Skip to content

Skip to table of contents

ਦਾਨੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਦਾਨੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਦਾਨੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਇਕ ਬਾਈਬਲ ਕੋਸ਼ ਮੁਤਾਬਕ “ਬਾਈਬਲ ਦੀਆਂ ਪੋਥੀਆਂ ਵਿੱਚੋਂ ਦਾਨੀਏਲ ਦੀ ਪੋਥੀ ਸਭ ਤੋਂ ਦਿਲਚਸਪ ਹੈ। ਇਸ ਦੇ ਸਫ਼ੇ ਸਦੀਵੀ ਸੱਚਾਈਆਂ ਨਾਲ ਭਰੇ ਹੋਏ ਹਨ।” ਦਾਨੀਏਲ ਦਾ ਬਿਰਤਾਂਤ 618 ਈ. ਪੂ. ਤੋਂ ਸ਼ੁਰੂ ਹੁੰਦਾ ਹੈ ਜਦ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਰੂਸ਼ਲਮ ਸ਼ਹਿਰ ਨੂੰ ਘੇਰਾ ਪਾ ਕੇ ‘ਇਸਰਾਏਲੀਆਂ ਵਿੱਚੋਂ ਲੋਕਾਂ’ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ ਸੀ। (ਦਾਨੀਏਲ 1:1-3) ਇਨ੍ਹਾਂ ਵਿੱਚੋਂ ਇਕ ਦਾਨੀਏਲ ਸੀ। ਉਹ ਸ਼ਾਇਦ ਅਜੇ ਮੁੱਛ-ਫੁੱਟ ਗੱਭਰੂ ਹੀ ਸੀ। ਇਹ ਪੋਥੀ ਪੂਰੀ ਹੋਣ ਤਕ ਦਾਨੀਏਲ ਹਾਲੇ ਬਾਬਲ ਵਿਚ ਹੀ ਸੀ। ਉਹ ਇਸ ਸਮੇਂ ਤਕਰੀਬਨ 100 ਸਾਲ ਦੀ ਉਮਰ ਦਾ ਸੀ ਅਤੇ ਪਰਮੇਸ਼ੁਰ ਨੇ ਉਸ ਨਾਲ ਇਹ ਵਾਅਦਾ ਕੀਤਾ: “ਤੂੰ ਸੁਖ ਪਾਵੇਂਗਾ ਅਤੇ ਆਪਣੀ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਂਗਾ।”​—ਦਾਨੀਏਲ 12:13.

ਦਾਨੀਏਲ ਦੀ ਪੋਥੀ ਦਾ ਪਹਿਲਾ ਹਿੱਸਾ ਦਾਨੀਏਲ ਨੇ ਤੀਸਰੇ ਵਿਅਕਤੀ ਦੇ ਨਜ਼ਰੀਏ ਤੋਂ ਲਿਖਿਆ ਸੀ, ਲੇਕਿਨ ਪੋਥੀ ਦਾ ਅਖ਼ੀਰਲਾ ਹਿੱਸਾ ਉਸ ਨੇ ਆਪਣੇ ਨਜ਼ਰੀਏ ਤੋਂ ਲਿਖਿਆ ਸੀ। ਦਾਨੀਏਲ ਦੁਆਰਾ ਲਿਖੀ ਇਸ ਪੋਥੀ ਵਿਚ ਵਿਸ਼ਵ ਸ਼ਕਤੀਆਂ ਦੇ ਉਤਾਰ-ਚੜ੍ਹਾਅ, ਮਸੀਹਾ ਦੇ ਆਉਣ ਬਾਰੇ ਅਤੇ ਸਾਡੇ ਜ਼ਮਾਨੇ ਵਿਚ ਹੋਣ ਵਾਲੀਆਂ ਗੱਲਾਂ ਬਾਰੇ ਭਵਿੱਖਬਾਣੀਆਂ ਹਨ। * ਬਿਰਧ ਨਬੀ ਦਾਨੀਏਲ ਨੇ ਆਪਣੀ ਬੀਤੀ ਜ਼ਿੰਦਗੀ ਨੂੰ ਚੇਤੇ ਕਰਦਿਆਂ ਅਜਿਹੀਆਂ ਗੱਲਾਂ ਵੀ ਲਿਖੀਆਂ ਜਿਨ੍ਹਾਂ ਤੋਂ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਵਫ਼ਾਦਾਰੀ ਨਾਲ ਲੱਗੇ ਰਹਿਣ ਲਈ ਬਹੁਤ ਹੌਸਲਾ ਮਿਲਦਾ ਹੈ। ਦਾਨੀਏਲ ਦਾ ਸੰਦੇਸ਼ ਜੀਉਂਦਾ ਅਤੇ ਗੁਣਕਾਰ ਹੈ।​—ਇਬਰਾਨੀਆਂ 4:12.

ਤਰਤੀਬਵਾਰ ਦੱਸੇ ਬਿਰਤਾਂਤ ਤੋਂ ਅਸੀਂ ਕੀ ਸਿੱਖਦੇ ਹਾਂ?

(ਦਾਨੀਏਲ 1:1–6:28)

ਸਾਲ 617 ਈ. ਪੂ. ਸੀ ਤੇ ਦਾਨੀਏਲ ਅਤੇ ਉਸ ਦੇ ਤਿੰਨ ਸਾਥੀ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਬਾਬਲ ਦੇ ਸ਼ਾਹੀ ਦਰਬਾਰ ਵਿਚ ਸਨ। ਸ਼ਾਹੀ ਦਰਬਾਰ ਦੇ ਕਾਇਦੇ-ਕਾਨੂੰਨਾਂ ਸੰਬੰਧੀ ਤਿੰਨ ਸਾਲ ਦੀ ਸਿਖਲਾਈ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਕਾਇਮ ਰੱਖੀ। ਕੁਝ ਅੱਠ ਸਾਲ ਬਾਅਦ, ਨਬੂਕਦਨੱਸਰ ਪਾਤਸ਼ਾਹ ਨੂੰ ਇਕ ਗੁੱਝਾ ਸੁਪਨਾ ਆਇਆ। ਦਾਨੀਏਲ ਨੇ ਰਾਜੇ ਨੂੰ ਇਹ ਸੁਪਨਾ ਤੇ ਇਸ ਦਾ ਅਰਥ ਦੱਸਿਆ। ਰਾਜੇ ਨੇ ਕਬੂਲ ਕੀਤਾ ਕਿ ਯਹੋਵਾਹ “ਦਿਓਤਿਆਂ ਦਾ ਦਿਓਤਾ ਅਤੇ ਰਾਜਿਆਂ ਦਾ ਪ੍ਰਭੁ ਅਤੇ ਭੇਤ ਖੋਲ੍ਹਣ ਵਾਲਾ ਹੈ।” (ਦਾਨੀਏਲ 2:47) ਪਰ ਨਬੂਕਦਨੱਸਰ ਪਾਤਸ਼ਾਹ ਬਹੁਤ ਜਲਦ ਇਹ ਸਬਕ ਭੁੱਲ ਗਿਆ। ਜਦ ਦਾਨੀਏਲ ਦੇ ਤਿੰਨ ਸਾਥੀਆਂ ਨੇ ਇਕ ਵੱਡੀ ਮੂਰਤ ਅੱਗੇ ਮੱਥਾ ਟੇਕਣ ਤੋਂ ਇਨਕਾਰ ਕੀਤਾ, ਤਾਂ ਰਾਜੇ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਬਲਦੀ ਭੱਠੀ ਵਿਚ ਸੁੱਟ ਦਿੱਤਾ ਗਿਆ। ਸੱਚੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਤਿੰਨਾਂ ਨੂੰ ਬਚਾ ਲਿਆ ਅਤੇ ਨਬੂਕਦਨੱਸਰ ਨੂੰ ਮੰਨਣਾ ਪਿਆ ਕਿ “ਹੋਰ ਕੋਈ ਦਿਓਤਾ ਨਹੀਂ ਜਿਹੜਾ ਏਸ ਪਰਕਾਰ ਬਚਾ ਸੱਕੇ!”​—ਦਾਨੀਏਲ 3:29.

ਨਬੂਕਦਨੱਸਰ ਨੂੰ ਇਕ ਹੋਰ ਮਹੱਤਵਪੂਰਣ ਸੁਪਨਾ ਆਇਆ। ਉਸ ਨੇ ਦੇਖਿਆ ਕਿ ਇਕ ਵੱਡੇ ਰੁੱਖ ਨੂੰ ਕੱਟਿਆ ਗਿਆ ਅਤੇ ਉਸ ਨੂੰ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨ੍ਹਿਆ ਗਿਆ ਤਾਂਕਿ ਉਹ ਵਧ ਨਾ ਸਕੇ। ਦਾਨੀਏਲ ਨੇ ਇਸ ਸੁਪਨੇ ਦਾ ਅਰਥ ਵੀ ਰਾਜੇ ਨੂੰ ਦੱਸਿਆ। ਇਹ ਸੁਪਨਾ ਕੁਝ ਹੱਦ ਤਕ ਉਦੋਂ ਪੂਰਾ ਹੋਇਆ ਜਦ ਨਬੂਕਦਨੱਸਰ ਪਾਗਲ ਹੋ ਗਿਆ ਸੀ ਅਤੇ ਬਾਅਦ ਵਿਚ ਉਸ ਨੇ ਫਿਰ ਆਪਣੀ ਸੁਰਤ ਸੰਭਾਲੀ ਸੀ। ਇਸ ਤੋਂ ਕਈ ਸਾਲ ਬਾਅਦ ਬੇਲਸ਼ੱਸਰ ਰਾਜੇ ਨੇ ਆਪਣੇ ਵੱਡੇ-ਵੱਡੇ ਅਫ਼ਸਰਾਂ ਲਈ ਦਾਅਵਤ ਕੀਤੀ ਜਿਸ ਵਿਚ ਉਸ ਨੇ ਗੁਸਤਾਖ਼ੀ ਨਾਲ ਯਰੂਸ਼ਲਮ ਦੀ ਹੈਕਲ ਵਿੱਚੋਂ ਲੁੱਟੇ ਗਏ ਭਾਂਡੇ ਵਰਤੇ। ਉਸੇ ਰਾਤ ਬੇਲਸ਼ੱਸਰ ਨੂੰ ਮਾਰਿਆ ਗਿਆ ਅਤੇ ਦਾਰਾ ਮਾਦੀ ਬਾਦਸ਼ਾਹ ਬਣ ਗਿਆ। (ਦਾਨੀਏਲ 5:30, 31) ਦਾਰਾ ਮਾਦੀ ਦੇ ਰਾਜ ਦੌਰਾਨ, ਜਦ ਦਾਨੀਏਲ 90 ਸਾਲ ਤੋਂ ਜ਼ਿਆਦਾ ਉਮਰ ਦਾ ਸੀ, ਤਾਂ ਕੁਝ ਈਰਖਾਲੂ ਅਫ਼ਸਰਾਂ ਨੇ ਉਸ ਨੂੰ ਮਾਰ ਦੇਣ ਦੀ ਸਾਜ਼ਸ਼ ਘੜੀ। ਪਰ, ਯਹੋਵਾਹ ਨੇ ‘ਦਾਨੀਏਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾ’ ਲਿਆ।​—ਦਾਨੀਏਲ 6:27.

ਕੁਝ ਸਵਾਲਾਂ ਦੇ ਜਵਾਬ:

1:11-15—ਕੀ ਚਾਰ ਇਬਰਾਨੀ ਨੌਜਵਾਨ ਸ਼ਾਕਾਹਾਰੀ ਖ਼ੁਰਾਕ ਖਾਣ ਨਾਲ ਜ਼ਿਆਦਾ ਸਿਹਤਮੰਦ ਦਿੱਸਦੇ ਸਨ? ਬਿਲਕੁਲ ਨਹੀਂ। ਕੋਈ ਵੀ ਖ਼ੁਰਾਕ ਸਿਰਫ਼ ਦਸਾਂ ਦਿਨਾਂ ਵਿਚ ਇੰਨਾ ਅਸਰ ਨਹੀਂ ਕਰ ਸਕਦੀ। ਉਨ੍ਹਾਂ ਦੀ ਤੰਦਰੁਸਤੀ ਦਾ ਸਿਹਰਾ ਸਿਰਫ਼ ਯਹੋਵਾਹ ਨੂੰ ਦਿੱਤਾ ਜਾ ਸਕਦਾ ਹੈ ਜਿਸ ਉੱਤੇ ਪੂਰਾ ਭਰੋਸਾ ਰੱਖਣ ਕਰਕੇ ਉਨ੍ਹਾਂ ਨੂੰ ਬਰਕਤ ਮਿਲੀ।​—ਕਹਾਉਤਾਂ 10:22.

2:1—ਨਬੂਕਦਨੱਸਰ ਨੂੰ ਵੱਡੀ ਮੂਰਤ ਦਾ ਸੁਪਨਾ ਕਦੋਂ ਆਇਆ ਸੀ? ਬਾਈਬਲ ਦੱਸਦੀ ਹੈ ਕਿ ‘ਨਬੂਕਦਨੱਸਰ ਦੇ ਰਾਜ ਦੇ ਦੂਜੇ ਵਰ੍ਹੇ ਵਿੱਚ’ ਉਸ ਨੇ ਇਹ ਸੁਪਨਾ ਦੇਖਿਆ ਸੀ। ਉਹ 624 ਈ. ਪੂ. ਵਿਚ ਰਾਜਾ ਬਣਿਆ ਸੀ। ਇਸ ਲਈ ਉਸ ਦਾ ਦੂਜਾ ਸਾਲ 623 ਈ. ਪੂ. ਵਿਚ ਸ਼ੁਰੂ ਹੋਇਆ ਸੀ​—ਯਹੂਦਾਹ ਉੱਤੇ ਚੜ੍ਹਾਈ ਕਰਨ ਤੋਂ ਬਹੁਤ ਸਾਲ ਪਹਿਲਾਂ। ਇਸ ਸਮੇਂ ਦਾਨੀਏਲ ਰਾਜੇ ਦੇ ਸੁਪਨੇ ਦਾ ਅਰਥ ਦੱਸਣ ਲਈ ਬਾਬਲ ਵਿਚ ਨਹੀਂ ਸੀ। ਤਾਂ ਫਿਰ, ਜ਼ਾਹਰ ਹੈ ਕਿ ‘ਦੂਜਾ ਵਰ੍ਹਾ’ 607 ਈ. ਪੂ. ਤੋਂ ਗਿਣਿਆ ਜਾਂਦਾ ਹੈ ਜਦ ਨਬੂਕਦਨੱਸਰ ਯਰੂਸ਼ਲਮ ਨੂੰ ਤਬਾਹ ਕਰ ਕੇ ਵਿਸ਼ਵ ਹਾਕਮ ਬਣ ਗਿਆ ਸੀ।

2:32, 39—ਚਾਂਦੀ ਦਾ ਰਾਜ ਸੋਨੇ ਦੇ ਸਿਰ ਨਾਲੋਂ ਘੱਟ ਦਰਜੇ ਦਾ ਕਿਵੇਂ ਸੀ ਅਤੇ ਪਿੱਤਲ ਦਾ ਰਾਜ ਚਾਂਦੀ ਨਾਲੋਂ ਕਿਵੇਂ ਘੱਟ ਦਰਜੇ ਦਾ ਸੀ? ਮੂਰਤ ਦਾ ਸੋਨੇ ਦਾ ਸਿਰ ਬਾਬਲ ਨੂੰ ਦਰਸਾਉਂਦਾ ਸੀ। ਚਾਂਦੀ ਦਾ ਹਿੱਸਾ ਮਾਦੀ-ਫ਼ਾਰਸੀ ਸਾਮਰਾਜ ਨੂੰ ਦਰਸਾਉਂਦਾ ਸੀ ਜੋ ਬਾਬਲ ਤੋਂ ਘੱਟ ਦਰਜੇ ਦਾ ਸੀ। ਕਿਉਂ? ਕਿਉਂਕਿ ਬਾਬਲ ਯਹੂਦਾਹ ਦੇਸ਼ ਉੱਤੇ ਕਬਜ਼ਾ ਕਰਨ ਵਿਚ ਸਫ਼ਲ ਹੋਇਆ ਸੀ। ਅਗਲੀ ਵਿਸ਼ਵ ਸ਼ਕਤੀ ਯੂਨਾਨ ਪਿੱਤਲ ਨਾਲ ਦਰਸਾਈ ਗਈ ਸੀ। ਜਿਵੇਂ ਪਿੱਤਲ ਚਾਂਦੀ ਨਾਲੋਂ ਘੱਟ ਦਰਜੇ ਦਾ ਹੈ, ਤਿਵੇਂ ਯੂਨਾਨ ਮਾਦੀ-ਫ਼ਾਰਸ ਨਾਲੋਂ ਘੱਟ ਦਰਜੇ ਦਾ ਸੀ। ਭਾਵੇਂ ਕਿ ਯੂਨਾਨੀ ਸਾਮਰਾਜ ਧਰਤੀ ਦੇ ਜ਼ਿਆਦਾਤਰ ਹਿੱਸੇ ਉੱਤੇ ਫੈਲ ਕੇ ਬਹੁਤ ਹੀ ਵੱਡਾ ਬਣ ਗਿਆ ਸੀ, ਪਰ ਪਰਮੇਸ਼ੁਰ ਦੇ ਲੋਕਾਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣ ਵਿਚ ਸਿਰਫ਼ ਮਾਦੀ-ਫ਼ਾਰਸ ਦਾ ਹੱਥ ਸੀ ਤੇ ਇਹ ਮੌਕਾ ਯੂਨਾਨ ਨੂੰ ਨਹੀਂ ਮਿਲਿਆ।

4:8, 9—ਕੀ ਦਾਨੀਏਲ ਜਾਦੂਗਰ ਬਣ ਗਿਆ ਸੀ? ਨਹੀਂ। ਦਾਨੀਏਲ ਨੂੰ ‘ਜਾਦੂਗਰਾਂ ਦਾ ਸਰਦਾਰ’ ਸਿਰਫ਼ ਇਸ ਲਈ ਕਿਹਾ ਗਿਆ ਸੀ ਕਿਉਂਕਿ ਉਸ ਨੂੰ “ਬਾਬਲ ਦੇ ਸਾਰੇ ਗਿਆਨੀਆਂ ਉੱਤੇ ਸਰਦਾਰ ਬਣਾਇਆ” ਗਿਆ ਸੀ।​—ਦਾਨੀਏਲ 2:48.

4:10, 11, 20-22—ਨਬੂਕਦਨੱਸਰ ਦੇ ਸੁਪਨੇ ਵਿਚ ਵੱਡੀ ਉਚਾਈ ਵਾਲਾ ਦਰਖ਼ਤ ਕਿਸ ਨੂੰ ਦਰਸਾਉਂਦਾ ਸੀ? ਪਹਿਲਾਂ ਤਾਂ ਇਹ ਦਰਖ਼ਤ ਵਿਸ਼ਵ ਸ਼ਕਤੀ ਦੇ ਰਾਜੇ ਨਬੂਕਦਨੱਸਰ ਨੂੰ ਦਰਸਾਉਂਦਾ ਸੀ। ਪਰ ਇਹ ਦਰਖ਼ਤ ਜਾਂ ਰਾਜ “ਧਰਤੀ ਦੇ ਕੰਢਿਆਂ ਤੀਕ” ਸੀ, ਇਸ ਲਈ ਇਹ ਕਿਸੇ ਹੋਰ ਜ਼ਿਆਦਾ ਮਹਾਨ ਰਾਜੇ ਨੂੰ ਵੀ ਦਰਸਾਉਂਦਾ ਸੀ। ਦਾਨੀਏਲ 4:17 ਵਿਚ ਦੱਸਿਆ ਜਾਂਦਾ ਹੈ ਕਿ ਇਸ ਸੁਪਨੇ ਦਾ ਸੰਬੰਧ ਮਨੁੱਖਾਂ ਉੱਤੇ “ਅੱਤ ਮਹਾਨ” ਦੇ ਰਾਜ ਨਾਲ ਹੈ। ਤਾਂ ਫਿਰ, ਇਹ ਦਰਖ਼ਤ ਯਹੋਵਾਹ ਦੀ ਹਕੂਮਤ ਨੂੰ ਵੀ ਦਰਸਾਉਂਦਾ ਹੈ ਜੋ ਸਾਰੇ ਵਿਸ਼ਵ ਤੇ ਅਤੇ ਖ਼ਾਸ ਕਰਕੇ ਧਰਤੀ ਤੇ ਰਾਜ ਕਰਨ ਦਾ ਹੱਕ ਰੱਖਦਾ ਹੈ। ਹਾਂ, ਇਸ ਸੁਪਨੇ ਦੀਆਂ ਦੋ ਪੂਰਤੀਆਂ ਹਨ​—ਇਕ ਨਬੂਕਦਨੱਸਰ ਦੀ ਹਕੂਮਤ ਸੰਬੰਧੀ ਅਤੇ ਦੂਜੀ ਯਹੋਵਾਹ ਦੀ ਹਕੂਮਤ ਸੰਬੰਧੀ।

4:16, 23, 25, 32, 33—“ਸੱਤ ਸਮੇ” ਕਿੰਨੇ ਕੁ ਲੰਮੇ ਸਨ? ਇਨ੍ਹਾਂ ‘ਸੱਤ ਸਮਿਆਂ’ ਦੌਰਾਨ ਨਬੂਕਦਨੱਸਰ ਦੀ ਸ਼ਕਲ-ਸੂਰਤ ਵਿਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ। ਇਹ ਤਬਦੀਲੀਆਂ ਆਉਣ ਵਿਚ ਸੱਤ ਦਿਨਾਂ ਨਾਲੋਂ ਜ਼ਿਆਦਾ ਸਮਾਂ ਲੱਗਾ ਹੋਣਾ। ਇਸ ਲਈ ਇਹ “ਸੱਤ ਸਮੇ” ਸੱਤ ਸਾਲ ਸਨ। ਇਕ ਸਾਲ ਦੇ 360 ਦਿਨਾਂ ਨੂੰ 7 ਨਾਲ ਗੁਣਾ ਕਰਨ ਤੇ 2,520 ਦਿਨ ਬਣਦੇ ਹਨ। ਇਸ ਭਵਿੱਖਬਾਣੀ ਦੀ ਵੱਡੀ ਪੂਰਤੀ ਵਿਚ ਇਹ “ਸੱਤ ਸਮੇ” 2,520 ਸਾਲ ਸਨ। (ਹਿਜ਼ਕੀਏਲ 4:6, 7) ਇਹ ਸਮੇਂ 607 ਈ. ਪੂ. ਵਿਚ ਯਰੂਸ਼ਲਮ ਦੀ ਤਬਾਹੀ ਤੋਂ ਸ਼ੁਰੂ ਹੋਏ ਅਤੇ 1914 ਈ. ਵਿਚ ਖ਼ਤਮ ਹੋਏ ਜਦ ਯਿਸੂ ਸਵਰਗ ਵਿਚ ਰਾਜਾ ਬਣਿਆ।​—ਲੂਕਾ 21:24.

6:6-10—ਯਹੋਵਾਹ ਨੂੰ ਪ੍ਰਾਰਥਨਾ ਕਰਨ ਵੇਲੇ ਸਾਨੂੰ ਕਿਸੇ ਖ਼ਾਸ ਢੰਗ ਨਾਲ ਬੈਠਣ ਦੀ ਲੋੜ ਨਹੀਂ। ਤਾਂ ਫਿਰ, ਕੀ ਦਾਨੀਏਲ ਸਮਝਦਾਰੀ ਵਰਤਦੇ ਹੋਏ 30 ਦਿਨਾਂ ਲਈ ਗੁਪਤ ਵਿਚ ਪ੍ਰਾਰਥਨਾ ਨਹੀਂ ਸੀ ਕਰ ਸਕਦਾ? ਸਾਰੇ ਜਾਣਦੇ ਸਨ ਕਿ ਦਾਨੀਏਲ ਦਿਨ ਵਿਚ ਤਿੰਨ ਵਾਰ ਪ੍ਰਾਰਥਨਾ ਕਰਦਾ ਸੀ। ਇਸੇ ਲਈ ਤਾਂ ਉਸ ਉੱਤੇ ਝੂਠਾ ਦੋਸ਼ ਲਾਉਣ ਵਾਲਿਆਂ ਨੇ ਪ੍ਰਾਰਥਨਾ ਉੱਤੇ ਪਾਬੰਦੀ ਲਗਾਉਣ ਦੀ ਸਾਜ਼ਸ਼ ਘੜੀ ਸੀ। ਜੇ ਦਾਨੀਏਲ ਪ੍ਰਾਰਥਨਾ ਕਰਨ ਦੀ ਆਪਣੀ ਰੀਤ ਵਿਚ ਕੋਈ ਤਬਦੀਲੀ ਕਰਦਾ, ਤਾਂ ਲੋਕਾਂ ਨੂੰ ਇਵੇਂ ਲੱਗਣਾ ਸੀ ਕਿ ਉਸ ਲਈ ਯਹੋਵਾਹ ਦੀ ਭਗਤੀ ਇੰਨੀ ਜ਼ਰੂਰੀ ਨਹੀਂ ਸੀ ਤੇ ਉਹ ਸਮਝੌਤਾ ਕਰ ਰਿਹਾ ਸੀ।

ਸਾਡੇ ਲਈ ਸਬਕ:

1:3-8. ਮਰਦੇ ਦਮ ਤਕ ਦਾਨੀਏਲ ਅਤੇ ਉਸ ਦੇ ਤਿੰਨ ਸਾਥੀ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ। ਇਸ ਤੋਂ ਜ਼ਾਹਰ ਹੈ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਚੰਗੀ ਸਿੱਖਿਆ ਦੇਣ ਵਿਚ ਕੋਈ ਕਮੀ ਨਹੀਂ ਛੱਡੀ ਸੀ। ਅੱਜ ਵੀ ਮਾਪਿਆਂ ਨੂੰ ਪਰਮੇਸ਼ੁਰ ਦੀ ਭਗਤੀ ਆਪਣੀ ਜ਼ਿੰਦਗੀ ਵਿਚ ਪਹਿਲੇ ਦਰਜੇ ਤੇ ਰੱਖਣੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ। ਨਤੀਜੇ ਵਜੋਂ, ਜਦ ਉਨ੍ਹਾਂ ਦੇ ਬੱਚਿਆਂ ਨੂੰ ਸਕੂਲੇ ਜਾਂ ਹੋਰ ਕਿਤੇ ਅਜ਼ਮਾਇਸ਼ਾਂ ਅਤੇ ਦਬਾਅ ਦਾ ਸਾਮ੍ਹਣਾ ਕਰਨਾ ਪਵੇਗਾ, ਤਾਂ ਉਹ ਸਹੀ ਫ਼ੈਸਲੇ ਕਰ ਪਾਉਣਗੇ।

1:10-12. ਦਾਨੀਏਲ ਜਾਣਦਾ ਸੀ ਕਿ ‘ਖੁਸਰਿਆਂ ਦਾ ਸਰਦਾਰ’ ਰਾਜੇ ਤੋਂ ਕਿਉਂ ਡਰਦਾ ਸੀ। ਇਸ ਲਈ ਦਾਨੀਏਲ ਨੇ ਉਸ ਨੂੰ ਕੁਝ ਕਰਨ ਲਈ ਮਜਬੂਰ ਨਹੀਂ ਕੀਤਾ। ਪਰ ਬਾਅਦ ਵਿਚ ਦਾਨੀਏਲ ਨੇ “ਦਰੋਗੇ” ਨਾਲ ਗੱਲ ਕੀਤੀ ਜੋ ਸ਼ਾਇਦ ਉਨ੍ਹਾਂ ਦਾ ਥੋੜ੍ਹਾ ਕੁ ਲਿਹਾਜ਼ ਕਰਨ ਲਈ ਤਿਆਰ ਸੀ। ਜਦ ਸਾਨੂੰ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਸਾਨੂੰ ਦਾਨੀਏਲ ਵਾਂਗ ਸਮਝਦਾਰੀ ਤੇ ਬੁੱਧ ਤੋਂ ਕੰਮ ਲੈਣਾ ਚਾਹੀਦਾ ਹੈ।

2:29, 30. ਬਾਈਬਲ ਵਿੱਚੋਂ ਅਸੀਂ ਬਹੁਤ ਕੁਝ ਸਿੱਖਿਆ ਹੈ। ਉਸ ਦੀ ਸਲਾਹ ਨੂੰ ਲਾਗੂ ਕਰ ਕੇ ਅਸੀਂ ਆਪਣੇ ਵਿਚ ਚੰਗੇ ਗੁਣ ਤੇ ਯੋਗਤਾਵਾਂ ਪੈਦਾ ਕਰ ਸਕੇ ਹਾਂ। ਸਾਨੂੰ ਦਾਨੀਏਲ ਵਾਂਗ, ਇਨ੍ਹਾਂ ਸਾਰੀਆਂ ਬਰਕਤਾਂ ਦਾ ਸਿਹਰਾ ਯਹੋਵਾਹ ਨੂੰ ਦੇਣਾ ਚਾਹੀਦਾ ਹੈ।

3:16-18. ਤਿੰਨ ਇਬਰਾਨੀ ਨੌਜਵਾਨਾਂ ਨੇ ਖ਼ੁਰਾਕ ਦੇ ਮਾਮਲੇ ਵਿਚ ਯਹੋਵਾਹ ਦਾ ਨਿਯਮ ਨਹੀਂ ਤੋੜਿਆ। ਇਹ ਸ਼ਾਇਦ ਬਹੁਤ ਛੋਟੀ ਗੱਲ ਸੀ, ਪਰ ਇਸ ਵਿਚ ਉਨ੍ਹਾਂ ਦੀ ਵਫ਼ਾਦਾਰੀ ਦੇ ਨਤੀਜੇ ਵਜੋਂ ਉਹ ਵੱਡੀ ਅਜ਼ਮਾਇਸ਼ ਦਾ ਸਾਮ੍ਹਣਾ ਦ੍ਰਿੜ੍ਹਤਾ ਨਾਲ ਕਰ ਸਕੇ। ਸਾਨੂੰ ਵੀ “ਸਾਰੀਆਂ ਗੱਲਾਂ ਵਿੱਚ ਮਾਤਬਰ ਹੋਣ” ਦੀ ਲੋੜ ਹੈ।​—1 ਤਿਮੋਥਿਉਸ 3:11.

4:24-27. ਦਾਨੀਏਲ ਨੇ ਬੜੀ ਹਿੰਮਤ ਨਾਲ ਰਾਜਾ ਨਬੂਕਦਨੱਸਰ ਨੂੰ ਦੱਸਿਆ ਕਿ ਉਸ ਨਾਲ ਕੀ ਹੋਵੇਗਾ ਅਤੇ ਉਸ ਨੂੰ ਕੀ ਕਰਨ ਦੀ ਲੋੜ ਸੀ ਤਾਂਕਿ ਉਸ ਦਾ “ਸੁਖ ਚਿਰ ਤੀਕ ਬਣਿਆ ਰਹੇ।” ਸਾਨੂੰ ਵੀ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਬਾਰੇ ਅਤੇ ਉਸ ਦੇ ਨਿਆਂ ਬਾਰੇ ਪ੍ਰਚਾਰ ਕਰਨ ਲਈ ਅਜਿਹੀ ਹਿੰਮਤ ਅਤੇ ਨਿਹਚਾ ਦੀ ਲੋੜ ਹੈ।

5:30, 31. ‘ਬਾਬਲ ਦੇ ਪਾਤਸ਼ਾਹ ਦੇ ਵਿਰੁੱਧ ਮਾਰੀ ਗਈ ਬੋਲੀ’ ਪੂਰੀ ਹੋਈ। (ਯਸਾਯਾਹ 14:3, 4, 12-15) ਸ਼ਤਾਨ ਦਾ ਵੀ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ ਜੋ ਬਾਬਲੀ ਸਾਮਰਾਜ ਤੋਂ ਘੱਟ ਹੰਕਾਰੀ ਨਹੀਂ।​—ਦਾਨੀਏਲ 4:30; 5:2-4, 23.

ਦਾਨੀਏਲ ਦੁਆਰਾ ਦੇਖੇ ਦਰਸ਼ਣਾਂ ਦਾ ਕੀ ਅਰਥ ਸੀ?

(ਦਾਨੀਏਲ 7:1–12:13)

ਦਾਨੀਏਲ ਲਗਭਗ 70 ਸਾਲਾਂ ਦਾ ਸੀ ਜਦ ਉਸ ਨੇ 553 ਈ. ਪੂ. ਵਿਚ ਪਹਿਲਾ ਦਰਸ਼ਣ ਦੇਖਿਆ ਸੀ। ਇਸ ਦਰਸ਼ਣ ਵਿਚ ਉਸ ਨੇ ਚਾਰ ਦਰਿੰਦਿਆਂ ਨੂੰ ਦੇਖਿਆ ਜੋ ਉਸ ਦੇ ਜ਼ਮਾਨੇ ਤੋਂ ਲੈ ਕੇ ਸਾਡੇ ਜ਼ਮਾਨੇ ਵਿਚ ਆਉਣ ਵਾਲੀਆਂ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਸਨ। ਇਕ ਹੋਰ ਦਰਸ਼ਣ ਵਿਚ ਦਾਨੀਏਲ ਨੇ ਸਾਡਾ ਧਿਆਨ ਆਕਾਸ਼ ਵੱਲ ਖਿੱਚਿਆ ਜਿੱਥੇ “ਇੱਕ ਜਣਾ ਮਨੁੱਖ ਦੇ ਪੁੱਤ੍ਰ ਵਰਗਾ” ਹੈ ਅਤੇ ਉਸ ਨੂੰ “ਸਦਾ ਦਾ ਰਾਜ” ਦਿੱਤਾ ਜਾਂਦਾ ਹੈ। (ਦਾਨੀਏਲ 7:13, 14) ਦੋ ਸਾਲ ਬਾਅਦ ਦਾਨੀਏਲ ਨੇ ਇਕ ਹੋਰ ਦਰਸ਼ਣ ਦੇਖਿਆ ਜਿਸ ਵਿਚ ਮਾਦੀ-ਫ਼ਾਰਸ, ਯੂਨਾਨ ਅਤੇ ‘ਇੱਕ ਕਰੜੇ ਮੂੰਹ ਵਾਲਾ ਰਾਜਾ’ ਸੀ।​—ਦਾਨੀਏਲ 8:23.

539 ਈ. ਪੂ. ਵਿਚ ਬਾਬਲ ਡਿੱਗ ਪਿਆ ਅਤੇ ਦਾਰਾ ਮਾਦੀ ਕਸਦੀਆਂ ਉੱਤੇ ਰਾਜ ਕਰਨ ਲੱਗਾ। ਦਾਨੀਏਲ ਨੇ ਯਹੋਵਾਹ ਨੂੰ ਦੁਆ ਕੀਤੀ ਕਿ ਇਸਰਾਏਲੀ ਗ਼ੁਲਾਮੀ ਤੋਂ ਛੁਟਕਾਰਾ ਪਾ ਕੇ ਆਪਣੇ ਦੇਸ਼ ਨੂੰ ਵਾਪਸ ਜਾ ਸਕਣ। ਦਾਨੀਏਲ ਹਾਲੇ ਪ੍ਰਾਰਥਨਾ ਕਰਦਾ ਪਿਆ ਸੀ ਜਦ ਯਹੋਵਾਹ ਨੇ ਜਿਬਰਾਏਲ ਦੂਤ ਨੂੰ ਭੇਜਿਆ ਤਾਂਕਿ ਉਹ ਦਾਨੀਏਲ ਨੂੰ ਮਸੀਹਾ ਦੇ ਆਉਣ ਬਾਰੇ “ਬੁੱਧਵਾਨ ਅਤੇ ਸਿਆਣਾ” ਬਣਾਵੇ। (ਦਾਨੀਏਲ 9:20-25) ਫਿਰ 536/535 ਈ. ਪੂ. ਵਿਚ ਬਾਬਲ ਤੋਂ ਕੁਝ ਯਹੂਦੀ ਵਾਪਸ ਯਰੂਸ਼ਲਮ ਨੂੰ ਆਏ। ਪਰ ਯਹੋਵਾਹ ਦੀ ਹੈਕਲ ਦੀ ਉਸਾਰੀ ਕਰਨ ਵੇਲੇ ਦੁਸ਼ਮਣਾਂ ਨੇ ਬਹੁਤ ਹੀ ਵਿਰੋਧ ਕੀਤਾ। ਇਸ ਗੱਲ ਦੀ ਦਾਨੀਏਲ ਨੂੰ ਬਹੁਤ ਹੀ ਚਿੰਤਾ ਲੱਗੀ ਹੋਈ ਸੀ ਅਤੇ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਦਾਨੀਏਲ ਨੂੰ ਹੌਸਲਾ ਦੇਣ ਲਈ ਯਹੋਵਾਹ ਨੇ ਇਕ ਉੱਚੇ ਰੁਤਬੇ ਵਾਲੇ ਦੂਤ ਨੂੰ ਘੱਲਿਆ। ਦਾਨੀਏਲ ਦੀ ਮਦਦ ਕਰਨ ਤੋਂ ਬਾਅਦ ਦੂਤ ਨੇ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਵਿਚਕਾਰ ਸੰਘਰਸ਼ ਬਾਰੇ ਭਵਿੱਖਬਾਣੀ ਕੀਤੀ। ਇਨ੍ਹਾਂ ਦੋ ਰਾਜਿਆਂ ਵਿਚਕਾਰ ਸੰਘਰਸ਼ ਉਸ ਸਮੇਂ ਸ਼ੁਰੂ ਹੋਇਆ ਸੀ ਜਦ ਸਿਕੰਦਰ ਮਹਾਨ ਦਾ ਰਾਜ ਉਸ ਦੇ ਚਾਰ ਜਰਨੈਲਾਂ ਨੇ ਆਪਸ ਵਿਚ ਵੰਡ ਲਿਆ ਸੀ ਅਤੇ ਇਸ ਸੰਘਰਸ਼ ਦਾ ਅੰਤ ਉਦੋਂ ਹੋਵੇਗਾ ਜਦ ‘ਵੱਡਾ ਸਰਦਾਰ ਮੀਕਾਏਲ ਉੱਠੇਗਾ।’​—ਦਾਨੀਏਲ 12:1.

ਕੁਝ ਸਵਾਲਾਂ ਦੇ ਜਵਾਬ:

8:9—‘ਮਨ ਭਾਉਂਦਾ ਦੇਸ’ ਕੀ ਹੈ? ਇਸ ਹਵਾਲੇ ਵਿਚ ‘ਮਨ ਭਾਉਂਦਾ ਦੇਸ’ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੇ ਰਾਜ ਦੌਰਾਨ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦੀ ਹਾਲਤ ਨੂੰ ਦਰਸਾਉਂਦਾ ਹੈ।

8:25ਸ਼ਜ਼ਾਦਿਆਂ ਦਾ ਸ਼ਜ਼ਾਦਾ’ ਕੌਣ ਹੈ? “ਸ਼ਜ਼ਾਦਾ” ਤਰਜਮਾ ਕੀਤਾ ਹੋਇਆ ਇਬਰਾਨੀ ਸ਼ਬਦ ਸਾਰ ਦਾ ਅਰਥ “ਸਰਦਾਰ” ਜਾਂ “ਮੁਖੀਆ” ਹੈ। ਇਸ ਲਈ ਇਹ ਨਾਂ ‘ਸ਼ਜ਼ਾਦਿਆਂ ਦਾ ਸ਼ਜ਼ਾਦਾ’ ਕੇਵਲ ਯਹੋਵਾਹ ਪਰਮੇਸ਼ੁਰ ਤੇ ਹੀ ਲਾਗੂ ਹੁੰਦਾ ਹੈ ਜੋ ਸਾਰੇ ਸਵਰਗੀ ਸ਼ਹਿਜ਼ਾਦਿਆਂ ਦਾ ਸਰਦਾਰ ਹੈ। ਇਨ੍ਹਾਂ ਸ਼ਹਿਜ਼ਾਦਿਆਂ ਵਿਚ ਮੀਕਾਏਲ ਵੀ ਹੈ ਜੋ “ਪਰਧਾਨਾਂ ਵਿੱਚੋਂ ਵੱਡਾ ਹੈ।”​—ਦਾਨੀਏਲ 10:13.

9:21—ਦਾਨੀਏਲ ਨੇ ਜਿਬਰਾਏਲ ਦੂਤ ਨੂੰ “ਜਣਾ” ਕਿਉਂ ਕਿਹਾ ਸੀ? ਕਿਉਂਕਿ ਇਹ ਦੂਤ ਇਕ ਮਨੁੱਖ ਦੇ ਰੂਪ ਵਿਚ ਦਾਨੀਏਲ ਕੋਲ ਆਇਆ ਸੀ। ਇਕ ਵਾਰ ਪਹਿਲਾਂ ਵੀ ਇਹ ਦੂਤ ਇਸੇ ਤਰ੍ਹਾਂ ਦਾਨੀਏਲ ਨੂੰ ਮਿਲਣ ਆਇਆ ਸੀ।​—ਦਾਨੀਏਲ 8:15-17.

9:27—70ਵੇਂ ਹਫ਼ਤੇ ਦੇ ਅਖ਼ੀਰ ਜਾਂ 36 ਈ. ਤਕ “ਬਹੁਤਿਆਂ ਦੇ ਨਾਲ” ਕਿਹੜਾ ਨੇਮ ਬਰਕਰਾਰ ਰਿਹਾ? ਬਿਵਸਥਾ ਨੇਮ 33 ਈ. ਨੂੰ ਖ਼ਤਮ ਹੋ ਗਿਆ ਸੀ ਜਦ ਯਿਸੂ ਨੂੰ ਮਾਰਿਆ ਗਿਆ ਸੀ। ਲੇਕਿਨ, ਇਸਰਾਏਲ ਦੀ ਕੌਮ ਦੇ ਸੰਬੰਧ ਵਿਚ ਅਬਰਾਹਾਮ ਨਾਲ ਕੀਤੇ ਗਏ ਨੇਮ ਨੂੰ 36 ਈਸਵੀ ਤਕ ਜਾਰੀ ਰੱਖਿਆ ਗਿਆ ਸੀ। ਇਸ ਤਰ੍ਹਾਂ ਕਰਨ ਨਾਲ ਯਹੋਵਾਹ ਨੇ ਅਬਰਾਹਾਮ ਦੀ ਸੰਤਾਨ ਯਾਨੀ ਯਹੂਦੀਆਂ ਉੱਤੇ ਖ਼ਾਸ ਤੌਰ ਤੇ ਮਿਹਰ ਕਰਨ ਦਾ ਸਮਾਂ ਵਧਾਇਆ। ਅਬਰਾਹਾਮ ਨਾਲ ਕੀਤਾ ਗਿਆ ਨੇਮ “ਪਰਮੇਸ਼ੁਰ ਦੇ ਇਸਰਾਏਲ” ਦੇ ਸੰਬੰਧ ਵਿਚ ਬਰਕਰਾਰ ਹੈ।​—ਗਲਾਤੀਆਂ 3:7-9, 14-18, 29; 6:16.

ਸਾਡੇ ਲਈ ਸਬਕ:

9:1-23; 10:11. ਦਾਨੀਏਲ ਬਹੁਤ ਹੀ ਨਿਮਰ ਇਨਸਾਨ ਸੀ। ਉਹ ਦਿਲੋਂ ਪਰਮੇਸ਼ੁਰ ਦੀ ਭਗਤੀ ਕਰਦਾ ਸੀ। ਪਰਮੇਸ਼ੁਰ ਦੇ ਬਚਨ ਦਾ ਚੰਗਾ ਵਿਦਿਆਰਥੀ ਹੋਣ ਦੇ ਨਾਲ-ਨਾਲ ਉਹ ਪ੍ਰਾਰਥਨਾ ਕਰਨ ਵਿਚ ਲੱਗਾ ਰਹਿੰਦਾ ਸੀ। ਇਸ ਲਈ ਦਾਨੀਏਲ ਨੂੰ “ਵੱਡਾ ਪਿਆਰਾ” ਕਿਹਾ ਗਿਆ ਸੀ। ਇਨ੍ਹਾਂ ਸਦਗੁਣਾਂ ਕਰਕੇ ਦਾਨੀਏਲ ਮਰਦੇ ਦਮ ਤਕ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਿਹਾ। ਆਓ ਆਪਾਂ ਦਾਨੀਏਲ ਦੇ ਨਕਸ਼ੇ-ਕਦਮਾਂ ਤੇ ਚੱਲੀਏ।

9:17-19. ਇਹ ਸੱਚ ਹੈ ਕਿ ਜਦ ਯਹੋਵਾਹ ਦੀ ਨਵੀਂ ਦੁਨੀਆਂ, ਜਿਸ ਵਿਚ ‘ਧਰਮ ਵੱਸੇਗਾ’ ਆਵੇਗੀ, ਤਾਂ ਸਾਡੀਆਂ ਸਾਰੀਆਂ ਮੁਸ਼ਕਲਾਂ ਤੇ ਦੁੱਖ-ਤਕਲੀਫ਼ਾਂ ਖ਼ਤਮ ਕੀਤੀਆਂ ਜਾਣਗੀਆਂ। (2 ਪਤਰਸ 3:13) ਲੇਕਿਨ, ਇਸ ਨਵੀਂ ਦੁਨੀਆਂ ਦੇ ਆਉਣ ਲਈ ਪ੍ਰਾਰਥਨਾ ਕਰਦੇ ਸਮੇਂ ਸਾਨੂੰ ਖ਼ਾਸ ਤੌਰ ਤੇ ਇਸ ਗੱਲ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਯਹੋਵਾਹ ਦਾ ਨਾਂ ਪਾਕ ਮੰਨਿਆ ਜਾਵੇ ਅਤੇ ਉਸ ਦਾ ਰਾਜ ਕਰਨ ਦਾ ਹੱਕ ਜਾਇਜ਼ ਸਾਬਤ ਕੀਤਾ ਜਾਵੇ।

10:9-11, 18, 19. ਦਾਨੀਏਲ ਨੂੰ ਮਿਲਣ ਆਏ ਦੂਤ ਵਾਂਗ ਸਾਨੂੰ ਵੀ ਇਕ-ਦੂਜੇ ਦੀ ਮਦਦ ਕਰਨੀ ਤੇ ਦਿਲਾਸਾ ਭਰੇ ਸ਼ਬਦਾਂ ਨਾਲ ਹੌਸਲਾ ਵਧਾਉਣਾ ਚਾਹੀਦਾ ਹੈ।

12:3. ਇਨ੍ਹਾਂ ਅੰਤ ਦਿਆਂ ਦਿਨਾਂ ਵਿਚ “ਬੁੱਧਵਾਨ” ਮਸਹ ਕੀਤੇ ਹੋਏ ਮਸੀਹੀ “ਜੋਤਾਂ ਵਾਂਙੁ ਦਿੱਸਦੇ” ਹਨ। ਇਨ੍ਹਾਂ ਭਰਾਵਾਂ ਦੀ ਮਦਦ ਨਾਲ “ਢੇਰ ਸਾਰੇ ਧਰਮੀ ਬਣ ਗਏ” ਹਨ ਜਿਨ੍ਹਾਂ ਵਿਚ ‘ਹੋਰ ਭੇਡਾਂ’ ਦੀ “ਵੱਡੀ ਭੀੜ” ਵੀ ਸ਼ਾਮਲ ਹੈ। (ਫ਼ਿਲਿੱਪੀਆਂ 2:15; ਪਰਕਾਸ਼ ਦੀ ਪੋਥੀ 7:9; ਯੂਹੰਨਾ 10:16) ਮਸਹ ਕੀਤੇ ਹੋਏ ਮਸੀਹੀ ਉਦੋਂ ਪੂਰੇ ਭਾਵ ਵਿਚ “ਤਾਰਿਆਂ ਵਾਂਗਰ ਚਮਕਣਗੇ” ਜਦ ਉਹ ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ, ਧਰਤੀ ਉੱਤੇ ਆਗਿਆਕਾਰ ਮਨੁੱਖਜਾਤੀ ਉੱਤੇ ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਬਰਕਤਾਂ ਪਾਉਣਗੇ। ‘ਹੋਰ ਭੇਡਾਂ’ ਨੂੰ ਵਫ਼ਾਦਾਰੀ ਨਾਲ ਮਸਹ ਕੀਤੇ ਹੋਏ ਭਰਾਵਾਂ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ।

ਯਹੋਵਾਹ ਉਸ ਤੋਂ ‘ਡਰਨ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ’

ਦਾਨੀਏਲ ਦੀ ਪੋਥੀ ਸਾਨੂੰ ਯਹੋਵਾਹ ਪਰਮੇਸ਼ੁਰ ਬਾਰੇ ਕੀ ਸਿਖਾਉਂਦੀ ਹੈ? ਇਸ ਵਿਚ ਦਰਜ ਭਵਿੱਖਬਾਣੀਆਂ ਬਾਰੇ ਸੋਚੋ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਜਿਨ੍ਹਾਂ ਦਾ ਪੂਰਾ ਹੋਣਾ ਹਾਲੇ ਬਾਕੀ ਹੈ। ਇਹ ਸਭ ਭਵਿੱਖਬਾਣੀਆਂ ਸਾਬਤ ਕਰਦੀਆਂ ਹਨ ਕਿ ਯਹੋਵਾਹ ਆਪਣੇ ਵਾਅਦੇ ਦਾ ਪੱਕਾ ਹੈ।​—ਯਸਾਯਾਹ 55:11.

ਦਾਨੀਏਲ ਦੀ ਪੋਥੀ ਯਹੋਵਾਹ ਪਰਮੇਸ਼ੁਰ ਬਾਰੇ ਹੋਰ ਕੀ ਸਿਖਾਉਂਦੀ ਹੈ? ਇਹ ਕਿ ਯਹੋਵਾਹ ਉਸ ਤੇ ‘ਭਰੋਸਾ ਰੱਖਣ ਵਾਲਿਆਂ ਦਾ ਸਹਾਇਕ ਤੇ ਓਹਨਾਂ ਦੀ ਢਾਲ ਹੈ’ ਅਤੇ ਉਹ ਉਸ ਤੋਂ ‘ਡਰਨ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ।’ (ਜ਼ਬੂਰਾਂ ਦੀ ਪੋਥੀ 115:9, 13) ਮਿਸਾਲ ਲਈ, ਚਾਰ ਇਬਰਾਨੀ ਨੌਜਵਾਨਾਂ ਦੇ ਸੰਬੰਧ ਵਿਚ ਇਹ ਗੱਲ ਦੇਖੀ ਜਾ ਸਕਦੀ ਹੈ। ਉਨ੍ਹਾਂ ਨੇ ਬਾਬਲ ਦੇ ਸ਼ਾਹੀ ਦਰਬਾਰ ਵਿਚ ਰਹਿੰਦਿਆਂ ਆਪਣੀ ਵਫ਼ਾਦਾਰੀ ਕਾਇਮ ਰੱਖੀ ਜਿਸ ਦੇ ਨਤੀਜੇ ਵਜੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ “ਗਿਆਨ ਅਤੇ ਸਾਰੀ ਵਿਦਿਆ ਤੇ ਮੱਤ ਵਿੱਚ ਬੁੱਧੀ ਦਿੱਤੀ।” (ਦਾਨੀਏਲ 1:17) ਫਿਰ ਸੱਚੇ ਪਰਮੇਸ਼ੁਰ ਨੇ ਆਪਣਾ ਇਕ ਦੂਤ ਘੱਲ ਕੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬਲਦੀ ਭੱਠੀ ਵਿੱਚੋਂ ਬਚਾਇਆ। ਉਸ ਨੇ ਦਾਨੀਏਲ ਨੂੰ ਸ਼ੇਰਾਂ ਦੇ ਮੂੰਹਾਂ ਵਿੱਚੋਂ ਬਚਾਇਆ। ਜੀ ਹਾਂ, ਯਹੋਵਾਹ ਪਰਮੇਸ਼ੁਰ ਸੱਚ-ਮੁੱਚ ਆਪਣੇ ਸੇਵਕਾਂ ਨੂੰ ਬਰਕਤਾਂ ਦਿੰਦਾ ਹੈ।

[ਫੁਟਨੋਟ]

^ ਪੈਰਾ 2 ਦਾਨੀਏਲ ਦੀ ਪੋਥੀ ਦੀ ਆਇਤ-ਬ-ਆਇਤ ਚਰਚਾ ਲਈ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਨਾਮਕ ਪੁਸਤਕ ਦੇਖੋ ਜੋ ਯਹੋਵਾਹ ਦੇ ਗਵਾਹਾਂ ਨੇ ਛਾਪੀ ਹੈ।

[ਸਫ਼ਾ 18 ਉੱਤੇ ਤਸਵੀਰ]

ਦਾਨੀਏਲ “ਵੱਡਾ ਪਿਆਰਾ” ਕਿਉਂ ਸੀ?