Skip to content

Skip to table of contents

ਕੀ ਤੁਹਾਡੇ ਤੋਂ ਦੂਸਰਿਆਂ ਨੂੰ ਤਾਜ਼ਗੀ ਮਿਲਦੀ ਹੈ?

ਕੀ ਤੁਹਾਡੇ ਤੋਂ ਦੂਸਰਿਆਂ ਨੂੰ ਤਾਜ਼ਗੀ ਮਿਲਦੀ ਹੈ?

ਕੀ ਤੁਹਾਡੇ ਤੋਂ ਦੂਸਰਿਆਂ ਨੂੰ ਤਾਜ਼ਗੀ ਮਿਲਦੀ ਹੈ?

ਐਂਟੀ-ਲੇਬਨਾਨ ਨਾਂ ਦੇ ਪਹਾੜਾਂ ਵਿੱਚੋਂ ਇਕ ਹੈ ਹਰਮੋਨ ਪਹਾੜ ਜਿਸ ਦੀ ਸ਼ਾਨਦਾਰ ਚੋਟੀ ਸਮੁੰਦਰ ਤਲ ਤੋਂ 9,232 ਫੁੱਟ ਦੀ ਉਚਾਈ ਤੇ ਹੈ। ਤਕਰੀਬਨ ਪੂਰਾ ਸਾਲ ਹਰਮੋਨ ਪਹਾੜ ਦੀ ਚੋਟੀ ਬਰਫ਼ ਨਾਲ ਢਕੀ ਰਹਿੰਦੀ ਹੈ ਜਿਸ ਕਰਕੇ ਰਾਤ ਵੇਲੇ ਇਸ ਉੱਪਰੋਂ ਲੰਘਣ ਵਾਲੀ ਗਰਮ ਹਵਾ ਵਿਚ ਮੌਜੂਦ ਪਾਣੀ ਦੇ ਵਾਸ਼ਪ ਤ੍ਰੇਲ ਦਾ ਰੂਪ ਧਾਰ ਲੈਂਦੇ ਹਨ। ਤ੍ਰੇਲ ਨੀਵੀਆਂ ਪਹਾੜੀ ਢਲਾਣਾਂ ਉੱਤੇ ਉੱਗੇ ਫਲਦਾਰ ਤੇ ਹੋਰ ਦਰਖ਼ਤਾਂ ਉੱਤੇ ਅਤੇ ਪਹਾੜਾਂ ਦੇ ਲਾਗੇ ਅੰਗੂਰਾਂ ਦੇ ਬਾਗ਼ਾਂ ਉੱਤੇ ਪੈਂਦੀ ਹੈ। ਪ੍ਰਾਚੀਨ ਇਸਰਾਏਲ ਵਿਚ ਜ਼ਿਆਦਾ ਮੀਂਹ ਨਾ ਪੈਣ ਕਰਕੇ ਪੇੜ-ਪੌਦਿਆਂ ਨੂੰ ਨਮੀ ਮੁੱਖ ਤੌਰ ਤੇ ਤ੍ਰੇਲ ਰਾਹੀਂ ਮਿਲਦੀ ਸੀ।

ਬਾਈਬਲ ਵਿਚ ਲਿਖੇ ਗਏ ਇਕ ਗੀਤ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਲੋਕਾਂ ਦੇ ਆਪਸ ਵਿਚ ਮਿਲ-ਜੁਲ ਕੇ ਰਹਿਣਾ ‘ਹਰਮੋਨ ਦੀ ਤ੍ਰੇਲ ਦੀ ਨਿਆਈਂ ਹੈ, ਜੋ ਸੀਯੋਨ ਦੇ ਪਹਾੜ ਉੱਤੇ ਚੋਂਦੀ ਹੈ।’ (ਜ਼ਬੂਰਾਂ ਦੀ ਪੋਥੀ 133:1, 3) ਜਿਵੇਂ ਹਰਮੋਨ ਪਹਾੜ ਉੱਤੋਂ ਪੈਂਦੀ ਤ੍ਰੇਲ ਪੇੜ-ਪੌਦਿਆਂ ਵਿਚ ਨਵੇਂ ਸਿਰਿਓਂ ਜਾਨ ਪਾਉਂਦੀ ਹੈ, ਉਸੇ ਤਰ੍ਹਾਂ ਕੀ ਅਸੀਂ ਦੂਜਿਆਂ ਨੂੰ ਤਾਜ਼ਾ ਦਮ ਕਰਦੇ ਹਾਂ? ਆਓ ਦੇਖੀਏ ਕਿ ਇਹ ਅਸੀਂ ਕਿਵੇਂ ਕਰ ਸਕਦੇ ਹਾਂ।

ਯਿਸੂ ਦੂਜਿਆਂ ਨੂੰ ਤਾਜ਼ਾ ਦਮ ਕਰਦਾ ਸੀ

ਯਿਸੂ ਮਸੀਹ ਦੀਆਂ ਗੱਲਾਂ ਤੇ ਕੰਮਾਂ ਦਾ ਦੂਸਰਿਆਂ ਉੱਤੇ ਬਹੁਤ ਚੰਗਾ ਪ੍ਰਭਾਵ ਪਿਆ। ਉਸ ਕੋਲ ਦੋ ਘੜੀਆਂ ਬੈਠਣ ਵਾਲੇ ਬੰਦੇ ਦਾ ਵੀ ਹੌਸਲਾ ਵਧ ਜਾਂਦਾ ਸੀ। ਉਦਾਹਰਣ ਲਈ, ਇੰਜੀਲ ਦੇ ਲੇਖਕ ਮਰਕੁਸ ਨੇ ਦੱਸਿਆ: “[ਯਿਸੂ] ਨੇ [ਬੱਚਿਆਂ] ਨੂੰ ਕੁੱਛੜ ਚੁੱਕਿਆ ਅਰ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ।” (ਮਰਕੁਸ 10:16) ਯਿਸੂ ਨੂੰ ਮਿਲ ਕੇ ਬੱਚਿਆਂ ਨੂੰ ਕਿੰਨਾ ਚੰਗਾ ਲੱਗਾ ਹੋਣਾ!

ਧਰਤੀ ਉੱਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਯਿਸੂ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ। ਉਸ ਦੀ ਹਲੀਮੀ ਨੇ ਉਨ੍ਹਾਂ ਦੇ ਦਿਲਾਂ ਨੂੰ ਟੁੰਬ ਦਿੱਤਾ ਹੋਣਾ। ਯਿਸੂ ਨੇ ਫਿਰ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ।” (ਯੂਹੰਨਾ 13:1-17) ਜੀ ਹਾਂ, ਉਨ੍ਹਾਂ ਨੂੰ ਵੀ ਯਿਸੂ ਵਾਂਗ ਹਲੀਮ ਬਣਨ ਦੀ ਲੋੜ ਸੀ। ਭਾਵੇਂ ਕਿ ਉਸ ਵੇਲੇ ਉਨ੍ਹਾਂ ਨੂੰ ਯਿਸੂ ਦੀ ਇਹ ਗੱਲ ਚੰਗੀ ਤਰ੍ਹਾਂ ਸਮਝ ਨਹੀਂ ਆਈ ਤੇ ਬਾਅਦ ਵਿਚ ਉਸੇ ਰਾਤ ਉਹ ਇਸ ਗੱਲ ਤੇ ਝਗੜ ਪਏ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਸੀ, ਫਿਰ ਵੀ ਯਿਸੂ ਨੇ ਉਨ੍ਹਾਂ ਨੂੰ ਝਿੜਕਿਆ ਨਹੀਂ। ਇਸ ਦੀ ਬਜਾਇ ਉਸ ਨੇ ਧੀਰਜ ਨਾਲ ਉਨ੍ਹਾਂ ਨੂੰ ਸਮਝਾਇਆ-ਬੁਝਾਇਆ। (ਲੂਕਾ 22:24-27) ਯਿਸੂ ਦਿਲ ਦਾ ਬੜਾ ਹਲੀਮ ਸੀ ਜਿਸ ਕਰਕੇ “ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ।” ਅਸਲ ਵਿਚ, ਉਹ “ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।” ਕਿੰਨੀ ਵਧੀਆ ਮਿਸਾਲ! ਸਾਨੂੰ ਵੀ ਯਿਸੂ ਦੀ ਇਸ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ।—1 ਪਤਰਸ 2:21, 23.

ਯਿਸੂ ਨੇ ਕਿਹਾ ਸੀ: “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।” (ਮੱਤੀ 11:29) ਯਿਸੂ ਦੀ ਸੰਗਤ ਵਿਚ ਬਹਿ ਕੇ ਤੇ ਉਸ ਦੀਆਂ ਗੱਲਾਂ ਸੁਣ ਕੇ ਕਿੰਨਾ ਮਜ਼ਾ ਆਉਂਦਾ ਹੋਣਾ! ਯਹੂਦੀ ਸਭਾ-ਘਰ ਵਿਚ ਉਸ ਨੂੰ ਉਪਦੇਸ਼ ਦਿੰਦਿਆਂ ਸੁਣ ਕੇ ਉਸ ਦੇ ਪਿੰਡ ਦੇ ਲੋਕ ਹੈਰਾਨ ਹੋ ਕੇ ਕਹਿਣ ਲੱਗੇ: “ਇਸ ਮਨੁੱਖ ਨੂੰ ਇਹ ਗਿਆਨ ਅਰ ਏਹ ਕਰਾਮਾਤਾਂ ਕਿੱਥੋਂ ਮਿਲੀਆਂ?” (ਮੱਤੀ 13:54) ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਪੜ੍ਹ ਕੇ ਅਸੀਂ ਸਿੱਖਦੇ ਹਾਂ ਕਿ ਅਸੀਂ ਦੂਸਰਿਆਂ ਨੂੰ ਤਾਜ਼ਾ ਦਮ ਕਿੱਦਾਂ ਕਰ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਯਿਸੂ ਨੇ ਆਪਣੀਆਂ ਗੱਲਾਂ ਰਾਹੀਂ ਤੇ ਦੂਸਰਿਆਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਕਿਵੇਂ ਤਾਜ਼ਾ ਦਮ ਕੀਤਾ।

ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਹੌਸਲਾ ਦਿਓ

ਕਿਸੇ ਇਮਾਰਤ ਨੂੰ ਢਾਹੁਣਾ ਸੌਖਾ ਹੁੰਦਾ ਹੈ, ਖੜ੍ਹਾ ਕਰਨਾ ਔਖਾ। ਇਸੇ ਤਰ੍ਹਾਂ ਅਸੀਂ ਵੀ ਆਪਣੀਆਂ ਗੱਲਾਂ ਨਾਲ ਦੂਜਿਆਂ ਦਾ ਜਾਂ ਤਾਂ ਹੌਸਲਾ ਢਾਹ ਸਕਦੇ ਹਾਂ ਜਾਂ ਫਿਰ ਹੌਸਲਾ ਵਧਾ ਸਕਦੇ ਹਾਂ। ਗ਼ਲਤੀਆਂ ਤਾਂ ਹਰ ਇਨਸਾਨ ਕਰਦਾ ਹੈ। ਰਾਜਾ ਸੁਲੇਮਾਨ ਨੇ ਲਿਖਿਆ: “ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।” (ਉਪਦੇਸ਼ਕ ਦੀ ਪੋਥੀ 7:20) ਕਿਸੇ ਦੀਆਂ ਖ਼ਾਮੀਆਂ ਦੇਖ ਕੇ ਚੁਭਵੀਆਂ ਗੱਲਾਂ ਕਹਿਣ ਨਾਲ ਉਸ ਦਾ ਹੌਸਲਾ ਪਸਤ ਕਰਨਾ ਬਹੁਤ ਆਸਾਨ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 64:2-4) ਪਰ ਹੌਸਲਾ ਦੇਣ ਵਾਲੀਆਂ ਗੱਲਾਂ ਕਰਨ ਲਈ ਕਾਫ਼ੀ ਸੋਚ-ਵਿਚਾਰ ਕਰਨਾ ਪੈਂਦਾ ਹੈ।

ਯਿਸੂ ਨੇ ਆਪਣੀਆਂ ਗੱਲਾਂ ਨਾਲ ਲੋਕਾਂ ਦਾ ਹੌਸਲਾ ਵਧਾਇਆ। ਉਸ ਨੇ ਉਨ੍ਹਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ। (ਲੂਕਾ 8:1) ਆਪਣੇ ਚੇਲਿਆਂ ਨੂੰ ਆਪਣੇ ਪਿਤਾ ਬਾਰੇ ਗਿਆਨ ਦੇ ਕੇ ਉਸ ਨੇ ਉਨ੍ਹਾਂ ਅੰਦਰ ਉਮੀਦ ਦੀ ਕਿਰਨ ਜਗਾਈ। (ਮੱਤੀ 11:25-27) ਇਸੇ ਕਰਕੇ ਲੋਕ ਯਿਸੂ ਕੋਲ ਭੱਜੇ-ਭੱਜੇ ਆਉਂਦੇ ਸਨ।

ਯਿਸੂ ਤੋਂ ਬਿਲਕੁਲ ਉਲਟ ਸਦੂਕੀਆਂ ਤੇ ਫ਼ਰੀਸੀਆਂ ਨੂੰ ਬੱਸ ਆਪਣਾ ਹੀ ਫ਼ਿਕਰ ਸੀ। ਉਨ੍ਹਾਂ ਬਾਰੇ ਯਿਸੂ ਨੇ ਕਿਹਾ: ‘ਉਹ ਮਿਹਮਾਨੀਆਂ ਵਿੱਚ ਉੱਚੀਆਂ ਥਾਵਾਂ ਅਤੇ ਸਮਾਜਾਂ ਵਿੱਚ ਅਗਲੀਆਂ ਕੁਰਸੀਆਂ ਦੇ ਭੁੱਖੇ ਹਨ।’ (ਮੱਤੀ 23:6, 7) ਉਹ ਆਮ ਲੋਕਾਂ ਨੂੰ ਇੰਨੀ ਨਫ਼ਰਤ ਕਰਦੇ ਸਨ ਕਿ ਉਹ ਉਨ੍ਹਾਂ ਬਾਰੇ ਕਹਿੰਦੇ ਸਨ: “ਲਾਨਤ ਹੈ ਇਨ੍ਹਾਂ ਲੋਕਾਂ ਉੱਤੇ ਜਿਹੜੇ ਸ਼ਰਾ ਨੂੰ ਨਹੀਂ ਜਾਣਦੇ ਹਨ!” (ਯੂਹੰਨਾ 7:49) ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸਦੂਕੀਆਂ ਤੇ ਫ਼ਰੀਸੀਆਂ ਨੇ ਹਮੇਸ਼ਾ ਲੋਕਾਂ ਦਾ ਹੌਸਲਾ ਢਾਹਿਆ, ਨਾ ਕਿ ਵਧਾਇਆ।

ਸਾਡੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਬਾਰੇ ਤੇ ਦੂਜਿਆਂ ਬਾਰੇ ਕੀ ਸੋਚਦੇ ਹਾਂ। ਯਿਸੂ ਨੇ ਕਿਹਾ ਸੀ: “ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀ ਗੱਲ ਕੱਢਦਾ ਹੈ ਅਤੇ ਬੁਰਾ ਆਦਮੀ ਬੁਰੇ ਖ਼ਜ਼ਾਨੇ ਵਿੱਚੋਂ ਬੁਰੀ ਗੱਲ ਕੱਢਦਾ ਹੈ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਦੇ ਮੂੰਹ ਉੱਤੇ ਉਹੋ ਆਉਂਦਾ ਹੈ।” (ਲੂਕਾ 6:45) ਅਸੀਂ ਇਹ ਧਿਆਨ ਕਿੱਦਾਂ ਰੱਖ ਸਕਦੇ ਹਾਂ ਕਿ ਸਾਡੀਆਂ ਗੱਲਾਂ ਸੁਣ ਕੇ ਦੂਜੇ ਤਾਜ਼ਾ ਦਮ ਹੋਣ?

‘ਪਹਿਲਾਂ ਤੋਲੋ ਫਿਰ ਬੋਲੋ’ ਵਾਲਾ ਅਸੂਲ ਯਾਦ ਰੱਖਣਾ ਚਾਹੀਦਾ ਹੈ। ਕਹਾਉਤਾਂ 15:28 ਵਿਚ ਕਿਹਾ ਗਿਆ ਹੈ: “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।” ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਕਹਿਣ ਤੋਂ ਪਹਿਲਾਂ ਲੰਬੀਆਂ ਸੋਚਾਂ ਵਿਚ ਪੈ ਜਾਈਏ। ਪਰ ਥੋੜ੍ਹਾ ਜਿਹਾ ਸੋਚ-ਸਮਝ ਕੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੀ ਗੱਲ ਦਾ ਦੂਜੇ ਬੰਦੇ ਤੇ ਕੀ ਅਸਰ ਪਵੇਗਾ। ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ: “ਜੋ ਮੈਂ ਕਹਿਣ ਜਾ ਰਿਹਾ ਹਾਂ, ਉਸ ਨਾਲ ਦੂਜੇ ਬੰਦੇ ਨੂੰ ਠੇਸ ਤਾਂ ਨਹੀਂ ਲੱਗੇਗੀ? ਕੀ ਇਹ ਗੱਲ ਸੱਚ ਹੈ ਜਾਂ ਫਿਰ ਸੁਣੀ-ਸੁਣਾਈ ਗੱਲ? ਕੀ ਮੈਨੂੰ ਗੱਲ ਹੁਣੇ ਕਹਿਣੀ ਚਾਹੀਦੀ ਹੈ ਜਾਂ ਫਿਰ ਠਹਿਰ ਕੇ? ਕੀ ਮੇਰੀਆਂ ਗੱਲਾਂ ਤੋਂ ਦੂਜਿਆਂ ਨੂੰ ਹੌਸਲਾ ਮਿਲੇਗਾ?” (ਕਹਾਉਤਾਂ 15:23) ਜੇ ਸਾਨੂੰ ਲੱਗੇ ਕਿ ਸਾਡੀ ਗੱਲ ਦਾ ਦੂਜੇ ਬੰਦੇ ਤੇ ਮਾੜਾ ਅਸਰ ਪਵੇਗਾ ਜਾਂ ਫਿਰ ਇਹ ਗੱਲ ਕਹਿਣ ਦਾ ਸਹੀ ਸਮਾਂ ਨਹੀਂ ਹੈ, ਤਾਂ ਸਾਨੂੰ ਗੱਲ ਆਪਣੇ ਮਨੋਂ ਕੱਢ ਦੇਣੀ ਚਾਹੀਦੀ ਹੈ। ਵਧੀਆ ਹੋਊ ਜੇ ਅਸੀਂ ਇਸ ਦੀ ਜਗ੍ਹਾ ਕੋਈ ਚੰਗੀ ਗੱਲ ਕਰੀਏ। ਬਿਨਾਂ ਸੋਚੇ-ਸਮਝੇ ਕਹੀਆਂ ਗੱਲਾਂ ਦੂਜਿਆਂ ਨੂੰ “ਤਲਵਾਰ ਵਾਂਙੁ ਵਿੰਨ੍ਹਦੀਆਂ ਹਨ,” ਪਰ ਹੌਸਲਾ ਵਧਾਉਣ ਵਾਲੀਆਂ ਗੱਲਾਂ ‘ਚੰਗਾ ਕਰ ਦਿੰਦੀਆਂ ਹਨ।’—ਕਹਾਉਤਾਂ 12:18.

ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਭੈਣ-ਭਰਾ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ। ਯਿਸੂ ਨੇ ਕਿਹਾ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰਨਾ 6:44) ਯਹੋਵਾਹ ਆਪਣੇ ਹਰ ਵਫ਼ਾਦਾਰ ਭਗਤ ਦੇ ਚੰਗੇ ਗੁਣ ਦੇਖਦਾ ਹੈ, ਉਨ੍ਹਾਂ ਵਿਚ ਵੀ ਜਿਨ੍ਹਾਂ ਨਾਲ ਸ਼ਾਇਦ ਸਾਡੀ ਨਾ ਨਿਭਦੀ ਹੋਵੇ। ਅਸੀਂ ਜਿੰਨਾ ਜ਼ਿਆਦਾ ਦੂਜਿਆਂ ਵਿਚ ਖੂਬੀਆਂ ਦੇਖਾਂਗੇ, ਉੱਨਾ ਜ਼ਿਆਦਾ ਅਸੀਂ ਉਨ੍ਹਾਂ ਬਾਰੇ ਚੰਗੀਆਂ ਗੱਲਾਂ ਕਰਾਂਗੇ।

ਦੂਸਰਿਆਂ ਦੀ ਮਦਦ ਕਰੋ

ਯਿਸੂ ਨੂੰ ਦੁਖੀਆਂ ਦੇ ਦਰਦ ਦਾ ਅਹਿਸਾਸ ਸੀ। ਇਕ ਵਾਰ “ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (ਮੱਤੀ 9:36) ਯਿਸੂ ਨੇ ਉਨ੍ਹਾਂ ਦੀ ਮੰਦੀ ਹਾਲਤ ਦੇਖੀ ਹੀ ਨਹੀਂ, ਸਗੋਂ ਉਸ ਨੇ ਉਨ੍ਹਾਂ ਦੀ ਮਦਦ ਵੀ ਕੀਤੀ। ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” ਯਿਸੂ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ: “ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।”—ਮੱਤੀ 11:28, 30.

ਅੱਜ ਅਸੀਂ ‘ਅੰਤ ਦਿਆਂ ਦਿਨਾਂ ਦੇ ਭੈੜੇ ਸਮੇਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਬਹੁਤ ਸਾਰੇ ਲੋਕ “ਜੁਗ ਦੀ ਚਿੰਤਾ” ਦੇ ਭਾਰ ਹੇਠ ਦੱਬੇ ਹੋਏ ਹਨ। (ਮੱਤੀ 13:22) ਕਈ ਲੋਕ ਬਹੁਤ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹਨ। (1 ਥੱਸਲੁਨੀਕੀਆਂ 5:14) ਅਸੀਂ ਅਜਿਹੇ ਲੋਕਾਂ ਦਾ ਭਾਰ ਹੌਲਾ ਕਿਵੇਂ ਕਰ ਸਕਦੇ ਹਾਂ? ਮਸੀਹ ਦੀ ਮਿਸਾਲ ਦੀ ਨਕਲ ਕਰ ਕੇ।

ਕਈ ਲੋਕ ਆਪਣੀਆਂ ਸਮੱਸਿਆਵਾਂ ਬਾਰੇ ਕਿਸੇ ਨਾਲ ਗੱਲ ਕਰ ਕੇ ਆਪਣਾ ਮਨ ਹੌਲਾ ਕਰਨਾ ਚਾਹੁੰਦੇ ਹਨ। ਜੇ ਅਜਿਹਾ ਕੋਈ ਨਿਰਾਸ਼ ਵਿਅਕਤੀ ਸਾਡੇ ਕੋਲ ਮਦਦ ਲਈ ਆਉਂਦਾ ਹੈ, ਤਾਂ ਕੀ ਅਸੀਂ ਉਸ ਦੀ ਗੱਲ ਧਿਆਨ ਨਾਲ ਸੁਣਦੇ ਹਾਂ? ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਅਕਸਰ ਦੇਖਿਆ ਗਿਆ ਹੈ ਕਿ ਲੋਕ ਦੂਸਰੇ ਦੀ ਗੱਲ ਸੁਣਨ ਦੀ ਬਜਾਇ ਫਟਾਫਟ ਆਪਣੀ ਰਾਇ ਦੇਣ ਦੀ ਕਰਦੇ ਹਨ। ਗੱਲ ਸੁਣਦਿਆਂ ਹੀ ਅਸੀਂ ਸੋਚੀਂ ਪੈ ਜਾਂਦੇ ਹਾਂ ਕਿ ਅਗਲੇ ਦੀ ਸਮੱਸਿਆ ਦਾ ਕੀ ਜਵਾਬ ਦੇਈਏ ਜਾਂ ਇਸ ਨੂੰ ਕਿਵੇਂ ਹੱਲ ਕਰੀਏ। ਪਰ ਧਿਆਨ ਨਾਲ ਉਸ ਦੀ ਗੱਲ ਸੁਣ ਕੇ, ਉਸ ਦੀ ਨਜ਼ਰ ਨਾਲ ਨਜ਼ਰ ਮਿਲਾ ਕੇ ਤੇ ਥੋੜ੍ਹਾ-ਬਹੁਤਾ ਮੁਸਕਰਾ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਦੀ ਪਰਵਾਹ ਕਰਦੇ ਹਾਂ।

ਕਲੀਸਿਯਾ ਵਿਚ ਸਾਨੂੰ ਆਪਣੇ ਭੈਣ-ਭਰਾਵਾਂ ਨੂੰ ਹੱਲਾਸ਼ੇਰੀ ਦੇਣ ਦੇ ਬਹੁਤ ਮੌਕੇ ਮਿਲਦੇ ਹਨ। ਉਦਾਹਰਣ ਲਈ, ਕਿੰਗਡਮ ਹਾਲ ਵਿਚ ਅਸੀਂ ਉਨ੍ਹਾਂ ਲੋਕਾਂ ਨਾਲ ਗੱਲ ਕਰ ਸਕਦੇ ਹਾਂ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ। ਮੀਟਿੰਗ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਦਾ ਹਾਲ-ਚਾਲ ਪੁੱਛਣ ਲਈ ਕੁਝ ਕੁ ਮਿੰਟ ਹੀ ਕਾਫ਼ੀ ਹੁੰਦੇ ਹਨ। ਅਸੀਂ ਉਨ੍ਹਾਂ ਨੂੰ ਵੀ ਯਾਦ ਰੱਖ ਸਕਦੇ ਹਾਂ ਜੋ ਬੁੱਕ ਸਟੱਡੀ ਵਿਚ ਨਹੀਂ ਆਏ। ਫ਼ੋਨ ਕਰ ਕੇ ਅਸੀਂ ਉਨ੍ਹਾਂ ਦਾ ਹਾਲ-ਚਾਲ ਪੁੱਛ ਸਕਦੇ ਹਾਂ ਜਾਂ ਲੋੜੀਂਦੀ ਮਦਦ ਦੇ ਸਕਦੇ ਹਾਂ।—ਫ਼ਿਲਿੱਪੀਆਂ 2:4.

ਮਸੀਹੀ ਬਜ਼ੁਰਗਾਂ ਦੇ ਮੋਢਿਆਂ ਉੱਤੇ ਕਲੀਸਿਯਾ ਦੀਆਂ ਭਾਰੀ ਜ਼ਿੰਮੇਵਾਰੀਆਂ ਹਨ। ਅਸੀਂ ਉਨ੍ਹਾਂ ਦਾ ਕਿਹਾ ਮੰਨ ਕੇ ਅਤੇ ਉਨ੍ਹਾਂ ਵੱਲੋਂ ਦਿੱਤਾ ਕੰਮ ਕਰ ਕੇ ਉਨ੍ਹਾਂ ਦਾ ਭਾਰ ਹੌਲਾ ਕਰ ਸਕਦੇ ਹਾਂ। ਪਰਮੇਸ਼ੁਰ ਦਾ ਬਚਨ ਸਾਨੂੰ ਤਾਕੀਦ ਕਰਦਾ ਹੈ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।” (ਇਬਰਾਨੀਆਂ 13:17) ‘ਚੰਗਾ ਪਰਬੰਧ ਕਰਨ ਵਾਲੇ’ ਇਨ੍ਹਾਂ ਬਜ਼ੁਰਗਾਂ ਦੇ ਖ਼ੁਸ਼ੀ-ਖ਼ੁਸ਼ੀ ਅਧੀਨ ਰਹਿ ਕੇ ਅਸੀਂ ਉਨ੍ਹਾਂ ਨੂੰ ਤਾਜ਼ਗੀ ਦੇ ਸਕਦੇ ਹਾਂ।—1 ਤਿਮੋਥਿਉਸ 5:17.

ਦੂਸਰਿਆਂ ਦੀ ਮਦਦ ਕਰੋ ਅਤੇ ਸਦਾ ਚੰਗਾ ਬੋਲੋ

ਤਾਜ਼ਗੀ ਦੇਣ ਵਾਲੀ ਤ੍ਰੇਲ ਪਾਣੀ ਦੀਆਂ ਅਣਗਿਣਤ ਛੋਟੀਆਂ-ਛੋਟੀਆਂ ਬੂੰਦਾਂ ਨਾਲ ਬਣਦੀ ਹੈ। ਇਸੇ ਤਰ੍ਹਾਂ ਦੂਸਰਿਆਂ ਨੂੰ ਤਾਜ਼ਾ ਦਮ ਕਰਨ ਲਈ ਇਕ-ਅੱਧੀ ਵਾਰ ਚੰਗਾ ਕੰਮ ਕਰਨਾ ਕਾਫ਼ੀ ਨਹੀਂ ਹੈ, ਸਗੋਂ ਸਾਨੂੰ ਹਰ ਵੇਲੇ ਯਿਸੂ ਮਸੀਹ ਵਾਂਗ ਚੰਗੇ ਗੁਣ ਦਿਖਾਉਣੇ ਚਾਹੀਦੇ ਹਨ।

ਪੌਲੁਸ ਰਸੂਲ ਨੇ ਲਿਖਿਆ: “ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” (ਰੋਮੀਆਂ 12:10) ਸੋ ਆਓ ਆਪਾਂ ਪੌਲੁਸ ਰਸੂਲ ਦੀ ਸਲਾਹ ਤੇ ਚੱਲਦੇ ਹੋਏ ਆਪਣੀਆਂ ਗੱਲਾਂ ਤੇ ਕੰਮਾਂ ਰਾਹੀਂ ਦੂਸਰਿਆਂ ਨੂੰ ਤਾਜ਼ਗੀ ਦੇਈਏ।

[ਸਫ਼ਾ 16 ਉੱਤੇ ਤਸਵੀਰਾਂ]

ਹਰਮੋਨ ਪਹਾੜ ਉੱਤੋਂ ਡਿੱਗਦੀ ਤ੍ਰੇਲ ਪੇੜ-ਪੌਦਿਆਂ ਵਿਚ ਨਵੇਂ ਸਿਰਿਓਂ ਜਾਨ ਪਾਉਂਦੀ ਹੈ

[ਸਫ਼ਾ 17 ਉੱਤੇ ਤਸਵੀਰ]

ਧਿਆਨ ਨਾਲ ਗੱਲ ਸੁਣਨ ਵਾਲੇ ਹਮਦਰਦ ਇਨਸਾਨ ਤੋਂ ਦੂਸਰਿਆਂ ਨੂੰ ਤਾਜ਼ਗੀ ਮਿਲਦੀ ਹੈ