Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਉਤਪਤ 27:18, 19 ਵਿਚ ਅਸੀਂ ਪੜ੍ਹਦੇ ਹਾਂ ਕਿ ਯਾਕੂਬ ਨੇ ਆਪਣੇ ਪਿਤਾ ਇਸਹਾਕ ਤੋਂ ਪਲੋਠੇ ਹੋਣ ਦੀਆਂ ਅਸੀਸਾਂ ਪਾਉਣ ਲਈ ਏਸਾਓ ਦਾ ਭੇਸ ਧਾਰਿਆ ਸੀ। ਕੀ ਯਾਕੂਬ ਲਈ ਇਸ ਤਰ੍ਹਾਂ ਕਰਨਾ ਗ਼ਲਤ ਨਹੀਂ ਸੀ?

ਆਓ ਬਾਈਬਲ ਵਿਚ ਦੇਖੀਏ ਕਿ ਕੀ ਹੋਇਆ। ਇਸਹਾਕ ਜਦ ਬੁੱਢਾ ਹੋ ਗਿਆ ਸੀ, ਤਾਂ ਇਕ ਦਿਨ ਉਸ ਨੇ ਏਸਾਓ ਨੂੰ ਕਿਹਾ ਕਿ ਉਹ ਸ਼ਿਕਾਰ ਮਾਰ ਕੇ ਉਸ ਲਈ ਸੁਆਦਲਾ ਖਾਣਾ ਤਿਆਰ ਕਰੇ। ਉਸ ਨੇ ਕਿਹਾ: “ਮੈਂ ਖਾਵਾਂ ਅਰ ਮੇਰਾ ਜੀਵ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ।” ਇਸਹਾਕ ਦੀ ਪਤਨੀ ਰਿਬਕਾਹ ਨੇ ਇਹ ਸੁਣ ਲਿਆ। ਉਸ ਨੇ ਫਟਾਫਟ ਆਪਣੇ ਪਤੀ ਲਈ ਉਸ ਦਾ ਮਨਪਸੰਦ ਖਾਣਾ ਬਣਾਇਆ ਤੇ ਯਾਕੂਬ ਨੂੰ ਕਿਹਾ: “ਆਪਣੇ ਪਿਤਾ ਕੋਲ [ਭੋਜਨ] ਲੈ ਜਾਹ ਤਾਂਜੋ ਉਹ ਖਾਵੇ ਅਰ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ।” ਯਾਕੂਬ ਏਸਾਓ ਦੇ ਕੱਪੜੇ ਪਾ ਕੇ ਤੇ ਆਪਣੀਆਂ ਬਾਹਾਂ ਅਤੇ ਗਰਦਨ ਤੇ ਬੱਕਰੀਆਂ ਦੀ ਜੱਤ ਰੱਖ ਕੇ ਆਪਣੇ ਪਿਤਾ ਕੋਲ ਖਾਣਾ ਲੈ ਕੇ ਗਿਆ। ਜਦ ਇਸਹਾਕ ਨੇ ਉਸ ਨੂੰ ਪੁੱਛਿਆ, “ਤੂੰ ਕੌਣ ਹੈਂ ਮੇਰੇ ਪੁੱਤ੍ਰ?” ਤਾਂ ਯਾਕੂਬ ਨੇ ਜਵਾਬ ਦਿੱਤਾ: “ਮੈਂ ਏਸਾਓ ਤੇਰਾ ਪਲੋਠਾ ਪੁੱਤ੍ਰ ਹਾਂ।” ਇਸਹਾਕ ਨੇ ਉਸ ਤੇ ਵਿਸ਼ਵਾਸ ਕਰ ਲਿਆ ਤੇ ਅਸੀਸਾਂ ਦਿੱਤੀਆਂ।—ਉਤਪਤ 27:1-29.

ਬਾਈਬਲ ਇਸ ਬਾਰੇ ਜ਼ਿਆਦਾ ਕੁਝ ਨਹੀਂ ਦੱਸਦੀ ਕਿ ਰਿਬਕਾਹ ਤੇ ਯਾਕੂਬ ਨੇ ਇੱਦਾਂ ਕਿਉਂ ਕੀਤਾ। ਪਰ ਬਾਈਬਲ ਤੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਇਹ ਸਭ ਕੁਝ ਅਚਾਨਕ ਹੀ ਹੋ ਗਿਆ ਸੀ। ਧਿਆਨ ਦਿਓ ਕਿ ਰਿਬਕਾਹ ਤੇ ਯਾਕੂਬ ਨੇ ਜੋ ਕੀਤਾ, ਬਾਈਬਲ ਉਸ ਨੂੰ ਨਾ ਸਹੀ ਕਹਿੰਦੀ ਹੈ ਤੇ ਨਾ ਹੀ ਗ਼ਲਤ। ਇਸ ਲਈ ਕੋਈ ਇਹ ਨਹੀਂ ਕਹਿ ਸਕਦਾ ਕਿ ਬਾਈਬਲ ਝੂਠ ਜਾਂ ਧੋਖੇ ਨੂੰ ਸ਼ਹਿ ਦਿੰਦੀ ਹੈ। ਪਰ ਬਾਈਬਲ ਇਸ ਗੱਲ ਤੇ ਰੌਸ਼ਨੀ ਪਾਉਂਦੀ ਹੈ ਕਿ ਯਾਕੂਬ ਨੇ ਸ਼ਾਇਦ ਇੱਦਾਂ ਕਿਉਂ ਕੀਤਾ ਸੀ।

ਪਹਿਲੀ ਗੱਲ, ਬਾਈਬਲ ਵਿਚ ਇਹ ਗੱਲ ਸਪੱਸ਼ਟ ਹੈ ਕਿ ਬਰਕਤਾਂ ਪਾਉਣ ਦਾ ਜਾਇਜ਼ ਹੱਕ ਯਾਕੂਬ ਦਾ ਹੀ ਸੀ, ਨਾ ਕਿ ਏਸਾਓ ਦਾ। ਉਤਪਤ 25:29-34 ਵਿਚ ਸਾਫ਼-ਸਾਫ਼ ਦੱਸਿਆ ਹੈ ਕਿ ਏਸਾਓ ਨੇ ਇਕ ਡੰਗ ਦੇ ਖਾਣੇ ਲਈ ਆਪਣੇ ਜੇਠੇ ਹੋਣ ਦਾ ਹੱਕ ਯਾਕੂਬ ਨੂੰ ਵੇਚ ਦਿੱਤਾ ਸੀ। ਏਸਾਓ ਨੇ “ਆਪਣੇ ਜੇਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ।” (ਉਤਪਤ 25:29-34) ਸੋ ਯਾਕੂਬ ਆਪਣੇ ਪਿਤਾ ਤੋਂ ਆਪਣਾ ਹੱਕ ਲੈਣ ਗਿਆ ਸੀ।

ਦੂਜੀ ਗੱਲ, ਜਦ ਇਸਹਾਕ ਨੂੰ ਅਹਿਸਾਸ ਹੋਇਆ ਕਿ ਉਸ ਨੇ ਏਸਾਓ ਦੀ ਥਾਂ ਯਾਕੂਬ ਨੂੰ ਅਸੀਸ ਦਿੱਤੀ ਸੀ, ਤਾਂ ਉਸ ਨੇ ਆਪਣੀ ਅਸੀਸ ਵਾਪਸ ਨਹੀਂ ਲਈ। ਸ਼ਾਇਦ ਉਸ ਨੂੰ ਇਹ ਗੱਲ ਯਾਦ ਆਈ ਹੋਣੀ ਕਿ ਯਹੋਵਾਹ ਨੇ ਰਿਬਕਾਹ ਨੂੰ ਏਸਾਓ ਅਤੇ ਯਾਕੂਬ ਦੇ ਪੈਦਾ ਹੋਣ ਤੋਂ ਪਹਿਲਾਂ ਦੱਸਿਆ ਸੀ: “ਵੱਡਾ ਛੋਟੇ ਦੀ ਟਹਿਲ ਕਰੇਗਾ।” (ਉਤਪਤ 25:23) ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਯਾਕੂਬ ਦੇ ਹਾਰਾਨ ਸ਼ਹਿਰ ਨੂੰ ਤੁਰਨ ਲੱਗਿਆਂ ਇਸਹਾਕ ਨੇ ਉਸ ਨੂੰ ਹੋਰ ਵੀ ਅਸੀਸਾਂ ਦਿੱਤੀਆਂ ਸਨ।—ਉਤਪਤ 28:1-4.

ਮੁਕਦੀ ਗੱਲ, ਇਹ ਯਾਦ ਰਹੇ ਕਿ ਯਹੋਵਾਹ ਨੂੰ ਨਾ ਸਿਰਫ਼ ਪਤਾ ਸੀ ਕਿ ਕੀ ਹੋ ਰਿਹਾ ਸੀ, ਪਰ ਉਸ ਵਿਚ ਗਹਿਰੀ ਦਿਲਚਸਪੀ ਵੀ ਲੈਂਦਾ ਸੀ। ਇਸ ਦਾ ਕਾਰਨ ਇਹ ਸੀ ਕਿ ਇਸਹਾਕ ਨੇ ਯਾਕੂਬ ਨੂੰ ਜੋ ਬਰਕਤਾਂ ਦਿੱਤੀਆਂ ਸਨ, ਉਹ ਅਬਰਾਹਾਮ ਨਾਲ ਬੰਨ੍ਹੇ ਯਹੋਵਾਹ ਦੇ ਨੇਮ ਨਾਲ ਜੁੜੀਆਂ ਸਨ। (ਉਤਪਤ 12:2, 3) ਇਸ ਲਈ ਜੇ ਯਹੋਵਾਹ ਚਾਹੁੰਦਾ ਕਿ ਬਰਕਤਾਂ ਯਾਕੂਬ ਨੂੰ ਨਾ ਦਿੱਤੀਆਂ ਜਾਣ, ਤਾਂ ਉਸ ਨੇ ਕਿਸੇ-ਨ-ਕਿਸੇ ਤਰ੍ਹਾਂ ਇਹ ਹੋਣ ਤੋਂ ਰੋਕ ਦੇਣਾ ਸੀ। ਪਰ ਯਹੋਵਾਹ ਨੇ ਯਾਕੂਬ ਨਾਲ ਵਾਅਦਾ ਕੀਤਾ: “ਤੇਰੀ ਅੰਸ ਤੋਂ ਪਿਰਥਵੀ ਦੇ ਸਾਰੇ ਟੱਬਰ ਬਰਕਤ ਪਾਉਣਗੇ।”—ਉਤਪਤ 28:10-15.