Skip to content

Skip to table of contents

ਯਹੋਵਾਹ ਦਾ ਬਚਨ ਜੀਉਂਦਾ ਹੈ ਯਾਕੂਬ ਅਤੇ ਪਤਰਸ ਦੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ ਯਾਕੂਬ ਅਤੇ ਪਤਰਸ ਦੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਯਹੋਵਾਹ ਦਾ ਬਚਨ ਜੀਉਂਦਾ ਹੈ ਯਾਕੂਬ ਅਤੇ ਪਤਰਸ ਦੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ

ਪੰਤੇਕੁਸਤ 33 ਈਸਵੀ ਤੋਂ ਕੁਝ 30 ਸਾਲ ਬਾਅਦ ਯਿਸੂ ਦੇ ਚੇਲੇ ਯਾਕੂਬ ਨੇ “ਬਾਰਾਂ ਗੋਤਾਂ” ਯਾਨੀ ਮਸਹ ਕੀਤੇ ਹੋਏ ਭੈਣਾਂ-ਭਰਾਵਾਂ ਨੂੰ ਚਿੱਠੀ ਲਿਖੀ। (ਯਾਕੂ. 1:1) ਉਸ ਦੇ ਲਿਖਣ ਦਾ ਕਾਰਨ ਸੀ ਕਿ ਉਹ ਨਿਹਚਾ ਵਿਚ ਤਕੜੇ ਰਹਿਣ ਅਤੇ ਸਿਤਮ ਸਹਿੰਦੇ ਸਮੇਂ ਹਾਰ ਨਾ ਮੰਨਣ। ਉਹ ਨਵੀਆਂ ਬਣੀਆਂ ਕਲੀਸਿਯਾਵਾਂ ਵਿਚ ਭਰਾਵਾਂ ਨੂੰ ਸਲਾਹ ਦੇਣੀ ਚਾਹੁੰਦਾ ਸੀ ਕਿਉਂਕਿ ਕੁਝ ਭਰਾ ਸੱਚਾਈ ਦੇ ਰਾਹ ਤੋਂ ਭਟਕ ਰਹੇ ਸਨ।

ਰੋਮ ਦੇ ਬਾਦਸ਼ਾਹ ਨੀਰੋ ਨੇ 64 ਈਸਵੀ ਵਿਚ ਮਸੀਹੀਆਂ ਵਿਰੁੱਧ ਸਿਤਮ ਦੀ ਵੱਡੀ ਮੁਹਿੰਮ ਚਲਾਈ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਪਤਰਸ ਰਸੂਲ ਨੇ ਭੈਣਾਂ-ਭਰਾਵਾਂ ਨੂੰ ਆਪਣੀ ਪਹਿਲੀ ਚਿੱਠੀ ਲਿਖੀ ਸੀ। ਉਹ ਚਾਹੁੰਦਾ ਸੀ ਕਿ ਉਹ ਨਿਹਚਾ ਵਿਚ ਤਕੜੇ ਰਹਿਣ। ਕੁਝ ਹੀ ਸਮੇਂ ਵਿਚ ਉਸ ਨੇ ਉਨ੍ਹਾਂ ਨੂੰ ਦੂਜੀ ਚਿੱਠੀ ਲਿਖੀ ਜਿਸ ਵਿਚ ਉਸ ਨੇ ਜ਼ੋਰ ਦਿੱਤਾ ਕਿ ਉਹ ਪਰਮੇਸ਼ੁਰ ਦੇ ਬਚਨ ਵੱਲ ਧਿਆਨ ਦੇਣ। ਇਸ ਤੋਂ ਇਲਾਵਾ ਉਸ ਨੇ ਪਰਮੇਸ਼ੁਰ ਦੇ ਦਿਨ ਦੇ ਆਉਣ ਬਾਰੇ ਚੇਤਾਵਨੀ ਦਿੱਤੀ। ਸਾਨੂੰ ਵੀ ਯਾਕੂਬ ਅਤੇ ਪਤਰਸ ਦੁਆਰਾ ਲਿਖੀਆਂ ਗਈਆਂ ਇਨ੍ਹਾਂ ਚਿੱਠੀਆਂ ਨੂੰ ਪੜ੍ਹ ਕੇ ਫ਼ਾਇਦਾ ਹੋ ਸਕਦਾ ਹੈ।​—ਇਬ. 4:12.

ਪਰਮੇਸ਼ੁਰ ‘ਨਿਹਚਾ ਨਾਲ ਮੰਗਣ ਵਾਲਿਆਂ’ ਨੂੰ ਬੁੱਧ ਦਿੰਦਾ ਹੈ

(ਯਾਕੂ. 1:1–5:20)

ਯਾਕੂਬ ਨੇ ਲਿਖਿਆ: ‘ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ ਕਿਉਂਕਿ ਜਾਂ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਮੁਕਟ ਪਰਾਪਤ ਹੋਵੇਗਾ।’ ਯਹੋਵਾਹ ‘ਨਿਹਚਾ ਨਾਲ ਮੰਗਣ ਵਾਲਿਆਂ’ ਨੂੰ ਬੁੱਧ ਦਿੰਦਾ ਹੈ ਤਾਂਕਿ ਉਹ ਪਰਤਾਵਿਆਂ ਦਾ ਸਾਮ੍ਹਣਾ ਕਰ ਸਕਣ।​—ਯਾਕੂ. 1:5-8, 12.

ਕਲੀਸਿਯਾ ਵਿਚ “ਉਪਦੇਸ਼ਕ” ਬਣਨ ਵਾਲਿਆਂ ਨੂੰ ਵੀ ਬੁੱਧ ਅਤੇ ਨਿਹਚਾ ਦੀ ਲੋੜ ਹੈ। ਯਾਕੂਬ ਨੇ ਕਿਹਾ ਕਿ ਭਾਵੇਂ ਜੀਭ “ਇੱਕ ਛੋਟਾ ਜਿਹਾ ਅੰਗ ਹੈ,” ਫਿਰ ਵੀ ਉਹ ‘ਸਾਰੀ ਦੇਹੀ ਨੂੰ ਦਾਗ ਲਾ ਸਕਦੀ ਹੈ।’ ਉਸ ਨੇ ਕਿਹਾ ਕਿ ਦੁਨੀਆਂ ਦੇ ਰਾਹਾਂ ਉੱਤੇ ਚੱਲ ਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਉਸ ਨੇ ਉਨ੍ਹਾਂ ਨੂੰ ਵੀ ਸਲਾਹ ਦਿੱਤੀ ਜੋ ਨਿਹਚਾ ਵਿਚ ਢਿੱਲੇ ਪੈ ਗਏ ਹਨ ਤਾਂਕਿ ਉਹ ਮੁੜ ਕੇ ਸਹੀ ਰਾਹ ਉੱਤੇ ਚੱਲ ਸਕਣ।​—ਯਾਕੂ. 3:1, 5, 6; 5:14, 15.

ਕੁਝ ਸਵਾਲਾਂ ਦੇ ਜਵਾਬ:

2:13—“ਦਯਾ ਨਿਆਉਂ ਦੇ ਉੱਤੇ ਫ਼ਤਹ” ਕਿਵੇਂ ਪਾਉਂਦੀ ਹੈ? ਜਦੋਂ ਅਸੀਂ ਯਹੋਵਾਹ ਨੂੰ ਆਪਣੀ ਕੀਤੀ ਦਾ ਲੇਖਾ ਦੇਵਾਂਗੇ, ਤਾਂ ਉਹ ਇਸ ਵੱਲ ਧਿਆਨ ਦੇਵੇਗਾ ਕਿ ਕੀ ਅਸੀਂ ਹੋਰਨਾਂ ਉੱਤੇ ਦਇਆ ਕੀਤੀ ਹੈ ਕਿ ਨਹੀਂ। ਫਿਰ ਉਹ ਆਪਣੇ ਪੁੱਤਰ ਦੀ ਕੁਰਬਾਨੀ ਦੇ ਆਧਾਰ ਤੇ ਸਾਡੇ ਪਾਪ ਮਾਫ਼ ਕਰੇਗਾ। (ਰੋਮੀ. 14:12) ਇਸ ਕਰਕੇ ਕੀ ਸਾਨੂੰ ਹੋਰਨਾਂ ਨਾਲ ਦਇਆ ਨਹੀਂ ਕਰਨੀ ਚਾਹੀਦਾ?

4:5—ਇੱਥੇ ਯਾਕੂਬ ਬਾਈਬਲ ਦਾ ਕਿਹੜਾ ਹਵਾਲਾ ਦੇ ਰਿਹਾ ਸੀ? ਉਹ ਕਿਸੇ ਇਕ ਹਵਾਲੇ ਦੀ ਗੱਲ ਨਹੀਂ ਕਰ ਰਿਹਾ ਸੀ। ਪਰਮੇਸ਼ੁਰ ਦੀ ਮਦਦ ਨਾਲ ਉਸ ਨੇ ਸ਼ਾਇਦ ਇਹ ਗੱਲ ਇਨ੍ਹਾਂ ਹਵਾਲਿਆਂ ਦੇ ਆਧਾਰ ਤੇ ਲਿਖੀ ਸੀ: ਉਤਪਤ 6:5; 8:21; ਕਹਾਉਤਾਂ 21:10; ਅਤੇ ਗਲਾਤੀਆਂ 5:17.

5:20—“ਜਿਹ ਨੇ ਇੱਕ ਪਾਪੀ ਨੂੰ ਉਹ ਦੀ ਬਦਰਾਹੀ ਤੋਂ ਮੋੜ ਲਿਆਂਦਾ” ਉਹ ਕਿਸ ਦੀ ਜਾਨ ਨੂੰ ਮੌਤ ਤੋਂ ਬਚਾਵੇਗਾ? ਜਦ ਕੋਈ ਭੈਣ ਜਾਂ ਭਰਾ ਕਿਸੇ ਨੂੰ ਗ਼ਲਤ ਰਾਹ ਤੋਂ ਮੋੜ ਲਿਆਉਂਦਾ ਹੈ, ਤਾਂ ਉਹ ਉਸ ਪਾਪੀ ਇਨਸਾਨ ਦੀ ਜਾਨ ਬਚਾਉਂਦਾ ਹੈ। ਇਸ ਦਾ ਮਤਲਬ ਹੈ ਕਿ ਉਹ ਇਨਸਾਨ ਹੁਣ ਪਰਮੇਸ਼ੁਰ ਦੀ ਨਜ਼ਰ ਵਿਚ ਜ਼ਿੰਦਾ ਹੈ ਅਤੇ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ। ਇਸ ਤਰ੍ਹਾਂ ਉਹ ਭੈਣ-ਭਰਾ ਉਸ ਦੀ ਮਦਦ ਕਰਕੇ ਉਸ ਦੇ “ਬਾਹਲਿਆਂ ਪਾਪਾਂ ਨੂੰ ਢੱਕ ਦੇਵੇਗਾ।”

ਸਾਡੇ ਲਈ ਸਬਕ:

1:14, 15. ਪਾਪ ਦੀ ਸ਼ੁਰੂਆਤ ਗ਼ਲਤ ਇੱਛਾਵਾਂ ਨਾਲ ਹੁੰਦੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਗ਼ਲਤ ਇੱਛਾਵਾਂ ਬਾਰੇ ਸੋਚੀ ਨਾ ਜਾਈਏ, ਸਗੋਂ ਚੰਗੀਆਂ ਗੱਲਾਂ ਤੇ ਵਿਚਾਰ ਕਰ ਕੇ ਇਨ੍ਹਾਂ ਨੂੰ ਆਪਣੇ ਦਿਲ-ਦਿਮਾਗ਼ ਵਿਚ ਸਮਾ ਲਈਏ।​—ਫ਼ਿਲਿ. 4:8.

2:8, 9. ਕਿਸੇ ਦਾ ‘ਪੱਖ ਕਰਨਾ’ ਪਿਆਰ ਦੇ “ਸ਼ਾਹੀ ਹੁਕਮ” ਦੇ ਖ਼ਿਲਾਫ਼ ਹੈ। ਇਸ ਕਰਕੇ ਸਾਨੂੰ ਪੱਖ-ਪਾਤ ਨਹੀਂ ਕਰਨਾ ਚਾਹੀਦਾ।

2:14-26. ਅਸੀਂ ਮੂਸਾ ਦੀ ਬਿਵਸਥਾ ਮੁਤਾਬਕ ਕੀਤੀਆਂ ਗਈਆਂ “ਕਰਨੀਆਂ ਤੋਂ ਨਹੀਂ” ਤੇ ਨਾ ਹੀ ਯਹੋਵਾਹ ਦੀ ਸੇਵਾ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਕੇ ਬਚਾਏ ਜਾਂਦੇ ਹਾਂ। ਇਸ ਦੀ ਬਜਾਇ ਅਸੀਂ “ਨਿਹਚਾ ਦੇ ਰਾਹੀਂ ਬਚਾਏ” ਜਾਂਦੇ ਹਾਂ। ਸਿਰਫ਼ ਇਸ ਤਰ੍ਹਾਂ ਕਹਿਣਾ ਕਿ ਮੈਂ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਦਾ ਹਾਂ ਸੱਚੀ ਨਿਹਚਾ ਦਾ ਸਬੂਤ ਨਹੀਂ ਹੈ। (ਅਫ਼. 2:8, 9; ਯੂਹੰ. 3:16) ਸਾਡੇ ਕੰਮਾਂ ਰਾਹੀਂ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਕਹਿਣੇ ਅਨੁਸਾਰ ਚੱਲ ਰਹੇ ਹਾਂ।

3:13-17. “ਜਿਹੜੀ ਬੁੱਧ ਉੱਪਰੋਂ” ਯਹੋਵਾਹ ਤੋਂ ਹੈ, ਉਹ “ਸੰਸਾਰੀ, ਪ੍ਰਾਣਕ, ਸ਼ਤਾਨੀ” ਬੁੱਧ ਤੋਂ ਕਿਤੇ ਉੱਤਮ ਹੈ! ਸਾਨੂੰ ‘ਗੁਪਤ ਧਨ ਵਾਂਙੁ ਪਰਮੇਸ਼ੁਰ ਦੀ ਬੁੱਧ ਦੀ ਖੋਜ ਕਰਦੇ ਰਹਿਣਾ’ ਚਾਹੀਦਾ ਹੈ।​—ਕਹਾ. 2:1-5.

3:18. ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਬੀ “ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ।” ਇਹ ਜ਼ਰੂਰੀ ਹੈ ਕਿ ਅਸੀਂ ਸੁਲ੍ਹਾ ਕਰਨ ਵਿਚ ਪਹਿਲ ਕਰੀਏ ਅਤੇ ਘਮੰਡੀ, ਲੜਾਕੇ ਜਾਂ ਫ਼ਸਾਦੀ ਨਾ ਬਣੀਏ।

‘ਨਿਹਚਾ ਵਿੱਚ ਤਕੜੇ ਹੋਵੋ’

(1 ਪਤ. 1:1–5:14)

ਪਤਰਸ ਨੇ ਭੈਣਾਂ-ਭਰਾਵਾਂ ਨੂੰ ਚੇਤੇ ਕਰਾਇਆ ਕਿ ਉਨ੍ਹਾਂ ਕੋਲ ਸਵਰਗ ਵਿਚ ਰਹਿਣ ਦੀ “ਜੀਉਂਦੀ ਆਸ” ਸੀ। ਉਸ ਨੇ ਉਨ੍ਹਾਂ ਨੂੰ ਲਿਖਿਆ: ‘ਤੁਸੀਂ ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ ਅਤੇ ਪਵਿੱਤਰ ਕੌਮ ਹੋ।’ ਸਾਰਿਆਂ ਨੂੰ ਅਧੀਨ ਰਹਿਣ ਦੀ ਸਲਾਹ ਦੇਣ ਤੋਂ ਬਾਅਦ ਉਸ ਨੇ ਕਿਹਾ: “ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ।”​—1 ਪਤ. 1:3, 4; 2:9; 3:8.

ਯਰੂਸ਼ਲਮ ਸ਼ਹਿਰ ਅਤੇ ਉਸ ਦੀ ਹੈਕਲ ਦਾ “ਅੰਤ ਨੇੜੇ” ਹੋਣ ਕਾਰਨ ਪਤਰਸ ਨੇ ਭੈਣਾਂ-ਭਰਾਵਾਂ ਨੂੰ ਕਿਹਾ: “ਤੁਸੀਂ ਸੁਰਤ ਵਾਲੇ ਹੋਵੋ ਅਤੇ ਪ੍ਰਾਰਥਨਾ ਲਈ ਸੁਚੇਤ ਰਹੋ।” ਉਸ ਨੇ ਅੱਗੇ ਕਿਹਾ: “ਸੁਚੇਤ ਹੋਵੋ, ਜਾਗਦੇ ਰਹੋ! . . . ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ [ਸ਼ਤਾਨ] ਦਾ ਸਾਹਮਣਾ ਕਰੋ।”​—1 ਪਤ. 4:7; 5:8, 9.

ਕੁਝ ਸਵਾਲਾਂ ਦੇ ਜਵਾਬ:

3:20-22—ਬਪਤਿਸਮਾ ਸਾਨੂੰ ਕਿਵੇਂ ਬਚਾਉਂਦਾ ਹੈ? ਮੁਕਤੀ ਹਾਸਲ ਕਰਨ ਵਾਲਿਆਂ ਲਈ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਹੈ। ਪਰ ਬਪਤਿਸਮਾ ਆਪਣੇ ਆਪ ਵਿਚ ਸਾਨੂੰ ਬਚਾਉਂਦਾ ਨਹੀਂ ਹੈ। ਮੁਕਤੀ ਤਾਂ ਸਾਨੂੰ “ਯਿਸੂ ਮਸੀਹ ਦੇ ਜੀ ਉੱਠਣ ਦੇ ਕਾਰਨ” ਮਿਲਦੀ ਹੈ। ਬਪਤਿਸਮਾ ਲੈਣ ਵਾਲੇ ਨੂੰ ਇਸ ਗੱਲ ਉੱਤੇ ਨਿਹਚਾ ਕਰਨ ਦੀ ਲੋੜ ਹੈ ਕਿ ਯਿਸੂ ਮਸੀਹ ਨੇ ਆਪਣੀ ਜਾਨ ਕੁਰਬਾਨ ਕੀਤੀ ਸੀ ਜਿਸ ਤੋਂ ਬਾਅਦ ਉਹ ਜੀ ਉਠਾਇਆ ਗਿਆ ਸੀ। ਉਹ “ਪਰਮੇਸ਼ੁਰ ਦੇ ਸੱਜੇ ਹੱਥ ਹੈ” ਤੇ ਉਸ ਨੂੰ ਸਾਰਿਆਂ ਉੱਤੇ ਅਧਿਕਾਰ ਦਿੱਤਾ ਗਿਆ ਹੈ ਕੀ ਜ਼ਿੰਦੇ, ਕੀ ਮੁਰਦੇ। ਇਸ ਗੱਲ ਵਿਚ ਵਿਸ਼ਵਾਸ ਕਰਨ ਵਾਲੇ ਦਾ ਬਪਤਿਸਮਾ ਉਸ ਨੂੰ ਬਚਾਉਂਦਾ ਹੈ ਜਿਵੇਂ “ਅੱਠ ਜਣੇ ਪਾਣੀ ਤੋਂ ਬਚ ਗਏ” ਸਨ।

4:6—ਉਹਮੁਰਦੇਕੌਣ ਸਨ ਜਿਨ੍ਹਾਂ ਨੂੰਇੰਜੀਲ ਸੁਣਾਈ ਗਈਸੀ? ਇਹ ਉਹ ਲੋਕ ਸਨ ਜੋ “ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ” ਸਨ ਯਾਨੀ ਉਹ ਲੋਕ ਜਿਨ੍ਹਾਂ ਨੇ ਅਜੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨਹੀਂ ਸੁਣੀ ਸੀ। (ਅਫ਼. 2:1) ਖ਼ੁਸ਼ ਖ਼ਬਰੀ ਵਿਚ ਨਿਹਚਾ ਕਰਨ ਤੋਂ ਬਾਅਦ ਉਹ “ਜੀਉਂਦੇ ਰਹਿਣ” ਲੱਗੇ ਯਾਨੀ ਉਨ੍ਹਾਂ ਨੇ ਪਰਮੇਸ਼ੁਰ ਨਾਲ ਦੋਸਤੀ ਕੀਤੀ।

ਸਾਡੇ ਲਈ ਸਬਕ:

1:7. ਸਾਡੀ ਨਿਹਚਾ ਤਦ ਹੀ ਭਾਰੇ ਮੁੱਲ ਦੀ ਹੋ ਸਕਦੀ ਹੈ ਜੇ ਉਸ ਨੂੰ ਤਾਇਆ ਜਾਵੇ ਜਾਂ ਪਰਖਿਆ ਜਾਵੇ। ਦਰਅਸਲ ਅਜਿਹੀ ਪੱਕੀ ਨਿਹਚਾ ਹੀ ਸਾਡੀ “ਜਾਨ ਬਚਾ” ਸਕਦੀ ਹੈ। (ਇਬ. 10:39) ਇਸ ਲਈ ਸਾਨੂੰ ਨਿਹਚਾ ਦੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।

1:10-12. ਦੂਤ ਵੱਡੀ ਚਾਹ ਨਾਲ ਪਰਮੇਸ਼ੁਰ ਦੀਆਂ ਉਨ੍ਹਾਂ ਡੂੰਘੀਆਂ ਗੱਲਾਂ ਦਾ ਪਤਾ ਕਰਨਾ ਚਾਹੁੰਦੇ ਸਨ ਜੋ ਪਰਮੇਸ਼ੁਰ ਦੇ ਪੁਰਾਣੇ ਸਮੇਂ ਦੇ ਨਬੀਆਂ ਨੇ ਮਸਹ ਕਿਤੇ ਹੋਏ ਮਸੀਹੀਆਂ ਬਾਰੇ ਲਿਖੀਆਂ ਸਨ। ਇਨ੍ਹਾਂ ਗੱਲਾਂ ਦੀ ਸਮਝ ਸਿਰਫ਼ ਉਦੋਂ ਸਪੱਸ਼ਟ ਹੋਈ ਜਦੋਂ ਯਹੋਵਾਹ ਨੇ ਮਸਹ ਕੀਤੇ ਹੋਏ ਮਸੀਹੀਆਂ ਰਾਹੀਂ ਆਪਣਾ ਗਿਆਨ ਪ੍ਰਗਟ ਕਰਨਾ ਸ਼ੁਰੂ ਕੀਤਾ। (ਅਫ਼. 3:10) ਤਾਂ ਫਿਰ ਕੀ ਸਾਨੂੰ ਦੂਤਾਂ ਦੀ ਰੀਸ ਕਰ ਕੇ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦੀ ਖੋਜ ਨਹੀਂ ਕਰਨੀ ਚਾਹੀਦੀ?​—1 ਕੁਰਿੰ. 2:10.

2:21. ਯਹੋਵਾਹ ਦੀ ਹਕੂਮਤ ਦਾ ਸਮਰਥਨ ਕਰਨ ਅਤੇ ਇਸ ਦੇ ਅਧੀਨ ਹੋਣ ਲਈ ਸਾਨੂੰ ਯਿਸੂ ਵਾਂਗ ਮੌਤ ਤਕ ਦੁੱਖ ਝੱਲਦੇ ਰਹਿਣ ਲਈ ਤਿਆਰ ਹੋਣਾ ਚਾਹੀਦਾ ਹੈ।

5:6, 7. ਜਦ ਅਸੀਂ ਆਪਣੀ ਸਾਰੀ ਚਿੰਤਾ ਯਹੋਵਾਹ ਉੱਤੇ ਸੁੱਟ ਛੱਡਦੇ ਹਾਂ, ਤਾਂ ਉਹ ਸਾਡੀ ਮਦਦ ਕਰਦਾ ਹੈ। ਇਸ ਕਰਕੇ ਅਸੀਂ ਅਗਲੇ ਦਿਨ ਦੇ ਫ਼ਿਕਰਾਂ ਵਿਚ ਡੁੱਬਣ ਦੀ ਬਜਾਇ ਉਸ ਦੀ ਭਗਤੀ ਕਰਨ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਾਂ।​—ਮੱਤੀ 6:33, 34.

‘ਪ੍ਰਭੁ ਦਾ ਦਿਨ ਆਵੇਗਾ’

(2 ਪਤ. 1:1–3:18)

ਪਤਰਸ ਨੇ ਲਿਖਿਆ: “ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।” ਜੇ ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਵੱਲ ਧਿਆਨ ਦੇਵਾਂਗੇ, ਤਾਂ ਅਸੀਂ ‘ਝੂਠੇ ਗੁਰੂਆਂ’ ਅਤੇ ਉਲਟੀਆਂ-ਸਿੱਧਿਆਂ ਗੱਲਾਂ ਕਰਨ ਵਾਲੇ ਹੋਰਨਾਂ ਇਨਸਾਨਾਂ ਦੀਆਂ ਗੱਲਾਂ ਵਿਚ ਆਉਣ ਤੋਂ ਬਚਾਂਗੇ।—2 ਪਤ. 1:21; 2:1-3.

ਪਤਰਸ ਨੇ ਚੇਤਾਵਨੀ ਦਿੱਤੀ: “ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ।” ਪਰ ਉਸ ਨੇ ਇਹ ਵੀ ਕਿਹਾ ਕਿ “ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ।” ਆਪਣੀ ਚਿੱਠੀ ਦੇ ਅਖ਼ੀਰ ਵਿਚ ਪਤਰਸ ਨੇ ‘ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਉਡੀਕਣ ਅਤੇ ਲੋਚਣ’ ਵਾਲਿਆਂ ਦੇ ਫ਼ਾਇਦੇ ਲਈ ਸਲਾਹ ਦਿੱਤੀ।​—2 ਪਤ. 3:3, 10-12.

ਕੁਝ ਸਵਾਲਾਂ ਦੇ ਜਵਾਬ:

1:19—“ਦਿਨ ਦਾ ਤਾਰਾ” ਕੌਣ ਹੈ, ਉਹ ਕਦੋਂ ਚੜ੍ਹਦਾ ਹੈ ਅਤੇ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਹ ਚੜ੍ਹ ਚੁੱਕਾ ਹੈ? “ਦਿਨ ਦਾ ਤਾਰਾ” ਰਾਜਾ ਯਿਸੂ ਮਸੀਹ ਹੈ। (ਪਰ. 22:16) ਇਹ ਤਾਰਾ 1914 ਵਿਚ ਚੜ੍ਹਿਆ ਸੀ ਜਦੋਂ ਯਿਸੂ ਮਸੀਹ ਸਾਰੀ ਸਰਿਸ਼ਟੀ ਦੇ ਸਾਮ੍ਹਣੇ ਰਾਜਾ ਬਣਿਆ ਅਤੇ ਜਿਵੇਂ ਪਹੁ ਫੁੱਟਦੀ ਹੈ ਤਿਵੇਂ ਇਕ ਨਵਾਂ ਯੁਗ ਸ਼ੁਰੂ ਹੋਇਆ। ਯਿਸੂ ਦੇ ਰਾਜਾ ਬਣਨ ਦੀ ਝਲਕ ਉਸ ਦਰਸ਼ਣ ਤੋਂ ਮਿਲੀ ਸੀ ਜਦੋਂ ਉਸ ਦਾ ਰੂਪ ਬਦਲਿਆ ਗਿਆ ਸੀ। (ਮਰ. 9:1-3) ਇਸ ਦਰਸ਼ਣ ਨੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਦੇ ਅਗੰਮ ਵਾਕ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਬਾਈਬਲ ਵੱਲ ਧਿਆਨ ਦੇਣ ਨਾਲ ਸਾਨੂੰ ਪਰਮੇਸ਼ੁਰ ਦੇ ਅਗੰਮ ਵਾਕਾਂ ਦੀ ਸਮਝ ਮਿਲਦੀ ਹੈ ਕਿ ਦਿਨ ਦਾ ਤਾਰਾ ਚੜ੍ਹ ਚੁੱਕਾ ਹੈ।

3:17—ਪਤਰਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਤੁਸੀਂ ਅੱਗੇ ਹੀ ਏਹ ਗੱਲਾਂ ਜਾਣਦੇ ਹੋ”? ਪਤਰਸ ਭਵਿੱਖ ਵਿਚ ਹੋਣ ਵਾਲੀਆਂ ਉਨ੍ਹਾਂ ਗੱਲਾਂ ਦਾ ਜ਼ਿਕਰ ਕਰ ਰਿਹਾ ਸੀ ਜੋ ਪਰਮੇਸ਼ੁਰ ਨੇ ਉਸ ਅਤੇ ਬਾਈਬਲ ਦੇ ਹੋਰਨਾਂ ਲਿਖਾਰੀਆਂ ਰਾਹੀਂ ਲਿਖਵਾਈਆਂ ਸਨ। ਇਸ ਦਾ ਇਹ ਮਤਲਬ ਨਹੀਂ ਸੀ ਕਿ ਉਨ੍ਹਾਂ ਨੂੰ ਭਵਿੱਖ ਦੀ ਹਰ ਗੱਲ ਪਤਾ ਸੀ। ਉਨ੍ਹਾਂ ਨੂੰ ਬਸ ਇੰਨਾ ਜ਼ਰੂਰ ਪਤਾ ਸੀ ਕਿ ਕੁਝ ਹੱਦ ਤਕ ਉਹ ਕਿਸ ਗੱਲ ਦੀ ਆਸ ਰੱਖ ਸਕਦੇ ਸਨ।

ਸਾਡੇ ਲਈ ਸਬਕ:

1:2, 5-7. “ਪਰਮੇਸ਼ੁਰ ਅਤੇ ਯਿਸੂ . . . ਦੇ ਗਿਆਨ” ਵਿਚ ਵਧਦੇ ਜਾਣ ਤੋਂ ਇਲਾਵਾ ਸਾਨੂੰ ਨਿਹਚਾ, ਧੀਰਜ ਅਤੇ ਭਗਤੀ ਵਰਗੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਗਿਆਨ ਵਿਚ “ਨਾ ਆਲਸੀ ਅਤੇ ਨਾ ਨਿਸਫਲ” ਹੋਵਾਂਗੇ।​—2 ਪਤ. 1:8.

1:12-15. ‘ਸਚਿਆਈ ਉੱਤੇ ਇਸਥਿਰ’ ਰਹਿਣ ਲਈ ਜ਼ਰੂਰੀ ਹੈ ਕਿ ਕਈ ਗੱਲਾਂ ਸਾਨੂੰ ਵਾਰ-ਵਾਰ ਚੇਤੇ ਕਰਾਈਆਂ ਜਾਣ। ਇਹ ਗੱਲਾਂ ਸਾਨੂੰ ਮੀਟਿੰਗਾਂ ਵਿਚ, ਬਾਈਬਲ ਪੜ੍ਹਦੇ ਅਤੇ ਸਟੱਡੀ ਕਰਦੇ ਹੋਏ ਯਾਦ ਕਰਾਈਆਂ ਜਾਂਦੀਆਂ ਹਨ।

2:2. ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਚਾਲ-ਚਲਣ ਕਰਕੇ ਯਹੋਵਾਹ ਅਤੇ ਉਸ ਦੀ ਸੰਸਥਾ ਦੀ ਬਦਨਾਮੀ ਨਾ ਹੋਵੇ।​—ਰੋਮੀ. 2:24.

2:4-9. ਪੁਰਾਣੇ ਸਮੇਂ ਵਿਚ ਯਹੋਵਾਹ ਨੇ ਜੋ-ਜੋ ਕੀਤਾ ਉਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ “ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਉਂ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ!”

2:10-13. ਭਾਵੇਂ ‘ਪਰਤਾਪ ਵਾਲੇ’ ਯਾਨੀ ਬਜ਼ੁਰਗ ਭੁੱਲਣਹਾਰ ਹਨ ਅਤੇ ਕਦੇ-ਕਦਾਈਂ ਗ਼ਲਤੀਆਂ ਕਰ ਬੈਠਦੇ ਹਨ, ਫਿਰ ਵੀ ਸਾਨੂੰ ਉਨ੍ਹਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ।​—ਇਬ. 13:7, 17.

3:2-4, 12. ਜੇ ਅਸੀਂ “ਉਨ੍ਹਾਂ ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਅੱਗੋਂ ਆਖੀਆਂ ਗਈਆਂ ਨਾਲੇ ਪ੍ਰਭੁ ਅਤੇ ਮੁਕਤੀ ਦਾਤੇ ਦੀ ਆਗਿਆ ਨੂੰ” ਚੇਤੇ ਰੱਖਾਂਗੇ, ਤਾਂ ਅਸੀਂ ਯਹੋਵਾਹ ਦੇ ਦਿਨ ਲਈ ਤਿਆਰ ਰਹਾਂਗੇ।

3:11-14. ‘ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਹੋਏ’ (1) ਸਾਨੂੰ ਹਰ ਪੱਖੋਂ ਆਪਣਾ ‘ਚਾਲ-ਚਲਣ ਪਵਿੱਤਰ’ ਰੱਖਣਾ ਚਾਹੀਦਾ ਹੈ; (2) ਸਾਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ ਕੇ ਅਤੇ ਲੋਕਾਂ ਨੂੰ ਉਸ ਬਾਰੇ ਸਿੱਖਿਆ ਦੇ ਕੇ ਪਰਮੇਸ਼ੁਰ ਦੀ “ਭਗਤੀ” ਕਰਨੀ ਚਾਹੀਦੀ ਹੈ; (3) ਸਾਨੂੰ “ਨਿਰਮਲ” ਰਹਿਣਾ ਚਾਹੀਦਾ ਹੈ ਯਾਨੀ ਆਪਣੇ ਆਪ ਤੇ ਦੁਨੀਆਂ ਦਾ ਕੋਈ ਦਾਗ਼ ਨਹੀਂ ਲੱਗਣ ਦੇਣਾ ਚਾਹੀਦਾ; (4) ਸਾਨੂੰ “ਨਿਹਕਲੰਕ” ਰਹਿ ਕੇ ਸਾਫ਼ ਦਿਲ ਨਾਲ ਸਭ ਕੁਝ ਕਰਨਾ ਚਾਹੀਦਾ ਹੈ; ਅਤੇ (5) ਸਾਨੂੰ ਯਹੋਵਾਹ ਨਾਲ, ਆਪਣੇ ਮਸੀਹੀ ਭੈਣ-ਭਾਈਆਂ ਨਾਲ ਅਤੇ ਹੋਰਨਾਂ ਲੋਕਾਂ ਨਾਲ “ਸ਼ਾਂਤੀ” ਬਣਾਈ ਰੱਖਣੀ ਚਾਹੀਦੀ ਹੈ।