ ਤਸ਼ੱਦਦ ਕੈਂਪਾਂ ਵਿਚ ਸੁੱਟਿਆ ਜਾ ਰਿਹਾ ਸੀ। ਸਾਨੂੰ ਪਤਾ ਸੀ ਕਿ ਜਲਦ ਹੀ ਸਾਡੀ ਵਾਰੀ ਵੀ ਆਉਣ ਵਾਲੀ ਹੈ, ਇਸੇ ਲਈ ਭਰਾ ਨੇ ਮੈਨੂੰ ਇੰਨੇ ਸਿੱਧੇ ਸਵਾਲ ਪੁੱਛੇ ਸਨ।

ਨੌਜਵਾਨਾਂ ਨੂੰ ਨਾਜ਼ੀ ਆਪਣੇ ਰਾਜ ਦੇ ਜੋਸ਼ੀਲੇ ਮੈਂਬਰ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਦੀਆਂ ਨਜ਼ਰਾਂ ਸਾਡੇ ਚੌਹਾਂ ਭੈਣਾਂ-ਭਰਾਵਾਂ ਤੇ ਵੀ ਲੱਗੀਆਂ ਹੋਈਆਂ ਸਨ। ਮੇਰੇ ਮਾਤਾ-ਪਿਤਾ ਨੇ ਕਈ ਵਾਰੀ ਜਰਮਨ ਦੇ ਨਾਗਰਿਕਤਾ ਬਣਨ ਦੇ ਫਾਰਮ ਤੇ ਦਸਤਖਤ ਕਰਨ ਤੋਂ ਇਨਕਾਰ ਕੀਤਾ ਸੀ। ਇਸ ਲਈ ਨਾਜ਼ੀ ਸਰਕਾਰ ਨੇ ਸਾਨੂੰ ਸਾਰੇ ਬੱਚਿਆਂ ਨੂੰ ਸਾਡੇ ਮਾਪਿਆਂ ਤੋਂ ਜੁਦਾ ਕਰ ਦਿੱਤਾ। ਪਿਤਾ ਜੀ ਨੂੰ ਆਉਸ਼ਵਿਟਸ ਦੇ ਤਸ਼ੱਦਦ ਕੈਂਪ ਵਿਚ ਭੇਜ ਦਿੱਤਾ ਗਿਆ। ਫਰਵਰੀ 1944 ਵਿਚ ਮੈਨੂੰ ਅਤੇ ਮੇਰੇ ਭਰਾ ਨੂੰ ਨਾਇਸਾ ਦੇ ਲੱਗੇ ਇਕ ਸੁਧਾਰ ਕੈਂਪ ਵਿਚ ਭੇਜ ਦਿੱਤਾ ਗਿਆ। ਮੇਰੀਆਂ ਦੋਵੇਂ ਭੈਣਾਂ ਨੂੰ ਔਪਲਾ ਵਿਚ ਕੈਥੋਲਿਕ ਕਾਨਵੈਂਟ ਨੂੰ ਭੇਜ ਦਿੱਤਾ ਗਿਆ। ਸਰਕਾਰ ਨੇ ਇਹ ਸਭ ਕੁਝ ਇਸ ਖ਼ਿਆਲ ਨਾਲ ਕੀਤਾ ਸੀ ਤਾਂਕਿ ਅਸੀਂ ਆਪਣੇ ਮਾਪਿਆਂ ਤੋਂ ਸਿੱਖੀਆਂ ਗੱਲਾਂ ਨੂੰ ਛੱਡ ਦੇਈਏ। ਮੇਰੇ ਮਾਤਾ ਜੀ ਇਕੱਲੇ ਘਰ ਰਹਿ ਗਏ ਸਨ।

ਸਵੇਰ ਨੂੰ ਹਰ ਰੋਜ਼ ਕੈਂਪ ਵਿਚ ਸਵਾਸਤਿਕ ਝੰਡਾ ਲਹਿਰਾਇਆ ਜਾਂਦਾ ਸੀ। ਸਾਨੂੰ ਸਾਰਿਆਂ ਨੂੰ ਝੰਡੇ ਨੂੰ ਸਲਾਮੀ ਦੇਣ ਅਤੇ ਸੱਜਾ ਹੱਥ ਉਤਾਹਾਂ ਚੁੱਕ ਕੇ “ਹਾਈਲ ਹਿਟਲਰ” ਕਹਿਣ ਦਾ ਹੁਕਮ ਸੁਣਾਇਆ ਗਿਆ ਸੀ। ਹੁਕਮ ਨੂੰ ਠੁਕਰਾਉਣਾ ਸਾਡੇ ਲਈ ਆਸਾਨ ਨਹੀਂ ਸੀ ਕਿਉਂਕਿ ਠੁਕਰਾਉਣ ਦਾ ਮਤਲਬ ਸੀ ਬੁਰੀ ਤਰ੍ਹਾਂ ਕੁੱਟ ਖਾਣੀ। ਪਰ ਫਿਰ ਵੀ ਮੈਂ ਤੇ ਬਰਨਾਰਡ ਨੇ ਆਪਣੀ ਨਿਹਚਾ ਦਾ ਸਮਝੌਤਾ ਨਹੀਂ ਕੀਤਾ ਅਤੇ ਝੰਡੇ ਨੂੰ ਸਲਾਮੀ ਦੇਣ ਤੋਂ ਇਨਕਾਰ ਕੀਤਾ। ਨਤੀਜੇ ਵਜੋਂ ਸਾਨੂੰ ਦੋਵਾਂ ਨੂੰ ਬਹੁਤ ਕੁੱਟ ਖਾਣੀ ਪਾਈ। ਸਾਡੀ ਨਿਹਚਾ ਤੋੜਨ ਦੀ ਜਦ ਉਨ੍ਹਾਂ ਦੀ ਹਰ ਕੋਸ਼ਿਸ਼ ਨਾਕਾਮਯਾਬ ਸਾਬਤ ਹੋਈ, ਤਾਂ ਹਿਟਲਰ ਦੇ ਸਿਪਾਹੀਆਂ ਨੇ ਸਾਨੂੰ ਆਖ਼ਰੀ ਚੇਤਾਵਨੀ ਦਿੱਤੀ: “ਜਾਂ ਤਾਂ ਤੁਸੀਂ ਇਸ ਫਾਰਮ ਤੇ ਦਸਤਖਤ ਕਰ ਕੇ ਜਰਮਨੀ ਦਾ ਸਾਥ ਦੇਵੋ ਤੇ ਹਿਟਲਰ ਦੀ ਫ਼ੌਜ ਵਿਚ ਭਰਤੀ ਹੋ ਜਾਓ, ਨਹੀਂ ਤਾਂ ਤੁਹਾਨੂੰ ਤਸ਼ੱਦਦ ਕੈਂਪ ਵਿਚ ਭੇਜ ਦਿੱਤਾ ਜਾਵੇਗਾ।”

ਅਗਸਤ 1944 ਵਿਚ ਅਧਿਕਾਰੀਆਂ ਨੇ ਸਾਨੂੰ ਤਸ਼ੱਦਦ ਕੈਂਪ ਨੂੰ ਭੇਜਣ ਦਾ ਹੁਕਮ ਦਿੱਤਾ। ਅਧਿਕਾਰੀਆਂ ਦਾ ਕਹਿਣਾ ਸੀ ਕਿ “ਇਨ੍ਹਾਂ ਦੇ ਵਿਚਾਰਾਂ ਨੂੰ ਬਦਲਣਾ ਨਾਮੁਮਕਿਨ ਹੈ। ਆਪਣੇ ਧਰਮ ਦੀ ਖ਼ਾਤਰ ਇਹ ਖ਼ੁਸ਼ੀ-ਖ਼ੁਸ਼ੀ ਦੁੱਖ ਝੱਲਣ ਨੂੰ ਵੀ ਤਿਆਰ ਹਨ। ਇਹ ਬਾਗ਼ੀ ਸਾਰੇ ਸੁਧਾਰ ਕੈਂਪ ਲਈ ਖ਼ਤਰਾ ਬਣ ਸਕਦੇ ਹਨ।” ਭਾਵੇਂ ਮੇਰੇ ਵਿਚ ਕੋਈ ਸ਼ਹੀਦੀ ਦਾ ਜਜ਼ਬਾ ਨਹੀਂ ਸੀ, ਪਰ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਮੈਨੂੰ ਹਰ ਦੁੱਖ ਝੱਲਣਾ ਮਨਜ਼ੂਰ ਸੀ। (ਰਸੂਲਾਂ ਦੇ ਕਰਤੱਬ 5:41) ਜੋ ਦੁੱਖ ਮੇਰੇ ਉੱਤੇ ਆਉਣ ਵਾਲੇ ਸਨ, ਉਨ੍ਹਾਂ ਨੂੰ ਮੈਂ ਕਦੇ ਵੀ ਆਪਣੇ ਬਲਬੂਤੇ ਤੇ ਨਹੀਂ ਝੱਲ ਸਕਦਾ ਸੀ। ਮੈਂ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ। ਇੱਦਾਂ ਮੇਰਾ ਰਿਸ਼ਤਾ ਉਸ ਨਾਲ ਮਜ਼ਬੂਤ ਹੁੰਦਾ ਗਿਆ ਤੇ ਉਸ ਨੇ ਮੇਰੀ ਪੈਰ-ਪੈਰ ਤੇ ਮਦਦ ਕੀਤੀ।—ਇਬਰਾਨੀਆਂ 13:6.

ਤਸ਼ੱਦਦ ਕੈਂਪ ਵਿਚ

ਮੈਨੂੰ ਸਾਏਲੀਜ ਦੇ ਗ੍ਰੋਸ-ਰੋਜ਼ਨ ਤਸ਼ੱਦਦ ਕੈਂਪ ਵਿਚ ਲਿਜਾਇਆ ਗਿਆ। ਇੱਥੇ ਮੈਨੂੰ ਇਕ ਨੰਬਰ ਅਤੇ ਯਹੋਵਾਹ ਦੇ ਗਵਾਹ ਵਜੋਂ ਮੇਰੀ ਪਛਾਣ ਕਰਵਾਉਣ ਲਈ ਜਾਮਣੀ ਰੰਗ ਦਾ ਤਿਕੋਣ ਦਿੱਤਾ ਗਿਆ। ਹਿਟਲਰ ਦੇ ਸਿਪਾਹੀਆਂ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਇਕ ਸ਼ਰਤ ਤੇ ਆਜ਼ਾਦ ਕਰ ਦੇਣਗੇ ਅਤੇ ਨਾਜ਼ੀ ਫ਼ੌਜ ਦਾ ਇਕ ਅਫ਼ਸਰ ਵੀ ਬਣਾ ਦੇਣਗੇ। ਸ਼ਰਤ ਇਹ ਸੀ ਕਿ ਮੈਂ ਯਹੋਵਾਹ ਦੇ ਗਵਾਹਾਂ ਨਾਲ ਕੋਈ ਤਅੱਲਕ ਨਾ ਰੱਖਾਂ। ਗਵਾਹਾਂ ਤੋਂ ਛੁੱਟ ਹੋਰ ਕਿਸੇ ਨੂੰ ਵੀ ਇੱਦਾਂ ਦਾ ਮੌਕਾ ਨਹੀਂ ਦਿੱਤੀ ਗਿਆ ਸੀ। ਹਜ਼ਾਰਾਂ ਹੋਰ ਗਵਾਹਾਂ ਦੀ ਤਰ੍ਹਾਂ ਮੈਂ ਵੀ ਇੱਦਾਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਫਿਰ ਸਿਪਾਹੀਆਂ ਨੇ ਮੈਨੂੰ ਧਮਕੀ ਦਿੱਤੀ: “ਸੋਚ-ਸਮਝ ਕੇ ਫ਼ੈਸਲਾ ਕਰੀਂ, ਨਹੀਂ ਤਾਂ ਤੈਨੂੰ ਫੂਕ ਕੇ ਇਸ ਚਿਮਨੀ ਤੋਂ ਬਹਾਰ ਕੱਢਾਂਗੇ।” ਮੈਂ ਉਨ੍ਹਾਂ ਦੀ ਸ਼ਰਤ ਨੂੰ ਮਨਜ਼ੂਰ ਨਾ ਕੀਤਾ ਤੇ ਉਸੇ ਪਲ ਮੈਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲੀ।—ਫ਼ਿਲਿੱਪੀਆਂ 4:6, 7.

ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਮੈਨੂੰ ਹੋਰਾਂ ਗਵਾਹਾਂ ਨਾਲ ਮਿਲਾ ਦੇਵੇ। ਉਸ ਨੇ ਮੇਰੀ ਸੁਣੀ ਤੇ ਮੈਂ ਕਈ ਗਵਾਹਾਂ ਨੂੰ ਮਿਲ ਪਾਇਆ। ਇਨ੍ਹਾਂ ਵਿੱਚੋਂ ਇਕ ਦਾ ਨਾਮ ਸੀ ਗੁਸਟਾਫ ਬਾਓਮਟ। ਇਸ ਭਰਾ ਨੇ ਮੇਰੀ ਬਹੁਤ ਦੇਖ-ਭਾਲ ਕੀਤੀ। ਵਾਕਈ ਯਹੋਵਾਹ “ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ।”—2 ਕੁਰਿੰਥੀਆਂ 1:3.

ਫਿਰ ਕੁਝ ਮਹੀਨਿਆਂ ਬਾਅਦ ਰੂਸੀ ਫ਼ੌਜਾਂ ਦੇ ਡਰ ਨੇ ਨਾਜ਼ੀ ਸਿਪਾਹੀਆਂ ਨੂੰ ਕੈਂਪ ਖਾਲੀ ਕਰਨ ਲਈ ਮਜਬੂਰ ਕਰ ਦਿੱਤਾ। ਅਸੀਂ ਕੈਂਪ ਨੂੰ ਛੱਡਣ ਦੀਆਂ ਤਿਆਰੀਆਂ ਵਿਚ ਸੀ ਅਤੇ ਅਸੀਂ ਭਰਾਵਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਨਾਲ ਲੱਗਦੇ ਔਰਤਾਂ ਦੇ ਕੈਂਪ ਵਿਚ ਆਪਣੀਆਂ ਭੈਣਾਂ ਦੀ ਖ਼ਬਰ ਲੈਣ ਗਏ। ਉੱਥੇ ਸਾਡੀਆਂ ਤਕਰੀਬਨ 20 ਕੁ ਭੈਣਾਂ ਸਨ। ਸਾਨੂੰ ਆਉਂਦਿਆਂ ਦੇਖ ਕੇ ਭੈਣਾਂ ਮਿਲਣ ਲਈ ਭੱਜੀਆਂ ਆਈਆਂ। ਇਕ-ਦੂਜੇ ਦਾ ਹਾਲ ਪੁੱਛਣ ਤੋਂ ਬਾਅਦ ਅਸੀਂ ਯਹੋਵਾਹ ਦਾ ਧੰਨਵਾਦ ਕੀਤਾ। ਫਿਰ ਭੈਣਾਂ ਨੇ ਮਿਲ ਕੇ ਇਕ ਗਾਣਾ ਗਾਇਆ ਜਿਸ ਤੋਂ ਸਾਨੂੰ ਯਹੋਵਾਹ ਦੀ ਭਗਤੀ ਵਿਚ ਲੱਗੇ ਰਹਿਣ ਦੀ ਹਿੰਮਤ ਮਿਲੀ। ਇਹ ਸਭ ਦੇਖ ਕੇ ਸਾਡੇ ਸਾਰਿਆਂ ਦੀਆਂ ਅੱਖਾਂ ਭਰ ਆਈਆਂ।

ਇਕ ਹੋਰ ਕੈਂਪ ਵਿਚ

ਸਾਨੂੰ ਕੈਂਪ ਵਿੱਚੋਂ ਕੱਢ ਕੇ ਨਾਜ਼ੀ ਸਿਪਾਹੀਆਂ ਨੇ ਮਾਲ ਗੱਡੀ ਵਿਚ ਤੁੰਨ ਦਿੱਤਾ। ਗੱਡੀ ਦੇ ਇਕ-ਇਕ ਡੱਬੇ ਵਿਚ 100 ਤੋਂ 150 ਜਣੇ ਸਨ। ਅਸੀਂ ਭੁੱਖੇ-ਪਿਆਸਿਆਂ ਨੇ ਕੜਾਕੇ ਦੀ ਠੰਢ ਵਿਚ ਸਫ਼ਰ ਕੀਤਾ। ਅਸੀਂ ਭੁੱਖ-ਪਿਆਸ ਨਾਲ ਤੜਫ ਰਹੇ ਸੀ ਅਤੇ ਉੱਪਰ ਦੀ ਸਾਨੂੰ ਜ਼ੋਰਾਂ ਦਾ ਬੁਖ਼ਾਰ ਚੜ੍ਹਿਆ ਸੀ। ਸਫ਼ਰ ਦੇ ਥਕੇਵੇਂ ਅਤੇ ਬੀਮਾਰੀ ਕਾਰਨ ਕਈ ਕੈਦੀ ਮਰਨੇ ਸ਼ੁਰੂ ਹੋ ਗਏ ਤੇ ਇੱਦਾਂ ਗੱਡੀ ਦੇ ਡੱਬਿਆਂ ਵਿਚ ਭੀੜ ਘੱਟਦੀ ਗਈ। ਮੇਰੀਆਂ ਲੱਤਾਂ ਅਤੇ ਜੋੜਾਂ ਵਿਚ ਇੰਨੀ ਸੋਜ ਪਈ ਹੋਈ ਸੀ ਕਿ ਮੇਰੇ ਕੋਲੋਂ ਖੜ੍ਹਾ ਨਹੀਂ ਸੀ ਹੋਇਆ ਜਾਂਦਾ। ਦਸ ਦਿਨਾਂ ਦਾ ਸਫ਼ਰ ਤੈਅ ਕਰ ਕੇ ਅਸੀਂ ਮਿਟਲਬਾਓ-ਡੋਰਾ ਕੈਂਪ ਵਿਚ ਪਹੁੰਚੇ। ਇਹ ਕੈਂਪ ਵਾਇਮਾਰ ਸ਼ਹਿਰ ਵਿਚ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਖ਼ਤਰਨਾਕ ਸਫ਼ਰ ਦੌਰਾਨ ਇਕ ਵੀ ਭਰਾ ਦੀ ਜਾਨ ਨਹੀਂ ਗਈ।

ਸਫ਼ਰ ਦਾ ਥਕੇਵਾਂ ਅਜੇ ਟੁੱਟਿਆ ਹੀ ਸੀ ਕਿ ਕੈਂਪ ਵਿਚ ਇਕ ਹੋਰ ਬੀਮਾਰੀ ਨੇ ਘਰ ਕਰ ਲਿਆ। ਇਸ ਦੀ ਲਪੇਟ ਵਿਚ ਮੈਂ ਤੇ ਕਈ ਹੋਰ ਭਰਾ ਵੀ ਆ ਗਏ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਕਿਹਾ ਗਿਆ ਸੀ ਕਿ ਅਸੀਂ ਥੋੜ੍ਹੇ ਕੁ ਦਿਨਾਂ ਲਈ ਕੈਂਪ ਵਿਚ ਵਰਤਾਏ ਜਾਂਦੇ ਸੂਪ ਦੀ ਜਗ੍ਹਾ ਜਲ਼ੀ ਹੋਈ ਡਬਲਰੋਟੀ ਹੀ ਖਾਈਏ। ਮੈਂ ਇੱਦਾਂ ਹੀ ਕੀਤਾ ਅਤੇ ਥੋੜ੍ਹੇ ਕੁ ਦਿਨਾਂ ਵਿਚ ਠੀਕ ਹੋ ਗਿਆ। ਮਾਰਚ ਵਿਚ ਸਾਨੂੰ ਪਤਾ ਲੱਗਾ ਕਿ 1945 ਲਈ ਚੁਣਿਆ ਗਿਆ ਬਾਈਬਲ ਦਾ ਹਵਾਲਾ ਮੱਤੀ 28:19 ਸੀ। ਇਸ ਵਿਚ ਲਿਖਿਆ ਹੈ, “ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” ਇਸ ਤੋਂ ਸਾਨੂੰ ਆਸ ਮਿਲੀ ਕਿ ਜਲਦ ਹੀ ਅਸੀਂ ਆਜ਼ਾਦ ਹੋ ਕੇ ਦੁਬਾਰਾ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਪਾਵਾਂਗੇ। ਅਸੀਂ ਸਾਰੇ ਬਹੁਤ ਖ਼ੁਸ਼ ਸੀ ਕਿਉਂਕਿ ਉਦੋਂ ਸਾਡੀ ਉਮੀਦ ਇਹੀ ਸੀ ਕਿ ਦੂਜੇ ਵਿਸ਼ਵ ਯੁੱਧ ਦੇ ਅੰਤ ਵਿਚ ਆਰਮਾਗੇਡਨ ਆ ਜਾਵੇਗਾ। ਇਸ ਮੁਸ਼ਕਲ ਸਮੇਂ ਦੌਰਾਨ ਯਹੋਵਾਹ ਨੇ ਸਾਡੀ ਮਦਦ ਕੀਤੀ।

ਆਜ਼ਾਦੀ ਦੇ ਦਿਨ ਆਏ

ਅਪ੍ਰੈਲ 1945 ਵਿਚ ਮਿੱਤਰ ਫ਼ੌਜਾਂ ਨੇ ਨਾਜ਼ੀ ਬੈਰਕ ਅਤੇ ਕੈਂਪ ਤੇ ਬੰਬ ਸੁੱਟੇ। ਇਸ ਧਮਕੇ ਵਿਚ ਕਈ ਫੱਟੜ ਹੋਏ ਤੇ ਕਈ ਮਾਰੇ ਗਏ। ਅਗਲੇ ਦਿਨ ਇਕ ਤੋਂ ਬਾਅਦ ਇਕ ਧਮਾਕਾ ਹੋਇਆ। ਇਕ ਬੰਬ ਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਮੈਂ ਹਵਾ ਵਿਚ ਕਲਾਬਾਜ਼ੀਆਂ ਖਾਂਦਾ ਥਾੜ ਕਰ ਕੇ ਥੱਲੇ ਡਿੱਗਿਆ।

ਇਸ ਗੋਲਾਬਾਰੀ ਵਿਚ ਭਰਾ ਫ੍ਰਿਟਸ ਉਲਰਿਕ ਮੇਰੀ ਮਦਦ ਕਰਨ ਆਇਆ। ਉਸ ਨੂੰ ਲੱਗਦਾ ਸੀ ਕਿ ਮੈਂ ਹਾਲੇ ਵੀ ਜ਼ਿੰਦਾ ਹਾਂ, ਇਸ ਲਈ ਉਹ ਮੈਨੂੰ ਮਲਬੇ ਦੇ ਢੇਰ ਵਿੱਚੋਂ ਲੱਭਣ ਲੱਗਾ। ਜਦ ਉਸ ਦੀ ਨਜ਼ਰ ਮੇਰੇ ਤੇ ਪਾਈ, ਤਾਂ ਉਸ ਨੇ ਮੈਨੂੰ ਘੜੀਸ ਕੇ ਢੇਰ ਥੱਲਿਓਂ ਕੱਢ ਲਿਆ। ਹੋਸ਼ ਆਉਣ ਤੇ ਮੈਨੂੰ ਪਤਾ ਲੱਗਾ ਕਿ ਮੇਰੇ ਮੂੰਹ ਅਤੇ ਸਰੀਰ ਤੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਮੈਨੂੰ ਕੁਝ ਸੁਣਾਈ ਨਹੀਂ ਸੀ ਦੇ ਰਿਹਾ। ਬੰਬ ਦੇ ਧਮਾਕਿਆਂ ਦਾ ਮੇਰੇ ਕੰਨਾਂ ਤੇ ਕਾਫ਼ੀ ਅਸਰ ਪਿਆ। ਕਈ ਸਾਲਾਂ ਬਾਅਦ ਜਾ ਕੇ ਮੈਨੂੰ ਚੰਗੀ ਤਰ੍ਹਾਂ ਸੁਣਾਈ ਦੇਣ ਲੱਗਾ।

ਹਜ਼ਾਰਾਂ ਕੈਦੀਆਂ ਵਿੱਚੋਂ ਕੁਝ ਹੀ ਇਸ ਬੰਬਾਰੀ ਵਿੱਚੋਂ ਬਚ ਨਿਕਲੇ ਸਨ, ਪਰ ਭਰਾ ਗੁਸਟਾਫ ਬਾਓਮਟ ਅਤੇ ਕਈ ਹੋਰ ਭਰਾ ਵੀ ਮਾਰੇ ਗਏ। ਬੰਬਾਰੀ ਵਿਚ ਜਿਹੜੀਆਂ ਮੇਰੇ ਸੱਟਾਂ ਲੱਗੀਆਂ ਸਨ, ਉਨ੍ਹਾਂ ਵਿਚ ਇਨਫ਼ੈਕਸ਼ਨ ਹੋ ਗਈ। ਨਾਲ ਹੀ ਮੈਨੂੰ ਤੇਜ਼ ਬੁਖ਼ਾਰ ਚੜ੍ਹ ਗਿਆ। ਜਲਦ ਹੀ ਮਿੱਤਰ ਫ਼ੌਜਾਂ ਸਾਡੇ ਤਕ ਪਹੁੰਚੀਆਂ ਅਤੇ ਉਨ੍ਹਾਂ ਨੇ ਸਾਨੂੰ ਆਜ਼ਾਦ ਕਰ ਦਿੱਤਾ। ਪਰ ਇਸ ਸਭ ਦੇ ਦੌਰਾਨ ਲਾਸ਼ਾਂ ਗਲਣੀਆਂ ਸ਼ੁਰੂ ਹੋ ਗਈਆਂ ਜਿਸ ਨਾਲ ਟਾਈਫਸ ਦੀ ਬੀਮਾਰੀ ਛਿੜ ਪਈ। ਇਹ ਬੀਮਾਰੀ ਵੀ ਮੈਨੂੰ ਲੱਗ ਗਈ। ਹੋਰ ਕਈ ਬੀਮਾਰਾਂ ਦੇ ਨਾਲ ਮੈਨੂੰ ਵੀ ਹਸਪਤਾਲ ਲਿਆਂਦਾ ਗਿਆ। ਸਾਰਿਆਂ ਨੂੰ ਬਚਾਉਣ ਲਈ ਡਾਕਟਰਾਂ ਨੇ ਆਪਣਾ ਪੂਰਾ ਜ਼ੋਰ ਲਾਇਆ, ਪਰ ਫਿਰ ਵੀ ਉਹ ਸਿਰਫ਼ ਤਿੰਨ ਜਣਿਆਂ ਨੂੰ ਹੀ ਬਚਾ ਪਾਏ! ਮੈਂ ਯਹੋਵਾਹ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਉਸ ਦੀ ਮਦਦ ਨਾਲ ਮੈਂ ਇੰਨੇ ਔਖੇ ਸਮੇਂ ਵਿਚ ਵੀ ਉਸ ਪ੍ਰਤੀ ਵਫ਼ਾਦਾਰ ਰਹਿ ਸਕਿਆ। ਮੈਂ ਯਹੋਵਾਹ ਦਾ ਦਿਲੋਂ ਧੰਨਵਾਦੀ ਹਾਂ ਕਿ ਉਸ ਨੇ ਮੈਨੂੰ ਨਾਚੀਜ਼ ਨੂੰ “ਮੌਤ ਦੀ ਛਾਂ ਦੀ ਵਾਦੀ” ਤੋਂ ਬਚਾਇਆ।—ਜ਼ਬੂਰਾਂ ਦੀ ਪੋਥੀ 23:4.

ਵਾਪਸ ਆਪਣੇ ਘਰ

ਜਰਮਨੀ ਦੇ ਲੜਾਈ ਹਾਰ ਜਾਣ ਤੋਂ ਬਾਅਦ ਮੈਂ ਜਲਦ ਤੋਂ ਜਲਦ ਵਾਪਸ ਆਪਣੇ ਘਰ ਜਾਣਾ ਚਾਹੁੰਦਾ ਸੀ। ਪਰ ਇਕ ਦਿਨ ਮੈਨੂੰ ਰਾਹ ਵਿਚ ਕੁਝ ਬੰਦਿਆਂ ਨੇ ਘੇਰ ਲਿਆ। ਇਹ ਬੰਦੇ ਕੈਥੋਲਿਕ ਐਕਸ਼ਨ ਗਰੁੱਪ ਦੇ ਮੈਂਬਰ ਸਨ ਜੋ ਪਹਿਲਾਂ ਕੈਦੀ ਸਨ। ਮੈਨੂੰ ਦੇਖ ਕੇ ਉਹ ਚਲਾਉਣ ਲੱਗੇ: “ਇਹ ਨੂੰ ਮਾਰ ਸੁੱਟੋ।” ਜਦ ਉਹ ਮੈਨੂੰ ਬੇਰਹਿਮੀ ਨਾਲ ਕੁੱਟ ਰਹੇ ਸੀ, ਤਾਂ ਰਾਹ ਜਾਂਦੇ ਇਕ ਬੰਦੇ ਨੇ ਮੈਨੂੰ ਬਚਾਇਆ। ਇਕ ਤਾਂ ਮੈਂ ਪਹਿਲਾਂ ਹੀ ਟਾਈਫਸ ਕਰਕੇ ਕਮਜ਼ੋਰ ਸੀ ਤੇ ਦੂਜਾ ਇਸ ਮਾਰ ਨੇ ਮੇਰੀ ਸਿਹਤ ਹੋਰ ਵੀ ਖ਼ਰਾਬ ਕਰ ਦਿੱਤੀ। ਮੈਨੂੰ ਠੀਕ ਹੋਣ ਨੂੰ ਕਾਫ਼ੀ ਸਮਾਂ ਲੱਗ ਗਿਆ। ਆਖ਼ਰ ਉਹ ਦਿਨ ਆ ਹੀ ਗਿਆ ਜਦ ਮੈਂ ਵਾਪਸ ਆਪਣੇ ਘਰ ਪਹੁੰਚਿਆ। ਮੈਂ ਆਪਣੇ ਪਰਿਵਾਰ ਨੂੰ ਮਿਲਣ ਲਈ ਬਹੁਤ ਹੀ ਉਤਾਵਲਾ ਸੀ! ਮੇਰਾ ਪਰਿਵਾਰ ਵੀ ਮੈਨੂੰ ਦੇਖ ਕੇ ਬਹੁਤ ਖ਼ੁਸ਼ ਹੋਇਆ ਕਿਉਂਕਿ ਉਨ੍ਹਾਂ ਦੇ ਭਾਣੇ ਮੈਂ ਮਰ ਚੁੱਕਾ ਸੀ।

ਜਲਦ ਹੀ ਅਸੀਂ ਪ੍ਰਚਾਰ ਦੇ ਕੰਮ ਵਿਚ ਰੁੱਝ ਗਏ ਤੇ ਬਹੁਤ ਸਾਰੇ ਨੇਕਦਿਲ ਲੋਕਾਂ ਨੇ ਸੱਚਾਈ ਨੂੰ ਕਬੂਲ ਕੀਤਾ। ਮੈਨੂੰ ਕਲੀਸਿਯਾਵਾਂ ਲਈ ਰਸਾਲੇ ਤੇ ਕਿਤਾਬਾਂ ਵਗੈਰਾ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਮੈਨੂੰ ਤੇ ਕੁਝ ਹੋਰ ਭਰਾਵਾਂ ਨੂੰ ਜਰਮਨ ਬ੍ਰਾਂਚ ਆਫ਼ਿਸ ਤੋਂ ਆਏ ਗਵਾਹਾਂ ਨੂੰ ਵਾਇਮਾਰ ਵਿਚ ਮਿਲਣ ਦਾ ਮੌਕਾ ਮਿਲਿਆ। ਉੱਥੋਂ ਅਸੀਂ ਆਪਣੇ ਨਾਲ ਪਹਿਰਾਬੁਰਜ ਦੇ ਰਸਾਲੇ ਲਿਆਂਦੇ। ਯੁੱਧ ਤੋਂ ਬਾਅਦ ਇਹ ਜਰਮਨ ਭਾਸ਼ਾ ਵਿਚ ਪਹਿਰਾਬੁਰਜ ਦੇ ਪਹਿਲੇ ਅੰਕ ਸਨ ਜੋ ਪੋਲੈਂਡ ਵਿਚ ਲਿਆਂਦੇ ਗਏ। ਇਨ੍ਹਾਂ ਰਸਾਲਿਆਂ ਦਾ ਪੋਲਿਸ਼ ਭਾਸ਼ਾ ਵਿਚ ਤਰਜਮਾ ਕੀਤਾ ਗਿਆ ਅਤੇ ਇਨ੍ਹਾਂ ਦੀਆਂ ਕਾਪੀਆਂ ਵੀ ਛਾਪੀਆਂ ਗਈਆਂ। ਜਦ ਪੋਲੈਂਡ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਲਾਡਜ਼ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਆਫ਼ਿਸ ਨੇ ਸੰਭਾਲ ਲਈ, ਤਾਂ ਪੋਲੈਂਡ ਦੀਆਂ ਸਾਰੀਆਂ ਕਲੀਸਿਯਾਵਾਂ ਨੂੰ ਬਾਕਾਇਦਾ ਰਸਾਲੇ ਤੇ ਹੋਰ ਕਿਤਾਬਾਂ ਵਗੈਰਾ ਮਿਲਣ ਲੱਗ ਪਈਆਂ। ਮੈਂ ਸਾਏਲੀਜ ਵਿਚ ਸਪੈਸ਼ਲ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਤਕਰੀਬਨ ਇਹ ਸਾਰਾ ਇਲਾਕਾ ਪੋਲੈਂਡ ਦਾ ਹਿੱਸਾ ਹੈ।

ਜਲਦ ਹੀ ਯਹੋਵਾਹ ਦੇ ਗਵਾਹ ਫਿਰ ਤੋਂ ਜ਼ੁਲਮ ਦੇ ਸ਼ਿਕਾਰ ਬਣੇ। ਇਸ ਵਾਰੀ ਪੋਲੈਂਡ ਦੀ ਕਮਿਊਨਿਸਟ ਹਕੂਮਤ ਨੇ ਉਨ੍ਹਾਂ ਉੱਤੇ ਜ਼ੁਲਮ ਢਾਹੇ। ਅਸੀਂ ਆਪਣੇ ਵਿਸ਼ਵਾਸਾਂ ਕਰਕੇ ਲੜਾਈ ਵਿਚ ਹਿੱਸਾ ਨਹੀਂ ਲੈਂਦੇ ਸੀ, ਇਸ ਲਈ 1948 ਵਿਚ ਮੈਨੂੰ ਦੋ ਸਾਲਾਂ ਲਈ ਕੈਦ ਦੀ ਸਜ਼ਾ ਦਿੱਤੀ ਗਈ। ਕੈਦ ਵਿਚ ਮੈਂ ਕਈਆਂ ਦੀ ਯਹੋਵਾਹ ਬਾਰੇ ਸਿੱਖਣ ਵਿਚ ਮਦਦ ਕੀਤੀ। ਇਨ੍ਹਾਂ ਵਿੱਚੋਂ ਇਕ ਨੇ ਸੱਚਾਈ ਨੂੰ ਕਬੂਲ ਕਰ ਕੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪੀ ਤੇ ਬਪਤਿਸਮਾ ਲਿਆ।

1952 ਵਿਚ ਮੈਨੂੰ ਫਿਰ ਤੋਂ ਜੇਲ੍ਹ ਦੀ ਹਵਾ ਖਾਣੀ ਪਈ। ਇਸ ਵਾਰੀ ਮੇਰੇ ਤੇ ਇਹ ਇਲਜ਼ਾਮ ਲਾਇਆ ਗਿਆ ਕਿ ਮੈਂ ਅਮਰੀਕਾ ਦਾ ਇਕ ਜਾਸੂਸ ਹਾਂ। ਮੇਰੇ ਮੁਕੱਦਮੇ ਤੋਂ ਪਹਿਲਾਂ ਮੈਨੂੰ ਕਾਲ ਕੋਠੜੀ ਵਿਚ ਇਕੱਲਿਆਂ ਬੰਦ ਰੱਖਿਆ ਗਿਆ ਅਤੇ ਦਿਨ-ਰਾਤ ਮੇਰੇ ਤੋਂ ਪੁੱਛ-ਪੜਤਾਲ ਕੀਤੀ ਜਾਂਦੀ ਸੀ। ਇਕ ਵਾਰ ਫਿਰ ਯਹੋਵਾਹ ਨੇ ਮੈਨੂੰ ਇਨ੍ਹਾਂ ਜ਼ਾਲਮਾਂ ਦੇ ਹੱਥੋਂ ਛੁਡਾਇਆ ਤੇ ਇਸ ਤੋਂ ਬਾਅਦ ਮੈਨੂੰ ਕੋਈ ਤਸੀਹਾ ਨਹੀਂ ਸਹਿਣਾ ਪਿਆ।

ਮੈਂ ਇਹ ਸਭ ਕੁਝ ਕਿਵੇਂ ਸਹਿ ਸਕਿਆ

ਆਪਣੇ ਅਤੀਤ ਵਿਚ ਝਾਤੀ ਮਾਰਦਿਆਂ ਮੈਂ ਦੇਖ ਸਕਦਾ ਹਾਂ ਕਿ ਦੁੱਖ ਭਰੇ ਸਮੇਂ ਵਿਚ ਮੈਨੂੰ ਕਿੱਥੋਂ ਮਦਦ ਮਿਲੀ ਸੀ। ਸਭ ਤੋਂ ਪਹਿਲਾਂ ਮੈਨੂੰ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਬਚਨ ਬਾਈਬਲ ਤੋਂ ਮਦਦ ਮਿਲੀ। ‘ਸਰਬ ਦਿਲਾਸੇ ਦੇ ਪਰਮੇਸ਼ੁਰ’ ਯਹੋਵਾਹ ਅੱਗੇ ਲਗਾਤਾਰ ਪ੍ਰਾਰਥਨਾ ਕਰਦੇ ਰਹਿਣ ਨਾਲ ਅਤੇ ਉਸ ਦੇ ਬਚਨ ਦੀ ਸਟੱਡੀ ਕਰਨ ਨਾਲ ਮੈਂ ਆਪਣਾ ਰਿਸ਼ਤਾ ਯਹੋਵਾਹ ਨਾਲ ਬਰਕਰਾਰ ਰੱਖ ਸਕਿਆ। ਪਹਿਰਾਬੁਰਜ ਦੀਆਂ ਹੱਥ-ਲਿਖਤ ਕਾਪੀਆਂ ਤੋਂ ਵੀ ਮੈਨੂੰ ਬਹੁਤ ਮਦਦ ਮਿਲੀ। ਕੈਂਪ ਵਿਚ ਮੈਨੂੰ ਭਰਾਵਾਂ ਤੋਂ ਵੀ ਹਿੰਮਤ ਮਿਲੀ ਜੋ ਹਮੇਸ਼ਾ ਇਕ-ਦੂਜੇ ਦੀ ਮਦਦ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ।

ਯਹੋਵਾਹ ਨੇ ਮੈਨੂੰ ਬਹੁਤ ਬਰਕਤਾਂ ਦਿੱਤੀਆਂ। ਇਕ ਬਰਕਤ ਸੀ ਮੇਰੀ ਪਤਨੀ ਮਰਿਯਾ। ਸਾਡਾ ਵਿਆਹ ਅਕਤੂਬਰ 1950 ਵਿਚ ਹੋਇਆ ਸੀ। ਸਾਡੇ ਇਕ ਕੁੜੀ ਵੀ ਹੋਈ ਜਿਸ ਦਾ ਨਾਮ ਹਲੀਨਾ ਹੈ ਤੇ ਵੱਡੀ ਹੋ ਕੇ ਉਸ ਨੇ ਵੀ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾਈ। 35 ਸਾਲ ਵਿਆਹ ਤੋਂ ਬਾਅਦ ਇਕ ਬੀਮਾਰੀ ਨੇ ਮਰਿਯਾ ਦੀ ਜਾਨ ਲੈ ਲਈ। ਉਸ ਦੀ ਮੌਤ ਦਾ ਮੈਨੂੰ ਗਹਿਰਾ ਸਦਮਾ ਲੱਗਾ ਤੇ ਭਾਵੇਂ ਮੈਂ ਕੁਝ ਦੇਰ ਲਈ ‘ਡਿੱਗ ਪਿਆ ਸੀ’ ਯਹੋਵਾਹ ਨੇ ਮੈਨੂੰ ਸੰਭਾਲਿਆ। (2 ਕੁਰਿੰਥੀਆਂ 4:9) ਇਸ ਤਕਲੀਫ਼ ਦੇ ਸਮੇਂ ਵਿਚ ਮੇਰੀ ਕੁੜੀ, ਉਸ ਦੇ ਪਤੀ ਅਤੇ ਉਸ ਦੇ ਨਿਆਣਿਆਂ ਨੇ ਮੇਰੀ ਬਹੁਤ ਮਦਦ ਕੀਤੀ। ਇਹ ਸਾਰੇ ਹੀ ਯਹੋਵਾਹ ਦੀ ਭਗਤੀ ਕਰ ਰਹੇ ਹਨ।

1990 ਤੋਂ ਮੈਂ ਪੋਲੈਂਡ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਿਹਾ ਹਾਂ। ਬੈਥਲ ਦਾ ਇਕ ਹਿੱਸਾ ਹੋਣਾ ਮੇਰੇ ਲਈ ਬਹੁਤ ਵੱਡੇ ਸਨਮਾਨ ਦੀ ਗੱਲ ਹੈ। ਦਿਨ-ਬ-ਦਿਨ ਮੇਰੀ ਸਿਹਤ ਖ਼ਰਾਬ ਹੁੰਦੀ ਜਾ ਰਹੀ ਹੈ ਜਿਸ ਕਰਕੇ ਮੈਂ ਪਹਿਲਾਂ ਵਾਂਗ ਯਹੋਵਾਹ ਦੀ ਸੇਵਾ ਨਹੀਂ ਕਰ ਸਕਦਾ। ਪਰ ਫਿਰ ਵੀ ਭਵਿੱਖ ਲਈ ਮੇਰੀ ਆਸ ਅੱਜ ਵੀ ਪਹਿਲਾਂ ਵਾਂਗ ਪੱਕੀ ਹੈ। ਯਹੋਵਾਹ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ, ਇਸ ਲਈ “ਮੈਂ ਯਹੋਵਾਹ ਲਈ ਗਾਵਾਂਗਾ, ਉਸ ਨੇ ਮੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ।” (ਜ਼ਬੂਰਾਂ ਦੀ ਪੋਥੀ 13:6) ਮੈਂ ਉਸ ਦਿਨ ਲਈ ਅੱਖਾਂ ਵਿਛਾਈ ਬੈਠਾ ਹਾਂ ਜਦ ਯਹੋਵਾਹ ਸ਼ਤਾਨ ਦੇ ਇਸ ਬੁਰੇ ਸੰਸਾਰ ਦੇ ਸਾਰੇ ਅਸਰਾਂ ਤੋਂ ਸਾਨੂੰ ਮੁਕਤੀ ਦਿਲਾਵੇਗਾ।

[ਫੁਟਨੋਟ]

^ ਪੈਰਾ 8 1 ਜਨਵਰੀ 1998 ਦੇ ਪਹਿਰਾਬੁਰਜ ਦਾ ਸਫ਼ਾ 13, ਪੈਰਾ 6 ਦੇਖੋ।

[ਸਫ਼ਾ 10 ਉੱਤੇ ਤਸਵੀਰ]

ਤਸ਼ੱਦਦ ਕੈਂਪ ਵਿਚ ਮੈਨੂੰ ਇਹ ਨੰਬਰ ਅਤੇ ਜਾਮਣੀ ਰੰਗ ਦਾ ਤਿਕੋਣ ਮਿਲਿਆ ਸੀ

[ਸਫ਼ਾ 12 ਉੱਤੇ ਤਸਵੀਰ]

1980 ਵਿਚ ਮੈਂ ਤੇ ਮੇਰੀ ਪਤਨੀ ਮਰਿਯਾ