Skip to content

Skip to table of contents

ਯਹੋਵਾਹ ਸਾਡਾ “ਛੁਡਾਉਣ ਵਾਲਾ” ਹੈ

ਯਹੋਵਾਹ ਸਾਡਾ “ਛੁਡਾਉਣ ਵਾਲਾ” ਹੈ

ਯਹੋਵਾਹ ਸਾਡਾ “ਛੁਡਾਉਣ ਵਾਲਾ” ਹੈ

“ਯਹੋਵਾਹ ਉਨ੍ਹਾਂ ਦੀ ਸਹਾਇਤਾ ਕਰਦਾ, ਅਤੇ ਉਨ੍ਹਾਂ ਨੂੰ ਛੁਡਾਉਂਦਾ ਹੈ।”​—⁠ਜ਼ਬੂ. 37:⁠40.

1, 2. ਯਹੋਵਾਹ ਦੀ ਕਿਸ ਅਸਲੀਅਤ ਤੋਂ ਸਾਨੂੰ ਦਿਲਾਸਾ ਅਤੇ ਹੌਸਲਾ ਮਿਲਦਾ ਹੈ?

ਪਰਛਾਵੇਂ ਬਦਲਦੇ ਰਹਿੰਦੇ ਹਨ। ਜਿਉਂ-ਜਿਉਂ ਧਰਤੀ ਸੂਰਜ ਦੇ ਆਲੇ-ਦੁਆਲੇ ਘੁੰਮਦੀ ਹੈ ਉਸ ਦੇ ਨਾਲ-ਨਾਲ ਪਰਛਾਵੇਂ ਵੀ ਬਦਲਦੇ ਹਨ। ਪਰ ਸੂਰਜ ਤੇ ਧਰਤੀ ਦਾ ਕਰਤਾਰ ਕਦੇ ਵੀ ਨਹੀਂ ਬਦਲਦਾ। (ਮਲਾ. 3:6) ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਵਿਚ “ਨਾ ਬਦਲ ਅਤੇ ਨਾ ਉਹ ਪਰਛਾਵਾਂ ਹੋ ਸੱਕਦਾ ਜਿਹੜਾ ਘੁੰਮਣ ਨਾਲ ਪੈਂਦਾ ਹੈ।” (ਯਾਕੂ. 1:17) ਸਾਨੂੰ ਇਸ ਅਸਲੀਅਤ ਤੋਂ ਕਿੰਨਾ ਦਿਲਾਸਾ ਅਤੇ ਹੌਸਲਾ ਮਿਲਦਾ ਹੈ ਕਿ ਯਹੋਵਾਹ ਕਦੇ ਬਦਲਦਾ ਨਹੀਂ, ਖ਼ਾਸ ਕਰਕੇ ਉਦੋਂ ਜਦੋਂ ਅਸੀਂ ਔਖੀਆਂ ਘੜੀਆਂ ਵਿੱਚੋਂ ਲੰਘ ਰਹੇ ਹੁੰਦੇ ਹਾਂ। ਕਿਉਂ?

2 ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਪੁਰਾਣੇ ਜ਼ਮਾਨਿਆਂ ਵਿਚ ਯਹੋਵਾਹ ਆਪਣੇ ਲੋਕਾਂ ਦਾ “ਛੁਡਾਉਣ ਵਾਲਾ” ਸਾਬਤ ਹੋਇਆ ਸੀ। (ਜ਼ਬੂ. 70:5) ਉਹ ਬਦਲਦਾ ਨਹੀਂ ਅਤੇ ਆਪਣੇ ਵਾਅਦੇ ਦਾ ਪੱਕਾ ਰਹਿੰਦਾ ਹੈ। ਇਸ ਲਈ ਅੱਜ ਵੀ ਉਸ ਦੇ ਸੇਵਕਾਂ ਨੂੰ ਭਰੋਸਾ ਹੈ ਕਿ ਉਹ “ਉਨ੍ਹਾਂ ਦੀ ਸਹਾਇਤਾ ਕਰਦਾ, ਅਤੇ ਉਨ੍ਹਾਂ ਨੂੰ ਛੁਡਾਉਂਦਾ ਹੈ।” (ਜ਼ਬੂ. 37:40) ਯਹੋਵਾਹ ਨੇ ਆਧੁਨਿਕ ਸਮੇਂ ਵਿਚ ਆਪਣੇ ਲੋਕਾਂ ਨੂੰ ਕਿਵੇਂ ਛੁਡਾਇਆ ਹੈ? ਅਸੀਂ ਪੁੱਛ ਸਕਦੇ ਹਾਂ ਕਿ ‘ਕੀ ਉਹ ਮੇਰੇ ਲਈ ਵੀ ਇਸ ਤਰ੍ਹਾਂ ਕਰੇਗਾ?’

ਵਿਰੋਧੀਆਂ ਤੋਂ ਬਚਾਅ

3. ਅਸੀਂ ਇਹ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਸਾਡੇ ਵਿਰੋਧੀ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਣਗੇ?

3 ਸਾਨੂੰ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨੀ ਚਾਹੀਦੀ ਹੈ ਕਿਉਂਕਿ ਉਹ ਸਾਡਾ ਕਰਤਾਰ ਹੈ। ਸ਼ਤਾਨ ਯਹੋਵਾਹ ਦੇ ਗਵਾਹਾਂ ਨੂੰ ਯਹੋਵਾਹ ਦੀ ਭਗਤੀ ਕਰਨ ਤੋਂ ਰੋਕ ਨਹੀਂ ਸਕਦਾ। ਬਾਈਬਲ ਵਿਚ ਸਾਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ‘ਹਰ ਹਥਿਆਰ ਜੋ ਤੁਹਾਡੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੁਹਾਡੇ ਵਿਰੁੱਧ ਨਿਆਉਂ ਲਈ ਉੱਠੇ, ਤੁਸੀਂ ਦੋਸ਼ੀ ਠਹਿਰਾਵੋਗੇ।’ (ਯਸਾ. 54:17) ਸਾਡੇ ਵਿਰੋਧੀਆਂ ਨੇ ਸਾਨੂੰ ਪ੍ਰਚਾਰ ਦਾ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਅਸਫ਼ਲ ਰਹੇ ਹਨ। ਆਓ ਆਪਾਂ ਦੋ ਉਦਾਹਰਣਾਂ ਦੇਖੀਏ।

4, 5. ਯਹੋਵਾਹ ਦੇ ਲੋਕਾਂ ਨੂੰ 1918 ਵਿਚ ਕਿਹੋ ਜਿਹੀ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ ਅਤੇ ਇਸ ਦਾ ਨਤੀਜਾ ਕੀ ਨਿਕਲਿਆ?

4 1918 ਵਿਚ ਚਰਚਾਂ ਦੇ ਪਾਦਰੀਆਂ ਨੇ ਯਹੋਵਾਹ ਦੇ ਲੋਕਾਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ। 7 ਮਈ ਨੂੰ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ, ਜੇ. ਐੱਫ਼. ਰਦਰਫ਼ਰਡ ਅਤੇ ਉਸ ਦੇ ਸਭ ਤੋਂ ਨਜ਼ਦੀਕੀ ਸਾਥੀਆਂ ਨੂੰ ਗਿਰਫ਼ਤਾਰ ਕਰਨ ਲਈ ਸਰਕਾਰੀ ਵਾਰੰਟ ਜਾਰੀ ਕੀਤੇ ਗਏ। ਦੋ ਮਹੀਨਿਆਂ ਦੇ ਵਿਚ-ਵਿਚ ਭਰਾ ਰਦਰਫ਼ਰਡ ਅਤੇ ਉਸ ਦੇ ਸਾਥੀਆਂ ਉੱਤੇ ਝੂਠੇ ਇਲਜ਼ਾਮ ਲਾ ਕੇ ਉਨ੍ਹਾਂ ਨੂੰ ਲੰਮੇ ਸਮੇਂ ਦੀ ਸਜ਼ਾ ਦਿੱਤੀ ਗਈ। ਕੀ ਸਾਡੇ ਵਿਰੋਧੀ ਸਰਕਾਰੀ ਮਦਦ ਨਾਲ ਪ੍ਰਚਾਰ ਦੇ ਕੰਮ ਨੂੰ ਰੋਕ ਪਾਏ ਸਨ? ਬਿਲਕੁਲ ਨਹੀਂ!

5 ਯਹੋਵਾਹ ਦਾ ਵਾਅਦਾ ਯਾਦ ਕਰੋ ਕਿ ‘ਹਰ ਹਥਿਆਰ ਜੋ ਤੁਹਾਡੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ।’ ਭਰਾ ਰਦਰਫ਼ਰਡ ਅਤੇ ਉਸ ਦੇ ਸਾਥੀ ਨੌਂ ਮਹੀਨੇ ਜੇਲ੍ਹ ਦੀ ਹਵਾ ਖਾਂਦੇ ਰਹੇ। ਫਿਰ 26 ਮਾਰਚ 1919 ਨੂੰ ਇਨ੍ਹਾਂ ਭਰਾਵਾਂ ਨੂੰ ਜ਼ਮਾਨਤ ਤੇ ਰਿਹਾ ਕੀਤਾ ਗਿਆ। ਅਗਲੇ ਸਾਲ 5 ਮਈ 1920 ਇਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕੀਤਾ ਗਿਆ। ਆਜ਼ਾਦ ਹੋਣ ਤੋਂ ਬਾਅਦ ਪ੍ਰਚਾਰ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਹੋਣ ਲੱਗਾ। ਇਸ ਦਾ ਨਤੀਜਾ ਕੀ ਨਿਕਲਿਆ? ਉਦੋਂ ਤੋਂ ਵੱਡੀ ਗਿਣਤੀ ਵਿਚ ਲੋਕ ਯਹੋਵਾਹ ਦੇ ਸੰਗਠਨ ਵਿਚ ਚੱਲੇ ਆ ਰਹੇ ਹਨ। ਇਸ ਵਾਧੇ ਦਾ ਸਿਹਰਾ ਕੇਵਲ ਸਾਡੇ ‘ਛੁਡਾਉਣ ਵਾਲੇ’ ਪਰਮੇਸ਼ੁਰ ਯਹੋਵਾਹ ਨੂੰ ਜਾਂਦਾ ਹੈ।​—⁠1 ਕੁਰਿੰ. 3:⁠7.

6, 7. (ੳ) ਨਾਜ਼ੀ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਦੇ ਖ਼ਿਲਾਫ਼ ਕੀ ਕੀਤਾ ਗਿਆ ਸੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ? (ਅ) ਯਹੋਵਾਹ ਦੇ ਗਵਾਹਾਂ ਦੇ ਆਧੁਨਿਕ ਇਤਿਹਾਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

6 ਆਓ ਆਪਾਂ ਹੁਣ ਦੂਜੀ ਉਦਾਹਰਣ ਦੇਖੀਏ। 1934 ਵਿਚ ਹਿਟਲਰ ਨੇ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਨੂੰ ਮਿਟਾਉਣ ਦੀ ਸਹੁੰ ਖਾਧੀ ਸੀ। ਇਹ ਸਿਰਫ਼ ਇਕ ਧਮਕੀ ਨਹੀਂ ਸੀ। ਕੁਝ ਹੀ ਸਮੇਂ ਵਿਚ ਕਈ ਭੈਣ-ਭਰਾ ਗਿਰਫ਼ਤਾਰ ਕੀਤੇ ਗਏ ਅਤੇ ਜੇਲ੍ਹਾਂ ਵਿਚ ਸੁੱਟੇ ਗਏ। ਹਜ਼ਾਰਾਂ ਭੈਣਾਂ-ਭਰਾਵਾਂ ਉੱਤੇ ਜ਼ੁਲਮ ਢਾਹੇ ਗਏ ਅਤੇ ਸੈਂਕੜੇ ਭੈਣ-ਭਰਾ ਤਸ਼ੱਦਦ ਕੈਂਪਾਂ ਵਿਚ ਮਾਰੇ ਗਏ। ਕੀ ਹਿਟਲਰ ਯਹੋਵਾਹ ਦੇ ਗਵਾਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਵਿਚ ਕਾਮਯਾਬ ਹੋਇਆ ਸੀ? ਨਹੀਂ! ਇਸ ਸਾਰੀ ਵਿਰੋਧਤਾ ਦੌਰਾਨ ਭੈਣ-ਭਰਾ ਲੁਕ-ਛਿਪ ਕੇ ਪ੍ਰਚਾਰ ਕਰਦੇ ਰਹੇ। ਨਾਜ਼ੀ ਸਰਕਾਰ ਖ਼ਤਮ ਹੋਣ ਤੋਂ ਬਾਅਦ ਸਾਡੇ ਭੈਣ-ਭਰਾ ਆਜ਼ਾਦੀ ਨਾਲ ਪ੍ਰਚਾਰ ਕਰਨ ਲੱਗੇ। ਅੱਜ ਜਰਮਨੀ ਵਿਚ ਯਹੋਵਾਹ ਦੇ 1,65,000 ਤੋਂ ਵੱਧ ਗਵਾਹ ਹਨ। ਸਾਡਾ “ਛੁਡਾਉਣ ਵਾਲਾ” ਪਰਮੇਸ਼ੁਰ ਆਪਣੇ ਇਸ ਵਾਅਦੇ ਦਾ ਪੱਕਾ ਰਿਹਾ ਹੈ: ‘ਹਰ ਹਥਿਆਰ ਜੋ ਤੁਹਾਡੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ।’

7 ਯਹੋਵਾਹ ਦੇ ਗਵਾਹਾਂ ਦੇ ਆਧੁਨਿਕ ਇਤਿਹਾਸ ਤੋਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਣ ਨਹੀਂ ਦੇਵੇਗਾ। (ਜ਼ਬੂ. 116:15) ਪਰ ਅਸੀਂ ਪੁੱਛ ਸਕਦੇ ਹਾਂ: ‘ਕੀ ਯਹੋਵਾਹ ਮੇਰੀ ਰੱਖਿਆ ਕਰੇਗਾ?’ ਯਹੋਵਾਹ ਸਾਨੂੰ ਨਿੱਜੀ ਤੌਰ ਤੇ ਕਿਵੇਂ ਬਚਾਉਂਦਾ ਹੈ?

ਜਿਸਮਾਨੀ ਸੁਰੱਖਿਆ

8, 9. (ੳ) ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਨੇ ਸਾਨੂੰ ਹਰ ਖ਼ਤਰੇ ਤੋਂ ਨਹੀਂ ਬਚਾਉਣਾ? (ਅ) ਸਾਨੂੰ ਕੀ ਕਬੂਲ ਕਰਨਾ ਪੈਂਦਾ ਹੈ?

8 ਸਾਨੂੰ ਪਤਾ ਹੈ ਕਿ ਯਹੋਵਾਹ ਸਾਨੂੰ ਹਰੇਕ ਖ਼ਤਰੇ ਤੋਂ ਨਹੀਂ ਬਚਾਉਂਦਾ। ਅਸੀਂ ਉਨ੍ਹਾਂ ਤਿੰਨ ਇਬਰਾਨੀਆਂ ਵਾਂਗ ਹਰ ਹੀਲੇ ਪਰਮੇਸ਼ੁਰ ਦੇ ਵਫ਼ਾਦਾਰ ਰਹਾਂਗੇ ਜਿਨ੍ਹਾਂ ਨੇ ਨਬੂਕਦਨੱਸਰ ਦੀ ਬਣਾਈ ਹੋਈ ਸੋਨੇ ਦੀ ਮੂਰਤ ਅੱਗੇ ਮੱਥਾ ਨਹੀਂ ਟੇਕਿਆ। ਇਨ੍ਹਾਂ ਇਬਰਾਨੀਆਂ ਨੇ ਇਹ ਉਮੀਦ ਨਹੀਂ ਰੱਖੀ ਸੀ ਕਿ ਯਹੋਵਾਹ ਉਨ੍ਹਾਂ ਨੂੰ ਚਮਤਕਾਰੀ ਢੰਗ ਨਾਲ ਬਚਾਵੇਗਾ। (ਦਾਨੀਏਲ 3:​17, 18 ਪੜ੍ਹੋ।) ਫਿਰ ਵੀ ਯਹੋਵਾਹ ਨੇ ਉਨ੍ਹਾਂ ਨੂੰ ਅੱਗ ਦੀ ਬਲਦੀ ਭੱਠੀ ਵਿੱਚੋਂ ਬਚਾ ਲਿਆ ਸੀ। (ਦਾਨੀ. 3:​21-27) ਪਰ ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਆਪਣੇ ਥੋੜ੍ਹੇ ਹੀ ਸੇਵਕਾਂ ਨੂੰ ਚਮਤਕਾਰੀ ਢੰਗ ਨਾਲ ਬਚਾਇਆ ਸੀ। ਸੱਚ ਤਾਂ ਇਹ ਹੈ ਕਿ ਉਸ ਦੇ ਕਈ ਵਫ਼ਾਦਾਰ ਸੇਵਕ ਵਿਰੋਧੀਆਂ ਦੇ ਹੱਥੀਂ ਮਾਰੇ ਗਏ ਸਨ।​—⁠ਇਬ. 11:​35-37.

9 ਅੱਜ ਬਾਰੇ ਕੀ? ਅੱਜ ਵੀ ਯਹੋਵਾਹ “ਛੁਡਾਉਣ ਵਾਲਾ” ਸਾਬਤ ਹੋਇਆ ਹੈ ਅਤੇ ਉਹ ਆਪਣੇ ਲੋਕਾਂ ਨੂੰ ਮੁਸ਼ਕਲ ਹਾਲਾਤਾਂ ਵਿੱਚੋਂ ਕੱਢ ਸਕਦਾ ਹੈ। ਕੀ ਅਸੀਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਯਹੋਵਾਹ ਨੇ ਇਕ ਹਾਲਤ ਵਿਚ ਕਿਸੇ ਨੂੰ ਬਚਾਇਆ ਸੀ ਅਤੇ ਇਕ ਹੋਰ ਹਾਲਤ ਵਿਚ ਕਿਸੇ ਨੂੰ ਨਹੀਂ ਬਚਾਇਆ ਸੀ? ਨਹੀਂ। ਫਿਰ ਵੀ ਕਿਸੇ ਭੈਣ ਜਾਂ ਭਰਾ ਨੂੰ ਸ਼ਾਇਦ ਲੱਗੇ ਕਿ ਯਹੋਵਾਹ ਨੇ ਉਸ ਨੂੰ ਕਿਸੇ ਖ਼ਤਰੇ ਤੋਂ ਬਚਾਇਆ ਸੀ। ਅਸੀਂ ਇਹ ਨਹੀਂ ਕਹਿ ਸਕਦੇ ਹਾਂ ਕਿ ਉਸ ਦੀ ਗੱਲ ਸਹੀ ਹੈ ਜਾਂ ਗ਼ਲਤ। ਲੇਕਿਨ ਸਾਨੂੰ ਕਬੂਲ ਕਰਨਾ ਪੈਂਦਾ ਹੈ ਕਿ ਕਈ ਵਫ਼ਾਦਾਰ ਭੈਣ-ਭਰਾ ਵਿਰੋਧੀਆਂ ਦੇ ਹੱਥੀਂ ਮਾਰੇ ਗਏ ਹਨ ਜਿਵੇਂ ਕਿ ਨਾਜ਼ੀ ਸਰਕਾਰ ਅਧੀਨ। ਹੋਰਨਾਂ ਭੈਣਾਂ-ਭਰਾਵਾਂ ਦੀ ਮੌਤ ਦੁਖਦਾਈ ਹਾਲਾਤਾਂ ਵਿਚ ਹੋਈ ਹੈ। (ਉਪ. 9:11) ਅਸੀਂ ਸ਼ਾਇਦ ਪੁੱਛੀਏ, ‘ਕੀ ਯਹੋਵਾਹ ਉਨ੍ਹਾਂ ਲਈ “ਛੁਡਾਉਣ ਵਾਲਾ” ਨਹੀਂ ਸਾਬਤ ਹੋਇਆ ਸੀ?’ ਇਹ ਗੱਲ ਸੱਚ ਨਹੀਂ ਹੋ ਸਕਦੀ।

10, 11. ਕੋਈ ਵੀ ਇਨਸਾਨ ਮੌਤ ਨੂੰ ਕਿਉਂ ਨਹੀਂ ਰੋਕ ਸਕਦਾ, ਪਰ ਯਹੋਵਾਹ ਕੀ ਕਰਨ ਦੇ ਕਾਬਲ ਹੈ?

10 ਜ਼ਰਾ ਇਸ ਬਾਰੇ ਸੋਚੋ: ਕੋਈ ਵੀ ਇਨਸਾਨ ਮੌਤ ਨੂੰ ਰੋਕ ਨਹੀਂ ਸਕਦਾ ਕਿਉਂਕਿ ਉਹ “ਆਪਣੀ ਜਾਨ ਨੂੰ ਪਤਾਲ ਦੇ ਵੱਸ” ਤੋਂ ਛੁਡਾ ਨਹੀਂ ਸਕਦਾ। (ਜ਼ਬੂ. 89:48) ਪਰ ਕੀ ਯਹੋਵਾਹ ਛੁਡਾ ਸਕਦਾ ਹੈ? ਇਕ ਭੈਣ ਨੇ ਨਾਜ਼ੀਆਂ ਦੇ ਹੱਥੀਂ ਬਹੁਤ ਦੁੱਖ ਸਹੇ ਸਨ। ਇਸ ਸਮੇਂ ਦੌਰਾਨ ਉਸ ਨੇ ਤਸ਼ੱਦਦ ਕੈਂਪਾਂ ਵਿਚ ਕਈਆਂ ਨੂੰ ਮਰਦੇ ਦੇਖਿਆ। ਉਸ ਨੂੰ ਅਜੇ ਵੀ ਆਪਣੀ ਮਾਂ ਦੀ ਗੱਲ ਯਾਦ ਹੈ ਜੋ ਉਸ ਨੇ ਦਿਲਾਸਾ ਦੇਣ ਲਈ ਉਸ ਨੂੰ ਕਹੀ ਸੀ: “ਜੇ ਇਨਸਾਨ ਮਰ ਕੇ ਹਮੇਸ਼ਾ ਮੌਤ ਦੇ ਪੰਜੇ ਵਿਚ ਹੀ ਰਹਿੰਦਾ, ਤਾਂ ਮੌਤ ਪਰਮੇਸ਼ੁਰ ਨਾਲੋਂ ਜ਼ਿਆਦਾ ਤਾਕਤਵਰ ਹੁੰਦੀ, ਹੈ ਨਾ?” ਪਰ ਜੀਵਨ ਦੇਣ ਵਾਲੇ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਅੱਗੇ ਮੌਤ ਤਾਂ ਕੁਝ ਵੀ ਨਹੀਂ ਹੈ! (ਜ਼ਬੂ. 36:9) ਜੋ ਵੀ ਲੋਕ ਮੌਤ ਦੀ ਨੀਂਦ ਸੌਂ ਗਏ ਹਨ ਉਹ ਯਹੋਵਾਹ ਦੇ ਦਿਲ ਵਿਚ ਹਨ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਛੁਡਾਵੇਗਾ।​—⁠ਲੂਕਾ 20:​37, 38; ਪਰ. 20:​11-14.

11 ਅੱਜ ਵੀ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀ ਦੇਖ-ਭਾਲ ਕਰਦਾ ਹੈ। ਆਓ ਆਪਾਂ ਹੁਣ ਦੇਖੀਏ ਕਿ ਯਹੋਵਾਹ ਕਿਨ੍ਹਾਂ ਤਿੰਨ ਤਰੀਕਿਆਂ ਨਾਲ ਸਾਡਾ “ਛੁਡਾਉਣ ਵਾਲਾ” ਸਾਬਤ ਹੁੰਦਾ ਹੈ।

ਯਹੋਵਾਹ ਸਾਨੂੰ ਆਪਣੇ ਦਿਲ ਵਿਚ ਰੱਖਦਾ ਹੈ

12, 13. ਯਹੋਵਾਹ ਨਾਲ ਸਾਡਾ ਰਿਸ਼ਤਾ ਸਭ ਤੋਂ ਜ਼ਰੂਰੀ ਕਿਉਂ ਹੈ ਅਤੇ ਯਹੋਵਾਹ ਸਾਡੀ ਰਾਖੀ ਲਈ ਕਿਹੜੇ ਪ੍ਰਬੰਧ ਕਰਦਾ ਹੈ?

12 ਯਹੋਵਾਹ ਸਾਨੂੰ ਆਪਣੇ ਦਿਲ ਵਿਚ ਰੱਖ ਕੇ ਸਾਡੀ ਰਾਖੀ ਕਰਦਾ ਹੈ। ਉਸ ਦੇ ਸੇਵਕ ਹੋਣ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਸਾਡੀ ਜ਼ਿੰਦਗੀ ਤਾਂ ਕੀਮਤੀ ਹੈ, ਪਰ ਇਸ ਨਾਲੋਂ ਕੋਈ ਹੋਰ ਚੀਜ਼ ਜ਼ਿਆਦਾ ਕੀਮਤੀ ਹੈ। ਉਹ ਕੀ ਹੈ? ਯਹੋਵਾਹ ਨਾਲ ਸਾਡਾ ਰਿਸ਼ਤਾ। (ਕਹਾ. 3:32; ਜ਼ਬੂ. 63:3) ਇਸ ਰਿਸ਼ਤੇ ਤੋਂ ਬਿਨਾਂ ਸਾਡੀ ਜ਼ਿੰਦਗੀ ਬਿਨਾਂ ਮਤਲਬ ਹੁੰਦੀ ਅਤੇ ਚੰਗੇ ਭਵਿੱਖ ਲਈ ਸਾਡੇ ਕੋਲ ਕੋਈ ਉਮੀਦ ਨਾ ਹੁੰਦੀ।

13 ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੀ ਮਦਦ ਕਰਦਾ ਹੈ ਕਿ ਅਸੀਂ ਉਸ ਨਾਲ ਆਪਣਾ ਰਿਸ਼ਤਾ ਗੂੜਾਾ ਰੱਖੀਏ। ਉਸ ਨੇ ਸਾਨੂੰ ਆਪਣਾ ਬਚਨ ਤੇ ਆਪਣੀ ਸ਼ਕਤੀ ਦਿੱਤੀ ਹੈ। ਇਸ ਦੇ ਨਾਲ-ਨਾਲ ਅਸੀਂ ਦੁਨੀਆਂ ਭਰ ਵਿਚ ਇਕ ਭਾਈਚਾਰੇ ਦਾ ਹਿੱਸਾ ਹਾਂ। ਅਸੀਂ ਇਨ੍ਹਾਂ ਪ੍ਰਬੰਧਾਂ ਦਾ ਫ਼ਾਇਦਾ ਕਿਵੇਂ ਉਠਾ ਸਕਦੇ ਹਾਂ? ਜੇ ਅਸੀਂ ਬਾਕਾਇਦਾ ਉਸ ਦੇ ਬਚਨ ਦਾ ਅਧਿਐਨ ਕਰੀਏ, ਤਾਂ ਸਾਡੀ ਨਿਹਚਾ ਅਤੇ ਉਮੀਦ ਪੱਕੀ ਹੋਵੇਗੀ। (ਰੋਮੀ. 15:4) ਜੇ ਅਸੀਂ ਉਸ ਦੀ ਸ਼ਕਤੀ ਲਈ ਦੁਆ ਕਰਦੇ ਰਹੀਏ, ਤਾਂ ਉਹ ਸਾਡੀ ਮਦਦ ਕਰੇਗਾ ਤਾਂਕਿ ਅਸੀਂ ਪਰਤਾਵੇ ਵਿਚ ਨਾ ਪਈਏ ਅਤੇ ਗ਼ਲਤ ਰਾਹ ‘ਤੇ ਨਾ ਚੱਲੀਏ। (ਲੂਕਾ 11:13) ਜੇ ਅਸੀਂ ਪ੍ਰਕਾਸ਼ਨਾਂ, ਮੀਟਿੰਗਾਂ ਅਤੇ ਸੰਮੇਲਨਾਂ ਵਿਚ ਮਿਲੀ ਮਾਤਬਰ ਅਤੇ ਬੁੱਧਵਾਨ ਨੌਕਰ ਦੀ ਸਲਾਹ ਉੱਤੇ ਚੱਲਦੇ ਰਹੀਏ, ਤਾਂ ਸਾਨੂੰ ‘ਵੇਲੇ ਸਿਰ ਮਿਲੀ ਰਸਤ’ ਤੋਂ ਤਾਕਤ ਮਿਲੇਗੀ। (ਮੱਤੀ 24:45) ਇਹ ਸਾਰੇ ਪ੍ਰਬੰਧ ਸਾਡੀ ਰਾਖੀ ਕਰਦੇ ਹਨ ਅਤੇ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਰੱਖਦੇ ਹਨ।​—⁠ਯਾਕੂ. 4:⁠8.

14. ਇਕ ਉਦਾਹਰਣ ਦੇ ਕੇ ਦੱਸੋ ਕਿ ਯਹੋਵਾਹ ਸਾਡੀ ਰਾਖੀ ਕਿਵੇਂ ਕਰਦਾ ਹੈ।

14 ਇਹ ਦੇਖਣ ਲਈ ਕਿ ਯਹੋਵਾਹ ਸਾਨੂੰ ਆਪਣੇ ਦਿਲ ਵਿਚ ਰੱਖ ਕੇ ਸਾਡੀ ਰਾਖੀ ਕਿਵੇਂ ਕਰਦਾ ਹੈ, ਆਓ ਆਪਾਂ ਉਨ੍ਹਾਂ ਮਾਪਿਆਂ ਬਾਰੇ ਸੋਚੀਏ ਜਿਨ੍ਹਾਂ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ। ਇਹ ਪਤਾ ਲੱਗਣ ਤੋਂ ਕੁਝ ਦਿਨ ਬਾਅਦ ਕਿ ਉਨ੍ਹਾਂ ਦੀ ਧੀ ਥੇਰੇਸਾ ਲਾਪਤਾ ਸੀ, ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਸ ਦਾ ਕਤਲ ਕੀਤਾ ਗਿਆ ਸੀ। * ਇਹ ਸੁਣ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੇ ਪਿਤਾ ਨੇ ਕਿਹਾ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਹ ਉਸ ਦੀ ਰੱਖਿਆ ਕਰੇ। ਜਦੋਂ ਉਸ ਦੀ ਹੱਤਿਆ ਹੋ ਗਈ, ਤਾਂ ਮੈਨੂੰ ਪਹਿਲਾਂ ਬੜੀ ਹੈਰਾਨੀ ਹੋਈ ਕਿ ਯਹੋਵਾਹ ਨੇ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਉਂ ਨਹੀਂ ਦਿੱਤਾ। ਮੈਂ ਜਾਣਦਾ ਹਾਂ ਕਿ ਯਹੋਵਾਹ ਨੇ ਆਪਣੇ ਇਕ-ਇਕ ਸੇਵਕ ਦੀ ਚਮਤਕਾਰੀ ਤਰੀਕੇ ਨਾਲ ਰੱਖਿਆ ਕਰਨ ਦਾ ਵਾਅਦਾ ਨਹੀਂ ਕੀਤਾ ਹੈ। ਇਸ ਕਰਕੇ, ਮੈਂ ਸਮਝ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ। ਮੈਨੂੰ ਇਹ ਜਾਣ ਕੇ ਹੌਸਲਾ ਮਿਲਿਆ ਕਿ ਯਹੋਵਾਹ ਆਪਣੇ ਲੋਕਾਂ ਨੂੰ ਅਧਿਆਤਮਿਕ ਤੌਰ ਤੇ ਬਚਾਉਂਦਾ ਹੈ, ਯਾਨੀ ਉਹ ਸਾਨੂੰ ਉਹ ਸਭ ਕੁਝ ਦਿੰਦਾ ਹੈ ਜਿਸ ਨਾਲ ਸਾਡਾ ਰਿਸ਼ਤਾ ਉਸ ਨਾਲ ਬਰਕਰਾਰ ਰਹੇ। ਇਸ ਕਿਸਮ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਣ ਹੈ ਕਿਉਂਕਿ ਇਹ ਸਾਡੇ ਸਦੀਵੀ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਅਰਥ ਵਿਚ, ਯਹੋਵਾਹ ਨੇ ਥੇਰੇਸਾ ਨੂੰ ਬਚਾਇਆ ਹੈ; ਉਹ ਆਪਣੀ ਮੌਤ ਤਕ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਦੀ ਰਹੀ। ਮੈਨੂੰ ਇਹ ਜਾਣ ਕੇ ਬੜੀ ਸ਼ਾਂਤੀ ਮਿਲੀ ਹੈ ਕਿ ਉਸ ਦਾ ਭਵਿੱਖ ਹੁਣ ਸਾਡੇ ਪ੍ਰੇਮ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਦੇ ਹੱਥਾਂ ਵਿਚ ਹੈ।”

ਬੀਮਾਰੀ ਦੀ ਹਾਲਤ ਵਿਚ ਸੰਭਾਲ

15. ਬੀਮਾਰੀ ਦੀ ਹਾਲਤ ਵਿਚ ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ?

15 ਯਹੋਵਾਹ ਸਾਨੂੰ ਵੀ “ਮਾਂਦਗੀ ਦੇ ਮੰਜੇ ਉੱਤੇ” ਸੰਭਾਲ ਸਕਦਾ ਹੈ ਜਿਵੇਂ ਉਸ ਨੇ ਦਾਊਦ ਨੂੰ ਸੰਭਾਲਿਆ ਸੀ। (ਜ਼ਬੂ. 41:3) ਇਹ ਸੱਚ ਹੈ ਕਿ ਹੁਣ ਯਹੋਵਾਹ ਸਾਨੂੰ ਚਮਤਕਾਰੀ ਢੰਗ ਨਾਲ ਠੀਕ ਨਹੀਂ ਕਰੇਗਾ, ਪਰ ਉਹ ਸਾਡੀ ਮਦਦ ਜ਼ਰੂਰ ਕਰਦਾ ਹੈ। ਕਿਵੇਂ? ਬਾਈਬਲ ਵਿਚ ਅਜਿਹੇ ਅਸੂਲ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਇਲਾਜ ਅਤੇ ਹੋਰਨਾਂ ਮਾਮਲਿਆਂ ਬਾਰੇ ਸਹੀ ਫ਼ੈਸਲੇ ਕਰ ਸਕਦੇ ਹਾਂ। (ਕਹਾ. 2:6) ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਸ਼ਾਇਦ ਅਜਿਹੇ ਲੇਖ ਛਾਪੇ ਜਾਣ ਜਿਨ੍ਹਾਂ ਤੋਂ ਸਾਨੂੰ ਆਪਣੀ ਬੀਮਾਰੀ ਬਾਰੇ ਜਾਣਕਾਰੀ ਅਤੇ ਚੰਗੀ ਸਲਾਹ ਮਿਲੇ। ਯਹੋਵਾਹ ਸਾਨੂੰ “ਮਹਾ-ਸ਼ਕਤੀ” ਦਿੰਦਾ ਹੈ ਤਾਂਕਿ ਅਸੀਂ ਆਪਣੀ ਬੀਮਾਰੀ ਨਾਲ ਜੀਣਾ ਸਿੱਖ ਸਕੀਏ ਅਤੇ ਜੋ ਮਰਜ਼ੀ ਹੋਵੇ ਉਸ ਦੇ ਵਫ਼ਾਦਾਰ ਰਹਿ ਸਕੀਏ। (2 ਕੁਰਿੰ. 4:​7, CL) ਭਾਵੇਂ ਅਸੀਂ ਬੀਮਾਰ ਹੋਈਏ, ਫਿਰ ਵੀ ਯਹੋਵਾਹ ਦੀ ਮਦਦ ਨਾਲ ਅਸੀਂ ਉਸ ਨਾਲ ਆਪਣਾ ਰਿਸ਼ਤਾ ਬਣਾਈ ਰੱਖ ਸਕਦੇ ਹਾਂ।

16. ਇਕ ਭਰਾ ਆਪਣੀ ਬੀਮਾਰੀ ਨਾਲ ਕਿਵੇਂ ਜੀ ਰਿਹਾ ਹੈ?

16 ਯਾਦ ਕਰੋ ਕਿ ਪਿਛਲੇ ਲੇਖ ਵਿਚ ਇਕ ਭਰਾ ਦਾ ਜ਼ਿਕਰ ਕੀਤਾ ਗਿਆ ਸੀ ਜਿਸ ਨੂੰ 1998 ਵਿਚ ਡਾਕਟਰਾਂ ਨੇ ਦੱਸਿਆ ਸੀ ਕਿ ਉਸ ਦੀ ਬੀਮਾਰੀ ਕਾਰਨ ਉਸ ਦਾ ਸਾਰਾ ਸਰੀਰ ਲਕਵੇ ਨਾਲ ਮਾਰਿਆ ਜਾਵੇਗਾ। ਉਹ ਆਪਣੀ ਬੀਮਾਰੀ ਨਾਲ ਕਿਵੇਂ ਜੀ ਰਿਹਾ ਹੈ? ਉਹ ਦੱਸਦਾ ਹੈ: “ਕਦੇ-ਕਦੇ ਮੈਨੂੰ ਇੰਨਾ ਦਰਦ ਹੁੰਦਾ ਹੈ ਕਿ ਮੈਂ ਸੋਚਦਾ ਹਾਂ ਕਿ ਇਸ ਨਾਲੋਂ ਤਾਂ ਮਰਨਾ ਠੀਕ ਹੋਵੇਗਾ। ਜਦ ਵੀ ਮੈਂ ਬਹੁਤ ਹੀ ਪਰੇਸ਼ਾਨ ਤੇ ਉਦਾਸ ਹੁੰਦਾ ਹਾਂ, ਤਾਂ ਮੈਂ ਯਹੋਵਾਹ ਤੋਂ ਤਿੰਨ ਚੀਜ਼ਾਂ ਮੰਗਦਾ ਹਾਂ: ਮਨ ਦੀ ਸ਼ਾਂਤੀ, ਧੀਰਜ ਅਤੇ ਸਬਰ। ਮੈਨੂੰ ਲੱਗਦਾ ਹੈ ਕਿ ਯਹੋਵਾਹ ਨੇ ਮੇਰੀ ਸੁਣ ਲਈ ਹੈ। ਮਨ ਦੀ ਸ਼ਾਂਤੀ ਨਾਲ ਮੈਂ ਉਨ੍ਹਾਂ ਚੀਜ਼ਾਂ ਬਾਰੇ ਸੋਚ ਸਕਦਾ ਹਾਂ ਜਿਨ੍ਹਾਂ ਤੋਂ ਮੈਨੂੰ ਦਿਲਾਸਾ ਮਿਲਦਾ ਹੈ ਜਿਵੇਂ ਕਿ ਨਵੀਂ ਦੁਨੀਆਂ ਵਿਚ ਮੈਂ ਤੁਰ-ਫਿਰ ਸਕਾਂਗਾ, ਸੁਆਦਲੇ ਖਾਣਿਆਂ ਦਾ ਮਜ਼ਾ ਲੈ ਸਕਾਂਗਾ ਤੇ ਘਰ ਵਾਲਿਆਂ ਨਾਲ ਫਿਰ ਤੋਂ ਗੱਲਬਾਤ ਕਰ ਸਕਾਂਗਾ। ਧੀਰਜ ਰੱਖਣ ਨਾਲ ਮੈਨੂੰ ਆਪਣੀਆਂ ਮਜਬੂਰੀਆਂ ਸਹਿਣ ਦੀ ਮਦਦ ਮਿਲਦੀ ਹੈ। ਸਬਰ ਰੱਖ ਕੇ ਮੈਂ ਯਹੋਵਾਹ ਦੇ ਵਫ਼ਾਦਾਰ ਰਹਿ ਸਕਦਾ ਹਾਂ ਤੇ ਉਸ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖ ਸਕਦਾ ਹਾਂ। ਦਾਊਦ ਵਾਂਗ ਮੈਂ ਵੀ ਕਹਿ ਸਕਦਾ ਹਾਂ ਕਿ ਯਹੋਵਾਹ ਨੇ ਮੈਨੂੰ ਮਾਂਦਗੀ ਦੇ ਮੰਜੇ ਉੱਤੇ ਸੰਭਾਲਿਆ ਹੈ।”​—⁠ਯਸਾ. 35:​5, 6.

ਖਾਣ-ਪੀਣ ਦਾ ਪ੍ਰਬੰਧ

17. ਯਹੋਵਾਹ ਨੇ ਕੀ ਕਰਨ ਦਾ ਵਾਅਦਾ ਕੀਤਾ ਹੈ ਅਤੇ ਇਸ ਦਾ ਕੀ ਮਤਲਬ ਹੈ?

17 ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ। (ਮੱਤੀ 6:​33, 34 ਅਤੇ ਇਬਰਾਨੀਆਂ 13:​5, 6 ਪੜ੍ਹੋ।) ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ ਅਤੇ ਕੰਮ ਕਰਨ ਤੋਂ ਇਨਕਾਰ ਕਰ ਦੇਈਏ। (2 ਥੱਸ. 3:10) ਇਸ ਵਾਅਦੇ ਦਾ ਮਤਲਬ ਇਹ ਹੈ ਕਿ ਜੇ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਵਾਂਗੇ ਅਤੇ ਰੋਜ਼ੀ-ਰੋਟੀ ਕਮਾਉਣ ਲਈ ਤਿਆਰ ਹੋਵਾਂਗੇ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ। (1 ਥੱਸ. 4:​11, 12; 1 ਤਿਮੋ. 5:8) ਉਹ ਕਈ ਤਰੀਕਿਆਂ ਨਾਲ ਸਾਡੀ ਮਦਦ ਕਰ ਸਕਦਾ ਹੈ। ਮਿਸਾਲ ਲਈ, ਹੋ ਸਕਦਾ ਹੈ ਕਿ ਕੋਈ ਭੈਣ ਜਾਂ ਭਰਾ ਸਾਡੇ ਲਈ ਰੋਟੀ-ਪਾਣੀ ਜਾਂ ਨੌਕਰੀ ਦਾ ਪ੍ਰਬੰਧ ਕਰੇ।

18. ਇਕ ਉਦਾਹਰਣ ਦੇ ਕੇ ਦੱਸੋ ਕਿ ਲੋੜ ਪੈਣ ਤੇ ਯਹੋਵਾਹ ਸਾਡੀ ਮਦਦ ਕਿਵੇਂ ਕਰ ਸਕਦਾ ਹੈ।

18 ਪਿਛਲੇ ਲੇਖ ਵਿਚ ਉਸ ਮਾਂ ਬਾਰੇ ਸੋਚੋ ਜੋ ਆਪਣੀ ਕੁੜੀ ਨੂੰ ਇਕੱਲੀ ਪਾਲ ਰਹੀ ਸੀ। ਜਦ ਉਹ ਦੋਵੇਂ ਇਕ ਨਵੇਂ ਇਲਾਕੇ ਵਿਚ ਰਹਿਣ ਗਈਆਂ, ਤਾਂ ਉਸ ਨੂੰ ਨੌਕਰੀ ਨਹੀਂ ਲੱਭ ਰਹੀ ਸੀ। ਉਸ ਨੇ ਦੱਸਿਆ: “ਹਰ ਸਵੇਰ ਮੈਂ ਪ੍ਰਚਾਰ ਕਰਨ ਜਾਂਦੀ ਸੀ ਤੇ ਦੁਪਹਿਰਾ ਨੌਕਰੀ ਭਾਲਣ ਵਿਚ ਲਾਉਂਦੀ ਸੀ। ਇਕ ਦਿਨ ਮੈਂ ਦੁਕਾਨ ਵਿਚ ਦੁੱਧ ਖ਼ਰੀਦਣ ਗਈ। ਮੈਂ ਫਲ-ਸਬਜ਼ੀਆਂ ਵੱਲ ਦੇਖਦੀ ਰਹੀ, ਪਰ ਮੇਰੇ ਕੋਲ ਕੁਝ ਖ਼ਰੀਦਣ ਲਈ ਪੈਸੇ ਨਹੀਂ ਸੀ। ਮੈਂ ਬਹੁਤ ਉਦਾਸ ਹੋਈ। ਜਦ ਮੈਂ ਘਰ ਪਹੁੰਚੀ, ਤਾਂ ਘਰ ਦੇ ਪਿਛਲੇ ਦਰਵਾਜ਼ੇ ਕੋਲ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਦੇ ਝੋਲੇ ਭਰੇ ਪਏ ਸਨ। ਇੰਨੀਆਂ ਸਬਜ਼ੀਆਂ ਸਨ ਕਿ ਅਸੀਂ ਉਨ੍ਹਾਂ ਨਾਲ ਕਈ ਮਹੀਨੇ ਗੁਜ਼ਾਰਾ ਕਰ ਸਕਦੀਆਂ ਸਨ। ਉਨ੍ਹਾਂ ਨੂੰ ਦੇਖ ਕੇ ਮੇਰਾ ਦਿਲ ਭਰ ਆਇਆ ਤੇ ਮੈਂ ਯਹੋਵਾਹ ਦਾ ਸ਼ੁਕਰ ਕੀਤਾ।” ਇਸ ਭੈਣ ਨੂੰ ਪਤਾ ਲੱਗਾ ਕਿ ਇਕ ਭਰਾ ਨੇ ਆਪਣੇ ਬਗ਼ੀਚੇ ਵਿੱਚੋਂ ਇਹ ਸਬਜ਼ੀਆਂ ਲਿਆ ਕੇ ਰੱਖੀਆਂ ਸਨ। ਬਾਅਦ ਵਿਚ ਉਸ ਨੇ ਭਰਾ ਨੂੰ ਚਿੱਠੀ ਲਿਖ ਕੇ ਕਿਹਾ: “ਭਾਵੇਂ ਉਸ ਦਿਨ ਮੈਂ ਤੁਹਾਡਾ ਲੱਖ-ਲੱਖ ਸ਼ੁਕਰ ਕੀਤਾ, ਪਰ ਮੈਂ ਯਹੋਵਾਹ ਦਾ ਵੀ ਧੰਨਵਾਦ ਕੀਤਾ ਕਿ ਉਸ ਨੇ ਤੁਹਾਡੀ ਮਿਹਰਬਾਨੀ ਦੇ ਜ਼ਰੀਏ ਮੈਨੂੰ ਆਪਣੇ ਪਿਆਰ ਦਾ ਸਬੂਤ ਦਿੱਤਾ।”​—⁠ਕਹਾ. 19:⁠17.

19. ਵੱਡੀ ਬਿਪਤਾ ਦੌਰਾਨ ਯਹੋਵਾਹ ਦੇ ਸੇਵਕ ਕਿਸ ਗੱਲ ਦਾ ਭਰੋਸਾ ਰੱਖ ਸਕਣਗੇ ਅਤੇ ਹੁਣ ਸਾਨੂੰ ਕੀ ਕਰਨ ਦੀ ਠਾਣ ਲੈਣੀ ਚਾਹੀਦੀ ਹੈ?

19 ਯਹੋਵਾਹ ਨੇ ਅੱਜ ਅਤੇ ਪੁਰਾਣੇ ਜ਼ਮਾਨੇ ਵਿਚ ਜੋ ਵੀ ਕੀਤਾ ਹੈ ਉਸ ਤੋਂ ਸਾਨੂੰ ਉਸ ਉੱਤੇ ਭਰੋਸਾ ਰੱਖਣ ਦਾ ਕਾਰਨ ਮਿਲਦਾ ਹੈ ਕਿ ਉਹ ਸਾਡੀ ਸਹਾਇਤਾ ਜ਼ਰੂਰ ਕਰੇਗਾ। ਜਦੋਂ ਸ਼ਤਾਨ ਦੀ ਦੁਨੀਆਂ ਉੱਤੇ ਵੱਡੀ ਬਿਪਤਾ ਆਵੇਗੀ, ਤਾਂ ਸਾਨੂੰ ਯਹੋਵਾਹ ਦੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਮਦਦ ਦੀ ਲੋੜ ਪਵੇਗੀ। ਉਸ ਸਮੇਂ ਯਹੋਵਾਹ ਦੇ ਸੇਵਕਾਂ ਨੂੰ ਡਰਨ ਦੀ ਲੋੜ ਨਹੀਂ ਹੋਵੇਗੀ। ਉਹ ਸਿਰ ਚੁੱਕ ਕੇ ਖ਼ੁਸ਼ੀ ਨਾਲ ਅੱਗੇ ਦੇਖਣਗੇ ਕਿਉਂਕਿ ਉਨ੍ਹਾਂ ਦਾ ਬਚਾਅ ਨੇੜੇ ਹੈ। (ਲੂਕਾ 21:28) ਸਾਡੇ ਉੱਤੇ ਜੋ ਵੀ ਮੁਸੀਬਤ ਆਵੇ, ਸਾਨੂੰ ਯਹੋਵਾਹ ਉੱਤੇ ਆਪਣਾ ਭਰੋਸਾ ਮਜ਼ਬੂਤ ਰੱਖਣ ਦੀ ਠਾਣ ਲੈਣੀ ਚਾਹੀਦੀ ਹੈ ਕਿਉਂਕਿ ਉਹ ਬਦਲਦਾ ਨਹੀਂ ਅਤੇ ਸੱਚ-ਮੁੱਚ ਸਾਡਾ “ਛੁਡਾਉਣ ਵਾਲਾ” ਹੈ।

[ਫੁਟਨੋਟ]

^ ਪੈਰਾ 14 ਜੁਲਾਈ-ਸਤੰਬਰ 2001 ਦੇ ਜਾਗਰੂਕ ਬਣੋ! ਦੇ ਸਫ਼ੇ 19-23 ਉੱਤੇ “ਇਕ ਦਿਲ-ਚੀਰਵੇਂ ਦੁਖਾਂਤ ਦਾ ਸਾਮ੍ਹਣਾ ਕਰਨਾ” ਨਾਂ ਦਾ ਲੇਖ ਦੇਖੋ।

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਉਨ੍ਹਾਂ ਸਾਰਿਆਂ ਲਈ ਕੀ ਕਰੇਗਾ ਜੋ ਮੌਤ ਦੀ ਨੀਂਦ ਸੌਂ ਗਏ ਹਨ?

• ਯਹੋਵਾਹ ਨਾਲ ਸਾਡਾ ਰਿਸ਼ਤਾ ਸਭ ਤੋਂ ਜ਼ਰੂਰੀ ਕਿਉਂ ਹੈ?

• ਯਹੋਵਾਹ ਦੇ ਉਸ ਵਾਅਦੇ ਦਾ ਕੀ ਮਤਲਬ ਹੈ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ?

[ਸਵਾਲ]

[ਸਫ਼ਾ 8 ਉੱਤੇ ਤਸਵੀਰ]

1918 ਵਿਚ ਭਰਾ ਰਦਰਫ਼ਰਡ ਅਤੇ ਉਸ ਦੇ ਸਾਥੀ ਗਿਰਫ਼ਤਾਰ ਕੀਤੇ ਗਏ, ਫਿਰ ਰਿਹਾ ਹੋਣ ਤੋਂ ਬਾਅਦ ਇਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕੀਤਾ ਗਿਆ

[ਸਫ਼ਾ 10 ਉੱਤੇ ਤਸਵੀਰ]

ਯਹੋਵਾਹ ਸਾਨੂੰ “ਮਾਂਦਗੀ ਦੇ ਮੰਜੇ” ਉੱਤੇ ਸੰਭਾਲ ਸਕਦਾ ਹੈ