Skip to content

Skip to table of contents

ਬਰਸਾਤ ਰੱਬ ਦੀ ਦਾਤ

ਬਰਸਾਤ ਰੱਬ ਦੀ ਦਾਤ

ਬਰਸਾਤ ਰੱਬ ਦੀ ਦਾਤ

ਗਰਮੀਆਂ ਨਾਲ ਤਪਦੇ ਦੇਸ਼ਾਂ ਵਿਚ ਰਹਿੰਦੇ ਲੱਖਾਂ ਹੀ ਲੋਕ ਕਿੰਨੇ ਖ਼ੁਸ਼ ਹੁੰਦੇ ਹਨ ਜਦੋਂ ਬੱਦਲ ਖੁੱਲ੍ਹ ਕੇ ਵਰ੍ਹਦੇ ਹਨ ਤੇ ਧਰਤੀ ਨੂੰ ਤਰੋਤਾਜ਼ਾ ਕਰ ਦਿੰਦੇ ਹਨ! ਪਰ ਠੰਢੇ ਇਲਾਕਿਆਂ ਵਿਚ ਰਹਿੰਦੇ ਲੋਕ ਸ਼ਾਇਦ ਇਸ ਦਾਤ ਦਾ ਇਵੇਂ ਜ਼ੋਰ-ਸ਼ੋਰ ਨਾਲ ਸੁਆਗਤ ਨਾ ਕਰਨ। (ਅਜ਼ਰਾ 10:9) ਹੱਦੋਂ ਵਧ ਬਰਸਾਤ ਪੈਣ ਤੇ ਹੜ੍ਹ ਵੀ ਵਗਣ ਲੱਗ ਪੈਂਦੇ ਹਨ ਜੋ ਆਪਣੇ ਰਾਹ ਵਿਚ ਸਭ ਕੁਝ ਤਬਾਹ ਕਰ ਸਕਦੇ ਹਨ। ਪਰ ਰੱਬ ਦੀ ਇਸ ਅਨਮੋਲ ਦਾਤ ਤੋਂ ਬਿਨਾਂ ਅਸੀਂ ਜੀ ਵੀ ਕਿੱਦਾਂ ਸਕਦੇ ਹਾਂ?

ਬਾਈਬਲ ਵਿਚ ਜ਼ਿਕਰ ਕੀਤੇ ਪ੍ਰਾਚੀਨ ਲਾਈਕੁਨਿਯਾ ਦੇ ਲੋਕਾਂ ਵਿਚਕਾਰ ਆਪਣਾ ਮਿਸ਼ਨਰੀ ਕੰਮ ਕਰਦੇ ਸਮੇਂ ਪੌਲੁਸ ਰਸੂਲ ਨੇ ਕਿਹਾ ਸੀ: “[ਪਰਮੇਸ਼ੁਰ] ਨੇ ਆਪ ਨੂੰ ਬਿਨਾ ਸਾਖੀ ਨਾ ਰੱਖਿਆ ਇਸ ਲਈ ਜੋ ਉਹ ਨੇ ਭਲਾ ਕੀਤਾ ਅਰ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕੀਤਾ।” (ਰਸੂਲਾਂ ਦੇ ਕਰਤੱਬ 14:17) ਧਿਆਨ ਦਿਓ ਕਿ ਪੌਲੁਸ ਨੇ ਪਹਿਲਾਂ ਵਰਖਾ ਦਾ ਜ਼ਿਕਰ ਕੀਤਾ ਕਿਉਂਕਿ ਉਸ ਤੋਂ ਬਿਨਾਂ ਕੁਝ ਵੀ ਨਹੀਂ ਉੱਗ ਸਕਦਾ ਤੇ ਨਾ ਹੀ ਕੋਈ “ਫਲ ਦੇਣ ਵਾਲੀਆਂ ਰੁੱਤਾਂ” ਦੀਆਂ ਬਹਾਰਾਂ ਆ ਸਕਦੀਆਂ ਹਨ।

ਬਾਈਬਲ ਵਿਚ ਮੀਂਹ ਬਾਰੇ ਬਹੁਤ ਕੁਝ ਕਿਹਾ ਗਿਆ ਹੈ। ਮੀਂਹ ਲਈ ਵਰਤੇ ਗਏ ਇਬਰਾਨੀ ਤੇ ਯੂਨਾਨੀ ਸ਼ਬਦ ਬਾਈਬਲ ਵਿਚ ਸੌ ਤੋਂ ਜ਼ਿਆਦਾ ਵਾਰ ਪਾਏ ਜਾਂਦੇ ਹਨ। ਕੀ ਤੁਸੀਂ ਪਰਮੇਸ਼ੁਰ ਦੀ ਇਸ ਦਾਤ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਕੀ ਤੁਸੀਂ ਇਹ ਜਾਣ ਕੇ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੁੰਦੇ ਹੋ ਕਿ ਬਾਈਬਲ ਵਿਗਿਆਨ ਬਾਰੇ ਜੋ ਵੀ ਕਹਿੰਦੀ ਹੈ ਉਹ ਹਮੇਸ਼ਾ ਸਹੀ ਹੁੰਦਾ ਹੈ?

ਬਾਈਬਲ ਬਰਸਾਤ ਬਾਰੇ ਕੀ ਕਹਿੰਦੀ ਹੈ

ਯਿਸੂ ਮਸੀਹ ਨੇ ਇਕ ਹੋਰ ਜ਼ਰੂਰੀ ਦਾਤ ਦਾ ਜ਼ਿਕਰ ਕੀਤਾ ਜਿਸ ਤੋਂ ਬਿਨਾਂ ਬਰਸਾਤ ਨਹੀਂ ਪੈ ਸਕਦੀ। ਉਸ ਨੇ ਕਿਹਾ ਕਿ ਪਰਮੇਸ਼ੁਰ “ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:45) ਕੀ ਤੁਸੀਂ ਧਿਆਨ ਦਿੱਤਾ ਕਿ ਯਿਸੂ ਨੇ ਮੀਂਹ ਤੋਂ ਪਹਿਲਾਂ ਸੂਰਜ ਦਾ ਜ਼ਿਕਰ ਕੀਤਾ ਸੀ? ਇਹ ਇਸ ਕਰਕੇ ਹੈ ਕਿਉਂਕਿ ਸੂਰਜ ਨਾ ਸਿਰਫ਼ ਬੂਟਿਆਂ ਨੂੰ ਉੱਗਣ ਲਈ ਊਰਜਾ ਦਿੰਦਾ ਹੈ, ਸਗੋਂ ਉਹ ਧਰਤੀ ਉੱਤੇ ਚੱਲਦੇ ਪਾਣੀ ਦੇ ਚੱਕਰ ਲਈ ਵੀ ਜ਼ਿੰਮੇਵਾਰ ਹੈ। ਹਰ ਸਾਲ ਸੂਰਜ ਦੀ ਊਰਜਾ ਸਮੁੰਦਰਾਂ ਤੋਂ ਇੰਨਾ ਪਾਣੀ ਚੂਸਦੀ ਹੈ ਜਿੰਨਾ 74 ਕਿਲੋਮੀਟਰ ਲੰਬੀ, ਚੌੜੀ ਤੇ ਉੱਚੀ ਟੈਂਕੀ ਵਿਚ ਇਕੱਠਾ ਹੋ ਸਕਦਾ ਹੈ। ਇਹੀ ਪਾਣੀ ਫਿਰ ਭਾਫ਼ ਵਿਚ ਬਦਲ ਕੇ ਤਾਜ਼ਾ ਪਾਣੀ ਬਣਦਾ ਹੈ। ਕਿਉਂਕਿ ਯਹੋਵਾਹ ਪਰਮੇਸ਼ੁਰ ਨੇ ਸੂਰਜ ਨੂੰ ਬਣਾਇਆ ਇਸ ਕਰਕੇ ਪਾਣੀ ਉਤਾਹਾਂ ਖਿੱਚ ਕੇ ਵਰਖਾ ਬਣਾਉਣ ਦਾ ਸਿਹਰਾ ਉਸ ਨੂੰ ਹੀ ਦਿੱਤਾ ਜਾ ਸਕਦਾ ਹੈ।

ਪਾਣੀ ਦੇ ਇਸ ਚੱਕਰ ਬਾਰੇ ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ . . . ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ, ਜਿਹੜੀਆਂ ਉਹ ਦੀ ਭਾਫ ਤੋਂ ਮੀਂਹ ਬਣ ਕੇ ਵਰ੍ਹਦੀਆਂ ਹਨ, ਜਿਨ੍ਹਾਂ ਨੂੰ ਬੱਦਲ ਡੋਹਲਦੇ ਹਨ, ਅਤੇ ਓਹ ਆਦਮੀ ਉੱਤੇ ਬਹੁਤਾਇਤ ਨਾਲ ਟਪਕਦੀਆਂ ਹਨ।” (ਅੱਯੂਬ 36:26-28) ਭਾਵੇਂ ਇਹ ਸ਼ਬਦ ਹਜ਼ਾਰਾਂ ਹੀ ਸਾਲ ਪਹਿਲਾਂ ਲਿਖੇ ਗਏ ਸਨ, ਫਿਰ ਵੀ ਇਹ ਵਿਗਿਆਨਕ ਤੌਰ ਤੇ ਸਹੀ ਹਨ। ਕਈ ਸਾਲਾਂ ਤੋਂ ਮਨੁੱਖਾਂ ਨੇ ਪਾਣੀ ਦੇ ਚੱਕਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸਾਲ 2003 ਦੇ ਇਕ ਵਿਗਿਆਨਕ ਰਸਾਲੇ ਨੇ ਕਿਹਾ: “ਇਨਸਾਨ ਹਾਲੇ ਤਕ ਪੂਰੀ ਤਰ੍ਹਾਂ ਨਹੀਂ ਸਮਝ ਪਾਏ ਕਿ ਪਾਣੀ ਦੀਆਂ ਬੂੰਦਾਂ ਕਿਵੇਂ ਬਣਦੀਆਂ ਹਨ।”

ਵਿਗਿਆਨੀ ਇਹ ਗੱਲ ਜ਼ਰੂਰ ਜਾਣਦੇ ਹਨ ਕਿ ਮੀਂਹ ਦੇ ਤੁਪਕੇ ਬੱਦਲਾਂ ਵਿਚ ਨਿੱਕੀਆਂ-ਨਿੱਕੀਆਂ ਬੂੰਦਾਂ ਤੋਂ ਬਣਦੇ ਹਨ। ਹਰੇਕ ਬੂੰਦ ਨੂੰ ਮੀਂਹ ਦਾ ਇਕ ਤੁਪਕਾ ਬਣਨ ਲਈ ਘੱਟੋ-ਘੱਟ ਦਸ ਲੱਖ ਗੁਣਾ ਵਧਣਾ ਪੈਂਦਾ ਹੈ। ਇਸ ਗੁੰਝਲਦਾਰ ਕੰਮ ਨੂੰ ਕਈ ਘੰਟੇ ਲੱਗ ਸਕਦੇ ਹਨ। ਇਸ ਵਿਸ਼ੇ ਤੇ ਇਕ ਵਿਗਿਆਨਕ ਪੁਸਤਕ ਕਹਿੰਦੀ ਹੈ: “ਇਸ ਬਾਰੇ ਵੱਖ-ਵੱਖ ਵਿਚਾਰ ਹਨ ਕਿ ਬੱਦਲਾਂ ਵਿਚ ਬੂੰਦਾਂ ਬਰਸਾਤ ਦੇ ਤੁਪਕਿਆਂ ਵਿਚ ਕਿਵੇਂ ਬਦਲਦੀਆਂ ਹਨ। ਖੋਜਕਾਰ ਆਪਣੇ ਦਿਮਾਗ਼ ਖ਼ਰਚ ਰਹੇ ਹਨ ਕਿ ਇੰਨੀਆਂ ਵੱਖਰੀਆਂ-ਵੱਖਰੀਆਂ ਥਿਊਰੀਆਂ ਵਿੱਚੋਂ ਅਸਲੀਅਤ ਕੀ ਹੈ।”

ਮੀਂਹ ਦੀ ਦਾਤ ਦੇਣ ਵਾਲੇ ਨੇ ਆਪਣੇ ਸੇਵਕ ਅੱਯੂਬ ਨੂੰ ਇਹ ਸਵਾਲ ਪੁੱਛ ਕੇ ਦਿਖਾਇਆ ਕਿ ਇਨਸਾਨ ਉਸ ਦੀ ਸ੍ਰਿਸ਼ਟੀ ਬਾਰੇ ਕਿੰਨਾ ਅਣਜਾਣ ਹੈ: “ਮੀਂਹ ਦਾ ਕੋਈ ਪਿਉ ਹੈ, ਯਾ ਤ੍ਰੇਲ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ? ਘਟਾਂ ਵਿੱਚ ਬੁੱਧੀ ਕਿਸ ਨੇ ਰੱਖੀ? . . . ਕੌਣ ਬੱਦਲਾਂ ਨੂੰ ਬੁੱਧੀ ਨਾਲ ਗਿਣ ਸੱਕਦਾ ਹੈ, ਅਤੇ ਅਕਾਸ਼ ਦੀਆਂ ਮਸ਼ਕਾਂ ਨੂੰ ਕੌਣ ਡੋਹਲ ਸੱਕਦਾ ਹੈ”? (ਅੱਯੂਬ 38:28, 36, 37) ਤਕਰੀਬਨ 3,500 ਸਾਲ ਬਾਅਦ ਵੀ ਵਿਗਿਆਨੀਆਂ ਨੂੰ ਇਨ੍ਹਾਂ ਔਖੇ ਸਵਾਲਾਂ ਦੇ ਜਵਾਬ ਨਹੀਂ ਮਿਲੇ।

ਪਾਣੀ ਦਾ ਚੱਕਰ ਕਿੱਥੇ ਸ਼ੁਰੂ ਹੁੰਦਾ ਹੈ?

ਯੂਨਾਨੀ ਫ਼ਿਲਾਸਫ਼ਰਾਂ ਨੇ ਸਿਖਾਇਆ ਕਿ ਨਦੀਆਂ ਨੂੰ ਮੀਂਹ ਤੋਂ ਪਾਣੀ ਨਹੀਂ ਮਿਲਦਾ ਸੀ, ਸਗੋਂ ਸਮੁੰਦਰ ਤੋਂ ਜਿਸ ਦਾ ਪਾਣੀ ਧਰਤੀ ਦੇ ਹੇਠਾਂ ਵੱਗਦਾ ਹੋਇਆ ਕਿਸੇ-ਨ-ਕਿਸੇ ਤਰੀਕੇ ਨਾਲ ਪਹਾੜਾਂ ਦੀਆਂ ਟੀਸੀਆਂ ’ਤੇ ਪਹੁੰਚ ਕੇ ਪਾਣੀ ਦਾ ਸੋਮਾ ਬਣ ਜਾਂਦਾ ਹੈ। ਬਾਈਬਲ ਉੱਤੇ ਟਿੱਪਣੀ ਕਰਨ ਵਾਲੀ ਇਕ ਕਿਤਾਬ ਦਾਅਵਾ ਕਰਦੀ ਹੈ ਕਿ ਸੁਲੇਮਾਨ ਵੀ ਇਸ ਨਾਲ ਸਹਿਮਤ ਸੀ। ਪਰ ਸੁਲੇਮਾਨ ਆਪਣੇ ਸ਼ਬਦਾਂ ਵਿਚ ਸਮਝਾਉਂਦਾ ਹੈ: “ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰੀਦਾ। ਓਸੇ ਥਾਂ ਨੂੰ ਜਿੱਥੋਂ ਨਦੀਆਂ ਨਿੱਕਲੀਆਂ, ਉੱਥੇ ਹੀ ਮੁੜ ਜਾਂਦੀਆਂ ਹਨ।” (ਉਪਦੇਸ਼ਕ ਦੀ ਪੋਥੀ 1:7) ਕੀ ਸੁਲੇਮਾਨ ਇਹ ਕਹਿ ਰਿਹਾ ਸੀ ਕਿ ਸਮੁੰਦਰ ਦਾ ਪਾਣੀ ਪਹਾੜਾਂ ਦੇ ਅੰਦਰ ਉੱਪਰ ਨੂੰ ਚੂਸਿਆ ਜਾਂਦਾ ਸੀ ਜਿਸ ਤੋਂ ਨਦੀਆਂ ਨੂੰ ਪਾਣੀ ਮਿਲਦਾ ਸੀ? ਇਸ ਸਵਾਲ ਦੇ ਜਵਾਬ ਲਈ ਆਓ ਆਪਾਂ ਦੇਖੀਏ ਕਿ ਸੁਲੇਮਾਨ ਦੇ ਆਪਣੇ ਲੋਕਾਂ ਦਾ ਪਾਣੀ ਦੇ ਚੱਕਰ ਬਾਰੇ ਕੀ ਖ਼ਿਆਲ ਸੀ। ਕੀ ਉਹ ਵੀ ਫ਼ਿਲਾਸਫ਼ਰਾਂ ਦੀ ਗ਼ਲਤ ਸਿੱਖਿਆ ਨੂੰ ਮੰਨਦੇ ਸੀ?

ਸੁਲੇਮਾਨ ਤੋਂ ਤਕਰੀਬਨ 70 ਸਾਲ ਬਾਅਦ ਏਲੀਯਾਹ ਨਾਂ ਦੇ ਪਰਮੇਸ਼ੁਰ ਦੇ ਨਬੀ ਨੇ ਦਿਖਾਇਆ ਕਿ ਉਹ ਜਾਣਦਾ ਸੀ ਕਿ ਮੀਂਹ ਕਿੱਥੋਂ ਆਉਂਦਾ ਹੈ। ਉਨ੍ਹਾਂ ਦਿਨਾਂ ਵਿਚ ਦੇਸ਼ ਵਿਚ ਸਾਢੇ ਤਿੰਨ ਸਾਲਾਂ ਤੋਂ ਕਾਲ ਪਿਆ ਸੀ। (ਯਾਕੂਬ 5:17) ਯਹੋਵਾਹ ਪਰਮੇਸ਼ੁਰ ਨੇ ਆਪਣੇ ਲੋਕਾਂ ਉੱਤੇ ਇਹ ਬਿਪਤਾ ਲਿਆਂਦੀ ਸੀ ਕਿਉਂਕਿ ਉਹ ਉਸ ਨੂੰ ਛੱਡ ਕੇ ਕਨਾਨੀਆਂ ਦੇ ਵਰਖਾ ਦੇ ਦੇਵਤਾ ਬਆਲ ਦੀ ਪੂਜਾ ਕਰਨ ਲੱਗ ਪਏ ਸਨ। ਪਰ ਇਸਰਾਏਲੀਆਂ ਨੇ ਏਲੀਯਾਹ ਦੀ ਮਦਦ ਨਾਲ ਆਪਣਾ ਪਾਪ ਕਬੂਲ ਕੀਤਾ ਤੇ ਹੁਣ ਉਹ ਮੀਂਹ ਲਈ ਬੇਨਤੀ ਕਰਨ ਲਈ ਤਿਆਰ ਸੀ। ਪ੍ਰਾਰਥਨਾ ਕਰਦਿਆਂ ਏਲੀਯਾਹ ਨੇ ਆਪਣੇ ਸੇਵਕ ਨੂੰ “ਸਮੁੰਦਰ ਵੱਲ” ਵੇਖਣ ਲਈ ਕਿਹਾ। ਜਦੋਂ ਸੇਵਕ ਨੇ ਏਲੀਯਾਹ ਨੂੰ ਦੱਸਿਆ ਕਿ “ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰੋਂ ਉੱਠ ਰਿਹਾ ਹੈ,” ਤਾਂ ਏਲੀਯਾਹ ਨੂੰ ਪਤਾ ਲੱਗ ਗਿਆ ਸੀ ਕਿ ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਸੁਣ ਲਈ। ਫਿਰ ਜਲਦੀ ਹੀ “ਅਕਾਸ਼ ਘਟਾਂ ਅਰ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਢਾ ਮੀਂਹ ਵਰ੍ਹਿਆ।” (1 ਰਾਜਿਆਂ 18:43-45) ਇਸ ਤੋਂ ਪਤਾ ਚੱਲਦਾ ਹੈ ਕਿ ਏਲੀਯਾਹ ਪਾਣੀ ਦੇ ਚੱਕਰ ਬਾਰੇ ਜਾਣਦਾ ਸੀ। ਉਹ ਜਾਣਦਾ ਸੀ ਕਿ ਸਮੁੰਦਰ ਤੋਂ ਪਾਣੀ ਉੱਠ ਕੇ ਬੱਦਲ ਬਣਨਗੇ ਤੇ ਫਿਰ ਉਹ ਪੂਰਬ ਵੱਲ ਹਵਾ ਨਾਲ ਖਿੱਚੇ ਜਾਣਗੇ ਅਤੇ ਵਾਅਦਾ ਕੀਤੇ ਦੇਸ਼ ਉੱਤੇ ਮੀਂਹ ਵਰਸਾਉਣਗੇ। ਅੱਜ ਤਕ ਇਸ ਦੇਸ਼ ਉੱਤੇ ਇਸੇ ਤਰੀਕੇ ਨਾਲ ਮੀਂਹ ਪੈਂਦਾ ਹੈ।

ਮੀਂਹ ਲਈ ਏਲੀਯਾਹ ਦੀ ਇਸ ਪ੍ਰਾਰਥਨਾ ਤੋਂ ਤਕਰੀਬਨ ਸੌ ਸਾਲ ਬਾਅਦ ਆਮੋਸ ਨਾਂ ਦੇ ਇਕ ਹਲੀਮ ਕਿਸਾਨ ਨੇ ਪਾਣੀ ਦੇ ਇਸ ਚੱਕਰ ਬਾਰੇ ਇਕ ਅਹਿਮ ਗੱਲ ਦੱਸੀ। ਉਨ੍ਹਾਂ ਦਿਨਾਂ ਵਿਚ ਇਸਰਾਏਲੀ ਲੋਕ ਗ਼ਰੀਬਾਂ ਦੀ ਮਿੱਟੀ ਪੁੱਟ ਰਹੇ ਸਨ ਤੇ ਦੇਵੀ-ਦੇਵਤਿਆਂ ਦੀ ਪੂਜਾ ਕਰ ਰਹੇ ਸਨ। ਇਸ ਲਈ ਯਹੋਵਾਹ ਨੇ ਆਮੋਸ ਰਾਹੀਂ ਉਨ੍ਹਾਂ ਨੂੰ ਸਜ਼ਾ ਸੁਣਾਈ। ਆਮੋਸ ਨੇ ਉਨ੍ਹਾਂ ਨੂੰ ਅਰਜ਼ ਕੀਤੀ ਕਿ “ਯਹੋਵਾਹ ਨੂੰ ਭਾਲੋ ਅਤੇ ਜੀਓ” ਵਰਨਾ ਉਹ ਉਸ ਦੇ ਹੱਥੀਂ ਮਾਰੇ ਜਾਣਗੇ। ਫਿਰ ਆਮੋਸ ਨੇ ਕਿਹਾ ਕਿ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨੀ ਚਾਹੀਦੀ ਹੈ ਕਿਉਂਕਿ ਕਰਤਾਰ ਵਜੋਂ ਉਹੀ “ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ, ਅਤੇ ਓਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ।” (ਆਮੋਸ 5:6, 8) ਬਾਅਦ ਵਿਚ ਆਮੋਸ ਨੇ ਫਿਰ ਪਾਣੀ ਦੇ ਸ੍ਰੋਤ ਤੇ ਉਸ ਦਾ ਚੱਕਰ ਸਮਝਾ ਕੇ ਇਹ ਸੱਚਾਈ ਦੱਸੀ ਕਿ ਮੀਂਹ ਜ਼ਿਆਦਾਤਰ ਮਹਾਂਸਾਗਰਾਂ ਤੋਂ ਹੀ ਆਉਂਦਾ ਹੈ।—ਆਮੋਸ 9:6.

1687 ਵਿਚ ਐਡਮੰਡ ਹੈਲੀ ਨੇ ਵਿਗਿਆਨ ਦੇ ਜ਼ਰੀਏ ਇਹ ਗੱਲ ਸਾਬਤ ਕੀਤੀ। ਪਰ ਲੋਕਾਂ ਨੂੰ ਉਸ ਦਾ ਸਬੂਤ ਮੰਨਣ ਲਈ ਸਮਾਂ ਲੱਗਾ। ਪਰ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਆਨ-ਲਾਈਨ ਅਨੁਸਾਰ “ਇਹ ਵਿਚਾਰ 18ਵੀਂ ਸਦੀ ਦੇ ਸ਼ੁਰੂ ਤਕ ਮਸ਼ਹੂਰ ਰਿਹਾ ਕਿ ਸਮੁੰਦਰ ਦਾ ਪਾਣੀ ਧਰਤੀ ਦੇ ਹੇਠਾਂ ਵੱਗਦਾ ਹੋਇਆ ਕਿਸੇ-ਨ-ਕਿਸੇ ਤਰੀਕੇ ਨਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਪਹੁੰਚ ਜਾਂਦਾ ਹੈ।” ਅੱਜ ਲੋਕ ਆਮ ਤੌਰ ਤੇ ਪਾਣੀ ਦੇ ਚੱਕਰ ਬਾਰੇ ਜਾਣਦੇ ਹਨ। ਐਨਸਾਈਕਲੋਪੀਡੀਆ ਇਹ ਵੀ ਕਹਿੰਦਾ ਹੈ: “ਸਮੁੰਦਰ ਦਾ ਪਾਣੀ ਭਾਫ਼ ਬਣਦਾ ਹੈ, ਫਿਰ ਉਹ ਬੱਦਲਾਂ ਵਿਚ ਬਦਲ ਜਾਂਦਾ ਹੈ। ਉਹ ਮੀਂਹ ਬਣ ਕੇ ਧਰਤੀ ਉੱਤੇ ਪੈਂਦਾ ਹੈ ਅਤੇ ਦਰਿਆਵਾਂ ਵਿਚ ਵਹਿ ਕੇ ਫਿਰ ਸਮੁੰਦਰ ਵਿਚ ਜਾ ਰਲਦਾ ਹੈ।” ਤਾਂ ਫਿਰ ਉਪਦੇਸ਼ਕ ਦੀ ਪੋਥੀ 1:7 ਵਿਚ ਮੀਂਹ ਦੇ ਚੱਕਰ ਬਾਰੇ ਸੁਲੇਮਾਨ ਦੇ ਲਫ਼ਜ਼ ਬੱਦਲਾਂ ਅਤੇ ਬਰਸਾਤ ਬਾਰੇ ਹੀ ਜ਼ਿਕਰ ਕਰਦੇ ਹਨ।

ਤੁਹਾਨੂੰ ਇਹ ਜਾਣ ਕੇ ਕੀ ਕਰਨਾ ਚਾਹੀਦਾ ਹੈ?

ਬਾਈਬਲ ਦੇ ਕਈ ਲਿਖਾਰੀਆਂ ਨੂੰ ਪਾਣੀ ਦੇ ਚੱਕਰ ਬਾਰੇ ਸਹੀ-ਸਹੀ ਗਿਆਨ ਸੀ। ਇਹ ਇਕ ਸਬੂਤ ਹੈ ਕਿ ਮਨੁੱਖਜਾਤੀ ਦੇ ਕਰਤਾਰ ਯਹੋਵਾਹ ਪਰਮੇਸ਼ੁਰ ਨੇ ਹੀ ਉਨ੍ਹਾਂ ਤੋਂ ਇਹ ਗੱਲ ਲਿਖਵਾਈ ਸੀ। (2 ਤਿਮੋਥਿਉਸ 3:16) ਮਨੁੱਖ ਨੇ ਸਾਡੀ ਧਰਤੀ ਦੀ ਚੰਗੀ ਤਰ੍ਹਾਂ ਦੇਖ-ਭਾਲ ਨਹੀਂ ਕੀਤੀ ਅਤੇ ਸ਼ਾਇਦ ਇਸੇ ਕਰਕੇ ਮੌਸਮ ਤੇ ਰੁੱਤਾਂ ਵਿਚ ਅਸੀਂ ਇੰਨਾ ਵਿਗਾੜ ਦੇਖ ਰਹੇ ਹਾਂ। ਕਈਆਂ ਇਲਾਕਿਆਂ ਵਿਚ ਹੜ੍ਹਾਂ ਦੀ ਕਹਿਰ ਤੇ ਕਈਆਂ ਵਿਚ ਕਾਲ ਦੀ ਕਹਿਰ ਰਹਿੰਦੀ ਹੈ। ਪਰ ਪਾਣੀ ਦੇ ਚੱਕਰ ਦੇ ਕਰਤਾਰ ਯਹੋਵਾਹ ਪਰਮੇਸ਼ੁਰ ਨੇ ਬਹੁਤ ਚਿਰ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਉਹ ਅਖ਼ੀਰ ਵਿਚ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰ ਰਹੇ ਹਨ।’—ਪਰਕਾਸ਼ ਦੀ ਪੋਥੀ 11:18.

ਅੱਜ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਬਰਸਾਤ ਅਤੇ ਰੱਬ ਦੀਆਂ ਹੋਰਨਾਂ ਦਾਤਾਂ ਲਈ ਧੰਨਵਾਦੀ ਹੋ? ਤੁਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਸਟੱਡੀ ਕਰ ਕੇ ਤੇ ਉਸ ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਇਹ ਦਿਖਾ ਸਕਦੇ ਹੋ। ਫਿਰ ਤੁਸੀਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜੀਉਣ ਦੀ ਉਮੀਦ ਰੱਖ ਸਕਦੇ ਹੋ ਜਿੱਥੇ ਤੁਸੀਂ ਹਮੇਸ਼ਾ-ਹਮੇਸ਼ਾ ਲਈ ਉਸ ਦੀਆਂ ਦਾਤਾਂ ਦਾ ਆਨੰਦ ਮਾਣ ਸਕੋਗੇ। ਬਾਈਬਲ ਕਹਿੰਦੀ ਹੈ: “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਮੀਂਹ ਦੇ ਬਣਾਉਣ ਵਾਲੇ ਯਹੋਵਾਹ ਪਰਮੇਸ਼ੁਰ ਤੋਂ ਮਿਲਦੀ ਹੈ।—ਯਾਕੂਬ 1:17. (w09 1/1)

[ਸਫ਼ੇ 26, 27 ਉੱਤੇ ਡਾਇਆਗ੍ਰਾਮ/ਤਸਵੀਰ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਬੱਦਲ ਬਣਨੇ

ਮੀਂਹ ਪੈਣਾ

ਪੌਦਿਆਂ ਦੀ ਭੜਾਸ ਉੱਠਣੀ

ਭਾਫ਼ ਬਣਨੀ

ਵਗਦਾ ਪਾਣੀ

ਜ਼ਮੀਨ ਉੱਤੇ ਪਾਣੀ

[ਸਫ਼ਾ 26 ਉੱਤੇ ਤਸਵੀਰਾਂ]

ਜਦੋਂ ਏਲੀਯਾਹ ਪ੍ਰਾਰਥਨਾ ਕਰ ਰਿਹਾ ਸੀ, ਤਾਂ ਉਸ ਦਾ ਸੇਵਕ “ਸਮੁੰਦਰ ਵੱਲ” ਦੇਖ ਰਿਹਾ ਸੀ