Skip to content

Skip to table of contents

ਸੱਚਾ ਨਿਆਂਕਾਰ

ਸੱਚਾ ਨਿਆਂਕਾਰ

ਪਰਮੇਸ਼ੁਰ ਨੂੰ ਜਾਣੋ

ਸੱਚਾ ਨਿਆਂਕਾਰ

ਉਤਪਤ 18:22-32

ਕੀ ਇਨਸਾਫ਼ ਅਤੇ ਨਿਰਪੱਖਤਾ ਵਰਗੇ ਗੁਣ ਤੁਹਾਡੇ ਦਿਲ ਨੂੰ ਨਹੀਂ ਭਾਉਂਦੇ? ਹਰ ਇਨਸਾਨ ਚਾਹੁੰਦਾ ਹੈ ਕਿ ਉਸ ਨਾਲ ਇਨਸਾਫ਼ ਕੀਤਾ ਜਾਵੇ। ਦੁੱਖ ਦੀ ਗੱਲ ਹੈ ਕਿ ਅੱਜ-ਕੱਲ੍ਹ ਲੋਕਾਂ ਨਾਲ ਇਨਸਾਫ਼ ਘੱਟ ਅਤੇ ਬੇਇਨਸਾਫ਼ੀ ਜ਼ਿਆਦਾ ਕੀਤੀ ਜਾਂਦੀ ਹੈ। ਲੇਕਿਨ ਇਕ ਅਜਿਹਾ ਨਿਆਂਕਾਰ ਹੈ ਜਿਸ ਉੱਤੇ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ—ਉਹ ਹੈ ਯਹੋਵਾਹ ਪਰਮੇਸ਼ੁਰ। ਉਹ ਹਮੇਸ਼ਾ ਉਹ ਕਰਦਾ ਹੈ ਜੋ ਸਹੀ ਹੈ। ਮਿਸਾਲ ਲਈ, ਉਤਪਤ 18:22-32 ਵਿਚ ਯਹੋਵਾਹ ਅਤੇ ਅਬਰਾਹਾਮ ਵਿਚਕਾਰ ਹੋਈ ਗੱਲਬਾਤ ਨੂੰ ਪੜ੍ਹੋ। *

ਜਦ ਯਹੋਵਾਹ ਨੇ ਅਬਰਾਹਾਮ ਨੂੰ ਦੱਸਿਆ ਕਿ ਉਹ ਸਦੂਮ ਅਰ ਅਮੂਰਾਹ ਦਾ ਨਿਆਂ ਕਰਨ ਵਾਲਾ ਸੀ, ਤਾਂ ਅਬਰਾਹਾਮ ਨੂੰ ਉੱਥੇ ਦੇ ਧਰਮੀ ਲੋਕਾਂ ਦਾ ਫ਼ਿਕਰ ਪੈ ਗਿਆ, ਖ਼ਾਸ ਕਰਕੇ ਆਪਣੇ ਭਤੀਜੇ ਲੂਤ ਦਾ। ਅਬਰਾਹਾਮ ਨੇ ਯਹੋਵਾਹ ਅੱਗੇ ਮਿੰਨਤ ਕੀਤੀ: “ਕੀ ਤੂੰ ਧਰਮੀ ਨੂੰ ਕੁਧਰਮੀ ਨਾਲ ਨਾਸ ਕਰੇਂਗਾ? ਸ਼ਾਇਤ ਉਸ ਨਗਰ ਵਿੱਚ ਪੰਜਾਹ ਧਰਮੀ ਹੋਣ। ਕੀ ਤੂੰ . . . ਉਹ ਨੂੰ ਉਨ੍ਹਾਂ ਪੰਜਾਹਾਂ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ ਛੱਡ ਨਾ ਦੇਵੇਂਗਾ?” (ਆਇਤਾਂ 23, 24) ਪਰਮੇਸ਼ੁਰ ਨੇ ਕਿਹਾ ਕਿ ਜੇ ਸਿਰਫ਼ 50 ਧਰਮੀ ਵੀ ਹੋਣ, ਤਾਂ ਉਹ ਸ਼ਹਿਰਾਂ ਨੂੰ ਤਬਾਹ ਨਹੀਂ ਕਰੇਗਾ। ਅਬਰਾਹਾਮ ਨੇ ਇਸ ਤਰ੍ਹਾਂ ਪੰਜ ਹੋਰ ਵਾਰ ਮਿੰਨਤ ਕੀਤੀ ਅਤੇ 50 ਦੀ ਗਿਣਤੀ ਤੋਂ ਦਸ ਤਕ ਆ ਗਿਆ। ਹਰ ਵਾਰ ਪਰਮੇਸ਼ੁਰ ਨੇ ਕਿਹਾ ਕਿ ਇੰਨੇ ਧਰਮੀ ਲੋਕਾਂ ਦੀ ਖ਼ਾਤਰ ਵੀ ਉਹ ਉਨ੍ਹਾਂ ਸ਼ਹਿਰਾਂ ਦਾ ਨਾਸ ਨਹੀਂ ਕਰੇਗਾ।

ਕੀ ਅਬਰਾਹਾਮ ਯਹੋਵਾਹ ਨਾਲ ਬਹਿਸ ਕਰ ਰਿਹਾ ਸੀ? ਬਿਲਕੁਲ ਨਹੀਂ! ਇਹ ਤਾਂ ਬਦਤਮੀਜ਼ੀ ਹੁੰਦੀ। ਅਬਰਾਹਾਮ ਨੇ ਤਮੀਜ਼ ਤੇ ਆਦਰ ਨਾਲ ਪਰਮੇਸ਼ੁਰ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ “ਮੈਂ ਧੂੜ ਅਰ ਖੇਹ ਹੀ ਹਾਂ।” (ਆਇਤਾਂ 27, 30-32) ਅਬਰਾਹਾਮ ਦੀਆਂ ਗੱਲਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ ਜ਼ਰੂਰ ਨਿਆਂ ਕਰੇਗਾ। ਉਸ ਨੂੰ ਪਤਾ ਸੀ ਕਿ ਪਰਮੇਸ਼ੁਰ ਚੰਗੇ ਲੋਕਾਂ ਨੂੰ ਬੁਰੇ ਲੋਕਾਂ ਨਾਲ ਕਦੇ ਨਹੀਂ ਤਬਾਹ ਕਰੇਗਾ। ਉਸ ਨੇ ਕਿਹਾ: “ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?”—ਆਇਤ 26.

ਕੀ ਅਬਰਾਹਾਮ ਦੀਆਂ ਗੱਲਾਂ ਵਿਚ ਸੱਚਾਈ ਸੀ? ਹਾਂ ਅਤੇ ਨਾ। ਇਹ ਗੱਲ ਸੱਚ ਨਹੀਂ ਸੀ ਕਿ ਸਦੂਮ ਅਤੇ ਅਮੂਰਾਹ ਵਿਚ ਦਸ ਧਰਮੀ ਇਨਸਾਨ ਸਨ। ਪਰ ਇਹ ਜ਼ਰੂਰ ਸੱਚ ਸੀ ਕਿ ਯਹੋਵਾਹ ਕਦੇ ਵੀ “ਧਰਮੀ ਨੂੰ ਕੁਧਰਮੀ ਨਾਲ ਨਾਸ” ਨਹੀਂ ਕਰੇਗਾ। ਬਾਅਦ ਵਿਚ ਜਦ ਯਹੋਵਾਹ ਨੇ ਇਨ੍ਹਾਂ ਸ਼ਹਿਰਾਂ ਨੂੰ ਤਬਾਹ ਕੀਤਾ ਸੀ ਲੂਤ ਅਤੇ ਉਸ ਦੀਆਂ ਦੋ ਧੀਆਂ ਦੂਤਾਂ ਦੀ ਮਦਦ ਨਾਲ ਬਚ ਨਿਕਲੀਆਂ।—2 ਪਤਰਸ 2:7-9.

ਇਨ੍ਹਾਂ ਆਇਤਾਂ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ? ਜਦ ਯਹੋਵਾਹ ਨੇ ਅਬਰਾਹਾਮ ਨੂੰ ਆਪਣੇ ਨਿਆਂ ਕਰਨ ਦੇ ਇਰਾਦੇ ਬਾਰੇ ਦੱਸਿਆ ਸੀ, ਤਾਂ ਉਹ ਚਾਹੁੰਦਾ ਸੀ ਕਿ ਉਸ ਦਾ ਦੋਸਤ ਅਬਰਾਹਾਮ ਉਸ ਨੂੰ ਆਪਣੇ ਵਿਚਾਰ ਦੱਸੇ। ਫਿਰ ਉਸ ਨੇ ਅਬਰਾਹਾਮ ਦੇ ਦਿਲ ਦੀ ਗੱਲ ਧਿਆਨ ਨਾਲ ਸੁਣੀ। (ਯਸਾਯਾਹ 41:8) ਇਸ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਨਿਮਰ ਹੈ ਅਤੇ ਆਪਣੇ ਸੇਵਕਾਂ ਦੀ ਕਦਰ ਅਤੇ ਆਦਰ ਕਰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਆਪਣਾ ਪੂਰਾ ਭਰੋਸਾ ਯਹੋਵਾਹ ’ਤੇ ਰੱਖ ਸਕਦੇ ਹਾਂ ਜੋ ਹਮੇਸ਼ਾ ਸੱਚਾ ਨਿਆਂ ਕਰਦਾ ਹੈ। (w09 1/1)

[ਫੁਟਨੋਟ]

^ ਪੈਰਾ 1 ਇਸ ਮੌਕੇ ਤੇ ਯਹੋਵਾਹ ਆਪਣੇ ਦੂਤ ਰਾਹੀਂ ਗੱਲਬਾਤ ਕਰ ਰਿਹਾ ਸੀ। ਇਸ ਦੀ ਇਕ ਹੋਰ ਮਿਸਾਲ ਦੇਖਣ ਲਈ ਉਤਪਤ 16:7-11, 13 ਪੜ੍ਹੋ।

[ਸਫ਼ਾ 14 ਉੱਤੇ ਤਸਵੀਰ]

ਅਬਰਾਹਾਮ ਨੇ ਯਹੋਵਾਹ ਅੱਗੇ ਸਦੂਮ ਅਤੇ ਅਮੂਰਾਹ ਦੇ ਲੋਕਾਂ ਲਈ ਮਿੰਨਤ ਕੀਤੀ