Skip to content

Skip to table of contents

“ਮਨ ਭਾਉਂਦੀਆਂ ਗੱਲਾਂ” ਨਾਲ ਆਪਣੇ ਪਰਿਵਾਰ ਦਾ ਹੌਸਲਾ ਵਧਾਓ

“ਮਨ ਭਾਉਂਦੀਆਂ ਗੱਲਾਂ” ਨਾਲ ਆਪਣੇ ਪਰਿਵਾਰ ਦਾ ਹੌਸਲਾ ਵਧਾਓ

“ਮਨ ਭਾਉਂਦੀਆਂ ਗੱਲਾਂ” ਨਾਲ ਆਪਣੇ ਪਰਿਵਾਰ ਦਾ ਹੌਸਲਾ ਵਧਾਓ

ਕਾਰ ਵਿਚ ਬੈਠਿਆਂ ਆਪਣੀ ਬੀਵੀ ਦਾ ਇੰਤਜ਼ਾਰ ਕਰਦੇ-ਕਰਦੇ ਦਿਨੇਸ਼ ਦਾ ਪਾਰਾ ਚੜ੍ਹ ਰਿਹਾ ਸੀ। ਉਨ੍ਹਾਂ ਨੂੰ ਪਹਿਲਾਂ ਹੀ ਦੇਰ ਹੋ ਚੁੱਕੀ ਸੀ, ਪਰ ਪ੍ਰਿਯਾ ਸੀ ਕਿ ਘਰੋਂ ਨਿਕਲਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਅਖ਼ੀਰ ਜਦੋਂ ਪ੍ਰਿਯਾ ਸਜ ਧਜ ਕੇ ਘਰੋਂ ਨਿਕਲੀ, ਤਾਂ ਦਿਨੇਸ਼ ਲਾਲ-ਪੀਲਾ ਹੋ ਕੇ ਉਸ ਉੱਤੇ ਵਰ੍ਹ ਪਿਆ।

“ਅੱਜ ਤਾਂ ਤੂੰ ਹੱਦ ਹੀ ਕਰ ਦਿੱਤੀ! ਤਿਆਰ ਹੋਣ ਨੂੰ ਤੂੰ ਹਮੇਸ਼ਾ ਕਿੰਨਾ ਟਾਈਮ ਲਾਉਂਦੀਏਂ! ਕਦੇ ਤਾਂ ਸਮੇਂ ਸਿਰ ਤਿਆਰ ਹੋ ਜਾਇਆ ਕਰ!”

ਦਿਨੇਸ਼ ਦੇ ਇਹ ਗੁੱਸੇ ਭਰੇ ਸ਼ਬਦ ਸੁਣ ਕੇ ਪ੍ਰਿਯਾ ਦਾ ਮੂੰਹ ਲੱਥ ਗਿਆ। ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ ਅਤੇ ਵਾਪਸ ਘਰ ਨੂੰ ਦੌੜ ਗਈ। ਤਦ ਦਿਨੇਸ਼ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਸ ਦੇ ਭੜਕ ਉੱਠਣ ਨਾਲ ਗੱਲ ਹੋਰ ਵਿਗੜ ਗਈ ਸੀ। ਭਲਾ ਹੁਣ ਉਹ ਕੀ ਕਰੇ? ਹਾਰ ਕੇ ਉਸ ਨੇ ਕਾਰ ਦਾ ਇੰਜਣ ਬੰਦ ਕੀਤਾ ਅਤੇ ਹੌਲੀ-ਹੌਲੀ ਪ੍ਰਿਯਾ ਦੇ ਮਗਰ-ਮਗਰ ਅੰਦਰ ਚਲਾ ਗਿਆ।

ਇੱਦਾਂ ਦੀ ਸਥਿਤੀ ਕਈ ਘਰਾਂ ਵਿਚ ਦੇਖਣ ਨੂੰ ਮਿਲਦੀ ਹੈ। ਕੀ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਹੈ? ਕੀ ਤੁਸੀਂ ਕਦੇ ਕਿਸੇ ਨੂੰ ਕੋਈ ਗੱਲ ਕਹਿ ਕੇ ਪਛਤਾਏ ਹੋ ਕਿ ‘ਕਾਸ਼ ਮੈਂ ਇਹ ਨਾ ਕਿਹਾ ਹੁੰਦਾ?’ ਅਸੀਂ ਅਕਸਰ ਬਿਨਾਂ ਸੋਚੇ-ਸਮਝੇ ਕੋਈ ਗੱਲ ਕਹਿ ਦਿੰਦੇ ਹਾਂ ਜਿਸ ਤੋਂ ਦੂਸਰਿਆਂ ਨੂੰ ਦੁੱਖ ਪਹੁੰਚਦਾ ਹੈ। ਇਸੇ ਲਈ ਬਾਈਬਲ ਵਿਚ ਲਿਖਿਆ ਹੈ ਕਿ “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।”—ਕਹਾਉਤਾਂ 15:28.

ਜਦੋਂ ਅਸੀਂ ਗੁੱਸੇ ਹੁੰਦੇ ਹਾਂ, ਬਹੁਤ ਡਰੇ ਹੁੰਦੇ ਹਾਂ ਜਾਂ ਸਾਡੇ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ, ਤਾਂ ਉਦੋਂ ਅਸੀਂ ਠੰਢੇ ਦਿਮਾਗ਼ ਨਾਲ ਸੋਚਣਾ ਛੱਡ ਦਿੰਦੇ ਹਾਂ। ਅਕਸਰ ਦੇਖਿਆ ਗਿਆ ਹੈ ਕਿ ਜਦੋਂ ਘਰ ਦੇ ਜੀਅ ਆਪਸ ਵਿਚ ਕਿਸੇ ਮਸਲੇ ਤੇ ਗੱਲ ਕਰਦੇ ਹਨ, ਤਾਂ ਛੇਤੀ ਹੀ ਗੱਲਬਾਤ ਬਹਿਸ ਵਿਚ ਬਦਲ ਜਾਂਦੀ ਹੈ ਅਤੇ ਬਹਿਸ ਲੜਾਈ ਵਿਚ। ਨਤੀਜਾ ਇਹ ਨਿਕਲਦਾ ਹੈ ਕਿ ਉਹ ਇਕ-ਦੂਸਰੇ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹਨ ਜੋ ਦਿਲਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੰਦੀਆਂ ਹਨ।

ਅਜਿਹੀ ਸਥਿਤੀ ਪੈਦਾ ਨਾ ਹੋਵੇ, ਇਸ ਲਈ ਅਸੀਂ ਕੀ ਕਰ ਸਕਦੇ ਹਾਂ? ਗੁੱਸੇ ਤੇ ਕਿਵੇਂ ਕਾਬੂ ਰੱਖਿਆ ਜਾਵੇ? ਆਓ ਆਪਾਂ ਬਾਈਬਲ ਵਿਚ ਰਾਜਾ ਸੁਲੇਮਾਨ ਦੁਆਰਾ ਦਿੱਤੀਆਂ ਕੁਝ ਫ਼ਾਇਦੇਮੰਦ ਸਲਾਹਾਂ ਤੇ ਗੌਰ ਕਰੀਏ।

ਕੀ ਕਹੀਏ ਤੇ ਕਿਵੇਂ ਕਹੀਏ

ਰਾਜਾ ਸੁਲੇਮਾਨ ਨੇ ਬਾਈਬਲ ਦੀ ਉਪਦੇਸ਼ਕ ਦੀ ਪੋਥੀ ਲਿਖੀ ਸੀ। ਇਸ ਵਿਚ ਉਸ ਨੇ ਜ਼ਿੰਦਗੀ ਦੇ ਵਿਅਰਥ ਕੰਮਾਂ ਬਾਰੇ ਦੱਸਿਆ ਹੈ। ਉਸ ਕੋਲ ਦੁਨੀਆਂ ਦੀ ਹਰ ਚੀਜ਼ ਸੀ। ਪਰ ਫਿਰ ਵੀ ਉਸ ਨੇ ਨਿਰਾਸ਼ ਹੋ ਕੇ ਕਿਹਾ ਕਿ ‘ਮੈਂ ਜੀਉਣ ਤੋਂ ਅੱਕ ਗਿਆ ਹਾਂ।’ ਇੱਥੋਂ ਤਕ ਕਿ ਉਸ ਨੇ ਜ਼ਿੰਦਗੀ ਨੂੰ “ਵਿਅਰਥਾਂ ਦਾ ਵਿਅਰਥ” ਵੀ ਕਿਹਾ। (ਉਪਦੇਸ਼ਕ ਦੀ ਪੋਥੀ 2:17; 12:8) ਲੇਕਿਨ ਉਪਦੇਸ਼ਕ ਦੀ ਪੋਥੀ ਵਿਚ ਸਿਰਫ਼ ਮਾਯੂਸੀ ਭਰੀਆਂ ਗੱਲਾਂ ਹੀ ਨਹੀਂ ਲਿਖੀਆਂ ਹੋਈਆਂ। ਆਪਣੀ ਮਾਯੂਸੀ ਦੇ ਬਾਵਜੂਦ ਰਾਜਾ ਸੁਲੇਮਾਨ ਨੇ ਪੁਰਜ਼ੋਰ ਕੋਸ਼ਿਸ਼ ਕੀਤੀ ਕਿ ਉਹ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਸੋਹਣੇ ਤਰੀਕੇ ਨਾਲ ਪੇਸ਼ ਕਰੇ। ਆਪਣੀ ਕਿਤਾਬ ਦੇ ਅਖ਼ੀਰ ਵਿਚ ਉਸ ਨੇ ਦੱਸਿਆ ਕਿ ਉਸ ਨੇ “ਸਚਿਆਈ ਦੀਆਂ ਗੱਲਾਂ” ਲਿਖਣ ਲਈ “ਮਨ ਭਾਉਂਦੀਆਂ ਗੱਲਾਂ ਦੀ ਭਾਲ” ਕੀਤੀ। (ਉਪਦੇਸ਼ਕ ਦੀ ਪੋਥੀ 12:10) ਇਕ ਹੋਰ ਬਾਈਬਲ ਤਰਜਮਾ ਕਹਿੰਦਾ ਹੈ ਕਿ ਉਸ ਨੇ “ਸਹੀ ਸ਼ਬਦਾਂ ਦੀ ਚੋਣ ਕਰਨ ਲਈ ਸਖ਼ਤ ਮਿਹਨਤ ਕੀਤੀ। ਅਤੇ ਉਸ ਨੇ ਉਹ ਸਿੱਖਿਆਵਾਂ ਲਿਖੀਆਂ ਜਿਹੜੀਆਂ ਸੱਚੀਆਂ ਹਨ ਤੇ ਭਰੋਸੇ ਯੋਗ ਹਨ।”—ERV.

ਰਾਜਾ ਸੁਲੇਮਾਨ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸ ਨੂੰ ਆਪਣੇ ਜਜ਼ਬਾਤਾਂ ਉੱਤੇ ਕਾਬੂ ਰੱਖਣ ਦੀ ਲੋੜ ਸੀ। ਉਹ ਸ਼ਾਇਦ ਆਪਣੇ ਆਪ ਨੂੰ ਪੁੱਛਦਾ ਸੀ: ‘ਜੋ ਮੈਂ ਕਹਿਣ ਜਾ ਰਿਹਾ ਹਾਂ, ਕੀ ਉਹ ਵਾਕਈ ਸੱਚ ਹੈ? ਕੀ ਮੇਰੇ ਲਫ਼ਜ਼ ਦੂਸਰਿਆਂ ਦੇ ਮਨਾਂ ਨੂੰ ਭਾਉਣਗੇ?’ ਜਜ਼ਬਾਤਾਂ ਦੀ ਰੌਂ ਵਿਚ ਵਹਿਣ ਦੀ ਬਜਾਇ ਸੁਲੇਮਾਨ ਨੇ ਠੰਢੇ ਦਿਮਾਗ਼ ਨਾਲ ਸੋਚ-ਵਿਚਾਰ ਕੇ ਸੱਚੀਆਂ ਅਤੇ “ਮਨ ਭਾਉਂਦੀਆਂ ਗੱਲਾਂ” ਲਿਖੀਆਂ।

ਰਾਜਾ ਸੁਲੇਮਾਨ ਦੀਆਂ ਮਨ-ਭਾਉਂਦੀਆਂ ਗੱਲਾਂ ਕਰਕੇ ਹੀ ਉਪਦੇਸ਼ਕ ਦੀ ਪੋਥੀ ਨੂੰ ਸਾਹਿੱਤ ਕਲਾ ਦਾ ਇਕ ਬੇਮਿਸਾਲ ਨਮੂਨਾ ਮੰਨਿਆ ਜਾਂਦਾ ਹੈ। ਪਰਮੇਸ਼ੁਰ ਦੀ ਪ੍ਰੇਰਣਾ ਨਾਲ ਸੁਲੇਮਾਨ ਨੇ ਜ਼ਿੰਦਗੀ ਦੇ ਮਕਸਦ ਬਾਰੇ ਇਸ ਵਿਚ ਕਾਫ਼ੀ ਕੁਝ ਲਿਖਿਆ। (2 ਤਿਮੋਥਿਉਸ 3:16, 17) ਉਸ ਨੇ ਜਿਸ ਤਰੀਕੇ ਨਾਲ ਇਸ ਨਾਜ਼ੁਕ ਵਿਸ਼ੇ ਨੂੰ ਪੇਸ਼ ਕੀਤਾ, ਕੀ ਉਸ ਤੋਂ ਅਸੀਂ ਸਹੀ ਬੋਲਚਾਲ ਬਾਰੇ ਕੁਝ ਸਿੱਖ ਸਕਦੇ ਹਾਂ? ਆਓ ਆਪਾਂ ਇਕ ਉਦਾਹਰਣ ਦੇਖੀਏ।

ਆਪਣੇ ਜਜ਼ਬਾਤਾਂ ਤੇ ਕਾਬੂ ਰੱਖੋ

ਮਿਸਾਲ ਦੇ ਤੌਰ ਤੇ ਕਲਪਨਾ ਕਰੋ ਕਿ ਇਕ ਮੁੰਡਾ ਸਕੂਲੋਂ ਘਰ ਆਉਂਦਾ ਹੈ। ਉਸ ਦੇ ਹੱਥ ਵਿਚ ਰਿਪੋਰਟ ਕਾਰਡ ਹੈ ਤੇ ਉਹ ਬਹੁਤ ਉਦਾਸ ਨਜ਼ਰ ਆਉਂਦਾ ਹੈ। ਉਹ ਰਿਪੋਰਟ ਕਾਰਡ ਆਪਣੇ ਪਿਤਾ ਜੀ ਨੂੰ ਦਿੰਦਾ ਹੈ। ਪਿਤਾ ਨੇ ਦੇਖਿਆ ਕਿ ਮੁੰਡਾ ਇਕ ਵਿਸ਼ੇ ਵਿਚ ਫੇਲ੍ਹ ਹੋ ਗਿਆ ਸੀ। ਉਸ ਨੂੰ ਬੜਾ ਗੁੱਸਾ ਆਉਂਦਾ ਹੈ। ਉਸ ਨੂੰ ਯਾਦ ਆਉਂਦਾ ਹੈ ਕਿ ਕਈ ਵਾਰ ਉਸ ਦਾ ਮੁੰਡਾ ਹੋਮਵਰਕ ਕਰਨ ਦੀ ਬਜਾਇ ਆਪਣਾ ਸਮਾਂ ਬਰਬਾਦ ਕਰਿਆ ਕਰਦਾ ਸੀ। ਉਸ ਦਾ ਦਿਲ ਕੀਤਾ ਕਿ ਮੁੰਡੇ ਨੂੰ ਫਿਟਕਾਰੇ ਕਿ ‘ਓਏ, ਨਿਕੰਮਿਆਂ! ਪੜ੍ਹਾਈ-ਲਿਖਾਈ ਵੱਲ ਤਾਂ ਤੇਰਾ ਧਿਆਨ ਸੀ ਹੀ ਨਹੀਂ। ਤੇਰਾ ਕੁਝ ਨਹੀਓਂ ਬਣਨਾ!’

ਪਰ ਮੂੰਹ ਵਿੱਚੋਂ ਇੱਦਾਂ ਦੀ ਗੱਲ ਕਹਿਣ ਤੋਂ ਪਹਿਲਾਂ ਉਸ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ‘ਮੈਂ ਜੋ ਕਹਿਣ ਜਾ ਰਿਹਾ ਹਾਂ, ਕੀ ਉਹ ਵਾਕਈ ਸੱਚ ਹੈ?’ ਇਹ ਸਵਾਲ ਉਸ ਨੂੰ ਠੰਢੇ ਦਿਮਾਗ਼ ਨਾਲ ਹਾਲਾਤ ਨੂੰ ਪਰਖਣ ਵਿਚ ਮਦਦ ਕਰੇਗਾ। (ਕਹਾਉਤਾਂ 17:27) ਕੀ ਮੁੰਡਾ ਸੱਚ-ਮੁੱਚ ਨਿਕੰਮਾ ਹੈ? ਜਾਂ ਕੀ ਉਹ ਕੇਵਲ ਇੱਕੋ ਵਿਸ਼ੇ ਵਿਚ ਕਮਜ਼ੋਰ ਹੈ? ਕੀ ਉਹ ਕਦੇ ਵੀ ਪੜ੍ਹਾਈ ਨਹੀਂ ਕਰਦਾ? ਜਾਂ ਕੀ ਉਹ ਸਿਰਫ਼ ਉਸ ਵਿਸ਼ੇ ਨਾਲ ਜੁੜਿਆ ਹੋਮਵਰਕ ਕਰਨ ਤੋਂ ਕਤਰਾਉਂਦਾ ਹੈ ਕਿਉਂਕਿ ਇਹ ਵਿਸ਼ਾ ਉਸ ਨੂੰ ਬਹੁਤ ਔਖਾ ਲੱਗਦਾ ਹੈ? ਬਾਈਬਲ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਸਾਨੂੰ “ਸ਼ੀਲ ਸੁਭਾਉ” ਦੇ ਬਣ ਕੇ ਹਾਲਾਤ ਨੂੰ ਚੰਗੀ ਤਰ੍ਹਾਂ ਜਾਂਚਣ ਦੀ ਲੋੜ ਹੈ। (ਤੀਤੁਸ 3:2; ਯਾਕੂਬ 3:17) ਮਾਪੇ “ਸਚਿਆਈ ਦੀਆਂ ਗੱਲਾਂ” ਕਹਿ ਕੇ ਬੱਚੇ ਦਾ ਹੌਸਲਾ ਵਧਾ ਸਕਦੇ ਹਨ।

ਸੋਚ-ਸਮਝ ਕੇ ਸਹੀ ਸ਼ਬਦ ਚੁਣੋ

ਕਝ ਕਹਿਣ ਤੋਂ ਪਹਿਲਾਂ ਪਿਤਾ ਆਪਣੇ ਆਪ ਨੂੰ ਪੁੱਛ ਸਕਦਾ ਹੈ, ‘ਇਸ ਗੱਲ ਨੂੰ ਮੈਂ ਮਨ-ਭਾਉਂਦੇ ਤਰੀਕੇ ਨਾਲ ਕਿਵੇਂ ਕਹਾਂ ਤਾਂਕਿ ਮੇਰਾ ਪੁੱਤ ਇਸ ਨੂੰ ਸਵੀਕਾਰ ਕਰੇ?’ ਸਹੀ ਸ਼ਬਦ ਲੱਭਣੇ ਹਮੇਸ਼ਾ ਸੌਖੇ ਨਹੀਂ ਹੁੰਦੇ। ਪਰ ਮਾਪਿਆਂ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਬੱਚੇ ਛੇਤੀ ਹੀਣ-ਭਾਵਨਾ ਦੇ ਸ਼ਿਕਾਰ ਹੋ ਜਾਂਦੇ ਹਨ। ਆਪਣੀ ਇਕ ਨਾਕਾਮਯਾਬੀ ਜਾਂ ਕਮਜ਼ੋਰੀ ਕਰਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਕੰਮ ਦੇ ਨਹੀਂ ਹਨ। ਸੋ ਜੇਕਰ ਮਾਪੇ ਉਸ ਉੱਤੇ ਵਰ੍ਹਨਗੇ, ਤਾਂ ਬੱਚੇ ਦੇ ਦਿਲ ਵਿਚ ਇਹ ਗੱਲ ਘਰ ਕਰ ਜਾਵੇਗੀ ਕਿ ਉਹ ਵਾਕਈ ਨਿਕੰਮਾ ਹੈ। ਕੁਲੁੱਸੀਆਂ 3:21 ਵਿਚ ਲਿਖਿਆ ਹੈ: “ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।”

ਮਾਪਿਆਂ ਨੂੰ “ਹਮੇਸ਼ਾ” ਅਤੇ “ਕਦੇ ਵੀ ਨਹੀਂ” ਸ਼ਬਦ ਵਰਤ ਕੇ ਗੱਲ ਨੂੰ ਵਧਾ-ਚੜ੍ਹਾ ਕੇ ਪੇਸ਼ ਨਹੀਂ ਕਰਨਾ ਚਾਹੀਦਾ। ਮਿਸਾਲ ਲਈ ਜਦੋਂ ਮਾਤਾ ਜਾਂ ਪਿਤਾ ਕਹਿੰਦਾ ਹੈ ਕਿ ‘ਤੂੰ ਜ਼ਿੰਦਗੀ ਵਿਚ ਕਦੇ ਕੁਝ ਨਹੀਂ ਬਣ ਸਕਦਾ,’ ਤਾਂ ਬੱਚਾ ਇਸ ਨੂੰ ਸੱਚ ਮੰਨ ਬੈਠਦਾ ਹੈ। ਹਾਲਾਂਕਿ ਇਹ ਗੱਲ ਸੱਚ ਨਹੀਂ ਹੈ, ਪਰ ਦਿਨ-ਰਾਤ ਮਾਪਿਆਂ ਦੇ ਮੂੰਹੋਂ ਇਹੀ ਗੱਲ ਸੁਣਨ ਕਰਕੇ ਬੱਚਾ ਹਿੰਮਤ ਹਾਰ ਬੈਠਦਾ ਹੈ।

ਡਾਂਟਣ-ਫਿਟਕਾਰਨ ਦੀ ਬਜਾਇ ਬੱਚੇ ਦੇ ਚੰਗੇ ਗੁਣਾਂ ਨੂੰ ਉਭਾਰੋ। ਉੱਪਰ ਦਿੱਤੀ ਮਿਸਾਲ ਵਿਚ ਪਿਤਾ ਆਪਣੇ ਮੁੰਡੇ ਨੂੰ ਇਹ ਕਹਿ ਸਕਦਾ ਹੈ: ‘ਪੁੱਤ, ਮੈਨੂੰ ਪਤਾ ਕਿ ਤੂੰ ਇਸ ਵਿਸ਼ੇ ਵਿਚ ਫੇਲ੍ਹ ਹੋਣ ਕਰਕੇ ਬਹੁਤ ਉਦਾਸ ਹੈਂ। ਮੈਂ ਜਾਣਦਾ ਹਾਂ ਕਿ ਤੂੰ ਬਹੁਤ ਮਿਹਨਤ ਕੀਤੀ ਹੈ। ਪਰ ਲੱਗਦੈ ਕਿ ਤੈਨੂੰ ਇਹ ਵਿਸ਼ਾ ਬਹੁਤ ਔਖਾ ਲੱਗਦਾ ਹੈ। ਚਲੋ ਆਪਾਂ ਦੇਖੀਏ ਕਿ ਤੁਹਾਡੇ ਇਸ ਮਸਲੇ ਨੂੰ ਕਿਵੇਂ ਹੱਲ ਕੀਤਾ ਜਾਵੇ।’ ਪਿਤਾ ਕੁਝ ਹੋਰ ਸਵਾਲ ਪੁੱਛਣ ਦੁਆਰਾ ਇਹ ਪਤਾ ਲਗਾ ਸਕਦਾ ਹੈ ਕਿ ਮੁੰਡੇ ਦੇ ਫੇਲ੍ਹ ਹੋਣ ਪਿੱਛੇ ਕੋਈ ਹੋਰ ਕਾਰਨ ਤਾਂ ਨਹੀਂ। ਸਾਰੀ ਗੱਲ ਸਮਝਣ ਤੋਂ ਬਾਅਦ ਹੀ ਉਹ ਆਪਣੇ ਪੁੱਤਰ ਦੀ ਸਹੀ ਤਰੀਕੇ ਨਾਲ ਮਦਦ ਕਰ ਸਕੇਗਾ।

ਹਮਦਰਦੀ ਅਤੇ ਪਿਆਰ ਭਰੇ ਸ਼ਬਦਾਂ ਦਾ ਬੱਚੇ ਉੱਤੇ ਚੰਗਾ ਅਸਰ ਪੈਂਦਾ ਹੈ। ਬਾਈਬਲ ਕਹਿੰਦੀ ਹੈ: “ਸ਼ੁਭ ਬਚਨ ਮਖੀਰ ਦੀ ਛੱਲੀ ਵਾਂਙੁ ਹਨ, ਓਹ ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ।” (ਕਹਾਉਤਾਂ 16:24) ਘਰ ਵਿਚ ਪਿਆਰ ਅਤੇ ਸ਼ਾਂਤੀ ਦਾ ਮਾਹੌਲ ਹੋਣ ਨਾਲ ਬੱਚੇ ਵਧਣ-ਫੁੱਲਣਗੇ ਅਤੇ ਸਾਰਾ ਪਰਿਵਾਰ ਖ਼ੁਸ਼ ਹੋਵੇਗਾ।

“ਜੋ ਮਨ ਵਿੱਚ ਭਰਿਆ ਹੋਇਆ ਹੈ”

ਲੇਖ ਦੇ ਸ਼ੁਰੂ ਵਿਚ ਦੱਸੇ ਗਏ ਪਤੀ ਬਾਰੇ ਸੋਚੋ। ਕੀ ਇਹ ਬਿਹਤਰ ਨਾ ਹੁੰਦਾ ਜੇਕਰ ਉਹ ਦਿਲ ਦੀ ਭੜਾਸ ਕੱਢਣ ਦੀ ਬਜਾਇ ਸਹੀ ਅਤੇ ‘ਮਨ ਭਾਉਂਦੇ’ ਲਫ਼ਜ਼ ਵਰਤਦਾ? ਇਹੋ ਜਿਹੀ ਸਥਿਤੀ ਵਿਚ ਪਤੀ ਆਪਣੇ ਆਪ ਨੂੰ ਪੁੱਛ ਸਕਦਾ ਹੈ: ‘ਭਾਵੇਂ ਕਿ ਮੇਰੀ ਬੀਵੀ ਨੂੰ ਸਮੇਂ ਦੀ ਪਾਬੰਦ ਹੋਣ ਦੀ ਲੋੜ ਹੈ, ਪਰ ਕੀ ਇਹ ਸੱਚ ਹੈ ਕਿ ਉਹ ਹਮੇਸ਼ਾ ਦੇਰ ਕਰਦੀ ਹੈ? ਕੀ ਉਸ ਦੀ ਇਸ ਕਮਜ਼ੋਰੀ ਬਾਰੇ ਗੱਲ ਕਰਨ ਦਾ ਇਹ ਸਹੀ ਸਮਾਂ ਹੋਵੇਗਾ? ਕੀ ਮੇਰੀਆਂ ਕੌੜੀਆਂ ਗੱਲਾਂ ਸੁਣ ਕੇ ਉਹ ਆਪਣੇ ਆਪ ਵਿਚ ਸੁਧਾਰ ਲਿਆਉਣਾ ਚਾਹੇਗੀ?’ ਇੱਦਾਂ ਦੇ ਸਵਾਲਾਂ ਉੱਤੇ ਸੋਚ-ਵਿਚਾਰ ਕਰਨ ਨਾਲ ਅਸੀਂ ਬਿਨਾਂ ਵਜ੍ਹਾ ਆਪਣੇ ਪਿਆਰਿਆਂ ਦੇ ਦਿਲਾਂ ਨੂੰ ਠੇਸ ਨਹੀਂ ਪਹੁੰਚਾਵਾਂਗੇ।—ਕਹਾਉਤਾਂ 29:11.

ਪਰ ਉਦੋਂ ਕੀ ਕੀਤਾ ਜਾਵੇ ਜੇਕਰ ਘਰਦਿਆਂ ਨਾਲ ਗੱਲਬਾਤ ਕਰਦੇ ਵਕਤ ਅਕਸਰ ਝਗੜਾ ਸ਼ੁਰੂ ਹੋ ਜਾਂਦਾ ਹੈ? ਸਾਨੂੰ ਸ਼ਾਇਦ ਆਪਣੀਆਂ ਭਾਵਨਾਵਾਂ ਨੂੰ ਜਾਂਚਣ ਦੀ ਲੋੜ ਹੈ। ਜਦੋਂ ਅਸੀਂ ਗੁੱਸੇ ਵਿਚ ਜਾਂ ਦਬਾਅ ਹੇਠ ਹੁੰਦੇ ਹਾਂ, ਤਾਂ ਅਸੀਂ ਉਹੋ ਬੋਲਦੇ ਹਾਂ ਜੋ ਅਸੀਂ ਮਹਿਸੂਸ ਕਰ ਰਹੇ ਹੁੰਦੇ ਹਾਂ। ਯਿਸੂ ਨੇ ਕਿਹਾ ਸੀ: ‘ਜੋ ਮਨ ਵਿੱਚ ਭਰਿਆ ਹੋਇਆ ਹੈ ਮੂੰਹ ਉੱਤੇ ਉਹੋ ਆਉਂਦਾ ਹੈ।’ (ਮੱਤੀ 12:34) ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਸਾਡੀਆਂ ਗੱਲਾਂ ਤੋਂ ਸਾਡੀ ਸੋਚ, ਇੱਛਾਵਾਂ ਅਤੇ ਰਵੱਈਏ ਦਾ ਪਤਾ ਲੱਗਦਾ ਹੈ।

ਕੀ ਅਸੀਂ ਖ਼ੁਸ਼-ਮਿਜ਼ਾਜ ਅਤੇ ਆਸ਼ਾਵਾਦੀ ਹਾਂ? ਜੇ ਹਾਂ, ਤਾਂ ਸਾਡੀਆਂ ਗੱਲਾਂ ਤੋਂ ਸਾਡੀ ਖ਼ੁਸ਼ੀ ਅਤੇ ਆਸ਼ਾ ਝਲਕੇਗੀ। ਦੂਜੇ ਪਾਸੇ, ਜੇ ਅਸੀਂ ‘ਨੈਗੇਟਿਵ’ ਸੋਚ ਵਾਲੇ ਹਾਂ, ਹਮੇਸ਼ਾ ਦੂਸਰਿਆਂ ਵਿਚ ਨੁਕਸ ਕੱਢਦੇ ਹਾਂ ਤੇ ਆਪਣੀਆਂ ਗੱਲਾਂ ਤੋਂ ਟਸ ਤੋਂ ਮਸ ਨਹੀਂ ਹੁੰਦੇ ਹਾਂ, ਤਾਂ ਅਸੀਂ ਇੱਦਾਂ ਦੀਆਂ ਗੱਲਾਂ ਕਰਾਂਗੇ ਜਿਨ੍ਹਾਂ ਨੂੰ ਸੁਣ ਕੇ ਦੂਸਰੇ ਮਾਯੂਸ ਹੀ ਹੋਣਗੇ। ਹੋ ਸਕਦਾ ਹੈ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਤਕ ਨਾ ਹੋਵੇ ਕਿ ਸਾਡੀ ਸੋਚ ਜਾਂ ਬੋਲੀ ਕਿੰਨੀ ਨਿਰਾਸ਼ਾਜਨਕ ਹੈ। ਅਸੀਂ ਇਸੇ ਧੋਖੇ ਵਿਚ ਰਹਿੰਦੇ ਹਾਂ ਕਿ ਅਸੀਂ ਸਹੀ ਹਾਂ ਤੇ ਬਾਕੀ ਸਭ ਗ਼ਲਤ।—ਕਹਾਉਤਾਂ 14:12.

ਪਰ ਸ਼ੁਕਰ ਹੈ ਕਿ ਸਾਡੇ ਕੋਲ ਪਰਮੇਸ਼ੁਰ ਦਾ ਬਚਨ ਬਾਈਬਲ ਹੈ। ਇਸ ਵਿਚ ਚੰਗੀਆਂ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਪਰਖ ਸਕਦੇ ਹਾਂ ਕਿ ਇਹ ਸਹੀ ਹਨ ਜਾਂ ਨਹੀਂ ਅਤੇ ਕਿਤੇ ਸਾਨੂੰ ਆਪਣੀ ਸੋਚ ਨੂੰ ਸੁਧਾਰਨ ਦੀ ਲੋੜ ਤਾਂ ਨਹੀਂ ਹੈ। (ਇਬਰਾਨੀਆਂ 4:12; ਯਾਕੂਬ 1:25) ਸਾਡੀ ਜਮਾਂਦਰੂ ਮਨੋਬਿਰਤੀ ਜਾਂ ਪਾਲਣ-ਪੋਸ਼ਣ ਜਿੱਦਾਂ ਮਰਜ਼ੀ ਦਾ ਰਿਹਾ ਹੋਵੇ, ਪਰ ਜੇ ਅਸੀਂ ਚਾਹੀਏ ਤਾਂ ਅਸੀਂ ਆਪਣਾ ਨਜ਼ਰੀਆ ਅਤੇ ਤੌਰ-ਤਰੀਕਾ ਬਦਲ ਸਕਦੇ ਹਾਂ।—ਅਫ਼ਸੀਆਂ 4:23, 24.

ਬਾਈਬਲ ਵਿੱਚੋਂ ਮਦਦ ਲੈਣ ਦੇ ਨਾਲ-ਨਾਲ ਅਸੀਂ ਦੂਸਰਿਆਂ ਦੀ ਵੀ ਮਦਦ ਲੈ ਸਕਦੇ ਹਾਂ। ਉਨ੍ਹਾਂ ਨੂੰ ਪੁੱਛੋ ਕਿ ਤੁਹਾਡਾ ਗੱਲ ਕਰਨ ਦਾ ਤਰੀਕਾ ਕਿਹੋ ਜਿਹਾ ਹੈ। ਮਿਸਾਲ ਲਈ, ਆਪਣੇ ਪਤੀ ਜਾਂ ਪਤਨੀ ਜਾਂ ਬੱਚੇ ਨੂੰ ਪੁੱਛੋ ਕਿ ਉਨ੍ਹਾਂ ਨੂੰ ਤੁਹਾਡਾ ਗੱਲ ਕਰਨ ਦਾ ਤਰੀਕਾ ਕਿਹੋ ਜਿਹਾ ਲੱਗਦਾ ਹੈ। ਤੁਸੀਂ ਕਿਸੇ ਚੰਗੇ ਦੋਸਤ ਨੂੰ ਵੀ ਇਸ ਬਾਰੇ ਪੁੱਛ ਸਕਦੇ ਹੋ। ਪਰ ਸੱਚ ਕੌੜਾ ਹੁੰਦਾ ਹੈ। ਸੋ ਉਨ੍ਹਾਂ ਦੀ ਰਾਇ ਨੂੰ ਕਬੂਲ ਕਰਨ ਅਤੇ ਆਪਣੇ ਆਪ ਨੂੰ ਸੁਧਾਰਨ ਲਈ ਤੁਹਾਨੂੰ ਹਲੀਮ ਬਣਨ ਦੀ ਲੋੜ ਪਵੇਗੀ।

ਬੋਲਣ ਤੋਂ ਪਹਿਲਾਂ ਧਿਆਨ ਨਾਲ ਸੋਚੋ!

ਮੁਕਦੀ ਗੱਲ, ਆਪਣੇ ਸ਼ਬਦਾਂ ਰਾਹੀਂ ਦੂਸਰਿਆਂ ਨੂੰ ਦੁੱਖ ਨਾ ਪਹੁੰਚਾਉਣ ਲਈ ਸਾਨੂੰ ਕਹਾਉਤਾਂ 16:23 ਦੀ ਸਲਾਹ ਮੰਨਣੀ ਚਾਹੀਦੀ ਹੈ: “ਸਮਝਦਾਰ ਮਨੁੱਖ ਬੋਲਨ ਤੋਂ ਪਹਿਲਾਂ ਆਪਣੇ ਨੂੰ ਤੋਲਦਾ ਹੈ, ਅਤੇ ਉਸ ਦੇ ਮੂੰਹੋਂ ਸਮਝ ਦੇ ਬੋਲ ਨਿਕਲਦੇ ਹਨ।” (CL) ਆਪਣੇ ਗੁੱਸੇ ਤੇ ਕੰਟ੍ਰੋਲ ਰੱਖਣਾ ਆਸਾਨ ਗੱਲ ਨਹੀਂ ਹੈ। ਪਰ ਦੂਸਰਿਆਂ ਤੇ ਦੋਸ਼ ਲਾਉਣ ਜਾਂ ਉਨ੍ਹਾਂ ਨੂੰ ਬੁਰਾ-ਭਲਾ ਕਹਿਣ ਦੀ ਬਜਾਇ ਸਾਨੂੰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ। ਫਿਰ ਅਸੀਂ ਸੋਚ-ਸਮਝ ਕੇ ਸਹੀ ਗੱਲ ਕਹਾਂਗੇ।

ਇਹ ਸੱਚ ਹੈ ਕਿ ਅਸੀਂ ਸਾਰੇ ਭੁੱਲਣਹਾਰ ਹਾਂ। (ਯਾਕੂਬ 3:2) ਕਦੇ ਨਾ ਕਦੇ ਤਾਂ ਅਸੀਂ ਅਜਿਹੀ ਕੋਈ ਗੱਲ ਕਹਿ ਦਿੰਦੇ ਹਾਂ ਜੋ ਦੂਸਰਿਆਂ ਦੇ ਦਿਲਾਂ ਨੂੰ ਲੱਗ ਜਾਂਦੀ ਹੈ। (ਕਹਾਉਤਾਂ 12:18) ਪਰ ਬਾਈਬਲ ਦੀਆਂ ਸਲਾਹਾਂ ਉੱਤੇ ਚੱਲਣ ਦੁਆਰਾ ਅਸੀਂ ਹਮੇਸ਼ਾ ਸੋਚ-ਸਮਝ ਕੇ ਬੋਲਾਂਗੇ ਅਤੇ ਦੂਸਰਿਆਂ ਦੇ ਜਜ਼ਬਾਤਾਂ ਦਾ ਖ਼ਿਆਲ ਰੱਖਾਂਗੇ। (ਫ਼ਿਲਿੱਪੀਆਂ 2:4) ਸੋ ਆਓ ਆਪਾਂ ਦੂਸਰਿਆਂ ਨਾਲ ਅਤੇ ਖ਼ਾਸਕਰ ਆਪਣੇ ਘਰਦਿਆਂ ਨਾਲ ਸਹੀ ਅਤੇ “ਮਨ ਭਾਉਂਦੀਆਂ ਗੱਲਾਂ” ਕਰੀਏ। ਅਸੀਂ ਸੋਚ-ਸਮਝ ਕੇ ਬੋਲਣ ਦੁਆਰਾ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਾਂਗੇ ਤਾਂਕਿ ਉਹ “ਤਰੱਕੀ” ਕਰਦੇ ਜਾਣ।—ਰੋਮੀਆਂ 14:19. (w08 1/1)

[ਸਫ਼ਾ 12 ਉੱਤੇ ਤਸਵੀਰ]

ਅਜਿਹੀ ਕੋਈ ਗੱਲ ਨਾ ਕਹੋ ਜਿਸ ਤੇ ਤੁਹਾਨੂੰ ਬਾਅਦ ਵਿਚ ਪਛਤਾਉਣਾ ਪਵੇ