Skip to content

Skip to table of contents

ਦੂਸਰਿਆਂ ਦੀ ਇੱਜ਼ਤ ਕਰ ਕੇ ਯਹੋਵਾਹ ਦਾ ਆਦਰ ਕਰੋ

ਦੂਸਰਿਆਂ ਦੀ ਇੱਜ਼ਤ ਕਰ ਕੇ ਯਹੋਵਾਹ ਦਾ ਆਦਰ ਕਰੋ

ਦੂਸਰਿਆਂ ਦੀ ਇੱਜ਼ਤ ਕਰ ਕੇ ਯਹੋਵਾਹ ਦਾ ਆਦਰ ਕਰੋ

“[ਯਹੋਵਾਹ] ਸੱਚਮੁੱਚ ਸ਼ਾਨਦਾਰ ਤੇ ਮਹਾਨ ਗੱਲਾਂ ਕਰਦਾ ਹੈ।”​—⁠ਜ਼ਬੂ. 111:​3, ERV.

1, 2. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਉੱਤੇ ਚਰਚਾ ਕਰਾਂਗੇ?

ਬਾਈਬਲ ਕਹਿੰਦੀ ਹੈ ਕਿ ਯਹੋਵਾਹ ਨੇ ‘ਤੇਜ ਦੀ ਪੁਸ਼ਾਕ ਪਹਿਨੀ ਹੋਈ ਹੈ।’ (ਜ਼ਬੂ. 104:1) ਕਈ ਵਾਰ ਸਾਨੂੰ ਕਿਸੇ ਮੌਕੇ ਤੇ ਖ਼ਾਸ ਕੱਪੜੇ ਪਾਉਣ ਦੀ ਲੋੜ ਹੁੰਦੀ ਹੈ ਕਿਉਂਕਿ ਅਸੀਂ ਕਿਸੇ ਦਾ ਆਦਰ ਕਰਨਾ ਚਾਹੁੰਦੇ ਹਾਂ ਜਾਂ ਉਸ ਮੌਕੇ ਦੀ ਸ਼ਾਨ ਵਧਾਉਣੀ ਚਾਹੁੰਦੇ ਹਾਂ। ਮਿਸਾਲ ਲਈ, ਪੌਲੁਸ ਰਸੂਲ ਨੇ ਕਿਹਾ ਸੀ ਕਿ “ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨ, ਨਾ ਗੁੰਦਿਆਂ ਹੋਇਆਂ ਵਾਲਾਂ ਅਤੇ ਸੋਨੇ ਯਾ ਮੋਤੀਆਂ ਯਾ ਭਾਰੇ ਮੁੱਲ ਦੇ ਬਸਤ੍ਰਾਂ ਨਾਲ।” (1 ਤਿਮੋ. 2:9) ਚੱਜ ਦੇ ਕੱਪੜੇ ਪਾ ਕੇ ਅਤੇ ਦੂਜਿਆਂ ਨਾਲ ਅਦਬ ਨਾਲ ਪੇਸ਼ ਆ ਕੇ ਅਸੀਂ ਆਪਣੇ ਮਹਾਨ ਪਿਤਾ ਯਹੋਵਾਹ ਦਾ ਆਦਰ ਕਰਦੇ ਹਾਂ।​—⁠ਜ਼ਬੂ. 111:⁠3.

2 ਯਹੋਵਾਹ ਸਭ ਤੋਂ ਜ਼ਿਆਦਾ ਆਦਰ-ਮਾਣ ਦੇ ਯੋਗ ਹੈ। ਉਸ ਦੇ ਸੇਵਕਾਂ ਵਜੋਂ ਸਾਨੂੰ ਆਪਣੀ ਕਰਨੀ ਤੇ ਕਹਿਣੀ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਪਰ ਇਨਸਾਨਾਂ ਵਿਚ ਆਦਰ ਕਰਨ ਦੀ ਕਾਬਲੀਅਤ ਕਿੱਥੋਂ ਆਈ? ਯਹੋਵਾਹ ਦੀ ਮਹਾਨਤਾ ਦਾ ਸਬੂਤ ਕਿੱਥੋਂ ਮਿਲਦਾ ਹੈ? ਉਸ ਦੀ ਮਹਾਨਤਾ ਦਾ ਸਾਡੇ ਉੱਤੇ ਕਿਹੋ ਜਿਹਾ ਪ੍ਰਭਾਵ ਪੈਣਾ ਚਾਹੀਦਾ ਹੈ? ਯਿਸੂ ਮਸੀਹ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਅਸੀਂ ਪਰਮੇਸ਼ੁਰ ਵਾਂਗ ਦੂਜਿਆਂ ਦਾ ਆਦਰ ਕਿਵੇਂ ਕਰ ਸਕਦੇ ਹਾਂ?

ਆਦਰ ਕਰਨ ਦੀ ਕਾਬਲੀਅਤ ਕਿੱਥੋਂ ਆਈ?

3, 4. (ੳ) ਜਦ ਯਹੋਵਾਹ ਸਾਡਾ ਮਾਣ ਵਧਾਉਂਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (ਅ) 8ਵੇਂ ਜ਼ਬੂਰ ਵਿਚ ਦਾਊਦ ਦੀਆਂ ਗੱਲਾਂ ਹੋਰ ਕਿਸ ਉੱਤੇ ਲਾਗੂ ਹੁੰਦੀਆਂ ਹਨ? (ਫੁਟਨੋਟ ਦੇਖੋ।) (ੲ) ਪੁਰਾਣੇ ਜ਼ਮਾਨਿਆਂ ਵਿਚ ਯਹੋਵਾਹ ਨੇ ਕਿਨ੍ਹਾਂ-ਕਿਨ੍ਹਾਂ ਦਾ ਮਾਣ ਕੀਤਾ ਸੀ?

3 ਪਰਮੇਸ਼ੁਰ ਦੇ ਰੂਪ ਵਿਚ ਬਣਾਏ ਜਾਣ ਕਰਕੇ ਸਾਰੇ ਇਨਸਾਨਾਂ ਵਿਚ ਆਦਰ ਕਰਨ ਦੀ ਕਾਬਲੀਅਤ ਹੈ। ਯਹੋਵਾਹ ਨੇ ਪਹਿਲੇ ਆਦਮੀ ਨੂੰ ਧਰਤੀ ਦੀ ਦੇਖ-ਭਾਲ ਕਰਨ ਦਾ ਕੰਮ ਸੌਂਪ ਕੇ ਉਸ ਦਾ ਆਦਰ ਕੀਤਾ। (ਉਤ. 1:​26, 27) ਭਾਵੇਂ ਆਦਮ ਨੇ ਪਾਪ ਕੀਤਾ, ਫਿਰ ਵੀ ਯਹੋਵਾਹ ਨੇ ਇਨਸਾਨਾਂ ਤੋਂ ਧਰਤੀ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਵਾਪਸ ਨਹੀਂ ਲਈ। ਇਸ ਤਰੀਕੇ ਨਾਲ ਯਹੋਵਾਹ ਨੇ ਇਨਸਾਨਾਂ ਦੇ ਸਿਰ ਉੱਤੇ ਆਦਰ ਦਾ “ਮੁਕਟ” ਰੱਖਿਆ ਹੈ। (ਜ਼ਬੂਰਾਂ ਦੀ ਪੋਥੀ 8:​5-9 ਪੜ੍ਹੋ।) * ਸਾਨੂੰ ਵੀ ਯਹੋਵਾਹ ਦਾ ਆਦਰ ਕਰਨਾ ਚਾਹੀਦਾ ਅਤੇ ਉਸ ਦੇ ਸ਼ਾਨਦਾਰ ਨਾਂ ਦੀ ਵਡਿਆਈ ਕਰਨੀ ਚਾਹੀਦੀ ਹੈ।

4 ਯਹੋਵਾਹ ਉਨ੍ਹਾਂ ਦਾ ਖ਼ਾਸ ਕਰਕੇ ਆਦਰ ਕਰਦਾ ਹੈ ਜੋ ਉਸ ਦੀ ਸੇਵਾ ਕਰਦੇ ਹਨ। ਪਰਮੇਸ਼ੁਰ ਨੇ ਹਾਬਲ ਦੀ ਭੇਟ ਕਬੂਲ ਕਰ ਕੇ ਉਸ ਦਾ ਮਾਣ ਕੀਤਾ, ਪਰ ਕਇਨ ਦੀ ਭੇਟ ਕਬੂਲ ਨਹੀਂ ਕੀਤੀ। (ਉਤ. 4:​4, 5) ਮੂਸਾ ਨੂੰ ਕਿਹਾ ਗਿਆ ਸੀ ਕਿ ਉਹ ਯਹੋਸ਼ੁਆ ਨੂੰ ‘ਆਪਣੇ ਅਧਿਕਾਰਾਂ ਵਿੱਚੋਂ ਕੁਝ ਦੇਵੇ’ ਤਾਂਕਿ ਇਸਰਾਏਲੀਆਂ ਦੀ ਨਜ਼ਰ ਵਿਚ ਉਸ ਦਾ ਮਾਣ ਵਧੇ ਅਤੇ ਉਹ ਉਸ ਨੂੰ ਨਵਾਂ ਆਗੂ ਮੰਨਣ। (ਗਿਣ. 27:​20, CL) ਦਾਊਦ ਦੇ ਬੇਟੇ ਸੁਲੇਮਾਨ ਬਾਰੇ ਬਾਈਬਲ ਕਹਿੰਦੀ ਹੈ: “ਯਹੋਵਾਹ ਨੇ ਸਾਰੇ ਇਸਰਾਏਲ ਦੇ ਵੇਖਣ ਵਿੱਚ ਸੁਲੇਮਾਨ ਦੀ ਵੱਡੀ ਮਹਿਮਾ ਕੀਤੀ ਅਤੇ ਉਸ ਨੂੰ ਅਜਿਹਾ ਰਾਜ ਦਾ ਤੇਜ ਬਖ਼ਸ਼ ਦਿੱਤਾ, ਜਿਹਾ ਕੁ ਉਸ ਦੇ ਪਹਿਲੋਂ ਇਸਰਾਏਲ ਵਿੱਚ ਕਿਸੇ ਰਾਜੇ ਦਾ ਨਹੀਂ ਹੋਇਆ ਸੀ।” (1 ਇਤ. 29:25) ਪਰਮੇਸ਼ੁਰ ਮਸਹ ਕੀਤੇ ਹੋਏ ਮਸੀਹੀਆਂ ਨੂੰ ਸਵਰਗ ਵਿਚ ਖ਼ਾਸ ਜ਼ਿੰਮੇਵਾਰੀ ਦੇ ਕੇ ਉਨ੍ਹਾਂ ਦਾ ਆਦਰ ਕਰੇਗਾ ਜਿਨ੍ਹਾਂ ਨੇ “ਉਸ ਦੀ ਪਾਤਸ਼ਾਹੀ ਦੇ ਤੇਜਵਾਨ ਪਰਤਾਪ” ਦਾ ਵਫ਼ਾਦਾਰੀ ਨਾਲ ਐਲਾਨ ਕੀਤਾ ਹੈ। (ਜ਼ਬੂ. 145:​11-13) ਯਹੋਵਾਹ ਦੀ ਮਹਿਮਾ ਕਰ ਕੇ ‘ਹੋਰ ਭੇਡਾਂ’ ਦੀ ਵਧਦੀ ਗਿਣਤੀ ਨੂੰ ਵੀ ਇਸ ਕੰਮ ਵਿਚ ਹਿੱਸਾ ਲੈਣ ਦਾ ਸਨਮਾਨ ਮਿਲਦਾ ਹੈ। ਇਸ ਤਰ੍ਹਾਂ ਯਹੋਵਾਹ ਉਨ੍ਹਾਂ ਦਾ ਵੀ ਮਾਣ ਵਧਾਉਂਦਾ ਹੈ।​—⁠ਯੂਹੰ. 10:⁠16.

ਯਹੋਵਾਹ ਦੀ ਮਹਾਨਤਾ ਦਾ ਸਬੂਤ

5. ਯਹੋਵਾਹ ਕਿੰਨਾ ਮਹਾਨ ਹੈ?

5 ਦਾਊਦ ਨੇ ਇਕ ਭਜਨ ਵਿਚ ਯਹੋਵਾਹ ਦੀ ਮਹਾਨਤਾ ਦੀ ਤੁਲਨਾ ਇਨਸਾਨਾਂ ਦੇ ਛੋਟੇਪਣ ਨਾਲ ਕੀਤੀ ਸੀ। ਉਸ ਨੇ ਕਿਹਾ: “ਹੇ ਯਹੋਵਾਹ, ਸਾਡੇ ਪ੍ਰਭੁ, ਸਾਰੀ ਧਰਤੀ ਉੱਤੇ ਤੇਰਾ ਨਾਮ ਕੇਡਾ ਹੀ ਸ਼ਾਨਦਾਰ ਹੈ, ਜਿਹ ਨੇ ਆਪਣੇ ਤੇਜ ਨੂੰ ਅਕਾਸ਼ ਉੱਤੇ ਰੱਖਿਆ ਹੈ!” (ਜ਼ਬੂ. 8:1) “ਅਕਾਸ਼ ਤੇ ਧਰਤੀ” ਨੂੰ ਬਣਾਉਣ ਤੋਂ ਪਹਿਲਾਂ ਯਹੋਵਾਹ ਸਭ ਤੋਂ ਮਹਾਨ ਸੀ ਅਤੇ ਭਵਿੱਖ ਵਿਚ ਧਰਤੀ ਦੇ ਸੰਬੰਧ ਵਿਚ ਆਪਣਾ ਮਕਸਦ ਪੂਰਾ ਕਰਨ ਤੋਂ ਬਾਅਦ ਵੀ ਉਹ ਸਭ ਤੋਂ ਮਹਾਨ ਰਹੇਗਾ ਜਦ ਲੋਕ ਹਮੇਸ਼ਾ ਲਈ ਧਰਤੀ ਉੱਤੇ ਸੁਖ-ਸ਼ਾਂਤੀ ਵਿਚ ਵੱਸਣਗੇ।​—⁠ਉਤ. 1:1; 1 ਕੁਰਿੰ. 15:​24-28; ਪਰ. 21:​1-5.

6. ਦਾਊਦ ਨੇ ਤਾਰਿਆਂ-ਭਰੇ ਅੰਬਰ ਵੱਲ ਦੇਖ ਕੇ ਯਹੋਵਾਹ ਬਾਰੇ ਕੀ ਪਛਾਣਿਆ ਸੀ?

6 ਤਾਰਿਆਂ-ਭਰੇ ਅੰਬਰ ਵੱਲ ਦੇਖ ਕੇ ਦਾਊਦ ਨੇ ਯਹੋਵਾਹ ਦੀ ਮਹਾਨਤਾ ਪਛਾਣੀ। ਉਸ ਨੇ ਕਿਹਾ ਕਿ ਪਰਮੇਸ਼ੁਰ ਨੇ ‘ਅਕਾਸ਼ ਨੂੰ ਪੜਦੇ ਵਾਂਙੁ ਤਾਣਿਆ ਹੈ’ ਜਿਸ ਉੱਤੇ ਹੀਰਿਆਂ ਵਾਂਗ ਤਾਰੇ ਟਿਮਟਿਮਾਉਂਦੇ ਹਨ। ਉਸ ਦੇ ਲਾਜਵਾਬ ਕੰਮ ਦੇਖ ਕੇ ਦਾਊਦ ਦਾ ਦਿਲ ਸ਼ਰਧਾ ਨਾਲ ਭਰ ਗਿਆ ਸੀ। (ਜ਼ਬੂਰਾਂ ਦੀ ਪੋਥੀ 104:​1, 2 ਪੜ੍ਹੋ।) ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੀ ਮਹਾਨਤਾ ਦਾ ਸਬੂਤ ਉਸ ਦੀ ਰਚਨਾ ਤੋਂ ਮਿਲਦਾ ਹੈ।

7, 8. ਆਕਾਸ਼ ਤੋਂ ਸਾਨੂੰ ਯਹੋਵਾਹ ਦੀ ਮਹਾਨਤਾ ਦਾ ਕਿਹੜਾ ਸਬੂਤ ਮਿਲਦਾ ਹੈ?

7 ਮਿਸਾਲ ਲਈ, ਆਓ ਆਪਾਂ ਆਕਾਸ਼-ਗੰਗਾ ਗਲੈਕਸੀ ਉੱਤੇ ਗੋਰ ਕਰੀਏ। ਇਨ੍ਹਾਂ ਸਾਰਿਆਂ ਤਾਰਿਆਂ ਅਤੇ ਆਕਾਸ਼ੀ-ਪਿੰਡਾਂ ਵਿਚ ਸਾਡੀ ਧਰਤੀ ਇੰਨੀ ਛੋਟੀ ਹੈ ਜਿਵੇਂ ਉਹ ਇਕ ਵੱਡੇ ਬੀਚ ਉੱਤੇ ਰੇਤ ਦਾ ਇਕ ਦਾਣਾ ਹੋਵੇ। ਇਸ ਇਕ ਗਲੈਕਸੀ ਵਿਚ ਹੀ ਇਕ ਖਰਬ ਤੋਂ ਜ਼ਿਆਦਾ ਤਾਰੇ ਹਨ। ਜੇ ਤੁਸੀਂ ਹਰ ਸਕਿੰਟ ਇਕ ਨਵਾਂ ਤਾਰਾ ਗਿਣ ਸਕੋ ਅਤੇ ਇਸ ਤਰ੍ਹਾਂ 24 ਘੰਟੇ ਗਿਣਦੇ ਰਹੋ, ਤਾਂ ਤੁਹਾਨੂੰ 3,000 ਤੋਂ ਜ਼ਿਆਦਾ ਸਾਲ ਲੱਗਣਗੇ!

8 ਜੇ ਆਕਾਸ਼-ਗੰਗਾ ਗਲੈਕਸੀ ਵਿਚ ਇਕ ਖਰਬ ਤਾਰੇ ਹਨ, ਤਾਂ ਦੂਜੀਆਂ ਗਲੈਕਸੀਆਂ ਵਿਚ ਕਿੰਨੇ ਤਾਰੇ ਹੋਣਗੇ? ਖਗੋਲ-ਵਿਗਿਆਨੀਆਂ ਅਨੁਸਾਰ 50 ਅਰਬ ਤੋਂ ਲੈ ਕੇ ਇਕ ਖਰਬ ਪੱਚੀ ਅਰਬ ਗਲੈਕਸੀਆਂ ਹੋ ਸਕਦੀਆਂ ਹਨ। ਜਦ ਇਨਸਾਨ ਗਲੈਕਸੀਆਂ ਦੀ ਗਿਣਤੀ ਦਾ ਅਨੁਮਾਨ ਨਹੀਂ ਲੱਗਾ ਸਕਦੇ, ਤਾਂ ਉਹ ਉਨ੍ਹਾਂ ਵਿਚਲੇ ਤਾਰਿਆਂ ਨੂੰ ਕਿਸ ਤਰ੍ਹਾਂ ਗਿਣ ਸਕਦੇ ਹਨ? ਪਰ ਯਹੋਵਾਹ “ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬੁਲਾਉਂਦਾ ਹੈ।” (ਜ਼ਬੂ. 147:4) ਯਹੋਵਾਹ ਦੀ ਰਚਨਾ ਤੋਂ ਉਸ ਦੀ ਮਹਾਨਤਾ ਦੇਖ ਕੇ ਕੀ ਅਸੀਂ ਉਸ ਦੇ ਸ਼ਾਨਦਾਰ ਨਾਂ ਦੀ ਮਹਿਮਾ ਨਹੀਂ ਕਰਨੀ ਚਾਹੁੰਦੇ?

9, 10. ਰੋਟੀ ਦੀ ਮਿਸਾਲ ਤੋਂ ਸਾਨੂੰ ਯਹੋਵਾਹ ਦੀ ਬੁੱਧ ਅਤੇ ਮਹਾਨਤਾ ਦਾ ਸਬੂਤ ਕਿਵੇਂ ਮਿਲਦਾ ਹੈ?

9 ਆਓ ਹੁਣ ਆਪਾਂ ਆਕਾਸ਼ ਦੀ ਗੱਲ ਛੱਡ ਕੇ ਰੋਟੀ ਬਾਰੇ ਗੱਲ ਕਰੀਏ। ਯਹੋਵਾਹ ਸਿਰਫ਼ “ਅਕਾਸ਼ ਤੇ ਧਰਤੀ” ਨੂੰ ਬਣਾਉਣ ਵਾਲਾ ਹੀ ਨਹੀਂ, ਸਗੋਂ ਉਹ “ਭੁੱਖਿਆਂ ਨੂੰ ਰੋਟੀ” ਦੇਣ ਵਾਲਾ ਵੀ ਹੈ। (ਜ਼ਬੂ. 146:​6, 7) ਯਹੋਵਾਹ ਦੀ ਮਹਾਨਤਾ ਉਸ ਦੇ ਕੰਮਾਂ ਤੋਂ ਦੇਖੀ ਜਾ ਸਕਦੀ ਹੈ। ਮਿਸਾਲ ਲਈ, ਉਸ ਨੇ ਸਾਨੂੰ ਅਨਾਜ ਦਿੱਤੇ ਜਿਨ੍ਹਾਂ ਤੋਂ ਰੋਟੀ ਬਣਾਈ ਜਾਂਦੀ ਹੈ। (ਜ਼ਬੂਰਾਂ ਦੀ ਪੋਥੀ 111:​1-5 ਪੜ੍ਹੋ।) ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ: “ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ।” (ਮੱਤੀ 6:11) ਇਸਰਾਏਲੀ ਰੋਜ਼ ਰੋਟੀ ਖਾਂਦੇ ਸੀ। ਭਾਵੇਂ ਅਸੀਂ ਰੋਟੀ ਨੂੰ ਸਾਧਾਰਣ ਚੀਜ਼ ਸਮਝੀਏ, ਪਰ ਸਾਧਾਰਣ ਚੀਜ਼ਾਂ ਨਾਲ ਇੰਨੀ ਸੁਆਦਲੀ ਚੀਜ਼ ਕਿਵੇਂ ਬਣ ਜਾਂਦੀ ਹੈ ਸਮਝਣਾ ਸੌਖਾ ਨਹੀਂ।

10 ਇਸਰਾਏਲੀ ਕਣਕ ਜਾਂ ਜੌਂ ਦੇ ਆਟੇ ਤੋਂ ਰੋਟੀ ਬਣਾਉਂਦੇ ਸਨ। ਕਈ ਵਾਰ ਉਹ ਉਸ ਵਿਚ ਖ਼ਮੀਰ ਵੀ ਪਾਉਂਦੇ ਸਨ। ਵਿਗਿਆਨੀ ਹੈਰਾਨ ਹੁੰਦੇ ਹਨ ਕਿ ਆਟਾ, ਪਾਣੀ ਅਤੇ ਖ਼ਮੀਰ ਮਿਲਾ ਕੇ ਕੀ ਹੁੰਦਾ ਹੈ। ਇਸ ਗੱਲ ਨੂੰ ਉਹ ਪੂਰੀ ਤਰ੍ਹਾਂ ਸਮਝਦੇ ਨਹੀਂ। ਇਸ ਤੋਂ ਇਲਾਵਾ ਵਿਗਿਆਨੀ ਇਸ ਗੱਲ ਤੋਂ ਵੀ ਹੈਰਾਨ ਹੁੰਦੇ ਹਨ ਕਿ ਰੋਟੀ ਹਜ਼ਮ ਕਿਵੇਂ ਕੀਤੀ ਜਾਂਦੀ ਹੈ। ਇਸੇ ਲਈ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ।” (ਜ਼ਬੂ. 104:24) ਕੀ ਤੁਸੀਂ ਵੀ ਇਸੇ ਤਰ੍ਹਾਂ ਯਹੋਵਾਹ ਦੇ ਜਸ ਗਾਉਣੇ ਚਾਹੁੰਦੇ ਹੋ?

ਯਹੋਵਾਹ ਦੀ ਮਹਾਨਤਾ ਦਾ ਸਾਡੇ ਉੱਤੇ ਕੀ ਪ੍ਰਭਾਵ ਪੈਂਦਾ ਹੈ?

11, 12. ਯਹੋਵਾਹ ਦੀ ਰਚਨਾ ਉੱਤੇ ਸੋਚ-ਵਿਚਾਰ ਕਰਨ ਦਾ ਸਾਡੇ ਉੱਤੇ ਕੀ ਪ੍ਰਭਾਵ ਪਵੇਗਾ?

11 ਰੋਟੀ ਖਾਣ ਜਾਂ ਤਾਰਿਆਂ-ਭਰੇ ਅੰਬਰ ਦਾ ਮਜ਼ਾ ਲੈਣ ਲਈ ਸਾਨੂੰ ਵਿਗਿਆਨੀ ਹੋਣ ਦੀ ਜ਼ਰੂਰਤ ਨਹੀਂ। ਆਪਣੇ ਸਿਰਜਣਹਾਰ ਦੇ ਕੰਮਾਂ ਦੀ ਕਦਰ ਕਰਨ ਲਈ ਸਾਨੂੰ ਸਮਾਂ ਕੱਢ ਕੇ ਉਸ ਦੀ ਰਚਨਾ ਬਾਰੇ ਸੋਚਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਦਾ ਸਾਡੇ ਉੱਤੇ ਕੀ ਪ੍ਰਭਾਵ ਪਵੇਗਾ? ਉਹੀ ਪ੍ਰਭਾਵ ਜੋ ਉਸ ਦੇ ਹੋਰਨਾਂ ਕੰਮਾਂ ਬਾਰੇ ਸੋਚਣ ਨਾਲ ਪੈਂਦਾ ਹੈ।

12 ਯਹੋਵਾਹ ਨੇ ਜੋ ਵੱਡੇ ਕੰਮ ਆਪਣੇ ਲੋਕਾਂ ਲਈ ਕੀਤੇ ਸਨ ਉਨ੍ਹਾਂ ਬਾਰੇ ਦਾਊਦ ਨੇ ਭਜਨ ਵਿਚ ਕਿਹਾ: “ਮੈਂ ਤੇਰੇ ਤੇਜਵਾਨ ਪਰਤਾਪ ਦੀ ਸ਼ਾਨ ਦਾ, ਅਤੇ ਤੇਰੇ ਅਚਰਜ ਕੰਮਾਂ ਦਾ ਧਿਆਨ ਕਰਾਂਗਾ।” (ਜ਼ਬੂ. 145:5) ਬਾਈਬਲ ਦੀ ਸਟੱਡੀ ਕਰ ਕੇ ਅਤੇ ਉਸ ਵਿਚ ਲਿਖਿਆਂ ਗੱਲਾਂ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਪਰਮੇਸ਼ੁਰ ਦੇ ਕੰਮਾਂ ਦਾ ਧਿਆਨ ਕਰਦੇ ਹਾਂ। ਇਸ ਤਰ੍ਹਾਂ ਕਰਨ ਦਾ ਸਾਡੇ ਉੱਤੇ ਕੀ ਪ੍ਰਭਾਵ ਪਵੇਗਾ? ਪਰਮੇਸ਼ੁਰ ਦੀ ਮਹਾਨਤਾ ਲਈ ਸਾਡੀ ਕਦਰ ਵਧੇਗੀ ਅਤੇ ਅਸੀਂ ਦਾਊਦ ਵਾਂਗ ਕਹਾਂਗੇ: “ਮੈਂ ਤੇਰੀ ਮਹਾਨਤਾ ਦਾ ਵਰਨਣ ਕਰਾਂਗਾ।” (ਜ਼ਬੂ. 145:6) ਇਸ ਤਰ੍ਹਾਂ ਮਨਨ ਕਰ ਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ ਅਤੇ ਅਸੀਂ ਹੋਰਨਾਂ ਨੂੰ ਉਸ ਬਾਰੇ ਜ਼ੋਰਾਂ-ਸ਼ੋਰਾਂ ਨਾਲ ਦੱਸਾਂਗੇ। ਕੀ ਤੁਸੀਂ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹੋ ਤਾਂਕਿ ਦੂਸਰੇ ਲੋਕ ਵੀ ਯਹੋਵਾਹ ਦੀ ਵਡਿਆਈ ਕਰਨੀ ਸਿੱਖਣ?

ਯਿਸੂ ਵਾਂਗ ਦੂਸਰਿਆਂ ਦਾ ਆਦਰ-ਮਾਣ ਕਰੋ

13. (ੳ) ਦਾਨੀਏਲ 7:​13, 14 ਅਨੁਸਾਰ ਯਹੋਵਾਹ ਨੇ ਆਪਣੇ ਪੁੱਤਰ ਨੂੰ ਕੀ ਦਿੱਤਾ ਹੈ? (ਅ) ਰਾਜੇ ਵਜੋਂ ਯਿਸੂ ਮਸੀਹ ਆਪਣੇ ਲੋਕਾਂ ਦਾ ਧਿਆਨ ਕਿਵੇਂ ਰੱਖਦਾ ਹੈ?

13 ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਨੇ ਜ਼ੋਰਾਂ-ਸ਼ੋਰਾਂ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਆਪਣੇ ਪਿਤਾ ਯਹੋਵਾਹ ਦੀ ਮਹਿਮਾ ਕੀਤੀ। ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ‘ਪਾਤਸ਼ਾਹੀ ਅਰ ਰਾਜ’ ਦੇ ਕੇ ਉਸ ਦਾ ਮਾਣ ਕੀਤਾ। (ਦਾਨੀਏਲ 7:​13, 14 ਪੜ੍ਹੋ।) ਪਰ ਕੀ ਰਾਜ ਮਿਲਣ ਤੇ ਯਿਸੂ ਘਮੰਡੀ ਬਣ ਗਿਆ ਸੀ? ਨਹੀਂ, ਉਹ ਇਕ ਦਇਆਵਾਨ ਰਾਜਾ ਹੈ ਜੋ ਆਪਣੇ ਲੋਕਾਂ ਦੀਆਂ ਕਮੀਆਂ-ਕਮਜ਼ੋਰੀਆਂ ਸਮਝਦਾ ਹੈ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਆਓ ਆਪਾਂ ਧਿਆਨ ਦੇਈਏ ਕਿ ਜਦ ਯਿਸੂ ਧਰਤੀ ਉੱਤੇ ਸੀ, ਤਾਂ ਉਹ ਲੋਕਾਂ ਨਾਲ ਕਿਵੇਂ ਪੇਸ਼ ਆਇਆ, ਖ਼ਾਸ ਕਰਕੇ ਉਨ੍ਹਾਂ ਨਾਲ ਜਿਨ੍ਹਾਂ ਨੂੰ ਨੀਚ ਸਮਝਿਆ ਜਾਂਦਾ ਸੀ।

14. ਪੁਰਾਣੇ ਜ਼ਮਾਨੇ ਵਿਚ ਲੋਕ ਕੋੜ੍ਹੀਆਂ ਨਾਲ ਕਿਵੇਂ ਪੇਸ਼ ਆਉਂਦੇ ਸਨ?

14 ਪੁਰਾਣੇ ਜ਼ਮਾਨੇ ਵਿਚ ਕੋੜ੍ਹ ਨਾਲ ਪੀੜਤਿ ਲੋਕ ਬਹੁਤ ਦੁੱਖ ਸਹਿਣ ਤੋਂ ਬਾਅਦ ਹੀ ਮਰਦੇ ਸਨ। ਮਰੀਜ਼ ਦੇ ਅੰਗ ਹੌਲੀ-ਹੌਲੀ ਗਲ਼ ਜਾਂਦੇ ਸਨ। ਕਿਸੇ ਨੂੰ ਕੋੜ੍ਹ ਤੋਂ ਠੀਕ ਕਰਨਾ ਮੁਰਦੇ ਨੂੰ ਫਿਰ ਤੋਂ ਜ਼ਿੰਦਾ ਕਰਨ ਦੇ ਬਰਾਬਰ ਸੀ। (ਗਿਣ. 12:12; 2 ਰਾਜ. 5:​7, 14) ਕੋੜ੍ਹੀਆਂ ਨੂੰ ਅਸ਼ੁੱਧ ਸਮਝਿਆ ਜਾਂਦਾ ਸੀ, ਉਨ੍ਹਾਂ ਨਾਲ ਨਫ਼ਰਤ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਬਾਕੀ ਲੋਕਾਂ ਤੋਂ ਦੂਰ ਰੱਖਿਆ ਜਾਂਦਾ ਸੀ। ਜਦ ਵੀ ਉਹ ਕਿਸੇ ਦੇ ਨੇੜੇ ਆਉਂਦੇ ਸਨ, ਤਾਂ ਉਨ੍ਹਾਂ ਨੂੰ “ਅਸ਼ੁੱਧ! ਅਸ਼ੁੱਧ!” ਕਹਿ ਕੇ ਲੋਕਾਂ ਨੂੰ ਖ਼ਬਰਦਾਰ ਕਰਨਾ ਪੈਂਦਾ ਸੀ। (ਲੇਵੀ. 13:​43-46) ਕੋੜ੍ਹੀ ਨੂੰ ਮੁਰਦੇ ਸਮਾਨ ਸਮਝਿਆ ਜਾਂਦਾ ਸੀ। ਯਹੂਦੀ ਆਗੂਆਂ ਨੇ ਅਸੂਲ ਬਣਾਏ ਸਨ ਕਿ ਕੋੜ੍ਹੀ ਦੂਜਿਆਂ ਤੋਂ ਦੋ ਕੁ ਮੀਟਰ ਦੂਰ ਹੀ ਰਹੇ। ਇਕ ਧਰਮ-ਸ਼ਾਸਤਰੀ ਨੇ ਕੋੜ੍ਹੀਆਂ ਨੂੰ ਆਪਣੇ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਪੱਥਰ ਮਾਰੇ ਸਨ।

15. ਯਿਸੂ ਨੇ ਇਕ ਕੋੜ੍ਹੀ ਲਈ ਕੀ ਕੀਤਾ ਸੀ?

15 ਇਕ ਵਾਰ ਇਕ ਕੋੜ੍ਹੀ ਨੇ ਯਿਸੂ ਕੋਲ ਆ ਕੇ ਮਿੰਨਤ ਕੀਤੀ ਕਿ ਉਹ ਉਸ ਨੂੰ ਠੀਕ ਕਰ ਦੇਵੇ। (ਮਰਕੁਸ 1:​40-42 ਪੜ੍ਹੋ।) ਆਪਣੇ ਤੋਂ ਦੂਰ ਕਰਨ ਦੀ ਬਜਾਇ ਯਿਸੂ ਨੂੰ ਉਸ ਉੱਤੇ ਤਰਸ ਆਇਆ ਅਤੇ ਉਸ ਨੇ ਉਸ ਦਾ ਮਾਣ ਕੀਤਾ। ਯਿਸੂ ਨੂੰ ਸਿਰਫ਼ ਇਕ ਕੋੜ੍ਹੀ ਨਹੀਂ, ਪਰ ਇਕ ਇਨਸਾਨ ਨਜ਼ਰ ਆਇਆ ਜਿਸ ਨੂੰ ਉਸ ਦੀ ਮਦਦ ਦੀ ਲੋੜ ਸੀ। ਯਿਸੂ ਨੂੰ ਸਿਰਫ਼ ਤਰਸ ਹੀ ਨਹੀਂ ਆਇਆ, ਪਰ ਉਸ ਨੇ ਕੁਝ ਕੀਤਾ ਵੀ। ਅੱਗੇ ਹੋ ਕੇ ਉਸ ਨੇ ਕੋੜ੍ਹੀ ਨੂੰ ਹੱਥ ਲਾਇਆ ਤੇ ਉਸ ਨੂੰ ਠੀਕ ਕੀਤਾ।

16. ਦੂਸਰਿਆਂ ਨਾਲ ਪੇਸ਼ ਆਉਣ ਦੇ ਸੰਬੰਧ ਵਿਚ ਤੁਸੀਂ ਯਿਸੂ ਤੋਂ ਕੀ ਸਿੱਖਿਆ ਹੈ?

16 ਯਿਸੂ ਆਪਣੇ ਪਿਤਾ ਵਾਂਗ ਲੋਕਾਂ ਦਾ ਲਿਹਾਜ਼ ਕਰਦਾ ਸੀ। ਉਸ ਦੇ ਚੇਲਿਆਂ ਵਜੋਂ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ ਸਾਰੇ ਇਨਸਾਨਾਂ ਨੂੰ ਆਦਰ ਯੋਗ ਸਮਝੀਏ ਭਾਵੇਂ ਉਹ ਅਮੀਰ ਹੋਣ ਜਾਂ ਗ਼ਰੀਬ, ਜਵਾਨ ਹੋਣ ਜਾਂ ਬਜ਼ੁਰਗ, ਤੰਦਰੁਸਤ ਹੋਣ ਜਾਂ ਬੀਮਾਰ। (1 ਪਤ. 2:17) ਖ਼ਾਸ ਕਰਕੇ ਪਤੀਆਂ, ਮਾਪਿਆਂ ਅਤੇ ਕਲੀਸਿਯਾ ਦੇ ਬਜ਼ੁਰਗਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹ ਦੂਸਰਿਆਂ ਨੂੰ ਛੋਟੇ ਨਾ ਮਹਿਸੂਸ ਕਰਾਉਣ। ਸਾਰੇ ਭੈਣਾਂ-ਭਰਾਵਾਂ ਨੂੰ ਦੂਸਰਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਸੰਬੰਧ ਵਿਚ ਬਾਈਬਲ ਕਹਿੰਦੀ ਹੈ: “ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।”​—⁠ਰੋਮੀ. 12:⁠10.

ਆਦਰ-ਸਤਿਕਾਰ ਦਾ ਭਗਤੀ ਨਾਲ ਸੰਬੰਧ

17. ਯਹੋਵਾਹ ਦੀ ਭਗਤੀ ਕਰਨ ਵੇਲੇ ਸਾਨੂੰ ਆਪਣੇ ਕੱਪੜਿਆਂ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?

17 ਯਹੋਵਾਹ ਦੀ ਭਗਤੀ ਕਰਨ ਸਮੇਂ ਸਾਨੂੰ ਉਸ ਦਾ ਆਦਰ ਕਰਨਾ ਚਾਹੀਦਾ ਹੈ। ਉਪਦੇਸ਼ਕ ਦੀ ਪੋਥੀ 5:1 ਵਿਚ ਲਿਖਿਆ ਹੈ: “ਜਿਸ ਵੇਲੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇਂ ਤਾਂ ਪੈਰ ਚੌਕਸੀ ਨਾਲ ਧਰ।” ਮੂਸਾ ਅਤੇ ਯਹੋਸ਼ੁਆ ਦੋਹਾਂ ਨੂੰ ਪਵਿੱਤਰ ਜਗ੍ਹਾ ਵਿਚ ਹੋਣ ਕਰਕੇ ਪੈਰੋਂ ਜੁੱਤੀ ਲਾਉਣ ਲਈ ਕਿਹਾ ਗਿਆ ਸੀ। (ਕੂਚ 3:5; ਯਹੋ. 5:15) ਇਹ ਪਰਮੇਸ਼ੁਰ ਦਾ ਆਦਰ ਕਰਨ ਲਈ ਸੀ। ਲੇਵੀ ਜਾਜਕਾਂ ਨੂੰ ਆਪਣਾ ‘ਨੰਗੇਜ ਕੱਜਣ ਲਈ’ ਕਤਾਨ ਦੇ ਕਛਹਿਰੇ ਪਾਉਣ ਨੂੰ ਕਿਹਾ ਗਿਆ ਸੀ। (ਕੂਚ 28:​42, 43) ਇਸ ਤਰ੍ਹਾਂ ਚੱਜ ਦੇ ਕੱਪੜੇ ਪਾ ਕੇ ਉਹ ਪਰਮੇਸ਼ੁਰ ਦਾ ਆਦਰ ਕਰਦੇ ਸਨ। ਜਾਜਕਾਂ ਦੇ ਪਰਿਵਾਰਾਂ ਦੇ ਹਰ ਮੈਂਬਰ ਨੂੰ ਵੀ ਚੱਜ ਦੇ ਕੱਪੜੇ ਪਾਉਣੇ ਪੈਂਦੇ ਸਨ।

18. ਅਸੀਂ ਦੂਜਿਆਂ ਦਾ ਆਦਰ-ਸਤਿਕਾਰ ਕਿਉਂ ਅਤੇ ਕਿਵੇਂ ਕਰਦੇ ਹਾਂ?

18 ਆਦਰ-ਸਤਿਕਾਰ ਦਾ ਭਗਤੀ ਨਾਲ ਸੰਬੰਧ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਕੋਈ ਸਾਡਾ ਆਦਰ-ਸਤਿਕਾਰ ਕਰੇ, ਤਾਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦਾ ਆਦਰ-ਸਤਿਕਾਰ ਕਰੀਏ। ਇਹ ਸਾਨੂੰ ਉੱਪਰੋਂ-ਉੱਪਰੋਂ ਦਿਖਾਵੇ ਲਈ ਨਹੀਂ, ਸਗੋਂ ਦਿਲੋਂ ਕਰਨਾ ਚਾਹੀਦਾ ਹੈ। (1 ਸਮੂ. 16:7; ਕਹਾ. 21:2) ਸਾਡੀ ਕਹਿਣੀ ਅਤੇ ਕਰਨੀ ਤੋਂ ਹਰ ਵੇਲੇ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਦੂਸਰਿਆਂ ਦਾ ਆਦਰ-ਮਾਣ ਕਰਦੇ ਹਾਂ। ਨਾਲੇ ਸਾਨੂੰ ਆਪਣਾ ਮਾਣ ਕਰਨਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਆਪਣਾ ਨਾ ਕੀਤਾ, ਤਾਂ ਹੋਰ ਕੋਈ ਸਾਡਾ ਕਿਉਂ ਕਰੇਗਾ? ਸਾਨੂੰ ਆਪਣੇ ਚਾਲ-ਚਲਣ ਅਤੇ ਪਹਿਰਾਵੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਆਓ ਆਪਾਂ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਉੱਤੇ ਚੱਲੀਏ: “ਅਸੀਂ ਕਿਸੇ ਗੱਲ ਵਿੱਚ ਠੋਕਰ ਨਹੀਂ ਖੁਆਉਂਦੇ ਭਈ ਕਿਤੇ ਇਸ ਸੇਵਕਾਈ ਉੱਤੇ ਹਰਫ਼ ਨਾ ਆਵੇ। ਪਰ ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦਿੰਦੇ ਹਾਂ।” (2 ਕੁਰਿੰ. 6:​3, 4) ਅਸੀਂ ‘ਸਾਰੀਆਂ ਗੱਲਾਂ ਵਿੱਚ ਆਪਣੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਦੇ ਹਾਂ।’​—⁠ਤੀਤੁ. 2:⁠10.

ਪਰਮੇਸ਼ੁਰ ਵਾਂਗ ਅਦਬ ਨਾਲ ਪੇਸ਼ ਆਓ

19, 20. (ੳ) ਦੂਜਿਆਂ ਦਾ ਆਦਰ-ਮਾਣ ਕਰਨ ਦਾ ਇਕ ਤਰੀਕਾ ਕੀ ਹੈ? (ਅ) ਸਾਨੂੰ ਕੀ ਕਰਨ ਲਈ ਆਪਣਾ ਮਨ ਬਣਾ ਲੈਣਾ ਚਾਹੀਦਾ ਹੈ?

19 ਮਸਹ ਕੀਤੇ ਹੋਏ ਮਸੀਹੀਆਂ ਨੂੰ “ਮਸੀਹ ਦੇ ਏਲਚੀ” ਬਣਨ ਦਾ ਸਨਮਾਨ ਮਿਲਿਆ ਹੈ। (2 ਕੁਰਿੰ. 5:20) ਇਨ੍ਹਾਂ ਦਾ ਸਾਥ ਦਿੰਦੇ ਹੋਏ ‘ਹੋਰ ਭੇਡਾਂ’ ਨੂੰ ਵੀ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਦਾ ਸਨਮਾਨ ਮਿਲਿਆ ਹੈ। ਜਦ ਕਿਸੇ ਇਨਸਾਨ ਨੂੰ ਆਪਣੇ ਦੇਸ਼ ਦਾ ਪ੍ਰਤਿਨਿਧ ਬਣਨ ਦਾ ਸਨਮਾਨ ਮਿਲਦਾ ਹੈ, ਤਾਂ ਉਸ ਨੂੰ ਬੜਾ ਮਾਣ ਹੁੰਦਾ ਹੈ। ਇਸੇ ਤਰ੍ਹਾਂ ਸਾਨੂੰ ਵੀ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਦੇਣ ਤੇ ਮਾਣ ਹੋਣਾ ਚਾਹੀਦਾ ਹੈ ਅਤੇ ਸਾਨੂੰ ਇਹ ਕੰਮ ਦਲੇਰੀ ਨਾਲ ਕਰਨਾ ਚਾਹੀਦਾ ਹੈ। (ਅਫ਼. 6:​19, 20) ਜਦ ਅਸੀਂ ਕਿਸੇ ਨੂੰ “ਭਲਿਆਈ ਦੀ ਖੁਸ਼ ਖਬਰ” ਸੁਣਾਉਂਦੇ ਹਾਂ, ਤਾਂ ਅਸੀਂ ਉਨ੍ਹਾਂ ਦਾ ਆਦਰ ਕਰਦੇ ਹਾਂ।​—⁠ਯਸਾ. 52:⁠7.

20 ਸਾਨੂੰ ਆਪਣਾ ਮਨ ਬਣਾ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਨੇਕ ਚਾਲ-ਚਲਣ ਰਾਹੀਂ ਪਰਮੇਸ਼ੁਰ ਦੀ ਵਡਿਆਈ ਕਰਾਂਗੇ। (1 ਪਤ. 2:12) ਆਓ ਆਪਾਂ ਹਮੇਸ਼ਾ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਦਾ ਆਦਰ-ਮਾਣ ਕਰਦੇ ਰਹੀਏ। ਅਸੀਂ ਉਮੀਦ ਰੱਖਦੇ ਹਾਂ ਕਿ ਸਾਡਾ ਮਹਾਨ ਪਰਮੇਸ਼ੁਰ ਯਹੋਵਾਹ ਸਾਨੂੰ ਦੇਖ ਕੇ ਖ਼ੁਸ਼ ਹੋਵੇਗਾ।

[ਫੁਟਨੋਟ]

^ ਪੈਰਾ 3 8ਵੇਂ ਜ਼ਬੂਰ ਵਿਚ ਦਾਊਦ ਦੀਆਂ ਗੱਲਾਂ ਯਿਸੂ ਮਸੀਹ ਉੱਤੇ ਵੀ ਲਾਗੂ ਹੁੰਦੀਆਂ ਹਨ।​—⁠ਇਬ. 2:​5-9.

ਤੁਸੀਂ ਕੀ ਜਵਾਬ ਦਿਓਗੇ?

• ਯਹੋਵਾਹ ਦੀ ਮਹਾਨਤਾ ਦਾ ਸਾਡੇ ਉੱਤੇ ਕੀ ਪ੍ਰਭਾਵ ਪੈਣਾ ਚਾਹੀਦਾ ਹੈ?

• ਇਸ ਤੋਂ ਅਸੀਂ ਕੀ ਸਿੱਖਦੇ ਹਾਂ ਕਿ ਯਿਸੂ ਇਕ ਕੋੜ੍ਹੀ ਨਾਲ ਕਿਵੇਂ ਪੇਸ਼ ਆਇਆ ਸੀ?

• ਅਸੀਂ ਯਹੋਵਾਹ ਦਾ ਆਦਰ ਕਿਵੇਂ ਕਰ ਸਕਦੇ ਹਾਂ?

[ਸਵਾਲ]

[ਸਫ਼ਾ 12 ਉੱਤੇ ਤਸਵੀਰ]

ਯਹੋਵਾਹ ਨੇ ਹਾਬਲ ਦਾ ਮਾਣ ਕਿਵੇਂ ਕੀਤਾ ਸੀ?

[ਸਫ਼ਾ 14 ਉੱਤੇ ਤਸਵੀਰ]

ਰੋਟੀ ਦੀ ਦਾਤ ਤੋਂ ਵੀ ਯਹੋਵਾਹ ਦੀ ਮਹਾਨਤਾ ਨਜ਼ਰ ਆਉਂਦੀ ਹੈ

[ਸਫ਼ਾ 15 ਉੱਤੇ ਤਸਵੀਰ]

ਯਿਸੂ ਕੋੜ੍ਹੀ ਨਾਲ ਕਿਵੇਂ ਪੇਸ਼ ਆਇਆ ਸੀ? ਇਸ ਤੋਂ ਅਸੀਂ ਕੀ ਸਿੱਖਦੇ ਹਾਂ?

[ਸਫ਼ਾ 16 ਉੱਤੇ ਤਸਵੀਰ]

ਯਹੋਵਾਹ ਦੀ ਭਗਤੀ ਕਰਨ ਸਮੇਂ ਸਾਨੂੰ ਉਸ ਦਾ ਆਦਰ ਕਰਨਾ ਚਾਹੀਦਾ ਹੈ