Skip to content

Skip to table of contents

“ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ” ਰਸੂਲਾਂ ਦੇ

“ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ” ਰਸੂਲਾਂ ਦੇ

ਪਰਮੇਸ਼ੁਰ ਨੂੰ ਜਾਣੋ

“ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ” ਰਸੂਲਾਂ ਦੇ

ਰਸੂਲਾਂ ਦੇ ਕਰਤੱਬ 17:24-27

ਇਸ ਵਿਸ਼ਾਲ ਬ੍ਰਹਿਮੰਡ ਦੀ ਤੁਲਨਾ ਵਿਚ ਇਨਸਾਨ ਕੁਝ ਵੀ ਨਹੀਂ ਹੈ। ਤੁਸੀਂ ਸ਼ਾਇਦ ਸੋਚਿਆ ਹੋਵੇ ਕਿ ‘ਕੀ ਇਨਸਾਨਾਂ ਲਈ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਰਿਸ਼ਤਾ ਜੋੜਨਾ ਮੁਮਕਿਨ ਹੈ?’ ਜੇ ਪਰਮੇਸ਼ੁਰ ਯਹੋਵਾਹ ਚਾਹੇ, ਤਾਂ ਇਹ ਬਿਲਕੁਲ ਮੁਮਕਿਨ ਹੈ। ਕੀ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਕਰੀਬ ਹੋਈਏ? ਇਸ ਦਾ ਜਵਾਬ ਸਾਨੂੰ ਪੌਲੁਸ ਰਸੂਲ ਦੇ ਸ਼ਬਦਾਂ ਤੋਂ ਮਿਲਦਾ ਹੈ ਜੋ ਉਸ ਨੇ ਐਥਿਨਜ਼ ਸ਼ਹਿਰ ਦੇ ਪੜ੍ਹੇ-ਲਿਖੇ ਲੋਕਾਂ ਨੂੰ ਕਹੇ ਸਨ। ਆਓ ਆਪਾਂ ਰਸੂਲਾਂ ਦੇ ਕਰਤੱਬ 17:24-27 ਵਿਚ ਪਾਈਆਂ ਜਾਂਦੀਆਂ ਚਾਰ ਗੱਲਾਂ ’ਤੇ ਗੌਰ ਕਰੀਏ ਜੋ ਪੌਲੁਸ ਨੇ ਯਹੋਵਾਹ ਬਾਰੇ ਕਹੀਆਂ ਸਨ।

ਪਹਿਲੀ ਗੱਲ: ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ਨੇ “ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ।” (ਆਇਤ 24) ਰੰਗ-ਬਰੰਗੀਆਂ ਖੂਬਸੂਰਤ ਚੀਜ਼ਾਂ ਜ਼ਿੰਦਗੀ ਨੂੰ ਮਜ਼ੇਦਾਰ ਬਣਾਉਂਦੀਆਂ ਹਨ ਜਿਸ ਤੋਂ ਸਾਡੇ ਸਿਰਜਣਹਾਰ ਦੀ ਬੁੱਧ ਅਤੇ ਪਿਆਰ ਦਾ ਸਬੂਤ ਦਿੱਸਦਾ ਹੈ। (ਰੋਮੀਆਂ 1:20) ਇਹ ਸੋਚਣਾ ਠੀਕ ਨਹੀਂ ਹੋਵੇਗਾ ਕਿ ਜਿਸ ਪਰਮੇਸ਼ੁਰ ਨੇ ਸਾਡੇ ਵਾਸਤੇ ਸਭ ਕੁਝ ਬਣਾਇਆ ਹੈ, ਉਹ ਸਾਡੇ ਤੋਂ ਦੂਰ ਰਹਿਣਾ ਚਾਹੁੰਦਾ ਹੈ।

ਦੂਜੀ ਗੱਲ: ਯਹੋਵਾਹ “ਸਭਨਾਂ ਨੂੰ ਜੀਉਣ, ਸਵਾਸ ਅਤੇ ਸੱਭੋ ਕੁਝ ਦਿੰਦਾ ਹੈ।” (ਆਇਤ 25) ਯਹੋਵਾਹ ਤੋਂ ਬਗੈਰ ਜ਼ਿੰਦਗੀ ਚੱਲ ਨਹੀਂ ਸਕਦੀ। (ਜ਼ਬੂਰਾਂ ਦੀ ਪੋਥੀ 36:9) ਹਵਾ, ਪਾਣੀ ਅਤੇ ਭੋਜਨ ਯਹੋਵਾਹ ਵੱਲੋਂ ਤੋਹਫ਼ੇ ਹਨ ਜੋ ਜੀਣ ਵਾਸਤੇ ਬਹੁਤ ਜ਼ਰੂਰੀ ਹਨ। (ਯਾਕੂਬ 1:17) ਕੀ ਇਸ ਤਰ੍ਹਾਂ ਸੋਚਣਾ ਸਹੀ ਹੋਵੇਗਾ ਕਿ ਸਾਡਾ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਸਾਡੇ ਤੋਂ ਦੂਰ ਰਹਿਣਾ ਚਾਹੁੰਦਾ ਹੈ ਜਿਸ ਕਰਕੇ ਅਸੀਂ ਉਸ ਨੂੰ ਜਾਣ ਨਹੀਂ ਸਕਦੇ ਅਤੇ ਨਾ ਹੀ ਉਸ ਦੇ ਕਰੀਬ ਆ ਸਕਦੇ ਹਾਂ?

ਤੀਜੀ ਗੱਲ: ਪਰਮੇਸ਼ੁਰ ਨੇ “ਮਨੁੱਖਾਂ ਦੀ ਹਰੇਕ ਕੌਮ ਨੂੰ . . . ਇੱਕ ਤੋਂ ਰਚਿਆ।” (ਆਇਤ 26) ਯਹੋਵਾਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। (ਰਸੂਲਾਂ ਦੇ ਕਰਤੱਬ 10:34) ਉਹ ਇੱਦਾਂ ਨਹੀਂ ਕਰ ਸਕਦਾ ਕਿਉਂਕਿ ਉਸ ਨੇ ‘ਇਕ ਆਦਮੀ’ ਯਾਨੀ ਆਦਮ ਨੂੰ ਰਚਿਆ ਜਿਸ ਤੋਂ ਸਾਰੀਆਂ ਕੌਮਾਂ ਅਤੇ ਨਸਲਾਂ ਆਈਆਂ ਹਨ। ਪਰਮੇਸ਼ੁਰ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ।” (1 ਤਿਮੋਥਿਉਸ 2:4) ਹਾਂ, ਸਾਰੇ ਹੀ ਇਨਸਾਨ ਉਸ ਦੇ ਨਾਲ ਕਰੀਬੀ ਰਿਸ਼ਤਾ ਜੋੜ ਸਕਦੇ ਹਨ ਭਾਵੇਂ ਉਹ ਕਿਸੇ ਵੀ ਰੰਗ, ਕੌਮ ਜਾਂ ਜਾਤ ਦੇ ਹੋਣ।

ਚੌਥੀ ਗੱਲ: ਅਖ਼ੀਰ ਵਿਚ ਪੌਲੁਸ ਸਾਨੂੰ ਪਰਮੇਸ਼ੁਰ ਬਾਰੇ ਇਕ ਹੋਰ ਸੱਚੀ ਗੱਲ ਦੱਸਦਾ ਹੈ ਕਿ ਯਹੋਵਾਹ “ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।” (ਆਇਤ 27) ਭਾਵੇਂ ਕਿ ਯਹੋਵਾਹ ਅੱਤ ਮਹਾਨ ਹੈ, ਫਿਰ ਵੀ ਉਹ ਉਨ੍ਹਾਂ ਲੋਕਾਂ ਦੇ ਨੇੜੇ ਆਉਣ ਲਈ ਤਿਆਰ ਹੈ ਜੋ ਸੱਚੇ ਦਿਲੋਂ ਉਸ ਦੇ ਕਰੀਬ ਆਉਣਾ ਚਾਹੁੰਦੇ ਹਨ। ਉਸ ਦਾ ਬਚਨ ਦੱਸਦਾ ਹੈ ਕਿ ਉਹ ਕਿਸੇ ਤੋਂ ਦੂਰ ਨਹੀਂ, ਸਗੋਂ “ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ।”—ਜ਼ਬੂਰਾਂ ਦੀ ਪੋਥੀ 145:18.

ਪੌਲੁਸ ਦੇ ਇਨ੍ਹਾਂ ਸ਼ਬਦਾਂ ਤੋਂ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਦੇ ਕਰੀਬ ਹੋਈਏ। ਪਰ ਪੌਲੁਸ ਕਹਿੰਦਾ ਹੈ ਉਹ ਸਿਰਫ਼ ਉਨ੍ਹਾਂ ਲੋਕਾਂ ਦੇ ਕਰੀਬ ਹੋਵੇਗਾ ਜਿਹੜੇ ਉਸ ਨੂੰ ‘ਭਾਲਦੇ’ ਅਤੇ ‘ਟੋਹਦੇ’ ਹਨ। (ਆਇਤ 27) ਇਕ ਕਿਤਾਬ ਦੇ ਮੁਤਾਬਕ ਇਹ ‘ਦੋਵੇਂ ਕ੍ਰਿਆਵਾਂ ਉਦੋਂ ਵਰਤੀਆਂ ਜਾਂਦੀਆਂ ਹਨ ਜਦੋਂ ਕਿਸੇ ਚੀਜ਼ ਨੂੰ ਭਾਲਣਾ ਜਾਂ ਪਾਉਣਾ ਮੁਮਕਿਨ ਹੁੰਦਾ ਹੈ।’ ਮਿਸਾਲ ਲਈ ਜਦ ਤੁਸੀਂ ਹਨੇਰੇ ਵਿਚ ਆਪਣੇ ਕਮਰੇ ਵਿਚ ਬੱਤੀ ਜਗਾਉਣ ਲਈ ਸਵਿੱਚ ਟੋਹਦੇ ਹੋ ਜਾਂ ਦਰਵਾਜ਼ਾ ਲੱਭਦੇ ਹੋ, ਤਾਂ ਤੁਹਾਨੂੰ ਕੋਈ ਸ਼ੱਕ ਨਹੀਂ ਹੁੰਦਾ ਕਿ ਤੁਸੀਂ ਬੱਤੀ ਜਗਾ ਲਵੋਗੇ ਜਾਂ ਦਰਵਾਜ਼ੇ ਨੂੰ ਟੋਹ ਲਵੋਗੇ। ਜੇ ਅਸੀਂ ਪੂਰੇ ਦਿਲੋਂ ਪਰਮੇਸ਼ੁਰ ਨੂੰ ਭਾਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਪੌਲੁਸ ਕਹਿੰਦਾ ਹੈ ਕਿ ਅਸੀਂ ਉਸ ਨੂੰ ਜ਼ਰੂਰ ‘ਲੱਭ ਲਵਾਂਗੇ।’—ਆਇਤ 27.

ਕੀ ਤੁਸੀਂ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਹੋ? ਜੇ ਤੁਸੀਂ ਪੂਰੇ ਵਿਸ਼ਵਾਸ ਨਾਲ ਉਸ ਨੂੰ ‘ਲੱਭੋਗੇ’ ਅਤੇ ‘ਟੋਹੋਗੇ,’ ਤਾਂ ਤੁਸੀਂ ਉਸ ਨੂੰ ਜ਼ਰੂਰ ਪਾਓਗੇ। ਯਹੋਵਾਹ ਨੂੰ ਪਾਉਣਾ ਔਖਾ ਨਹੀਂ ਹੈ ਕਿਉਂਕਿ ਉਹ “ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।” (w08 7/1)