Skip to content

Skip to table of contents

ਉਸ ਨੇ ਸੱਚੇ ਪਰਮੇਸ਼ੁਰ ਦੀ ਤਰਫ਼ਦਾਰੀ ਕੀਤੀ

ਉਸ ਨੇ ਸੱਚੇ ਪਰਮੇਸ਼ੁਰ ਦੀ ਤਰਫ਼ਦਾਰੀ ਕੀਤੀ

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ

ਉਸ ਨੇ ਸੱਚੇ ਪਰਮੇਸ਼ੁਰ ਦੀ ਤਰਫ਼ਦਾਰੀ ਕੀਤੀ

ਏਲੀਯਾਹ ਲੋਕਾਂ ਦੀ ਵੱਡੀ ਭੀੜ ਨੂੰ ਕਰਮਲ ਪਰਬਤ ਉੱਤੇ ਚੜ੍ਹਦਿਆਂ ਦੇਖ ਰਿਹਾ ਸੀ। ਪਹੁ ਫੁੱਟਣ ਤੋਂ ਪਹਿਲਾਂ ਦੀ ਹਲਕੀ-ਹਲਕੀ ਰੌਸ਼ਨੀ ਵਿਚ ਵੀ ਲੋਕਾਂ ਦੀ ਮੰਦਹਾਲੀ ਸਾਫ਼ ਨਜ਼ਰ ਆ ਰਹੀ ਸੀ। ਸਾਢੇ ਤਿੰਨ ਸਾਲਾਂ ਤੋਂ ਲੋਕ ਸੋਕੇ ਦੀ ਮਾਰ ਸਹਿ ਰਹੇ ਸਨ।

ਭੀੜ ਵਿਚ ਬਆਲ ਦੇਵਤੇ ਦੇ 450 ਨਬੀ ਵੀ ਬੜੇ ਰੋਹਬ ਨਾਲ ਤੁਰੇ ਆ ਰਹੇ ਸਨ। ਉਨ੍ਹਾਂ ਨੂੰ ਯਹੋਵਾਹ ਦਾ ਨਬੀ ਏਲੀਯਾਹ ਕਾਣੀ ਅੱਖ ਨਹੀਂ ਭਾਉਂਦਾ ਸੀ। ਉਹ ਸੋਚ ਰਹੇ ਸਨ ਕਿ ਰਾਣੀ ਈਜ਼ਬਲ ਨੇ ਯਹੋਵਾਹ ਦੇ ਕਈ ਭਗਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਪਰ ਇਹ ਬੰਦਾ ਅਜੇ ਵੀ ਬਆਲ ਦੇ ਸਾਮ੍ਹਣੇ ਗੋਡੇ ਟੇਕਣ ਲਈ ਤਿਆਰ ਨਹੀਂ ਸੀ। ਪਰ ਏਲੀਯਾਹ ਆਖ਼ਰ ਕਦੋਂ ਤਕ ਆਪਣੀ ਖੈਰ ਮਨਾਵੇਗਾ? ਆਖ਼ਰ ਹੈ ਤਾਂ ਉਹ ਇਕੱਲਾ ਹੀ, ਜਦ ਕਿ ਬਾਕੀ ਸਾਰਾ ਦੇਸ਼ ਬਆਲ ਦਾ ਪੁਜਾਰੀ ਸੀ। ਕਦੇ ਨਾ ਕਦੇ ਤਾਂ ਉਸ ਨੂੰ ਝੁੱਕਣਾ ਹੀ ਪਓ! (1 ਰਾਜਿਆਂ 18:3, 19, 20) ਇੰਨੇ ਵਿਚ ਏਲੀਯਾਹ ਦੀ ਨਜ਼ਰ ਰਾਜਾ ਅਹਾਬ ਤੇ ਪਈ ਜੋ ਆਪਣੇ ਸ਼ਾਹੀ ਰਥ ਉੱਤੇ ਸਵਾਰ ਸੀ। ਉਸ ਨੂੰ ਪਤਾ ਸੀ ਕਿ ਰਾਜਾ ਅਹਾਬ ਵੀ ਉਸ ਨੂੰ ਨਫ਼ਰਤ ਕਰਦਾ ਸੀ।

ਉਹ ਦਿਨ ਏਲੀਯਾਹ ਨਬੀ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਦਿਨ ਸਾਬਤ ਹੋਣਾ ਸੀ। ਉਸ ਦਿਨ ਚੰਗੇ ਅਤੇ ਬੁਰੇ, ਸੱਚ ਅਤੇ ਝੂਠ ਦਾ ਫ਼ੈਸਲਾ ਹੋ ਜਾਣਾ ਸੀ। ਸੂਰਜ ਤੇਜ਼ੀ ਨਾਲ ਚੜ੍ਹ ਰਿਹਾ ਸੀ। ਪਰ ਏਲੀਯਾਹ ਦੇ ਦਿਲ ਤੇ ਕੀ ਬੀਤ ਰਹੀ ਸੀ? ਉਸ ਨੂੰ ਡਰ ਤਾਂ ਜ਼ਰੂਰ ਲੱਗਾ ਹੋਣਾ ਕਿਉਂਕਿ ਉਹ ਵੀ “ਸਾਡੇ ਵਰਗਾ ਦੁਖ ਸੁਖ ਭੋਗਣ ਵਾਲਾ ਮਨੁੱਖ ਸੀ।” (ਯਾਕੂਬ 5:17) ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦਿਨ ਏਲੀਯਾਹ ਨੇ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕੀਤਾ ਹੋਣਾ ਕਿਉਂਕਿ ਉਸ ਦਾ ਸਾਥ ਦੇਣ ਲਈ ਕੋਈ ਨਹੀਂ ਸੀ। ਉਸ ਦੇ ਚਾਰੇ ਚੁਫੇਰੇ ਖੜ੍ਹੇ ਲੋਕ, ਰਾਜਾ ਅਹਾਬ ਅਤੇ ਬਆਲ ਦੇ ਪੁਜਾਰੀ ਸਭ ਦੇ ਸਭ ਉਸ ਦੇ ਖ਼ਿਲਾਫ਼ ਸਨ।—1 ਰਾਜਿਆਂ 18:22.

ਪਰ ਇਸਰਾਏਲ ਦੇਸ਼ ਵਿਚ ਇੱਦਾਂ ਦੀ ਸਥਿਤੀ ਪੈਦਾ ਕਿਵੇਂ ਹੋਈ ਅਤੇ ਇਸ ਪੁਰਾਣੇ ਇਤਿਹਾਸ ਬਾਰੇ ਪੜ੍ਹਨ ਦਾ ਕੀ ਫ਼ਾਇਦਾ ਹੈ? ਫ਼ਾਇਦਾ ਹੈ ਕਿਉਂਕਿ ਬਾਈਬਲ ਸਾਨੂੰ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਉੱਤੇ ਗੌਰ ਕਰਨ ਅਤੇ ਉਨ੍ਹਾਂ ਦੀ ਨਿਹਚਾ ਦੀ ਰੀਸ ਕਰਨ ਦੀ ਤਾਕੀਦ ਕਰਦੀ ਹੈ। (ਇਬਰਾਨੀਆਂ 13:7) ਸੋ ਆਓ ਆਪਾਂ ਦੇਖੀਏ ਕਿ ਅਸੀਂ ਏਲੀਯਾਹ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ।

ਲੰਬੇ ਅਰਸੇ ਤੋਂ ਚੱਲ ਰਿਹਾ ਟਾਕਰਾ

ਆਪਣੀ ਜਵਾਨੀ ਤੋਂ ਹੀ ਏਲੀਯਾਹ ਬੇਵਸੀ ਨਾਲ ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਦੀ ਭਗਤੀ ਤੋਂ ਦੂਰ ਜਾਂਦਿਆਂ ਦੇਖ ਰਿਹਾ ਸੀ। ਇਸਰਾਏਲ ਵਿਚ ਲੰਬੇ ਸਮੇਂ ਤੋਂ ਸੱਚੀ ਅਤੇ ਝੂਠੀ ਭਗਤੀ ਵਿਚ ਜੱਦੋ-ਜਹਿਦ ਚੱਲ ਰਹੀ ਸੀ। ਲੋਕ ਯਹੋਵਾਹ ਦੀ ਭਗਤੀ ਛੱਡ ਕੇ ਆਸੇ-ਪਾਸੇ ਦੀਆਂ ਕੌਮਾਂ ਦੇ ਦੇਵੀ-ਦੇਵਤਿਆਂ ਨੂੰ ਪੂਜ ਰਹੇ ਸਨ। ਹੁਣ ਏਲੀਯਾਹ ਦੇ ਦਿਨਾਂ ਵਿਚ ਲੋਕ ਯਹੋਵਾਹ ਨੂੰ ਲਗਭਗ ਪੂਰੀ ਤਰ੍ਹਾਂ ਭੁੱਲ ਚੁੱਕੇ ਸਨ। ਇਹ ਕਿਵੇਂ ਹੋਇਆ?

ਹੋਇਆ ਇੰਜ ਕਿ ਰਾਜਾ ਅਹਾਬ ਨੇ ਸੀਦੋਨੀਆਂ ਦੇ ਰਾਜਾ ਅਥਬਆਲ ਦੀ ਧੀ ਈਜ਼ਬਲ ਨੂੰ ਵਿਆਹ ਲਿਆਂਦਾ। ਈਜ਼ਬਲ ਨੇ ਬਆਲ ਦੀ ਪੂਜਾ ਨੂੰ ਪੂਰੇ ਦੇਸ਼ ਵਿਚ ਫੈਲਾਉਣ ਅਤੇ ਯਹੋਵਾਹ ਦੀ ਭਗਤੀ ਨੂੰ ਖ਼ਤਮ ਕਰਨ ਦੀ ਠਾਣ ਲਈ ਸੀ। ਉਸ ਦੀਆਂ ਗੱਲਾਂ ਵਿਚ ਆ ਕੇ ਅਹਾਬ ਨੇ ਵੀ ਬਆਲ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਇੱਥੋਂ ਤਕ ਕਿ ਉਸ ਨੇ ਬਆਲ ਲਈ ਇਕ ਮੰਦਰ ਅਤੇ ਵੇਦੀ ਵੀ ਬਣਵਾਈ। ਰਾਜਾ ਅਹਾਬ ਨੇ ਯਹੋਵਾਹ ਨੂੰ ਬਹੁਤ ਗੁੱਸਾ ਚੜ੍ਹਾਇਆ।—1 ਰਾਜਿਆਂ 16:30-33. *

ਬਆਲ ਦੀ ਪੂਜਾ ਇੰਨੀ ਘਿਣਾਉਣੀ ਕਿਉਂ ਸੀ? ਕਿਉਂਕਿ ਇਸ ਨੇ ਇਸਰਾਏਲੀਆਂ ਨੂੰ ਸੱਚੇ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ ਸੀ। ਬਆਲ ਦੀ ਪੂਜਾ ਵਿਚ ਕਈ ਭੈੜੇ ਅਤੇ ਜ਼ਾਲਮਾਨਾ ਕੰਮ ਹੁੰਦੇ ਸਨ। ਮਰਦ ਅਤੇ ਤੀਵੀਆਂ ਬਆਲ ਦੇ ਮੰਦਰ ਵਿਚ ਵੇਸਵਾਵਾਂ ਵਜੋਂ ਕੰਮ ਕਰਦੇ ਸਨ। ਮਰਦ ਪਰਾਈਆਂ ਤੀਵੀਆਂ ਨਾਲ ਖੁਲ੍ਹਮ ਖੁਲ੍ਹਾ ਸਰੀਰਕ ਸੰਬੰਧ ਬਣਾਉਂਦੇ ਸਨ। ਇੱਥੋਂ ਤਕ ਕਿ ਲੋਕ ਆਪਣੇ ਬੱਚਿਆਂ ਦੀ ਵੀ ਹੋਮਬਲੀ ਚੜ੍ਹਾਉਂਦੇ ਸਨ! ਇਨ੍ਹਾਂ ਘਿਣਾਉਣੇ ਕੰਮਾਂ ਕਰਕੇ ਹੀ ਯਹੋਵਾਹ ਨੇ ਏਲੀਯਾਹ ਨਬੀ ਰਾਹੀਂ ਰਾਜਾ ਅਹਾਬ ਕੋਲ ਸੁਨੇਹਾ ਘੱਲਿਆ ਸੀ ਕਿ ਸਾਰੇ ਦੇਸ਼ ਵਿਚ ਉਦੋਂ ਤਕ ਸੋਕਾ ਪਿਆ ਰਹੇਗਾ ਜਦ ਤਕ ਕਿ ਏਲੀਯਾਹ ਯਹੋਵਾਹ ਨੂੰ ਮੀਂਹ ਘੱਲਣ ਲਈ ਅਰਜ਼ ਨਾ ਕਰੇ। (1 ਰਾਜਿਆਂ 17:1) ਅਹਾਬ ਨੂੰ ਇਹ ਸੁਨੇਹਾ ਦੇਣ ਤੋਂ ਬਾਅਦ ਏਲੀਯਾਹ ਨੇ ਕਈ ਸਾਲਾਂ ਤਕ ਅਹਾਬ ਦਾ ਮੂੰਹ ਨਹੀਂ ਦੇਖਿਆ। ਫਿਰ ਇਕ ਦਿਨ ਉਹ ਅਹਾਬ ਨੂੰ ਮਿਲਿਆ ਅਤੇ ਉਸ ਨੂੰ ਕਰਮਲ ਪਰਬਤ ਉੱਤੇ ਸਾਰੀ ਪਰਜਾ ਨੂੰ ਬਆਲ ਦੇ ਨਬੀਆਂ ਸਮੇਤ ਇਕੱਠਾ ਕਰਨ ਲਈ ਕਿਹਾ।

ਪਰ ਤੁਸੀਂ ਸ਼ਾਇਦ ਸੋਚੋਗੇ ਕਿ ਇਹ ਘਟਨਾ ਅੱਜ ਸਾਡੇ ਲਈ ਕੀ ਮਾਅਨੇ ਰੱਖਦੀ ਹੈ? ਅੱਜ ਕਿਹੜਾ ਸਾਡੇ ਆਲੇ-ਦੁਆਲੇ ਬਆਲ ਦੇ ਮੰਦਰ ਅਤੇ ਵੇਦੀਆਂ ਹਨ? ਇਹ ਸੱਚ ਹੈ, ਪਰ ਇਹ ਬਿਰਤਾਂਤ ਕੇਵਲ ਪੁਰਾਣਾ ਇਤਿਹਾਸ ਹੀ ਨਹੀਂ ਹੈ। ਇਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। (ਰੋਮੀਆਂ 15:4) “ਬਆਲ” ਲਫ਼ਜ਼ ਦਾ ਮਤਲਬ ਹੈ “ਸੁਆਮੀ” ਜਾਂ ਪਤੀ। ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ ਸੀ ਕਿ ਉਹ ਉਸ ਨੂੰ ਆਪਣਾ ਸੁਆਮੀ ਮੰਨਣ। (ਯਸਾਯਾਹ 54:5) ਕੀ ਇਹ ਸੱਚ ਨਹੀਂ ਕਿ ਅੱਜ ਲੋਕ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਛੱਡ ਹੋਰ ਕਈ ਸੁਆਮੀਆਂ ਦੀ ਗ਼ੁਲਾਮੀ ਕਰਦੇ ਹਨ? ਜੀ ਹਾਂ, ਅੱਜ ਲੋਕ ਯਹੋਵਾਹ ਦੀ ਭਗਤੀ ਕਰਨ ਦੀ ਬਜਾਇ ਵੱਖ-ਵੱਖ ਦੇਵੀ-ਦੇਵਤਿਆਂ ਨੂੰ ਪੂਜਦੇ ਹਨ। ਕਈ ਪੈਸੇ, ਨੌਕਰੀ-ਪੇਸ਼ੇ, ਮਨੋਰੰਜਨ ਅਤੇ ਸੈਕਸ ਦੇ ਗ਼ੁਲਾਮ ਹਨ। (ਮੱਤੀ 6:24; ਰੋਮੀਆਂ 6:16) ਸੋ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅੱਜ ਵੀ ਬਆਲ ਦੀ ਪੂਜਾ ਜ਼ੋਰਾਂ-ਸ਼ੋਰਾਂ ਨਾਲ ਹੁੰਦੀ ਹੈ। ਪਰ ਸਾਡੇ ਬਾਰੇ ਕੀ? ਅਸੀਂ ਕਿਸ ਨੂੰ ਆਪਣਾ ਸੁਆਮੀ ਬਣਾਵਾਂਗੇ? ਏਲੀਯਾਹ ਦੇ ਜ਼ਮਾਨੇ ਵਿਚ ਯਹੋਵਾਹ ਅਤੇ ਬਆਲ ਵਿਚਕਾਰ ਹੋਏ ਮੁਕਾਬਲੇ ਬਾਰੇ ਸਿੱਖ ਕੇ ਸਾਨੂੰ ਇਸ ਮਾਮਲੇ ਵਿਚ ਸਹੀ ਫ਼ੈਸਲਾ ਕਰਨ ਵਿਚ ਮਦਦ ਮਿਲੇਗੀ।

ਉਹ ਕਿਵੇਂ “ਲੰਗੜਾ” ਰਹੇ ਸਨ?

ਕਰਮਲ ਪਰਬਤ ਦੀ ਉਚਾਈ ਤੋਂ ਸਾਰਾ ਇਸਰਾਏਲ ਦੇਸ਼ ਨਜ਼ਰ ਆਉਂਦਾ ਸੀ। ਹੇਠਾਂ ਕੀਸ਼ੋਨ ਦੀ ਵਾਦੀ ਸੀ ਤੇ ਨੇੜੇ ਹੀ ਮਹਾਂ ਸਾਗਰ (ਭੂਮੱਧ ਸਾਗਰ) ਸੀ। ਉੱਤਰ ਦਿਸ਼ਾ ਵਿਚ ਦੂਰ ਲੇਬਨਾਨ ਦੀਆਂ ਉੱਚੀਆਂ ਪਹਾੜੀਆਂ ਨਜ਼ਰ ਆਉਂਦੀਆਂ ਸਨ। * ਪਰ ਉਸ ਦਿਨ ਚੜ੍ਹਦੇ ਸੂਰਜ ਦੀ ਰੌਸ਼ਨੀ ਵਿਚ ਹਰ ਪਾਸੇ ਸਿਰਫ਼ ਬੰਜਰ ਜ਼ਮੀਨ ਹੀ ਨਜ਼ਰ ਆ ਰਹੀ ਸੀ। ਯਹੋਵਾਹ ਨੇ ਆਪਣੇ ਭਗਤ ਅਬਰਾਹਾਮ ਦੀ ਸੰਤਾਨ ਨੂੰ ਇਹ ਉਪਜਾਊ ਭੂਮੀ ਦਿੱਤੀ ਸੀ, ਪਰ ਲੋਕਾਂ ਦੀ ਮੂਰਖਤਾ ਕਰਕੇ ਇਹ ਜ਼ਮੀਨ ਸੋਕੇ ਦੀ ਮਾਰ ਝੱਲ ਰਹੀ ਸੀ। ਜਦੋਂ ਚਾਰੇ ਪਾਸੇ ਲੋਕ ਇਕੱਠੇ ਹੋ ਗਏ, ਤਾਂ ਏਲੀਯਾਹ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਦ ਤੀਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ।”—1 ਰਾਜਿਆਂ 18:21.

ਏਲੀਯਾਹ ਦੇ ਕਹਿਣ ਦਾ ਕੀ ਮਤਲਬ ਸੀ ਕਿ ਲੋਕ ‘ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲ ਰਹੇ ਸਨ’? ਇਸਰਾਏਲੀਆਂ ਨੂੰ ਯਹੋਵਾਹ ਦੀ ਉਪਾਸਨਾ ਅਤੇ ਬਆਲ ਦੀ ਪੂਜਾ ਵਿਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ ਸੀ। ਉਹ ਸ਼ਾਇਦ ਸਮਝਦੇ ਸਨ ਕਿ ਉਹ ਘਿਣਾਉਣੀਆਂ ਰਸਮਾਂ-ਰੀਤਾਂ ਪੂਰੀਆਂ ਕਰ ਕੇ ਬਆਲ ਨੂੰ ਖ਼ੁਸ਼ ਕਰਨ ਦੇ ਨਾਲ-ਨਾਲ ਯਹੋਵਾਹ ਪਰਮੇਸ਼ੁਰ ਦੀ ਵੀ ਭਗਤੀ ਕਰ ਸਕਦੇ ਸਨ। ਉਨ੍ਹਾਂ ਨੇ ਸੋਚਿਆ ਹੋਣਾ ਕਿ ਬਆਲ ਉਨ੍ਹਾਂ ਦੀਆਂ ਫ਼ਸਲਾਂ ਅਤੇ ਡੰਗਰਾਂ ਉੱਤੇ ਅਸੀਸਾਂ ਦੇਵੇਗਾ, ਜਦ ਕਿ ‘ਸੈਨਾਂ ਦਾ ਯਹੋਵਾਹ’ ਉਨ੍ਹਾਂ ਨੂੰ ਲੜਾਈਆਂ ਵਿਚ ਜਿਤਾਵੇਗਾ। (1 ਸਮੂਏਲ 17:45) ਪਰ ਉਹ ਇਕ ਜ਼ਰੂਰੀ ਗੱਲ ਭੁੱਲ ਗਏ ਸਨ ਜੋ ਅੱਜ ਵੀ ਬਹੁਤ ਸਾਰੇ ਲੋਕ ਨਹੀਂ ਸਮਝਦੇ ਹਨ। ਉਹ ਕੀ? ਇਹੋ ਕਿ ਯਹੋਵਾਹ ਆਪਣੀ ਭਗਤੀ ਕਿਸੇ ਨਾਲ ਸਾਂਝੀ ਨਹੀਂ ਕਰਦਾ। ਸਿਰਫ਼ ਉਹੋ ਸਾਡੀ ਭਗਤੀ ਦਾ ਹੱਕਦਾਰ ਹੈ। ਜੇ ਅਸੀਂ ਕਿਸੇ ਹੋਰ ਚੀਜ਼ ਦੀ ਪੂਜਾ ਕਰਦੇ ਹਾਂ, ਤਾਂ ਸਾਡੀ ਭਗਤੀ ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੀ ਹੋਵੇਗੀ ਅਤੇ ਉਹ ਇਸ ਨੂੰ ਕਦੇ ਵੀ ਕਬੂਲ ਨਹੀਂ ਕਰੇਗਾ।—ਕੂਚ 20:5.

ਇਸਰਾਏਲੀ “ਲੰਗੜਾ” ਰਹੇ ਸਨ, ਮਾਨੋ ਉਹ ਇੱਕੋ ਸਮੇਂ ਤੇ ਦੋ ਵੱਖ-ਵੱਖ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਸਨ। ਅੱਜ ਵੀ ਬਹੁਤ ਸਾਰੇ ਲੋਕ ਇਹੋ ਗ਼ਲਤੀ ਕਰਦੇ ਹਨ। ਉਹ ਆਪਣੀ ਜ਼ਿੰਦਗੀ ਵਿਚ ਹੋਰ “ਬਆਲਾਂ” ਦੀ ਪੂਜਾ ਕਰਨ ਕਰਕੇ ਸੱਚੇ ਪਰਮੇਸ਼ੁਰ ਦੀ ਭਗਤੀ ਨੂੰ ਇਕ ਪਾਸੇ ਧੱਕ ਦਿੰਦੇ ਹਨ! ਸੋ ਏਲੀਯਾਹ ਦੀ ਸਲਾਹ ਆਪਣੀ ਜਾਂਚ ਕਰਨ ਵਿਚ ਸਾਡੀ ਮਦਦ ਕਰਦੀ ਹੈ ਕਿ ਕਿਤੇ ਅਸੀਂ ਤਾਂ ਇਹ ਭੁੱਲ ਨਹੀਂ ਕਰ ਰਹੇ।

ਇਕ ਫ਼ੈਸਲਾਕੁਨ ਪਰੀਖਿਆ

ਏਲੀਯਾਹ ਨੇ ਯਹੋਵਾਹ ਅਤੇ ਬਆਲ ਦੀ ਪਰੀਖਿਆ ਲੈਣ ਦੀ ਪੇਸ਼ਕਸ਼ ਕੀਤੀ। ਪਰੀਖਿਆ ਬਹੁਤ ਹੀ ਸਾਧਾਰਣ ਸੀ। ਬਆਲ ਦੇ ਪੁਜਾਰੀਆਂ ਨੇ ਆਪਣੇ ਦੇਵਤੇ ਲਈ ਵੇਦੀ ਬਣਾਈ ਅਤੇ ਉਸ ਉੱਤੇ ਝਟਕਾਇਆ ਬਲਦ ਰੱਖਿਆ। ਫਿਰ ਉਹ ਆਪਣੇ ਦੇਵਤੇ ਨੂੰ ਪ੍ਰਾਰਥਨਾ ਕਰਨ ਲੱਗੇ ਕਿ ਉਹ ਅੱਗ ਘੱਲ ਕੇ ਬਲੀ ਨੂੰ ਸਵੀਕਾਰ ਕਰੇ। ਬਾਅਦ ਵਿਚ ਏਲੀਯਾਹ ਨੇ ਵੀ ਇਸੇ ਤਰ੍ਹਾਂ ਕੀਤਾ। ਉਸ ਨੇ ਕਿਹਾ: “ਜਿਹੜਾ ਪਰਮੇਸ਼ੁਰ ਅੱਗ ਨਾਲ ਉੱਤਰ ਦੇਵੇ ਉਹੋ ਹੀ ਪਰਮੇਸ਼ੁਰ ਹੋਵੇ।” ਏਲੀਯਾਹ ਨੂੰ ਪਤਾ ਸੀ ਕਿ ਸੱਚਾ ਪਰਮੇਸ਼ੁਰ ਕੌਣ ਸੀ। ਯਹੋਵਾਹ ਉੱਤੇ ਉਸ ਦਾ ਵਿਸ਼ਵਾਸ ਇੰਨਾ ਅਟੱਲ ਸੀ ਕਿ ਉਸ ਨੇ ਬਿਨਾਂ ਡਰੇ ਪਹਿਲਾਂ ਬਆਲ ਦੇ ਨਬੀਆਂ ਨੂੰ ਮੌਕਾ ਦਿੱਤਾ ਕਿ ਉਹ ਬਆਲ ਨੂੰ ਸੱਚਾ ਪਰਮੇਸ਼ੁਰ ਸਾਬਤ ਕਰਨ। ਉਸ ਨੇ ਆਪਣੇ ਵਿਰੋਧੀਆਂ ਨੂੰ ਆਪਣੀ ਗੱਲ ਸਿੱਧ ਕਰਨ ਦਾ ਹਰ ਮੌਕਾ ਦਿੱਤਾ, ਇੱਥੋਂ ਤਕ ਕਿ ਬਲੀ ਚੜ੍ਹਾਉਣ ਲਈ ਬਲਦ ਵੀ ਉਨ੍ਹਾਂ ਨੇ ਆਪ ਚੁਣਿਆ ਸੀ। *1 ਰਾਜਿਆਂ 18:24, 25.

ਪੁਰਾਣੇ ਜ਼ਮਾਨਿਆਂ ਦੇ ਉਲਟ ਅੱਜ-ਕੱਲ੍ਹ ਕਰਾਮਾਤਾਂ ਨਹੀਂ ਹੁੰਦੀਆਂ। ਪਰ ਯਹੋਵਾਹ ਬਦਲਿਆ ਨਹੀਂ ਹੈ। ਏਲੀਯਾਹ ਵਾਂਗ ਅਸੀਂ ਅੱਜ ਵੀ ਉਸ ਉੱਤੇ ਪੱਕਾ ਭਰੋਸਾ ਰੱਖ ਸਕਦੇ ਹਾਂ। ਮਿਸਾਲ ਦੇ ਤੌਰ ਤੇ, ਜਦੋਂ ਲੋਕ ਬਾਈਬਲ ਦੀ ਕਿਸੇ ਸਿੱਖਿਆ ਨੂੰ ਗ਼ਲਤ ਕਹਿੰਦੇ ਹਨ, ਤਾਂ ਸਾਨੂੰ ਡਰਨ ਦੀ ਲੋੜ ਨਹੀਂ ਹੈ। ਅਸੀਂ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਸਮਾਂ ਦਿਆਂਗੇ। ਏਲੀਯਾਹ ਦੀ ਤਰ੍ਹਾਂ ਅਸੀਂ ਵਿਰੋਧੀਆਂ ਦੇ ਸਵਾਲ ਦਾ ਜਵਾਬ ਦੇਣ ਵੇਲੇ ਸੱਚੇ ਪਰਮੇਸ਼ੁਰ ਉੱਤੇ ਭਰੋਸਾ ਰੱਖਾਂਗੇ। ਅਸੀਂ ਆਪਣੀ ਬੁੱਧੀ ਅਨੁਸਾਰ ਨਹੀਂ, ਸਗੋਂ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਜਵਾਬ ਦਿਆਂਗੇ ਕਿਉਂਕਿ ਬਾਈਬਲ ਗ਼ਲਤ ਵਿਚਾਰਾਂ ਨੂੰ ‘ਸੁਧਾਰਨ ਲਈ ਗੁਣਕਾਰ ਹੈ।’—2 ਤਿਮੋਥਿਉਸ 3:16.

ਬਆਲ ਦੇ ਨਬੀਆਂ ਨੇ ਵੇਦੀ ਤੇ ਬਲੀ ਰੱਖ ਕੇ ਆਪਣੇ ਦੇਵਤੇ ਨੂੰ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਵਾਰ-ਵਾਰ ਦੁਹਾਈ ਦਿੱਤੀ: “ਹੇ ਬਆਲ, ਸਾਡੀ ਸੁਣ।” ਕਈ ਘੰਟੇ ਲੰਘ ਗਏ। ਪਰ ਬਾਈਬਲ ਦੱਸਦੀ ਹੈ ਕਿ “ਕੁਝ ਅਵਾਜ਼ ਨਾ ਆਈ ਨਾ ਕੋਈ ਉੱਤਰ ਦੇਣ ਵਾਲਾ ਸੀ।” ਜਦੋਂ ਸੂਰਜ ਸਿਰ ਤੇ ਚੜ੍ਹ ਆਇਆ, ਤਾਂ ਏਲੀਯਾਹ ਨੇ ਉਨ੍ਹਾਂ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਬਆਲ ਸ਼ਾਇਦ ਸੋਚਾਂ ਵਿਚ ਪਿਆ ਹੋਵੇ ਜਾਂ ਜੰਗਲ-ਪਾਣੀ ਗਿਆ ਹੋਵੇ ਜਾਂ ਸੁੱਤਾ ਪਿਆ ਹੋਵੇ। ਸੋ ਉਸ ਨੇ ਉਨ੍ਹਾਂ ਨੂੰ ਹੋਰ ‘ਉੱਚੀ ਦੇ ਕੇ ਬੁਲਾਉਣ’ ਲਈ ਕਿਹਾ। ਉਸ ਨੂੰ ਪਤਾ ਸੀ ਕਿ ਬਆਲ ਅਸਲ ਵਿਚ ਹੈ ਨਹੀਂ, ਪਰ ਉਹ ਚਾਹੁੰਦਾ ਸੀ ਕਿ ਯਹੋਵਾਹ ਦੇ ਲੋਕ ਇਸ ਗੱਲ ਨੂੰ ਸਾਫ਼-ਸਾਫ਼ ਸਮਝ ਲੈਣ।—1 ਰਾਜਿਆਂ 18:26, 27.

ਏਲੀਯਾਹ ਦਾ ਤਾਅਨਾ ਸੁਣ ਕੇ ਬਆਲ ਦੇ ਪੁਜਾਰੀਆਂ ਨੇ ਹੋਰ “ਉੱਚੀ ਦੇ ਕੇ ਪੁਕਾਰਿਆ ਅਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਛੁਰੀਆਂ ਨਾਲ ਅਜੇਹਾ ਵੱਢਿਆ ਕਿ ਓਹ ਲਹੂ ਲੁਹਾਨ ਹੋ ਗਏ।” ਪਰ ਕੋਈ ਫ਼ਾਇਦਾ ਨਹੀਂ ਹੋਇਆ! ਉਨ੍ਹਾਂ ਨੂੰ “ਨਾ ਕੋਈ ਆਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਗੌਹ ਕਰਨ ਵਾਲਾ ਸੀ।” (1 ਰਾਜਿਆਂ 18:28, 29) ਕਿਉਂ? ਕਿਉਂਕਿ ਬਆਲ ਤਾਂ ਨਿਰਾ ਇਕ ਝੂਠ ਸੀ। ਸ਼ਤਾਨ ਨੇ ਯਹੋਵਾਹ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਇਹ ਝੂਠ ਘੜਿਆ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਜੇਕਰ ਅਸੀਂ ਯਹੋਵਾਹ ਨੂੰ ਛੱਡ ਕਿਸੇ ਹੋਰ ਨੂੰ ਆਪਣਾ ਸੁਆਮੀ ਬਣਾਵਾਂਗੇ, ਤਾਂ ਸਾਡੇ ਹੱਥ ਸਿਰਫ਼ ਨਿਰਾਸ਼ਾ ਤੇ ਸ਼ਰਮਿੰਦਗੀ ਹੀ ਲੱਗੇਗੀ।—ਜ਼ਬੂਰਾਂ ਦੀ ਪੋਥੀ 25:3; 115:4-8.

ਇਮਤਿਹਾਨ ਦਾ ਨਤੀਜਾ

ਦੁਪਹਿਰ ਲੰਘ ਜਾਣ ਤੋਂ ਬਾਅਦ ਹੁਣ ਏਲੀਯਾਹ ਦੀ ਵਾਰੀ ਸੀ। ਉਸ ਨੇ ਯਹੋਵਾਹ ਦੀ ਇਕ ਟੁੱਟੀ ਹੋਈ ਵੇਦੀ ਦੀ ਮੁਰੰਮਤ ਕੀਤੀ ਜੋ ਸ਼ਾਇਦ ਬਆਲ ਦੇ ਪੁਜਾਰੀਆਂ ਨੇ ਢਾਹ ਦਿੱਤੀ ਸੀ। ਵੇਦੀ ਬਣਾਉਣ ਲਈ ਉਸ ਨੇ 12 ਪੱਥਰ ਵਰਤੇ, ਸ਼ਾਇਦ ਇਸਰਾਏਲ ਦੇ 10-ਗੋਤੀ ਕੌਮ ਨੂੰ ਚੇਤਾ ਕਰਾਉਣ ਲਈ ਕਿ 12 ਗੋਤਾਂ ਨੂੰ ਦਿੱਤੀ ਗਈ ਮੂਸਾ ਦੀ ਬਿਵਸਥਾ ਅਜੇ ਵੀ ਉਨ੍ਹਾਂ ਉੱਤੇ ਲਾਗੂ ਹੁੰਦੀ ਹੈ। ਫਿਰ ਏਲੀਯਾਹ ਨੇ ਵੇਦੀ ਉੱਤੇ ਝਟਕਾਇਆ ਹੋਇਆ ਬਲਦ ਰੱਖਿਆ ਅਤੇ ਲੋਕਾਂ ਨੂੰ ਬਲੀ ਅਤੇ ਬਾਲਣ ਉੱਤੇ ਪਾਣੀ ਪਾਉਣ ਲਈ ਕਿਹਾ। ਪਾਣੀ ਸ਼ਾਇਦ ਨੇੜਲੇ ਭੂਮੱਧ ਸਾਗਰ ਤੋਂ ਲਿਆਂਦਾ ਗਿਆ ਸੀ। ਏਲੀਯਾਹ ਨੇ ਵੇਦੀ ਦੇ ਚਾਰ-ਚੁਫੇਰੇ ਵੱਡੀ ਖਾਈ ਪੁੱਟੀ ਅਤੇ ਇਸ ਨੂੰ ਵੀ ਪਾਣੀ ਨਾਲ ਭਰ ਦਿੱਤਾ। ਉਸ ਨੇ ਇਹ ਸਭ ਕਿਉਂ ਕੀਤਾ? ਕਿਉਂਕਿ ਉਸ ਨੂੰ ਆਪਣੇ ਪਰਮੇਸ਼ੁਰ ਉੱਤੇ ਪੱਕਾ ਭਰੋਸਾ ਸੀ ਕਿ ਇਹ ਸਭ ਕਰਨ ਦੇ ਬਾਵਜੂਦ ਵੀ ਉਹ ਅੱਗ ਘੱਲ ਕੇ ਬਲੀ ਨੂੰ ਕਬੂਲ ਕਰੇਗਾ।—1 ਰਾਜਿਆਂ 18:30-35.

ਵੇਦੀ ਤਿਆਰ ਕਰਨ ਤੋਂ ਬਾਅਦ ਏਲੀਯਾਹ ਨੇ ਪ੍ਰਾਰਥਨਾ ਕੀਤੀ। ਹਾਲਾਂਕਿ ਉਸ ਦੀ ਪ੍ਰਾਰਥਨਾ ਬਹੁਤ ਸਾਦੀ ਸੀ, ਪਰ ਇਸ ਤੋਂ ਸਾਫ਼ ਪਤਾ ਚੱਲਦਾ ਸੀ ਕਿ ਏਲੀਯਾਹ ਲਈ ਕਿਹੜੀਆਂ ਚੀਜ਼ਾਂ ਸਭ ਤੋਂ ਵਧ ਅਹਿਮੀਅਤ ਰੱਖਦੀਆਂ ਸਨ। ਪਹਿਲਾਂ ਤਾਂ ਉਸ ਨੇ ਦੁਆ ਕੀਤੀ ਕਿ ਸਭ ਨੂੰ ਇਹ ਪਤਾ ਲੱਗ ਜਾਵੇ ਕਿ ਯਹੋਵਾਹ ਹੀ “ਇਸਰਾਏਲ ਵਿੱਚ ਪਰਮੇਸ਼ੁਰ” ਹੈ, ਨਾ ਕਿ ਬਆਲ। ਦੂਜਾ, ਉਸ ਨੇ ਕਿਹਾ ਕਿ ਉਹ ਕੇਵਲ ਯਹੋਵਾਹ ਦਾ ਦਾਸ ਸੀ ਅਤੇ ਇਮਤਿਹਾਨ ਦਾ ਜੋ ਨਤੀਜਾ ਨਿਕਲੇਗਾ, ਉਸ ਦਾ ਸਿਹਰਾ ਯਹੋਵਾਹ ਨੂੰ ਜਾਵੇਗਾ। ਉਸ ਦੀ ਪ੍ਰਾਰਥਨਾ ਦੇ ਅੰਤਿਮ ਸ਼ਬਦਾਂ ਤੋਂ ਇਹ ਵੀ ਪਤਾ ਲੱਗਦਾ ਸੀ ਕਿ ਉਹ ਅਜੇ ਵੀ ਆਪਣੇ ਦੇਸ਼ਵਾਸੀਆਂ ਨੂੰ ਪਿਆਰ ਕਰਦਾ ਸੀ। ਉਹ ਚਾਹੁੰਦਾ ਸੀ ਕਿ ਯਹੋਵਾਹ ਉਨ੍ਹਾਂ ਦਾ ਮਨ ਆਪਣੇ ਵੱਲ ‘ਮੋੜ ਲਵੇ।’ (1 ਰਾਜਿਆਂ 18:36, 37) ਹਾਲਾਂਕਿ ਇਸਰਾਏਲੀਆਂ ਨੇ ਘੋਰ ਪਾਪ ਕਰ ਕੇ ਪੂਰੇ ਦੇਸ਼ ਉੱਤੇ ਬੇਅੰਤ ਦੁੱਖ ਲਿਆਂਦੇ ਸਨ, ਪਰ ਫਿਰ ਵੀ ਏਲੀਯਾਹ ਉਨ੍ਹਾਂ ਨੂੰ ਪਿਆਰ ਕਰਦਾ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਵੀ ਹਲੀਮ ਤੇ ਹਮਦਰਦ ਬਣ ਕੇ ਉਨ੍ਹਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਇਸ ਤੋਂ ਇਲਾਵਾ ਅਸੀਂ ਸਦਾ ਇਹੋ ਦੁਆ ਕਰਾਂਗੇ ਕਿ ਯਹੋਵਾਹ ਦਾ ਨਾਂ ਸਭਨਾਂ ਵਿਚ ਪਵਿੱਤਰ ਮੰਨਿਆ ਜਾਵੇ।

ਏਲੀਯਾਹ ਦੁਆਰਾ ਪ੍ਰਾਰਥਨਾ ਕਰਨ ਤੋਂ ਪਹਿਲਾਂ ਲੋਕ ਸ਼ਾਇਦ ਇਹ ਸੋਚ ਰਹੇ ਸਨ ਕਿ ਬਆਲ ਵਾਂਗ ਯਹੋਵਾਹ ਵੀ ਨਿਰਾ ਇਕ ਝੂਠ ਸਾਬਤ ਹੋਵੇਗਾ। ਪਰ ਏਲੀਯਾਹ ਦੇ ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਦਾ ਸਾਰਾ ਸ਼ੱਕ ਦੂਰ ਕੀਤਾ ਗਿਆ। ਬਾਈਬਲ ਵਿਚ ਲਿਖਿਆ ਹੈ: “ਤਦ ਯਹੋਵਾਹ ਦੀ ਅੱਗ ਆਣ ਪਈ ਅਤੇ ਉਸ ਨੇ ਹੋਮ ਦੀ ਬਲੀ ਅਰ ਬਾਲਣ ਅਰ ਪੱਥਰਾਂ ਅਰ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲਿਆ।” (1 ਰਾਜਿਆਂ 18:38) ਯਹੋਵਾਹ ਨੇ ਕਮਾਲ ਦਾ ਜਵਾਬ ਦਿੱਤਾ! ਇਹ ਸਭ ਦੇਖ ਕੇ ਲੋਕਾਂ ਉੱਤੇ ਕੀ ਅਸਰ ਪਿਆ?

ਉਹ ਸਭ ਦੇ ਸਭ ਬੋਲ ਉੱਠੇ: “ਯਹੋਵਾਹ ਉਹੋ ਪਰਮੇਸ਼ੁਰ ਹੈ! ਯਹੋਵਾਹ ਉਹੋ ਪਰਮੇਸ਼ੁਰ ਹੈ!” (1 ਰਾਜਿਆਂ 18:39) ਉਨ੍ਹਾਂ ਨੂੰ ਸੱਚਾਈ ਪਤਾ ਲੱਗ ਗਈ ਸੀ। ਪਰ ਇੰਨਾ ਹੀ ਕਾਫ਼ੀ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਅਜੇ ਤਕ ਆਪਣੀ ਨਿਹਚਾ ਦਾ ਕੋਈ ਸਬੂਤ ਨਹੀਂ ਦਿੱਤਾ ਸੀ। ਸਵਰਗੋਂ ਅੱਗ ਉਤਰਦੀ ਦੇਖ ਕੇ ਇਹ ਮੰਨ ਲੈਣਾ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ, ਨਿਹਚਾ ਦਾ ਠੋਸ ਸਬੂਤ ਨਹੀਂ ਸੀ। ਸੋ ਏਲੀਯਾਹ ਨੇ ਉਨ੍ਹਾਂ ਨੂੰ ਉਹ ਕੰਮ ਕਰਨ ਲਈ ਕਿਹਾ ਜੋ ਉਨ੍ਹਾਂ ਨੂੰ ਕਈ ਸਾਲ ਪਹਿਲਾਂ ਕਰਨਾ ਚਾਹੀਦਾ ਸੀ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਹੁਕਮ ਦੀ ਪਾਲਣਾ ਕਰਨ ਲਈ ਕਿਹਾ। ਪਰਮੇਸ਼ੁਰ ਦਾ ਹੁਕਮ ਕੀ ਸੀ? ਇਹੋ ਕਿ ਝੂਠੇ ਨਬੀ ਅਤੇ ਮੂਰਤੀ-ਪੂਜਕ ਸਜ਼ਾ-ਏ-ਮੌਤ ਦੇ ਲਾਇਕ ਸਨ। (ਬਿਵਸਥਾ ਸਾਰ 13:5-9) ਉੱਥੇ ਮੌਜੂਦ ਬਆਲ ਦੇ ਪੁਜਾਰੀ ਯਹੋਵਾਹ ਪਰਮੇਸ਼ੁਰ ਦੇ ਜਾਨੀ ਦੁਸ਼ਮਣ ਸਨ ਜੋ ਜਾਣ-ਬੁੱਝ ਕੇ ਉਸ ਦੀ ਇੱਛਾ ਦੇ ਖ਼ਿਲਾਫ਼ ਜਾਂਦੇ ਸਨ। ਕੀ ਉਹ ਰਹਿਮ ਦੇ ਲਾਇਕ ਸਨ? ਜ਼ਰਾ ਇਸ ਬਾਰੇ ਸੋਚੋ: ਕੀ ਉਨ੍ਹਾਂ ਨੇ ਮਾਸੂਮ ਬੱਚਿਆਂ ਤੇ ਰਹਿਮ ਕੀਤਾ ਸੀ ਜਿਨ੍ਹਾਂ ਨੂੰ ਉਨ੍ਹਾਂ ਨੇ ਜੀਉਂਦੇ-ਜੀ ਅੱਗ ਵਿਚ ਸੁੱਟ ਕੇ ਬਆਲ ਨੂੰ ਹੋਮਬਲੀ ਚੜ੍ਹਾਈ ਸੀ? (ਕਹਾਉਤਾਂ 21:13; ਯਿਰਮਿਯਾਹ 19:5) ਨਹੀਂ, ਬਆਲ ਦੇ ਪੁਜਾਰੀ ਹਰਗਿਜ਼ ਰਹਿਮ ਦੇ ਲਾਇਕ ਨਹੀਂ ਸਨ। ਸੋ ਏਲੀਯਾਹ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਉਨ੍ਹਾਂ ਸਾਰੇ ਪੁਜਾਰੀਆਂ ਨੂੰ ਮੌਤ ਦੇ ਘਾਟ ਉਤਾਰ ਦੇਣ। ਅਤੇ ਲੋਕਾਂ ਨੇ ਇਹੋ ਹੀ ਕੀਤਾ।—1 ਰਾਜਿਆਂ 18:40.

ਕੁਝ ਆਲੋਚਕ ਸ਼ਾਇਦ ਕਹਿਣਗੇ ਕਿ ਇਹ ਸਜ਼ਾ ਸਰਾਸਰ ਗ਼ਲਤ ਸੀ। ਕਈਆਂ ਨੂੰ ਡਰ ਹੈ ਕਿ ਇਸ ਬਿਰਤਾਂਤ ਨੂੰ ਪੜ੍ਹ ਕੇ ਧਾਰਮਿਕ ਕੱਟੜਪੰਥੀਆਂ ਨੂੰ ਦੂਸਰੇ ਧਰਮਾਂ ਦੇ ਲੋਕਾਂ ਉੱਤੇ ਜ਼ੁਲਮ ਢਾਹੁਣ ਦਾ ਬਹਾਨਾ ਮਿਲ ਜਾਵੇਗਾ। ਕੁਝ ਹੱਦ ਤਕ ਉਨ੍ਹਾਂ ਦਾ ਡਰ ਜਾਇਜ਼ ਹੈ ਕਿਉਂਕਿ ਅੱਜ-ਕੱਲ੍ਹ ਅਕਸਰ ਧਰਮ ਨੂੰ ਲੈ ਕੇ ਹਿੰਸਕ ਵਾਰਦਾਤਾਂ ਹੁੰਦੀਆਂ ਹਨ। ਲੇਕਿਨ ਏਲੀਯਾਹ ਕੱਟੜਵਾਦੀ ਨਹੀਂ ਸੀ। ਉਸ ਨੇ ਜੋ ਕੁਝ ਕੀਤਾ ਉਹ ਸੱਚੇ ਪਰਮੇਸ਼ੁਰ ਯਹੋਵਾਹ ਦੀ ਇੱਛਾ ਮੁਤਾਬਕ ਸੀ। ਬਆਲ ਦੇ ਪੁਜਾਰੀਆਂ ਦੇ ਘਿਣਾਉਣੇ ਕੰਮਾਂ ਕਰਕੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣੀ ਜਾਇਜ਼ ਸੀ। ਇਸ ਤੋਂ ਇਲਾਵਾ ਅੱਜ ਮਸੀਹ ਦੇ ਸੱਚੇ ਚੇਲੇ ਜਾਣਦੇ ਹਨ ਕਿ ਉਨ੍ਹਾਂ ਨੂੰ ਏਲੀਯਾਹ ਵਾਂਗ ਦੁਸ਼ਟ ਲੋਕਾਂ ਨੂੰ ਜਾਨੋਂ ਮਾਰਨ ਦੀ ਇਜਾਜ਼ਤ ਨਹੀਂ ਹੈ। ਮਸੀਹ ਦੇ ਧਰਤੀ ਉੱਤੇ ਆਉਣ ਤੋਂ ਬਾਅਦ ਉਸ ਦੇ ਸਾਰੇ ਚੇਲਿਆਂ ਨੂੰ ਇਕ ਨਵਾਂ ਅਸੂਲ ਦਿੱਤਾ ਗਿਆ ਸੀ। ਇਹ ਅਸੂਲ ਅਸੀਂ ਪਤਰਸ ਨੂੰ ਕਹੇ ਯਿਸੂ ਦੇ ਸ਼ਬਦਾਂ ਵਿਚ ਪੜ੍ਹਦੇ ਹਾਂ: “ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” (ਮੱਤੀ 26:52) ਆਪਣੇ ਵੈਰੀਆਂ ਦਾ ਨਿਆਂ ਕਰਨ ਦਾ ਕੰਮ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਦਿੱਤਾ ਹੈ। ਉਹੋ ਭਵਿੱਖ ਵਿਚ ਪਰਮੇਸ਼ੁਰ ਦੇ ਵੈਰੀਆਂ ਦਾ ਨਿਆਂ ਕਰੇਗਾ।

ਯਿਸੂ ਦੇ ਸੱਚੇ ਚੇਲਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਤਰੀਕੇ ਨਾਲ ਜ਼ਿੰਦਗੀ ਜੀਣ ਜਿਸ ਤੋਂ ਉਨ੍ਹਾਂ ਦੀ ਨਿਹਚਾ ਜ਼ਾਹਰ ਹੋਵੇ। (ਯੂਹੰਨਾ 3:16) ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਏਲੀਯਾਹ ਵਰਗੇ ਵਫ਼ਾਦਾਰ ਬੰਦਿਆਂ ਦੀ ਰੀਸ ਕਰਨੀ। ਉਸ ਨੇ ਯਹੋਵਾਹ ਤੋਂ ਇਲਾਵਾ ਹੋਰ ਕਿਸੇ ਦੀ ਭਗਤੀ ਨਹੀਂ ਕੀਤੀ ਅਤੇ ਦੂਸਰਿਆਂ ਨੂੰ ਵੀ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਦੀ ਪ੍ਰੇਰਣਾ ਦਿੱਤੀ। ਉਸ ਨੇ ਦਲੇਰੀ ਨਾਲ ਉਨ੍ਹਾਂ ਦਾ ਪਰਦਾਫ਼ਾਸ਼ ਕੀਤਾ ਜਿਨ੍ਹਾਂ ਨੂੰ ਸ਼ਤਾਨ ਯਹੋਵਾਹ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਵਰਤ ਰਿਹਾ ਸੀ। ਉਸ ਨੇ ਕਦੇ ਵੀ ਆਪਣੀਆਂ ਕਾਬਲੀਅਤਾਂ ਉੱਤੇ ਭਰੋਸਾ ਨਹੀਂ ਕੀਤਾ ਤੇ ਨਾ ਹੀ ਆਪਣੀਆਂ ਇੱਛਾਵਾਂ ਮੁਤਾਬਕ ਕੰਮ ਕੀਤਾ, ਸਗੋਂ ਹਰ ਗੱਲ ਵਿਚ ਉਸ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ। ਹਾਂ, ਏਲੀਯਾਹ ਨੇ ਹਮੇਸ਼ਾ ਸੱਚੇ ਪਰਮੇਸ਼ੁਰ ਦੀ ਤਰਫ਼ਦਾਰੀ ਕੀਤੀ। ਆਓ ਅਸੀਂ ਉਸ ਦੀ ਨਿਹਚਾ ਦੀ ਰੀਸ ਕਰੀਏ! (w08 1/1)

[ਫੁਟਨੋਟ]

^ ਪੈਰਾ 9 ਹੋਰ ਜਾਣਕਾਰੀ ਲਈ ਪਹਿਰਾਬੁਰਜ (ਅੰਗ੍ਰੇਜ਼ੀ) ਦੇ 1 ਅਪ੍ਰੈਲ 1992 ਦੇ ਅੰਕ ਵਿਚ ਲੇਖ “ਕੀ ਤੁਹਾਡੇ ਕੋਲ ਏਲੀਯਾਹ ਵਰਗੀ ਨਿਹਚਾ ਹੈ?” ਦੇਖੋ।

^ ਪੈਰਾ 13 ਸਾਧਾਰਣ ਹਾਲਾਤਾਂ ਵਿਚ ਕਰਮਲ ਪਰਬਤ ਉੱਤੇ ਹਰ ਵੇਲੇ ਹਰਿਆਲੀ ਛਾਈ ਰਹਿੰਦੀ ਹੈ। ਮਹਾਂ ਸਾਗਰ ਤੋਂ ਆਉਂਦੀਆਂ ਨਮੀ-ਭਰੀਆਂ ਪੌਣਾਂ ਸਦਕਾ ਇਸ ਪਹਾੜੀ ਇਲਾਕੇ ਵਿਚ ਭਰਪੂਰ ਮਾਤਰਾ ਵਿਚ ਤ੍ਰੇਲ ਅਤੇ ਮੀਂਹ ਪੈਂਦਾ ਹੈ। ਏਲੀਯਾਹ ਨਬੀ ਦੇ ਜ਼ਮਾਨੇ ਵਿਚ ਕਰਮਲ ਪਰਬਤ ਬਆਲ ਦੀ ਪੂਜਾ ਦੀ ਇਕ ਅਹਿਮ ਥਾਂ ਸੀ ਕਿਉਂਕਿ ਇਸਰਾਏਲੀ ਲੋਕ ਮੰਨਦੇ ਸਨ ਕਿ ਬਆਲ ਦੇਵਤਾ ਹੀ ਉਨ੍ਹਾਂ ਲਈ ਮੀਂਹ ਵਰ੍ਹਾਉਂਦਾ ਹੈ। ਪਰ ਹੁਣ ਕਰਮਲ ਪਰਬਤ ਬੰਜਰ ਅਤੇ ਸੁੱਕਿਆ ਪਿਆ ਸੀ। ਸੋ ਬਆਲ ਦਾ ਪਰਦਾਫ਼ਾਸ਼ ਕਰਨ ਲਈ ਇਹ ਢੁਕਵੀਂ ਥਾਂ ਸੀ।

^ ਪੈਰਾ 17 ਧਿਆਨ ਦਿਓ ਕਿ ਏਲੀਯਾਹ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬਲੀ ਨੂੰ ‘ਅੱਗ ਨਾ ਲਾਉਣ।’ ਕਈ ਬਾਈਬਲ ਵਿਦਵਾਨਾਂ ਦਾ ਮੰਨਣਾ ਹੈ ਕਿ ਪੁਰਾਣੇ ਸਮਿਆਂ ਵਿਚ ਦੇਵੀ-ਦੇਵਤਿਆਂ ਦੇ ਪੁਜਾਰੀ ਵੇਦੀ ਵਿਚ ਸੁਰਾਖ ਬਣਾਉਂਦੇ ਸਨ ਜਿਸ ਬਾਰੇ ਲੋਕਾਂ ਨੂੰ ਪਤਾ ਨਹੀਂ ਸੀ ਹੁੰਦਾ। ਫਿਰ ਜਦੋਂ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਵੇਦੀ ਦੇ ਹੇਠਾਂ ਅੱਗ ਬਾਲਦੇ ਸਨ, ਤਾਂ ਦੇਖਣ ਵਾਲਿਆਂ ਨੂੰ ਲੱਗਦਾ ਸੀ ਕਿ ਰੱਬ ਨੇ ਅੱਗ ਘੱਲ ਕੇ ਬਲੀ ਨੂੰ ਕਬੂਲ ਕਰ ਲਿਆ ਸੀ।

[ਸਫ਼ਾ 20 ਉੱਤੇ ਸੁਰਖੀ]

ਯਹੋਵਾਹ ਨੂੰ ਛੱਡ ਹੋਰ ਕਿਸੇ ਨੂੰ ਸੁਆਮੀ ਮੰਨਣ ਨਾਲ ਨਿਰਾਸ਼ਾ ਹੀ ਹੱਥ ਲੱਗਦੀ ਹੈ

[ਸਫ਼ਾ 21 ਉੱਤੇ ਤਸਵੀਰ]

“ਯਹੋਵਾਹ ਉਹੋ ਪਰਮੇਸ਼ੁਰ ਹੈ!”