Skip to content

Skip to table of contents

ਜਾਨਲੇਵਾ ਬੀਮਾਰੀ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ ਦਿਓ

ਜਾਨਲੇਵਾ ਬੀਮਾਰੀ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ ਦਿਓ

ਜਾਨਲੇਵਾ ਬੀਮਾਰੀ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ ਦਿਓ

“ਜਦੋਂ ਮੈਨੂੰ ਪਤਾ ਲੱਗਾ ਕਿ ਮੰਮੀ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ, ਤਾਂ ਮੈਨੂੰ ਬਹੁਤ ਧੱਕਾ ਲੱਗਾ। ਮੈਨੂੰ ਵਿਸ਼ਵਾਸ ਹੀ ਨਹੀਂ ਸੀ ਹੁੰਦਾ ਕਿ ਮੇਰੀ ਪਿਆਰੀ ਮੰਮੀ ਸਿਰਫ਼ ਕੁਝ ਦਿਨਾਂ ਦੀ ਮਹਿਮਾਨ ਸੀ।”—ਗ੍ਰੇਸ, ਕਨੇਡਾ।

ਜਦੋਂ ਡਾਕਟਰੀ ਮੁਆਇਨੇ ਤੋਂ ਪਤਾ ਲੱਗਦਾ ਹੈ ਕਿ ਘਰ ਦੇ ਕਿਸੇ ਜੀਅ ਨੂੰ ਜਾਨਲੇਵਾ ਬੀਮਾਰੀ ਹੈ, ਤਾਂ ਪਰਿਵਾਰ ਅਤੇ ਦੋਸਤਾਂ ਨੂੰ ਇੰਨਾ ਗਹਿਰਾ ਸਦਮਾ ਪਹੁੰਚਦਾ ਹੈ ਕਿ ਉਨ੍ਹਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਕੀ ਕਰਨ ਤੇ ਕੀ ਨਾ ਕਰਨ। ਕਈ ਇਸ ਉਲਝਣ ਵਿਚ ਪੈ ਜਾਂਦੇ ਹਨ ਕਿ ਮਰੀਜ਼ ਨੂੰ ਉਸ ਦੀ ਹਾਲਤ ਬਾਰੇ ਦੱਸਣ ਜਾਂ ਨਾ ਦੱਸਣ। ਕਈਆਂ ਨੂੰ ਲੱਗਦਾ ਹੈ ਕਿ ਬੀਮਾਰੀ ਦੇ ਮਾੜੇ ਅਸਰਾਂ ਕਰਕੇ ਆਪਣੇ ਅਜ਼ੀਜ਼ ਦੀ ਪੀੜ ਅਤੇ ਲਾਚਾਰੀ ਉਹ ਬਰਦਾਸ਼ਤ ਨਹੀਂ ਕਰ ਸਕਣਗੇ। ਕਈਆਂ ਨੂੰ ਇਹ ਵੀ ਚਿੰਤਾ ਸਤਾਉਂਦੀ ਹੈ ਕਿ ਉਹ ਮਰੀਜ਼ ਦੀਆਂ ਅੰਤਿਮ ਘੜੀਆਂ ਵਿਚ ਉਸ ਨੂੰ ਕੀ ਕਹਿਣਗੇ ਜਾਂ ਕੀ ਕਰਨਗੇ।

ਕਿਸੇ ਅਜ਼ੀਜ਼ ਦੀ ਗੰਭੀਰ ਹਾਲਤ ਬਾਰੇ ਪਤਾ ਲੱਗਣ ਤੇ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਮਰੀਜ਼ ਦੇ ਕਿਵੇਂ ਸੱਚੇ “ਮਿੱਤ੍ਰ” ਸਾਬਤ ਹੋ ਸਕਦੇ ਹੋ? ਇਸ ਮੁਸ਼ਕਲ ਘੜੀ ਵਿਚ ਤੁਸੀਂ ਉਸ ਨੂੰ ਹੌਸਲਾ ਤੇ ਸਹਾਰਾ ਕਿਵੇਂ ਦੇ ਸਕਦੇ ਹੋ?—ਕਹਾਉਤਾਂ 17:17.

ਪਰੇਸ਼ਾਨ ਹੋਣਾ ਸੁਭਾਵਕ

ਆਪਣੇ ਅਜ਼ੀਜ਼ ਦੀ ਗੰਭੀਰ ਬੀਮਾਰੀ ਬਾਰੇ ਸੁਣ ਕੇ ਬਹੁਤ ਪਰੇਸ਼ਾਨ ਹੋਣਾ ਸੁਭਾਵਕ ਹੈ। ਡਾਕਟਰ ਰੋਜ਼ ਲੋਕਾਂ ਨੂੰ ਮਰਦੇ ਦੇਖਦੇ ਹਨ, ਪਰ ਕਈ ਵਾਰ ਉਨ੍ਹਾਂ ਤੋਂ ਵੀ ਮਰੀਜ਼ ਦਾ ਦਰਦ ਦੇਖਿਆ ਨਹੀਂ ਜਾਂਦਾ। ਉਨ੍ਹਾਂ ਨੂੰ ਆਪਣੀ ਲਾਚਾਰੀ ’ਤੇ ਬੜਾ ਗੁੱਸਾ ਆਉਂਦਾ ਹੈ।

ਹੋ ਸਕਦਾ ਹੈ ਕਿ ਆਪਣੇ ਪਿਆਰੇ ਨੂੰ ਪੀੜ ਨਾਲ ਤੜਫਦੇ ਦੇਖ ਕੇ ਤੁਸੀਂ ਵੀ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਰੱਖ ਸਕੋ। ਬ੍ਰਾਜ਼ੀਲ ਵਿਚ ਰਹਿੰਦੀ ਹੋਜ਼ਾ ਨਾਂ ਦੀ ਤੀਵੀਂ ਦੱਸਦੀ ਹੈ: “ਆਪਣੀ ਲਾਡਲੀ ਭੈਣ ਨੂੰ ਦਿਨ-ਰਾਤ ਪੀੜ ਨਾਲ ਤੜਫਦੀ ਦੇਖਣਾ ਮੇਰੇ ਲਈ ਬਹੁਤ ਔਖਾ ਸੀ।” ਇਸੇ ਤਰ੍ਹਾਂ ਜਦੋਂ ਪਰਮੇਸ਼ੁਰ ਦੇ ਵਫ਼ਾਦਾਰ ਭਗਤ ਮੂਸਾ ਦੀ ਭੈਣ ਨੂੰ ਕੋੜ੍ਹ ਦੀ ਬੀਮਾਰੀ ਲੱਗੀ, ਤਾਂ ਮੂਸਾ ਨੇ ਦੁਹਾਈ ਦਿੱਤੀ: “ਹੇ ਪਰਮੇਸ਼ੁਰ, ਮੇਰੀ ਮਿੰਨਤ ਹੈ, ਉਹ ਨੂੰ ਚੰਗਾ ਕਰ।”—ਗਿਣਤੀ 12:12, 13.

ਸਾਡੇ ਤੋਂ ਦੂਸਰਿਆਂ ਦਾ ਦਰਦ ਨਹੀਂ ਦੇਖਿਆ ਜਾਂਦਾ ਕਿਉਂਕਿ ਅਸੀਂ ਦਿਆਲੂ ਪਰਮੇਸ਼ੁਰ ਯਹੋਵਾਹ ਦੇ ਸਰੂਪ ਉੱਤੇ ਬਣਾਏ ਗਏ ਹਾਂ। (ਉਤਪਤ 1:27; ਯਸਾਯਾਹ 63:9) ਪਰਮੇਸ਼ੁਰ ਇਨਸਾਨਾਂ ਦੇ ਦੁੱਖਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਇਹ ਜਾਣਨ ਲਈ ਯਿਸੂ ਦੀ ਪ੍ਰਤਿਕ੍ਰਿਆ ’ਤੇ ਗੌਰ ਕਰੋ। ਉਸ ਦਾ ਸੁਭਾਅ ਹੂ-ਬਹੂ ਆਪਣੇ ਪਿਤਾ ਵਰਗਾ ਸੀ। (ਯੂਹੰਨਾ 14:9) ਜਦੋਂ ਯਿਸੂ ਨੇ ਬੀਮਾਰ ਲੋਕਾਂ ਨੂੰ ਤੜਫਦੇ ਦੇਖਿਆ, ਤਾਂ ਉਸ ਨੂੰ ਉਨ੍ਹਾਂ ਤੇ ਬੜਾ “ਤਰਸ” ਆਇਆ। (ਮੱਤੀ 20:29-34; ਮਰਕੁਸ 1:40, 41) ਜਿਵੇਂ ਇਸ ਲੇਖ ਤੋਂ ਪਹਿਲਾਂ ਦੇ ਲੇਖ ਵਿਚ ਦੱਸਿਆ ਗਿਆ ਹੈ, ਜਦੋਂ ਯਿਸੂ ਨੇ ਆਪਣੇ ਦੋਸਤ ਲਾਜ਼ਰ ਦੀ ਮੌਤ ਹੋਣ ਤੇ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਰੋਂਦਿਆਂ ਦੇਖਿਆ, ਤਾਂ ਉਹ ਵੀ “ਰੋਇਆ” ਸੀ। (ਯੂਹੰਨਾ 11:32-35) ਬਾਈਬਲ ਵਿਚ ਮੌਤ ਨੂੰ ਵੈਰੀ ਕਿਹਾ ਗਿਆ ਹੈ ਅਤੇ ਵਾਅਦਾ ਕੀਤਾ ਗਿਆ ਹੈ ਕਿ ਜਲਦੀ ਹੀ ਬੀਮਾਰੀਆਂ ਅਤੇ ਮੌਤ ਦੋਵਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।—1 ਕੁਰਿੰਥੀਆਂ 15:26; ਪਰਕਾਸ਼ ਦੀ ਪੋਥੀ 21:3, 4.

ਹੋ ਸਕਦਾ ਹੈ ਕਿ ਆਪਣੇ ਅਜ਼ੀਜ਼ ਦੀ ਗੰਭੀਰ ਬੀਮਾਰੀ ਲਈ ਤੁਸੀਂ ਕਿਸੇ ਨੂੰ ਦੋਸ਼ ਦੇਣਾ ਚਾਹੋ। ਲੇਕਿਨ, ਮਰੀਜ਼ਾਂ ਦੀ ਦੇਖ-ਭਾਲ ਕਰਨ ਸੰਬੰਧੀ ਖੋਜ-ਪੱਤਰ ਲਿਖਣ ਵਾਲੀ ਡਾ. ਮਾਰਟਾ ਔਰਟੀਸ ਇਹ ਸਲਾਹ ਦਿੰਦੀ ਹੈ: “ਮਰੀਜ਼ ਦੀ ਹਾਲਤ ਲਈ ਡਾਕਟਰਾਂ, ਨਰਸਾਂ ਜਾਂ ਆਪਣੇ ਆਪ ਨੂੰ ਦੋਸ਼ ਨਾ ਦਿਓ। ਦੂਸਰਿਆਂ ’ਤੇ ਇਲਜ਼ਾਮ ਲਾਉਣ ਨਾਲ ਸੰਬੰਧ ਖ਼ਰਾਬ ਹੁੰਦੇ ਹਨ ਅਤੇ ਬੀਮਾਰ ਵਿਅਕਤੀ ਦੀ ਸਹੀ ਦੇਖ-ਭਾਲ ਨਹੀਂ ਹੋ ਪਾਉਂਦੀ।” ਬੀਮਾਰੀ ਨਾਲ ਲੜਨ ਅਤੇ ਮੌਤ ਦੀ ਸੰਭਾਵਨਾ ਨੂੰ ਕਬੂਲ ਕਰਨ ਵਿਚ ਤੁਸੀਂ ਮਰੀਜ਼ ਦੀ ਕਿਵੇਂ ਮਦਦ ਕਰ ਸਕਦੇ ਹੋ?

ਇਨਸਾਨ ਨੂੰ ਦੇਖੋ, ਬੀਮਾਰੀ ਨੂੰ ਨਹੀਂ

ਬੀਮਾਰੀ ਕਰਕੇ ਮਰੀਜ਼ ਵਿਚ ਸਰੀਰਕ ਤੌਰ ਤੇ ਕਾਫ਼ੀ ਬਦਲਾਅ ਆ ਸਕਦਾ ਹੈ। ਬੀਮਾਰੀ ਦੇ ਭਿਆਨਕ ਅਸਰਾਂ ਨੂੰ ਦੇਖਣ ਦੀ ਬਜਾਇ ਇਨਸਾਨ ਨੂੰ ਦੇਖੋ। ਤੁਸੀਂ ਇਹ ਕਿੱਦਾਂ ਕਰ ਸਕਦੇ ਹੋ? ਸੇਰਾਹ ਨਾਂ ਦੀ ਇਕ ਨਰਸ ਕਹਿੰਦੀ ਹੈ: “ਮੈਂ ਮਰੀਜ਼ ਦੀਆਂ ਪੁਰਾਣੀਆਂ ਤਸਵੀਰਾਂ ਦੇਖਣ ਲਈ ਸਮਾਂ ਕੱਢਦੀ ਹਾਂ ਜਦੋਂ ਉਹ ਰਿਸ਼ਟ-ਪੁਸ਼ਟ ਹੁੰਦਾ ਸੀ। ਜਦੋਂ ਮਰੀਜ਼ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦਾ ਹੈ, ਤਾਂ ਮੈਂ ਉਸ ਦੀ ਗੱਲ ਧਿਆਨ ਨਾਲ ਸੁਣਦੀ ਹਾਂ। ਇਸ ਤਰ੍ਹਾਂ ਕਰਨ ਨਾਲ ਮੈਂ ਉਸ ਦੀ ਮਾੜੀ ਹਾਲਤ ਨੂੰ ਦੇਖਣ ਦੀ ਬਜਾਇ ਉਸ ਦੀ ਬੀਤੀ ਜ਼ਿੰਦਗੀ ਅਤੇ ਮਿੱਠੀਆਂ ਯਾਦਾਂ ਨੂੰ ਚੇਤੇ ਰੱਖਦੀ ਹਾਂ।”

ਐਨ-ਕੈਥਰੀਨ ਵੀ ਇਕ ਨਰਸ ਹੈ। ਉਹ ਦੱਸਦੀ ਹੈ ਕਿ ਉਹ ਗੰਭੀਰ ਰੂਪ ਵਿਚ ਬੀਮਾਰ ਲੋਕਾਂ ਨਾਲ ਕਿਵੇਂ ਪੇਸ਼ ਆਉਂਦੀ ਹੈ। ਉਹ ਕਹਿੰਦੀ ਹੈ: “ਮੈਂ ਮਰੀਜ਼ ਨਾਲ ਨਜ਼ਰ ਮਿਲਾ ਕੇ ਗੱਲ ਕਰਦੀ ਹਾਂ ਅਤੇ ਉਸ ਨੂੰ ਹਰ ਤਰ੍ਹਾਂ ਆਰਾਮ ਦੇਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ।” ਇਕ ਕਿਤਾਬ ਕਹਿੰਦੀ ਹੈ: “ਜਦੋਂ ਭਿਆਨਕ ਬੀਮਾਰੀ ਜਾਂ ਹਾਦਸੇ ਕਰਕੇ ਵਿਅਕਤੀ ਅਪਾਹਜ ਹੋ ਜਾਂਦਾ ਹੈ ਜਾਂ ਉਸ ਦੀ ਸ਼ਕਲ-ਸੂਰਤ ਬੁਰੀ ਤਰ੍ਹਾਂ ਵਿਗੜ ਜਾਂਦੀ ਹੈ, ਤਾਂ ਆਮ ਤੌਰ ਤੇ ਲੋਕ ਮਰੀਜ਼ ਵੱਲ ਦੇਖਣ ਤੋਂ ਝਿਜਕਦੇ ਹਨ। ਪਰ ਇਹ ਗ਼ਲਤੀ ਕਰਨ ਦੀ ਬਜਾਇ ਮਰੀਜ਼ ਦੀਆਂ ਭੂਰੀਆਂ, ਹਰੀਆਂ ਜਾਂ ਨੀਲੀਆਂ ਅੱਖਾਂ ਵਿਚ ਦੇਖੋ ਜੋ ਬਿਲਕੁਲ ਨਹੀਂ ਬਦਲਦੀਆਂ।”—ਮਰੀਜ਼ ਦੀਆਂ ਲੋੜਾਂ—ਅੰਤਿਮ ਘੜੀਆਂ ਵਿਚ ਉਸ ਨੂੰ ਉਮੀਦ, ਹੌਸਲਾ ਅਤੇ ਪਿਆਰ ਦਿਓ (ਅੰਗ੍ਰੇਜ਼ੀ)।

ਇੱਦਾਂ ਕਰਨ ਲਈ ਹਿੰਮਤ ਅਤੇ ਦ੍ਰਿੜ੍ਹ ਇਰਾਦੇ ਦੀ ਲੋੜ ਹੈ। ਮਸੀਹੀ ਕਲੀਸਿਯਾ ਦਾ ਇਕ ਨਿਗਾਹਬਾਨ ਜੌਰਜ ਅਕਸਰ ਬੀਮਾਰਾਂ ਨੂੰ ਮਿਲਣ ਜਾਂਦਾ ਹੈ। ਉਹ ਕਹਿੰਦਾ ਹੈ: “ਸਾਡਾ ਪਿਆਰ ਮਰੀਜ਼ ਦੀ ਬੀਮਾਰੀ ਨਾਲੋਂ ਜ਼ਿਆਦਾ ਬਲਵਾਨ ਹੋਣਾ ਚਾਹੀਦਾ ਹੈ।” ਬੀਮਾਰੀ ਦੀ ਬਜਾਇ ਵਿਅਕਤੀ ਉੱਤੇ ਧਿਆਨ ਲਾਉਣ ਨਾਲ ਸਾਡਾ ਅਤੇ ਮਰੀਜ਼ ਦੋਨਾਂ ਦਾ ਫ਼ਾਇਦਾ ਹੋਵੇਗਾ। ਕੈਂਸਰ ਤੋਂ ਪੀੜਿਤ ਬੱਚਿਆਂ ਦੀ ਦੇਖ-ਭਾਲ ਕਰਨ ਵਾਲੀ ਇਕ ਤੀਵੀਂ ਈਵੌਨ ਕਹਿੰਦੀ ਹੈ: “ਅਸੀਂ ਮਰੀਜ਼ਾਂ ਦੇ ਆਤਮ-ਸਨਮਾਨ ਬਣਾਈ ਰੱਖਣ ਲਈ ਕਾਫ਼ੀ ਕੁਝ ਕਰ ਸਕਦੇ ਹਾਂ। ਇਸ ਗੱਲ ਨੂੰ ਚੇਤੇ ਰੱਖਣ ਨਾਲ ਅਸੀਂ ਉਨ੍ਹਾਂ ਪ੍ਰਤੀ ਹਮੇਸ਼ਾ ਪਿਆਰ ਤੇ ਆਦਰ ਨਾਲ ਪੇਸ਼ ਆਵਾਂਗੇ।”

ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ

ਕੁਝ ਲੋਕ ਮਰੀਜ਼ ਨੂੰ ਬਹੁਤ ਪਿਆਰ ਕਰਦੇ ਹੋਏ ਵੀ ਉਸ ਨੂੰ ਮਿਲਣ ਜਾਂ ਗੱਲ ਕਰਨ ਤੋਂ ਹਿਚਕਿਚਾਉਂਦੇ ਹਨ। ਕਿਉਂ? ਕਿਉਂਕਿ ਉਹ ਇਸ ਉਲਝਣ ਵਿਚ ਹੁੰਦੇ ਹਨ ਕਿ ਉਹ ਮਰੀਜ਼ ਨੂੰ ਕੀ ਕਹਿਣ। ਪਰੰਤੂ ਐਨ-ਕੈਥਰੀਨ (ਜਿਸ ਨੇ ਹਾਲ ਹੀ ਵਿਚ ਆਪਣੀ ਬਹੁਤ ਬੀਮਾਰ ਸਹੇਲੀ ਦੀ ਦੇਖ-ਭਾਲ ਕੀਤੀ ਸੀ) ਕਹਿੰਦੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਗੱਲ ਕਰਨੀ ਹੀ ਹੈ। “ਅਸੀਂ ਸਿਰਫ਼ ਗੱਲਾਂ ਰਾਹੀਂ ਹੀ ਨਹੀਂ, ਸਗੋਂ ਆਪਣੇ ਹਾਵਾਂ-ਭਾਵਾਂ ਤੋਂ ਵੀ ਮਰੀਜ਼ ਨੂੰ ਦਿਲਾਸਾ ਦੇ ਸਕਦੇ ਹਾਂ। ਮਰੀਜ਼ ਦੇ ਨੇੜੇ ਬੈਠੋ ਅਤੇ ਉਸ ਦਾ ਹੱਥ ਫੜੋ। ਜਦੋਂ ਉਹ ਆਪਣਾ ਦੁੱਖ ਸਾਂਝਾ ਕਰਦਾ ਹੈ, ਤਾਂ ਆਪਣੇ ਹੰਝੂ ਰੋਕਣ ਦੀ ਕੋਸ਼ਿਸ਼ ਨਾ ਕਰੋ। ਇਹ ਸਭ ਚੀਜ਼ਾਂ ਤੁਹਾਡੇ ਪਿਆਰ ਦਾ ਸਬੂਤ ਹੁੰਦੀਆਂ ਹਨ।”

ਮਰੀਜ਼ ਸ਼ਾਇਦ ਆਪਣੀ ਗੰਭੀਰ ਹਾਲਤ ਬਾਰੇ ਗੱਲ ਕਰ ਕੇ ਮਨ ਹੌਲਾ ਕਰਨਾ ਚਾਹੇ। ਪਰ ਅਕਸਰ ਉਹ ਆਪਣੇ ਘਰਦਿਆਂ ਦੀ ਪਰੇਸ਼ਾਨੀ ਅਤੇ ਝਿਜਕ ਦੇਖ ਕੇ ਚੁੱਪ ਕਰ ਜਾਂਦਾ ਹੈ। ਦੂਜੇ ਪਾਸੇ, ਦੋਸਤ ਅਤੇ ਸਕੇ-ਸੰਬੰਧੀ ਵੀ ਉਸ ਦੀ ਬੀਮਾਰੀ ਦੇ ਵਿਸ਼ੇ ਨੂੰ ਛੇੜਨ ਤੋਂ ਡਰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਮਰੀਜ਼ ਪਰੇਸ਼ਾਨ ਹੋ ਜਾਵੇਗਾ। ਕਈ ਤਾਂ ਮਰੀਜ਼ ਨੂੰ ਉਸ ਦੀ ਗੰਭੀਰ ਬੀਮਾਰੀ ਬਾਰੇ ਕੁਝ ਨਹੀਂ ਦੱਸਦੇ। ਇਸ ਦਾ ਕੀ ਨਤੀਜਾ ਨਿਕਲਦਾ ਹੈ? ਘਾਤਕ ਬੀਮਾਰੀਆਂ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਇਕ ਡਾਕਟਰ ਦਾ ਕਹਿਣਾ ਹੈ ਕਿ ਜਦੋਂ ਰਿਸ਼ਤੇਦਾਰ ਮਰੀਜ਼ ਨੂੰ ਸੱਚਾਈ ਨਹੀਂ ਦੱਸਦੇ ਹਨ, ਤਾਂ ਉਹ “ਬੀਮਾਰੀ ਦਾ ਹਿੰਮਤ ਨਾਲ ਸਾਮ੍ਹਣਾ ਕਰਨ ਵਿਚ ਮਰੀਜ਼ ਦੀ ਮਦਦ ਨਹੀਂ ਕਰ ਪਾਉਂਦੇ ਹਨ।” ਸੋ ਜੇਕਰ ਮਰੀਜ਼ ਆਪਣੀ ਬੀਮਾਰੀ ਅਤੇ ਮੌਤ ਬਾਰੇ ਗੱਲ ਕਰਨੀ ਚਾਹੁੰਦਾ ਹੈ, ਤਾਂ ਉਸ ਨੂੰ ਨਾ ਰੋਕੋ।

ਪੁਰਾਣੇ ਜ਼ਮਾਨਿਆਂ ਵਿਚ ਪਰਮੇਸ਼ੁਰ ਦੇ ਭਗਤਾਂ ਨੇ ਖੁੱਲ੍ਹ ਕੇ ਪਰਮੇਸ਼ੁਰ ਅੱਗੇ ਆਪਣੀਆਂ ਚਿੰਤਾਵਾਂ ਤੇ ਡਰ ਜ਼ਾਹਰ ਕੀਤੇ ਸਨ। ਮਿਸਾਲ ਲਈ, ਜਦੋਂ 39 ਸਾਲਾਂ ਦੇ ਪਾਤਸ਼ਾਹ ਹਿਜ਼ਕੀਯਾਹ ਨੂੰ ਪਤਾ ਲੱਗਾ ਕਿ ਉਹ ਮਰਨ ਵਾਲਾ ਸੀ, ਤਾਂ ਉਸ ਨੇ ਪਰਮੇਸ਼ੁਰ ਨੂੰ ਦੁਹਾਈ ਦਿੱਤੀ। (ਯਸਾਯਾਹ 38:9-12, 18-20) ਇਸੇ ਤਰ੍ਹਾਂ, ਬਹੁਤ ਹੀ ਬੀਮਾਰ ਲੋਕਾਂ ਨੂੰ ਆਪਣਾ ਦਰਦ ਦੱਸਣ ਤੋਂ ਨਾ ਰੋਕੋ। ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੋ ਸਕਦਾ ਹੈ ਕਿ ਅਣਿਆਈ ਮੌਤ ਹੋਣ ਕਰਕੇ ਉਨ੍ਹਾਂ ਦੇ ਸੁਪਨੇ ਅਧੂਰੇ ਰਹਿ ਜਾਣਗੇ। ਹੋ ਸਕਦਾ ਹੈ ਕਿ ਉਨ੍ਹਾਂ ਨੇ ਦੁਨੀਆਂ ਦੀ ਸੈਰ ਕਰਨ, ਆਪਣਾ ਘਰ ਵਸਾਉਣ, ਪੋਤੇ-ਪੋਤੀਆਂ ਨਾਲ ਖੇਡਣ ਜਾਂ ਪਰਮੇਸ਼ੁਰ ਦੀ ਸੇਵਾ ਵਿਚ ਜ਼ਿੰਦਗੀ ਲਗਾਉਣ ਦਾ ਸੁਪਨਾ ਦੇਖਿਆ ਹੋਵੇ। ਪਰ ਹੁਣ ਉਨ੍ਹਾਂ ਦੇ ਸਾਰੇ ਸੁਪਨੇ ਚਕਨਾਚੂਰ ਹੋ ਗਏ ਹਨ। ਘਰ ਦੇ ਜੀਆਂ ਅਤੇ ਦੋਸਤਾਂ-ਮਿੱਤਰਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਮਰੀਜ਼ ਨਾਲ ਕੀ ਗੱਲ ਕਰਨ। ਇਸ ਲਈ ਮਰੀਜ਼ ਨੂੰ ਡਰ ਹੁੰਦਾ ਹੈ ਕਿ ਉਹ ਸਾਰੇ ਉਸ ਤੋਂ ਦੂਰ ਹੋ ਜਾਣਗੇ। (ਅੱਯੂਬ 19:16-18) ਇਸ ਤੋਂ ਇਲਾਵਾ, ਹੋ ਸਕਦਾ ਹੈ ਕਿ ਮਰੀਜ਼ ਨੂੰ ਇਹ ਵੀ ਚਿੰਤਾ ਖਾਈ ਜਾਂਦੀ ਹੈ ਕਿ ਬੀਮਾਰੀ ਦੇ ਅੰਤਲੇ ਪੜਾਅ ਵਿਚ ਉਸ ਨੂੰ ਕਿੰਨੀ ਕੁ ਪੀੜ ਸਹਿਣੀ ਪਵੇਗੀ, ਉਸ ਦਾ ਆਪਣੇ ਅੰਗਾਂ ਉੱਤੇ ਕੰਟ੍ਰੋਲ ਨਹੀਂ ਰਹੇਗਾ ਜਾਂ ਉਹ ਘਰਦਿਆਂ ਤੋਂ ਦੂਰ ਇਕੱਲਾ ਹੀ ਦਮ ਤੋੜ ਦੇਵੇਗਾ।

ਐਨ-ਕੈਥਰੀਨ ਕਹਿੰਦੀ ਹੈ: “ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਮਰੀਜ਼ ਨੂੰ ਗੱਲ ਕਰਨ ਦਿਓ। ਉਸ ਦੀ ਗੱਲ ਨੂੰ ਨਾ ਟੋਕੋ, ਨਾ ਹੀ ਉਸ ਨੂੰ ਝੂਠੇ ਦਿਲਾਸੇ ਦਿਓ। ਉਸ ਦੀ ਗੱਲ ਸੁਣਨ ਨਾਲ ਹੀ ਤੁਹਾਨੂੰ ਉਸ ਦੀਆਂ ਇੱਛਾਵਾਂ, ਡਰ ਅਤੇ ਆਸਾਂ ਬਾਰੇ ਪਤਾ ਲੱਗੇਗਾ। ਤੁਸੀਂ ਜਾਣ ਸਕੋਗੇ ਕਿ ਉਸ ਦੇ ਦਿਲ ’ਤੇ ਕੀ ਬੀਤ ਰਹੀ ਹੈ।”

ਮਰੀਜ਼ ਦੀਆਂ ਲੋੜਾਂ ਨੂੰ ਸਮਝੋ

ਗੰਭੀਰ ਬੀਮਾਰੀਆਂ ਦੇ ਇਲਾਜ ਵਿਚ ਵਰਤੀਆਂ ਜਾਂਦੀਆਂ ਦਵਾਈਆਂ ਦੇ ਕਈ ਬੁਰੇ ਅਸਰ ਹੋ ਸਕਦੇ ਹਨ। ਇਲਾਜ ਮਗਰੋਂ ਮਰੀਜ਼ ਦੀ ਦੁਰਦਸ਼ਾ ਦੇਖ ਕੇ ਤੁਸੀਂ ਸ਼ਾਇਦ ਇੰਨੇ ਪਰੇਸ਼ਾਨ ਹੋ ਜਾਓ ਕਿ ਤੁਸੀਂ ਉਸ ਦੀ ਇਕ ਬੁਨਿਆਦੀ ਲੋੜ ਹੀ ਭੁੱਲ ਜਾਓ। ਇਹ ਹੈ ਮਰੀਜ਼ ਦੁਆਰਾ ਆਪਣੇ ਇਲਾਜ ਸੰਬੰਧੀ ਆਪਣੇ ਫ਼ੈਸਲੇ ਆਪ ਕਰਨ ਦੀ ਲੋੜ।

ਕਈ ਸਭਿਆਚਾਰਾਂ ਵਿਚ ਮਰੀਜ਼ ਦਾ ਪਰਿਵਾਰ ਉਸ ਨੂੰ ਨਹੀਂ ਦੱਸਦਾ ਕਿ ਉਸ ਨੂੰ ਕੀ ਬੀਮਾਰੀ ਹੈ। ਕਈ ਤਾਂ ਮਰੀਜ਼ ਨੂੰ ਪੁੱਛੇ ਬਗੈਰ ਹੀ ਉਸ ਦੇ ਇਲਾਜ ਬਾਰੇ ਫ਼ੈਸਲੇ ਕਰ ਲੈਂਦੇ ਹਨ। ਕਈ ਸਭਿਆਚਾਰਾਂ ਵਿਚ ਇਕ ਵੱਖਰੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਮਿਸਾਲ ਲਈ, ਜੈਰੀ ਜੋ ਇਕ ਪੁਰਸ਼ ਨਰਸ ਦੇ ਤੌਰ ਤੇ ਕੰਮ ਕਰਦਾ ਹੈ, ਕਹਿੰਦਾ ਹੈ: “ਕਈ ਲੋਕ ਮਰੀਜ਼ ਦੇ ਸਾਮ੍ਹਣੇ ਹੀ ਉਸ ਬਾਰੇ ਇੱਦਾਂ ਗੱਲ ਕਰਦੇ ਹਨ ਜਿਵੇਂ ਕਿ ਉਹ ਉੱਥੇ ਮੌਜੂਦ ਹੀ ਨਹੀਂ ਹੈ।” ਇੱਦਾਂ ਕਰਨ ਨਾਲ ਮਰੀਜ਼ ਦੇ ਆਤਮ-ਸਨਮਾਨ ਨੂੰ ਗਹਿਰੀ ਸੱਟ ਵੱਜਦੀ ਹੈ।

ਮਰੀਜ਼ ਦੀ ਇਕ ਹੋਰ ਲੋੜ ਹੈ ਠੀਕ ਹੋਣ ਦੀ ਉਮੀਦ। ਕਈ ਅਮੀਰ ਦੇਸ਼ਾਂ ਵਿਚ ਵੱਡੇ ਹਸਪਤਾਲਾਂ ਵਿਚ ਡਾਕਟਰ ਮਰੀਜ਼ ਦਾ ਇਲਾਜ ਕਰਨ ਦੇ ਨਾਲ-ਨਾਲ ਉਸ ਦੀ ਠੀਕ ਹੋਣ ਦੀ ਉਮੀਦ ਨੂੰ ਜਗਾਈ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਮੀਸ਼ੈਲ ਦੀ ਮਾਂ ਤਿੰਨ ਵਾਰ ਕੈਂਸਰ ਦਾ ਇਲਾਜ ਕਰਾ ਚੁੱਕੀ ਹੈ। ਮੀਸ਼ੈਲ ਕਹਿੰਦੀ ਹੈ: “ਜੇ ਮੰਮੀ ਕੋਈ ਨਵਾਂ ਇਲਾਜ ਅਜ਼ਮਾਉਣ ਦੀ ਇੱਛਾ ਜ਼ਾਹਰ ਕਰਦੀ ਹੈ ਜਾਂ ਕਿਸੇ ਹੋਰ ਡਾਕਟਰ ਦੀ ਸਲਾਹ ਲੈਣੀ ਚਾਹੁੰਦੀ ਹੈ, ਤਾਂ ਮੈਂ ਜ਼ਰੂਰੀ ਜਾਣਕਾਰੀ ਹਾਸਲ ਕਰਨ ਵਿਚ ਉਸ ਦੀ ਮਦਦ ਕਰਦੀ ਹਾਂ। ਭਾਵੇਂ ਮੈਨੂੰ ਅਹਿਸਾਸ ਹੈ ਕਿ ਮੰਮੀ ਦੀ ਬੀਮਾਰੀ ਦਾ ਸ਼ਾਇਦ ਕੋਈ ਇਲਾਜ ਨਹੀਂ, ਪਰ ਮੈਂ ਉਸ ਨੂੰ ਇਹ ਦੱਸ ਕੇ ਨਿਰਾਸ਼ ਨਹੀਂ ਕਰਨਾ ਚਾਹੁੰਦੀ।”

ਉਦੋਂ ਕੀ ਕੀਤਾ ਜਾ ਸਕਦਾ ਹੈ ਜਦੋਂ ਮਰੀਜ਼ ਦੇ ਠੀਕ ਹੋਣ ਦੀ ਕੋਈ ਉਮੀਦ ਨਹੀਂ ਹੁੰਦੀ? ਯਾਦ ਰੱਖੋ ਕਿ ਮਰੀਜ਼ ਨੂੰ ਆਪਣੀ ਮੌਤ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਲੋੜ ਹੈ। ਪਹਿਲਾਂ ਜ਼ਿਕਰ ਕੀਤੇ ਗਏ ਮਸੀਹੀ ਕਲੀਸਿਯਾ ਦੇ ਨਿਗਾਹਬਾਨ ਜੌਰਜ ਕਹਿੰਦਾ ਹੈ: “ਮਰੀਜ਼ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਉਸ ਕੋਲ ਜ਼ਿਆਦਾ ਦਿਨ ਨਹੀਂ ਬਚੇ ਹਨ, ਤਾਂਕਿ ਉਹ ਮਰਨ ਤੋਂ ਪਹਿਲਾਂ ਜ਼ਰੂਰੀ ਕੰਮ ਅਤੇ ਇੰਤਜ਼ਾਮ ਕਰ ਸਕੇ।” ਇਸ ਤਰ੍ਹਾਂ ਕਰਨ ਨਾਲ ਮਰੀਜ਼ ਨੂੰ ਇਸ ਗੱਲ ਦੀ ਸੰਤੁਸ਼ਟੀ ਹੋਵੇਗੀ ਕਿ ਉਸ ਨੇ ਸਭ ਕੰਮ ਕਰ ਲਏ ਹਨ ਅਤੇ ਉਹ ਦੂਸਰਿਆਂ ਉੱਤੇ ਬੋਝ ਨਹੀਂ ਹੈ।

ਇਹ ਸੱਚ ਹੈ ਕਿ ਮਰੀਜ਼ ਨਾਲ ਇਨ੍ਹਾਂ ਵਿਸ਼ਿਆਂ ’ਤੇ ਗੱਲ ਕਰਨੀ ਮੁਸ਼ਕਲ ਹੈ। ਪਰ ਖੁੱਲ੍ਹ ਕੇ ਗੱਲ ਕਰਨ ਨਾਲ ਮਰੀਜ਼ ਨੂੰ ਪਤਾ ਲੱਗੇਗਾ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ। ਉਹ ਸ਼ਾਇਦ ਪੁਰਾਣੇ ਝਗੜਿਆਂ ਨੂੰ ਖ਼ਤਮ ਕਰਨਾ ਚਾਹੇਗਾ ਜਾਂ ਅਫ਼ਸੋਸ ਜ਼ਾਹਰ ਕਰਨਾ ਚਾਹੇਗਾ ਜਾਂ ਮਾਫ਼ੀ ਮੰਗਣੀ ਚਾਹੇਗਾ। ਗਿਲੇ-ਸ਼ਿਕਵੇ ਦੂਰ ਹੋਣ ਨਾਲ ਮਰੀਜ਼ ਨਾਲ ਤੁਹਾਡੇ ਸੰਬੰਧ ਸੁਧਰ ਜਾਣਗੇ।

ਅੰਤਿਮ ਘੜੀਆਂ ਵਿਚ ਹੌਸਲਾ ਦੇਣਾ

ਮਰ ਰਹੇ ਇਨਸਾਨ ਨੂੰ ਤੁਸੀਂ ਕਿਵੇਂ ਦਿਲਾਸਾ ਦੇ ਸਕਦੇ ਹੋ? ਪਹਿਲਾਂ ਜ਼ਿਕਰ ਕੀਤੇ ਗਏ ਡਾ. ਔਰਟੀਸ ਦਾ ਕਹਿਣਾ ਹੈ: “ਮਰੀਜ਼ ਨੂੰ ਆਪਣੀ ਆਖ਼ਰੀ ਇੱਛਾ ਦੱਸਣ ਦਿਓ। ਧਿਆਨ ਨਾਲ ਉਸ ਦੀ ਸੁਣੋ। ਫਿਰ ਜੇਕਰ ਸੰਭਵ ਹੋਵੇ, ਤਾਂ ਉਸ ਦੀ ਇੱਛਾ ਪੂਰੀ ਕਰੋ। ਜੇ ਇੱਦਾਂ ਕਰਨਾ ਮੁਮਕਿਨ ਨਹੀਂ ਹੈ, ਤਾਂ ਉਸ ਨੂੰ ਸਾਫ਼-ਸਾਫ਼ ਦੱਸ ਦਿਓ।”

ਮਰੀਜ਼ ਸ਼ਾਇਦ ਮਰਨ ਤੋਂ ਪਹਿਲਾਂ ਆਪਣੇ ਸਕੇ-ਸੰਬੰਧੀਆਂ ਨਾਲ ਸੰਪਰਕ ਕਰਨਾ ਚਾਹੇ। ਜੌਰਜ ਕਹਿੰਦਾ ਹੈ: “ਭਾਵੇਂ ਮਰੀਜ਼ ਬੇਹੱਦ ਕਮਜ਼ੋਰ ਹੋਣ ਕਰਕੇ ਜ਼ਿਆਦਾ ਗੱਲਬਾਤ ਨਹੀਂ ਕਰ ਸਕਦਾ ਹੈ, ਫਿਰ ਵੀ ਸਕੇ-ਸੰਬੰਧੀਆਂ ਤੇ ਦੋਸਤਾਂ-ਮਿੱਤਰਾਂ ਨਾਲ ਸੰਪਰਕ ਕਰਨ ਵਿਚ ਉਸ ਦੀ ਮਦਦ ਕਰੋ।” ਹੋ ਸਕਦਾ ਹੈ ਕਿ ਰਿਸ਼ਤੇਦਾਰ ਸਿਰਫ਼ ਟੈਲੀਫ਼ੋਨ ’ਤੇ ਹੀ ਗੱਲ ਕਰ ਸਕਣ। ਤਾਂ ਵੀ ਇਸ ਗੱਲਬਾਤ ਨਾਲ ਦੋਨਾਂ ਨੂੰ ਹੌਸਲਾ ਮਿਲੇਗਾ। ਰਿਸ਼ਤੇਦਾਰ ਫ਼ੋਨ ’ਤੇ ਪ੍ਰਾਰਥਨਾ ਵੀ ਕਰ ਸਕਦੇ ਹਨ ਜਿਸ ਨਾਲ ਮਰੀਜ਼ ਨੂੰ ਕਾਫ਼ੀ ਦਿਲਾਸਾ ਮਿਲੇਗਾ। ਕਨੇਡਾ ਦੀ ਇਕ ਤੀਵੀਂ ਕ੍ਰਿਸਟੀਨਾ ਦੇ ਇਕ ਤੋਂ ਬਾਅਦ ਇਕ ਤਿੰਨ ਅਜ਼ੀਜ਼ਾਂ ਦੀਆਂ ਮੌਤਾਂ ਹੋਈਆਂ ਹਨ। ਉਹ ਚੇਤੇ ਕਰਦੀ ਹੈ: “ਜ਼ਿੰਦਗੀ ਦੀਆਂ ਅੰਤਲੀਆਂ ਘੜੀਆਂ ਵਿਚ ਮਸੀਹੀ ਕਲੀਸਿਯਾ ਦੇ ਭੈਣ-ਭਰਾਵਾਂ ਦੀਆਂ ਪ੍ਰਾਰਥਨਾਵਾਂ ਤੋਂ ਬਿਨਾਂ ਆਪਣੀ ਬੀਮਾਰੀ ਨਾਲ ਜੂਝਣਾ ਉਨ੍ਹਾਂ ਲਈ ਬਹੁਤ ਹੀ ਔਖਾ ਹੁੰਦਾ।”

ਕੀ ਮਰੀਜ਼ ਦੇ ਅੱਗੇ ਰੋਣਾ ਠੀਕ ਹੋਵੇਗਾ? ਰੋਣ ਵਿਚ ਕੋਈ ਬੁਰਾਈ ਨਹੀਂ ਹੈ, ਸਗੋਂ ਤੁਹਾਡੇ ਰੋਣ ਨਾਲ ਮਰੀਜ਼ ਨੂੰ ਤੁਹਾਨੂੰ ਦਿਲਾਸਾ ਦੇਣ ਦਾ ਮੌਕਾ ਮਿਲੇਗਾ। ਕਿਤਾਬ ਮਰਨ ਵਾਲਿਆਂ ਦੀਆਂ ਲੋੜਾਂ (ਅੰਗ੍ਰੇਜ਼ੀ) ਵਿਚ ਲਿਖਿਆ ਹੈ: “ਮਰਨ ਵਾਲੇ ਦੇ ਮੂੰਹੋਂ ਦਿਲਾਸੇ ਭਰੇ ਲਫ਼ਜ਼ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ। ਇਸ ਨਾਲ ਮਰੀਜ਼ ਨੂੰ ਵੀ ਗਹਿਰੀ ਸੰਤੁਸ਼ਟੀ ਮਿਲਦੀ ਹੈ।” ਹੁਣ ਤਕ ਦੂਸਰੇ ਉਸ ਨੂੰ ਹੌਸਲਾ ਦੇ ਰਹੇ ਸਨ, ਪਰ ਹੁਣ ਬੀਮਾਰ ਆਪ ਦੂਸਰਿਆਂ ਨੂੰ ਦਿਲਾਸਾ ਦੇ ਕੇ ਮਹਿਸੂਸ ਕਰਦਾ ਹੈ ਕਿ ਉਹ ਦੋਸਤ, ਪਿਤਾ ਜਾਂ ਮਾਂ ਦੇ ਤੌਰ ਤੇ ਆਪਣਾ ਫ਼ਰਜ਼ ਨਿਭਾ ਰਿਹਾ ਹੈ।

ਕਈ ਵਾਰ ਹਾਲਾਤ ਇੱਦਾਂ ਦੇ ਹੁੰਦੇ ਹਨ ਕਿ ਸਕੇ-ਸੰਬੰਧੀ ਜਾਂ ਦੋਸਤ ਆਪਣੇ ਅਜ਼ੀਜ਼ ਨੂੰ ਨਹੀਂ ਮਿਲ ਪਾਉਂਦੇ। ਪਰ ਜੇਕਰ ਤੁਹਾਡੇ ਹਾਲਾਤ ਇਜਾਜ਼ਤ ਦੇਣ, ਤਾਂ ਹਸਪਤਾਲ ਜਾਂ ਘਰ ਵਿਚ ਮਰੀਜ਼ ਕੋਲ ਜ਼ਰੂਰ ਜਾਓ। ਉਸ ਦੀਆਂ ਅੰਤਿਮ ਘੜੀਆਂ ਦੌਰਾਨ ਉਸ ਦਾ ਹੱਥ ਫੜੋ ਅਤੇ ਦੱਸੋ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ। ਹੋ ਸਕਦਾ ਕਿ ਤੁਹਾਨੂੰ ਪਹਿਲਾਂ ਕਦੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦਾ ਮੌਕਾ ਨਾ ਮਿਲਿਆ ਹੋਵੇ। ਭਾਵੇਂ ਤੁਹਾਡਾ ਅਜ਼ੀਜ਼ ਇੰਨਾ ਕਮਜ਼ੋਰ ਹੈ ਕਿ ਉਹ ਕੋਈ ਜਵਾਬ ਨਾ ਦੇ ਸਕੇ, ਫਿਰ ਵੀ ਉਸ ਨੂੰ ਇਹ ਕਹਿ ਕੇ ਵਿਦਾ ਕਰੋ ਕਿ ਤੁਸੀਂ ਉਸ ਨੂੰ ਬਹੁਤ ਪਿਆਰ ਕਰਦੇ ਹੋ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਉਸ ਨੂੰ ਦੁਬਾਰਾ ਮਿਲਣ ਦੀ ਉਮੀਦ ਰੱਖਦੇ ਹੋ।—ਅੱਯੂਬ 14:14, 15; ਰਸੂਲਾਂ ਦੇ ਕਰਤੱਬ 24:15.

ਜੇ ਤੁਸੀਂ ਮਰੀਜ਼ ਦੀਆਂ ਆਖ਼ਰੀ ਘੜੀਆਂ ਦੌਰਾਨ ਉਸ ਨਾਲ ਹੋਵੋਗੇ, ਤਾਂ ਬਾਅਦ ਵਿਚ ਤੁਹਾਨੂੰ ਪਛਤਾਵਾ ਨਹੀਂ ਹੋਵੇਗਾ। ਦਰਅਸਲ ਇਨ੍ਹਾਂ ਆਖ਼ਰੀ ਪਲਾਂ ਦੀਆਂ ਯਾਦਾਂ ਬਾਅਦ ਵਿਚ ਤੁਹਾਨੂੰ ਦਿਲਾਸਾ ਦੇ ਸਕਦੀਆਂ ਹਨ। ਤੁਹਾਨੂੰ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ਤੁਸੀਂ ਆਪਣੇ ਆਪ ਨੂੰ ਅਜਿਹਾ ਮਿੱਤਰ ਸਾਬਤ ਕੀਤਾ ਹੈ ਜੋ “ਬਿਪਤਾ ਦੇ ਦਿਨ ਲਈ ਜੰਮਿਆ ਹੈ।”—ਕਹਾਉਤਾਂ 17:17. (w08 5/1)

[ਸਫ਼ਾ 28 ਉੱਤੇ ਸੁਰਖੀ]

ਬੀਮਾਰੀ ਦੀ ਬਜਾਇ ਵਿਅਕਤੀ ਵੱਲ ਜ਼ਿਆਦਾ ਧਿਆਨ ਦੇਣ ਨਾਲ ਤੁਹਾਨੂੰ ਅਤੇ ਤੁਹਾਡੇ ਅਜ਼ੀਜ਼ ਦੋਨਾਂ ਨੂੰ ਲਾਭ ਹੋਵੇਗਾ

[ਸਫ਼ਾ 29 ਉੱਤੇ ਡੱਬੀ/ਤਸਵੀਰ]

ਮਰੀਜ਼ ਦਾ ਆਤਮ-ਸਨਮਾਨ ਬਣਾਈ ਰੱਖੋ

ਕਈ ਦੇਸ਼ਾਂ ਵਿਚ ਡਾਕਟਰ ਮਰੀਜ਼ ਦੀ ਅੰਤਿਮ ਇੱਛਾ ਦਾ ਪੂਰਾ ਆਦਰ ਕਰਦੇ ਹਨ। ਜਿਹੜੇ ਮਰੀਜ਼ ਆਪਣੇ ਘਰ ਵਿਚ ਜਾਂ ਹਸਪਤਾਲ ਵਿਚ ਸ਼ਾਂਤੀ ਅਤੇ ਇੱਜ਼ਤ ਨਾਲ ਮਰਨ ਦੀ ਇੱਛਾ ਰੱਖਦੇ ਹਨ, ਉਹ ਅਕਸਰ ਇਸ ਸੰਬੰਧੀ ਪਹਿਲਾਂ ਹੀ ਹਿਦਾਇਤਾਂ ਲਿਖ ਕੇ ਰੱਖ ਲੈਂਦੇ ਹਨ।

ਹਿਦਾਇਤਾਂ ਲਿਖਣ ਦੇ ਕੁਝ ਫ਼ਾਇਦੇ:

• ਡਾਕਟਰਾਂ ਅਤੇ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਹੈ ਕਿ ਮਰੀਜ਼ ਦੀ ਕੀ ਇੱਛਾ ਹੈ

• ਘਰਦਿਆਂ ਨੂੰ ਗੰਭੀਰ ਫ਼ੈਸਲੇ ਕਰਨ ਦਾ ਬੋਝ ਨਹੀਂ ਚੁੱਕਣਾ ਪੈਂਦਾ

• ਮਰੀਜ਼ ਬੇਕਾਰ ਦੇ ਮਹਿੰਗੇ ਇਲਾਜ ਕਰਾਉਣ ਅਤੇ ਇਸ ਦੇ ਦੁਖਦਾਈ ਅਸਰ ਸਹਿਣ ਤੋਂ ਬਚਿਆ ਰਹਿੰਦਾ ਹੈ

ਹਿਦਾਇਤਾਂ ਵਿਚ ਸ਼ਾਮਲ ਜ਼ਰੂਰੀ ਜਾਣਕਾਰੀ:

• ਉਸ ਵਿਅਕਤੀ ਦਾ ਨਾਂ ਜੋ ਤੁਹਾਡੇ ਇਲਾਜ ਸੰਬੰਧੀ ਫ਼ੈਸਲੇ ਕਰੇਗਾ

• ਜੇ ਠੀਕ ਹੋਣ ਦੀ ਕੋਈ ਉਮੀਦ ਨਾ ਹੋਵੇ, ਤਾਂ ਤੁਸੀਂ ਕਿਹੜਾ ਇਲਾਜ ਸਵੀਕਾਰ ਕਰੋਗੇ ਤੇ ਕਿਹੜਾ ਨਹੀਂ

• ਉਸ ਡਾਕਟਰ ਦਾ ਨਾਂ (ਜੇਕਰ ਸੰਭਵ ਹੋਵੇ) ਜੋ ਤੁਹਾਡੇ ਫ਼ੈਸਲਿਆਂ ਤੋਂ ਵਾਕਫ਼ ਹੈ