Skip to content

Skip to table of contents

ਦੁਨੀਆਂ ਦੀ ਹਵਾ ਤੋਂ ਬਚੋ

ਦੁਨੀਆਂ ਦੀ ਹਵਾ ਤੋਂ ਬਚੋ

ਦੁਨੀਆਂ ਦੀ ਹਵਾ ਤੋਂ ਬਚੋ

“ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ।”​—⁠1 ਕੁਰਿੰ. 2:⁠12.

1, 2. (ੳ) ਬਰਤਾਨਵੀ ਖਾਣਾਂ ਵਿਚ ਕਨੇਰੀ ਚਿੜੀਆਂ ਕਿਉਂ ਲੈ ਜਾਈਆਂ ਜਾਂਦੀਆਂ ਸਨ? (ਅ) ਸਾਨੂੰ ਕਿਸ ਖ਼ਤਰੇ ਦਾ ਸਾਮ੍ਹਣਾ ਕਰਨਾ ਪੈਂਦਾ ਹੈ?

ਬਰਤਾਨਵੀ ਸਰਕਾਰ ਨੇ ਕੋਲੇ ਖੋਦਣ ਵਾਲਿਆਂ ਦੀ ਜਾਨ ਬਚਾਉਣ ਲਈ 1911 ਵਿਚ ਇਕ ਕਾਨੂੰਨ ਪਾਸ ਕੀਤਾ। ਹਰੇਕ ਖਾਣ ਲਈ ਦੋ ਕਨੇਰੀ ਚਿੜੀਆਂ ਰੱਖੀਆਂ ਜਾਣੀਆਂ ਚਾਹੀਦੀਆਂ ਸਨ। ਕਿਉਂ? ਖਾਣ ਵਿਚ ਅੱਗ ਲੱਗ ਜਾਣ ਵੇਲੇ ਬਚਾਅ ਦਾ ਕੰਮ ਕਰਨ ਵਾਲੇ ਚਿੜੀਆਂ ਨੂੰ ਖਾਣ ਵਿਚ ਲੈ ਕੇ ਜਾਂਦੇ ਸਨ। ਇਨ੍ਹਾਂ ਚਿੜੀਆਂ ਉੱਤੇ ਕਾਰਬਨ ਮੋਨਾਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਦਾ ਜਲਦੀ ਅਸਰ ਹੁੰਦਾ ਹੈ। ਜੇ ਹਵਾ ਵਿਚ ਜ਼ਹਿਰੀਲੀ ਗੈਸ ਹੁੰਦੀ, ਤਾਂ ਇਨ੍ਹਾਂ ਚਿੜੀਆਂ ਤੋਂ ਪਤਾ ਲੱਗ ਜਾਂਦਾ ਸੀ ਕਿਉਂਕਿ ਉਹ ਆਪਣੇ ਅੱਡੇ ਤੋਂ ਡਿੱਗ ਪੈਂਦੀਆਂ ਸਨ। ਗੈਸ ਦੀ ਮੌਜੂਦਗੀ ਬਾਰੇ ਜਲਦੀ ਜਾਣਨਾ ਬਹੁਤ ਜ਼ਰੂਰੀ ਸੀ ਕਿਉਂਕਿ ਕਾਰਬਨ ਮੋਨਾਕਸਾਈਡ ਵਰਗੀ ਗੈਸ ਦਾ ਨਾ ਕੋਈ ਰੰਗ ਹੁੰਦਾ ਤੇ ਨਾ ਕੋਈ ਮੁਸ਼ਕ, ਪਰ ਇਹ ਹੁੰਦੀ ਜਾਨਲੇਵਾ ਹੈ। ਜੇ ਜ਼ਹਿਰੀਲੀ ਹਵਾ ਦਾ ਪਹਿਲਾਂ ਪਤਾ ਨਾ ਲੱਗਦਾ, ਤਾਂ ਖਾਣ ਵਿਚ ਜਾਣ ਵਾਲੇ ਬੇਹੋਸ਼ ਹੋ ਕੇ ਮਰ ਜਾਂਦੇ ਸਨ।

2 ਇਸੇ ਤਰ੍ਹਾਂ ਸਾਡਾ ਵੀ ਹਾਲ ਉਨ੍ਹਾਂ ਕੋਲੇ ਖੋਦਣ ਵਾਲਿਆਂ ਵਰਗਾ ਹੈ। ਕਿਵੇਂ? ਜਦ ਯਿਸੂ ਨੇ ਆਪਣੇ ਚੇਲਿਆਂ ਨੂੰ ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਭੇਜਿਆ ਸੀ, ਤਾਂ ਉਹ ਜਾਣਦਾ ਸੀ ਕਿ ਸ਼ਤਾਨ ਦੀ ਦੁਨੀਆਂ ਦੀ ਹਵਾ ਜ਼ਹਿਰੀਲੀ ਹੈ। (ਮੱਤੀ 10:16; 1 ਯੂਹੰ. 5:19) ਯਿਸੂ ਨੂੰ ਆਪਣੇ ਚੇਲਿਆਂ ਦਾ ਇੰਨਾ ਫ਼ਿਕਰ ਸੀ ਕਿ ਆਪਣੀ ਮੌਤ ਤੋਂ ਪਹਿਲਾਂ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ।”​—⁠ਯੂਹੰ. 17:⁠15.

3, 4. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ ਤੇ ਸਾਨੂੰ ਇਸ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?

3 ਯਿਸੂ ਨੇ ਆਪਣੇ ਚੇਲਿਆਂ ਨੂੰ ਉਨ੍ਹਾਂ ਖ਼ਤਰਿਆਂ ਦੀ ਚੇਤਾਵਨੀ ਦਿੱਤੀ ਸੀ ਜਿਨ੍ਹਾਂ ਕਰਕੇ ਉਨ੍ਹਾਂ ਦੀ ਜਾਨ ਜਾ ਸਕਦੀ ਸੀ। ਸਾਨੂੰ ਉਸ ਦੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਆਖ਼ਰੀ ਦਿਨਾਂ ਵਿਚ ਰਹਿੰਦੇ ਹਾਂ। ਉਸ ਨੇ ਕਿਹਾ: “ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।” (ਲੂਕਾ 21:​34-36) ਯਿਸੂ ਨੇ ਵਾਅਦਾ ਕੀਤਾ ਸੀ ਕਿ ਉਸ ਦਾ ਪਿਤਾ ਆਪਣੀ ਸ਼ਕਤੀ ਦੇ ਜ਼ਰੀਏ ਉਸ ਦੇ ਚੇਲਿਆਂ ਦੀ ਮਦਦ ਕਰੇਗਾ ਤਾਂਕਿ ਉਹ ਉਸ ਦੀਆਂ ਗੱਲਾਂ ਚੇਤੇ ਰੱਖ ਕੇ ਨਿਹਚਾ ਵਿਚ ਮਜ਼ਬੂਤ ਰਹਿਣ।​—⁠ਯੂਹੰ. 14:⁠26.

4 ਸਾਡੇ ਬਾਰੇ ਕੀ? ਕੀ ਪਰਮੇਸ਼ੁਰ ਦੀ ਸ਼ਕਤੀ ਸਾਡੀ ਵੀ ਮਦਦ ਕਰ ਸਕਦੀ ਹੈ? ਪਰਮੇਸ਼ੁਰ ਦੀ ਮਦਦ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਸ਼ਤਾਨ ਦੀ ਦੁਨੀਆਂ ਦੀ ਹਵਾ ਕਿਵੇਂ ਲੱਗ ਸਕਦੀ ਹੈ? ਅਸੀਂ ਆਪਣੇ ਆਪ ਨੂੰ ਇਸ ਤੋਂ ਕਿਵੇਂ ਬਚਾ ਸਕਦੇ ਹਾਂ?​—⁠1 ਕੁਰਿੰਥੀਆਂ 2:12 ਪੜ੍ਹੋ।

ਪਰਮੇਸ਼ੁਰ ਦੀ ਸੇਧ ਜਾਂ ਸ਼ਤਾਨ ਦੀ?

5, 6. ਪਰਮੇਸ਼ੁਰ ਦੀ ਸ਼ਕਤੀ ਸਾਡੇ ਲਈ ਕੀ ਕਰ ਸਕਦੀ ਹੈ ਅਤੇ ਇਹ ਸਾਨੂੰ ਕਿਵੇਂ ਮਿਲ ਸਕਦੀ ਹੈ?

5 ਪਹਿਲੀ ਸਦੀ ਵਾਂਗ ਅੱਜ ਵੀ ਯਹੋਵਾਹ ਦੀ ਸ਼ਕਤੀ ਸਾਨੂੰ ਮਿਲ ਸਕਦੀ ਹੈ। ਇਸ ਦੀ ਮਦਦ ਨਾਲ ਸਾਨੂੰ ਸਹੀ ਕੰਮ ਕਰਨ ਦੀ ਤਾਕਤ ਅਤੇ ਉਸ ਦੀ ਸੇਵਾ ਕਰਨ ਲਈ ਜੋਸ਼ ਮਿਲ ਸਕਦਾ ਹੈ। (ਰੋਮੀ. 12:11; ਫ਼ਿਲਿ. 4:13) ਇਸ ਦੀ ਮਦਦ ਨਾਲ ਅਸੀਂ ਪਿਆਰ, ਦਿਆਲਗੀ ਅਤੇ ਭਲਾਈ ਵਰਗੇ ਸਦਗੁਣ ਪੈਦਾ ਕਰ ਸਕਦੇ ਹਾਂ। (ਗਲਾ. 5:​22, 23) ਪਰ ਯਹੋਵਾਹ ਕਿਸੇ ਨੂੰ ਆਪਣੀ ਸ਼ਕਤੀ ਲੈਣ ਲਈ ਮਜਬੂਰ ਨਹੀਂ ਕਰਦਾ।

6 ਤਾਂ ਫਿਰ ਅਸੀਂ ਪੁੱਛ ਸਕਦੇ ਹਾਂ ਕਿ ‘ਮੈਨੂੰ ਪਰਮੇਸ਼ੁਰ ਦੀ ਸ਼ਕਤੀ ਕਿਵੇਂ ਮਿਲ ਸਕਦੀ ਹੈ?’ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਪਾਉਣ ਲਈ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਆਸਾਨ ਹੈ, ਅਸੀਂ ਪਰਮੇਸ਼ੁਰ ਤੋਂ ਉਸ ਦੀ ਸ਼ਕਤੀ ਮੰਗ ਸਕਦੇ ਹਾਂ। (ਲੂਕਾ 11:13 ਪੜ੍ਹੋ।) ਬਾਈਬਲ ਪੜ੍ਹ ਕੇ ਅਤੇ ਉਸ ਦੀ ਸਲਾਹ ਲਾਗੂ ਕਰ ਕੇ ਵੀ ਸਾਨੂੰ ਪਰਮੇਸ਼ੁਰ ਦੀ ਸ਼ਕਤੀ ਮਿਲ ਸਕਦੀ ਹੈ ਕਿਉਂਕਿ ਉਸ ਦੇ ਜ਼ਰੀਏ ਬਾਈਬਲ ਲਿਖੀ ਗਈ ਸੀ। (2 ਤਿਮੋ. 3:16) ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਸਿਰਫ਼ ਬਾਈਬਲ ਪੜ੍ਹ ਕੇ ਹੀ ਉਸ ਦੀ ਸ਼ਕਤੀ ਮਿਲ ਜਾਏਗੀ। ਪਰ ਜਦ ਅਸੀਂ ਦਿਲ ਲਾ ਕੇ ਬਾਈਬਲ ਦੀ ਸਟੱਡੀ ਕਰਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਕੀ ਚੰਗਾ ਲੱਗਦਾ ਹੈ ਤੇ ਕੀ ਨਹੀਂ ਅਤੇ ਸਾਡੇ ਉੱਤੇ ਉਸ ਦੀ ਸੋਚਣੀ ਦਾ ਅਸਰ ਪੈਂਦਾ ਹੈ। ਇਹ ਵੀ ਜ਼ਰੂਰੀ ਹੈ ਕਿ ਅਸੀਂ ਕਬੂਲ ਕਰੀਏ ਕਿ ਯਹੋਵਾਹ ਯਿਸੂ ਮਸੀਹ ਦੇ ਜ਼ਰੀਏ ਸਾਨੂੰ ਆਪਣੀ ਸ਼ਕਤੀ ਦਿੰਦਾ ਹੈ। (ਕੁਲੁ. 2:6) ਇਸ ਲਈ ਸਾਨੂੰ ਯਿਸੂ ਦੀ ਰੀਸ ਕਰਨੀ ਚਾਹੀਦੀ ਹੈ ਅਤੇ ਉਸ ਦੀਆਂ ਸਿੱਖਿਆਵਾਂ ਉੱਤੇ ਚੱਲਣਾ ਚਾਹੀਦਾ ਹੈ। (1 ਪਤ. 2:21) ਜਿੰਨਾ ਜ਼ਿਆਦਾ ਅਸੀਂ ਯਿਸੂ ਵਰਗੇ ਬਣਨ ਦੀ ਕੋਸ਼ਿਸ਼ ਕਰਾਂਗੇ ਉੱਨਾ ਹੀ ਜ਼ਿਆਦਾ ਸਾਨੂੰ ਪਰਮੇਸ਼ੁਰ ਦੀ ਸ਼ਕਤੀ ਮਿਲੇਗੀ।

7. ਦੁਨੀਆਂ ਦੀ ਹਵਾ ਲੱਗਣ ਕਾਰਨ ਲੋਕ ਕੀ-ਕੀ ਕਰਦੇ ਹਨ?

7 ਪਰਮੇਸ਼ੁਰ ਦੀ ਸ਼ਕਤੀ ਤੋਂ ਬਿਨਾਂ ਦੁਨੀਆਂ ਦੇ ਲੋਕ ਸ਼ਤਾਨ ਵਰਗੇ ਹਨ। (ਅਫ਼ਸੀਆਂ 2:​1-3 ਪੜ੍ਹੋ।) ਲੋਕਾਂ ਨੂੰ ਕਈ ਤਰੀਕਿਆਂ ਨਾਲ ਦੁਨੀਆਂ ਦੀ ਹਵਾ ਲੱਗ ਸਕਦੀ ਹੈ। ਅਸੀਂ ਚਾਰੇ-ਪਾਸੇ ਦੇਖ ਸਕਦੇ ਹਾਂ ਕਿ ਇਸ ਦੇ ਪ੍ਰਭਾਵ ਕਰਕੇ ਲੋਕ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਣਾ ਚਾਹੁੰਦੇ। “ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ” ਦੁਨੀਆਂ ਦੀ ਹਵਾ ਲੱਗਣ ਦਾ ਸਬੂਤ ਹਨ। (1 ਯੂਹੰ. 2:16) ਇਸ ਹਵਾ ਦੇ ਪ੍ਰਭਾਵ ਕਰਕੇ ਲੋਕ ਹਰਾਮਕਾਰੀ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ ਅਤੇ ਨਸ਼ੇ ਕਰਦੇ ਹਨ। (ਗਲਾ. 5:​19-21) ਇਸੇ ਪ੍ਰਭਾਵ ਕਰਕੇ ਲੋਕ ਯਹੋਵਾਹ ਦਾ ਆਦਰ ਕਰਨ ਦੀ ਬਜਾਇ ਉਸ ਦੇ ਖ਼ਿਲਾਫ਼ ਗੱਲਾਂ ਕਰਦੇ ਹਨ। (2 ਤਿਮੋ. 2:​14-18) ਜਿੰਨਾ ਜ਼ਿਆਦਾ ਕੋਈ ਇਸ ਦੁਨੀਆਂ ਦੀ ਹਵਾ ਦੇ ਵੱਸ ਵਿਚ ਆਵੇਗਾ ਉੱਨਾ ਹੀ ਜ਼ਿਆਦਾ ਉਹ ਸ਼ਤਾਨ ਵਰਗਾ ਬਣ ਜਾਵੇਗਾ।

8. ਸਾਨੂੰ ਸਾਰਿਆਂ ਨੂੰ ਕਿਹੜਾ ਫ਼ੈਸਲਾ ਕਰਨ ਦੀ ਲੋੜ ਹੈ?

8 ਚਾਰ-ਪਾਸੇ ਦੁਨੀਆਂ ਦੀ ਹਵਾ ਫੈਲੀ ਹੋਈ ਹੈ। ਪਰ ਅਸੀਂ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਇਸ ਦੇ ਵੱਸ ਵਿਚ ਆਵਾਂਗੇ ਜਾਂ ਨਹੀਂ। ਜਿਨ੍ਹਾਂ ਨੂੰ ਦੁਨੀਆਂ ਦੀ ਹਵਾ ਲੱਗ ਚੁੱਕੀ ਹੈ, ਉਹ ਵੀ ਪਰਮੇਸ਼ੁਰ ਦੀ ਸੇਧ ਕਬੂਲ ਕਰ ਕੇ ਬਚ ਸਕਦੇ ਹਨ। ਦੂਜੇ ਪਾਸੇ, ਇਹ ਵੀ ਗੱਲ ਸੱਚ ਹੈ ਕਿ ਪਰਮੇਸ਼ੁਰ ਦੀ ਸੇਧ ਵਿਚ ਚੱਲਣ ਵਾਲਿਆਂ ਨੂੰ ਦੁਨੀਆਂ ਦੀ ਹਵਾ ਲੱਗ ਸਕਦੀ ਹੈ। (ਫ਼ਿਲਿ. 3:​18, 19) ਆਓ ਆਪਾਂ ਦੇਖੀਏ ਕਿ ਦੁਨੀਆਂ ਦੀ ਹਵਾ ਲੱਗਣ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ।

ਖ਼ਤਰੇ ਦੀਆਂ ਨਿਸ਼ਾਨੀਆਂ ਪਛਾਣੋ

9-11. ਸਾਨੂੰ ਕਿਹੜੀਆਂ ਨਿਸ਼ਾਨੀਆਂ ਤੋਂ ਪਤਾ ਲੱਗ ਸਕਦਾ ਹੈ ਕਿ ਸਾਨੂੰ ਦੁਨੀਆਂ ਦੀ ਹਵਾ ਲੱਗ ਰਹੀ ਹੈ?

9 ਜਿਵੇਂ ਅਸੀਂ ਪਹਿਲਾਂ ਦੇਖਿਆ ਸੀ ਕੋਲੇ ਖੋਦਣ ਵਾਲੇ ਜ਼ਹਿਰੀਲੀ ਗੈਸ ਦਾ ਪਤਾ ਲਗਾਉਣ ਲਈ ਕਨੇਰੀ ਚਿੜੀਆਂ ਵਰਤਦੇ ਸਨ। ਚਿੜੀ ਨੂੰ ਆਪਣੇ ਅੱਡੇ ਤੋਂ ਡਿੱਗਦੇ ਦੇਖ ਕੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਬਚਣ ਲਈ ਉਨ੍ਹਾਂ ਨੂੰ ਜਲਦੀ ਬਾਹਰ ਨਿਕਲਣਾ ਪਵੇਗਾ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਨੂੰ ਕਿਹੜੀਆਂ ਨਿਸ਼ਾਨੀਆਂ ਤੋਂ ਪਤਾ ਲੱਗ ਸਕਦਾ ਹੈ ਕਿ ਸਾਨੂੰ ਦੁਨੀਆਂ ਦੀ ਹਵਾ ਲੱਗ ਰਹੀ ਹੈ?

10 ਜਦ ਅਸੀਂ ਪਹਿਲਾਂ ਸੱਚਾਈ ਸਿੱਖ ਕੇ ਯਹੋਵਾਹ ਦੇ ਸੇਵਕ ਬਣੇ ਸੀ, ਤਾਂ ਅਸੀਂ ਸ਼ਾਇਦ ਵੱਡੀ ਚਾਹ ਨਾਲ ਬਾਈਬਲ ਪੜ੍ਹਦੇ ਸੀ। ਹੋ ਸਕਦਾ ਹੈ ਕਿ ਅਸੀਂ ਦਿਨ ਵਿਚ ਕਈ ਵਾਰ ਦਿਲੋਂ ਪ੍ਰਾਰਥਨਾ ਕਰਦੇ ਸੀ। ਸਾਨੂੰ ਮੀਟਿੰਗਾਂ ਵਿਚ ਜਾਣਾ ਬਹੁਤ ਚੰਗਾ ਲੱਗਦਾ ਸੀ ਜਿਵੇਂ ਰੇਗਿਸਤਾਨ ਵਿਚ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ। ਇਹ ਸਭ ਕੁਝ ਕਰਨ ਨਾਲ ਅਸੀਂ ਸ਼ਤਾਨ ਦੀ ਦੁਨੀਆਂ ਦੇ ਅਸਰ ਤੋਂ ਛੁਟਕਾਰਾ ਪਾ ਸਕੇ ਸੀ।

11 ਕੀ ਅਸੀਂ ਅਜੇ ਵੀ ਹਰ ਰੋਜ਼ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ? (ਜ਼ਬੂ. 1:2) ਕੀ ਅਸੀਂ ਦਿਨ ਵਿਚ ਕਈ ਵਾਰ ਦਿਲੋਂ ਪ੍ਰਾਰਥਨਾ ਕਰਦੇ ਹਾਂ? ਕੀ ਸਾਨੂੰ ਮੀਟਿੰਗਾਂ ਵਿਚ ਜਾਣਾ ਚੰਗਾ ਲੱਗਦਾ ਹੈ ਅਤੇ ਕੀ ਅਸੀਂ ਹਫ਼ਤੇ ਵਿਚ ਸਾਰੀਆਂ ਮੀਟਿੰਗਾਂ ਵਿਚ ਜਾਂਦੇ ਹਾਂ? (ਜ਼ਬੂ. 84:10) ਜਾਂ ਕੀ ਸਾਡੀਆਂ ਚੰਗੀਆਂ ਆਦਤਾਂ ਵਿਗੜ ਗਈਆਂ ਹਨ? ਹਾਂ, ਹੋ ਸਕਦਾ ਹੈ ਕਿ ਸਾਡੀਆਂ ਜ਼ਿੰਮੇਵਾਰੀਆਂ ਵਧ ਗਈਆਂ ਹੋਣ ਅਤੇ ਸਾਡੇ ਕੋਲ ਇਹ ਕੰਮ ਕਰਨ ਲਈ ਪਹਿਲਾਂ ਜਿੰਨਾ ਸਮਾਂ ਨਾ ਹੋਵੇ। ਪਰ ਜੇ ਸਮੇਂ ਦੇ ਬੀਤਣ ਨਾਲ ਸਾਡੀਆਂ ਚੰਗੀਆਂ ਆਦਤਾਂ ਵਿਗੜ ਗਈਆਂ ਹਨ, ਤਾਂ ਸਾਨੂੰ ਸੋਚਣ ਦੀ ਲੋੜ ਹੈ ਕਿਤੇ ਸਾਨੂੰ ਦੁਨੀਆਂ ਦੀ ਹਵਾ ਤਾਂ ਨਹੀਂ ਲੱਗ ਗਈ? ਕੀ ਅਸੀਂ ਪਹਿਲਾਂ ਵਾਂਗ ਚੰਗੀਆਂ ਆਦਤਾਂ ਪਾਉਣ ਦੀ ਕੋਸ਼ਿਸ਼ ਕਰਨ ਲਈ ਤਿਆਰ ਹਾਂ?

“ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ”

12. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ ਅਤੇ ਕਿਉਂ?

12 ਦੁਨੀਆਂ ਦੀ ਹਵਾ ਤੋਂ ਬਚਣ ਲਈ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ? ਜਦ ਯਿਸੂ ਨੇ ਆਪਣੇ ਚੇਲਿਆਂ ਨੂੰ ‘ਜਾਗਦੇ ਰਹਿਣ’ ਲਈ ਕਿਹਾ ਸੀ, ਤਾਂ ਉਸ ਨੇ ਕੁਝ ਖ਼ਾਸ ਗੱਲਾਂ ਦੀ ਚੇਤਾਵਨੀ ਦਿੱਤੀ ਸੀ। ਉਸ ਨੇ ਕਿਹਾ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ!”​—⁠ਲੂਕਾ 21:​34, 35.

13, 14. ਖਾਣ-ਪੀਣ ਦੇ ਸੰਬੰਧ ਵਿਚ ਸਾਨੂੰ ਆਪਣੇ ਆਪ ਤੋਂ ਕਿਹੋ ਜਿਹੇ ਸਵਾਲ ਪੁੱਛਣੇ ਚਾਹੀਦੇ ਹਨ?

13 ਉਸ ਚੇਤਾਵਨੀ ਬਾਰੇ ਸੋਚੋ। ਕੀ ਯਿਸੂ ਕਹਿ ਰਿਹਾ ਸੀ ਕਿ ਸਾਨੂੰ ਖਾਣ-ਪੀਣ ਤੋਂ ਮਜ਼ਾ ਨਹੀਂ ਲੈਣਾ ਚਾਹੀਦਾ? ਨਹੀਂ! ਉਹ ਸੁਲੇਮਾਨ ਦੇ ਇਹ ਸ਼ਬਦ ਜਾਣਦਾ ਸੀ: “ਮੈਂ ਸੱਚ ਜਾਣਦਾ ਹਾਂ ਭਈ ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ। ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।” (ਉਪ. 3:​12, 13) ਪਰ ਯਿਸੂ ਇਹ ਵੀ ਜਾਣਦਾ ਸੀ ਕਿ ਦੁਨੀਆਂ ਦੀ ਹਵਾ ਲੱਗਣ ਕਾਰਨ ਲੋਕ ਹੱਦੋਂ ਵੱਧ ਖਾਂਦੇ-ਪੀਂਦੇ ਹਨ।

14 ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਖਾਣ-ਪੀਣ ਦੇ ਸੰਬੰਧ ਵਿਚ ਸਾਨੂੰ ਦੁਨੀਆਂ ਦੀ ਹਵਾ ਤਾਂ ਨਹੀਂ ਲੱਗ ਗਈ? ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ: ‘ਜਦ ਮੈਂ ਬਾਈਬਲ ਜਾਂ ਸਾਡੇ ਕਿਸੇ ਪ੍ਰਕਾਸ਼ਨ ਵਿਚ ਪੇਟੂਪੁਣੇ ਬਾਰੇ ਪੜ੍ਹਦਾ ਹਾਂ, ਤਾਂ ਮੈਨੂੰ ਕਿੱਦਾਂ ਲੱਗਦਾ ਹੈ? ਕੀ ਮੈਂ ਇਹ ਬਹਾਨਾ ਬਣਾਉਂਦਾ ਹਾਂ ਕਿ ਇਹ ਸਲਾਹ ਬਹੁਤ ਸਖ਼ਤ ਹੈ ਅਤੇ ਮੇਰੇ ਉੱਤੇ ਲਾਗੂ ਨਹੀਂ ਹੁੰਦੀ? * ਮੈਂ ਇਸ ਸਲਾਹ ਬਾਰੇ ਕੀ ਸੋਚਦਾ ਹਾਂ ਕਿ ਜੇ ਕਿਸੇ ਨੇ ਸ਼ਰਾਬ ਪੀਣੀ ਹੈ, ਤਾਂ ਉਸ ਨੂੰ ਹੱਦੋਂ ਵੱਧ ਨਹੀਂ ਪੀਣੀ ਚਾਹੀਦੀ? ਕੀ ਮੈਂ ਇਸ ਸਲਾਹ ਦੀ ਗੰਭੀਰਤਾ ਘਟਾਉਂਦਾ ਹਾਂ? ਜੇ ਦੂਜੇ ਮੇਰੇ ਪੀਣ ਬਾਰੇ ਕੁਝ ਕਹਿੰਦੇ ਹਨ, ਤਾਂ ਕੀ ਮੈਨੂੰ ਗੁੱਸਾ ਚੜ੍ਹ ਜਾਂਦਾ ਹੈ? ਕੀ ਮੈਂ ਦੂਸਰਿਆਂ ਨੂੰ ਵੀ ਇਸ ਸਲਾਹ ਦੀ ਗੰਭੀਰਤਾ ਘਟਾਉਣ ਲਈ ਉਕਸਾਉਂਦਾ ਹਾਂ?’ ਸਾਡੇ ਰਵੱਈਏ ਤੋਂ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਦੁਨੀਆਂ ਦੀ ਹਵਾ ਲੱਗ ਗਈ ਹੈ ਕਿ ਨਹੀਂ।​—⁠ਹੋਰ ਜਾਣਕਾਰੀ ਲਈ ਰੋਮੀਆਂ 13:​11-14 ਦੇਖੋ।

ਫ਼ਿਕਰਾਂ ਹੇਠ ਦੱਬੇ ਨਾ ਜਾਓ

15. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਸਲਾਹ ਦਿੱਤੀ ਸੀ?

15 ਦੁਨੀਆਂ ਦੀ ਹਵਾ ਤੋਂ ਬਚਣ ਲਈ ਇਕ ਹੋਰ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੇ ਫ਼ਿਕਰਾਂ ਨੂੰ ਕਾਬੂ ਵਿਚ ਰੱਖੀਏ। ਯਿਸੂ ਜਾਣਦਾ ਸੀ ਕਿ ਪਾਪੀ ਹੋਣ ਕਰਕੇ ਅਸੀਂ ਛੋਟੀਆਂ-ਮੋਟੀਆਂ ਗੱਲਾਂ ਬਾਰੇ ਚਿੰਤਾ ਕਰੀ ਜਾਵਾਂਗੇ। ਬੜੇ ਪਿਆਰ ਨਾਲ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਚਿੰਤਾ ਨਾ ਕਰੋ।” (ਮੱਤੀ 6:25) ਇਹ ਸੱਚ ਹੈ ਕਿ ਸਾਨੂੰ ਕੁਝ ਜ਼ਰੂਰੀ ਗੱਲਾਂ ਦੀ ਚਿੰਤਾ ਹੁੰਦੀ ਹੈ ਜਿਵੇਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ, ਕਲੀਸਿਯਾ ਵਿਚ ਜ਼ਿੰਮੇਵਾਰੀਆਂ ਨਿਭਾਉਣੀਆਂ ਅਤੇ ਆਪਣੇ ਘਰਦਿਆਂ ਲਈ ਰੋਜ਼ੀ-ਰੋਟੀ ਕਮਾਉਣੀ। (1 ਕੁਰਿੰ. 7:​32-34) ਤਾਂ ਫਿਰ ਅਸੀਂ ਯਿਸੂ ਦੀ ਗੱਲ ਤੋਂ ਕੀ ਸਿੱਖ ਸਕਦੇ ਹਾਂ?

16. ਦੁਨੀਆਂ ਦੀ ਹਵਾ ਦਾ ਲੋਕਾਂ ਉੱਤੇ ਕੀ ਪ੍ਰਭਾਵ ਪੈਂਦਾ ਹੈ?

16 ਦੁਨੀਆਂ ਦੇ ਲੋਕ ਆਪਣੀ ਧਨ-ਦੌਲਤ ਦਾ ਦਿਖਾਵਾ ਕਰ ਕੇ ਹੋਰਨਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ। ਜੇ ਸਾਨੂੰ ਦੁਨੀਆਂ ਦੀ ਹਵਾ ਲੱਗ ਜਾਵੇ, ਤਾਂ ਅਸੀਂ ਵੀ ਲੋਕਾਂ ਦੀ ਨਕਲ ਕਰਦੇ-ਕਰਦੇ ਆਪਣੇ ਆਪ ਨੂੰ ਫ਼ਿਕਰਾਂ ਨਾਲ ਘੇਰ ਸਕਦੇ ਹਾਂ। ਦੁਨੀਆਂ ਚਾਹੁੰਦੀ ਹੈ ਕਿ ਅਸੀਂ ਦੌਲਤ ਨੂੰ ਸੁਰੱਖਿਆ ਸਮਝੀਏ। ਲੋਕ ਕਹਿੰਦੇ ਹਨ ਕਿ ਕੋਈ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਪਰ ਜੇ ਉਸ ਕੋਲ ਪੈਸਾ ਨਹੀਂ, ਤਾਂ ਉਹ ਕੁਝ ਵੀ ਨਹੀਂ ਹੈ। ਕਿਸੇ ਦੀਆਂ ਜਿੰਨੀਆਂ ਹੀ ਜ਼ਿਆਦਾ ਤੇ ਵਧੀਆ ਚੀਜ਼ਾਂ ਹੋਣ, ਉਹ ਉੱਨਾ ਹੀ ਵੱਡਾ ਸਮਝਿਆ ਜਾਂਦਾ ਹੈ। ਇਸ ਗੱਲ ਤੋਂ ਧੋਖਾ ਖਾਣ ਵਾਲੇ ਨਵੀਆਂ ਤੋਂ ਨਵੀਆਂ ਅਤੇ ਵੱਡੀਆਂ ਤੋਂ ਵੱਡੀਆਂ ਚੀਜ਼ਾਂ ਹਾਸਲ ਕਰਨ ਦੇ ਚੱਕਰ ਵਿਚ ਪੈ ਜਾਂਦੇ ਹਨ ਅਤੇ ਅਮੀਰ ਬਣਨ ਦੇ ਜਾਲ ਵਿਚ ਫਸ ਜਾਂਦੇ ਹਨ। (ਕਹਾ. 18:11) ਧਨ ਦਾ ਧੋਖਾ ਖਾ ਕੇ ਅਸੀਂ ਫ਼ਿਕਰਾਂ ਵਿਚ ਡੁੱਬੇ ਰਹਾਂਗੇ ਤੇ ਸੱਚਾਈ ਵਿਚ ਤਰੱਕੀ ਨਹੀਂ ਕਰ ਪਾਵਾਂਗੇ।​—⁠ਮੱਤੀ 13:​18, 22 ਪੜ੍ਹੋ।

17. ਅਸੀਂ ਫ਼ਿਕਰਾਂ ਹੇਠ ਦੱਬੇ ਜਾਣ ਤੋਂ ਕਿਵੇਂ ਬਚ ਸਕਦੇ ਹਾਂ?

17 ਫ਼ਿਕਰਾਂ ਹੇਠ ਦੱਬੇ ਜਾਣ ਤੋਂ ਬਚਣ ਲਈ ਸਾਨੂੰ ਯਿਸੂ ਦਾ ਇਹ ਹੁਕਮ ਮੰਨਣਾ ਚਾਹੀਦਾ ਹੈ: “ਤੁਸੀਂ ਪਹਿਲਾਂ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ।” ਯਿਸੂ ਨੇ ਸਾਨੂੰ ਭਰੋਸਾ ਦਿਲਾਇਆ ਸੀ ਕਿ ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ। (ਮੱਤੀ 6:33) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਯਿਸੂ ਦੀ ਇਸ ਗੱਲ ਤੇ ਵਿਸ਼ਵਾਸ ਹੈ? ਪਰਮੇਸ਼ੁਰ ਦਾ ਧਰਮ ਭਾਲ ਕੇ ਯਾਨੀ ਉਹ ਕਰ ਕੇ ਜੋ ਪਰਮੇਸ਼ੁਰ ਦੀ ਨਜ਼ਰ ਵਿਚ ਸਹੀ ਹੈ। ਮਿਸਾਲ ਲਈ, ਪੈਸਿਆਂ ਦੇ ਮਾਮਲੇ ਵਿਚ ਅਸੀਂ ਈਮਾਨਦਾਰੀ ਦਿਖਾਵਾਂਗੇ। ਅਸੀਂ ਟੈਕਸ ਭਰਨ ਦੇ ਮਾਮਲੇ ਵਿਚ ਜਾਂ ਆਪਣੇ ਕੰਮ-ਧੰਦੇ ਵਿਚ ਝੂਠ ਨਹੀਂ ਮਾਰਾਂਗੇ। ਇਸ ਤੋਂ ਇਲਾਵਾ ਅਸੀਂ ਪੂਰੀ ਕੋਸ਼ਿਸ਼ ਕਰ ਕੇ ਉਧਾਰ ਲਿਆ ਵਾਪਸ ਕਰਾਂਗੇ। (ਮੱਤੀ 5:37; ਜ਼ਬੂ. 37:21) ਅਜਿਹੀ ਈਮਾਨਦਾਰੀ ਭਾਵੇਂ ਸਾਨੂੰ ਅਮੀਰ ਨਾ ਬਣਾਵੇ, ਪਰ ਇਸ ਤੋਂ ਪਰਮੇਸ਼ੁਰ ਖ਼ੁਸ਼ ਹੋਵੇਗਾ, ਸਾਡੀ ਜ਼ਮੀਰ ਸ਼ੁੱਧ ਰਹੇਗੀ ਅਤੇ ਅਸੀਂ ਚਿੰਤਾ ਕਰਨ ਤੋਂ ਬਚਾਂਗੇ।

18. ਯਿਸੂ ਨੇ ਸਾਡੇ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ ਸੀ ਅਤੇ ਉਸ ਦੀ ਰੀਸ ਕਰਨ ਦੇ ਕੀ ਨਤੀਜੇ ਨਿਕਲਦੇ ਹਨ?

18 ਪਰਮੇਸ਼ੁਰ ਦਾ ਰਾਜ ਭਾਲਣ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਜ਼ਿੰਦਗੀ ਵਿਚ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਆਓ ਆਪਾਂ ਯਿਸੂ ਦੀ ਮਿਸਾਲ ਉੱਤੇ ਗੌਰ ਕਰੀਏ। ਕਦੇ-ਕਦੇ ਉਹ ਸੋਹਣੇ ਕੱਪੜੇ ਪਾਉਂਦਾ ਸੀ। (ਯੂਹੰ. 19:23) ਉਹ ਦੋਸਤਾਂ-ਮਿੱਤਰਾਂ ਨਾਲ ਮਿਲ ਕੇ ਖਾਂਦਾ-ਪੀਂਦਾ ਸੀ। (ਮੱਤੀ 11:​18, 19) ਪਰ ਖਾਣਾ-ਪੀਣਾ ਤੇ ਕੱਪੜੇ ਉਸ ਦੀ ਜ਼ਿੰਦਗੀ ਵਿਚ ਅਹਿਮ ਚੀਜ਼ਾਂ ਨਹੀਂ ਸਨ। ਉਸ ਲਈ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਸਭ ਤੋਂ ਅਹਿਮ ਸੀ। (ਯੂਹੰ. 4:​34-36) ਯਿਸੂ ਦੀ ਰੀਸ ਕਰਨ ਦੇ ਵਧੀਆ ਨਤੀਜੇ ਨਿਕਲਦੇ ਹਨ। ਅਸੀਂ ਦੁਖੀ ਲੋਕਾਂ ਨੂੰ ਬਾਈਬਲ ਵਿੱਚੋਂ ਦਿਲਾਸਾ ਦੇ ਕੇ ਖ਼ੁਸ਼ੀ ਪਾਉਂਦੇ ਹਾਂ। ਸਾਨੂੰ ਕਲੀਸਿਯਾ ਦੇ ਭੈਣਾਂ-ਭਰਾਵਾਂ ਦਾ ਪਿਆਰ ਅਤੇ ਸਾਥ ਮਿਲਦਾ ਹੈ। ਅਸੀਂ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕਰਦੇ ਹਾਂ। ਜਦ ਅਸੀਂ ਜ਼ਰੂਰੀ ਕੰਮਾਂ ਨੂੰ ਪਹਿਲ ਦਿੰਦੇ ਹਾਂ, ਤਾਂ ਚੀਜ਼ਾਂ ਅਤੇ ਮਨੋਰੰਜਨ ਸਾਡਾ ਸਾਰਾ ਸਮਾਂ ਤੇ ਤਾਕਤ ਨਹੀਂ ਲੈਂਦੇ। ਅਸੀਂ ਜਿੰਨਾ ਜ਼ਿਆਦਾ ਪਰਮੇਸ਼ੁਰ ਦੇ ਕੰਮਾਂ ਵਿਚ ਲੱਗੇ ਰਹਾਂਗੇ, ਉੱਨਾ ਹੀ ਜ਼ਿਆਦਾ ਅਸੀਂ ਦੁਨੀਆਂ ਦੀ ਹਵਾ ਲੱਗਣ ਤੋਂ ਬਚਾਂਗੇ।

ਆਪਣੇ ਮਨ ਦੀ ਰਾਖੀ ਕਰੋ

19-21. ਸਾਡੇ ਲਈ ਆਪਣੇ ਮਨ ਦੀ ਰਾਖੀ ਕਰਨੀ ਇੰਨੀ ਜ਼ਰੂਰੀ ਕਿਉਂ ਹੈ?

19 ਪਹਿਲਾਂ ਮਨ ਵਿਚ ਖ਼ਿਆਲ ਉੱਠਦੇ ਹਨ ਤੇ ਫਿਰ ਉਨ੍ਹਾਂ ਦੇ ਅਨੁਸਾਰ ਕੁਝ ਕੀਤਾ ਜਾਂਦਾ ਹੈ। ਗ਼ਲਤ ਸੋਚਣੀ ਵਾਲਾ ਇਨਸਾਨ ਗ਼ਲਤ ਕੰਮ ਕਰੇਗਾ। ਇਸ ਲਈ ਪੌਲੁਸ ਰਸੂਲ ਨੇ ਸਾਨੂੰ ਧਿਆਨ ਦੇਣ ਲਈ ਕਿਹਾ ਕਿ ਅਸੀਂ ਕਿਨ੍ਹਾਂ ਗੱਲਾਂ ਬਾਰੇ ਸੋਚਦੇ ਹਾਂ: “ਜਿਹੜੇ ਸਰੀਰਕ ਹਨ ਓਹ ਸਰੀਰ ਦੀਆਂ ਵਸਤਾਂ ਉੱਤੇ ਪਰ ਜਿਹੜੇ ਆਤਮਕ ਹਨ ਓਹ ਆਤਮਾ ਦੀਆਂ ਵਸਤਾਂ ਉੱਤੇ ਮਨ ਲਾਉਂਦੇ ਹਨ।”​—⁠ਰੋਮੀ. 8:⁠5.

20 ਅਸੀਂ ਆਪਣੀਆਂ ਸੋਚਾਂ ਨੂੰ ਦੁਨੀਆਂ ਦੀ ਹਵਾ ਲੱਗਣ ਤੋਂ ਕਿਵੇਂ ਬਚਾ ਸਕਦੇ ਹਾਂ ਅਤੇ ਆਪਣੇ ਆਪ ਨੂੰ ਗ਼ਲਤ ਕਦਮ ਚੁੱਕਣ ਤੋਂ ਕਿਵੇਂ ਰੋਕ ਸਕਦੇ ਹਾਂ? ਸਾਨੂੰ ਆਪਣੇ ਮਨਾਂ ਦੀ ਰਾਖੀ ਕਰਨ ਦੀ ਲੋੜ ਹੈ ਤਾਂਕਿ ਅਸੀਂ ਸ਼ਤਾਨ ਦੀ ਦੁਨੀਆਂ ਵਾਂਗ ਸੋਚਣ ਨਾ ਲੱਗ ਪਈਏ। ਮਿਸਾਲ ਲਈ, ਮਨੋਰੰਜਨ ਚੁਣਨ ਵੇਲੇ ਅਸੀਂ ਧਿਆਨ ਦੇਵਾਂਗੇ ਕਿ ਅਸੀਂ ਗੰਦ-ਮੰਦ ਅਤੇ ਮਾਰ-ਧਾੜ ਵਾਲੇ ਪ੍ਰੋਗ੍ਰਾਮ ਨਾ ਚੁਣੀਏ। ਸਾਡੇ ਲਈ ਆਪਣੇ ਮਨਾਂ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਪਵਿੱਤਰ ਪਰਮੇਸ਼ੁਰ ਯਹੋਵਾਹ ਦਾ ਗੰਦ ਨਾਲ ਕੋਈ ਵਾਸਤਾ ਨਹੀਂ। (ਜ਼ਬੂ. 11:5; 2 ਕੁਰਿੰ. 6:​15-18) ਇਸ ਤੋਂ ਇਲਾਵਾ ਸਾਨੂੰ ਬਾਕਾਇਦਾ ਬਾਈਬਲ ਪੜ੍ਹ ਕੇ, ਉਸ ਉੱਤੇ ਮਨਨ ਕਰ ਕੇ, ਪ੍ਰਾਰਥਨਾ ਕਰ ਕੇ ਅਤੇ ਮੀਟਿੰਗਾਂ ਵਿਚ ਜਾ ਕੇ ਆਪਣੇ ਮਨਾਂ ਨੂੰ ਸਾਫ਼ ਰੱਖਣ ਵਿਚ ਪਰਮੇਸ਼ੁਰ ਤੋਂ ਮਦਦ ਮਿਲਦੀ ਹੈ। ਇਸ ਦੇ ਨਾਲ-ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਅਸੀਂ ਪਰਮੇਸ਼ੁਰ ਦੀ ਸੇਧ ਵਿਚ ਚੱਲਦੇ ਹਾਂ।

21 ਤਾਂ ਆਓ ਆਪਾਂ ਇਸ ਦੁਨੀਆਂ ਦੀ ਹਵਾ ਤੋਂ ਬਚਣ ਦੀ ਹਰ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਕਰਨ ਨਾਲ ਸਾਨੂੰ ਫ਼ਾਇਦਾ ਹੀ ਫ਼ਾਇਦਾ ਹੋਵੇਗਾ ਕਿਉਂਕਿ ਪੌਲੁਸ ਨੇ ਕਿਹਾ ਸੀ ਕਿ “ਸਰੀਰਕ ਮਨਸ਼ਾ ਮੌਤ ਹੈ ਪਰ ਆਤਮਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ।”​—⁠ਰੋਮੀ. 8:⁠6.

[ਫੁਟਨੋਟ]

^ ਪੈਰਾ 14 ਪੇਟੂਪੁਣਾ ਕੀ ਹੈ? ਕਿਸੇ ਦੇ ਸਰੀਰ ਨੂੰ ਦੇਖ ਕੇ ਉਸ ਨੂੰ ਪੇਟੂ ਨਹੀਂ ਕਿਹਾ ਜਾ ਸਕਦਾ, ਪਰ ਉਸ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਪੇਟੂ ਹੈ ਜਾਂ ਨਹੀਂ। ਇਕ ਵਿਅਕਤੀ ਸ਼ਾਇਦ ਮੋਟਾ ਨਾ ਵੀ ਹੋਵੇ, ਫਿਰ ਵੀ ਉਹ ਪੇਟੂ ਕਹਿਲਾ ਸਕਦਾ ਹੈ। ਦੂਜੇ ਪਾਸੇ, ਕਿਸੇ ਬੀਮਾਰੀ ਕਾਰਨ ਮੋਟਾਪਾ ਆ ਸਕਦਾ ਹੈ ਜਾਂ ਇਹ ਖ਼ਾਨਦਾਨੀ ਵੀ ਹੋ ਸਕਦਾ ਹੈ। ਸੋ ਗੱਲ ਇਹ ਨਹੀਂ ਕਿ ਕੋਈ ਮੋਟਾ ਹੈ ਜਾਂ ਪਤਲਾ, ਪਰ ਇਹ ਕਿ ਉਹ ਖਾਣ-ਪੀਣ ਦੇ ਸੰਬੰਧ ਵਿਚ ਕਿੰਨਾ ਲੋਭੀ ਹੈ।​—1 ਨਵੰਬਰ 2004 ਦੇ ਪਹਿਰਾਬੁਰਜ ਰਸਾਲੇ ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।

ਕੀ ਤੁਹਾਨੂੰ ਯਾਦ ਹੈ?

• ਪਰਮੇਸ਼ੁਰ ਦੀ ਸ਼ਕਤੀ ਹਾਸਲ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

• ਸਾਡੇ ਉੱਤੇ ਦੁਨੀਆਂ ਦੀ ਹਵਾ ਦਾ ਕੀ ਅਸਰ ਪੈ ਸਕਦਾ ਹੈ?

• ਅਸੀਂ ਦੁਨੀਆਂ ਦੀ ਹਵਾ ਲੱਗਣ ਤੋਂ ਕਿਵੇਂ ਬਚ ਸਕਦੇ ਹਾਂ?

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਕੰਮ ਤੇ ਜਾਂ ਸਕੂਲ ਜਾਣ ਤੋਂ ਪਹਿਲਾਂ ਪਰਮੇਸ਼ੁਰ ਦੀ ਸੇਧ ਲਈ ਪ੍ਰਾਰਥਨਾ ਕਰੋ

[ਸਫ਼ਾ 23 ਉੱਤੇ ਤਸਵੀਰਾਂ]

ਸਾਨੂੰ ਆਪਣਾ ਮਨ ਸਾਫ਼ ਰੱਖਣਾ ਚਾਹੀਦਾ ਹੈ, ਕੰਮ-ਧੰਦੇ ਵਿਚ ਈਮਾਨਦਾਰ ਰਹਿਣਾ ਚਾਹੀਦਾ ਹੈ ਅਤੇ ਹੱਦੋਂ ਵੱਧ ਖਾਣਾ-ਪੀਣਾ ਨਹੀਂ ਚਾਹੀਦਾ