Skip to content

Skip to table of contents

ਚੇਲੇ ਬਣਾਉਣ ਲਈ ਆਪਣੇ ਵਿਚ ਜ਼ਰੂਰੀ ਗੁਣ ਪੈਦਾ ਕਰੋ

ਚੇਲੇ ਬਣਾਉਣ ਲਈ ਆਪਣੇ ਵਿਚ ਜ਼ਰੂਰੀ ਗੁਣ ਪੈਦਾ ਕਰੋ

ਚੇਲੇ ਬਣਾਉਣ ਲਈ ਆਪਣੇ ਵਿਚ ਜ਼ਰੂਰੀ ਗੁਣ ਪੈਦਾ ਕਰੋ

“ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।”—ਮੱਤੀ 28:19.

1. ਪੁਰਾਣੇ ਜ਼ਮਾਨੇ ਵਿਚ ਰਹਿੰਦੇ ਪਰਮੇਸ਼ੁਰ ਦੇ ਸੇਵਕਾਂ ਨੇ ਆਪਣੇ ਵਿਚ ਕਿਹੋ ਜਿਹੇ ਹੁਨਰ ਤੇ ਗੁਣ ਪੈਦਾ ਕੀਤੇ ਸਨ?

ਯਹੋਵਾਹ ਦੇ ਸੇਵਕਾਂ ਨੂੰ ਉਸ ਦੀ ਇੱਛਾ ਪੂਰੀ ਕਰਨ ਲਈ ਕਦੇ-ਕਦੇ ਨਵੇਂ ਹੁਨਰ ਸਿੱਖਣ ਦੇ ਨਾਲ-ਨਾਲ ਆਪਣੇ ਵਿਚ ਖ਼ਾਸ ਗੁਣ ਪੈਦਾ ਕਰਨੇ ਪੈਂਦੇ ਹਨ। ਮਿਸਾਲ ਲਈ, ਜਦ ਅਬਰਾਹਾਮ ਤੇ ਸਾਰਾਹ ਪਰਮੇਸ਼ੁਰ ਦੇ ਕਹਿਣੇ ਤੇ ਊਰ ਦੇਸ਼ ਨੂੰ ਛੱਡ ਆਏ ਸਨ, ਤਾਂ ਉਨ੍ਹਾਂ ਨੂੰ ਤੰਬੂਆਂ ਵਿਚ ਰਹਿਣ ਲਈ ਕੁਝ ਜ਼ਰੂਰੀ ਗੁਣ ਤੇ ਕਾਬਲੀਅਤਾਂ ਪੈਦਾ ਕਰਨ ਦੀ ਲੋੜ ਪਈ। (ਇਬਰਾਨੀਆਂ 11:8, 9, 15) ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਜਾਣ ਲਈ ਯਹੋਸ਼ੁਆ ਨੂੰ ਦਲੇਰ ਹੋਣ ਦੇ ਨਾਲ-ਨਾਲ ਯਹੋਵਾਹ ਤੇ ਭਰੋਸਾ ਰੱਖਣ ਤੇ ਬਿਵਸਥਾ ਦਾ ਗਿਆਨ ਹਾਸਲ ਕਰਨ ਦੀ ਲੋੜ ਸੀ। (ਯਹੋਸ਼ੁਆ 1:7-9) ਬਸਲਏਲ ਤੇ ਆਹਾਲੀਆਬ ਕੋਲ ਪਹਿਲਾਂ ਹੀ ਕਾਫ਼ੀ ਹੁਨਰ ਸਨ, ਪਰ ਯਹੋਵਾਹ ਨੇ ਆਪਣੀ ਆਤਮਾ ਦੁਆਰਾ ਇਨ੍ਹਾਂ ਬੰਦਿਆਂ ਨੂੰ ਹੋਰ ਬੁੱਧ ਦਿੱਤੀ ਤਾਂਕਿ ਉਨ੍ਹਾਂ ਦੀ ਨਿਗਰਾਨੀ ਅਧੀਨ ਹੈਕਲ ਦਾ ਕੰਮ ਚੰਗੀ ਤਰ੍ਹਾਂ ਕੀਤਾ ਜਾ ਸਕੇ।—ਕੂਚ 31:1-11.

2. ਚੇਲੇ ਬਣਾਉਣ ਦੇ ਕੰਮ ਦੇ ਸੰਬੰਧ ਵਿਚ ਅਸੀਂ ਕਿਨ੍ਹਾਂ ਸਵਾਲਾਂ ਤੇ ਚਰਚਾ ਕਰਾਂਗੇ?

2 ਕਈ ਸਦੀਆਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਹੁਕਮ ਦਿੱਤਾ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਅਜਿਹਾ ਸਨਮਾਨ ਪਹਿਲਾਂ ਕਦੇ ਕਿਸੇ ਨੂੰ ਨਹੀਂ ਦਿੱਤਾ ਗਿਆ। ਤਾਂ ਫਿਰ, ਚੇਲੇ ਬਣਾਉਣ ਦੀ ਇਸ ਵੱਡੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਕਿਹੋ ਜਿਹੇ ਗੁਣ ਹੋਣੇ ਜ਼ਰੂਰੀ ਹਨ? ਅਸੀਂ ਅਜਿਹੇ ਗੁਣ ਆਪਣੇ ਵਿਚ ਕਿਵੇਂ ਪੈਦਾ ਕਰ ਸਕਦੇ ਹਾਂ?

ਪਰਮੇਸ਼ੁਰ ਲਈ ਗਹਿਰੇ ਪਿਆਰ ਦਾ ਇਜ਼ਹਾਰ ਕਰੋ

3. ਚੇਲੇ ਬਣਾਉਣ ਦੇ ਹੁਕਮ ਤੇ ਚੱਲਦੇ ਹੋਏ ਸਾਨੂੰ ਕੀ ਕਰਨ ਦਾ ਮੌਕਾ ਮਿਲਦਾ ਹੈ?

3 ਜੇ ਅਸੀਂ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਲਈ ਲੋਕਾਂ ਨੂੰ ਕਾਇਲ ਕਰਨਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨੂੰ ਗਹਿਰਾ ਪਿਆਰ ਕਰੀਏ। ਮਿਸਾਲ ਲਈ, ਇਸਰਾਏਲੀ ਲੋਕ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰ ਕੇ, ਉਸ ਨੂੰ ਚੜ੍ਹਾਵੇ ਚੜ੍ਹਾ ਕੇ ਤੇ ਦਿਲੋਂ ਉਸਤਤ ਦੇ ਗੀਤ ਗਾ ਕੇ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਸਨ। (ਬਿਵਸਥਾ ਸਾਰ 10:12, 13; 30:19, 20; ਜ਼ਬੂਰਾਂ ਦੀ ਪੋਥੀ 21:13; 96:1, 2; 138:5) ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਕਰਦੇ ਹੋਏ ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ ਅਤੇ ਲੋਕਾਂ ਨੂੰ ਯਹੋਵਾਹ ਤੇ ਉਸ ਦੇ ਮਕਸਦ ਬਾਰੇ ਦੱਸ ਕੇ ਸਬੂਤ ਦਿੰਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਲੋਕਾਂ ਨੂੰ ਭਵਿੱਖ ਸੰਬੰਧੀ ਆਪਣੀ ਆਸ ਬਾਰੇ ਸਾਨੂੰ ਸੋਚ-ਸਮਝ ਕੇ ਅਤੇ ਪੂਰੇ ਭਰੋਸੇ ਤੇ ਜੋਸ਼ ਨਾਲ ਦੱਸਣਾ ਚਾਹੀਦਾ ਹੈ।—1 ਥੱਸਲੁਨੀਕੀਆਂ 1:5; 1 ਪਤਰਸ 3:15.

4. ਲੋਕਾਂ ਨਾਲ ਯਹੋਵਾਹ ਬਾਰੇ ਗੱਲ ਕਰ ਕੇ ਯਿਸੂ ਨੂੰ ਇੰਨੀ ਖ਼ੁਸ਼ੀ ਕਿਉਂ ਮਿਲਦੀ ਸੀ?

4 ਯਿਸੂ ਆਪਣੇ ਪਿਤਾ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ ਜਿਸ ਕਰਕੇ ਉਸ ਨੂੰ ਯਹੋਵਾਹ ਪਰਮੇਸ਼ੁਰ ਦੇ ਮਕਸਦਾਂ, ਉਸ ਦੇ ਰਾਜ ਤੇ ਸੱਚੀ ਭਗਤੀ ਬਾਰੇ ਹੋਰਨਾਂ ਨਾਲ ਗੱਲ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਸੀ। (ਲੂਕਾ 8:1; ਯੂਹੰਨਾ 4:23, 24, 31) ਯਿਸੂ ਨੇ ਕਿਹਾ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।” (ਯੂਹੰਨਾ 4:34) ਦਰਅਸਲ, ਜ਼ਬੂਰਾਂ ਦੇ ਲਿਖਾਰੀ ਦੇ ਇਹ ਸ਼ਬਦ ਯਿਸੂ ਉੱਤੇ ਲਾਗੂ ਹੁੰਦੇ ਹਨ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ। ਮੈਂ ਮਹਾ ਸਭਾ ਵਿੱਚ ਧਰਮ ਦੀ ਖੁਸ਼ ਖਬਰੀ ਦਾ ਪਰਚਾਰ ਕੀਤਾ ਹੈ, ਵੇਖ, ਮੈਂ ਆਪਣੇ ਬੁੱਲ੍ਹਾਂ ਨੂੰ ਨਹੀਂ ਰੋਕਾਂਗਾ, ਹੇ ਯਹੋਵਾਹ, ਤੂੰ ਇਹ ਜਾਣਦਾ ਹੈਂ।”—ਜ਼ਬੂਰਾਂ ਦੀ ਪੋਥੀ 40:8, 9; ਇਬਰਾਨੀਆਂ 10:7-10.

5, 6. ਚੇਲੇ ਬਣਾਉਣ ਦਾ ਕੰਮ ਕਰਨ ਲਈ ਸਾਡੇ ਵਿਚ ਕਿਹੜਾ ਗੁਣ ਹੋਣਾ ਜ਼ਰੂਰੀ ਹੈ?

5 ਜਦ ਕੋਈ ਸੱਚਾਈ ਸਿੱਖਣੀ ਸ਼ੁਰੂ ਕਰਦਾ ਹੈ, ਤਾਂ ਉਸ ਦੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਪੈਦਾ ਹੁੰਦਾ ਹੈ। ਨਤੀਜੇ ਵਜੋਂ, ਉਹ ਹੋਰਨਾਂ ਲੋਕਾਂ ਨੂੰ ਯਹੋਵਾਹ ਤੇ ਉਸ ਦੇ ਰਾਜ ਬਾਰੇ ਇੰਨੇ ਜੋਸ਼ ਤੇ ਭਰੋਸੇ ਨਾਲ ਦੱਸਦਾ ਹੈ ਕਿ ਉਹ ਲੋਕ ਵੀ ਸੱਚਾਈ ਸਿੱਖਣ ਲਈ ਪ੍ਰੇਰਿਤ ਹੋ ਜਾਂਦੇ ਹਨ। (ਯੂਹੰਨਾ 1:41) ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਣ ਦੀ ਪ੍ਰੇਰਣਾ ਸਾਨੂੰ ਇਸ ਗੱਲ ਤੋਂ ਮਿਲਦੀ ਹੈ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ। ਤਾਂ ਫਿਰ ਆਓ ਆਪਾਂ ਰੋਜ਼ ਬਾਈਬਲ ਪੜ੍ਹ ਕੇ ਤੇ ਉਸ ਉੱਤੇ ਮਨਨ ਕਰ ਕੇ ਇਸ ਪਿਆਰ ਨੂੰ ਬਰਕਰਾਰ ਰੱਖੀਏ।—1 ਤਿਮੋਥਿਉਸ 4:6, 15; ਪਰਕਾਸ਼ ਦੀ ਪੋਥੀ 2:4.

6 ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਲਈ ਯਿਸੂ ਦੇ ਪਿਆਰ ਨੇ ਜੋਸ਼ੀਲਾ ਪ੍ਰਚਾਰਕ ਬਣਨ ਵਿਚ ਉਸ ਦੀ ਮਦਦ ਕੀਤੀ ਸੀ। ਪਰ ਉਸ ਦੇ ਵਧੀਆ ਪ੍ਰਚਾਰਕ ਹੋਣ ਦੇ ਹੋਰ ਵੀ ਕਈ ਕਾਰਨ ਸਨ। ਤਾਂ ਫਿਰ, ਯਿਸੂ ਨੇ ਹੋਰ ਕਿਹੜੇ ਗੁਣ ਦੀ ਮਦਦ ਨਾਲ ਚੇਲੇ ਬਣਾਉਣ ਦੇ ਕੰਮ ਵਿਚ ਸਫ਼ਲਤਾ ਪਾਈ?

ਲੋਕਾਂ ਦੀ ਪਰਵਾਹ ਕਰੋ

7, 8. ਯਿਸੂ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਸੀ?

7 ਯਿਸੂ ਲੋਕਾਂ ਦੀ ਪਰਵਾਹ ਕਰਦਾ ਸੀ ਤੇ ਦਿਲੋਂ ਉਨ੍ਹਾਂ ਵਿਚ ਦਿਲਚਸਪੀ ਲੈਂਦਾ ਸੀ। ਧਰਤੀ ਉੱਤੇ ਆਉਣ ਤੋਂ ਪਹਿਲਾਂ ਵੀ ਉਸ ਨੂੰ ਇਨਸਾਨਾਂ ਨਾਲ ਮੋਹ ਸੀ ਜਦ ਉਸ ਨੇ “ਰਾਜ ਮਿਸਤਰੀ” ਵਜੋਂ ਪਰਮੇਸ਼ੁਰ ਨਾਲ ਕੰਮ ਕੀਤਾ ਸੀ। (ਕਹਾਉਤਾਂ 8:30, 31) ਫਿਰ ਜਦ ਯਿਸੂ ਧਰਤੀ ਤੇ ਸੀ, ਤਾਂ ਉਹ ਲੋਕਾਂ ਨਾਲ ਬਹੁਤ ਹਮਦਰਦੀ ਕਰਦਾ ਸੀ ਜਿਸ ਕਰਕੇ ਉਸ ਕੋਲ ਆਉਣ ਵਾਲੇ ਲੋਕ ਤਾਜ਼ਗੀ ਤੇ ਆਰਾਮ ਪਾਉਂਦੇ ਸਨ। (ਮੱਤੀ 11:28-30) ਲੋਕਾਂ ਨਾਲ ਪਿਆਰ ਤੇ ਹਮਦਰਦੀ ਨਾਲ ਪੇਸ਼ ਆ ਕੇ ਯਿਸੂ ਆਪਣੇ ਪਿਤਾ ਯਹੋਵਾਹ ਦੀ ਰੀਸ ਕਰ ਰਿਹਾ ਸੀ ਜਿਸ ਕਰਕੇ ਲੋਕਾਂ ਦੇ ਦਿਲਾਂ ਵਿਚ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਦੀ ਇੱਛਾ ਜਾਗੀ। ਯਿਸੂ ਕੋਲ ਹਰ ਤਰ੍ਹਾਂ ਦੇ ਲੋਕ ਉਸ ਦੀਆਂ ਗੱਲਾਂ ਸੁਣਨ ਆਉਂਦੇ ਸਨ ਕਿਉਂਕਿ ਉਹ ਉਨ੍ਹਾਂ ਦੇ ਹਾਲਾਤਾਂ ਨੂੰ ਸਮਝਦਾ ਸੀ ਤੇ ਉਨ੍ਹਾਂ ਦੀ ਪਰਵਾਹ ਕਰਦਾ ਸੀ।—ਲੂਕਾ 7:36-50; 18:15-17; 19:1-10.

8 ਇਕ ਵਾਰ ਜਦ ਇਕ ਆਦਮੀ ਨੇ ਯਿਸੂ ਨੂੰ ਪੁੱਛਿਆ ਕਿ ਉਸ ਨੂੰ ਸਦਾ ਦਾ ਜੀਵਨ ਪਾਉਣ ਲਈ ਕੀ ਕਰਨ ਦੀ ਲੋੜ ਸੀ, ਤਾਂ “ਯਿਸੂ ਨੇ ਉਹ ਦੀ ਵੱਲ ਵੇਖ ਕੇ ਉਹ ਨੂੰ ਪਿਆਰ ਕੀਤਾ।” (ਮਰਕੁਸ 10:17-21) ਬੈਤਅਨਿਯਾ ਦੇ ਰਹਿਣ ਵਾਲੇ ਕੁਝ ਲੋਕਾਂ ਬਾਰੇ, ਜਿਨ੍ਹਾਂ ਨੂੰ ਯਿਸੂ ਨੇ ਸਿੱਖਿਆ ਦਿੱਤੀ ਸੀ, ਅਸੀਂ ਪੜ੍ਹਦੇ ਹਾਂ: “ਯਿਸੂ ਮਾਰਥਾ ਨੂੰ ਅਤੇ ਉਹ ਦੀ ਭੈਣ ਅਰ ਲਾਜ਼ਰ ਨੂੰ ਪਿਆਰ ਕਰਦਾ ਸੀ।” (ਯੂਹੰਨਾ 11:1, 5) ਯਿਸੂ ਲੋਕਾਂ ਦੀ ਇੰਨੀ ਪਰਵਾਹ ਕਰਦਾ ਸੀ ਕਿ ਉਹ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸਿਖਾਉਣ ਦੀ ਖ਼ਾਤਰ ਆਰਾਮ ਵੀ ਨਹੀਂ ਕਰਦਾ ਸੀ। (ਮਰਕੁਸ 6:30-34) ਲੋਕਾਂ ਲਈ ਗਹਿਰੇ ਪਿਆਰ ਸਦਕਾ ਯਿਸੂ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਵੱਲ ਖਿੱਚਣ ਵਿਚ ਹੋਰਨਾਂ ਨਾਲੋਂ ਕਿਤੇ ਜ਼ਿਆਦਾ ਸਫ਼ਲ ਹੋਇਆ।

9. ਚੇਲੇ ਬਣਾਉਣ ਦੇ ਕੰਮ ਸੰਬੰਧੀ ਪੌਲੁਸ ਨੇ ਕਿਹੋ ਜਿਹਾ ਰਵੱਈਆ ਦਿਖਾਇਆ ਸੀ?

9 ਪੌਲੁਸ ਰਸੂਲ ਨੂੰ ਵੀ ਉਨ੍ਹਾਂ ਲੋਕਾਂ ਦੀ ਬਹੁਤ ਪਰਵਾਹ ਸੀ ਜਿਨ੍ਹਾਂ ਨੂੰ ਉਹ ਪ੍ਰਚਾਰ ਕਰਦਾ ਸੀ। ਮਿਸਾਲ ਲਈ, ਉਸ ਨੇ ਥੱਸਲੁਨੀਕਾ ਵਿਚ ਰਹਿਣ ਵਾਲੇ ਭੈਣਾਂ-ਭਰਾਵਾਂ ਨੂੰ ਕਿਹਾ: “ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਾਂ ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਸਾਓ।” ਪੌਲੁਸ ਦੀ ਜੀ-ਜਾਨ ਨਾਲ ਕੀਤੀ ਗਈ ਮਿਹਨਤ ਸਦਕਾ ਥੱਸਲੁਨੀਕਾ ਵਿਚ ਕੁਝ ਲੋਕ ‘ਮੂਰਤੀਆਂ ਨੂੰ ਛੱਡ ਕੇ ਪਰਮੇਸ਼ੁਰ ਦੀ ਵੱਲ ਮੁੜੇ ਭਈ ਉਸ ਦੀ ਸੇਵਾ ਕਰਨ।’ (1 ਥੱਸਲੁਨੀਕੀਆਂ 1:9; 2:8) ਜੇ ਅਸੀਂ ਵੀ ਯਿਸੂ ਤੇ ਪੌਲੁਸ ਵਾਂਗ ਦੂਜਿਆਂ ਦੀ ਦਿਲੋਂ ਪਰਵਾਹ ਕਰਾਂਗੇ, ਤਾਂ ਸਾਨੂੰ ਵੀ ਨੇਕ ਲੋਕਾਂ ਦੇ ਦਿਲਾਂ ਤਕ ਸੱਚਾਈ ਪਹੁੰਚਦਿਆਂ ਦੇਖ ਕੇ ਖ਼ੁਸ਼ੀ ਮਿਲੇਗੀ ਤੇ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲੇਗਾ।

ਕੁਰਬਾਨੀਆਂ ਕਰਨ ਲਈ ਤਿਆਰ ਰਹੋ

10, 11. ਚੇਲੇ ਬਣਾਉਣ ਲਈ ਸਾਨੂੰ ਕੁਰਬਾਨੀਆਂ ਕਰਨ ਦੀ ਕਿਉਂ ਲੋੜ ਹੈ?

10 ਚੇਲੇ ਬਣਾਉਣ ਦੇ ਕੰਮ ਵਿਚ ਕਾਮਯਾਬ ਭੈਣ-ਭਰਾ ਕੁਰਬਾਨੀਆਂ ਕਰਨ ਲਈ ਤਿਆਰ ਰਹਿੰਦੇ ਹਨ। ਉਹ ਧਨ-ਦੌਲਤ ਦਾ ਲਾਲਚ ਨਹੀਂ ਕਰਦੇ। ਦਰਅਸਲ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਿਹੜੇ ਦੌਲਤ ਰੱਖਦੇ ਹਨ ਉਨ੍ਹਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕੇਡਾ ਹੀ ਔਖਾ ਹੋਵੇਗਾ!” ਚੇਲੇ ਇਹ ਸੁਣ ਕੇ ਹੈਰਾਨ ਹੋਏ, ਪਰ ਯਿਸੂ ਨੇ ਉਨ੍ਹਾਂ ਨੂੰ ਅੱਗੇ ਕਿਹਾ: “ਹੇ ਬਾਲਕਿਓ, ਜਿਹੜੇ ਧਨ ਉੱਤੇ ਆਸਰਾ ਰੱਖਦੇ ਹਨ ਉਨ੍ਹਾਂ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕੇਡਾ ਹੀ ਔਖਾ ਹੈ! ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਲੰਘਣਾ ਇਸ ਨਾਲੋਂ ਸੁਖਾਲਾ ਹੈ ਭਈ ਧਨੀ ਪਰਮੇਸ਼ੁਰ ਦੇ ਰਾਜ ਵਿੱਚ ਵੜੇ।” (ਮਰਕੁਸ 10:23-25) ਯਿਸੂ ਨੇ ਆਪਣੇ ਚੇਲਿਆਂ ਨੂੰ ਸਾਦੀ ਜ਼ਿੰਦਗੀ ਜੀਉਣ ਦੀ ਸਲਾਹ ਦਿੱਤੀ ਸੀ ਤਾਂਕਿ ਉਹ ਚੇਲੇ ਬਣਾਉਣ ਦੇ ਕੰਮ ਉੱਤੇ ਜ਼ਿਆਦਾ ਧਿਆਨ ਲਾ ਸਕਣ। (ਮੱਤੀ 6:22-24, 33) ਕੁਰਬਾਨੀਆਂ ਕਰਨ ਨਾਲ ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਕਾਮਯਾਬ ਕਿਵੇਂ ਹੋ ਸਕਦੇ ਹਾਂ?

11 ਲੋਕਾਂ ਨੂੰ ਉਹ ਸਾਰੀਆਂ ਗੱਲਾਂ ਸਿਖਾਉਣ ਲਈ, ਜਿਨ੍ਹਾਂ ਦਾ ਯਿਸੂ ਨੇ ਹੁਕਮ ਦਿੱਤਾ ਹੈ, ਸਾਨੂੰ ਵੱਡਾ ਜਤਨ ਕਰਨ ਦੀ ਲੋੜ ਹੈ। ਆਮ ਤੌਰ ਤੇ ਅਸੀਂ ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਹਫ਼ਤੇ ਵਿਚ ਇਕ ਵਾਰ ਬਾਈਬਲ ਸਟੱਡੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੁਝ ਭੈਣਾਂ-ਭਰਾਵਾਂ ਨੇ ਪਾਰਟ-ਟਾਈਮ ਨੌਕਰੀ ਕਰਨ ਦਾ ਫ਼ੈਸਲਾ ਕੀਤਾ ਹੈ ਤਾਂਕਿ ਉਹ ਨੇਕਦਿਲ ਲੋਕਾਂ ਨੂੰ ਭਾਲਣ ਲਈ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈ ਸਕਣ। ਹਜ਼ਾਰਾਂ ਹੀ ਭੈਣਾਂ-ਭਰਾਵਾਂ ਨੇ ਆਪਣੇ ਇਲਾਕੇ ਵਿਚ ਰਹਿਣ ਵਾਲੇ ਹੋਰ ਭਾਸ਼ਾ ਦੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਨਵੀਂ ਭਾਸ਼ਾ ਸਿੱਖੀ ਹੈ। ਅਤੇ ਕਈ ਆਪਣਾ ਘਰ-ਬਾਰ ਛੱਡ ਕੇ ਅਜਿਹੇ ਥਾਂ ਜਾਂ ਦੇਸ਼ ਵਿਚ ਚਲੇ ਗਏ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। (ਮੱਤੀ 9:37, 38) ਇਹ ਸਭ ਕੁਝ ਕਰਨ ਲਈ ਇਨ੍ਹਾਂ ਭੈਣਾਂ-ਭਰਾਵਾਂ ਨੂੰ ਕੁਰਬਾਨੀਆਂ ਕਰਨੀਆਂ ਪਈਆਂ ਹਨ। ਪਰ ਕੁਰਬਾਨੀਆਂ ਕਰਨ ਤੋਂ ਇਲਾਵਾ, ਚੇਲੇ ਬਣਾਉਣ ਦੇ ਕੰਮ ਵਿਚ ਮਾਹਰ ਬਣਨ ਲਈ ਹੋਰ ਕਿਹੜੀ ਗੱਲ ਦੀ ਲੋੜ ਹੈ?

ਧੀਰਜ ਰੱਖੋ ਪਰ ਸਮਾਂ ਨਾ ਬਰਬਾਦ ਕਰੋ

12, 13. ਚੇਲੇ ਬਣਾਉਣ ਲਈ ਸਾਨੂੰ ਧੀਰਜ ਰੱਖਣ ਦੀ ਕਿਉਂ ਲੋੜ ਹੈ?

12 ਚੇਲੇ ਬਣਾਉਣ ਲਈ ਸਾਨੂੰ ਧੀਰਜ ਰੱਖਣ ਦੀ ਵੀ ਲੋੜ ਹੈ। ਸਾਡਾ ਸੰਦੇਸ਼ ਸਾਨੂੰ ਫ਼ੌਰਨ ਕਦਮ ਚੁੱਕਣ ਲਈ ਉਕਸਾਉਂਦਾ ਹੈ, ਪਰ ਚੇਲੇ ਬਣਾਉਣ ਲਈ ਅਕਸਰ ਕਾਫ਼ੀ ਸਮਾਂ ਲੱਗਦਾ ਹੈ ਜਿਸ ਕਰਕੇ ਸਾਨੂੰ ਧੀਰਜ ਨਾਲ ਲੋਕਾਂ ਦੀ ਮਦਦ ਕਰਨ ਦੀ ਲੋੜ ਪੈਂਦੀ ਹੈ। (1 ਕੁਰਿੰਥੀਆਂ 7:29) ਯਿਸੂ ਦੀ ਮਿਸਾਲ ਤੇ ਗੌਰ ਕਰੋ। ਯਿਸੂ ਦਾ ਭਰਾ ਯਾਕੂਬ ਉਸ ਦੇ ਪ੍ਰਚਾਰ ਦੇ ਕੰਮ ਤੋਂ ਭਲੀ-ਭਾਂਤ ਜਾਣੂ ਸੀ, ਪਰ ਉਹ ਉਸ ਵੇਲੇ ਉਸ ਦਾ ਚੇਲਾ ਨਹੀਂ ਬਣਿਆ ਸੀ। ਯਿਸੂ ਨੇ ਯਾਕੂਬ ਤੇ ਆਪਣਾ ਚੇਲਾ ਬਣਨ ਲਈ ਜ਼ੋਰ ਨਹੀਂ ਪਾਇਆ ਤੇ ਨਾ ਹੀ ਧੀਰਜ ਛੱਡਿਆ। (ਯੂਹੰਨਾ 7:5) ਪਰ ਯਿਸੂ ਦੀ ਮੌਤ ਤੋਂ ਕੁਝ ਸਮੇਂ ਬਾਅਦ ਯਾਨੀ 33 ਈਸਵੀ ਦੇ ਪੰਤੇਕੁਸਤ ਤੋਂ ਪਹਿਲਾਂ ਸੰਭਵ ਹੈ ਕਿ ਯਾਕੂਬ ਯਿਸੂ ਦਾ ਚੇਲਾ ਬਣ ਗਿਆ ਸੀ। ਇਹ ਸਾਨੂੰ ਕਿਵੇਂ ਪਤਾ? ਬਾਈਬਲ ਸਾਨੂੰ ਦੱਸਦੀ ਹੈ ਕਿ ਪੰਤੇਕੁਸਤ ਦੇ ਦਿਨ ਯਿਸੂ ਦੀ ਮਾਂ, ਉਸ ਦੇ ਭਰਾ ਤੇ ਉਸ ਦੇ ਰਸੂਲ ਪ੍ਰਾਰਥਨਾ ਕਰਨ ਲਈ ਇਕੱਠੇ ਹੋਏ ਸਨ। (ਰਸੂਲਾਂ ਦੇ ਕਰਤੱਬ 1:13, 14) ਯਾਕੂਬ ਨੇ ਪਰਮੇਸ਼ੁਰ ਦੀ ਸੇਵਾ ਵਿਚ ਕਾਫ਼ੀ ਤਰੱਕੀ ਕੀਤੀ ਤੇ ਬਾਅਦ ਵਿਚ ਕਲੀਸਿਯਾ ਵਿਚ ਭਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ।—ਰਸੂਲਾਂ ਦੇ ਕਰਤੱਬ 15:13; 1 ਕੁਰਿੰਥੀਆਂ 15:7.

13 ਜਿਸ ਤਰ੍ਹਾਂ ਕਿਸਾਨ ਫ਼ਸਲ ਦੀ ਬੀਜਾਈ ਤੋਂ ਲੈ ਕੇ ਵਾਢੀ ਦਾ ਸਮਾਂ ਆਉਣ ਤਕ ਧੀਰਜ ਰੱਖਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਧੀਰਜ ਰੱਖਣ ਦੀ ਲੋੜ ਹੈ। ਕਿਉਂ? ਕਿਉਂਕਿ ਲੋਕ ਹੌਲੀ-ਹੌਲੀ ਪਰਮੇਸ਼ੁਰ ਦੇ ਬਚਨ ਦੀ ਸਮਝ ਹਾਸਲ ਕਰਦੇ ਹਨ, ਆਪਣੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਦੇ ਹਨ ਤੇ ਯਿਸੂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਨ। ਯਾਕੂਬ ਨੇ ਲਿਖਿਆ: “ਹੇ ਭਰਾਵੋ, ਪ੍ਰਭੁ ਦੇ ਆਉਣ ਤੀਕ ਧੀਰਜ ਕਰੋ। ਵੇਖੋ, ਕਰਸਾਣ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਓਹ ਦੇ ਲਈ ਧੀਰਜ ਕਰਦਾ ਹੈ ਜਿੰਨਾ ਚਿਰ ਓਸ ਉੱਤੇ ਪਹਿਲੀ ਅਤੇ ਪਿੱਛਲੀ ਵਰਖਾ ਨਾ ਪਵੇ। ਤੁਸੀਂ ਵੀ ਧੀਰਜ ਕਰੋ। ਆਪਣਿਆਂ ਮਨਾਂ ਨੂੰ ਤਕੜਿਆਂ ਰੱਖੋ ਕਿਉਂ ਜੋ ਪ੍ਰਭੁ ਦਾ ਆਉਣਾ ਨੇੜੇ ਹੀ ਹੈ।” (ਯਾਕੂਬ 5:7, 8) ਯਾਕੂਬ ਮਸੀਹੀ ਭੈਣ-ਭਰਾਵਾਂ ਨੂੰ ਹੌਸਲਾ ਦੇ ਰਿਹਾ ਸੀ ਕਿ ਉਹ ‘ਪ੍ਰਭੁ ਦੇ ਆਉਣ’ ਤਕ ਯਾਨੀ ਸਵਰਗ ਵਿਚ ਯਿਸੂ ਦੇ ਰਾਜਾ ਬਣਨ ਤਕ ਧੀਰਜ ਰੱਖਣ। ਜਦ ਯਿਸੂ ਦੇ ਚੇਲਿਆਂ ਨੂੰ ਕੋਈ ਗੱਲ ਸਮਝ ਨਹੀਂ ਸੀ ਆਉਂਦੀ, ਤਾਂ ਉਹ ਧੀਰਜ ਨਾਲ ਉਦਾਹਰਣਾਂ ਦੇ-ਦੇ ਕੇ ਉਸ ਗੱਲ ਨੂੰ ਸਮਝਾਉਂਦਾ ਸੀ। (ਮੱਤੀ 13:10-23; ਲੂਕਾ 19:11; 21:7; ਰਸੂਲਾਂ ਦੇ ਕਰਤੱਬ 1:6-8) ਸਾਨੂੰ ਵੀ ਚੇਲੇ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਧੀਰਜ ਰੱਖਣ ਦੀ ਲੋੜ ਹੈ। ਜੋ ਯਿਸੂ ਦੇ ਚੇਲੇ ਬਣਦੇ ਹਨ, ਸਾਨੂੰ ਧੀਰਜ ਨਾਲ ਉਨ੍ਹਾਂ ਦੀ ਮਦਦ ਕਰਦੇ ਰਹਿਣਾ ਚਾਹੀਦਾ ਹੈ।—ਯੂਹੰਨਾ 14:9.

14. ਧੀਰਜ ਰੱਖਣ ਦੇ ਨਾਲ-ਨਾਲ ਅਸੀਂ ਆਪਣਾ ਸਮਾਂ ਅਕਲਮੰਦੀ ਨਾਲ ਕਿਵੇਂ ਵਰਤ ਸਕਦੇ ਹਾਂ?

14 ਸਾਡੇ ਧੀਰਜ ਰੱਖਣ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਫਲ ਨਹੀਂ ਦਿੰਦੇ ਜਿਨ੍ਹਾਂ ਨਾਲ ਅਸੀਂ ਬਾਈਬਲ ਸਟੱਡੀ ਕਰਦੇ ਹਾਂ। (ਮੱਤੀ 13:18-23) ਇਸ ਲਈ, ਉਨ੍ਹਾਂ ਦੀ ਮਦਦ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਨ ਤੋਂ ਬਾਅਦ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਸਟੱਡੀ ਬੰਦ ਕਰ ਦੇਈਏ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣਾ ਕੀਮਤੀ ਸਮਾਂ ਉਨ੍ਹਾਂ ਲੋਕਾਂ ਦੀ ਮਦਦ ਕਰਨ ਵਿਚ ਲਾ ਸਕਦੇ ਹਾਂ ਜੋ ਬਾਈਬਲ ਦੀ ਸੱਚਾਈ ਦੀ ਕਦਰ ਕਰਦੇ ਹਨ। (ਉਪਦੇਸ਼ਕ ਦੀ ਪੋਥੀ 3:1, 6) ਲੇਕਿਨ ਹੋ ਸਕਦਾ ਹੈ ਕਿ ਅਜਿਹੇ ਲੋਕਾਂ ਨੂੰ ਵੀ ਆਪਣੇ ਵਿਚਾਰਾਂ, ਰਵੱਈਏ ਤੇ ਜ਼ਿੰਦਗੀ ਵਿਚ ਰੱਖੇ ਟੀਚਿਆਂ ਨੂੰ ਬਦਲਣ ਵਿਚ ਸਾਡੀ ਮਦਦ ਦੀ ਲੋੜ ਪਵੇ। ਇਸ ਲਈ, ਸਾਨੂੰ ਧੀਰਜ ਰੱਖਣਾ ਚਾਹੀਦਾ ਹੈ ਜਿਵੇਂ ਯਿਸੂ ਨੇ ਧੀਰਜ ਰੱਖਿਆ ਸੀ ਜਦ ਉਸ ਦੇ ਚੇਲਿਆਂ ਨੂੰ ਸਹੀ ਰਵੱਈਆ ਰੱਖਣ ਵਿਚ ਮੁਸ਼ਕਲ ਹੋ ਰਹੀ ਸੀ।—ਮਰਕੁਸ 9:33-37; 10:35-45.

ਸਿਖਾਉਣ ਦਾ ਹੁਨਰ ਪੈਦਾ ਕਰੋ

15, 16. ਚੇਲੇ ਬਣਾਉਣ ਲਈ ਸੌਖੇ ਤਰੀਕੇ ਨਾਲ ਸਿਖਾਉਣਾ ਤੇ ਚੰਗੀ ਤਰ੍ਹਾਂ ਤਿਆਰੀ ਕਰਨੀ ਕਿਉਂ ਜ਼ਰੂਰੀ ਹੈ?

15 ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਚੇਲੇ ਬਣਾਉਣ ਲਈ ਸਾਨੂੰ ਪਰਮੇਸ਼ੁਰ ਨਾਲ ਪਿਆਰ ਕਰਨ, ਲੋਕਾਂ ਦੀ ਪਰਵਾਹ ਕਰਨ, ਕੁਰਬਾਨੀਆਂ ਕਰਨ ਅਤੇ ਧੀਰਜ ਰੱਖਣ ਦੀ ਲੋੜ ਹੈ। ਲੇਕਿਨ ਇਸ ਕੰਮ ਲਈ ਸਾਨੂੰ ਆਪਣੇ ਵਿਚ ਸਿੱਖਿਆ ਦੇਣ ਦਾ ਹੁਨਰ ਵੀ ਪੈਦਾ ਕਰਨ ਦੀ ਲੋੜ ਹੈ। ਫਿਰ ਅਸੀਂ ਗੱਲਾਂ ਨੂੰ ਸਪੱਸ਼ਟ ਤੇ ਸਾਦੇ ਢੰਗ ਨਾਲ ਸਮਝਾਉਣ ਦੇ ਕਾਬਲ ਹੋਵਾਂਗੇ। ਮਿਸਾਲ ਲਈ, ਮਹਾਨ ਗੁਰੂ ਯਿਸੂ ਮਸੀਹ ਦੀਆਂ ਗੱਲਾਂ ਬਹੁਤ ਹੀ ਪ੍ਰਭਾਵਸ਼ਾਲੀ ਸਨ ਕਿਉਂਕਿ ਉਹ ਡੂੰਘੀਆਂ ਸੱਚਾਈਆਂ ਆਸਾਨ ਤਰੀਕੇ ਨਾਲ ਸਮਝਾਉਂਦਾ ਸੀ। ਸੰਭਵ ਹੈ ਕਿ ਤੁਹਾਨੂੰ ਉਸ ਦੀਆਂ ਇਹ ਗੱਲਾਂ ਯਾਦ ਹਨ: “ਸੁਰਗ ਵਿੱਚ ਆਪਣੇ ਲਈ ਧਨ ਜੋੜੋ।” “ਪਵਿੱਤ੍ਰ ਵਸਤ ਕੁੱਤਿਆਂ ਨੂੰ ਨਾ ਪਾਓ।” ‘ਗਿਆਨ ਆਪਣੇ ਕਰਮਾਂ ਤੋਂ ਸੱਚਾ ਠਹਿਰਾਇਆ ਜਾਂਦਾ ਹੈ।’ “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।” (ਮੱਤੀ 6:20; 7:6; 11:19; 22:21) ਅਸੀਂ ਇਹ ਨਹੀਂ ਕਹਿ ਰਹੇ ਕਿ ਯਿਸੂ ਨੇ ਸਿਰਫ਼ ਛੋਟੇ-ਛੋਟੇ ਵਾਕ ਵਰਤ ਕੇ ਹੀ ਗੱਲ ਕੀਤੀ ਸੀ। ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਉਸ ਨੇ ਸਰਲ ਵਾਕ ਵਰਤਣ ਤੋਂ ਇਲਾਵਾ ਲੋੜ ਪੈਣ ਤੇ ਗੱਲਾਂ ਨੂੰ ਖੋਲ੍ਹ ਕੇ ਵੀ ਸਮਝਾਇਆ ਸੀ। ਤਾਂ ਫਿਰ, ਅਸੀਂ ਸਿੱਖਿਆ ਦੇਣ ਵਿਚ ਯਿਸੂ ਦੀ ਰੀਸ ਕਿੱਦਾਂ ਕਰ ਸਕਦੇ ਹਾਂ?

16 ਕਿਸੇ ਨੂੰ ਸੌਖੇ ਤੇ ਸਪੱਸ਼ਟ ਤਰੀਕੇ ਨਾਲ ਸਿੱਖਿਆ ਦੇਣ ਲਈ ਸਾਨੂੰ ਚੰਗੀ ਤਰ੍ਹਾਂ ਤਿਆਰੀ ਕਰਨ ਦੀ ਲੋੜ ਹੈ। ਜੇ ਅਸੀਂ ਤਿਆਰੀ ਕੀਤੇ ਬਿਨਾਂ ਜਾਈਏ, ਤਾਂ ਅਸੀਂ ਬਹੁਤਾ ਬੋਲਣ ਲੱਗ ਪੈਂਦੇ ਹਾਂ। ਨਤੀਜੇ ਵਜੋਂ, ਅਸੀਂ ਵਿਦਿਆਰਥੀ ਨੂੰ ਕਿਸੇ ਵਿਸ਼ੇ ਦੀਆਂ ਮੁੱਖ ਗੱਲਾਂ ਸਮਝਾਉਣ ਦੀ ਬਜਾਇ ਉਹ ਸਾਰਾ ਕੁਝ ਇੱਕੋ ਸਾਹੇ ਦੱਸ ਦਿੰਦੇ ਹਾਂ ਜੋ ਵੀ ਸਾਨੂੰ ਉਸ ਵਿਸ਼ੇ ਬਾਰੇ ਪਤਾ ਹੈ। ਇਸ ਤੋਂ ਉਲਟ, ਚੰਗੀ ਤਰ੍ਹਾਂ ਤਿਆਰੀ ਕਰਨ ਲਈ ਅਸੀਂ ਵਿਦਿਆਰਥੀ ਬਾਰੇ ਸੋਚਾਂਗੇ ਅਤੇ ਸਟੱਡੀ ਕੀਤੇ ਜਾਣ ਵਾਲੇ ਵਿਸ਼ੇ ਉੱਤੇ ਵਿਚਾਰ ਕਰਾਂਗੇ, ਫਿਰ ਸਟੱਡੀ ਦੌਰਾਨ ਸਿਰਫ਼ ਲੋੜੀਂਦੀ ਜਾਣਕਾਰੀ ਦੇਵਾਂਗੇ। (ਕਹਾਉਤਾਂ 15:28; 1 ਕੁਰਿੰਥੀਆਂ 2:1, 2) ਅਸੀਂ ਧਿਆਨ ਵਿਚ ਰੱਖਾਂਗੇ ਕਿ ਉਹ ਇਸ ਗੱਲਬਾਤ ਬਾਰੇ ਪਹਿਲਾਂ ਕਿੰਨਾ ਕੁ ਜਾਣਦਾ ਹੈ ਤੇ ਸਟੱਡੀ ਦੌਰਾਨ ਸਾਨੂੰ ਕਿਨ੍ਹਾਂ ਗੱਲਾਂ ਤੇ ਜ਼ੋਰ ਦੇਣ ਦੀ ਲੋੜ ਹੈ। ਹੋ ਸਕਦਾ ਕਿ ਅਸੀਂ ਉਸ ਵਿਸ਼ੇ ਬਾਰੇ ਕਾਫ਼ੀ ਦਿਲਚਸਪ ਗੱਲਾਂ ਜਾਣਦੇ ਹਾਂ, ਪਰ ਗੱਲ ਤਾਂ ਹੀ ਸਪੱਸ਼ਟ ਹੋਵੇਗੀ ਜੇ ਅਸੀਂ ਬੇਲੋੜੀ ਜਾਣਕਾਰੀ ਦੇਣ ਤੋਂ ਪਰਹੇਜ਼ ਕਰੀਏ।

17. ਬਾਈਬਲ ਉੱਤੇ ਤਰਕ ਕਰਨ ਵਿਚ ਅਸੀਂ ਆਪਣੇ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹਾਂ?

17 ਯਿਸੂ ਨੇ ਲੋਕਾਂ ਨੂੰ ਜਾਣਕਾਰੀ ਦੇਣ ਤੋਂ ਇਲਾਵਾ ਤਰਕ ਕਰਨਾ ਵੀ ਸਿਖਾਇਆ। ਮਿਸਾਲ ਲਈ, ਇਕ ਵਾਰ ਉਸ ਨੇ ਸ਼ਮਊਨ ਨੂੰ ਪੁੱਛਿਆ: “ਸ਼ਮਊਨ ਤੂੰ ਕੀ ਸਮਝਦਾ ਹੈਂ ਜੋ ਧਰਤੀ ਦੇ ਰਾਜੇ ਕਿਨ੍ਹਾਂ ਤੋਂ ਕਰ ਯਾ ਮਹਸੂਲ ਲੈਂਦੇ ਹਨ, ਆਪਣੇ ਪੁੱਤ੍ਰਾਂ ਤੋਂ ਯਾ ਪਰਾਇਆਂ ਤੋਂ?” (ਮੱਤੀ 17:25) ਹੋ ਸਕਦਾ ਹੈ ਕਿ ਸਾਨੂੰ ਬਾਈਬਲ ਦੀਆਂ ਸੱਚਾਈਆਂ ਸਮਝਾ ਕੇ ਬਹੁਤ ਮਜ਼ਾ ਆਉਂਦਾ ਹੈ। ਪਰ ਅਸੀਂ ਚਾਹੁੰਦੇ ਹਾਂ ਕਿ ਸਟੱਡੀ ਦੌਰਾਨ ਚਰਚਾ ਕੀਤੇ ਜਾ ਰਹੇ ਵਿਸ਼ੇ ਉੱਤੇ ਵਿਦਿਆਰਥੀ ਆਪਣੇ ਵਿਚਾਰ ਪ੍ਰਗਟ ਕਰੇ। ਇਸ ਲਈ ਸਾਨੂੰ ਆਪ ਹੀ ਗੱਲਾਂ ਕਰੀ ਜਾਣ ਦੀ ਬਜਾਇ ਉਸ ਨੂੰ ਗੱਲ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਹਾਂ, ਇਹ ਵੀ ਸੱਚ ਹੈ ਕਿ ਸਾਨੂੰ ਸਵਾਲਾਂ ਦੀ ਬੁਛਾੜ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਵਿਦਿਆਰਥੀ ਘਬਰਾ ਜਾਵੇਗਾ। ਇਸ ਦੀ ਬਜਾਇ ਜੇ ਅਸੀਂ ਪਿਆਰ ਨਾਲ ਗੱਲ ਕਰਾਂਗੇ, ਵਧੀਆ ਉਦਾਹਰਣਾਂ ਅਤੇ ਸਵਾਲ ਵਰਤਾਂਗੇ, ਤਾਂ ਅਸੀਂ ਉਸ ਨੂੰ ਬਾਈਬਲ ਦੀਆਂ ਸੱਚਾਈਆਂ ਦੀ ਕਦਰ ਕਰਨੀ ਸਿਖਾ ਸਕਾਂਗੇ।

18. ਖਰੀ ਸਿੱਖਿਆ ਦੇ ਕੇ ਅਸੀਂ ਲੋਕਾਂ ਨੂੰ ਕਾਇਲ ਕਿਵੇਂ ਕਰ ਸਕਦੇ ਹਾਂ?

18 ਬਾਈਬਲ ਵਿਚ ਖਰੀ ਸਿੱਖਿਆ ਦੇ ਕੇ ਲੋਕਾਂ ਨੂੰ ਕਾਇਲ ਕਰਨ ਬਾਰੇ ਗੱਲ ਕੀਤੀ ਗਈ ਹੈ। (2 ਤਿਮੋਥਿਉਸ 4:2; ਤੀਤੁਸ 1:9) ਇਸ ਦਾ ਮਤਲਬ ਹੈ ਕਿ ਅਸੀਂ ਵਿਦਿਆਰਥੀ ਦੀ ਸਿਰਫ਼ ਜਾਣਕਾਰੀ ਨੂੰ ਯਾਦ ਰੱਖਣ ਵਿਚ ਹੀ ਮਦਦ ਨਹੀਂ ਕਰਾਂਗੇ, ਸਗੋਂ ਅਸੀਂ ਉਸ ਦੀ ਸੱਚ ਤੇ ਝੂਠ, ਚੰਗਾ ਤੇ ਬੁਰਾ ਅਤੇ ਬੁੱਧ ਤੇ ਮੂਰਖਤਾ ਵਿਚ ਫ਼ਰਕ ਸਮਝਣ ਵਿਚ ਵੀ ਮਦਦ ਕਰਾਂਗੇ। ਇਸ ਤਰ੍ਹਾਂ ਕਰਨ ਦੇ ਨਾਲ-ਨਾਲ ਜਦ ਅਸੀਂ ਵਿਦਿਆਰਥੀ ਦੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸ਼ਾਇਦ ਉਸ ਨੂੰ ਅਹਿਸਾਸ ਹੋਣ ਲੱਗੇ ਕਿ ਉਸ ਨੂੰ ਪਰਮੇਸ਼ੁਰ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ।

ਚੇਲੇ ਬਣਾਉਣ ਦੇ ਕੰਮ ਵਿਚ ਜੋਸ਼ ਨਾਲ ਹਿੱਸਾ ਲਓ

19. ਚੇਲੇ ਬਣਾਉਣ ਦੇ ਕੰਮ ਵਿਚ ਅਸੀਂ ਸਾਰੇ ਜਣੇ ਯੋਗਦਾਨ ਕਿਵੇਂ ਪਾਉਂਦੇ ਹਾਂ?

19 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਡਾ ਕੰਮ ਹੀ ਚੇਲੇ ਬਣਾਉਣਾ ਹੈ। ਕਿਸੇ ਨੂੰ ਯਿਸੂ ਦਾ ਚੇਲਾ ਬਣਾਉਣ ਵਿਚ ਸਿਰਫ਼ ਸਟੱਡੀ ਕਰਾਉਣ ਵਾਲੇ ਦਾ ਹੱਥ ਨਹੀਂ ਹੁੰਦਾ, ਸਗੋਂ ਸਾਰੀ ਕਲੀਸਿਯਾ ਦਾ ਹੱਥ ਹੁੰਦਾ ਹੈ। ਇਸ ਲਈ ਉਸ ਦੇ ਯਿਸੂ ਦਾ ਚੇਲਾ ਬਣਨ ਤੇ ਸਾਰੀ ਕਲੀਸਿਯਾ ਨੂੰ ਖ਼ੁਸ਼ੀ ਹੁੰਦੀ ਹੈ। ਮਿਸਾਲ ਲਈ, ਜਦ ਕਈ ਲੋਕ ਮਿਲ ਕੇ ਲਾਪਤਾ ਬੱਚੇ ਦੀ ਖੋਜ ਕਰਨ ਨਿਕਲਦੇ ਹਨ, ਤਾਂ ਅਕਸਰ ਬੱਚਾ ਗਰੁੱਪ ਦੇ ਸਿਰਫ਼ ਇਕ ਮੈਂਬਰ ਨੂੰ ਲੱਭਦਾ ਹੈ। ਪਰ ਜਦ ਉਸ ਬੱਚੇ ਨੂੰ ਉਸ ਦੇ ਮਾਪਿਆਂ ਨਾਲ ਮਿਲਾਇਆ ਜਾਂਦਾ, ਤਾਂ ਉਸ ਦੀ ਭਾਲ ਕਰਨ ਵਾਲੇ ਸਾਰੇ ਲੋਕਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (ਲੂਕਾ 15:6, 7) ਇਸੇ ਤਰ੍ਹਾਂ ਚੇਲੇ ਬਣਾਉਣ ਦਾ ਕੰਮ ਵੀ ਅਸੀਂ ਸਾਰੇ ਮਿਲ ਕੇ ਕਰਦੇ ਹਾਂ। ਅਸੀਂ ਸਾਰੇ ਨੇਕ ਲੋਕਾਂ ਦੀ ਭਾਲ ਕਰਨ ਵਿਚ ਲੱਗੇ ਹੋਏ ਹਾਂ। ਫਿਰ ਜਦ ਕੋਈ ਵਿਅਕਤੀ ਮੀਟਿੰਗਾਂ ਵਿਚ ਆਉਣ ਲੱਗਦਾ ਹੈ, ਤਾਂ ਕਲੀਸਿਯਾ ਦੇ ਸਾਰੇ ਭੈਣ-ਭਰਾ ਸੱਚੀ ਭਗਤੀ ਲਈ ਉਸ ਦੀ ਕਦਰ ਵਧਾਉਣ ਵਿਚ ਯੋਗਦਾਨ ਪਾਉਂਦੇ ਹਨ। (1 ਕੁਰਿੰਥੀਆਂ 14:24, 25) ਤਾਂ ਫਿਰ, ਸਾਰੇ ਭੈਣ-ਭਰਾ ਇਸ ਗੱਲ ਦਾ ਆਨੰਦ ਮਾਣ ਸਕਦੇ ਹਨ ਕਿ ਹਰ ਸਾਲ ਲੱਖਾਂ ਲੋਕ ਸੱਚਾਈ ਵਿਚ ਆ ਰਹੇ ਹਨ।

20. ਜੇ ਤੁਸੀਂ ਕਿਸੇ ਨੂੰ ਬਾਈਬਲ ਦੀ ਸੱਚਾਈ ਸਿਖਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ?

20 ਅਨੇਕ ਵਫ਼ਾਦਾਰ ਭੈਣ-ਭਰਾ ਕਿਸੇ ਨਾਲ ਸਟੱਡੀ ਕਰ ਕੇ ਉਸ ਨੂੰ ਯਹੋਵਾਹ ਤੇ ਸੱਚੀ ਭਗਤੀ ਬਾਰੇ ਸਿਖਾਉਣਾ ਚਾਹੁੰਦੇ ਹਨ। ਪਰ ਉਨ੍ਹਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਸ਼ਾਇਦ ਕਿਸੇ ਨੂੰ ਸੱਚਾਈ ਵਿਚ ਨਹੀਂ ਲਿਆ ਸਕੇ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਹੈ, ਤਾਂ ਯਹੋਵਾਹ ਨੂੰ ਪਿਆਰ ਕਰਦੇ ਰਹੋ, ਲੋਕਾਂ ਦੀ ਪਰਵਾਹ ਕਰਦੇ ਰਹੋ, ਕੁਰਬਾਨੀਆਂ ਕਰਨ ਲਈ ਤਿਆਰ ਰਹੋ, ਧੀਰਜ ਰੱਖੋ ਅਤੇ ਆਪਣੇ ਸਿੱਖਿਆ ਦੇਣ ਦੇ ਹੁਨਰ ਨੂੰ ਸੁਧਾਰੋ। ਸਭ ਤੋਂ ਜ਼ਰੂਰੀ ਹੈ ਕਿ ਕਿਸੇ ਨੂੰ ਸੱਚਾਈ ਸਿਖਾਉਣ ਦੀ ਆਪਣੀ ਇੱਛਾ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ। (ਉਪਦੇਸ਼ਕ ਦੀ ਪੋਥੀ 11:1) ਤੁਸੀਂ ਇਹ ਜਾਣ ਕੇ ਹੌਸਲਾ ਪਾ ਸਕਦੇ ਹੋ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰ ਰਹੇ ਹੋ, ਉਸ ਨਾਲ ਤੁਸੀਂ ਚੇਲੇ ਬਣਾਉਣ ਦੇ ਕੰਮ ਵਿਚ ਯੋਗਦਾਨ ਪਾ ਰਹੇ ਹੋ ਤੇ ਇਸ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ।

ਕੀ ਤੁਸੀਂ ਸਮਝਾ ਸਕਦੇ ਹੋ?

• ਚੇਲੇ ਬਣਾਉਣ ਦੇ ਕੰਮ ਵਿਚ ਪਰਮੇਸ਼ੁਰ ਲਈ ਸਾਡੇ ਪਿਆਰ ਦੀ ਪਰਖ ਕਿਵੇਂ ਹੁੰਦੀ ਹੈ?

• ਚੇਲੇ ਬਣਾਉਣ ਲਈ ਸਾਨੂੰ ਆਪਣੇ ਵਿਚ ਕਿਹੜੇ ਗੁਣ ਪੈਦਾ ਕਰਨ ਦੀ ਲੋੜ ਹੈ?

• ਖਰੀ ਸਿੱਖਿਆ ਦੇ ਕੇ ਲੋਕਾਂ ਨੂੰ ਕਾਇਲ ਕਰਨ ਵਿਚ ਕੀ ਕੁਝ ਸ਼ਾਮਲ ਹੈ?

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਚੇਲੇ ਬਣਾਉਣ ਦਾ ਕੰਮ ਕਰ ਕੇ ਅਸੀਂ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ

[ਸਫ਼ਾ 23 ਉੱਤੇ ਤਸਵੀਰ]

ਸਾਨੂੰ ਹੋਰਨਾਂ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

[ਸਫ਼ਾ 24 ਉੱਤੇ ਤਸਵੀਰ]

ਚੇਲੇ ਬਣਾਉਣ ਲਈ ਸਾਡੇ ਵਿਚ ਕਿਹੜੇ ਗੁਣ ਹੋਣੇ ਜ਼ਰੂਰੀ ਹਨ?

[ਸਫ਼ਾ 25 ਉੱਤੇ ਤਸਵੀਰ]

ਜਦ ਕੋਈ ਸੱਚਾਈ ਵਿਚ ਆਉਂਦਾ ਹੈ, ਤਾਂ ਸਾਨੂੰ ਸਾਰਿਆਂ ਨੂੰ ਖ਼ੁਸ਼ੀ ਹੁੰਦੀ ਹੈ