Skip to content

Skip to table of contents

ਯਹੋਵਾਹ ਆਪਣੇ ਭਗਤਾਂ ਦਾ ਸਾਥ ਨਹੀਂ ਛੱਡੇਗਾ

ਯਹੋਵਾਹ ਆਪਣੇ ਭਗਤਾਂ ਦਾ ਸਾਥ ਨਹੀਂ ਛੱਡੇਗਾ

ਯਹੋਵਾਹ ਆਪਣੇ ਭਗਤਾਂ ਦਾ ਸਾਥ ਨਹੀਂ ਛੱਡੇਗਾ

“ਯਹੋਵਾਹ . . . ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੋੜੀ ਰੱਛਿਆ ਹੁੰਦੀ ਹੈ।”​—⁠ਜ਼ਬੂ. 37:⁠28.

1, 2. (ੳ) ਤਕਰੀਬਨ 3,000 ਸਾਲ ਪਹਿਲਾਂ ਯਹੋਵਾਹ ਦੇ ਸੇਵਕਾਂ ਦੀ ਵਫ਼ਾਦਾਰੀ ਕਿਵੇਂ ਪਰਖੀ ਗਈ ਸੀ? (ਅ) ਯਹੋਵਾਹ ਨੇ ਕਿਨ੍ਹਾਂ ਹਾਲਾਤਾਂ ਦੌਰਾਨ ਆਪਣੇ ਵਫ਼ਾਦਾਰ ਭਗਤਾਂ ਦੀ ਰਾਖੀ ਕੀਤੀ ਸੀ?

ਤਕਰੀਬਨ 3,000 ਸਾਲ ਪਹਿਲਾਂ ਯਹੋਵਾਹ ਨੇ ਇਸਰਾਏਲ ਵਿਚ ਘਰੇਲੂ ਜੰਗ ਸ਼ੁਰੂ ਹੋਣ ਤੋਂ ਮਸੀਂ ਰੋਕੀ। ਕਿਸ ਤਰ੍ਹਾਂ? ਉਸ ਨੇ ਉੱਤਰੀ ਰਾਜ ਲਈ ਯਾਰਾਬੁਆਮ ਨੂੰ ਰਾਜੇ ਵਜੋਂ ਚੁਣਿਆ। ਪਰ ਇਸ ਰਾਜੇ ਨੇ ਆਪਣੀ ਹਕੂਮਤ ਪੱਕੀ ਕਰਨ ਲਈ ਇਕ ਨਵਾਂ ਧਰਮ ਸ਼ੁਰੂ ਕੀਤਾ। ਉਹ ਚਾਹੁੰਦਾ ਸੀ ਕਿ ਸਾਰੇ ਲੋਕ ਇਸ ਨਵੇਂ ਧਰਮ ਨੂੰ ਮੰਨਣ। ਉਸ ਸਮੇਂ ਯਹੋਵਾਹ ਦੇ ਸੇਵਕਾਂ ਨੇ ਕੀ ਫ਼ੈਸਲਾ ਕੀਤਾ ਸੀ? ਹਜ਼ਾਰਾਂ ਲੋਕ ਯਹੋਵਾਹ ਦੇ ਵਫ਼ਾਦਾਰ ਰਹੇ ਅਤੇ ਯਹੋਵਾਹ ਨੇ ਉਨ੍ਹਾਂ ਦੀ ਰੱਖਿਆ ਕੀਤੀ।​—⁠1 ਰਾਜ. 12:​1-33; 2 ਇਤ. 11:​13, 14.

2 ਅੱਜ ਵੀ ਯਹੋਵਾਹ ਦੇ ਸੇਵਕਾਂ ਦੀ ਵਫ਼ਾਦਾਰੀ ਪਰਖੀ ਜਾ ਰਹੀ ਹੈ। ਬਾਈਬਲ ਕਹਿੰਦੀ ਹੈ, “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” ਕੀ ਅਸੀਂ ‘ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਹ ਦਾ ਸਾਹਮਣਾ ਕਰ’ ਸਕਦੇ ਹਾਂ? (1 ਪਤ. 5:​8, 9; ਜ਼ਬੂ. 37:28) ਆਓ ਆਪਾਂ ਦੇਖੀਏ ਕਿ ਜਦ ਰਾਜਾ ਯਾਰਾਬੁਆਮ ਰਾਜ-ਗੱਦੀ ‘ਤੇ ਬੈਠਾ ਸੀ, ਤਾਂ ਕਿਹੜੀਆਂ ਘਟਨਾਵਾਂ ਵਾਪਰੀਆਂ ਸਨ ਤੇ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ। ਉਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਜ਼ੁਲਮ ਸਹਿਣੇ ਪਏ। ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦਾ ਸਾਮ੍ਹਣਾ ਕਰਨਾ ਪਿਆ ਜਿਨ੍ਹਾਂ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਸੀ। ਇਸ ਦੇ ਬਾਵਜੂਦ ਉਹ ਪਰਮੇਸ਼ੁਰ ਵੱਲੋਂ ਮਿਲੇ ਕੰਮ ਕਰਦੇ ਰਹੇ। ਇਨ੍ਹਾਂ ਹਾਲਾਤਾਂ ਦੌਰਾਨ ਯਹੋਵਾਹ ਨੇ ਆਪਣੇ ਵਫ਼ਾਦਾਰ ਲੋਕਾਂ ਦਾ ਸਾਥ ਨਹੀਂ ਛੱਡਿਆ ਸੀ ਤੇ ਅੱਜ ਵੀ ਉਹ ਆਪਣੇ ਵਫ਼ਾਦਾਰ ਲੋਕਾਂ ਦਾ ਸਾਥ ਨਹੀਂ ਛੱਡੇਗਾ।​—⁠ਜ਼ਬੂ. 37:⁠28.

ਜ਼ੁਲਮ ਸਹਿੰਦੇ ਸਮੇਂ

3. ਰਾਜਾ ਦਾਊਦ ਦੀ ਹਕੂਮਤ ਅਧੀਨ ਲੋਕ ਸੁਖੀ ਕਿਉਂ ਸਨ?

3 ਸਭ ਤੋਂ ਪਹਿਲਾਂ ਆਓ ਆਪਾਂ ਦੇਖੀਏ ਕਿ ਜਦ ਯਾਰਾਬੁਆਮ ਰਾਜ ਕਰਨ ਲੱਗਾ ਸੀ, ਤਾਂ ਲੋਕਾਂ ਦੇ ਹਾਲਾਤ ਕਿਹੋ ਜਿਹੇ ਸਨ। ਕਹਾਉਤਾਂ 29:2 ਵਿਚ ਲਿਖਿਆ ਹੈ ਕਿ “ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਢਾਹਾਂ ਮਾਰਦੇ ਹਨ।” ਦਾਊਦ ਦੇ ਰਾਜ ਦੌਰਾਨ ਲੋਕਾਂ ਨੇ ਢਾਹਾਂ ਨਹੀਂ ਮਾਰੀਆਂ ਸਨ। ਭਾਵੇਂ ਦਾਊਦ ਪਾਪੀ ਸੀ, ਫਿਰ ਵੀ ਉਹ ਪਰਮੇਸ਼ੁਰ ਦਾ ਵਫ਼ਾਦਾਰ ਸੀ ਤੇ ਉਸ ਉੱਤੇ ਪੱਕਾ ਭਰੋਸਾ ਰੱਖਦਾ ਸੀ। ਦਾਊਦ ਦੀ ਹਕੂਮਤ ਅਧੀਨ ਲੋਕ ਸੁਖੀ ਸਨ। ਯਹੋਵਾਹ ਨੇ ਦਾਊਦ ਨਾਲ ਨੇਮ ਬੰਨ੍ਹਿਆ ਅਤੇ ਕਿਹਾ: “ਤੇਰਾ ਟੱਬਰ ਅਤੇ ਤੇਰਾ ਰਾਜ ਸਦੀਪਕ ਤੋੜੀ ਤੇਰੇ ਅੱਗੇ ਪੱਕਾ ਰਹੇਗਾ। ਤੇਰੀ ਰਾਜ ਗੱਦੀ ਸਦਾ ਅਟੱਲ ਰਹੇਗੀ।”​—⁠2 ਸਮੂ. 7:⁠16.

4. ਸੁਲੇਮਾਨ ਦੇ ਰਾਜ ਦੌਰਾਨ ਲੋਕਾਂ ਨੂੰ ਬਰਕਤਾਂ ਪਾਉਣ ਲਈ ਕੀ ਕਰਨ ਦੀ ਲੋੜ ਸੀ?

4 ਦਾਊਦ ਦੇ ਬੇਟੇ ਸੁਲੇਮਾਨ ਦੇ ਰਾਜ ਦੇ ਸ਼ੁਰੂ ਵਿਚ ਲੋਕ ਬਹੁਤ ਖ਼ੁਸ਼ ਸਨ ਤੇ ਉਨ੍ਹਾਂ ਵਿਚ ਸ਼ਾਂਤੀ ਕਾਇਮ ਸੀ ਜਿਸ ਕਰਕੇ ਉਹ ਸਮਾਂ ਯਿਸੂ ਦੇ 1,000 ਸਾਲ ਦੇ ਰਾਜ ਨੂੰ ਦਰਸਾਉਂਦਾ ਸੀ। (ਜ਼ਬੂ. 72:​1, 17) ਉਸ ਸਮੇਂ ਇਸਰਾਏਲ ਦੇ 12 ਗੋਤਾਂ ਵਿੱਚੋਂ ਇਕ ਕੋਲ ਵੀ ਬਗਾਵਤ ਕਰਨ ਦਾ ਕੋਈ ਕਾਰਨ ਨਹੀਂ ਸੀ। ਪਰ ਸੁਲੇਮਾਨ ਤੇ ਉਸ ਦੀ ਪਰਜਾ ਨੂੰ ਇਹ ਬਰਕਤਾਂ ਪਾਉਣ ਲਈ ਕੁਝ ਕਰਨ ਦੀ ਲੋੜ ਸੀ। ਯਹੋਵਾਹ ਨੇ ਸੁਲੇਮਾਨ ਨੂੰ ਕਿਹਾ ਸੀ: “ਜੇ ਕਰ ਤੂੰ ਮੇਰੀਆਂ ਬਿਧੀਆਂ ਉੱਤੇ ਤੁਰੇਂ ਅਤੇ ਮੇਰੇ ਨਿਆਵਾਂ ਨੂੰ ਪੂਰਾ ਕਰਕੇ ਉਨ੍ਹਾਂ ਦੀ ਪਾਲਨਾ ਕਰੇਂ ਅਤੇ ਮੇਰੇ ਹੁਕਮਾਂ ਅਨੁਸਾਰ ਚੱਲੇਂ ਤਾਂ ਮੈਂ ਆਪਣੇ ਬਚਨ ਨੂੰ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਹੈ ਤੇਰੇ ਨਾਲ ਕਾਇਮ ਰੱਖਾਂਗਾ। ਮੈਂ ਇਸਰਾਏਲੀਆਂ ਦੇ ਵਿੱਚ ਵੱਸਾਂਗਾ ਅਤੇ ਆਪਣੀ ਪਰਜਾ ਇਸਰਾਏਲ ਨੂੰ ਨਾ ਛੱਡਾਂਗਾ।”​—⁠1 ਰਾਜ. 6:​11-13.

5, 6. ਸੁਲੇਮਾਨ ਦੀ ਬੇਵਫ਼ਾਈ ਦਾ ਕੀ ਨਤੀਜਾ ਨਿਕਲਿਆ?

5 ਆਪਣੇ ਬੁਢਾਪੇ ਵਿਚ ਸੁਲੇਮਾਨ ਨੇ ਯਹੋਵਾਹ ਨੂੰ ਛੱਡ ਕੇ ਦੇਵੀ-ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। (1 ਰਾਜ. 11:​4-⁠6) ਸਮੇਂ ਦੇ ਬੀਤਣ ਨਾਲ ਸੁਲੇਮਾਨ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਕਰਨ ਲੱਗਾ ਤੇ ਲੋਕਾਂ ਉੱਤੇ ਜ਼ੁਲਮ ਢਾਹੁਣ ਲੱਗਾ। ਉਸ ਨੇ ਇਸ ਹੱਦ ਤਕ ਜ਼ੁਲਮ ਢਾਹੇ ਕਿ ਉਸ ਦੀ ਮੌਤ ਤੋਂ ਬਾਅਦ ਵੀ ਲੋਕਾਂ ਨੇ ਉਸ ਦੇ ਪੁੱਤਰ ਅਤੇ ਨਵੇਂ ਰਾਜੇ ਰਹਬੁਆਮ ਕੋਲ ਜਾ ਕੇ ਉਸ ਬਾਰੇ ਸ਼ਿਕਾਇਤ ਕੀਤੀ ਅਤੇ ਰਾਹਤ ਮੰਗੀ। (1 ਰਾਜ. 12:4) ਜਦ ਸੁਲੇਮਾਨ ਬੇਵਫ਼ਾ ਬਣਿਆ ਸੀ, ਤਾਂ ਯਹੋਵਾਹ ਨੇ ਕੀ ਕੀਤਾ?

6 ਬਾਈਬਲ ਸਾਨੂੰ ਦੱਸਦੀ ਹੈ: “ਯਹੋਵਾਹ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ ਕਿਉਂ ਜੋ ਉਹ ਦਾ ਮਨ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਤੋਂ ਫਿਰ ਗਿਆ ਜਿਸ ਉਹ ਨੂੰ ਦੋ ਵਾਰ ਦਰਸ਼ਣ ਦਿੱਤਾ।” ਯਹੋਵਾਹ ਨੇ ਸੁਲੇਮਾਨ ਨੂੰ ਕਿਹਾ: “ਏਸ ਲਈ ਕਿ . . . ਤੈਂ ਮੇਰੇ ਨੇਮ ਨੂੰ ਤੇ ਮੇਰੀਆਂ ਬਿਧੀਆਂ ਨੂੰ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ ਨਹੀਂ ਮੰਨਿਆ ਮੈਂ ਜ਼ਰੂਰ ਰਾਜ ਤੈਥੋਂ ਖੋਹ ਲਵਾਂਗਾ ਅਤੇ ਤੇਰੇ ਟਹਿਲੂਏ ਨੂੰ ਦੇ ਦਿਆਂਗਾ।”​—⁠1 ਰਾਜ. 11:​9-11.

7. ਸੁਲੇਮਾਨ ਨੂੰ ਠੁਕਰਾਉਣ ਤੋਂ ਬਾਅਦ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਦੀ ਮਦਦ ਕਿਵੇਂ ਕੀਤੀ ਸੀ?

7 ਫਿਰ ਯਹੋਵਾਹ ਨੇ ਅਹੀਯਾਹ ਨਬੀ ਨੂੰ ਅਜਿਹੇ ਬੰਦੇ ਨੂੰ ਚੁਣਨ ਲਈ ਭੇਜਿਆ ਜੋ ਇਸਰਾਏਲੀਆਂ ਨੂੰ ਬਚਾਵੇਗਾ। ਇਹ ਕਾਬਲ ਬੰਦਾ ਯਾਰਾਬੁਆਮ ਸੀ ਜੋ ਪਹਿਲਾਂ ਸੁਲੇਮਾਨ ਦੀ ਸਰਕਾਰ ਵਿਚ ਕੰਮ ਕਰਦਾ ਸੀ। ਭਾਵੇਂ ਯਹੋਵਾਹ ਨੇ ਇਸਰਾਏਲ ਦੇ 12 ਗੋਤਾਂ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ, ਫਿਰ ਵੀ ਉਹ ਦਾਊਦ ਨਾਲ ਕੀਤੇ ਆਪਣੇ ਵਾਅਦੇ ਦਾ ਪੱਕਾ ਰਿਹਾ। ਦਸ ਗੋਤ ਯਾਰਾਬੁਆਮ ਨੂੰ ਦਿੱਤੇ ਗਏ ਅਤੇ ਦੋ ਦਾਊਦ ਦੇ ਘਰਾਣੇ ਵਿਚ ਰਹਬੁਆਮ ਕੋਲ ਰਹੇ। (1 ਰਾਜ. 11:​29-37; 12:​16, 17, 21) ਯਹੋਵਾਹ ਨੇ ਯਾਰਾਬੁਆਮ ਨੂੰ ਦੱਸਿਆ: “ਤਾਂ ਐਉਂ ਹੋਵੇਗਾ ਭਈ ਜੇ ਤੂੰ ਮੇਰੇ ਸਾਰੇ ਹੁਕਮਾਂ ਨੂੰ ਸੁਣੇਂ ਅਤੇ ਮੇਰੇ ਮਾਰਗਾਂ ਉੱਤੇ ਚੱਲੇਂ ਅਤੇ ਜੋ ਮੇਰੀ ਨਿਗਾਹ ਵਿੱਚ ਸਿੱਧਾ ਹੈ ਓਹੋ ਕਰੇਂ ਅਤੇ ਮੇਰੀਆਂ ਬਿਧੀਆਂ ਤੇ ਹੁਕਮਾਂ ਨੂੰ ਮੰਨੇਂ ਜਿਵੇਂ ਮੇਰੇ ਦਾਸ ਦਾਊਦ ਨੇ ਕੀਤਾ ਤਾਂ ਮੈਂ ਤੇਰੇ ਅੰਗ ਸੰਗ ਰਹਾਂਗਾ ਅਤੇ ਤੇਰੇ ਲਈ ਇੱਕ ਅਟੱਲ ਘਰਾਣਾ ਬਣਾਵਾਂਗਾ ਜਿਵੇਂ ਮੈਂ ਦਾਊਦ ਲਈ ਬਣਾਇਆ ਨਾਲੇ ਮੈਂ ਇਸਰਾਏਲ ਤੈਨੂੰ ਦੇ ਦਿਆਂਗਾ। ” (1 ਰਾਜ. 11:38) ਇਸ ਤਰੀਕੇ ਨਾਲ ਯਹੋਵਾਹ ਨੇ ਆਪਣੇ ਲੋਕਾਂ ਨੂੰ ਛੱਡਣ ਦੀ ਬਜਾਇ ਉਨ੍ਹਾਂ ਨੂੰ ਜ਼ੁਲਮਾਂ ਤੋਂ ਬਚਾਉਣ ਲਈ ਕੁਝ ਕੀਤਾ।

8. ਅੱਜ ਯਹੋਵਾਹ ਦੇ ਲੋਕਾਂ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?

8 ਅੱਜ-ਕੱਲ੍ਹ ਜ਼ੁਲਮ-ਓ-ਸਿਤਮ ਦਾ ਬੋਲਬਾਲਾ ਹੈ। ਉਪਦੇਸ਼ਕ ਦੀ ਪੋਥੀ 8:9 ਵਿਚ ਕਿਹਾ ਗਿਆ ਕਿ “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” ਲੋਭੀ ਵਪਾਰੀਆਂ ਅਤੇ ਬੇਈਮਾਨ ਸਰਕਾਰਾਂ ਦੇ ਕਾਰਨ ਲੋਕਾਂ ਨੂੰ ਤੰਗੀਆਂ ਸਹਿਣੀਆਂ ਪੈ ਰਹੀਆਂ ਹਨ। ਸਿਆਸੀ ਨੇਤਾ, ਧਾਰਮਿਕ ਆਗੂ ਤੇ ਵੱਡੇ-ਵੱਡੇ ਬਿਜ਼ਨਿਸਮੈਨ ਅਕਸਰ ਬੁਰੀ ਮਿਸਾਲ ਕਾਇਮ ਕਰਦੇ ਹਨ। ਧਰਮੀ ਲੂਤ ਵਾਂਗ ਅੱਜ ਵੀ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ “ਲੋਕਾਂ ਦੇ ਬੁਰੇ ਕੰਮਾਂ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ” ਹੈ। (2 ਪਤ. 2:​7, CL) ਇਸ ਦੇ ਨਾਲ-ਨਾਲ ਜਦ ਅਸੀਂ ਯਹੋਵਾਹ ਦੇ ਮਿਆਰਾਂ ਮੁਤਾਬਕ ਜੀਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਈ ਵਾਰੀ ਅਸੀਂ ਘਮੰਡੀ ਆਗੂਆਂ ਦੇ ਸ਼ਿਕਾਰ ਬਣ ਜਾਂਦੇ ਹਾਂ।​—⁠2 ਤਿਮੋ. 3:​1-5, 12.

9. (ੳ) ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਕੀ ਕੀਤਾ ਹੈ? (ਅ) ਅਸੀਂ ਇਸ ਗੱਲ ਦਾ ਯਕੀਨ ਕਿਉਂ ਕਰ ਸਕਦੇ ਹਾਂ ਕਿ ਯਿਸੂ ਹਮੇਸ਼ਾ ਲਈ ਪਰਮੇਸ਼ੁਰ ਦੇ ਵਫ਼ਾਦਾਰ ਰਹੇਗਾ?

9 ਅਸੀਂ ਇਸ ਗੱਲ ਦਾ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਦੇ ਨਹੀਂ ਛੱਡੇਗਾ! ਜ਼ਰਾ ਸੋਚੋ ਕਿ ਉਸ ਨੇ ਧਰਤੀ ਦੇ ਦੁਸ਼ਟ ਆਗੂਆਂ ਨੂੰ ਹਟਾਉਣ ਲਈ ਕੀ ਕੀਤਾ ਹੈ। ਉਸ ਨੇ ਯਿਸੂ ਨੂੰ ਆਪਣੇ ਰਾਜ ਦਾ ਰਾਜਾ ਬਣਾ ਦਿੱਤਾ ਹੈ ਤੇ ਹੁਣ ਯਿਸੂ ਸਵਰਗੋਂ ਲਗਭਗ ਸੌ ਸਾਲਾਂ ਤੋਂ ਰਾਜ ਕਰ ਰਿਹਾ ਹੈ। ਇਸ ਪ੍ਰਬੰਧ ਰਾਹੀਂ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਬਹੁਤ ਜਲਦੀ ਰਾਹਤ ਪਾਉਣਗੇ। (ਪਰਕਾਸ਼ ਦੀ ਪੋਥੀ 11:​15-18 ਪੜ੍ਹੋ।) ਯਿਸੂ ਨੇ ਆਪਣੀ ਮੌਤ ਤਕ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਕੇ ਸਾਬਤ ਕੀਤਾ ਕਿ ਉਹ ਅਗਾਹਾਂ ਨੂੰ ਵੀ ਵਫ਼ਾਦਾਰ ਰਹੇਗਾ। ਉਹ ਕਦੇ ਵੀ ਸੁਲੇਮਾਨ ਵਾਂਗ ਆਪਣੀ ਪਰਜਾ ਨੂੰ ਨਿਰਾਸ਼ ਨਹੀਂ ਕਰੇਗਾ।​—⁠ਇਬ. 7:26; 1 ਪਤ. 2:⁠6.

10. (ੳ) ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਰਾਜ ਉੱਤੇ ਭਰੋਸਾ ਕਰਦੇ ਹਾਂ? (ਅ) ਸਾਡੇ ਉੱਤੇ ਭਾਵੇਂ ਕੋਈ ਵੀ ਮੁਸ਼ਕਲ ਆਵੇ, ਅਸੀਂ ਕਿਸ ਗੱਲ ਦਾ ਯਕੀਨ ਕਰ ਸਕਦੇ ਹਾਂ?

10 ਪਰਮੇਸ਼ੁਰ ਦਾ ਰਾਜ ਇਕ ਅਸਲੀ ਸਰਕਾਰ ਹੈ। ਇਹ ਰਾਜ ਸਾਰੇ ਜ਼ੁਲਮ ਹਟਾਵੇਗਾ। ਸਾਨੂੰ ਪਰਮੇਸ਼ੁਰ ਦੇ ਰਾਜ ਉੱਤੇ ਪੂਰਾ ਭਰੋਸਾ ਹੈ ਜਿਸ ਕਰਕੇ ਅਸੀਂ ਇਸ ਦੁਨੀਆਂ ਦੇ ਬੁਰੇ ਚਾਲ-ਚਲਣ ਤੋਂ ਦੂਰ ਰਹਿ ਕੇ ਪੂਰੇ ਜੋਸ਼ ਨਾਲ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿੰਦੇ ਹਾਂ। (ਤੀਤੁ. 2:​12-14) ਅਸੀਂ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਵਫ਼ਾਦਾਰ ਰਹਿਣ ਦੀ ਠਾਣ ਲਈ ਹੈ। ਅਸੀਂ ਇਸ ਦੁਨੀਆਂ ਦੇ ਰੰਗ ਵਿਚ ਰੰਗੇ ਨਹੀਂ ਜਾਂਦੇ। (2 ਪਤ. 3:14) ਸਾਡੇ ਉੱਤੇ ਭਾਵੇਂ ਕੋਈ ਵੀ ਮੁਸ਼ਕਲ ਆਵੇ, ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਬਣਿਆ ਰਹੇਗਾ। (ਜ਼ਬੂਰਾਂ ਦੀ ਪੋਥੀ 97:10 ਪੜ੍ਹੋ।) ਇਸ ਦੇ ਨਾਲ-ਨਾਲ ਜ਼ਬੂਰ 116:15 ਵਿਚ ਸਾਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ “ਯਹੋਵਾਹ ਦੀ ਨਿਗਾਹ ਵਿੱਚ ਉਹ ਦੇ ਸੰਤਾਂ ਦੀ ਮੌਤ ਬਹੁਮੁੱਲੀ ਹੈ!” ਯਹੋਵਾਹ ਦੀ ਨਿਗਾਹ ਵਿਚ ਉਸ ਦੇ ਸੰਤ ਯਾਨੀ ਸੇਵਕ ਇੰਨੇ ਬਹੁਮੁੱਲੀ ਹਨ ਕਿ ਉਹ ਇਕ ਸਮੂਹ ਵਜੋਂ ਉਨ੍ਹਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਣ ਦੇਵੇਗਾ।

ਯਹੋਵਾਹ ਨੂੰ ਛੱਡਣ ਵਾਲਿਆਂ ਦਾ ਸਾਮ੍ਹਣਾ ਕਰਦੇ ਸਮੇਂ

11. ਰਾਜਾ ਯਾਰਾਬੁਆਮ ਨੇ ਬੇਵਫ਼ਾਈ ਕਿਵੇਂ ਕੀਤੀ?

11 ਰਾਜਾ ਯਾਰਾਬੁਆਮ ਦਾ ਰਾਜ ਪਰਮੇਸ਼ੁਰ ਦੇ ਲੋਕਾਂ ਲਈ ਕੁਝ ਰਾਹਤ ਲਿਆ ਸਕਦਾ ਸੀ। ਪਰ ਉਸ ਨੇ ਅਜਿਹਾ ਕੁਝ ਕੀਤਾ ਜਿਸ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਬਜਾਇ ਉਨ੍ਹਾਂ ਦੀ ਨਿਹਚਾ ਪਰਖੀ ਗਈ। ਭਾਵੇਂ ਯਹੋਵਾਹ ਨੇ ਉਸ ਨੂੰ ਰਾਜਾ ਬਣਾ ਦਿੱਤਾ ਸੀ, ਪਰ ਯਾਰਾਬੁਆਮ ਇਸ ਤੋਂ ਵੱਧ ਚਾਹੁੰਦਾ ਸੀ। ਇਸ ਕਾਰਨ ਉਸ ਨੇ ਇਕ ਚਾਲ ਚੱਲੀ ਤਾਂਕਿ ਉਹ ਰਾਜਾ ਬਣਿਆ ਰਹੇ। ਉਸ ਨੇ ਦਿਲ ਹੀ ਦਿਲ ਵਿਚ ਸੋਚਿਆ: “ਜੇ ਕਦੀ ਏਹ ਲੋਕ ਯਰੂਸ਼ਲਮ ਨੂੰ ਯਹੋਵਾਹ ਦੇ ਭਵਨ ਵਿੱਚ ਬਲੀ ਚੜ੍ਹਾਉਣ ਨੂੰ ਜਾਣ ਤਾਂ ਉਨ੍ਹਾਂ ਲੋਕਾਂ ਦੇ ਮਨ ਆਪਣੇ ਸੁਆਮੀ ਦੀ ਵੱਲ ਅਰਥਾਤ ਯਹੂਦਾਹ ਦੇ ਪਾਤਸ਼ਾਹ ਰਹਬੁਆਮ ਵੱਲ ਫਿਰ ਜਾਣਗੇ ਅਤੇ ਓਹ ਮੈਨੂੰ ਮਾਰ ਸੁੱਟਣਗੇ ਅਤੇ ਯਹੂਦਾਹ ਦੇ ਪਾਤਸ਼ਾਹ ਰਹਬੁਆਮ ਵੱਲ ਮੁੜ ਜਾਣਗੇ।” ਸੋ ਰਾਜਾ ਯਾਰਾਬੁਆਮ ਨੇ ਸੋਨੇ ਦੇ ਦੋ ਵੱਛੇ ਬਣਾਏ। “ਉਸ ਨੇ ਇੱਕ ਬੈਤਏਲ ਵਿੱਚ ਟਿਕਾਇਆ ਅਤੇ ਦੂਜਾ ਦਾਨ ਵਿੱਚ ਰੱਖ ਦਿੱਤਾ। ਪਰ ਏਹ ਕੰਮ ਇੱਕ ਪਾਪ ਹੋ ਗਿਆ ਕਿਉਂ ਜੋ ਲੋਕ ਦਾਨ ਤੀਕ ਉਹ ਦੇ ਅੱਗੇ ਪੂਜਾ ਕਰਨ ਲਈ ਗਏ। ਅਤੇ ਉਸ ਨੇ ਉੱਚਿਆਂ ਥਾਵਾਂ ਉੱਤੇ ਭਵਨ ਬਣਾਏ ਅਤੇ ਲੋਕਾਂ ਵਿੱਚੋਂ ਜੋ ਲੇਵੀ ਦੀ ਅੰਸ ਵਿੱਚੋਂ ਨਹੀਂ ਸਨ ਜਾਜਕ ਬਣਾਏ।” ਯਾਰਾਬੁਆਮ ਨੇ ਤਾਂ ‘ਇਸਰਾਏਲੀਆਂ ਲਈ ਇੱਕ ਪਰਬ ਵੀ ਠਹਿਰਾਇਆ’ ਅਤੇ ਉਸ ਨੇ ‘ਜਗਵੇਦੀ ਕੋਲ ਜਾ ਕੇ ਧੂਪ ਧੁਖਾਈ।’​—⁠1 ਰਾਜ. 12:​26-33.

12. ਯਾਰਾਬੁਆਮ ਦੇ ਉੱਤਰੀ ਰਾਜ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਲੋਕਾਂ ਨੇ ਕੀ ਕੀਤਾ ਸੀ ਜਦ ਉਸ ਨੇ ਸੋਨੇ ਦੇ ਦੋ ਵੱਛੇ ਬਣਾਏ ਸਨ?

12 ਉੱਤਰੀ ਰਾਜ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਲੋਕਾਂ ਨੇ ਕੀ ਕੀਤਾ? ਉਨ੍ਹਾਂ ਨੇ ਪੁਰਾਣੇ ਜ਼ਮਾਨੇ ਦੇ ਲੇਵੀਆਂ ਵਾਂਗ ਫ਼ੈਸਲਾ ਕਰਨ ਵਿਚ ਢਿੱਲ ਨਹੀਂ ਕੀਤੀ। (ਕੂਚ 32:​26-28; ਗਿਣ. 35:​6-⁠8; ਬਿਵ. 33:​8, 9) ਜਿਹੜੇ ਲੇਵੀ ਯਾਰਾਬੁਆਮ ਦੇ ਇਲਾਕੇ ਵਿਚ ਰਹਿੰਦੇ ਸਨ, ਉਹ ਆਪਣੇ ਘਰ ਛੱਡ ਕੇ ਆਪਣੇ ਪਰਿਵਾਰਾਂ ਨਾਲ ਦੱਖਣ ਨੂੰ ਚਲੇ ਗਏ ਜਿੱਥੇ ਉਨ੍ਹਾਂ ਨੂੰ ਯਹੋਵਾਹ ਦੀ ਭਗਤੀ ਕਰਨ ਵਿਚ ਕੋਈ ਰੁਕਾਵਟ ਨਹੀਂ ਸੀ। (2 ਇਤ. 11:​13, 14) ਜਿਹੜੇ ਇਸਰਾਏਲੀ ਦੱਖਣ ਵਿਚ ਯਹੂਦਾਹ ਨੂੰ ਆਏ ਹੋਏ ਸਨ, ਉਹ ਆਪਣੇ ਘਰਾਂ ਨੂੰ ਵਾਪਸ ਨਹੀਂ ਗਏ। (2 ਇਤ. 10:17) ਬਾਅਦ ਵਿਚ ਵੀ ਜੇ ਕੋਈ ਚਾਹੁੰਦਾ, ਤਾਂ ਉਹ ਵੱਛਿਆਂ ਦੀ ਪੂਜਾ ਛੱਡ ਕੇ ਯਹੂਦਾਹ ਵਿਚ ਯਹੋਵਾਹ ਦੀ ਸੇਵਾ ਕਰ ਸਕਦਾ ਸੀ।​—⁠2 ਇਤ. 15:​9-15.

13. ਅੱਜ ਵੀ ਸਾਡੇ ਉੱਤੇ ਦਬਾਅ ਕਿਵੇਂ ਪਾਇਆ ਜਾ ਰਿਹਾ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਕਰਨੀ ਛੱਡ ਦੇਈਏ?

13 ਅੱਜ ਵੀ ਸਾਡੇ ਉੱਤੇ ਦਬਾਅ ਪੈ ਰਿਹਾ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਕਰਨੀ ਛੱਡ ਦੇਈਏ। ਕੁਝ ਸਰਕਾਰਾਂ ਚਾਹੁੰਦੀਆਂ ਹਨ ਕਿ ਸਾਰੇ ਲੋਕ ਉਨ੍ਹਾਂ ਦੀ ਸੁਣਨ ਨਾ ਕਿ ਪਰਮੇਸ਼ੁਰ ਦੀ। ਭਾਵੇਂ ਪਾਦਰੀਆਂ ਅਤੇ ਹੋਰਨਾਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਚੁਣੇ ਹੋਏ ਸਮਝਿਆ ਹੈ, ਪਰ ਸਿਰਫ਼ ਯਹੋਵਾਹ ਦੇ ਲੋਕਾਂ ਵਿਚ “ਜਾਜਕਾਂ ਦੀ ਸ਼ਾਹੀ ਮੰਡਲੀ” ਪਾਈ ਜਾਂਦੀ ਹੈ।​—⁠1 ਪਤ. 2:9; ਪਰ. 14:​1-5.

14. ਅੱਜ ਅਸੀਂ ਲੇਵੀਆਂ ਦੀ ਮਿਸਾਲ ਤੇ ਕਿਵੇਂ ਚੱਲ ਸਕਦੇ ਹਾਂ?

14 ਯਾਰਾਬੁਆਮ ਦੇ ਸਮੇਂ ਵਿਚ ਰਹਿਣ ਵਾਲੇ ਵਫ਼ਾਦਾਰ ਲੇਵੀਆਂ ਦੀ ਤਰ੍ਹਾਂ ਅੱਜ ਵੀ ਯਹੋਵਾਹ ਪਰਮੇਸ਼ੁਰ ਦੇ ਸੇਵਕ ਉਸ ਦੀ ਭਗਤੀ ਛੱਡਣ ਵਾਲਿਆਂ ਦੀਆਂ ਗੱਲਾਂ ਵਿਚ ਨਹੀਂ ਆਉਂਦੇ। ਯਹੋਵਾਹ ਦੇ ਸਾਰੇ ਸੇਵਕ ਝੂਠੀਆਂ ਸਿੱਖਿਆਵਾਂ ਫੈਲਾਉਣ ਵਾਲਿਆਂ ਤੋਂ ਦੂਰ ਰਹਿੰਦੇ ਹਨ। (ਰੋਮੀਆਂ 16:17 ਪੜ੍ਹੋ।) ਅਸੀਂ ਸਰਕਾਰਾਂ ਦੇ ਅਧੀਨ ਰਹਿੰਦੇ ਹੋਏ ਸਿਆਸੀ ਮਾਮਲਿਆਂ ਵਿਚ ਹਿੱਸਾ ਨਹੀਂ ਲੈਂਦੇ ਕਿਉਂਕਿ ਅਸੀਂ ਪਰਮੇਸ਼ੁਰ ਦੇ ਰਾਜ ਦੇ ਵਫ਼ਾਦਾਰ ਰਹਿੰਦੇ ਹਾਂ। (ਯੂਹੰ. 18:36; ਰੋਮੀ. 13:​1-⁠8) ਅਸੀਂ ਉਨ੍ਹਾਂ ਦੀ ਨਹੀਂ ਸੁਣਦੇ ਜੋ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ, ਲੇਕਿਨ ਆਪਣੇ ਕੰਮਾਂ ਰਾਹੀਂ ਉਸ ਦਾ ਨਿਰਾਦਰ ਕਰਦੇ ਹਨ।​—⁠ਤੀਤੁ. 1:⁠16.

15. ਸਾਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਵਫ਼ਾਦਾਰ ਕਿਉਂ ਰਹਿਣਾ ਚਾਹੀਦਾ ਹੈ?

15 ਇਸ ਬਾਰੇ ਵੀ ਸੋਚੋ ਕਿ ਯਹੋਵਾਹ ਨੇ ਸਾਨੂੰ ਸ਼ਤਾਨ ਦੀ ਇਸ ਬੁਰੀ ਦੁਨੀਆਂ ਵਿੱਚੋਂ ਕੱਢ ਕੇ ਆਪਣੇ ਸੰਗਠਨ ਦੇ ਵਧੀਆ ਮਾਹੌਲ ਵਿਚ ਲਿਆਂਦਾ ਹੈ। (2 ਕੁਰਿੰ. 12:​1-⁠4) ਅਸੀਂ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਕਿੰਨੇ ਸ਼ੁਕਰਗੁਜ਼ਾਰ ਹਾਂ “ਜਿਹ ਨੂੰ ਮਾਲਕ ਨੇ ਆਪਣੇ ਨੌਕਰਾਂ ਚਾਕਰਾਂ ਉੱਤੇ ਮੁਖ਼ਤਿਆਰ ਕੀਤਾ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ।” ਯਿਸੂ ਮਸੀਹ ਨੇ ਇਸ ਨੌਕਰ ਨੂੰ ‘ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦਿੱਤਾ ਹੈ।’ (ਮੱਤੀ 24:​45-47) ਇਸ ਲਈ ਚਾਹੇ ਸਾਨੂੰ ਇਸ ਨੌਕਰ ਦੀਆਂ ਸਾਰੀਆਂ ਗੱਲਾਂ ਸਮਝ ਨਾ ਵੀ ਆਉਣ, ਫਿਰ ਵੀ ਅਸੀਂ ਯਹੋਵਾਹ ਦਾ ਲੜ ਛੱਡ ਕੇ ਸ਼ਤਾਨ ਦੀ ਦੁਨੀਆਂ ਵਿਚ ਵਾਪਸ ਨਹੀਂ ਜਾਂਦੇ। ਇਸ ਦੀ ਬਜਾਇ ਅਸੀਂ ਨਿਮਰਤਾ ਅਤੇ ਵਫ਼ਾਦਾਰੀ ਨਾਲ ਯਹੋਵਾਹ ਉੱਤੇ ਆਸ ਰੱਖਦੇ ਹਾਂ ਕਿ ਉਹ ਸਮੇਂ ਸਿਰ ਸਾਨੂੰ ਸਭ ਕੁਝ ਸਮਝਾ ਦੇਵੇਗਾ।

ਪਰਮੇਸ਼ੁਰ ਵੱਲੋਂ ਮਿਲਿਆ ਕੰਮ ਕਰਦੇ ਸਮੇਂ

16. ਯਹੂਦਾਹ ਤੋਂ ਆਏ ਨਬੀ ਨੂੰ ਕੀ ਕਰਨ ਲਈ ਕਿਹਾ ਗਿਆ ਸੀ?

16 ਯਹੋਵਾਹ ਯਾਰਾਬੁਆਮ ਦੇ ਕੰਮਾਂ ਤੋਂ ਖ਼ੁਸ਼ ਨਹੀਂ ਸੀ। ਸੋ ਉਸ ਨੇ ਯਹੂਦਾਹ ਤੋਂ ਆਪਣੇ ਨਬੀ ਨੂੰ ਬੈਤਏਲ ਭੇਜਿਆ। ਉੱਥੇ ਯਾਰਾਬੁਆਮ ਧੂਪ ਧੁਖਾਉਣ ਲਈ ਜਗਵੇਦੀ ਕੋਲ ਖੜ੍ਹਾ ਸੀ। ਯਹੋਵਾਹ ਨੇ ਇਸ ਨਬੀ ਨੂੰ ਕਿਹਾ ਕਿ ਉਹ ਯਾਰਾਬੁਆਮ ਨੂੰ ਸਜ਼ਾ ਸੁਣਾਏ। ਇਹ ਕਿੰਨਾ ਔਖਾ ਕੰਮ ਸੀ!​—⁠1 ਰਾਜ. 13:​1-3.

17. ਯਹੋਵਾਹ ਨੇ ਆਪਣੇ ਨਬੀ ਦੀ ਰਾਖੀ ਕਿਵੇਂ ਕੀਤੀ?

17 ਯਹੋਵਾਹ ਦੀ ਸਜ਼ਾ ਸੁਣ ਕੇ ਯਾਰਾਬੁਆਮ ਨੂੰ ਬਹੁਤ ਗੁੱਸਾ ਚੜ੍ਹਿਆ। ਉਸ ਨੇ ਆਪਣੀ ਬਾਂਹ ਲੰਮੀ ਕੀਤੀ ਅਤੇ ਉਸ ਨਬੀ ਵੱਲ ਇਸ਼ਾਰਾ ਕਰ ਕੇ ਕਿਹਾ: “ਏਸ ਨੂੰ ਫੜ ਲਓ।” ਪਰ ਯਹੋਵਾਹ ਨੇ ਆਪਣੇ ਨਬੀ ਦੀ ਰਾਖੀ ਕੀਤੀ। ਕਿਵੇਂ? ਅਚਾਨਕ ਕਿਸੇ ਦੇ ਕੁਝ ਕਰਨ ਤੋਂ ਪਹਿਲਾਂ ਰਾਜੇ ਦੀ “ਬਾਂਹ ਜਿਹੜੀ ਉਸ ਲੰਮੀ ਕੀਤੀ ਸੀ ਸੁੱਕ ਗਈ ਸੋ ਉਹ ਉਸ ਨੂੰ ਆਪਣੀ ਵੱਲ ਖਿੱਚ ਨਾ ਸੱਕਿਆ। ਤਾਂ ਜਗਵੇਦੀ ਵੀ ਪਾਟ ਗਈ ਅਤੇ ਸੁਆਹ ਉਸ ਜਗਵੇਦੀ ਤੋਂ ਢਿਲਕ ਪਈ।” ਯਾਰਾਬੁਆਮ ਨੇ ਉਸ ਨਬੀ ਨੂੰ ਕਿਹਾ ਕਿ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਰਦਾਸ ਕਰ ਕੇ ਉਸ ਦੇ ਹੱਥ ਨੂੰ ਚੰਗਾ ਕਰ ਦੇਵੇ। ਨਬੀ ਨੇ ਯਹੋਵਾਹ ਅੱਗੇ ਅਰਦਾਸ ਕੀਤੀ ਅਤੇ ਰਾਜੇ ਦਾ ਹੱਥ ਠੀਕ ਹੋ ਗਿਆ।​—⁠1 ਰਾਜ. 13:​4-6.

18. ਯਹੋਵਾਹ ਉਨ੍ਹਾਂ ਲੋਕਾਂ ਨੂੰ ਸਹਾਰਾ ਕਿਵੇਂ ਦਿੰਦਾ ਹੈ ਜੋ ਨਿਡਰਤਾ ਨਾਲ ਉਸ ਦੇ ਬਚਨ ਦਾ ਪ੍ਰਚਾਰ ਕਰਦੇ ਰਹਿੰਦੇ ਹਨ?

18 ਪ੍ਰਚਾਰ ਦਾ ਕੰਮ ਕਰਦੇ ਸਮੇਂ ਸਾਨੂੰ ਕਈ ਵਾਰ ਅਜਿਹੇ ਲੋਕ ਮਿਲਦੇ ਹਨ ਜੋ ਸਾਨੂੰ ਟੁੱਟ ਕੇ ਪੈਂਦੇ ਹਨ। (ਮੱਤੀ 24:14; 28:​19, 20) ਪਰ ਸਾਨੂੰ ਕਿਸੇ ਦੀ ਗੱਲ ਤੋਂ ਡਰਨਾ ਨਹੀਂ ਚਾਹੀਦਾ ਤੇ ਜੋਸ਼ ਨਾਲ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ। ਯਹੂਦਾਹ ਤੋਂ ਆਏ ਉਸ ਨਬੀ ਵਾਂਗ ‘ਸਾਨੂੰ ਇਹ ਬਖ਼ਸ਼ਿਆ ਗਿਆ ਹੈ ਕਿ ਅਸੀਂ ਵਫ਼ਾਦਾਰੀ ਨਾਲ ਬੇਧੜਕ ਹੋ ਕੇ ਯਹੋਵਾਹ ਦੀ ਉਪਾਸਨਾ ਕਰਦੇ ਰਹੀਏ।’ * (ਲੂਕਾ 1:​74, 75) ਅੱਜ ਸ਼ਾਇਦ ਯਹੋਵਾਹ ਸਾਡੇ ਲਈ ਵੱਡੇ ਕਰਾਮਾਤ ਨਾ ਕਰੇ, ਪਰ ਉਹ ਆਪਣੇ ਦੂਤਾਂ ਅਤੇ ਆਪਣੀ ਸ਼ਕਤੀ ਦੇ ਜ਼ਰੀਏ ਆਪਣੇ ਲੋਕਾਂ ਨੂੰ ਸਹਾਰਾ ਦੇ ਰਿਹਾ ਹੈ। (ਯੂਹੰਨਾ 14:​15-17; ਪਰਕਾਸ਼ ਦੀ ਪੋਥੀ 14:6 ਪੜ੍ਹੋ।) ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਕਦੀ ਨਹੀਂ ਛੱਡੇਗਾ ਜੋ ਨਿਡਰਤਾ ਨਾਲ ਉਸ ਦੇ ਬਚਨ ਦਾ ਪ੍ਰਚਾਰ ਕਰਦੇ ਰਹਿੰਦੇ ਹਨ।​—⁠ਫ਼ਿਲਿ. 1:​14, 28.

ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀ ਰਾਖੀ ਕਰਦਾ ਹੈ

19, 20. (ੳ) ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਕਦੀ ਨਹੀਂ ਛੱਡੇਗਾ? (ਅ) ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ਉੱਤੇ ਚਰਚਾ ਕੀਤੀ ਜਾਵੇਗੀ?

19 ਯਹੋਵਾਹ ਹਮੇਸ਼ਾ ਵਫ਼ਾਦਾਰ ਰਹਿੰਦਾ ਹੈ। ਬਾਈਬਲ ਕਹਿੰਦੀ ਹੈ: “ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ [ਵਫ਼ਾਦਾਰ] ਹੈ।” (ਜ਼ਬੂ. 145:17) ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਉਹ “ਆਪਣੇ ਭਗਤਾਂ ਦੇ ਰਾਹ ਦੀ ਰੱਛਿਆ” ਕਰੇਗਾ। (ਕਹਾ. 2:8) ਜ਼ੁਲਮ ਸਹਿੰਦੇ ਸਮੇਂ, ਯਹੋਵਾਹ ਨੂੰ ਛੱਡਣ ਵਾਲਿਆਂ ਦਾ ਸਾਮ੍ਹਣਾ ਕਰਦੇ ਸਮੇਂ ਅਤੇ ਪਰਮੇਸ਼ੁਰ ਵੱਲੋਂ ਮਿਲੇ ਔਖੇ ਕੰਮ ਕਰਦੇ ਸਮੇਂ ਯਹੋਵਾਹ ਆਪਣੇ ਭਗਤਾਂ ਨੂੰ ਸਹਾਰਾ ਦਿੰਦਾ ਰਹੇਗਾ।

20 ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ: ਮੁਸ਼ਕਲਾਂ ਤੇ ਪਰੀਖਿਆਵਾਂ ਦਾ ਸਾਮ੍ਹਣਾ ਕਰਦੇ ਹੋਏ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਮੇਰੀ ਮਦਦ ਕਿਵੇਂ ਹੋ ਸਕਦੀ ਹੈ? ਮੈਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਿਵੇਂ ਕਰ ਸਕਦਾ ਹਾਂ? ਅਗਲੇ ਲੇਖ ਵਿਚ ਇਨ੍ਹਾਂ ਉੱਤੇ ਚਰਚਾ ਕੀਤੀ ਜਾਵੇਗੀ।

[ਫੁਟਨੋਟ]

^ ਪੈਰਾ 18 ਇਸ ਨਬੀ ਬਾਰੇ ਅਗਲੇ ਲੇਖ ਵਿਚ ਹੋਰ ਚਰਚਾ ਕੀਤੀ ਜਾਵੇਗੀ।

ਤੁਸੀਂ ਕੀ ਜਵਾਬ ਦਿਓਗੇ?

• ਯਹੋਵਾਹ ਨੇ ਕਿਵੇਂ ਦਿਖਾਇਆ ਕਿ ਜਦ ਉਸ ਦੇ ਲੋਕ ਜ਼ੁਲਮ ਸਹਿੰਦੇ ਹਨ, ਤਾਂ ਉਹ ਉਨ੍ਹਾਂ ਦਾ ਸਾਥ ਨਹੀਂ ਛੱਡਦਾ?

• ਅੱਜ ਅਸੀਂ ਲੇਵੀਆਂ ਦੀ ਮਿਸਾਲ ਤੇ ਕਿਵੇਂ ਚੱਲ ਸਕਦੇ ਹਾਂ?

• ਜਦ ਅਸੀਂ ਪ੍ਰਚਾਰ ਕਰਦੇ ਹਾਂ, ਤਾਂ ਯਹੋਵਾਹ ਸਾਡੀ ਰਾਖੀ ਕਿਵੇਂ ਕਰਦਾ ਹੈ?

[ਸਵਾਲ]

[ਸਫ਼ਾ 5 ਉੱਤੇ ਤਸਵੀਰ/ਨਕਸ਼ਾ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਉੱਤਰੀ ਰਾਜ (ਯਾਰਾਬੁਆਮ)

ਦਾਨ

ਸ਼ਕਮ

ਬੈਤਏਲ

ਦੱਖਣੀ ਰਾਜ (ਰਹਬੁਆਮ)

ਯਰੂਸ਼ਲਮ

[ਤਸਵੀਰ]

ਜਦ ਯਾਰਾਬੁਆਮ ਨੇ ਸੋਨੇ ਦੇ ਵੱਛਿਆਂ ਦੀ ਪੂਜਾ ਕਰਵਾਉਣੀ ਸ਼ੁਰੂ ਕੀਤੀ, ਤਾਂ ਯਹੋਵਾਹ ਨੇ ਆਪਣੇ ਵਫ਼ਾਦਾਰ ਲੋਕਾਂ ਨੂੰ ਛੱਡਿਆ ਨਹੀਂ ਸੀ

[ਸਫ਼ਾ 3 ਉੱਤੇ ਤਸਵੀਰ]

ਸੁਲੇਮਾਨ ਤੇ ਉਸ ਦੀ ਪਰਜਾ ਨੂੰ ਬਰਕਤਾਂ ਪਾਉਣ ਲਈ ਕੁਝ ਕਰਨ ਦੀ ਲੋੜ ਸੀ