Skip to content

Skip to table of contents

ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰੋ

ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰੋ

ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰੋ

“ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਭੇਡ ਲੱਭੀ ਹੈ।”—ਲੂਕਾ 15:6.

1. ਯਿਸੂ ਮਸੀਹ ਇਕ ਵਧੀਆ ਅਯਾਲੀ ਕਿਵੇਂ ਸਾਬਤ ਹੋਇਆ ਹੈ?

ਯਹੋਵਾਹ ਦੇ ਇਕਲੌਤੇ ਪੁੱਤਰ ਯਿਸੂ ਮਸੀਹ ਨੂੰ ‘ਭੇਡਾਂ ਦਾ ਵੱਡਾ ਅਯਾਲੀ’ ਸੱਦਿਆ ਗਿਆ ਹੈ। (ਇਬ. 13:20) ਬਾਈਬਲ ਵਿਚ ਉਸ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਹ ਆ ਕੇ ਇਕ ਅਯਾਲੀ ਵਾਂਗ ਇਸਰਾਏਲ ਦੀਆਂ “ਗੁਆਚੀਆਂ ਹੋਈਆਂ ਭੇਡਾਂ” ਨੂੰ ਲੱਭੇਗਾ। (ਮੱਤੀ 2:1-6; 15:24) ਠੀਕ ਜਿਵੇਂ ਇਕ ਅਯਾਲੀ ਆਪਣੀਆਂ ਭੇਡਾਂ ਦੀ ਰਾਖੀ ਕਰਨ ਲਈ ਆਪਣੀ ਜਾਨ ਦੇਣ ਲਈ ਵੀ ਤਿਆਰ ਹੁੰਦਾ ਹੈ ਉਸੇ ਤਰ੍ਹਾਂ ਯਿਸੂ ਨੇ ਉਨ੍ਹਾਂ ਨੇਕਦਿਲ ਲੋਕਾਂ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ ਜੋ ਉਸ ਉੱਤੇ ਨਿਹਚਾ ਕਰਨਗੇ।—ਯੂਹੰ. 10:11, 15; 1 ਯੂਹੰ. 2:1, 2.

2. ਕੁਝ ਭੈਣ-ਭਰਾ ਕਿਨ੍ਹਾਂ ਗੱਲਾਂ ਕਾਰਨ ਸੱਚਾਈ ਵਿਚ ਢਿੱਲੇ ਪੈ ਗਏ ਹਨ?

2 ਦੁੱਖ ਦੀ ਗੱਲ ਹੈ ਕਿ ਕੁਝ ਭੈਣ-ਭਰਾ ਜੋ ਪਹਿਲਾਂ ਯਿਸੂ ਦੇ ਬਲੀਦਾਨ ਉੱਤੇ ਨਿਹਚਾ ਕਰਦੇ ਸਨ ਅਤੇ ਜਿਨ੍ਹਾਂ ਨੇ ਰੱਬ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਸੀ ਉਨ੍ਹਾਂ ਨੇ ਹੁਣ ਮੀਟਿੰਗਾਂ ਵਿਚ ਜਾਣਾ ਅਤੇ ਪ੍ਰਚਾਰ ਕਰਨਾ ਛੱਡ ਦਿੱਤਾ ਹੈ। ਹੋ ਸਕਦਾ ਹੈ ਕਿ ਨਿਰਾਸ਼ਾ, ਬੀਮਾਰੀ ਜਾਂ ਹੋਰਨਾਂ ਗੱਲਾਂ ਕਾਰਨ ਉਹ ਸੱਚਾਈ ਵਿਚ ਢਿੱਲੇ ਪੈ ਗਏ ਹਨ। ਪਰ ਸਿਰਫ਼ ਪਰਮੇਸ਼ੁਰ ਦੀ ਕਲੀਸਿਯਾ ਵਿਚ ਰਹਿ ਕੇ ਹੀ ਉਹ ਉਨ੍ਹਾਂ ਬਰਕਤਾਂ ਦਾ ਆਨੰਦ ਮਾਣ ਸਕਦੇ ਹਨ ਜਿਨ੍ਹਾਂ ਦਾ ਜ਼ਿਕਰ ਦਾਊਦ ਨੇ 23ਵੇਂ ਜ਼ਬੂਰ ਵਿਚ ਕੀਤਾ ਸੀ। ਉਸ ਜ਼ਬੂਰ ਵਿਚ ਦਾਊਦ ਨੇ ਕਿਹਾ: “ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ।” (ਜ਼ਬੂ. 23:1) ਯਹੋਵਾਹ ਦਾ ਲੜ ਫੜੀ ਰੱਖਣ ਵਾਲੇ ਭੈਣ-ਭਰਾ ਉਸ ਨਾਲ ਇਕ ਗੂੜ੍ਹਾ ਰਿਸ਼ਤਾ ਬਣਾਈ ਰੱਖਦੇ ਹਨ। ਲੇਕਿਨ ਇਹ ਗੱਲ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਸੱਚ ਨਹੀਂ ਜੋ ਕਲੀਸਿਯਾ ਤੋਂ ਦੂਰ ਹੋ ਕੇ ਯਹੋਵਾਹ ਦਾ ਲੜ ਛੱਡ ਦਿੰਦੇ ਹਨ। ਉਨ੍ਹਾਂ ਦੀ ਮਦਦ ਕੌਣ ਕਰ ਸਕਦੇ ਹਨ? ਉਨ੍ਹਾਂ ਦੀ ਮਦਦ ਕਿੱਦਾਂ ਕੀਤੀ ਜਾਂ ਸਕਦੀ ਹੈ ਤਾਂਕਿ ਉਹ ਕਲੀਸਿਯਾ ਵਿਚ ਵਾਪਸ ਆ ਜਾਣ?

ਮਦਦ ਕਿੱਥੋਂ ਮਿਲ ਸਕਦੀ ਹੈ?

3. ਯਿਸੂ ਨੇ ਕਿੱਦਾਂ ਸਮਝਾਇਆ ਕਿ ਸੱਚਾਈ ਤੋਂ ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਕੀ ਜ਼ਰੂਰੀ ਹੈ?

3 ਸੱਚਾਈ ਤੋਂ ਭਟਕੇ ਕਿਸੇ ਭੈਣ ਜਾਂ ਭਰਾ ਦੀ ਮਦਦ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। (ਜ਼ਬੂ. 100:3) ਯਿਸੂ ਨੇ ਇਕ ਉਦਾਹਰਣ ਦੇ ਕੇ ਇਹ ਗੱਲ ਸਮਝਾਈ ਸੀ ਜਦ ਉਸ ਨੇ ਕਿਹਾ: “ਜੇ ਕਿਸੇ ਮਨੁੱਖ ਦੀਆਂ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਭਲਾ, ਉਹ ਉਨ੍ਹਾਂ ਨੜਿਨੱਵੀਆਂ ਨੂੰ ਪਹਾੜਾਂ ਉੱਤੇ ਛੱਡ ਕੇ ਉਸ ਗੁਆਚੀ ਹੋਈ ਨੂੰ ਨਾ ਭਾਲਦਾ ਫਿਰੇਗਾ? ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਐਉਂ ਹੋਵੇ ਜੋ ਉਹ ਨੂੰ ਲੱਭੇ ਤਾਂ ਉਹ ਉਸ ਦੇ ਕਾਰਨ ਉਨ੍ਹਾਂ ਨੜਿਨੱਵੀਆਂ ਨਾਲੋਂ ਜਿਹੜੀਆਂ ਗੁਆਚ ਨਾ ਗਈਆਂ ਸਨ ਬਹੁਤ ਅਨੰਦ ਹੋਵੇਗਾ। ਇਸੇ ਤਰਾਂ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਮਰਜੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਭੀ ਨਾਸ ਹੋ ਜਾਵੇ।” (ਮੱਤੀ 18:12-14) ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕੌਣ ਕਰ ਸਕਦੇ ਹਨ?

4, 5. ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ?

4 ਜੇ ਕਲੀਸਿਯਾ ਦੇ ਬਜ਼ੁਰਗਾਂ ਨੇ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨੀ ਹੈ ਜੋ ਕਲੀਸਿਯਾ ਤੋਂ ਦੂਰ ਹੋ ਗਏ ਹਨ, ਤਾਂ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਲੀਸਿਯਾ ਦੇ ਸਾਰੇ ਮੈਂਬਰ ਪਰਮੇਸ਼ੁਰ ਦਾ ਇੱਜੜ ਹਨ। ਜੀ ਹਾਂ, ਉਹ ਸਾਰੇ ਪਰਮੇਸ਼ੁਰ ਦੀ “ਜੂਹ ਦੀਆਂ ਭੇਡਾਂ” ਹਨ। (ਜ਼ਬੂ. 79:13) ਇਸ ਲਈ ਬਜ਼ੁਰਗਾਂ ਨੂੰ ਪਿਆਰ ਨਾਲ ਇਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨੀ ਚਾਹੀਦੀ ਹੈ। ਭਟਕੇ ਹੋਏ ਭੈਣਾਂ-ਭਰਾਵਾਂ ਦੇ ਘਰ ਜਾ ਕੇ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰ ਕੇ ਉਨ੍ਹਾਂ ਦੀ ਮਦਦ ਹੋ ਸਕਦੀ ਹੈ। ਨਤੀਜੇ ਵਜੋਂ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋ ਸਕਦੀ ਹੈ ਅਤੇ ਕਲੀਸਿਯਾ ਵਿਚ ਵਾਪਸ ਆਉਣ ਲਈ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕਦੀ ਹੈ।—1 ਕੁਰਿੰ. 8:1.

5 ਬਜ਼ੁਰਗਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਕਲੀਸਿਯਾ ਤੋਂ ਦੂਰ ਹੋਏ ਭੈਣਾਂ-ਭਰਾਵਾਂ ਦੀ ਭਾਲ ਕਰ ਕੇ ਉਨ੍ਹਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਨ। ਪੌਲੁਸ ਰਸੂਲ ਨੇ ਅਫ਼ਸੁਸ ਦੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਕੋਲ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਹੈ। ਉਸ ਨੇ ਕਿਹਾ: “ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ ਹੀ [ਪੁੱਤਰ ਦੇ] ਲਹੂ ਨਾਲ ਮੁੱਲ ਲਿਆ ਹੈ।” (ਰਸੂ. 20:28) ਇਸੇ ਤਰ੍ਹਾਂ ਪਤਰਸ ਰਸੂਲ ਨੇ ਮਸਹ ਕੀਤੇ ਹੋਏ ਬਜ਼ੁਰਗਾਂ ਨੂੰ ਇਹ ਸਲਾਹ ਦਿੱਤੀ ਸੀ: “ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ੁਰ ਦੀ ਇੱਛਿਆ ਅਨੁਸਾਰ ਅਤੇ ਨਾ ਝੂਠੇ ਨਫ਼ੇ ਦੇ ਕਾਰਨ ਸਗੋਂ ਮਨ ਦੀ ਚਾਹ ਨਾਲ ਅਤੇ ਓਹਨਾਂ ਉੱਤੇ ਜਿਹੜੇ ਤੁਹਾਡੇ ਸਪੁਰਦ ਹਨ ਹੁਕਮ ਨਾ ਚਲਾਓ ਸਗੋਂ ਇੱਜੜ ਦੇ ਲਈ ਨਮੂਨਾ ਬਣੋ।”—1 ਪਤ. 5:1-3.

6. ਖ਼ਾਸਕਰ ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਬਜ਼ੁਰਗਾਂ ਦੀ ਮਦਦ ਦੀ ਕਿਉਂ ਲੋੜ ਹੈ?

6 ਬਜ਼ੁਰਗਾਂ ਨੂੰ ਯਿਸੂ ਦੀ ਰੀਸ ਕਰਨ ਦੀ ਲੋੜ ਹੈ ਜੋ “ਅੱਛਾ ਅਯਾਲੀ” ਹੈ। (ਯੂਹੰ. 10:11) ਯਿਸੂ ਨੂੰ ਪਰਮੇਸ਼ੁਰ ਦੇ ਸੇਵਕਾਂ ਦੀ ਬਹੁਤ ਚਿੰਤਾ ਸੀ ਤੇ ਉਸ ਨੇ ਉਨ੍ਹਾਂ ਦੀ ਦੇਖ-ਰੇਖ ਕਰਨ ਉੱਤੇ ਜ਼ੋਰ ਦਿੱਤਾ ਜਦ ਉਸ ਨੇ ਸ਼ਮਊਨ ਪਤਰਸ ਨੂੰ ਕਿਹਾ: “ਮੇਰੀਆਂ ਭੇਡਾਂ ਦੀ ਰੱਛਿਆ ਕਰ।” (ਯੂਹੰਨਾ 21:15-17 ਪੜ੍ਹੋ।) ਖ਼ਾਸਕਰ ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਮਦਦ ਦੀ ਲੋੜ ਹੈ ਕਿਉਂਕਿ ਸ਼ਤਾਨ ਹੱਥ ਧੋ ਕੇ ਉਨ੍ਹਾਂ ਦੇ ਪਿੱਛੇ ਪਿਆ ਹੋਇਆ ਹੈ। ਉਹ ਚਾਹੁੰਦਾ ਹੈ ਕਿ ਉਹ ਪਰਮੇਸ਼ੁਰ ਤੋਂ ਮੂੰਹ ਮੋੜ ਲੈਣ। ਸ਼ਤਾਨ ਸਾਡੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਂਦਾ ਹੈ ਅਤੇ ਇਸ ਦੁਨੀਆਂ ਦੇ ਬੁਰੇ ਪ੍ਰਭਾਵਾਂ ਰਾਹੀਂ ਸਾਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਦਾ ਹੈ। (1 ਯੂਹੰ. 2:15-17; 5:19) ਸੱਚਾਈ ਵਿਚ ਢਿੱਲੇ ਪਏ ਭੈਣ-ਭਰਾ ਕਮਜ਼ੋਰ ਹਨ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਰਾਹਾਂ ਉੱਤੇ ਫਿਰ ਤੋਂ ਚੱਲਣ ਵਿਚ ਸਹਾਇਤਾ ਦੀ ਲੋੜ ਹੈ। (ਗਲਾ. 5:16-21, 25) ਅਜਿਹੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਇਹ ਜ਼ਰੂਰੀ ਹੈ ਕਿ ਬਜ਼ੁਰਗ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਮੰਗਣੀ ਚਾਹੀਦੀ ਹੈ ਅਤੇ ਬਾਈਬਲ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ।—ਕਹਾ. 3:5, 6; ਲੂਕਾ 11:13; ਇਬ. 4:12.

7. ਇਹ ਇੰਨਾ ਜ਼ਰੂਰੀ ਕਿਉਂ ਹੈ ਕਿ ਬਜ਼ੁਰਗ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ?

7 ਪ੍ਰਾਚੀਨ ਇਸਰਾਏਲ ਵਿਚ ਇਕ ਅਯਾਲੀ ਆਪਣੀਆਂ ਭੇਡਾਂ ਦੀ ਦੇਖ-ਰੇਖ ਕਰਨ ਲਈ ਇਕ ਡਾਂਗ ਜਾਂ ਸੋਟਾ ਵਰਤਦਾ ਹੁੰਦਾ ਸੀ। ਜਦ ਵੀ ਅਯਾਲੀ ਆਪਣੀਆਂ ਭੇਡਾਂ ਨੂੰ ਵਾੜੇ ਵਿੱਚੋਂ ਬਾਹਰ ਕੱਢਦਾ ਸੀ ਜਾਂ ਅੰਦਰ ਲਿਆਉਂਦਾ ਸੀ, ਤਾਂ ਉਹ ਉਸ ਦੇ ‘ਸੋਟੇ ਹੇਠੋਂ’ ਲੰਘਦੀਆਂ ਸਨ ਤਾਂਕਿ ਉਹ ਇਕ-ਇਕ ਨੂੰ ਗਿਣ ਸਕੇ। (ਲੇਵੀ. 27:32; ਮੀਕਾ. 2:12; 7:14) ਇਸੇ ਤਰ੍ਹਾਂ ਬਜ਼ੁਰਗਾਂ ਨੂੰ ਪਰਮੇਸ਼ੁਰ ਦੇ ਇੱਜੜ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਇਕ-ਇਕ ਦੀ ਖ਼ਬਰ ਹੋਣੀ ਚਾਹੀਦੀ ਹੈ। (ਹੋਰ ਜਾਣਕਾਰੀ ਲਈ ਕਹਾਉਤਾਂ 27:23 ਦੇਖੋ।) ਇਸ ਕਰਕੇ ਜਦੋਂ ਕਲੀਸਿਯਾ ਦੇ ਬਜ਼ੁਰਗ ਇਕੱਠੇ ਮਿਲਦੇ ਹਨ, ਤਾਂ ਉਹ ਭੈਣਾਂ-ਭਰਾਵਾਂ ਦੀ ਦੇਖ-ਰੇਖ ਕਰਨ ਬਾਰੇ ਗੱਲ ਕਰਦੇ ਹਨ। ਉਹ ਇਸ ਬਾਰੇ ਵੀ ਗੱਲ ਕਰਦੇ ਹਨ ਕਿ ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ। ਯਹੋਵਾਹ ਨੇ ਖ਼ੁਦ ਕਿਹਾ ਸੀ ਕਿ ਉਹ ਆਪਣੇ ਲੋਕਾਂ ਦੀ ਭਾਲ ਕਰੇਗਾ ਅਤੇ ਉਨ੍ਹਾਂ ਦਾ ਧਿਆਨ ਰੱਖੇਗਾ। (ਹਿਜ਼. 34:11) ਇਸ ਲਈ ਉਹ ਖ਼ੁਸ਼ ਹੁੰਦਾ ਹੈ ਜਦੋਂ ਬਜ਼ੁਰਗ ਵੀ ਉਸ ਦੀ ਰੀਸ ਕਰ ਕੇ ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ।

8. ਬਜ਼ੁਰਗ ਕਿਨ੍ਹਾਂ ਤਰੀਕਿਆਂ ਨਾਲ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਨ?

8 ਜਦ ਕੋਈ ਬਜ਼ੁਰਗ ਕਲੀਸਿਯਾ ਦੇ ਕਿਸੇ ਬੀਮਾਰ ਮੈਂਬਰ ਨੂੰ ਮਿਲਣ ਜਾਂਦਾ ਹੈ, ਤਾਂ ਇਸ ਤੋਂ ਬੀਮਾਰ ਭੈਣ-ਭਰਾ ਨੂੰ ਖ਼ੁਸ਼ੀ ਤੇ ਹੌਸਲਾ ਮਿਲਦਾ ਹੈ। ਇਹੀ ਗੱਲ ਉਸ ਭੈਣ ਜਾਂ ਭਰਾ ਬਾਰੇ ਕਹੀ ਜਾ ਸਕਦੀ ਹੈ ਜੋ ਸੱਚਾਈ ਵਿਚ ਢਿੱਲਾ ਪੈ ਗਿਆ ਹੈ। ਬਜ਼ੁਰਗ ਸ਼ਾਇਦ ਉਸ ਨਾਲ ਬਾਈਬਲ ਦੇ ਹਵਾਲੇ ਪੜ੍ਹਨ, ਕਿਸੇ ਲੇਖ ਉੱਤੇ ਚਰਚਾ ਕਰਨ, ਮੀਟਿੰਗਾਂ ਵਿਚ ਸਿੱਖੀ ਕਿਸੇ ਗੱਲ ਬਾਰੇ ਦੱਸਣ, ਪ੍ਰਾਰਥਨਾ ਕਰਨ, ਵਗੈਰਾ। ਉਹ ਉਸ ਨੂੰ ਦੱਸ ਸਕਦੇ ਹਨ ਕਿ ਉਸ ਨੂੰ ਮੀਟਿੰਗਾਂ ਵਿਚ ਦੇਖ ਕੇ ਭੈਣ-ਭਰਾ ਬਹੁਤ ਖ਼ੁਸ਼ ਹੋਣਗੇ। (2 ਕੁਰਿੰ. 1:3-7; ਯਾਕੂ. 5:13-15) ਬਜ਼ੁਰਗ ਘਰ ਜਾ ਕੇ ਮੁਲਾਕਾਤ ਕਰ ਸਕਦੇ ਹਨ, ਫ਼ੋਨ ਤੇ ਗੱਲ ਕਰ ਸਕਦੇ ਹਨ ਜਾਂ ਇਕ ਚਿੱਠੀ ਲਿਖ ਸਕਦੇ ਹਨ। ਇਸ ਤਰ੍ਹਾਂ ਕਰਨ ਨਾਲ ਨਾ ਸਿਰਫ਼ ਅਜਿਹੇ ਭੈਣ-ਭਰਾ ਦੀ ਮਦਦ ਹੁੰਦੀ ਹੈ, ਪਰ ਹਮਦਰਦ ਬਜ਼ੁਰਗਾਂ ਨੂੰ ਵੀ ਬਹੁਤ ਖ਼ੁਸ਼ੀ ਮਿਲਦੀ ਹੈ।

ਅਸੀਂ ਸਾਰੇ ਮਿਲ ਕੇ ਮਦਦ ਕਰ ਸਕਦੇ ਹਾਂ

9, 10. ਕੀ ਕਲੀਸਿਯਾ ਤੋਂ ਦੂਰ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਨੀ ਸਿਰਫ਼ ਬਜ਼ੁਰਗਾਂ ਦੀ ਹੀ ਜ਼ਿੰਮੇਵਾਰੀ ਹੈ?

9 ਅੱਜ-ਕੱਲ੍ਹ ਅਸੀਂ ਮੁਸ਼ਕਲ ਸਮਿਆਂ ਵਿਚ ਜੀ ਰਹੇ ਹਾਂ ਅਤੇ ਸਾਰੇ ਬਹੁਤ ਬਿਜ਼ੀ ਰਹਿੰਦੇ ਹਨ, ਇਸ ਲਈ ਸ਼ਾਇਦ ਸਾਨੂੰ ਪਤਾ ਵੀ ਨਾ ਲੱਗੇ ਕਿ ਕੋਈ ਭੈਣ ਜਾਂ ਭਰਾ ਕਲੀਸਿਯਾ ਤੋਂ ਹੌਲੀ-ਹੌਲੀ ਦੂਰ ਹੋ ਰਿਹਾ ਹੈ। (ਇਬ. 2:1) ਯਹੋਵਾਹ ਆਪਣੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਹੈ। ਜਿਵੇਂ ਸਰੀਰ ਦਾ ਹਰ ਅੰਗ ਜ਼ਰੂਰੀ ਹੁੰਦਾ ਹੈ, ਤਿਵੇਂ ਉਸ ਦੀਆਂ ਨਜ਼ਰਾਂ ਵਿਚ ਕਲੀਸਿਯਾ ਦੇ ਹਰ ਮੈਂਬਰ ਦੀ ਅਹਿਮੀਅਤ ਹੈ। ਇਸੇ ਤਰ੍ਹਾਂ ਸਾਨੂੰ ਵੀ ਇਕ-ਦੂਜੇ ਨਾਲ ਪਿਆਰ ਤੇ ਇਕ-ਦੂਜੇ ਦੀ ਚਿੰਤਾ ਕਰਨੀ ਚਾਹੀਦੀ ਹੈ। (1 ਕੁਰਿੰ. 12:25) ਕੀ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ?

10 ਭਾਵੇਂ ਬਜ਼ੁਰਗ ਕਲੀਸਿਯਾ ਤੋਂ ਦੂਰ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਨ ਵਿਚ ਪਹਿਲ ਕਰਦੇ ਹਨ, ਫਿਰ ਵੀ ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਫ਼ਿਕਰ ਹੋਣਾ ਚਾਹੀਦਾ ਹੈ। ਅਸੀਂ ਇਸ ਵਿਚ ਬਜ਼ੁਰਗਾਂ ਦਾ ਸਾਥ ਦੇ ਸਕਦੇ ਹਾਂ। ਅਸੀਂ ਸਾਰੇ ਅਜਿਹੇ ਭੈਣਾਂ-ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਅਤੇ ਮਦਦ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨਾ ਸਾਡਾ ਫ਼ਰਜ਼ ਵੀ ਹੈ। ਇਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਿੱਦਾਂ ਕੀਤੀ ਜਾਂ ਸਕਦਾ ਹੈ ਤਾਂਕਿ ਉਹ ਕਲੀਸਿਯਾ ਵਿਚ ਵਾਪਸ ਆ ਜਾਣ?

11, 12. ਤੁਹਾਨੂੰ ਸ਼ਾਇਦ ਕਿਸ ਤਰੀਕੇ ਨਾਲ ਸੱਚਾਈ ਤੋਂ ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਕਿਹਾ ਜਾਵੇ?

11 ਸ਼ਾਇਦ ਬਜ਼ੁਰਗ ਨਿਹਚਾ ਵਿਚ ਮਜ਼ਬੂਤ ਕਲੀਸਿਯਾ ਦੇ ਮੈਂਬਰਾਂ ਨੂੰ ਉਨ੍ਹਾਂ ਭਟਕੇ ਹੋਏ ਭੈਣਾਂ-ਭਰਾਵਾਂ ਨਾਲ ਬਾਈਬਲ ਸਟੱਡੀ ਕਰਨ ਲਈ ਕਹਿਣ ਜਿਨ੍ਹਾਂ ਨੇ ਮਦਦ ਮੰਗੀ ਹੈ। ਇਸ ਤਰ੍ਹਾਂ ਪਰਮੇਸ਼ੁਰ ਲਈ ‘ਆਪਣੇ ਪਹਿਲੇ ਪ੍ਰੇਮ’ ਨੂੰ ਫਿਰ ਤੋਂ ਜਗਾਉਣ ਵਿਚ ਅਜਿਹੇ ਭੈਣਾਂ-ਭਰਾਵਾਂ ਦੀ ਮਦਦ ਕੀਤੀ ਜਾ ਸਕਦੀ ਹੈ। (ਪਰ. 2:1, 4) ਕਲੀਸਿਯਾ ਤੋਂ ਦੂਰ ਰਹਿਣ ਕਾਰਨ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਬਾਈਬਲ ਦੀ ਸਿੱਖਿਆ ਨਹੀਂ ਮਿਲੀ ਹੈ। ਸੋ ਉਨ੍ਹਾਂ ਨੂੰ ਇਹ ਸਿੱਖਿਆ ਦੇ ਕੇ ਮਜ਼ਬੂਤ ਕੀਤਾ ਜਾ ਸਕਦਾ ਹੈ।

12 ਜੇ ਬਜ਼ੁਰਗ ਤੁਹਾਨੂੰ ਅਜਿਹੇ ਕਿਸੇ ਭੈਣ ਜਾਂ ਭਰਾ ਨਾਲ ਸਟੱਡੀ ਕਰਨ ਲਈ ਕਹਿਣ, ਤਾਂ ਯਹੋਵਾਹ ਦੀ ਮਦਦ ਅਤੇ ਸੇਧ ਲਈ ਪ੍ਰਾਰਥਨਾ ਕਰੋ। ਹਾਂ, ‘ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦਿਓ, ਤਾਂ ਤੁਹਾਡੇ ਮਨੋਰਥ ਪੂਰੇ ਹੋਣਗੇ।’ (ਕਹਾ. 16:3) ਬਾਈਬਲ ਦੇ ਉਨ੍ਹਾਂ ਹਵਾਲਿਆਂ ਅਤੇ ਹੌਸਲਾ ਦੇਣ ਵਾਲੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰੋ ਜੋ ਤੁਸੀਂ ਉਨ੍ਹਾਂ ਨਾਲ ਸਾਂਝੇ ਕਰੋਗੇ। ਪੌਲੁਸ ਰਸੂਲ ਦੀ ਵਧੀਆ ਮਿਸਾਲ ਉੱਤੇ ਵੀ ਗੌਰ ਕਰੋ। (ਰੋਮੀਆਂ 1:11, 12 ਪੜ੍ਹੋ।) ਉਹ ਰੋਮ ਵਿਚ ਰਹਿੰਦੇ ਭੈਣਾਂ-ਭਰਾਵਾਂ ਨੂੰ ਮਿਲਣ ਲਈ ਉਤਾਵਲਾ ਸੀ ਤਾਂਕਿ ਉਹ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਦੱਸ ਸਕੇ ਜਿਨ੍ਹਾਂ ਰਾਹੀਂ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਵੇਗੀ। ਪੌਲੁਸ ਜਾਣਦਾ ਸੀ ਕਿ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਵੀ ਉਸ ਦੀ ਆਪਣੀ ਨਿਹਚਾ ਮਜ਼ਬੂਤ ਹੋਵੇਗੀ। ਕੀ ਅਸੀਂ ਵੀ ਪੌਲੁਸ ਦੀ ਰੀਸ ਕਰ ਕੇ ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ?

13. ਸੱਚਾਈ ਵਿਚ ਢਿੱਲੇ ਭੈਣ ਜਾਂ ਭਰਾ ਨਾਲ ਤੁਸੀਂ ਕਿਹੜੀਆਂ ਗੱਲਾਂ ਕਰ ਸਕਦੇ ਹੋ?

13 ਸੱਚਾਈ ਵਿਚ ਢਿੱਲੇ ਭੈਣ ਜਾਂ ਭਰਾ ਨਾਲ ਬਾਈਬਲ ਸਟੱਡੀ ਕਰਦੇ ਹੋਏ ਤੁਸੀਂ ਉਸ ਨੂੰ ਪੁੱਛ ਸਕਦੇ ਹੋ, “ਤੁਸੀਂ ਸੱਚਾਈ ਵਿਚ ਕਿੱਦਾਂ ਆਏ ਸੀ?” ਉਸ ਸਮੇਂ ਬਾਰੇ ਗੱਲਾਂ ਕਰੋ ਜਦੋਂ ਉਹ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਦਾ ਹੁੰਦਾ ਸੀ ਅਤੇ ਮੀਟਿੰਗਾਂ, ਪ੍ਰਚਾਰ ਦੇ ਕੰਮ ਅਤੇ ਸੰਮੇਲਨਾਂ ਬਾਰੇ ਉਸ ਦੀਆਂ ਮਿੱਠੀਆਂ ਯਾਦਾਂ ਤਾਜ਼ੀਆਂ ਕਰੋ। ਯਹੋਵਾਹ ਦੀ ਸੇਵਾ ਵਿਚ ਇਕੱਠਿਆਂ ਬਿਤਾਏ ਸਮਿਆਂ ਬਾਰੇ ਗੱਲ ਕਰੋ। ਉਸ ਨੂੰ ਦੱਸੋ ਕਿ ਯਹੋਵਾਹ ਦੇ ਨੇੜੇ ਹੋਣ ਵਿਚ ਤੁਹਾਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ। (ਯਾਕੂ. 4:8) ਇਹ ਵੀ ਦੱਸੋ ਕਿ ਤੁਸੀਂ ਯਹੋਵਾਹ ਦੇ ਕਿੰਨੇ ਧੰਨਵਾਦੀ ਹੋ ਕਿ ਉਹ ਆਪਣੇ ਲੋਕਾਂ ਦੀ ਮਦਦ ਕਰਦਾ ਹੈ ਅਤੇ ਉਨ੍ਹਾਂ ਦੀਆਂ ਬਿਪਤਾਵਾਂ ਵਿਚ ਉਨ੍ਹਾਂ ਨੂੰ ਦਿਲਾਸਾ ਅਤੇ ਆਸ਼ਾ ਦਿੰਦਾ ਹੈ।—ਰੋਮੀ. 15:4; 2 ਕੁਰਿੰ. 1:3, 4.

14, 15. ਕਲੀਸਿਯਾ ਤੋਂ ਦੂਰ ਹੋਏ ਭੈਣਾਂ-ਭਰਾਵਾਂ ਨੂੰ ਕਿਹੜੀਆਂ ਬਰਕਤਾਂ ਬਾਰੇ ਯਾਦ ਦਿਲਾਇਆ ਜਾ ਸਕਦਾ ਹੈ?

14 ਇਹ ਚੰਗਾ ਹੋਵੇਗਾ ਜੇ ਤੁਸੀਂ ਕਿਸੇ ਭਟਕੇ ਹੋਏ ਭੈਣ ਜਾਂ ਭਰਾ ਨੂੰ ਉਨ੍ਹਾਂ ਬਰਕਤਾਂ ਬਾਰੇ ਯਾਦ ਕਰਾਓ ਜੋ ਉਸ ਨੂੰ ਕਲੀਸਿਯਾ ਦੇ ਮੈਂਬਰ ਵਜੋਂ ਮਿਲਦੀਆਂ ਹੁੰਦੀਆਂ ਸਨ। ਮਿਸਾਲ ਲਈ, ਉਸ ਸਮੇਂ ਉਸ ਨੂੰ ਪਰਮੇਸ਼ੁਰ ਦੇ ਬਚਨ ਦਾ ਗਿਆਨ ਅਤੇ ਸਮਝ ਬਾਕਾਇਦਾ ਮਿਲਦਾ ਸੀ। (ਕਹਾ. 4:18) ਜਦ ਉਹ ਸੱਚਾਈ ਦੇ ਰਾਹ ਉੱਤੇ ਚੱਲਦਾ ਹੁੰਦਾ ਸੀ, ਤਾਂ ਉਸ ਲਈ ਸਹੀ ਕੰਮ ਕਰਨੇ ਜ਼ਿਆਦਾ ਆਸਾਨ ਸਨ। (ਗਲਾ. 5:22-26) ਨਤੀਜੇ ਵਜੋਂ ਉਸ ਦੀ ਜ਼ਮੀਰ ਸਾਫ਼ ਸੀ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਉਸ ਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲਦੀ ਸੀ ‘ਜੋ ਸਾਰੀ ਸਮਝ ਤੋਂ ਪਰੇ ਹੈ ਅਤੇ ਸਾਡੇ ਮਨਾਂ ਅਤੇ ਸੋਚਾਂ ਦੀ ਰਾਖੀ ਕਰਦੀ ਹੈ।’ (ਫ਼ਿਲਿ. 4:6, 7) ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਭੈਣ ਜਾਂ ਭਰਾ ਵਿਚ ਦਿਲਚਸਪੀ ਲਓ ਅਤੇ ਉਸ ਨੂੰ ਕਲੀਸਿਯਾ ਵਿਚ ਵਾਪਸ ਆਉਣ ਦੀ ਹੱਲਾਸ਼ੇਰੀ ਦਿਓ।—ਫ਼ਿਲਿੱਪੀਆਂ 2:4 ਪੜ੍ਹੋ।

15 ਫ਼ਰਜ਼ ਕਰੋ ਕਿ ਤੁਸੀਂ ਇਕ ਬਜ਼ੁਰਗ ਹੋ ਅਤੇ ਅਜਿਹੇ ਪਤੀ-ਪਤਨੀ ਨੂੰ ਮਿਲਣ ਜਾ ਰਹੇ ਹੋ ਜੋ ਕਲੀਸਿਯਾ ਤੋਂ ਦੂਰ ਹੋ ਗਏ ਹਨ। ਤੁਸੀਂ ਸ਼ਾਇਦ ਉਨ੍ਹਾਂ ਨਾਲ ਉਸ ਸਮੇਂ ਬਾਰੇ ਗੱਲ ਕਰੋ ਜਦ ਉਨ੍ਹਾਂ ਨੇ ਪਹਿਲਾਂ ਸੱਚਾਈ ਸਿੱਖੀ ਸੀ। ਉਸ ਸਮੇਂ ਬਾਈਬਲ ਦੀਆਂ ਗੱਲਾਂ ਸਿੱਖਣੀਆਂ ਉਨ੍ਹਾਂ ਨੂੰ ਕਿੰਨੀਆਂ ਚੰਗੀਆਂ ਲੱਗੀਆਂ ਹੋਣੀਆਂ ਅਤੇ ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਮਿਲੀ ਹੋਣੀ। (ਯੂਹੰ. 8:32) ਉਹ ਫੁੱਲੇ ਨਹੀਂ ਸਮਾਏ ਹੋਣੇ ਜਦ ਉਨ੍ਹਾਂ ਨੇ ਯਹੋਵਾਹ, ਉਸ ਦੇ ਪਿਆਰ ਅਤੇ ਉਸ ਦੇ ਮਕਸਦਾਂ ਬਾਰੇ ਸਿੱਖਿਆ ਸੀ। (ਹੋਰ ਜਾਣਕਾਰੀ ਲਈ ਲੂਕਾ 24:32 ਦੇਖੋ।) ਉਨ੍ਹਾਂ ਨੂੰ ਯਾਦ ਕਰਾਓ ਕਿ ਯਹੋਵਾਹ ਦੇ ਸੇਵਕ ਆਪਣੇ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰ ਸਕਦੇ ਹਨ ਅਤੇ ਉਨ੍ਹਾਂ ਕੋਲ ਪ੍ਰਾਰਥਨਾ ਕਰਨ ਦਾ ਵੱਡਾ ਸਨਮਾਨ ਵੀ ਹੈ। ਉਨ੍ਹਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ “ਪਰਮਧੰਨ ਪਰਮੇਸ਼ੁਰ ਦੇ ਪਰਤਾਪ ਦੀ ਖੁਸ਼ ਖਬਰੀ” ਨੂੰ ਫਿਰ ਤੋਂ ਸਵੀਕਾਰ ਕਰਨ।—1 ਤਿਮੋ. 1:11.

ਉਨ੍ਹਾਂ ਨੂੰ ਆਪਣੇ ਪਿਆਰ ਦਾ ਸਬੂਤ ਦਿਓ

16. ਇਕ ਮਿਸਾਲ ਦੇ ਕੇ ਦੱਸੋ ਕਿ ਕਿਸੇ ਦੀ ਮਦਦ ਕਰਨ ਦਾ ਕੀ ਨਤੀਜਾ ਨਿਕਲ ਸਕਦਾ ਹੈ।

16 ਕੀ ਉੱਪਰ ਦਿੱਤੀਆਂ ਸਲਾਹਾਂ ਦਾ ਕੋਈ ਫ਼ਾਇਦਾ ਵੀ ਹੈ? ਜੀ ਹਾਂ! ਇਕ ਭਰਾ ਦੀ ਮਿਸਾਲ ਉੱਤੇ ਗੌਰ ਕਰੋ ਜਿਸ ਨੇ 12 ਸਾਲਾਂ ਦੀ ਉਮਰ ਤੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਜਦ ਉਹ 15 ਸਾਲਾਂ ਦਾ ਹੋਇਆ, ਤਾਂ ਉਸ ਨੇ ਸੱਚਾਈ ਦਾ ਰਾਹ ਛੱਡ ਦਿੱਤਾ। ਪਰ ਬਾਅਦ ਵਿਚ ਉਹ ਸੱਚਾਈ ਵਿਚ ਵਾਪਸ ਆ ਗਿਆ ਅਤੇ ਹੁਣ ਉਹ ਲਗਭਗ 30 ਸਾਲਾਂ ਤੋਂ ਫੁਲ-ਟਾਈਮ ਸੇਵਾ ਕਰ ਰਿਹਾ ਹੈ। ਕਲੀਸਿਯਾ ਵਿਚ ਵਾਪਸ ਆਉਣ ਲਈ ਉਸ ਦੀ ਮਦਦ ਕਿਸ ਨੇ ਕੀਤੀ ਸੀ? ਖ਼ਾਸ ਕਰ ਕੇ ਇਕ ਬਜ਼ੁਰਗ ਨੇ ਉਸ ਦੀ ਮਦਦ ਕੀਤੀ। ਇਹ ਭਰਾ ਉਸ ਬਜ਼ੁਰਗ ਦੀ ਮਦਦ ਲਈ ਕਿੰਨਾ ਸ਼ੁਕਰਗੁਜ਼ਾਰ ਹੈ!

17, 18. ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਸਾਡੇ ਵਿਚ ਕਿਹੋ ਜਿਹੇ ਗੁਣ ਹੋਣ ਦੀ ਲੋੜ ਹੈ?

17 ਅਸੀਂ ਪਿਆਰ ਦੀ ਖ਼ਾਤਰ ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ ਤਾਂਕਿ ਉਹ ਕਲੀਸਿਯਾ ਵਿਚ ਵਾਪਸ ਆ ਜਾਣ। ਯਿਸੂ ਨੇ ਆਪਣੇ ਚੇਲਿਆਂ ਬਾਰੇ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:34, 35) ਪਿਆਰ ਹੀ ਯਿਸੂ ਦੇ ਚੇਲਿਆਂ ਦੀ ਪਛਾਣ ਹੈ। ਕੀ ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਨੂੰ ਪਿਆਰ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਬਪਤਿਸਮਾ ਤਾਂ ਲਿਆ ਹੈ, ਪਰ ਉਹ ਸੱਚਾਈ ਵਿਚ ਢਿੱਲੇ ਪੈ ਗਏ ਹਨ? ਜੀ ਹਾਂ, ਸਾਨੂੰ ਆਪਣੇ ਪਿਆਰ ਦਾ ਸਬੂਤ ਜ਼ਰੂਰ ਦੇਣਾ ਚਾਹੀਦਾ ਹੈ! ਉਨ੍ਹਾਂ ਦੀ ਮਦਦ ਕਰਨ ਲਈ ਪਿਆਰ ਕਰਨ ਤੋਂ ਇਲਾਵਾ ਸਾਨੂੰ ਸ਼ਾਇਦ ਹੋਰ ਕੁਝ ਕਰਨਾ ਪਵੇ।

18 ਜੇ ਅਸੀਂ ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਨੀ ਹੈ, ਤਾਂ ਸਾਡੇ ਵਿਚ ਕਿਹੋ ਜਿਹੇ ਗੁਣ ਹੋਣ ਦੀ ਲੋੜ ਹੈ? ਪਿਆਰ ਕਰਨ ਤੋਂ ਇਲਾਵਾ ਸਾਨੂੰ ਸ਼ਾਇਦ ਦਿਆਲੂ, ਦਇਆਵਾਨ, ਕੋਮਲ ਅਤੇ ਧੀਰਜ ਰੱਖਣ ਵਾਲੇ ਬਣਨਾ ਪਵੇਗਾ। ਪੌਲੁਸ ਨੇ ਲਿਖਿਆ: “ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ। ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।”—ਕੁਲੁ. 3:12-14.

19. ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਨੀ ਵਿਅਰਥ ਕਿਉਂ ਨਹੀਂ ਹੈ?

19 ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਕੁਝ ਭੈਣ-ਭਰਾ ਕਲੀਸਿਯਾ ਤੋਂ ਦੂਰ ਕਿਉਂ ਹੋ ਜਾਂਦੇ ਹਨ। ਅਸੀਂ ਇਹ ਵੀ ਦੇਖਾਂਗੇ ਕਿ ਜਿਹੜੇ ਭੈਣ-ਭਰਾ ਵਾਪਸ ਆਉਂਦੇ ਹਨ ਉਨ੍ਹਾਂ ਦਾ ਸੁਆਗਤ ਕਿੱਦਾਂ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਦੋ ਲੇਖਾਂ ਦੀ ਸਟੱਡੀ ਕਰਨ ਤੋਂ ਬਾਅਦ ਅਸੀਂ ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਨੀ ਚਾਹਾਂਗੇ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡੇ ਜਤਨ ਵਿਅਰਥ ਨਹੀਂ ਜਾਣਗੇ। ਲੋਕ ਆਪਣੀ ਪੂਰੀ ਜ਼ਿੰਦਗੀ ਧਨ-ਦੌਲਤ ਇਕੱਠੀ ਕਰਨ ਵਿਚ ਲਗਾ ਦਿੰਦੇ ਹਨ, ਪਰ ਦੁਨੀਆਂ ਦੀ ਸਾਰੀ ਦੌਲਤ ਵੀ ਕਿਸੇ ਦੀ ਜਾਨ ਜਿੰਨੀ ਕੀਮਤੀ ਨਹੀਂ ਹੈ। ਯਿਸੂ ਨੇ ਵੀ ਗੁਆਚੀ ਹੋਈ ਭੇਡ ਦੇ ਦ੍ਰਿਸ਼ਟਾਂਤ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ। (ਮੱਤੀ 18:12-14) ਉਮੀਦ ਹੈ ਕਿ ਤੁਸੀਂ ਵੀ ਇਹ ਗੱਲ ਨਹੀਂ ਭੁੱਲੋਗੇ ਜਿਉਂ-ਜਿਉਂ ਤੁਸੀਂ ਤਨ-ਮਨ ਲਾ ਕੇ ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਵੱਡਾ ਜਤਨ ਕਰੋਗੇ।

ਤੁਸੀਂ ਕੀ ਜਵਾਬ ਦਿਓਗੇ?

• ਭਟਕੇ ਹੋਏ ਭੈਣਾਂ-ਭਰਾਵਾਂ ਦੇ ਸੰਬੰਧ ਵਿਚ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਹੈ?

• ਤੁਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹੋ ਜੋ ਕਲੀਸਿਯਾ ਤੋਂ ਦੂਰ ਹੋ ਗਏ ਹਨ?

• ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਸਾਡੇ ਵਿਚ ਕਿਹੋ ਜਿਹੇ ਗੁਣ ਹੋਣ ਦੀ ਲੋੜ ਹੈ?

[ਸਵਾਲ]

[ਸਫ਼ਾ 10 ਉੱਤੇ ਤਸਵੀਰ]

ਬਜ਼ੁਰਗ ਪਿਆਰ ਨਾਲ ਉਨ੍ਹਾਂ ਦੀ ਮਦਦ ਕਰਦੇ ਹਨ ਜੋ ਕਲੀਸਿਯਾ ਤੋਂ ਦੂਰ ਹੋ ਗਏ ਹਨ